'ਔਰਤ ਜਦੋਂ ਕੰਮ ਕਰਦੀ ਹੈ ਤਾਂ ਇਹੀ ਸ਼ੱਕ ਰਹਿੰਦਾ ਕਿ ਕਿਤੇ ਡਾਂਸ ਤਾਂ ਨਹੀਂ ਕਰਦੀ ਪਈ', ਯੂਟਿਊਬਰ ਹਸਨ ਇਕਬਾਲ ਦੀ ਗ੍ਰਿਫ਼ਤਾਰੀ 'ਤੇ ਹਨੀਫ਼ ਦਾ ਵਲੌਗ

ਮੁਹੰਮਦ ਹਨੀਫ਼
ਤਸਵੀਰ ਕੈਪਸ਼ਨ, ਸੀਨੀਅਰ ਪੱਤਰਕਾਰ ਅਤੇ ਲੇਖਕ ਮੁਹੰਮਦ ਹਨੀਫ਼
    • ਲੇਖਕ, ਮੁਹੰਮਦ ਹਨੀਫ਼
    • ਰੋਲ, ਸੀਨੀਅਰ ਪੱਤਰਕਾਰ ਅਤੇ ਲੇਖਕ

ਪਾਕਿਸਤਾਨ ਵਿੱਚ ਪੁਲਿਸ ਨੇ ਇੱਕ ਨੰਨ੍ਹ-ਮੁੰਨਾ ਆਲਮ ਫੜ੍ਹਿਆ ਹੈ। ਉਸ ਦਾ ਨਾਮ ਹਸਨ ਇਕਬਾਲ ਚਿਸ਼ਤੀ ਹੈ। ਪਿਛਲੇ ਦਿਨੀਂ ਇੱਕ ਗਾਣਾ ਗਾ ਕੇ ਬੜਾ ਮਸ਼ਹੂਰ ਹੋਇਆ ਸੀ।

ਗਾਣਾ ਬੱਚੀਆਂ ਦੀ ਤਾਲੀਮ ਦੇ ਖ਼ਿਲਾਫ਼ ਸੀ। ਚਿਸ਼ਤੀ ਨੇ ਗਾਣਿਆ ਸੀ, "ਆਪਣੀ ਧੀ ਨੂੰ ਸਕੂਲੋਂ ਹਟਾ ਲੈ, ਉੱਥੇ ਡਾਂਸ ਕਰਦੀ ਪਈ ਹੈ।"

ਚਿਸ਼ਤੀ ਨੇ ਆਪ ਵੀ ਸੁਰਖ਼ੀ-ਪਾਊਡਰ ਲਗਾਇਆ ਸੀ ਅਤੇ ਨਾਲ ਹੱਥ ਨਾਲ ਠੁਮਕੇ ਮਾਰੀ ਜਾਂਦੀ ਸੀ। ਇੰਨਾ ਮਜ਼ਾ ਤਾਂ ਕੋਈ ਡਾਂਸ ਦਾ ਨਹੀਂ ਲੈਂਦਾ ਹੋਣਾ, ਜਿੰਨਾ ਚਿਸ਼ਤੀ ਸਾਬ੍ਹ ਡਾਂਸ ਖ਼ਿਲਾਫ਼ ਗਾਣਾ ਗਾ ਕੇ ਲੈ ਰਹੇ ਸਨ।

ਲੋਕਾਂ ਨੇ ਵੀ ਚੱਸ ਲਈ ਅਤੇ ਕੁਝ ਲੋਕਾਂ ਨੇ ਗਾਲ਼ ਮੰਦਾ ਵੀ ਕੀਤਾ ਕਿ ਸਾਡੀਆਂ ਮਿਹਨਤੀ ਬੱਚੀਆਂ ਦੇ ਨਾਲ ਬਦਤਮੀਜ਼ੀ ਕਰ ਰਿਹਾ ਹੈ। ਇਸ ਮੁੰਡੇ ਮੌਲਵੀ ਦੇ ਹੌਂਸਲੇ ਵਧਦੇ ਗਏ।

ਕਦੇ ਕੋਈ ਫਿਲਮੀ ਟੋਨ ਫੜ੍ਹ ਕੇ, ਕਦੇ ਕੋਈ ਸਿੱਧੂ ਮੂਸੇਵਾਲੇ ਦਾ ਗੀਤ ਫੜ੍ਹ ਕੇ ਅਤੇ ਗਾਲ਼ਾਂ ਨੂੰ ਗੀਤ ਬਣਾਉਂਦਾ ਰਿਹਾ।

ਸਕੂਟਰ ਚਲਾਉਂਦੀਆਂ ਔਰਤਾਂ ਦੀ ਤਸਵੀਰ

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, ਸਕੂਟਰ ਚਲਾਉਂਦੀਆਂ ਔਰਤਾਂ ਦੀ ਤਸਵੀਰ (ਸੰਕੇਤਕ ਤਸਵੀਰ)

ਫਿਰ ਔਰਤ ਮਾਰਚ ਵਾਲਿਆਂ ਦੇ ਪਿੱਛੇ ਪੈ ਗਿਆ ਤੇ ਗਾਣਾ ਬਣਾਇਆ, "ਮੇਰਾ ਜਿਸਮ, ਮੇਰੀ ਮਰਜ਼ੀ, ਕੱਪੜੇ ਸੀਦੇ ਤੰਗ ਦਰਜੀ"।

ਪਾਕਿਸਤਾਨ ਵਿੱਚ ਨੰਨ੍ਹੇ-ਮੁੰਨੇ ਮੌਲਵੀਆਂ ਦੀ ਇੱਕ ਨਵੀਂ ਨਸਲ ਤਿਆਰ ਹੋਈ ਹੈ। ਜਿਨ੍ਹਾਂ ਨੂੰ ਅਜੇ ਬੂਟਾਂ ਦੇ ਤਸਮੇ ਤਾਂ ਬੰਨ੍ਹਣੇ ਨਹੀਂ ਆਏ, ਮੌਬਾਈਲ ਫੋਨ ਵਿੱਚ ਬੈਲੇਂਸ ਲੈਣ ਲਈ ਆਪਣੀ ਬਾਜੀ (ਵੱਡੀ ਭੈਣ) ਕੋਲੋਂ ਪੈਸੇ ਲੈਂਦੇ ਹਨ ਤੇ ਫਿਰ ਸਮਾਜ ਸੁਧਰਾਨ ਤੁਰ ਪੈਂਦੇ ਹਨ।

ਸਮਾਜ ਵਿੱਚ ਉਨ੍ਹਾਂ ਨੂੰ ਇੱਕੋ ਹੀ ਖ਼ਰਾਬੀ ਨਜ਼ਰ ਆਉਂਦੀ ਹੈ ਅਤੇ ਉਹ ਹੈ ਔਰਤ, ਕੁੜੀ, ਬੱਚੀ। ਉਹ ਭਾਵੇਂ ਸਕੂਲ ਪੜ੍ਹਨ ਜਾ ਰਹੀ ਹੋਵੇ ਜਾਂ ਸਕੂਲੇ ਪੜਾਉਣ ਜਾ ਰਹੀ ਹੋਵੇ, ਉਨ੍ਹਾਂ ਨੂੰ ਲੱਗਦਾ ਹੈ ਕਿ ਇਹ ਖ਼ਰਾਬੀ ਅਸਲ ਵਿੱਚ ਇਹੀ ਹੈ। ਇਸ ਦੇ ਕਾਰਨ ਹੀ ਕਿਆਮਤ ਆਉਣ ਵਾਲੀ ਹੈ।

ਜੇ ਮਰਦ ਉਨ੍ਹਾਂ ਔਰਤਾਂ ਨੂੰ ਨਾ ਰੋਕੇ ਤਾਂ ਉਹ ਬੇਗ਼ੈਰਤ ਤੇ ਜਿਹੜਾ ਉਨ੍ਹਾਂ ਨੂੰ ਬੇਗ਼ੈਰਤ ਨਾ ਕਹੇ ਉਹ ਵੀ ਓਹੀ।

ਮੁਹੰਮਦ ਹਨੀਫ਼
ਇਹ ਵੀ ਪੜ੍ਹੋ-

'ਔਰਤਾਂ ਹਮੇਸ਼ਾ ਸ਼ੱਕ ਦੇ ਦਾਇਰੇ ਵਿੱਚ ਰਹਿੰਦੀਆਂ ਹਨ'

ਹੁਣ ਚਿਸ਼ਤੀ ਨੂੰ ਪੁਲਿਸ ਨੇ ਫੜ੍ਹ ਲੈ ਲਿਆ ਹੈ ਅਤੇ ਹੁਣ ਉਹ ਉਸ ਕੋਲੋਂ ਗਾਣੇ ਜਾਂ ਨਾਤਾਂ ਸੁਣਦੇ ਹੋਣਗੇ। ਜੇ ਕੋਈ ਸਜ਼ਾ ਹੋਈ ਤਾਂ ਸ਼ਾਇਦ ਸਿੱਧਾ ਹੋ ਜਾਏ ਅਤੇ ਜੇ ਵੱਡੇ ਮੌਲਵੀਆਂ ਨੇ ਛੁਡਵਾ ਲਿਆ ਤਾਂ ਹੀਰੋ ਬਣ ਕੇ ਬਾਹਰ ਆਵੇਗਾ।

ਪਰ ਇਹ ਗੱਲ ਵੀ ਮੰਨਣੀ ਪਵੇਗੀ ਕਿ ਸਾਡੇ ਸਾਰੇ ਮਰਦਾਂ ਵਿੱਚ ਕੋਈ ਛੋਟਾ-ਮੋਟਾ ਚਿਸ਼ਤੀ ਮੌਜੂਦ ਹੈ। ਭਾਵੇਂ ਅਸੀਂ ਲਿਬਰਲ ਹੋਈਏ, ਭਾਵੇਂ ਮੋਮਨ ਅਤੇ ਭਾਵੇਂ ਰਲੇ-ਮਿਲੇ। ਔਰਤ ਜਦੋਂ ਕੋਈ ਕੰਮ ਕਰ ਰਹੀ ਹੁੰਦੀ ਹੈ ਤਾਂ ਸਾਨੂੰ ਉਸ ਦਾ ਕੰਮ ਨਜ਼ਰ ਨਹੀਂ ਆਉਂਦਾ।

ਸਾਨੂੰ ਹਮੇਸ਼ਾ ਇਹ ਸ਼ੱਕ ਰਹਿੰਦਾ ਹੈ ਕਿ ਉਹ ਕੁਝ ਵੀ ਕਰਦੀ ਹੈ।

ਅੱਜ-ਕੱਲ੍ਹ ਪਾਕਿਸਤਾਨ ਦੇ ਸਕੂਲਾਂ ਦੇ ਇਮਤਿਹਾਨਾਂ ਵਿੱਚ ਜ਼ਿਆਦਾਤਰ ਬੱਚੀਆਂ ਹੀ ਟੌਪ ਕਰਦੀਆਂ ਹਨ। ਉਹ ਬੱਚੀਆਂ ਭਾਵੇਂ ਸਾਰੀ ਰਾਤ ਜਾਗ ਕੇ ਕੈਮਿਸਟ੍ਰੀ ਦੀ ਕਿਤਾਬ ਦਾ ਰੱਟਾ ਮਾਰਦੀਆਂ ਹੋਣ ਪਰ ਸਾਨੂੰ ਇਹੀ ਸ਼ੱਕ ਰਹਿੰਦਾ ਹੈ ਕਿ ਇਹ ਕਿਤੇ ਡਾਂਸ ਤਾਂ ਨਹੀਂ ਕਰਦੀ ਪਈ।

ਉਹ 5 ਸਾਲ ਮਿਹਨਤ ਕਰ ਕੇ ਡਾਕਟਰ ਬਣ ਜਾਏ ਅਤੇ ਉਸ ਤੋਂ ਬਾਅਦ ਹਾਊਸ ਜੌਬ ʼਤੇ 36 ਘੰਟਿਆਂ ਵਾਲੀ ਸ਼ਿਫਟ ਕਰ ਰਹੀ ਹੋਵੇ ਤਾਂ ਸਾਨੂੰ ਫਿਰ ਵੀ ਲੱਗਦਾ ਹੈ ਕਿ ਇਹ ਪਤਾ ਨਹੀਂ ਕੀ ਚਾਹੁੰਦੀ ਹੈ।

ਉਹ ਬੈਂਕ ਵਿੱਚ ਸਾਡਾ ਚੈੱਕ ਕੈਸ਼ ਕਰ ਰਹੀ ਹੋਵੇ, ਜਹਾਜ਼ ਵਿੱਚ ਚਾਹ-ਬਿਸਕੁਟ ਦੇ ਰਹੀ ਹੋਵੇ, ਭਾਵੇਂ ਥਾਣੇਦਾਰਨੀ ਬਣ ਕੇ ਛਾਪੇ ਮਾਰ ਰਹੀ ਹੋਵੇ ਪਰ ਸਾਨੂੰ ਇਹੀ ਲੱਗਦਾ ਹੈ ਕਿ ਕਿਤੇ ਉਹ ਡਾਂਸ ਤਾਂ ਨਹੀਂ ਕਰਦੀ ਪਈ।

ਗੱਡੀ, ਮੋਟਰਸਾਈਕਲ ਚਲਾ ਕੇ ਕੰਮ ʼਤੇ ਜਾ ਰਹੀ ਹੋਵੇ ਪਰ ਫਿਰ ਵੀ ਲੱਗਦਾ ਹੈ ਕਿ ਪਤਾ ਨਹੀਂ ਇਹ ਕੀ ਲੱਭਦੀ ਹੈ।

ਵੀਡੀਓ ਕੈਪਸ਼ਨ, ਪਾਕਿਸਤਾਨ ਵਿੱਚ ਗ੍ਰਿਫ਼ਤਾਰ ਹੋਏ ਯੂਟਿਊਬਰ ਹਸਨ ਇਕਬਾਲ ਬਾਰੇ ਸੀਨੀਅਰ ਪੱਤਰਕਾਰ ਮੁਹੰਮਦ ਹਨੀਫ਼ ਦਾ ਵਲੌਗ

ਸਾਡਾ ਇਮਾਨ ਖ਼ਰਾਬ ਕਰਨ ਲਈ ਬਾਹਰ ਸੜਕ ʼਤੇ ਕਿਉਂ ਆਈ ਹੈ। ਪੜ੍ਹੀਆਂ-ਲਿਖੀਆਂ ਦਫ਼ਤਰ ਜਾਣ ਵਾਲੀਆਂ ਆਪਣੇ ਬਿਜ਼ਨਸ ਚਲਾਉਣ ਵਾਲੀਆਂ, ਇਨ੍ਹਾਂ ਨੂੰ ਭੁੱਲ ਜਾਓ। ਮਜ਼ਦੂਰ ਔਰਤ ਸੜਕ ʼਤੇ ਪੱਥਰ ਵੀ ਕੁੱਟ ਰਹੀ ਹੋਵੇ, ਖੇਤਾਂ ਵਿੱਚ ਕਪਾਹ ਚੁੱਗ ਰਹੀ ਹੋਵੇ, ਭਾਵੇਂ ਘਰ ਵਿੱਚ ਝਾੜੂ ਹੀ ਮਾਰ ਰਹੀ ਹੋਵੇ। ਮਰਦਾਂ ਨੂੰ ਇਹੀ ਲੱਗਦਾ ਹੈ ਕਿ ਇਸ ਬੇਹਯਾ ਦਾ ਡਾਂਸ ਪਤਾ ਨਹੀਂ ਕਦੋਂ ਮੁੱਕਣਾ ਹੈ।

ਇਹ ਨੰਨ੍ਹੇ-ਮੁੰਨੇ ਆਲਮਾਂ ਨੂੰ ਪਤਾ ਨਹੀਂ ਕੀ ਪੜਾਉਂਦੇ ਰਹੇ ਹਨ। ਹੁਕਮ ਤਾਂ ਇਹ ਸੀ ਕਿ ਗ਼ੈਰ-ਔਰਤ ʼਤੇ ਪਹਿਲੀ ਨਜ਼ਰ ਪਵੇ ਤਾਂ ਪਹਿਲੀ ਨਜ਼ਰ ਤੇ ਮਾਫ਼ ਹੈ, ਉਸ ਤੋਂ ਬਾਅਦ ਅੱਖਾਂ ਥੱਲੇ ਕਰ ਲਉ।

ਪਰ ਇਹ ਕੋਈ ਅਜਿਹੇ ਤਮਾਸ਼ਬੀਨ ਮੁਲਾਨੇ ਆਏ ਹਨ ਕਿ ਇਨ੍ਹਾਂ ਦੀਆਂ ਅੱਖਾਂ ਵਿੱਚ ਔਰਤ ਹਮੇਸ਼ਾ ਨੱਚਦੀ ਰਹਿੰਦੀ ਹੈ। ਜੇਕਰ ਦਿਲ ਵਿੱਚ ਕੋਈ ਗੰਦਾ ਖ਼ਿਆਲ ਆਵੇ ਤਾਂ ਉਸ ਨੂੰ ਦਿਲ ʼਚ ਹੀ ਰੱਖ ਲਿਆ ਕਰੋ।

ਕਿਤੇ ਇਹ ਨਾ ਹੋਵੇ ਕਿ ਪੁਲਿਸ ਹਵਾਲਾਤ ਵਿੱਚ ਤੁਹਾਡਾ ਹੀ ਡਾਨਸ ਦੇਖ ਰਹੀ ਹੋਵੇ।

ਰੱਬ ਰਾਖਾ!

ਇਹ ਵੀ ਪੜ੍ਹੋ-

ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTER, WhatsApp ਅਤੇ YouTube 'ਤੇ ਜੁੜੋ।)