ਅਮਰੀਕਾ: ਕਤਲ ਕੇਸ 'ਚ 40 ਸਾਲ ਕੈਦ ਕੱਟਣ ਬਾਅਦ ਭਾਰਤੀ ਮੂਲ ਦਾ ਵਿਅਕਤੀ ਬਰੀ, ਪਰ ਡਿਪੋਰਟ ਹੋਣ ਦੀ ਤਲਵਾਰ ਕਿਉਂ ਲਟਕੀ?

    • ਲੇਖਕ, ਅਨਾ ਫਾਗੁਏ

ਇੱਕ ਕਤਲ ਲਈ 43 ਸਾਲ ਜੇਲ੍ਹ ਵਿੱਚ ਬਿਤਾਉਣ ਤੋਂ ਬਾਅਦ ਜੋ ਉਹਨਾਂ ਨੇ ਕੀਤਾ ਵੀ ਨਹੀਂ, ਸੁਬਰਾਮਨੀਅਮ "ਸੁਬੂ" ਵੇਦਮ ਆਖ਼ਰਕਾਰ ਆਜ਼ਾਦ ਹੋ ਗਏ ਹਨ।

ਇਸ ਮਹੀਨੇ ਦੇ ਸ਼ੁਰੂ ਵਿੱਚ ਮਿਲੇ ਨਵੇਂ ਸਬੂਤਾਂ ਕਰਕੇ ਸੁਬੂ ਆਪਣੇ ਸਬਕਾ ਰੂਮਮੇਟ ਦੇ ਕਤਲ ਮਾਮਲੇ 'ਚ ਬਰੀ ਕਰ ਦਿੱਤੇ ਗਏ ਸੀ।

ਪਰ ਇਸ ਤੋਂ ਪਹਿਲਾਂ ਕਿ ਉਹ ਆਪਣੇ ਪਰਿਵਾਰ ਤੱਕ ਪਹੁੰਚ ਸਕਦੇ, ਵੇਦਮ ਨੂੰ ਯੂਐਸ ਇਮੀਗ੍ਰੇਸ਼ਨ ਅਤੇ ਕਸਟਮਜ਼ ਇਨਫੋਰਸਮੈਂਟ (ਆਈਸੀਈ) ਨੇ ਹਿਰਾਸਤ ਵਿੱਚ ਲੈ ਲਿਆ। ਆਈਸੀਈ ਹੁਣ ਉਨ੍ਹਾਂ ਨੂੰ ਭਾਰਤ ਭੇਜਣਾ ਚਾਹੁੰਦੀ ਹੈ। ਉਹ ਦੇਸ਼ ਜਿੱਥੇ ਉਹ ਬਚਪਨ ਤੋਂ ਬਾਅਦ ਨਹੀਂ ਰਹੇ।

ਹੁਣ, ਵੇਦਮ ਦੀ ਕਾਨੂੰਨੀ ਟੀਮ ਦੇਸ਼ ਨਿਕਾਲੇ ਦੇ ਹੁਕਮ ਖ਼ਿਲਾਫ਼ ਲੜ ਰਹੀ ਹੈ। ਉਨ੍ਹਾਂ ਦਾ ਪਰਿਵਾਰ ਉਨ੍ਹਾਂ ਨੂੰ ਹਮੇਸ਼ਾ ਲਈ ਹਿਰਾਸਤ ਤੋਂ ਬਾਹਰ ਕੱਢਣ ਚਾਹੁੰਦਾ ਹੈ।

ਉਨ੍ਹਾਂ ਦੀ ਭੈਣ ਸਰਸਵਤੀ ਵੇਦਮ ਨੇ ਬੀਬੀਸੀ ਨੂੰ ਦੱਸਿਆ ਕਿ ਉਹਨਾਂ ਦਾ ਪਰਿਵਾਰ ਹੁਣ ਇੱਕ ਨਵੀਂ ਅਤੇ "ਬਹੁਤ ਅਜੀਬ" ਸਥਿਤੀ ਦਾ ਸਾਹਮਣਾ ਕਰ ਰਿਹਾ ਹੈ।

ਉਨ੍ਹਾਂ ਦਾ ਭਰਾ ਇੱਕ ਅਜਿਹੀ ਸਹੂਲਤ ਤੋਂ ਛੱਡ ਰਿਹਾ ਹੈ ਜਿੱਥੇ ਉਹ ਕੈਦੀਆਂ ਅਤੇ ਗਾਰਡਾਂ ਨੂੰ ਜਾਣਦਾ ਸੀ, ਜਿੱਥੇ ਉਹ ਸਾਥੀ ਕੈਦੀਆਂ ਨੂੰ ਸਲਾਹ ਦਿੰਦਾ ਸੀ, ਅਤੇ ਜਿੱਥੇ ਉਸ ਦਾ ਆਪਣਾ ਸੈੱਲ ਸੀ।

ਉਨ੍ਹਾਂ ਨੇ ਦੱਸਿਆ "ਉਹ 60 ਲੋਕਾਂ ਨਾਲ ਇੱਕ ਕਮਰਾ ਸਾਂਝਾ ਕਰ ਰਿਹਾ ਹੈ, ਜਿੱਥੇ ਉਸ ਦੇ ਚੰਗੇ ਵਿਵਹਾਰ ਦੇ ਇਤਿਹਾਸ ਬਾਰੇ ਕਿਸੇ ਨੂੰ ਨਹੀਂ ਪਤਾ।"

ਨਵੇਂ ਹਾਲਾਤ ਦੇ ਬਾਵਜੂਦ, ਵੇਦਮ ਆਪਣੀ ਭੈਣ ਅਤੇ ਪਰਿਵਾਰ ਨੂੰ ਇੱਕ ਸੁਨੇਹਾ ਦਿੰਦਾ ਰਹਿੰਦਾ ਹੈ: "ਮੈਂ ਚਾਹੁੰਦਾ ਹਾਂ ਕਿ ਅਸੀਂ ਜਿੱਤ 'ਤੇ ਧਿਆਨ ਕੇਂਦਰਿਤ ਕਰੀਏ। ਮੇਰਾ ਨਾਮ ਕੱਢ ਦਿੱਤਾ ਗਿਆ ਹੈ, ਮੈਂ ਹੁਣ ਕੈਦੀ ਨਹੀਂ ਹਾਂ। ਮੈਂ ਇੱਕ ਨਜ਼ਰਬੰਦ ਹਾਂ।"

1980 ਦਾ ਕਤਲ ਮਾਮਲਾ ਕੀ ਸੀ?

ਚਾਰ ਦਹਾਕੇ ਪਹਿਲਾਂ ਵੇਦਮ ਨੂੰ ਆਪਣੇ ਪੁਰਾਣੇ ਰੂਮਮੇਟ ਟੌਮ ਕਿਨਸਰ ਦੇ ਕਤਲ ਦਾ ਦੋਸ਼ੀ ਠਹਿਰਾਇਆ ਗਿਆ ਸੀ। ਟੌਮ 19 ਸਾਲਾ ਕਾਲਜ ਵਿਦਿਆਰਥੀ ਸੀ।

ਕਿਨਸਰ ਦੀ ਲਾਸ਼ ਇੱਕ ਜੰਗਲੀ ਇਲਾਕੇ ਵਿੱਚ ਉਸ ਦੀ ਗੁੰਮਸ਼ੁਦਗੀ ਤੋਂ ਨੌਂ ਮਹੀਨੇ ਬਾਅਦ ਮਿਲੀ ਸੀ। ਉਸ ਦੀ ਖੋਪੜੀ 'ਚ ਗੋਲੀ ਦਾ ਜ਼ਖ਼ਮ ਸੀ।

ਕਿਨਸਰ ਦੇ ਗੁੰਮ ਹੋਣ ਵਾਲੇ ਦਿਨ ਵੇਦਮ ਨੇ ਉਸ ਤੋਂ ਲਿਫ਼ਟ ਮੰਗੀ ਸੀ। ਹਾਲਾਂਕਿ, ਕਿਨਸਰ ਦੀ ਗੱਡੀ ਤਾਂ ਵਾਪਸ ਆਮ ਪਾਰਕਿੰਗ ਵਾਲੀ ਥਾਂ ਤੋਂ ਹੀ ਮਿਲੀ ਪਰ ਕਿਸੀ ਨੇ ਵੀ ਉਸ ਨੂੰ ਵਾਪਸ ਆਉਂਦੇ ਨਹੀਂ ਦੇਖਿਆ ਸੀ।

ਵੇਦਮ 'ਤੇ ਕਤਲ ਦਾ ਦੋਸ਼ ਲਗਾਇਆ ਗਿਆ। ਉਨ੍ਹਾਂ ਨੂੰ ਜ਼ਮਾਨਤ ਨਹੀਂ ਮਿਲੀ, ਉਨ੍ਹਾਂ ਦਾ ਪਾਸਪੋਰਟ ਅਤੇ ਗ੍ਰੀਨ ਕਾਰਡ ਜ਼ਬਤ ਕਰ ਲਏ ਗਏ ਅਤੇ ਉਨ੍ਹਾਂ ਨੂੰ "ਵਿਦੇਸ਼ੀ ਜਿਸਦੇ ਭੱਜਣ ਦੀ ਸੰਭਾਵਨਾ ਹੈ" ਉਹ ਲੇਬਲ ਲਾ ਦਿੱਤਾ ਗਿਆ।

ਦੋ ਸਾਲ ਬਾਅਦ ਉਨ੍ਹਾਂ ਨੂੰ ਕਤਲ ਦਾ ਦੋਸ਼ੀ ਕਰਾਰ ਦੇ ਕੇ ਉਮਰ ਕੈਦ ਦੀ ਸਜ਼ਾ ਸੁਣਾਈ ਗਈ। 1984 ਵਿੱਚ, ਇੱਕ ਪਲੀ ਸਮਝੌਤੇ ਦੇ ਹਿੱਸੇ ਵਜੋਂ, ਉਨ੍ਹਾਂ ਨੂੰ ਨਸ਼ੀਲੇ ਪਦਾਰਥਾਂ ਦੇ ਮਾਮਲੇ ਵਿੱਚ ਢਾਈ ਤੋਂ ਪੰਜ ਸਾਲ ਦੀ ਸਜ਼ਾ ਵੀ ਹੋਈ, ਜੋ ਉਨ੍ਹਾਂ ਨੇ ਉਮਰ ਕੈਦ ਦੇ ਨਾਲ-ਨਾਲ ਭੁਗਤਣੀ ਸੀ।

ਉਸ ਸਮੇਂ ਦੌਰਾਨ, ਵੇਦਮ ਨੇ ਹਮੇਸ਼ਾ ਆਪਣੀ ਬੇਗੁਨਾਹੀ ਦਾ ਪੱਖ ਪੇਸ਼ ਕੀਤਾ। ਉਨ੍ਹਾਂ ਦੇ ਸਮਰਥਕਾਂ ਅਤੇ ਪਰਿਵਾਰ ਨੇ ਕਿਹਾ ਕਿ ਉਨ੍ਹਾਂ ਨੂੰ ਅਪਰਾਧ ਨਾਲ ਜੋੜਨ ਵਾਲਾ ਕੋਈ ਸਬੂਤ ਨਹੀਂ ਸੀ।

ਵੇਦਮ ਨੇ ਕਈ ਵਾਰ ਸਜ਼ਾ ਦੇ ਖ਼ਿਲਾਫ਼ ਅਪੀਲ ਕੀਤੀ ਅਤੇ ਕੁਝ ਸਾਲ ਪਹਿਲਾਂ ਨਵੇਂ ਸਬੂਤ ਸਾਹਮਣੇ ਆਉਣ ਤੋਂ ਬਾਅਦ ਉਹ ਬਰੀ ਹੋ ਗਏ।

ਦੇਸ਼ ਨਿਕਲੇ ਦਾ ਖ਼ਤਰਾ ਬਰਕਰਾਰ ਕਿਉਂ?

ਇਸ ਮਹੀਨੇ ਦੇ ਸ਼ੁਰੂ ਵਿੱਚ, ਸੈਂਟਰ ਕਾਊਂਟੀ ਜ਼ਿਲ੍ਹਾ ਅਟਾਰਨੀ ਬਰਨੀ ਕੈਂਟੋਰਨਾ ਨੇ ਕਿਹਾ ਕਿ ਉਹ ਵੇਦਮ ਵਿਰੁੱਧ ਨਵਾਂ ਮੁਕੱਦਮਾ ਨਹੀਂ ਚਲਾਉਣਗੇ।

ਪਰ ਉਨ੍ਹਾਂ ਦੇ ਪਰਿਵਾਰ ਨੂੰ ਪਤਾ ਸੀ ਕਿ ਇੱਕ ਹੋਰ ਰੁਕਾਵਟ ਬਾਕੀ ਹੈ — 1988 ਦਾ ਦੇਸ਼ ਨਿਕਾਲੇ ਦਾ ਹੁਕਮ, ਜੋ ਕਤਲ ਅਤੇ ਨਸ਼ੀਲੇ ਪਦਾਰਥਾਂ ਦੇ ਮਾਮਲਿਆਂ ਦੀ ਸਜ਼ਾ ਦੇ ਆਧਾਰ 'ਤੇ ਜਾਰੀ ਕੀਤਾ ਗਿਆ ਸੀ।

ਸਰਸਵਤੀ ਵੇਦਮ ਨੇ ਕਿਹਾ ਪਰਿਵਾਰ ਨੂੰ ਉਮੀਦ ਸੀ ਕਿ ਉਹ ਉਸਦਾ ਇਮੀਗ੍ਰੇਸ਼ਨ ਕੇਸ ਦੁਬਾਰਾ ਖੋਲ੍ਹਣ ਲਈ ਅਰਜ਼ੀ ਦੇਣਗੇ।

ਸਰਸਵਤੀ ਨੇ ਜ਼ੋਰ ਦਿੱਤਾ ਕਿ ਹੁਣ ਕੇਸ ਦੇ ਤੱਥ ਬਦਲ ਚੁੱਕੇ ਹਨ।

ਪਰ ਜਦੋਂ ਆਈਸੀਈ ਨੇ ਉਨ੍ਹਾਂ ਨੂੰ ਗ੍ਰਿਫਤਾਰ ਕਰ ਲਿਆ, ਤਾਂ ਏਜੰਸੀ ਨੇ ਪੁਰਾਣੇ ਇਮੀਗ੍ਰੇਸ਼ਨ ਹੁਕਮ ਨੂੰ ਉਨ੍ਹਾਂ ਨੂੰ ਪੈਨਸਿਲਵੇਨੀਆ ਦੀ ਇੱਕ ਹੋਰ ਸਹੂਲਤ ਵਿੱਚ ਹਿਰਾਸਤ ਵਿੱਚ ਰੱਖਣ ਦੇ ਤਰਕ ਵਜੋਂ ਦਰਸਾਇਆ।

ਉਨ੍ਹਾਂ ਦਾ ਕਹਿਣਾ ਸੀ ਕਿ ਭਾਵੇਂ ਉਹ ਕਤਲ ਤੋਂ ਬਰੀ ਹੋ ਗਏ ਹਨ, ਪਰ ਨਸ਼ੀਲੇ ਪਦਾਰਥਾਂ ਦੀ ਸਜ਼ਾ ਅਜੇ ਵੀ ਕਾਇਮ ਹੈ। ਆਈਸੀਈ ਦਾ ਕਹਿਣਾ ਹੈ ਕਿ ਉਹ ਕਾਨੂੰਨੀ ਤੌਰ 'ਤੇ ਜਾਰੀ ਕੀਤੇ ਆਦੇਸ਼ 'ਤੇ ਕੰਮ ਕਰ ਰਹੇ ਹਨ।

ਆਈਸੀਈ ਨੇ ਬੀਬੀਸੀ ਦੀ ਟਿੱਪਣੀ ਲਈ ਬੇਨਤੀ ਦਾ ਜਵਾਬ ਨਹੀਂ ਦਿੱਤਾ, ਪਰ ਹੋਰ ਅਮਰੀਕੀ ਮੀਡੀਆ ਨੂੰ ਕਿਹਾ ਕਿ ਵੇਦਮ ਆਪਣੇ ਦੇਸ਼ ਨਿਕਾਲੇ ਤੱਕ ਹਿਰਾਸਤ ਵਿੱਚ ਰਹਿਣਗੇ।

ਵੇਦਮ ਦੇ ਪਰਿਵਾਰ ਨੇ ਕਿਹਾ ਹੈ ਕਿ ਇਮੀਗ੍ਰੇਸ਼ਨ ਅਦਾਲਤ ਨੂੰ ਉਨ੍ਹਾਂ ਦੇ ਚੰਗੇ ਵਿਵਹਾਰ, ਜੇਲ੍ਹ ਵਿੱਚ ਤਿੰਨ ਡਿਗਰੀਆਂ ਪੂਰੀਆਂ ਕਰਨ ਅਤੇ ਕਮਿਊਨਿਟੀ ਸੇਵਾ ਨੂੰ ਵੀ ਧਿਆਨ ਵਿੱਚ ਰੱਖਣਾ ਚਾਹੀਦਾ ਹੈ।

ਸਰਸਵਤੀ ਵੇਦਮ ਨੇ ਕਿਹਾ, "ਸਭ ਤੋਂ ਨਿਰਾਸ਼ਾਜਨਕ ਗੱਲ ਇਹ ਸੀ ਕਿ ਸਾਨੂੰ ਉਸ ਨੂੰ ਗਲ ਲਗਾਉਣ ਦਾ ਇੱਕ ਪਲ ਵੀ ਨਹੀਂ ਮਿਲਿਆ। ਉਸ ਨੂੰ ਗਲਤ ਢੰਗ ਨਾਲ ਫੜਿਆ ਗਿਆ ਸੀ। ਇੱਕ ਉਮੀਦ ਸੀ ਕਿ ਉਸ ਨੇ ਜਿਹੜੇ ਸਨਮਾਨ, ਉਦੇਸ਼ ਅਤੇ ਇਮਾਨਦਾਰੀ ਨਾਲ ਆਪਣੇ ਆਪ ਨੂੰ ਪੇਸ਼ ਕੀਤਾ, ਉਸ ਦੇ ਕੁਝ ਮਾਇਨੇ ਨਿਕਲਣਗੇ।"

ਸੰਭਾਵਿਤ ਤੌਰ 'ਤੇ ਭਾਰਤ ਭੇਜਿਆ ਜਾਵੇਗਾ

ਪਰਿਵਾਰ ਦਾ ਦਾਅਵਾ ਹੈ ਕਿ ਆਈਸੀਈ ਵੇਦਮ ਨੂੰ ਭਾਰਤ ਭੇਜਣਾ ਚਾਹੁੰਦੀ ਹੈ, ਜਿੱਥੇ ਉਨ੍ਹਾਂ ਦਾ ਖ਼ਾਸ ਕੋਈ ਸਬੰਧ ਬਾਕੀ ਨਹੀਂ ਹੈ।

ਸਰਸਵਤੀ ਵੇਦਮ ਨੇ ਬੀਬੀਸੀ ਨੂੰ ਦੱਸਿਆ, "ਹਾਲਾਂਕਿ ਕਿ ਉਹ ਉੱਥੇ ਪੈਦਾ ਹੋਇਆ ਸੀ, ਪਰ ਨੌਂ ਮਹੀਨਿਆਂ ਦੀ ਉਮਰ ਵਿੱਚ ਹੀ ਅਮਰੀਕਾ ਚਲਾ ਗਿਆ ਸੀ। ਜਿਹੜੇ ਰਿਸ਼ਤੇਦਾਰ ਉੱਥੇ ਹਨ, ਉਹ ਵੀ ਬਹੁਤ ਦੂਰ ਦੇ ਹਨ।"

ਸੁਬੂ ਦਾ ਪੂਰਾ ਪਰਿਵਾਰ, ਸਰਸਵਤੀ, ਉਨ੍ਹਾਂ ਦੀਆਂ ਚਾਰ ਧੀਆਂ ਅਤੇ ਹੋਰ ਚਚੇਰੇ ਭਰਾ ਅਮਰੀਕਾ ਅਤੇ ਕੈਨੇਡਾ ਵਿੱਚ ਹਨ।

ਸਰਸਵਤੀ ਕਹਿੰਦੇ ਹਨ "ਉਸ ਨੂੰ ਦੁਨੀਆਂ ਦੇ ਦੂਜੇ ਕੌਣੇ ਵਿੱਚ ਭੇਜ ਕੇ ਉਸ ਕੋਲੋਂ ਆਪਣੇ ਪਰਿਵਾਰ ਦੇ ਨੇੜੇ ਰਹਿਣ ਦਾ ਮੌਕਾ ਖੋਹ ਲਿਆ ਜਾਵੇਗਾ।"

ਉਨ੍ਹਾਂ ਨੇ ਅੱਗੇ ਕਿਹਾ "ਇਹ ਲਗਭਗ ਦੋ ਵਾਰ ਉਸ ਦੀ ਜ਼ਿੰਦਗੀ ਜਿਉਣ ਦੇ ਮੌਕੇ ਨੂੰ ਖ਼ੋਹ ਲੈਣ ਵਰਗਾ ਹੈ।"

ਵੇਦਮ ਇੱਕ ਕਾਨੂੰਨੀ ਸਥਾਈ ਨਿਵਾਸੀ ਹਨ। ਉਨ੍ਹਾਂ ਦੀ ਨਾਗਰਿਕਤਾ ਦੀ ਅਰਜ਼ੀ ਉਨ੍ਹਾਂ ਦੀ ਗ੍ਰਿਫਤਾਰੀ ਤੋਂ ਪਹਿਲਾਂ ਹੀ ਸਵੀਕਾਰ ਕੀਤੀ ਗਈ ਸੀ। ਇਥੋਂ ਤੱਕ ਕਿ ਉਨ੍ਹਾਂ ਦੇ ਮਾਪੇ ਵੀ ਅਮਰੀਕੀ ਨਾਗਰਿਕ ਸਨ।

ਵੇਦਮ ਦੇ ਵਕੀਲ ਅਵਾ ਬੇਨਾਚ ਨੇ ਬੀਬੀਸੀ ਨੂੰ ਕਿਹਾ, "ਸਾਡਾ ਮੰਨਣਾ ਹੈ ਕਿ ਹੁਣ ਉਨ੍ਹਾਂ ਨੂੰ ਅਮਰੀਕਾ ਤੋਂ ਦੇਸ਼ ਨਿਕਾਲਾ ਦੇ ਕੇ ਇੱਕ ਅਜਿਹੇ ਦੇਸ਼ ਵਿੱਚ ਭੇਜਣਾ ਜਿੱਥੇ ਉਸਦੇ ਬਹੁਤ ਘੱਟ ਸੰਪਰਕ ਹਨ, ਇੱਕ ਹੋਰ ਭਿਆਨਕ ਗਲਤੀ ਹੋਵੇਗੀ , ਇੱਕ ਅਜਿਹੇ ਵਿਅਕਤੀ ਨਾਲ, ਜੋ ਪਹਿਲਾਂ ਹੀ ਇਕ ਰਿਕਾਰਡ-ਤੋੜ ਬੇਇਨਸਾਫ਼ੀ ਸਹਿ ਚੁੱਕਾ ਹੈ।"

ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTER, WhatsApp ਅਤੇ YouTube 'ਤੇ ਜੁੜੋ।)