ਐੱਚ-1ਬੀ ਵੀਜ਼ਾ: ਅਮਰੀਕਾ ਨੇ ਵੀਜ਼ਾ ਨਿਯਮਾਂ 'ਚ ਕੀ ਕੀਤੀ ਤਬਦੀਲੀ, ਵਿਦਿਆਰਥੀਆਂ ਤੇ ਕਾਮਿਆਂ ਉੱਤੇ ਕਿਹੋ ਜਿਹਾ ਹੋਵੇਗਾ ਅਸਰ

    • ਲੇਖਕ, ਤਨੀਸ਼ਾ ਚੌਹਾਨ
    • ਰੋਲ, ਬੀਬੀਸੀ ਪੱਤਰਕਾਰ

ਅਮਰੀਕਾ ਦੀ ਬਾਇਡਨ ਸਰਕਾਰ ਨੇ ਜਾਣ ਤੋਂ ਪਹਿਲਾਂ ਐੱਚ-1ਬੀ ਵੀਜ਼ਾ ਸਬੰਧੀ ਨਿਯਮਾਂ ਨੂੰ ਸੁਖਾਲਾ ਬਣਾਉਣ ਦਾ ਐਲਾਨ ਕੀਤਾ ਹੈ।

ਅਮਰੀਕਾ ਦੇ ਡਿਪਾਰਟਮੈਂਟ ਆਫ਼ ਹੋਮਲੈਂਡ ਸਿਕਿਊਰਿਟੀ (ਡੀਐੱਚਐੱਸ) ਨੇ ਇਸ ਬਾਬਤ ਅਧਿਕਾਰਤ ਬਿਆਨ ਸਾਂਝਾ ਕਰਦਿਆਂ ਦੱਸਿਆ ਕਿ ਐੱਚ-1ਬੀ ਵੀਜ਼ਾ ਸਬੰਧਿਤ ਫਾਈਨਲ ਰੂਲਜ਼ 17 ਜਨਵਰੀ 2025 ਤੋਂ ਲਾਗੂ ਹੋ ਜਾਣਗੇ।

ਅਮਰੀਕੀ ਸਰਕਾਰ ਮੁਤਾਬਕ, ਇਹ ਨਵਾਂ ਨਿਯਮ, ਐੱਚ-1ਬੀ ਵੀਜ਼ਾ ਪ੍ਰੋਗਰਾਮ ਨੂੰ ਆਧੁਨਿਕ ਬਣਾਉਣ ਵਿੱਚ ਕਾਫੀ ਲਾਹੇਵੰਦ ਸਾਬਤ ਹੋਵੇਗਾ।

ਜਾਰੀ ਕੀਤੇ ਬਿਆਨ ਮੁਤਾਬਕ, ਅਮਰੀਕੀ ਕੰਪਨੀਆਂ ਲਈ ਖਾਲੀ ਪਈ ਅਸਾਮੀਆਂ ਨੂੰ ਭਰਨਾ ਆਸਾਨ ਹੋ ਜਾਵੇਗਾ, ਨਿਯਮਾਂ ਵਿੱਚ ਢਿੱਲ ਹੋਵੇਗੀ ਅਤੇ ਵਿਦੇਸ਼ੀ ਕਾਮਿਆਂ ਨੂੰ ਲਾਭ ਮਿਲੇਗਾ।

ਆਓ ਇਨ੍ਹਾਂ ਨਵੇਂ ਨਿਯਮਾਂ ਬਾਰੇ ਵਿਸਥਾਰ ਨਾਲ ਜਾਣੀਏ...

ਐੱਚ-1ਬੀ ਵੀਜ਼ਾ ਦੇ ਨਿਯਮ ਹੋਣਗੇ ਸੁਖਾਲੇ

ਅਮਰੀਕਾ ਦੇ ਡਿਪਾਰਟਮੈਂਟ ਆਫ਼ ਹੋਮਲੈਂਡ ਸਿਕਿਊਰਿਟੀ ਨੇ ਐੱਚ-1ਬੀ ਪ੍ਰੋਗਰਾਮ ਨੂੰ ਆਧੁਨਿਕ ਬਣਾਉਣ ਦੇ ਫਾਈਨਲ ਰੂਲ (ਅੰਤਮ ਨਿਯਮ) ਦਾ ਐਲਾਨ ਕੀਤਾ ਹੈ।

ਇਸ ਨੂੰ ਸੌਖੇ ਸ਼ਬਦਾਂ ਵਿੱਚ ਇੰਝ ਕਿਹਾ ਜਾ ਸਕਦਾ ਹੈ ਕਿ ਐੱਚ-1ਬੀ ਵੀਜ਼ਾ ਦੇ ਅਪਰੂਵਲ ਪ੍ਰੋਸੈਸ ਨੂੰ ਸੁਚਾਰੂ ਬਣਾਉਣ, ਅਮਰੀਕੀ ਕੰਪਨੀਆਂ ਵੱਲੋਂ ਵਿਦੇਸ਼ੀ ਕਾਮੇ ਲਿਆਉਣ ਵਿੱਚ ਨਿਯਮਾਂ ਨੂੰ ਸੁਖਾਲੇ ਕਰਨ, ਪ੍ਰੋਗਰਾਮ ਨੂੰ ਸੁਧਾਰਨ ਅਤੇ ਇਸ ਦੀਆਂ ਗਤੀਵਿਧੀਆਂ ਉੱਤੇ ਨਜ਼ਰ ਰੱਖਣ ਲਈ ਇਹ ਫਾਈਨਲ ਰੂਲ ਲਿਆਂਦਾ ਹੈ।

ਤੁਹਾਡੇ ਲਈ ਕੀ ਜਾਨਣਾ ਜ਼ਰੂਰੀ ਹੈ

ਡੀਐੱਚਐੱਸ ਮੁਤਾਬਕ, ਐੱਚ-1ਬੀ ਨੌਨ-ਇਮੀਗ੍ਰੈਂਟ ਵੀਜ਼ਾ ਪ੍ਰੋਗਰਾਮ ਅਮਰੀਕੀ ਰੁਜ਼ਗਾਰਦਾਤਾਵਾਂ ਨੂੰ ਵਿਸ਼ੇਸ਼ ਕਾਰੋਬਾਰਾਂ ਵਿੱਚ ਆਰਜ਼ੀ ਤੌਰ 'ਤੇ ਵਿਦੇਸ਼ੀ ਕਾਮਿਆਂ ਨੂੰ ਨਿਯੁਕਤ ਕਰਨ ਦੀ ਇਜਾਜ਼ਤ ਦਿੰਦਾ ਹੈ।

ਵਿਸ਼ੇਸ਼ ਕਾਰੋਬਾਰਾਂ ਤੋਂ ਭਾਵ ਅਜਿਹੇ ਕਾਰੋਬਾਰ ਤੋਂ ਹੈ, ਜਿਸ ਲਈ ਖ਼ਾਸ ਤਰ੍ਹਾਂ ਦੀ ਯੋਗਤਾ ਅਤੇ ਡਿਗਰੀ ਦੀ ਜ਼ਰੂਰਤ ਹੁੰਦੀ ਹੈ।

ਫਾਈਨਲ ਰੂਲ ਦਾ ਟੀਚਾ ਖ਼ਾਸ ਕਾਰੋਬਾਰਾਂ ਦੀ ਪਰਿਭਾਸ਼ਾ ਨੂੰ ਜ਼ਿਆਦਾ ਆਧੁਨਿਕ ਬਣਾਉਣ ਲਈ ਰੁਜ਼ਗਾਰਦਾਤਾਵਾਂ ਅਤੇ ਕਾਮਿਆਂ ਨੂੰ ਨਿਯਮਾਂ ਵਿੱਚ ਢਿੱਲ ਦੇਣਾ ਹੈ।

ਇਨ੍ਹਾਂ ਬਦਲਾਵਾਂ ਨਾਲ ਅਮਰੀਕੀ ਰੁਜ਼ਗਾਰਦਾਤਾਵਾਂ ਨੂੰ ਗਲੋਬਲ ਬਾਜ਼ਾਰ ਵਿੱਚ ਮਜ਼ਬੂਤੀ ਨਾਲ ਖੜੇ ਹੋਣ ਲਈ ਲੋੜੀਂਦੇ ਕਾਮਿਆਂ ਦੀ ਕਮੀ ਨੂੰ ਪੂਰਾ ਕਰਨ ਵਿੱਚ ਮਦਦ ਮਿਲੇਗੀ।

ਇਸ ਰੂਲ ਦੇ ਨਾਲ ਐੱਫ1 ਵੀਜ਼ਾ ਉੱਤੇ ਪੜ੍ਹਦੇ ਵਿਦਿਆਰਥੀਆਂ ਲਈ ਐੱਚ-1ਬੀ ਵੀਜ਼ਾ ਲੈਣ ਦੇ ਨਿਯਮ ਸੁਖਾਲੇ ਬਣਨਗੇ।

ਇਸ ਦੇ ਨਾਲ, ਇਹ ਰੂਲ ਯੂਐੱਸਸੀਆਈਐੱਸ (ਯੁਨਾਈਟਿਡ ਸਟੇਟਸ ਸਿਟੀਜ਼ਨਸ਼ਿਪ ਐਂਡ ਇਮੀਗ੍ਰੇਸ਼ਨ ਸਰਵਸਿਜ਼) ਨੂੰ ਉਨ੍ਹਾਂ ਬਿਨੈਕਾਰਾਂ ਦੀ ਐਪਲੀਕੇਸ਼ਨ ਨੂੰ ਜਲਦੀ ਪ੍ਰੋਸੈਸ ਕਰਨ ਦੀ ਇਜਾਜ਼ਤ ਦਿੰਦਾ ਹੈ, ਜਿਨ੍ਹਾਂ ਦੀ ਪਹਿਲਾਂ ਐੱਚ-1ਬੀ ਵੀਜ਼ਾ ਦੀ ਅਰਜ਼ੀ ਮਨਜ਼ੂਰ ਹੋ ਚੁੱਕੀ ਹੈ।

ਇਸ ਤੋਂ ਇਲਾਵਾ ਇਹ ਰੂਲ ਯੂਐੱਸਸੀਆਈਐੱਸ ਨੂੰ ਇਹ ਵੀ ਇਜਾਜ਼ਤ ਦਿੰਦਾ ਹੈ ਕਿ ਉਹ ਇਨ੍ਹਾਂ ਨਿਯਮਾਂ ਦੀ ਪਾਲਣਾ ਲਈ ਨਿਰੀਖਣ ਕਰ ਸਕਣ ਅਤੇ ਪਾਲਣਾ ਨਾ ਹੋਣ ਤੇ ਸਜ਼ਾ ਦੇ ਸਕੇ।

ਪਰ ਇਸਦੇ ਲਈ ਰੁਜ਼ਗਾਰਦਾਤਾ ਨੂੰ ਇਹ ਜ਼ਰੂਰ ਸਾਬਤ ਕਰਨਾ ਪਵੇਗਾ ਕਿ ਇਹ ਖ਼ਾਸ ਮੁਹਾਰਤ ਵਾਲੀ ਨੌਕਰੀ ਹੈ ਅਤੇ ਇਸ ਲਈ ਮਿੱਥੀ ਗਈ ਤਾਰੀਖ਼ ਮੁਤਾਬਕ ਕੰਮ ਹੋਵੇਗਾ।

ਕੀ ਕਹਿੰਦੇ ਹਨ ਮਾਹਰ

ਬੀਬੀਸੀ ਗੁਜਰਾਤੀ ਦੇ ਪੱਤਰਕਾਰ ਅਜੀਤ ਗੜਵੀ ਮੁਤਾਬਕ, ਮਾਹਰਾਂ ਦਾ ਕਹਿਣਾ ਹੈ ਕਿ ਮੌਜੂਦਾ ਸਥਿਤੀ ਭਾਰਤੀਆਂ ਦੇ ਹੱਕ ਵਿੱਚ ਹੈ ਕਿਉਂਕਿ ਅਮਰੀਕੀ ਕਰਮਚਾਰੀਆਂ ਵਿੱਚ ਭਾਰਤੀ ਪ੍ਰਤਿਭਾ ਦੀ ਹਮੇਸ਼ਾ ਲੋੜ ਰਹੇਗੀ।

ਅਹਿਮਦਾਬਾਦ ਸਥਿਤ ਵੀਜ਼ਾ ਸਲਾਹਕਾਰ ਭਾਵਿਨ ਠਾਕਰ ਕਹਿੰਦੇ ਹਨ, "ਭਾਰਤੀਆਂ ਨੂੰ ਇਸ ਨੂੰ ਇੱਕ ਮੌਕੇ ਵਜੋਂ ਦੇਖਣ ਦੀ ਲੋੜ ਹੈ ਕਿਉਂਕਿ ਡੌਨਲਡ ਟਰੰਪ ਦੀ ਇਹ ਟੀਮ ਪਿਛਲੇ ਕਾਰਜਕਾਲ ਦੀ ਟੀਮ ਨਾਲੋਂ ਵੱਖਰੀ ਹੈ।"

ਉਹ ਮੰਨਦੇ ਹਨ ਕਿ ਫ਼ੈਸਲਾ ਅਕਸਰ ਟੀਮ ਦੇ ਪ੍ਰਭਾਵ ਹੇਠ ਆ ਕੇ ਲਿਆ ਜਾਂਦਾ ਹੈ।

ਭਾਵਿਨ ਠਾਕਰ ਦਾ ਕਹਿਣਾ ਹੈ, "ਟਰੰਪ ਦੀ ਮੌਜੂਦਾ ਟੀਮ ਵਿੱਚ ਕਾਫੀ ਉਦਯੋਗਪਤੀ ਹਨ ਅਤੇ ਉਹ ਕਰਮਚਾਰੀਆਂ ਦੀ ਅਹਿਮੀਅਤ ਨੂੰ ਸਮਝਦੇ ਹਨ। ਇਸ ਲਈ ਉਹ ਵਿਦੇਸ਼ ਕਾਮਿਆਂ ਦੇ ਹੁਨਰ ਨੂੰ ਨਜ਼ਰਅੰਦਾਜ਼ ਨਹੀਂ ਕਰ ਸਕਦੇ।"

"ਕਾਰੋਬਾਰੀ ਜਾਣਦੇ ਹਨ ਕਿ ਵਿਹਾਰਕ ਕੀ ਹੈ ਅਤੇ ਕੀ ਨਹੀਂ। ਅਮਰੀਕਾ ਦੀ ਵਰਤਮਾਨ ਆਬਾਦੀ ਵਿੱਚ ਹਰ ਕੋਈ ਹੁਨਰਮੰਦ ਕੰਮ ਲਈ ਸਮਰੱਥ ਨਹੀਂ ਹੈ। ਖ਼ਾਸ ਕਰ ਕੇ ਸਥਾਨਕ ਨੌਜਵਾਨ, ਜੋ ਮੁਸ਼ਕਲ ਨਾਲ 12 ਤੱਕ ਹੀ ਪੜ੍ਹੇ ਹੁੰਦੇ ਹਨ।"

ਉਹ ਅੱਗੇ ਆਖਦੇ ਹਨ, "ਅਮਰੀਕਾ ਰੱਖਿਆ ਅਤੇ ਫਾਰਮਾ ਵਿੱਚ ਮੋਹਰੀ ਹੈ ਪਰ ਉੱਥੇ ਹੁਨਰ ਦੀ ਘਾਟ ਹੈ, ਇਸ ਲਈ ਉਨ੍ਹਾਂ ਨੂੰ ਬਾਹਰੋਂ ਹੁਨਰਮੰਦ ਕਾਮਿਆਂ ਦੀ ਲੋੜ ਹੁੰਦੀ ਹੈ।"

ਗਾਂਧੀਨਗਰ ਦੀ ਰਹਿਣ ਵਾਲੀ ਅਤੇ ਅਮਰੀਕੀ ਵੀਜ਼ਾ ਮਾਮਲਿਆਂ ਦੀ ਸਲਾਹਕਾਰ ਮਮਤਾ ਠਾਕਰ ਦਾ ਕਹਿਣਾ ਹੈ, "ਭਾਰਤੀ ਵਿਦਿਆਰਥੀਆਂ ਲਈ ਅਮਰੀਕਾ ਅਤੇ ਕੈਨੇਡਾ ਪਹਿਲੀ ਪਸੰਦ ਰਹੇ ਹਨ। ਕੈਨੇਡਾ ਨਾਲ ਚੱਲ ਰਹੇ ਹਾਲ ਦੇ ਵਿਵਾਦ ਕਾਰਨ ਕੁਝ ਗਿਰਾਵਟ ਦਰਜ ਹੋਈ ਹੈ ਪਰ ਅਮਰੀਕਾ ਅਜੇ ਵੀ ਮੋਹਰੀ ਪਸੰਦ ਹੈ।"

ਭਾਵਿਨ ਠਾਕਰ, "ਜਿਨ੍ਹਾਂ ਵਿਦਿਆਰਥੀਆਂ ਦੇ ਪਰਿਵਾਰਕ ਮੈਂਬਰ ਅਤੇ ਨੌਕਰੀ ਦੇ ਪ੍ਰਬੰਧ ਹੁੰਦੇ ਹਨ,ਉਹ ਅਜੇ ਵੀ ਕੈਨੇਡਾ ਜਾਣਾ ਹੀ ਪਸੰਦ ਕਰ ਰਹੇ ਹਨ ਪਰ ਹੋਰਨਾਂ ਲਈ ਅਮਰੀਕਾ ਵਿੱਚ ਲੌਸ ਐਂਜਲਸ ਪਸੰਦੀਦਾ ਸਥਾਨ ਬਣਿਆ ਹੋਇਆ ਹੈ।"

ਐੱਚ-1ਬੀ ਕਦੋਂ ਸ਼ੁਰੂ ਹੋਇਆ

90 ਦੇ ਦਹਾਕੇ ਵਿੱਚ ਅਮਰੀਕਾ ਵਿੱਚ ਕਈ ਆਈਟੀ ਅਤੇ ਸਾਫ਼ਟਵੇਅਰ ਕੰਪਨੀਆਂ ਦੀ ਸ਼ੁਰੂਆਤ ਹੋਈ।

ਆਪਣੇ ਦੇਸ ਵਿੱਚ ਇਸ ਤਰ੍ਹਾਂ ਦੇ ਪੇਸ਼ਾਵਰਾਂ ਦੀ ਕਮੀ ਦੇ ਕਾਰਨ, ਅਮਰੀਕੀ ਸਰਕਾਰ ਨੇ ਇਸ ਪੇਸ਼ੇ ਦੇ ਵਿਦੇਸ਼ੀ ਹੁਨਰਮੰਦਾਂ ਨੂੰ ਐੱਚ-1ਬੀ ਵੀਜ਼ਾ ਪ੍ਰਦਾਨ ਕਰ ਕੇ ਅਸਥਾਈ ਸਮੇਂ ਲਈ ਨੌਕਰੀ ਦੇਣ ਦੀ ਆਗਿਆ ਦਿੱਤੀ।

ਇਮੀਗ੍ਰੇਸ਼ਨ ਐਕਟ-1990 ਜਾਰਜ ਡਬਲਯੂ ਬੁਸ਼ ਦੇ ਰਾਸ਼ਟਰਪਤੀ ਕਾਰਜਕਾਲ ਦੌਰਾਨ ਹੋਂਦ ਵਿੱਚ ਆਇਆ।

ਨੌਨ-ਇਮੀਗ੍ਰੈਂਟ ਵੀਜ਼ਾ ਕੀ ਹੁੰਦਾ ਹੈ?

ਐੱਚ-1ਬੀ ਵੀਜ਼ਾ ਇੱਕ ਨੌਨ ਇਮੀਗ੍ਰੈਂਟ ਵੀਜ਼ਾ ਹੈ।

ਦਰਅਸਲ, ਅਮਰੀਕਾ ਮੁੱਖ ਤੌਰ 'ਤੇ ਦੋ ਕਿਸਮ ਦੇ ਵੀਜ਼ਿਆਂ 'ਤੇ ਨਿਰਭਰ ਕਰਦਾ ਹੈ, ਇਮੀਗ੍ਰੈਂਟ ਅਤੇ ਨੌਨ-ਇਮੀਗ੍ਰੈਂਟ।

ਜੋ ਅਮਰੀਕਾ ਵਿੱਚ ਵੱਸਣਾ ਚਾਹੁੰਦੇ ਹਨ ਉਨ੍ਹਾਂ ਨੂੰ ਇਮੀਗ੍ਰੈਂਟ ਵੀਜ਼ਾ ਦਿੱਤਾ ਜਾਂਦਾ ਹੈ ਅਤੇ ਇਸ ਲਈ ਕੁਝ ਯੋਗਤਾ ਮਾਪਦੰਡ ਲੋੜੀਂਦੇ ਹਨ।

ਨੌਨ ਇਮੀਗ੍ਰੈਂਟ ਵੀਜ਼ੇ ਉਨ੍ਹਾਂ ਲੋਕਾਂ ਨੂੰ ਦਿੱਤੇ ਜਾਂਦੇ ਹਨ, ਜੋ ਥੋੜ੍ਹੇ ਸਮੇਂ ਲਈ ਅਮਰੀਕਾ ਵਿੱਚ ਰਹਿਣਾ ਚਾਹੁੰਦੇ ਹਨ। ਐੱਚ-1ਬੀ ਵੀਜ਼ਾ ਨੌਨ-ਇਮੀਗ੍ਰੈਂਟ ਵੀਜ਼ਾ ਸ਼੍ਰੇਣੀ ਦੇ ਤਹਿਤ ਦਿੱਤਾ ਜਾਂਦਾ ਹੈ।

ਅਰਜ਼ੀ ਕੌਣ ਦੇ ਸਕਦਾ ਹੈ?

ਕਾਰਪੋਰੇਟ ਜਾਂ ਕੰਪਨੀਆਂ ਆਪਣੇ ਕਰਮਚਾਰੀਆਂ ਲਈ ਐੱਚ-1ਬੀ ਵੀਜ਼ਾ ਲਈ ਅਰਜ਼ੀਆਂ ਦਾਇਰ ਕਰਦੀਆਂ ਹਨ। ਕੁਝ ਕੰਪਨੀਆਂ ਐੱਚ-1ਬੀ ਵੀਜ਼ਾ ਸਪਾਂਸਰ ਵੀ ਕਰਦੀਆਂ ਹਨ।

ਐੱਚ-1ਬੀ ਵੀਜ਼ਾ ਇਸ ਦੇ ਜਾਰੀ ਹੋਣ ਦੇ ਸਮੇਂ ਤੋਂ 3 ਸਾਲਾਂ ਤੱਕ ਲਈ ਹੁੰਦਾ ਹੈ। ਇਹ ਵਧਾਇਆ ਵੀ ਜਾ ਸਕਦਾ ਹੈ, ਹਾਲਾਂਕਿ ਇਹ 6 ਸਾਲਾਂ ਤੱਕ ਹੀ ਵਧਾਇਆ ਜਾ ਸਕਦਾ ਹੈ। 6 ਸਾਲਾਂ ਬਾਅਦ ਇਸ ਨੂੰ ਮੁੜ ਅਪਲਾਈ ਕਰਨਾ ਪੈਂਦਾ ਹੈ।

ਡਿਪੈਂਡੇਂਟ ਵੀਜ਼ਾ

ਐੱਚ-1ਬੀ ਵੀਜ਼ਾ ਧਾਰਕ ਦਾ ਪਰਿਵਾਰ ਅਮਰੀਕਾ ਵਿੱਚ ਡਿਪੈਂਡੇਂਟ ਵੀਜ਼ਾ ਲੈ ਕੇ ਰਹਿ ਸਕਦਾ ਹੈ। ਇਸ ਲਈ ਉਨ੍ਹਾਂ ਨੂੰ ਐੱਚ4 ਵੀਜ਼ਾ ਲਈ ਅਰਜ਼ੀ ਦੇਣ ਦੀ ਜ਼ਰੂਰਤ ਹੈ। ਜੀਵਨ ਸਾਥੀ ਅਤੇ 21 ਸਾਲ ਤੋਂ ਘੱਟ ਉਮਰ ਦੇ ਬੱਚੇ ਇਸ ਡਿਪੈਂਡੇਂਟ (ਨਿਰਭਰ) ਵੀਜ਼ਾ ਲਈ ਯੋਗ ਹਨ।

ਐੱਚ 4 ਵੀਜ਼ਾ ਧਾਰਕ ਅਮਰੀਕਾ ਵਿੱਚ ਸਿੱਖਿਆ ਹਾਸਲ ਕਰ ਸਕਦੇ ਹਨ। ਪਰ ਉਨ੍ਹਾਂ ਨੂੰ ਅਮਰੀਕਾ ਵਿੱਚ ਕੋਈ ਵੀ ਨੌਕਰੀ ਕਰਨ ਦੀ ਇਜਾਜ਼ਤ ਨਹੀਂ ਹੈ। ਉਨ੍ਹਾਂ ਨੂੰ ਅਮਰੀਕਾ ਵਿੱਚ ਕੰਮ ਕਰਨ ਲਈ ਵਰਕ-ਪਰਮਿਟ ਲੈਣਾ ਪੈਂਦਾ ਹੈ।

ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTER, WhatsApp ਅਤੇ YouTube 'ਤੇ ਜੁੜੋ।)