ਝੰਡੇ ਦਾ ਕੀ ਇਤਿਹਾਸ ਹੈ, ਝੰਡੇ ਉੱਚੀ ਥਾਂ ’ਤੇ ਕਿਉਂ ਲਹਿਰਾਏ ਜਾਂਦੇ ਹਨ – ਝੰਡੇ ਦੇ ਸਦੀਆਂ ਪੁਰਾਣੇ ਪਿਛੋਕੜ ਬਾਰੇ ਦਿਲਚਸਪ ਗੱਲਾਂ

ਝੰਡਿਆਂ ਨੂੰ ਪ੍ਰਤੀਕ ਵਜੋਂ ਇਸਤੇਮਾਲ ਕੀਤਾ ਜਾਂਦਾ ਹੈ

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, ਝੰਡਿਆਂ ਨੂੰ ਪ੍ਰਤੀਕ ਵਜੋਂ ਇਸਤੇਮਾਲ ਕੀਤਾ ਜਾਂਦਾ ਹੈ
    • ਲੇਖਕ, ਮੁਰਲੀਧਰਨ ਕਾਸ਼ੀ ਵਿਸ਼ਵਨਾਥਨ
    • ਰੋਲ, ਬੀਬੀਸੀ ਪੱਤਰਕਾਰ

ਦੁਨੀਆ ਭਰ ਦੇ ਦੇਸ਼ਾਂ, ਭਾਈਚਾਰਿਆਂ ਅਤੇ ਸੰਗਠਨਾਂ ਵਲੋਂ ਝੰਡਿਆਂ ਨੂੰ ਪਛਾਣ ਦੇ ਪ੍ਰਤੀਕ ਵਜੋਂ ਵਰਤਿਆ ਜਾਂਦਾ ਰਿਹਾ ਹੈ।

ਇਨ੍ਹਾਂ ਦੀ ਵਰਤੋਂ ਅਜੇ ਵੀ ਕੀਤੀ ਜਾ ਰਹੀ ਹੈ। ਆਖ਼ਰ ਇਹ ਝੰਡੇ ਹੋਂਦ ਵਿੱਚ ਕਿਵੇਂ ਆਏ?

ਝੰਡੇ ਕਿਵੇਂ ਹੋਂਦ ਵਿੱਚ ਆਏ, ਇਸ ਬਾਰੇ ਇਤਿਹਾਸ ਵਿੱਚ ਸਪੱਸ਼ਟ ਹਵਾਲੇ ਨਹੀਂ ਮਿਲਦੇ ਹਨ। ਇਸ ਲਈ ਇਹ ਦੇਖਣਾ ਦਿਲਚਸਪ ਹੋਵੇਗਾ ਕਿ ਸ਼ਬਦ 'ਝੰਡੇ' ਦਾ ਅਰਥ ਹੈ ਅਤੇ ਇਹ ਕਿਵੇਂ ਹੋਂਦ ਵਿੱਚ ਆਇਆ।

ਜੇਈ ਸਿਰਲੋਟ ਦੀ ਤਿਆਰ ਕੀਤੀ ਗਈ 'ਏ ਡਿਕਸ਼ਨਰੀ ਆਫ਼ ਸਿੰਬਲਜ਼' ਵਿੱਚ ਝੰਡਾ ਸ਼ਬਦ ਦੇ ਅਰਥਾਂ ਦੀ ਵਿਆਖਿਆ ਕਰਦਾ ਹੈ।

ਜੇਈ ਸਿਰਲੋਟ ਮੁਤਾਬਕ, "ਇਤਿਹਾਸਕ ਤੌਰ 'ਤੇ, ਝੰਡਾ ਪ੍ਰਾਚੀਨ ਮਿਸਰ ਅਤੇ ਹੋਰ ਬਹੁਤ ਸਾਰੇ ਦੇਸ਼ਾਂ ਵਿੱਚ ਪਾਏ ਜਾਣ ਵਾਲੇ ਪਵਿੱਤਰ ਚਿੰਨ੍ਹਾਂ (ਟੋਟੇਮ) ਤੋਂ ਵਿਕਸਤ ਹੋਇਆ ਹੈ।"

"ਫ਼ਾਰਸ (ਈਰਾਨ ਦਾ ਪੁਰਾਤਨ ਨਾਮ) ਵਾਸੀਆਂ ਨੇ ਆਪਣੇ ਪ੍ਰਤੀਕਾਂ ਵਜੋਂ ਲੰਬੇ ਖੰਭਾਂ ਅਤੇ ਫੈਲੇ ਹੋਏ ਖੰਭਾਂ ਵਾਲੇ ਸੁਨਹਿਰੀ ਬਾਜ਼ ਰੱਖੇ ਸਨ। ਪ੍ਰਾਚੀਨ ਈਰਾਨ ਦੇ ਪ੍ਰਤੀਕਾਂ ਵਜੋਂ ਤਿੰਨ ਤਾਜ ਸਨ, ਪਾਰਥੀਅਨ (ਸ਼ੁਰੂਆਤੀ ਈਰਾਨੀ) ਉਨ੍ਹਾਂ ਦਾ ਪ੍ਰਤੀਕ 'ਤਲਵਾਰ ਦੀ ਨੋਕ' ਸੀ, ਯੂਨਾਨੀਆਂ ਅਤੇ ਰੋਮੀਆਂ ਦੇ ਵੀ ਆਪੋ-ਆਪਣੇ ਚਿੰਨ੍ਹ, ਮੋਹਰ ਅਤੇ ਬੈਨਰ ਸਨ।"

ਝੰਡੇ ਨੂੰ ਉੱਚੀਆਂ ਥਾਵਾਂ 'ਤੇ ਲਗਾਉਣ ਦਾ ਰਿਵਾਜ

ਸੰਕੇਤਕ ਤਸਵੀਰ

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, ਸ਼ਬਦਕੋਸ਼ ਮੁਤਾਬਕ ਝੰਡੇ ਹੋਂਦ ਦੇ ਪ੍ਰਤੀਕ ਵਜੋਂ ਵਿਕਸਤ ਹੋਏ ਸਨ।

ਸ਼ਬਦਕੋਸ਼ ਮੁਤਾਬਕ, "ਇਹ ਅਹਿਮ ਨਹੀਂ ਹੈ ਕਿ ਕਿਹੜੀ ਮੂਰਤੀ ਜਾਂ ਚਿੱਤਰ ਵਰਤਿਆ ਗਿਆ ਸੀ, ਪਰ ਮਹੱਤਵਪੂਰਨ ਗੱਲ ਇਹ ਹੈ ਕਿ ਪ੍ਰਤੀਕ ਹਮੇਸ਼ਾ ਉੱਚਾਈ ਉੱਤੇ ਖੰਭੇ ਦੇ ਸਿਖਰ 'ਤੇ ਲਾਇਆ ਜਾਂਦਾ ਸੀ।"

"ਕਿਸੇ ਚੀਜ਼ ਨੂੰ ਇੰਨੀ ਉੱਚੀ ਥਾਂ 'ਤੇ ਰੱਖਣਾ ਅਧਿਕਾਰ ਦੀ ਭਾਵਨਾ ਦਰਸਾਉਣ ਦੇ ਨਾਲ-ਨਾਲ ਚਿੱਤਰ ਜਾਂ ਜਾਨਵਰ ਨਾਲ ਜੁੜੇ ਲੁਕਵੇਂ ਅਰਥ ਅਤੇ ਇਰਾਦਿਆਂ ਨੂੰ ਦਰਸਾਉਂਦਾ ਹੈ। ਇਸ ਤਰੀਕੇ ਨਾਲ ਝੰਡਾ ਜਿੱਤ ਅਤੇ ਆਤਮ-ਵਿਸ਼ਵਾਸ ਦੇ ਪ੍ਰਤੀਕ ਵਜੋਂ ਵਿਕਸਤ ਹੋਇਆ।"

3,000 ਸਾਲ ਪਹਿਲਾਂ ਚੀਨ ਵਿੱਚ ਵਰਤਿਆ ਜਾਣ ਵਾਲਾ ਝੰਡਾ

ਮਹਾਭਾਰਤ

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, ਹਰਿਆਣਾ ਵਿੱਚ ਮਹਾਭਾਰਤ ਦੇ ਯੁੱਧ ਦੇ ਦ੍ਰਿਸ਼ ਨੂੰ ਦਰਸਾਉਂਦੀ ਇੱਕ ਕਾਂਸੀ ਦੀ ਮੂਰਤੀ ਦੇ ਉੱਪਰ ਇੱਕ ਝੰਡਾ ਲੱਗਿਆ ਹੋਇਆ ਨਜ਼ਰ ਆਉਂਦਾ ਹੈ

ਹਾਲਾਂਕਿ ਖੰਭੇ ਉੱਤੇ ਪ੍ਰਤੀਕਾਂ ਨੂੰ ਲੈ ਕੇ ਜਾਣ ਦਾ ਅਭਿਆਸ ਸਭ ਤੋਂ ਪਹਿਲਾਂ ਪ੍ਰਾਚੀਨ ਮਿਸਰ, ਫਾਰਸ ਅਤੇ ਈਰਾਨ ਵਰਗੇ ਦੇਸ਼ਾਂ ਵਿੱਚ ਦੇਖਿਆ ਗਿਆ ਸੀ, ਪਰ ਐਨਸਾਈਕਲੋਪੀਡੀਆ ਬ੍ਰਿਟੈਨਿਕਾ ਮੁਤਾਬਕ ਝੰਡੇ ਸਭ ਤੋਂ ਪਹਿਲਾਂ ਭਾਰਤੀ ਉਪ ਮਹਾਂਦੀਪ ਜਾਂ ਚੀਨ ਵਿੱਚ ਵਰਤੇ ਗਏ ਸਨ।

ਐਨਸਾਈਕਲੋਪੀਡੀਆ ਸੁਝਾਅ ਦਿੰਦਾ ਹੈ ਕਿ ਚੀਨ ਵਿੱਚ ਝੰਡਿਆਂ ਦੀ ਸ਼ੁਰੂਆਤ ਬੀਸੀ ਗਿਆਰ੍ਹਵੀਂ ਸਦੀ ਈਸਾ ਪੂਰਵ ਵਿੱਚ ਰਾਜਾ ਵੂ ਦੇ ਸ਼ਾਸ਼ਨ ਦੌਰਾਨ ਹੋਈ। ਉਨ੍ਹਾਂ ਨੇ ਝੌ ਰਾਜਵੰਸ਼ ਦੀ ਸਥਾਪਨਾ ਕੀਤੀ ਸੀ, ਜਿਸਨੇ ਤੀਜੀ ਸਦੀ ਤੱਕ ਸ਼ਾਸ਼ਨ ਕੀਤਾ ਸੀ।"

"ਇਹ ਰਿਵਾਜ਼ ਸੀ ਕਿ ਰਾਜਾ ਵੂ ਜਦੋਂ ਬਾਹਰ ਜਾਂਦੇ ਸਨ ਤਾਂ ਆਪਣੇ ਸਾਥੀਆਂ ਦੇ ਸਾਹਮਣੇ ਇੱਕ ਚਿੱਟਾ ਝੰਡਾ ਫੜ ਕੇ ਰੱਖਦੇ ਸਨ। ਇਸ ਤੋਂ ਪ੍ਰਤੀਕ ਹੁੰਦਾ ਹੈ ਕਿ ਚੀਨ ਵਿੱਚ ਝੰਡਿਆਂ ਦੀ ਵਰਤੋਂ ਤਕਰੀਬਨ 3,100 ਸਾਲਾਂ ਤੋਂ ਕੀਤੀ ਜਾਂਦੀ ਰਹੀ ਹੈ।

ਮਹਾਭਾਰਤ ਵਿੱਚ ਝੰਡੇ

ਝੰਡਾ

ਭਾਰਤ ਵਿੱਚ ਵੀ ਝੰਡਿਆਂ ਦੀ ਵਰਤੋਂ ਦੇ ਹਵਾਲੇ ਮਿਲਦੇ ਹਨ।

ਖੋਜਕਰਤਾ ਪੀ ਵੇਲਸਾਮੀ ਕਹਿੰਦੇ ਹਨ, "ਮਹਾਨ ਮਹਾਂਕਾਵਿ ਮਹਾਂਭਾਰਤ ਵਿੱਚ ਝੰਡਿਆਂ ਦਾ ਕਈ ਤਰੀਕਿਆਂ ਨਾਲ ਜ਼ਿਕਰ ਕੀਤਾ ਗਿਆ ਹੈ।"

"ਸਵੈ-ਪਛਾਣ ਦੇ ਸਾਧਨ ਵਜੋਂ ਝੰਡਿਆਂ ਦੀ ਵਰਤੋਂ ਉਸ ਸਮੇਂ ਤੋਂ ਹੀ ਕੀਤੀ ਜਾ ਰਹੀ ਹੈ ਅਤੇ ਆਧੁਨਿਕ ਸਮੇਂ ਤੱਕ ਕੀਤੀ ਜਾਂਦੀ ਰਹੀ ਹੈ। ਇਹ ਸਾਰੇ ਦੇਸ਼ਾਂ ਅਤੇ ਸਾਰੇ ਸੱਭਿਆਚਾਰਾਂ ਵਿੱਚ ਮੌਜੂਦ ਹੈ। ਸਵੈ-ਪਛਾਣ ਦੇ ਸਾਧਨ ਵਜੋਂ ਝੰਡਿਆਂ ਦੀ ਵਰਤੋਂ ਇੱਕ ਕਬਾਇਲੀ ਪਛਾਣ 'ਤੇ ਅਧਾਰਤ ਹੈ।"

"ਮਹਾਭਾਰਤ ਦੇ ਬਹੁਤ ਸਾਰੇ ਅਹਿਮ ਪਾਤਰਾਂ ਦੇ ਝੰਡੇ ਵਿਲੱਖਣ ਆਕਾਰਾਂ ਵਾਲੇ ਸਨ ਜੋ ਉਨ੍ਹਾਂ ਦੇ ਆਪਣੇ ਕਿਰਦਾਰ ਨਾਲ ਮੇਲ ਖਾਂਦੇ ਹਨ।"

"ਮਹਾਭਾਰਤ ਵਿੱਚ ਕਈ ਤਰ੍ਹਾਂ ਦੇ ਝੰਡਿਆਂ ਦਾ ਜ਼ਿਕਰ ਹੈ, ਜਿਨ੍ਹਾਂ ਵਿੱਚ ਸੁਨਹਿਰੀ ਅਰਧਚੰਦਰ, ਤਾੜ ਦਾ ਰੁੱਖ, ਹੰਸ, ਹਾਥੀ ਅਤੇ ਸ਼ੰਖ ਸ਼ਾਮਲ ਹਨ। ਮੰਨਿਆ ਜਾਂਦਾ ਹੈ ਕਿ ਮਹਾਭਾਰਤ ਤਕਰੀਬਨ 2,400 ਸਾਲ ਪਹਿਲਾਂ ਪੂਰਾ ਹੋਇਆ ਸੀ।"

"ਇਸੇ ਤਰ੍ਹਾਂ, ਝੰਡੇ ਦੇ ਹਵਾਲੇ 2,000 ਸਾਲ ਪਹਿਲਾਂ ਸੰਕਲਿਤ ਮਨੁਸਮ੍ਰਿਤੀ ਵਿੱਚ ਵੀ ਮਿਲਦੇ ਹਨ। ਗੀਤ ਨੰਬਰ 9.285 ਵਿੱਚ, ਇਹ ਜ਼ਿਕਰ ਕੀਤਾ ਗਿਆ ਹੈ, "ਜੋ ਕੋਈ ਪੁਲ, ਮੰਦਰ ਜਾਂ ਮਹਿਲ ਦੇ ਝੰਡੇ ਜਾਂ ਚਿੰਨ੍ਹ ਨੂੰ ਨੁਕਸਾਨ ਪਹੁੰਚਾਉਂਦਾ ਹੈ, ਉਸਨੂੰ ਇਸਦੀ ਮੁਰੰਮਤ ਕਰਵਾਉਣੀ ਪਵੇਗੀ ਅਤੇ 500 ਆਨਾ ਭੁਗਤਾਨ ਵਜੋਂ ਦੇਣਾ ਪਵੇਗਾ।"

ਸੰਗਮ ਸਾਹਿਤ ਵਿੱਚ ਝੰਡੇ

ਜੰਗ ਦਾ ਦ੍ਰਿਸ਼

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, ਜੰਗਾਂ ਵਿੱਚ ਵੀ ਫ਼ੌਜਾਂ ਆਪੋ ਆਪਣੇ ਸ਼ਾਸ਼ਕਾਂ ਦੇ ਝੰਡੇ ਨਾਲ ਲੈ ਕੇ ਅੱਗੇ ਵੱਧਦੀਆਂ ਸਨ

ਝੰਡਿਆਂ ਦੇ ਹਵਾਲੇ ਤੋਲਕਾਪਿਅਮ ਵਿੱਚ ਮਿਲਦੇ ਹਨ, ਜੋ ਕਿ ਭਾਸ਼ਾ ਦਾ ਸਭ ਤੋਂ ਪੁਰਾਣਾ ਰੂਪ ਹੈ।

ਇਸ ਵਿੱਚ ਇੱਕ ਜ਼ਿਕਰ ਆਉਂਦਾ ਹੈ, "ਝੰਡਾ, ਛਤਰੀ, ਰਾਜਦੰਡ, ਮਾਰਚਿੰਗ ਬੈਂਡ, ਪ੍ਰਭੂ ਦੀ ਖੁਸ਼ੀ ਵਿੱਚ ਪ੍ਰਤੀਕਾਂ ਦੀ ਵਰਤੋਂ ਕੀਤੀ ਜਾਂਦੀ ਹੈ।"

ਝੰਡਿਆਂ ਦੇ ਹਵਾਲੇ ਪੁਰਾਣਨੁਤਰ ਵਿੱਚ ਵੀ ਵਿਆਪਕ ਤੌਰ 'ਤੇ ਮਿਲਦੇ ਹਨ, ਜੋ ਕਿ ਸੰਗਮ ਭਜਨਾਂ ਦਾ ਸੰਗ੍ਰਹਿ ਹੈ। ਜਿਸ ਬਾਰੇ ਮੰਨਿਆਂ ਜਾਂਦਾ ਹੈ ਕਿ ਇਹ ਪਹਿਲੀ ਅਤੇ ਪੰਜਵੀਂ ਸਦੀ ਦੇ ਵਿਚਕਾਰ ਰਚਿਆ ਗਿਆ ਸੀ।

ਝੰਡਿਆਂ 'ਤੇ ਚਿੰਨ੍ਹਾਂ ਦੀ ਵਰਤੋਂ ਸੰਗਮ ਕਾਲ ਤੋਂ ਸ਼ੁਰੂ ਹੁੰਦੀ ਹੈ। ਸੰਗਮ ਭਜਨਾਂ ਵਿੱਚ ਜ਼ਿਕਰ ਹੈ ਕਿ ਚੇਰਾ, ਚੋਲ ਅਤੇ ਪਾਂਡਿਆ ਰਾਜਿਆਂ ਦੇ ਝੰਡਿਆਂ ਵਿੱਚ ਧਨੁਸ਼, ਬਾਘ ਅਤੇ ਮੱਛੀਆਂ ਸਨ।

ਭਾਵੇਂ ਝੰਡੇ ਅਕਸਰ ਰਾਜਿਆਂ ਨਾਲ ਜੁੜੇ ਹੁੰਦੇ ਹਨ, ਪਰ ਤਾਮਿਲ ਵਿੱਚ ਦੇਵਤਿਆਂ ਲਈ ਇਸਤੇਮਾਲ ਕੀਤੇ ਗਏ ਝੰਡਿਆਂ ਦਾ ਹਵਾਲਾ ਵੀ ਮਿਲਦਾ ਹੈ।

ਇਹ ਵੀ ਪੜ੍ਹੋ-

ਏਸ਼ੀਆ ਤੋਂ ਯੂਰਪ ਜਾਣ ਦਾ ਰਿਵਾਜ

ਐਨਸਾਈਕਲੋਪੀਡੀਆ ਬ੍ਰਿਟੈਨਿਕਾ ਮੁਤਾਬਕ ਝੰਡਿਆਂ ਦੀ ਵਰਤੋਂ ਦਾ ਰਿਵਾਜ, ਜੋ ਕਿ ਏਸ਼ੀਆਈ ਖੇਤਰਾਂ ਵਿੱਚ ਸ਼ੁਰੂ ਹੋਇਆ ਸੀ, ਯੂਰਪ ਵਿੱਚ ਉਨ੍ਹਾਂ ਲੋਕਾਂ ਦੁਆਰਾ ਲਿਆਂਦਾ ਗਿਆ ਸੀ ਜਿਨ੍ਹਾਂ ਨੇ ਇਸਲਾਮ ਨੂੰ ਮੰਨਣਾ ਸ਼ੁਰੂ ਕੀਤਾ ਸੀ।

ਇਸ ਤੋਂ ਬਾਅਦ, ਯੂਰਪ ਵਿੱਚ ਕੌਮੀ ਝੰਡੇ ਬਣਾਏ ਗਏ। ਅਕਸਰ, ਉਨ੍ਹਾਂ ਦੇਸ਼ਾਂ ਦੇ ਉਸ ਸਰਪ੍ਰਸਤ ਨੂੰ ਦਰਸਾਉਂਦੇ ਕੌਮੀ ਝੰਡੇ ਬਣਾਉਣੇ ਸ਼ੁਰੂ ਕਰ ਦਿੱਤੇ ਜਿਨ੍ਹਾਂ ਨੂੰ ਉਹ ਆਪਣਾ ਰੱਖਿਅਕ ਸਮਝਦੇ ਸਨ।

14ਵੀਂ ਅਤੇ 15ਵੀਂ ਸਦੀ ਦੇ ਆਸ-ਪਾਸ, ਝੰਡਿਆਂ ਨੂੰ ਦੁਨੀਆ ਭਰ ਦੇ ਦੇਸ਼ਾਂ, ਰਾਜਿਆਂ ਅਤੇ ਸੰਗਠਨਾਂ ਦੇ ਪ੍ਰਤੀਕ ਵਜੋਂ ਸਵੀਕਾਰ ਕੀਤਾ ਜਾਣ ਲੱਗਾ।

ਕੀ ਸਿੰਧੂ ਘਾਟੀ ਸਭਿਅਤਾਵਾਂ ਵਿੱਚ ਝੰਡੇ ਹੁੰਦੇ ਸਨ?

ਸਿੱਧੂ ਘਾਟੀ ਸੱਭਿਅਤਾ

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, ਸਿੱਧੂ ਘਾਟੀ ਸੱਭਿਅਤਾ ਵਿੱਚ ਝੰਡਿਆਂ ਦੀ ਵਰਤੋਂ ਦੇ ਸੰਕੇਤ ਹਾਲੇ ਤੱਕ ਨਹੀਂ ਮਿਲੇ ਹਨ

ਵਰਲਡ ਤਮਿਲ ਰਿਸਰਚ ਇੰਸਟੀਚਿਊਟ ਦੇ ਚੇਅਰਮੈਨ ਅਤੇ ਸਿੰਧੂ ਘਾਟੀ ਦੇ ਖੋਜਕਰਤਾ ਆਰ ਬਾਲਾਕ੍ਰਿਸ਼ਨਨ ਕਹਿੰਦੇ ਹਨ, "ਸਿੰਧੂ ਘਾਟੀ ਦਾ ਦੌਰ ਇੱਕ ਅਜਿਹਾ ਦੌਰ ਸੀ ਜਦੋਂ ਰਾਜ ਨਹੀਂ ਬਣੇ ਸਨ। ਸਥਾਨਕ ਪੱਧਰ 'ਤੇ ਕਿਸੇ ਕਿਸਮ ਦਾ ਸੰਗਠਨ ਹੋ ਸਕਦਾ ਹੈ, ਪਰ ਇਹ ਅਜਿਹਾ ਰਾਜ ਨਹੀਂ ਜਾਪਦਾ ਜੋ ਸਾਰਿਆਂ ਨੂੰ ਨਿਯੰਤਰਿਤ ਕਰਦਾ ਹੋਵੇ।"

"ਇਸ ਤੋਂ ਇਲਾਵਾ, ਸਿੰਧੂ ਘਾਟੀ ਦੇ ਪ੍ਰਤੀਕਾਂ ਦੇ ਸਪੱਸ਼ਟ ਅਰਥ ਹਾਲੇ ਤੱਕ ਮੁਕੰਮਲ ਰੂਪ ਵਿੱਚ ਨਹੀਂ ਕੱਢੇ ਜਾ ਸਕੇ। ਇਸ ਲਈ, ਉਸ ਸਮੇਂ ਦੇ ਪ੍ਰਤੀਕਾਂ ਦਾ ਅਧਿਐਨ ਕਰਨਾ ਦਿਲਚਸਪ ਹੋਵੇਗਾ, ਪਰ ਇਹ ਸਮਝ ਜ਼ਰੂਰ ਹੈ ਕਿ ਉਸ ਦੌਰ ਵਿੱਚ ਝੰਡੇ ਨਹੀਂ ਸਨ।"

"ਚੇਰਾ, ਚੋਲ ਅਤੇ ਪਾਂਡਿਆ ਰਾਜਿਆਂ ਦੇ ਪ੍ਰਤੀਕ ਧਨੁਸ਼, ਬਾਘ ਅਤੇ ਮੱਛੀ ਸਨ। ਇਹ ਤਿੰਨ ਚਿੰਨ੍ਹ ਸਿੰਧੂ ਘਾਟੀ ਵਿੱਚ ਵੀ ਮੌਜੂਦ ਹਨ, ਜੋ ਕਿ ਤਾਮਿਲਨਾਡੂ ਦੀ ਧਰਤੀ ਤੋਂ ਬਹੁਤ ਦੂਰ ਸੀ।"

"ਇਸੇ ਤਰ੍ਹਾਂ, ਭਾਰਤ ਅਤੇ ਅਫ਼ਰੀਕਾ ਦੇ ਕੁਝ ਹਿੱਸਿਆਂ ਨੂੰ ਛੱਡ ਕੇ ਦੁਨੀਆ ਵਿੱਚ ਕਿਤੇ ਵੀ ਸ਼ੇਰ ਚਿੰਨ ਵਜੋਂ ਨਹੀਂ ਮਿਲਦੇ। ਇਸ ਸੰਦਰਭ ਵਿੱਚ, ਇਹ ਹੈਰਾਨੀ ਵਾਲੀ ਗੱਲ ਨਹੀਂ ਹੈ ਕਿ ਬਹੁਤ ਸਾਰੇ ਭਾਰਤੀ ਰਾਜਿਆਂ ਨੇ ਆਪਣੇ ਝੰਡਿਆਂ ਵਿੱਚ ਸ਼ੇਰ ਦੀ ਵਰਤੋਂ ਕੀਤੀ ਹੈ।"

"ਸ਼੍ਰੀਲੰਕ ਵਿੱਚ ਸ਼ੇਰ ਨਹੀਂ ਸਨ। ਹਾਲਾਂਕਿ, ਉਸ ਦੇਸ਼ ਦੇ ਝੰਡੇ ਵਿੱਚ ਇੱਕ ਸ਼ੇਰ ਹੈ। ਇਸੇ ਤਰ੍ਹਾਂ, ਸ਼ੇਰ ਨੂੰ ਬ੍ਰਿਟੇਨ ਦੀਆਂ ਕਈ ਸ਼ਾਹੀ ਮੋਹਰਾਂ ਵਿੱਚ ਦਰਸਾਇਆ ਗਿਆ ਹੈ, ਇੱਕ ਅਜਿਹੀ ਜਗ੍ਹਾ ਜਿੱਥੇ ਸ਼ੇਰ ਨਹੀਂ ਰਹਿੰਦੇ।"

ਆਰ ਬਾਲਾਕ੍ਰਿਸ਼ਨਨ ਕਹਿੰਦੇ ਹਨ, "ਇਸੇ ਲਈ, ਇਹ ਜਾਂਚ ਕਰਨਾ ਬਹੁਤ ਦਿਲਚਸਪ ਹੈ ਕਿ ਕੋਈ ਰਾਜ ਆਪਣੇ ਝੰਡੇ ਲਈ ਪ੍ਰਤੀਕਾਂ ਦੀ ਚੋਣ ਕਿਵੇਂ ਕਰਦਾ ਸੀ ਅਤੇ ਕਿਉਂ ਕਰਦਾ ਸੀ।"

ਇਹ ਵੀ ਪੜ੍ਹੋ-

ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTER, WhatsApp ਅਤੇ YouTube 'ਤੇ ਜੁੜੋ।)