ਪਾਕਿਸਤਾਨ ਵਿੱਚ ਟਿਕਟੌਕਰ ਦਾ ਕਤਲ: 'ਕਾਤਲ ਨੇ ਪਹਿਲਾਂ ਘਰ ਦੀ ਤਲਾਸ਼ੀ ਲਈ, ਫਿਰ ਉਸ 'ਤੇ ਗੋਲੀਬਾਰੀ ਕੀਤੀ'

ਯੂਸਫ਼ ਸਨਾ

ਤਸਵੀਰ ਸਰੋਤ, Instagram/sanayusuf

ਤਸਵੀਰ ਕੈਪਸ਼ਨ, ਯੂਸਫ਼ ਸਨਾ ਮਹਿਜ਼ 17 ਦੀ ਸੀ

ਪਾਕਿਸਤਾਨ ਦੀ ਰਾਜਧਾਨੀ ਇਸਲਾਮਾਬਾਦ ਵਿੱਚ 17 ਸਾਲਾ ਟਿਕਟੌਕਰ ਸਨਾ ਯੂਸਫ਼ ਦੇ ਕਤਲ ਮਾਮਲੇ ਵਿੱਚ ਉਨ੍ਹਾਂ ਦੀ ਮਾਂ ਦੀ ਸ਼ਿਕਾਇਤ 'ਤੇ ਮਾਮਲਾ ਦਰਜ ਕੀਤਾ ਗਿਆ ਹੈ।

ਸਨਾ ਯੂਸਫ਼ ਦਾ ਕਤਲ ਸੋਮਵਾਰ ਨੂੰ ਇਸਲਾਮਾਬਾਦ ਸਥਿਤ ਉਨ੍ਹਾਂ ਦੇ ਘਰ ਵਿੱਚ ਹੋਇਆ, ਜਿੱਥੇ ਉਹ ਆਪਣੇ ਪਰਿਵਾਰ ਨਾਲ ਰਹਿ ਰਹੇ ਸਨ।

ਮਾਮਲੇ ਦੇ ਮੁਤਾਬਕ, ਸਨਾ ਯੂਸਫ਼ ਦਾ ਸੋਮਵਾਰ ਸ਼ਾਮ ਨੂੰ ਇੱਕ ਅਣਪਛਾਤੇ ਵਿਅਕਤੀ ਨੇ ਉਨ੍ਹਾਂ ਦੇ ਘਰ ਵਿੱਚ ਗੋਲੀ ਮਾਰ ਕੇ ਕਤਲ ਕਰ ਦਿੱਤਾ।

ਇਸਲਾਮਾਬਾਦ ਦੇ ਸੰਬਲ ਪੁਲਿਸ ਸਟੇਸ਼ਨ ਵਿੱਚ ਦਰਜ ਕੀਤੀ ਗਈ ਐੱਫ਼ਆਈਆਰ ਵਿੱਚ ਕਿਹਾ ਗਿਆ ਹੈ, "ਕੱਲ੍ਹ ਇੱਕ ਆਦਮੀ ਅਚਾਨਕ ਸਾਡੇ ਘਰ ਵਿੱਚ ਦਾਖਲ ਹੋਇਆ ਅਤੇ ਮੇਰੀ ਧੀ ਸਨਾ ਯੂਸਫ਼ 'ਤੇ ਸਿੱਧੀ ਗੋਲੀਬਾਰੀ ਕੀਤੀ, ਦੋ ਗੋਲੀਆਂ ਉਸਦੀ ਛਾਤੀ ਵਿੱਚ ਲੱਗੀਆਂ।"

ਉਨ੍ਹਾਂ ਦੀ ਮਾਂ ਵੱਲੋਂ ਦਰਜ ਕਰਵਾਈ ਗਈ ਐੱਫ਼ਆਈਆਰ ਦੇ ਮੁਤਾਬਕ, "ਅਣਪਛਾਤਾ ਵਿਅਕਤੀ ਪੌੜੀਆਂ ਤੋਂ ਹੇਠਾਂ ਭੱਜਿਆ ਅਤੇ ਜਦੋਂ ਅਸੀਂ ਰੌਲਾ ਪਾਇਆ ਤਾਂ ਸਥਾਨਕ ਲੋਕ ਇਕੱਠੇ ਹੋ ਗਏ।"

"ਮੈਂ ਆਪਣੀ ਧੀ ਨੂੰ ਗੁਆਂਢੀ ਦੀ ਕਾਰ ਵਿੱਚ ਬਿਠਾ ਕੇ ਹਸਪਤਾਲ ਲੈ ਗਈ, ਪਰ ਮੇਰੀ ਧੀ ਪਹਿਲਾਂ ਹੀ ਮਰ ਚੁੱਕੀ ਸੀ।"

ਸਨਾ ਦੀ ਮਾਂ ਵੱਲੋਂ ਦਰਜ ਕਰਵਾਈ ਗਈ ਐੱਫ਼ਆਈਆਰ ਵਿੱਚ ਇਹ ਵੀ ਕਿਹਾ ਗਿਆ ਹੈ ਕਿ ਘਟਨਾ ਸਮੇਂ ਉਨ੍ਹਾਂ ਦਾ ਪਤੀ ਘਰ ਵਿੱਚ ਮੌਜੂਦ ਨਹੀਂ ਸੀ, ਪਰ ਸਿਰਫ਼ ਉਹ, ਉਨ੍ਹਾਂ ਦਾ ਦਿਓਰ ਅਤੇ ਧੀ ਸਨਾ ਯੂਸਫ਼ ਘਰ ਵਿੱਚ ਸਨ।

ਬੀਬੀਸੀ ਨੇ ਇਸ ਘਟਨਾ ਬਾਰੇ ਸਨਾ ਦੇ ਮਾਪਿਆਂ ਦਾ ਪੱਖ ਜਾਣਨ ਲਈ ਉਨ੍ਹਾਂ ਨਾਲ ਸੰਪਰਕ ਕਰਨ ਦੀ ਕੋਸ਼ਿਸ਼ ਕੀਤੀ ਹੈ, ਪਰ ਅਜੇ ਤੱਕ ਕੋਈ ਜਵਾਬ ਨਹੀਂ ਮਿਲਿਆ ਹੈ।

ਇਹ ਧਿਆਨ ਦੇਣ ਯੋਗ ਹੈ ਕਿ ਪਾਕਿਸਤਾਨ ਵਿੱਚ ਕਿਸੇ ਮਹਿਲਾ ਟਿਕਟੌਕਰ ਦੇ ਕਤਲ ਦਾ ਇਹ ਪਹਿਲਾ ਮਾਮਲਾ ਨਹੀਂ ਹੈ।

ਪੁਲਿਸ ਨੇ ਕੀ ਦੱਸਿਆ

ਸਨਾ ਯੂਸਫ਼

ਤਸਵੀਰ ਸਰੋਤ, Instagram/sanayusuf

ਪੁਲਿਸ ਦੇ ਮੁਤਾਬਕ, ਟਿਕਟੌਕਰ ਇਕਰਾ ਆਜ਼ਮ ਦਾ ਪਿਛਲੇ ਸਾਲ ਦੇ ਅਖੀਰ ਵਿੱਚ ਪੰਜਾਬ ਦੇ ਖੁਸ਼ਾਬ ਜ਼ਿਲ੍ਹੇ ਵਿੱਚ ਉਨ੍ਹਾਂ ਦੇ ਆਪਣੇ ਰਿਸ਼ਤੇਦਾਰ ਵੱਲੋਂ ਕਥਿਤ ਤੌਰ 'ਤੇ ਕਤਲ ਕਰ ਦਿੱਤਾ ਗਿਆ ਸੀ।

ਜਾਂਚ ਟੀਮ ਦਾ ਹਿੱਸਾ ਰਹੇ ਸਬ-ਇੰਸਪੈਕਟਰ ਮਨਸਬਦਾਰ ਨੇ ਬੀਬੀਸੀ ਨੂੰ ਦੱਸਿਆ ਕਿ ਪਾਕਿਸਤਾਨ ਇੰਸਟੀਚਿਊਟ ਆਫ਼ ਮੈਡੀਕਲ ਸਾਇੰਸਜ਼ (ਪੀਆਈਐੱਮਐੱਸ) ਵਿਖੇ ਪੀੜਤਾ ਦੀ ਲਾਸ਼ ਦਾ ਪੋਸਟਮਾਰਟਮ ਕਰਨ ਤੋਂ ਬਾਅਦ, ਲਾਸ਼ ਪਰਿਵਾਰ ਨੂੰ ਸੌਂਪ ਦਿੱਤੀ ਗਈ ਅਤੇ ਪਰਿਵਾਰ ਲਾਸ਼ ਲੈ ਕੇ ਚਿਤਰਾਲ ਲਈ ਰਵਾਨਾ ਹੋ ਗਿਆ।

ਸਨਾ ਯੂਸਫ਼ ਦੇ ਕਤਲ ਦੀ ਜਾਂਚ ਕਰ ਰਹੀ ਟੀਮ ਦਾ ਹਿੱਸਾ ਰਹੇ ਸਬ-ਇੰਸਪੈਕਟਰ ਮਨਸਬਦਾਰ ਨੇ ਬੀਬੀਸੀ ਨੂੰ ਦੱਸਿਆ ਕਿ ਪੁਲਿਸ ਨੇ ਘਟਨਾ ਵਾਲੀ ਥਾਂ 'ਤੇ ਲੱਗੇ ਸੀਸੀਟੀਵੀ ਕੈਮਰਿਆਂ ਦੀ ਫੁਟੇਜ ਵੀ ਹਾਸਿਲ ਕਰ ਲਈ ਹੈ।

ਘਟਨਾ ਵਾਲੇ ਦਿਨ ਕੀ ਹੋਇਆ

ਸੰਕੇਤਕ ਤਸਵੀਰ

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, ਪੁੁਲਿਸ ਅਧਿਕਾਰੀ ਨੇ ਦਾਅਵਾ ਕੀਤਾ ਹੈ ਕਿ ਘਟਨਾ ਵਿੱਚ ਸ਼ਾਮਲ ਮੁਲਜ਼ਮਾਂ ਬਾਰੇ ਬਹੁਤ ਸਾਰੇ ਸਬੂਤ ਪ੍ਰਾਪਤ ਹੋ ਗਏ ਹਨ ਅਤੇ ਮੁਲਜ਼ਮਾਂ ਨੂੰ ਜਲਦੀ ਹੀ ਗ੍ਰਿਫ਼ਤਾਰ ਕਰ ਲਿਆ ਜਾਵੇਗਾ (ਸੰਕੇਤਕ ਤਸਵੀਰ)।

'ਸ਼ੱਕੀ ਘਰ ਵਿੱਚ ਦਾਖਲ ਹੋਇਆ ਅਤੇ ਸਿੱਧਾ ਸਨਾ ਦੇ ਕਮਰੇ ਵਿੱਚ ਚਲਾ ਗਿਆ।'

ਪੁਲਿਸ ਅਧਿਕਾਰੀ ਨੇ ਦਾਅਵਾ ਕੀਤਾ ਕਿ ਇਸ ਘਟਨਾ ਵਿੱਚ ਸ਼ਾਮਲ ਮੁਲਜ਼ਮਾਂ ਬਾਰੇ ਕਾਫ਼ੀ ਸਬੂਤ ਮਿਲੇ ਹਨ ਅਤੇ ਮੁਲਜ਼ਮਾਂ ਨੂੰ ਜਲਦੀ ਹੀ ਗ੍ਰਿਫ਼ਤਾਰ ਕਰ ਲਿਆ ਜਾਵੇਗਾ।

ਉਨ੍ਹਾਂ ਕਿਹਾ ਕਿ ਉਪਲਬਧ ਸਬੂਤਾਂ ਤੋਂ ਇਲਾਵਾ, ਪੁਲਿਸ ਕਤਲ ਦੀ ਘਟਨਾ ਦੇ ਵੱਖ-ਵੱਖ ਪਹਿਲੂਆਂ ਦੀ ਜਾਂਚ ਕਰ ਰਹੀ ਹੈ।

ਜਾਂਚ ਟੀਮ ਵਿੱਚ ਸ਼ਾਮਲ ਇੱਕ ਪੁਲਿਸ ਅਧਿਕਾਰੀ ਨੇ ਦੱਸਿਆ ਕਿ ਸ਼ੁਰੂਆਤੀ ਜਾਂਚ ਤੋਂ ਪਤਾ ਲੱਗਾ ਹੈ ਕਿ ਮੁਲਜ਼ਮ ਨੇ ਸਨਾ ਯੂਸਫ਼ ਨੂੰ ਮਾਰਨ ਤੋਂ ਪਹਿਲਾਂ ਉਸ ਘਰ ਦੀ ਤਲਾਸ਼ੀ ਲਈ ਸੀ ਜਿੱਥੇ ਪੀੜਤਾ ਰਹਿੰਦੀ ਸੀ।

ਜਦੋਂ ਉਸ ਨੇ (ਮੁਲਜ਼ਿਮ) ਦੇਖਿਆ ਕਿ ਸਨਾ ਦੇ ਮਾਤਾ-ਪਿਤਾ ਘਰ ਨਹੀਂ ਹਨ, ਤਾਂ ਉਹ ਘਰ ਵਿੱਚ ਦਾਖਲ ਹੋਇਆ, ਪਿਸਤੌਲ ਕੱਢੀ ਅਤੇ ਸਨਾ ਯੂਸਫ਼ 'ਤੇ ਦੋ ਗੋਲੀਆਂ ਚਲਾ ਦਿੱਤੀਆਂ।

ਜਾਂਚ ਟੀਮ ਵਿੱਚ ਸ਼ਾਮਲ ਇੱਕ ਹੋਰ ਅਧਿਕਾਰੀ ਨੇ ਵੀ ਇਸ ਗੱਲ ਦੀ ਪੁਸ਼ਟੀ ਕੀਤੀ ਕਿ ਸ਼ੱਕੀ ਘਰ ਵਿੱਚ ਦਾਖਲ ਹੋਇਆ, ਸਿੱਧਾ ਸਨਾ ਯੂਸਫ਼ ਦੇ ਕਮਰੇ ਵਿੱਚ ਗਿਆ ਅਤੇ ਬਾਹਰ ਆਉਂਦੇ ਹੀ ਉਸ 'ਤੇ ਗੋਲੀਆਂ ਚਲਾਉਣੀਆਂ ਸ਼ੁਰੂ ਕਰ ਦਿੱਤੀਆਂ।

ਪੁਲਿਸ ਅਧਿਕਾਰੀ ਮੁਤਾਬਕ, ਜਿਵੇਂ ਹੀ ਸਨਾ ਯੂਸਫ਼ ਗੋਲੀ ਲੱਗਣ ਨਾਲ ਡਿੱਗ ਪਈ, ਸ਼ੱਕੀ ਮੌਕੇ ਤੋਂ ਭੱਜ ਗਿਆ।

ਸਨਾ ਯੂਸਫ਼ ਕੌਣ ਸੀ?

ਸੰਕੇਤਕ ਤਸਵੀਰ

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, ਸਨਾ ਦੇ ਟਿਕਟਾਕ ਅਕਾਊਂਟ 'ਤੇ ਤਕਰੀਬਨ 81 ਹਜ਼ਾਰ ਫਾਲੋਅਰਜ਼ ਹਨ

ਸਨਾ ਯੂਸਫ਼ ਮਹਿਜ਼ 17 ਸਾਲ ਦੀ ਪੇਂਡੂ ਕੁੜੀ ਸੀ।

ਉਹ ਖੈਬਰ ਪਖਤੂਨਖਵਾ ਸੂਬੇ ਦੇ ਚਿਤਰਾਲ ਜ਼ਿਲ੍ਹੇ ਦੀ ਰਹਿਣ ਵਾਲੇ ਸਨ, ਪਰ ਉਨ੍ਹਾਂ ਦਾ ਪਰਿਵਾਰ ਕੁਝ ਸਮੇਂ ਤੋਂ ਇਸਲਾਮਾਬਾਦ ਵਿੱਚ ਰਹਿ ਰਿਹਾ ਸੀ।

ਸਨਾ ਦੇ ਟਿਕਟੌਕ ਅਕਾਊਂਟ 'ਤੇ ਤਕਰੀਬਨ 81 ਹਜ਼ਾਰ ਫਾਲੋਅਰਜ਼ ਹਨ।

ਕੱਲ੍ਹ, ਸਨਾ ਯੂਸਫ਼ ਦੇ ਜਨਮਦਿਨ ਦਾ ਇੱਕ ਵੀਡੀਓ ਵੀ ਉਨ੍ਹਾਂ ਦੇ ਇੰਸਟਾਗ੍ਰਾਮ ਅਕਾਊਂਟ 'ਤੇ ਸਾਂਝਾ ਕੀਤਾ ਗਿਆ ਸੀ, ਜਿਸ ਵਿੱਚ ਉਹ ਆਪਣੇ ਦੋਸਤਾਂ ਨਾਲ ਆਪਣਾ ਜਨਮਦਿਨ ਮਨਾਉਂਦੇ ਦਿਖਾਈ ਦੇ ਰਹੇ ਹਨ।

ਸਨਾ ਦੇ ਰਿਸ਼ਤੇਦਾਰਾਂ ਨੇ ਕੀ ਕਿਹਾ

ਸੰਕੇਤਕ ਤਸਵੀਰ

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, ਸੰਕੇਤਕ ਤਸਵੀਰ

ਮਾਮਲੇ ਦੇ ਜਾਂਚ ਅਧਿਕਾਰੀ ਮੁਤਾਬਕ, ਪੀੜਤਾ ਦੇ ਮਾਪਿਆਂ ਅਤੇ ਰਿਸ਼ਤੇਦਾਰਾਂ ਨੇ ਕਿਹਾ ਕਿ ਸਨਾ ਯੂਸਫ਼ ਨੂੰ ਕਦੇ ਵੀ ਉਨ੍ਹਾਂ ਦੇ ਰਿਸ਼ਤੇਦਾਰਾਂ ਜਾਂ ਕਿਸੇ ਹੋਰ ਵਿਅਕਤੀ ਵੱਲੋਂ ਸੋਸ਼ਲ ਮੀਡੀਆ ਉੱਤੇ ਕੋਈ ਧਮਕੀ ਨਹੀਂ ਦਿੱਤੀ ਗਈ ਸੀ।

ਪੱਤਰਕਾਰ ਮੁਹੰਮਦ ਜ਼ੁਬੈਰ ਨੇ ਸਨਾ ਯੂਸਫ਼ ਦੇ ਦੋਸਤਾਂ ਨਾਲ ਗੱਲ ਕੀਤੀ।

ਸਨਾ ਦੇ ਪਿਤਾ ਨੇ ਲੰਬੇ ਸਮੇਂ ਤੱਕ ਸਰਕਾਰੀ ਨੌਕਰੀ ਕੀਤੀ, ਜਿਸ ਤੋਂ ਬਾਅਦ ਉਹ ਸੇਵਾਮੁਕਤ ਹੋ ਗਏ। ਸਨਾ ਯੂਸਫ਼ ਦਾ ਇੱਕ ਛੋਟਾ ਭਰਾ ਹੈ।

ਸਨਾ ਯੂਸਫ਼ ਦੇ ਇੱਕ ਦੋਸਤ ਨੇ ਕਿਹਾ ਕਿ ਉਸਨੇ ਆਪਣਾ ਜਨਮਦਿਨ ਉਸ ਦਿਨ ਤੋਂ ਕੁਝ ਘੰਟੇ ਪਹਿਲਾਂ ਮਨਾਇਆ ਸੀ ਜਿਸ ਦਿਨ ਉਸਦਾ ਕਤਲ ਹੋਇਆ ਸੀ।

"ਉਸਨੇ ਆਪਣੇ ਕੁਝ ਨਜ਼ਦੀਕੀ ਦੋਸਤਾਂ ਨੂੰ ਸੱਦਾ ਦਿੱਤਾ ਜਿਸ ਵਿੱਚ ਮੈਂ ਵੀ ਸ਼ਾਮਲ ਸੀ, ਪਰ ਮੈਂ ਕਿਸੇ ਕਾਰਨ ਕਰਕੇ ਨਹੀਂ ਜਾ ਸਕਿਆ, ਜਿਸਦਾ ਮੈਨੂੰ ਆਪਣੀ ਬਾਕੀ ਦੀ ਜ਼ਿੰਦਗੀ ਪਛਤਾਵਾ ਰਹੇਗਾ।"

ਬੁਰਹਾਨੂਦੀਨ, ਜੋ ਕਿ ਸਨਾ ਯੂਸਫ਼ ਦੇ ਪਰਿਵਾਰ ਨਾਲ ਸਬੰਧਤ ਹੈ, ਨੇ ਕਿਹਾ ਕਿ ਸਨਾ ਨੇ ਐੱਫਐੱਸਸੀ ਦੀ ਪ੍ਰੀਖਿਆ ਦਿੱਤੀ ਸੀ ਅਤੇ ਭਵਿੱਖ ਵਿੱਚ ਇੱਕ ਮੈਡੀਕਲ ਕਾਲਜ ਵਿੱਚ ਦਾਖਲ ਹੋਣ ਦੀ ਤਿਆਰੀ ਕਰ ਰਹੀ ਸੀ।

"ਉਸਨੇ ਸੋਚਿਆ ਸੀ ਕਿ ਉਹ ਡਾਕਟਰੀ ਸਿੱਖਿਆ ਪ੍ਰਾਪਤ ਕਰਕੇ ਚਿਤਰਾਲ ਦੇ ਲੋਕਾਂ ਦੀ ਸੇਵਾ ਕਰੇਗੀ।"

ਬੁਰਹਾਨੂਦੀਨ ਨੇ ਕਿਹਾ ਕਿ ਸਨਾ ਯੂਸਫ਼ ਦੇ ਪਿਤਾ ਇੱਕ ਮਨੁੱਖੀ ਅਧਿਕਾਰ ਕਾਰਕੁਨ ਅਤੇ 'ਚਿਤਰਾਲ ਬਚਾਓ ਤਹਿਰੀਕ' ਦੇ ਇੱਕ ਮੁੱਖ ਮੈਂਬਰ ਸਨ ਅਤੇ ਉਨ੍ਹਾਂ ਨੇ ਆਪਣੇ ਦੋ ਬੱਚਿਆਂ ਨੂੰ ਵੀ ਮਨੁੱਖਤਾ ਦੀ ਸਿੱਖਿਆ ਦਿੱਤੀ ਸੀ।

'ਪਾਕਿਸਤਾਨ ਵਿੱਚ ਔਰਤ ਹੋਣਾ ਮੌਤ ਦੀ ਸਜ਼ਾ ਨਹੀਂ ਹੋਣੀ ਚਾਹੀਦੀ'

ਮਹੀਨ ਗਨੀ

ਤਸਵੀਰ ਸਰੋਤ, MaheenGhani

ਤਸਵੀਰ ਕੈਪਸ਼ਨ, ਸਨਾ ਦੇ ਹੱਕ ਵਿੱਚਸੋਸ਼ਲ ਮੀਡੀਆ ਉੱਤੇ ਕਈ ਅਵਾਜ਼ਾ ਸੁਣਨ ਨੂੰ ਮਿਲ ਰਹੀਆਂ ਹਨ

ਸਨਾ ਯੂਸਫ਼ ਦਾ ਨਾਮ ਬੀਤੀ ਰਾਤ ਤੋਂ ਪਾਕਿਸਤਾਨੀ ਸੋਸ਼ਲ ਮੀਡੀਆ 'ਤੇ ਟ੍ਰੈਂਡ ਕਰ ਰਿਹਾ ਹੈ ਅਤੇ ਲੋਕ ਉਸ ਲਈ ਤੁਰੰਤ ਇਨਸਾਫ਼ ਦੀ ਮੰਗ ਕਰਦੇ ਦਿਖਾਈ ਦੇ ਰਹੇ ਹਨ।

ਮੋਨਾ ਫ਼ਾਰੂਕ ਅਹਿਮਦ ਨੇ ਲਿਖਿਆ, "ਪਾਕਿਸਤਾਨ ਵਿੱਚ ਔਰਤਾਂ, ਬੱਚੇ ਅਤੇ ਘੱਟ ਗਿਣਤੀਆਂ ਸੁਰੱਖਿਅਤ ਨਹੀਂ ਹਨ। ਹਰ ਰੋਜ਼ ਇੱਕ ਮਾਸੂਮ ਵਿਅਕਤੀ ਨੂੰ ਆਪਣੀ ਮੌਤ ਲਈ ਜ਼ਿੰਮੇਵਾਰ ਠਹਿਰਾਇਆ ਜਾਂਦਾ ਹੈ। ਉਹ ਇੱਕ ਅਜਿਹੀ ਬੱਚੀ ਸੀ ਜੋ ਜ਼ਿੰਦਗੀ ਨਾਲ ਭਰਪੂਰ ਸੀ।"

ਮਾਹੀਨ ਗਨੀ ਨੇ ਲਿਖਿਆ, "ਪਾਕਿਸਤਾਨ ਵਿੱਚ ਔਰਤ ਹੋਣ ਕਰਕੇ ਮੌਤ ਦੀ ਸਜ਼ਾ ਨਹੀਂ ਹੋਣੀ ਚਾਹੀਦੀ।"

ਪੱਤਰਕਾਰ ਇਹਤਿਸ਼ਾਮੁਲ ਹੱਕ ਨੇ ਲਿਖਿਆ, "17 ਸਾਲਾ ਸਨਾ ਯੂਸਫ਼ ਇਸ ਕਿਸਮਤ ਦੀ ਹੱਕਦਾਰ ਨਹੀਂ ਸੀ। ਇਸ ਮਾਮਲੇ ਵਿੱਚ ਜਿੰਨੀ ਜਲਦੀ ਹੋ ਸਕੇ ਨਿਆਂ ਮਿਲਣਾ ਚਾਹੀਦਾ ਹੈ ਅਤੇ ਕਾਤਲਾਂ ਨੂੰ ਮਿਸਾਲੀ ਸਜ਼ਾ ਮਿਲਣੀ ਚਾਹੀਦੀ ਹੈ।"

ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTER, WhatsApp ਅਤੇ YouTube 'ਤੇ ਜੁੜੋ।)