ਏਸ਼ੀਆ ਕੱਪ 2023: ਆਟੋ ਚਾਲਕ ਦੇ ਪੁੱਤ ਮੁਹੰਮਦ ਸਿਰਾਜ ਦੀ ਸਫ਼ਲਤਾ ਦੀ ਕਹਾਣੀ, ਪਰ ਕਿਉਂ ਨਹੀਂ ਦਿੱਤਾ ਗਿਆ ਇੱਕ ਹੋਰ ਓਵਰ

ਸਿਰਾਜ

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, ਮੁਹੰਮਦ ਸਿਰਾਜ ਦੀ ਪਾਰੀ ਯਾਦਗਰ ਰਹੀ
    • ਲੇਖਕ, ਅਭਿਜੀਤ ਸ੍ਰੀਵਾਸਤਵਾ
    • ਰੋਲ, ਬੀਬੀਸੀ ਪੱਤਰਕਾਰ

ਭਾਰਤ ਅੱਠਵੀਂ ਵਾਰ ਏਸ਼ੀਆ ਦਾ ਚੈਂਪੀਅਨ ਬਣਿਆ। ਪਰ 2023 ਦੇ ਏਸ਼ੀਆ ਕੱਪ ਵਿੱਚ ਮੁਹੰਮਦ ਸਿਰਾਜ ਦੀ ਪਾਰੀ ਇਤਿਹਾਸ ਵਿੱਚ ਦਰਜ ਹੋ ਗਈ ਹੈ।

ਕਪਤਾਨ ਰੋਹਿਤ ਸ਼ਰਮਾ ਨੇ ਕਿਹਾ ਕਿ ਇਸ ਦੀ ਲੰਬੇ ਸਮੇਂ ਤੱਕ ਤਾਰੀਫ਼ ਕੀਤੀ ਜਾਂਦੀ ਰਹੇਗੀ। ਰੋਹਿਤ ਨੇ ਕਿਹਾ ਕਿ ਭਾਰਤੀ ਤੇਜ਼ ਗੇਂਦਬਾਜ਼ ਲੰਬੇ ਸਮੇਂ ਤੋਂ ਬਹੁਤ ਸਖ਼ਤ ਮਿਹਨਤ ਕਰ ਰਹੇ ਸਨ।

ਫ਼ਾਈਨਲ ਮੁਕਬਾਲੇ ਵਿੱਚ ਜਦੋਂ ਸ਼੍ਰੀਲੰਕਾ ਨੇ ਟਾਸ ਜਿੱਤ ਕੇ ਪਹਿਲਾਂ ਬੱਲੇਬਾਜ਼ੀ ਕਰਨ ਦਾ ਫ਼ੈਸਲਾ ਲਿਆ ਤਾਂ ਅਸਮਾਨ ਵਿੱਚ ਬੱਦਲ ਸਨ, ਜਿਸ ਕਾਰਨ ਕਈ ਖੇਡ ਜਾਣਕਾਰਾਂ ਨੇ ਹੈਰਾਨੀ ਪ੍ਰਗਟਾਈ।

ਟਾਸ ਤੋਂ ਬਾਅਦ ਮੀਂਹ ਪੈਣ ਲੱਗਿਆ ਤੇ ਮੈਚ ਕਰੀਬ 40 ਮਿੰਟ ਦੇਰੀ ਨਾਲ ਸ਼ੁਰੂ ਹੋਇਆ।

ਮੀਂਹ ਤਾਂ ਬਹੁਤਾ ਨਹੀਂ ਪਿਆ ਸੀ, ਪਰ ਭਾਰਤੀ ਤੇਜ਼ ਗੇਂਦਬਾਜ਼ਾਂ ਨੂੰ ਆਪਣੀ ਫ਼ੁਰਤੀ ਦਿਖਾਉਣ ਲਈ ਸਾਜ਼ਗਾਰ ਮਾਹੌਲ ਮਿਲ ਚੁੱਕਿਆ ਸੀ।

ਸਿਰਾਜ

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, ਤੀਜੇ ਓਵਰ ਵਿੱਚ ਸਿਰਾਜ ਨੇ 4 ਵਿਕਟਾਂ ਲਈਆਂ

ਸਿਰਾਜ ਦਾ ਗੋਲਡਨ ਓਵਰ

ਪਹਿਲੇ ਹੀ ਓਵਰ ਵਿੱਚ ਬੁਮਰਾਹ ਨੇ ਕੁਸ਼ਾਲ ਪਰੇਰਾ ਨੂੰ ਵਿਕਟ ਪਿੱਛੇ ਕੈਚ ਆਉਟ ਕਰਵਾ ਦਿੱਤਾ।

ਸਿਰਾਜ ਮੈਚ ਦੇ ਦੂਜੇ ਓਵਰ ਵਿੱਚ ਗੇਂਦਬਾਜ਼ੀ ਕਰਨ ਆਏ। ਇਸ ਓਵਰ 'ਚ ਉਨ੍ਹਾਂ ਨੇ ਆਪਣੀ ਅੱਗੇ ਹੋਣ ਵਾਲੀ ਗੇਂਦਬਾਜ਼ੀ ਦਾ ਮਹਿਜ਼ ਟ੍ਰੇਲਰ ਦਿਖਾਇਆ। ਕੁਸ਼ਾਲ ਮੈਂਡਿਸ ਸਾਹਮਣੇ ਸਨ ਅਤੇ ਸਿਰਾਜ ਨੇ ਉਨ੍ਹਾਂ ਨੂੰ ਆਪਣੀ ਐਂਗਲਡ ਫੁੱਲ ਲੈਂਥ ਗੇਂਦ ਨਾਲ ਉਨ੍ਹਾਂ ਨੂੰ ਹਾਰਇਆ।

ਮੈਚ ਦਾ ਚੌਥਾ ਓਵਰ ਅਤੇ ਸਿਰਾਜ ਦਾ ਦੂਜਾ ਓਵਰ ਵਨਡੇ ਕ੍ਰਿਕਟ 'ਚ ਨਾ ਭੁੱਲਣਯੋਗ ਓਵਰ ਬਣ ਗਿਆ।

ਪਹਿਲੀ ਗੇਂਦ 'ਤੇ ਸਿਰਾਜ ਨੇ ਪ੍ਰਥੁਮ ਨਿਸਾਂਕਾ ਨੂੰ ਜਡੇਜਾ ਹੱਥੋਂ ਕੈਚ ਆਊਟ ਕਰਵਾਇਆ। ਇਸ ਤੋਂ ਬਾਅਦ ਤੀਜੀ ਗੇਂਦ ਸਦੀਰਾ ਸਮਰਵਿਕਰਮ ਦੇ ਪੈਡ 'ਤੇ ਜਾ ਲੱਗੀ ਅਤੇ ਉਹ ਐੱਲਬੀਡਬਲਿਊ ਕਰਾਰ ਦੇ ਦਿੱਤੇ ਗਏ।

ਅਗਲੀ ਹੀ ਗੇਂਦ 'ਤੇ ਸਿਰਾਜ ਚਰਿਤ ਅਸਾਲਾਂਕਾ ਨੂੰ ਕਵਰ 'ਤੇ ਖੜ੍ਹੇ ਈਸ਼ਾਨ ਕਿਸ਼ਨ ਹੱਥੋਂ ਕੈਚ ਆਊਟ ਕਰਵਾਉਣ ਵਿੱਚ ਕਾਮਯਾਬ ਹੋਏ। ਸਿਰਾਜ ਹੈਟ੍ਰਿਕ 'ਤੇ ਸਨ ਪਰ ਧਨੰਜੈ ਡੀ ਸਿਲਵਾ ਨੇ ਅਗਲੀ ਗੇਂਦ ਮਿਡ ਆਨ ਤੋਂ ਬਾਉਂਡਰੀ ਲਾਈਨ ਦੇ ਬਾਹਰ ਪਹੁੰਚਾ ਦਿੱਤੀ।

ਅਗਲੀ ਹੀ ਗੇਂਦ 'ਤੇ ਸਿਰਾਜ ਨੇ ਆਪਣੀ ਚੰਗੀ ਲੈਂਥ ਗੇਂਦ ਨਾਲ ਧਨੰਜੇ ਨੂੰ ਹੈਰਾਨ ਕਰ ਦਿੱਤਾ। ਧਨੰਜੈ ਗੇਂਦ ਨੂੰ ਆਪਣੇ ਸਰੀਰ ਤੋਂ ਦੂਰ ਖੇਡਣਾ ਚਾਹੁੰਦਾ ਸੀ ਪਰ ਇਹ ਬੱਲੇ ਦਾ ਬਾਹਰੀ ਕਿਨਾਰੇ ਨਾਲ ਟਕਰਾ ਕੇ ਵਿਕਟਕੀਪਰ ਕੇਐੱਲ ਰਾਹੁਲ ਕੋਲ ਪਹੁੰਚ ਗਈ।

ਸਿਰਾਜ ਨੇ ਇਸ ਓਵਰ 'ਚ ਚਾਰ ਵਿਕਟਾਂ ਲਈਆਂ ਅਤੇ ਅੱਧੀ ਸ਼੍ਰੀਲੰਕਾ ਟੀਮ ਮਹਿਜ਼ 12 ਦੇ ਸਕੋਰ 'ਤੇ ਵਾਪਸ ਪਰਤ ਗਈ।

ਇਸ ਤੋਂ ਬਾਅਦ ਸਿਰਾਜ ਨੇ ਆਪਣੀ ਪੰਜਵੀਂ ਅਤੇ ਛੇਵੀਂ ਵਿਕਟ ਲਈ ਅਤੇ ਸ਼੍ਰੀਲੰਕਾ ਦੀਆਂ ਬਾਕੀ ਤਿੰਨ ਵਿਕਟਾਂ ਹਾਰਦਿਕ ਪਾਂਡਿਆ ਨੇ ਲਈਆਂ।

BBC

‘ਇੱਕ ਸੁਫ਼ਨੇ ਵਰਗਾ ਪ੍ਰਦਰਸ਼ਨ ਰਿਹਾ’ -ਸਿਰਾਜ

ਮੈਚ ਤੋਂ ਬਾਅਦ ਸਿਰਾਜ ਨੇ ਕਿਹਾ, "ਪਿਚ ਬਹੁਤ ਚੰਗੀ ਸੀ ਅਤੇ ਗੇਂਦ ਵਿਕਟ 'ਤੇ ਸਵਿੰਗ ਹੋ ਰਹੀ ਸੀ।"

ਇੱਕ ਓਵਰ 'ਚ ਚਾਰ ਵਿਕਟਾਂ ਲੈਣ 'ਤੇ ਸਿਰਾਜ ਨੇ ਕਿਹਾ, ''ਪਹਿਲਾਂ ਮੈਨੂੰ ਉਸ ਤਰ੍ਹਾਂ ਸਵਿੰਗ ਨਹੀਂ ਮਿਲ ਰਹੀ ਸੀ, ਜਿੰਨੀ ਅੱਜ ਮਿਲੀ। ਮੈਂ ਆਊਟਸਵਿੰਗ ਗੇਂਦਾਂ 'ਤੇ ਵਿਕਟਾਂ ਲਈਆਂ, ਜੋ ਮੈਨੂੰ ਆਮ ਤੌਰ 'ਤੇ ਨਹੀਂ ਮਿਲਦੀਆਂ। ਇਸੇ ਲਈ ਮੈਂ ਕੋਸ਼ਿਸ਼ ਕੀਤੀ ਕੇ ਮੇਰੀਆਂ ਗੇਂਦਾਂ ਨੂੰ ਬੱਲੇਬਾਜ਼ ਵੱਧ ਤੋਂ ਵੱਧ ਖੇਡਣ। ਇਹ ਪ੍ਰਦਰਸ਼ਨ ਇੱਕ ਸੁਪਨੇ ਵਰਗਾ ਹੈ।”

ਮੁਹੰਮਦ ਸਿਰਾਜ ‘ਪਲੇਅਰ ਆਫ਼ ਦਿ ਮੈਚ’ ਬਣੇ। ਜਦੋਂ ਉਨ੍ਹਾਂ ਨੂੰ ਟਰਾਫੀ ਅਤੇ ਇਨਾਮੀ ਰਾਸ਼ੀ ਲੈਣ ਲਈ ਬੁਲਾਇਆ ਗਿਆ ਤਾਂ ਉਨ੍ਹਾਂ ਨੇ 'ਪਲੇਅਰ ਆਫ਼ ਦਾ ਮੈਚ' ਦਾ ਨਕਦ ਇਨਾਮ ਗਰਾਊਂਡਸ ਮੈਨ ਨੂੰ ਦਾਨ ਕਰਨ ਦਾ ਐਲਾਨ ਕੀਤਾ।

ਸਿਰਾਜ

ਤਸਵੀਰ ਸਰੋਤ, Getty Images

ਵਿਰੋਧੀ ਟੀਮ ਦੇ ਕਪਤਾਨ ਤੇ ਵਸੀਮ ਅਕਰਮ ਨੇ ਕੀ ਕਿਹਾ?

ਮੈਚ ਤੋਂ ਬਾਅਦ ਸ਼੍ਰੀਲੰਕਾ ਦੇ ਕਪਤਾਨ ਦਸੁਨ ਸ਼ਨਾਕਾ ਨੇ ਸਿਰਾਜ ਦੀ ਤਾਰੀਫ਼ ਕੀਤੀ ਤੇ ਕਿਹਾ ਕਿ ਬੱਦਲ ਛਾਏ ਰਹਿਣ ਕਾਰਨ ਤੇਜ਼ ਗੇਂਦਬਾਜ਼ਾਂ ਨੂੰ ਕਾਫ਼ੀ ਮੌਕਾ ਮਿਲਿਆ।

ਉਨ੍ਹਾਂ ਕਿਹਾ ਕਿ ਸਿਰਾਜ ਨੇ ਜਿਸ ਤਰ੍ਹਾਂ ਇਹ ਮੈਚ ਖੇਡਿਆ ਅਤੇ ਉਸ ਦਾ ਪ੍ਰਦਰਸ਼ਨ ਕੀਤਾ ਉਹ ਸ਼ਲਾਘਾਯੋਗ ਹੈ।

ਪਾਕਿਸਤਾਨ ਦੇ ਸਾਬਕਾ ਕਪਤਾਨ ਅਤੇ ਤੇਜ਼ ਗੇਂਦਬਾਜ਼ ਵਸੀਮ ਅਕਰਮ ਨੇ ਤਾਂ ਇੱਥੋਂ ਤੱਕ ਕਿਹਾ ਕਿ ਭਾਰਤ ਵਿਸ਼ਵ ਕੱਪ ਦਾ ਸਭ ਤੋਂ ਵੱਡਾ ਦਾਅਵੇਦਾਰ ਹੈ।

ਅਕਰਮ ਨੇ ਕਿਹਾ, "ਇਹ ਭਾਰਤੀ ਟੀਮ ਦੀ ਤਾਕਤ ਦਾ ਪ੍ਰਦਰਸ਼ਨ ਸੀ ਅਤੇ ਇਹ ਟੀਮ ਆਪਣੇ ਹੀ ਮੈਦਾਨਾਂ 'ਤੇ ਖੇਡੇ ਜਾਣ ਵਾਲੇ ਆਗਾਮੀ ਵਿਸ਼ਵ ਕੱਪ ਵਿੱਚ ਜਿੱਤ ਦੀ ਸਭ ਤੋਂ ਮਜ਼ਬੂਤ ਦਾਅਵੇਦਾਰ ਹੈ।"

ਮੈਚ ਤੋਂ ਬਾਅਦ ਮੁਹੰਮਦ ਕੈਫ਼ ਨੇ ਸਿਰਾਜ ਦੇ ਕਰੀਅਰ ਦੀ ਪਹਿਲੀ ਪਾਰੀ ਨੂੰ ਯਾਦ ਕਰਦਿਆਂ ਕਿਹਾ, ਸਿਰਾਜ ਦੀ ਮੈਚ ਜਿਤਾਊ 6/21 ਦੀ ਪਾਰੀ ਦੇ ਦਿਨ ਉਨ੍ਹਾਂ ਨੇ ਡੈਬਿਊ ’ਤੇ 0/76 ਦੀ ਗੇਂਦਬਾਜ਼ੀ ਯਾਦ ਕਰੋ। ਸਿਰਾਜ ਨੇ ਸਾਰਿਆਂ ਨੂੰ ਦੱਸਿਆ ਹੈ ਕਿ ਤੁਸੀਂ ਵਾਪਸੀ ਕਿਵੇਂ ਕਰ ਸਕਦੇ ਹੋ।

ਸਿਰਾਜ

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, ਸਿਰਾਜ ਨੇ ਕੁੱਲ 6 ਵਿਰਕਟਾਂ ਲਈਆਂ

ਫਾਈਨਲ 'ਚ ਕੀ ਹੋਇਆ?

ਮੁਹੰਮਦ ਸਿਰਾਜ ਨੇ ਆਪਣੀਆਂ ਗੇਂਦਾਂ ਨਾਲ ਸ਼੍ਰੀਲੰਕਾ ਦੇ ਬੱਲੇਬਾਜ਼ਾਂ 'ਤੇ ਅਜਿਹਾ ਕਹਿਰ ਮਚਾਇਆ ਕਿ ਛੇ ਵਾਰ ਦੀ ਚੈਂਪੀਅਨ ਟੀਮ 15.2 ਓਵਰਾਂ 'ਚ ਮਹਿਜ਼ 50 ਦੌੜਾਂ ਬਣਾ ਕੇ ਆਲ ਆਊਟ ਹੋ ਗਈ।

ਸ਼੍ਰੀਲੰਕਾ ਦੇ ਵਿਕਟਕੀਪਰ ਬੱਲੇਬਾਜ਼ ਕੁਸਲ ਮੈਂਡਿਸ ਨੇ ਇਸ ਮੈਚ ਵਿੱਚ ਟੀਮ ਲਈ ਇੱਕ ਤਿਹਾਈ ਦੌੜਾਂ ਬਣਾਈਆਂ। ਉਨ੍ਹਾਂ ਨੇ ਸਭ ਤੋਂ ਵੱਧ 17 ਦੌੜਾਂ ਦੀ ਪਾਰੀ ਖੇਡੀ। ਦੁਸ਼ਨ ਹੇਮੰਤਾ ਨੇ ਵੀ 13 ਦੌੜਾਂ ਦਾ ਯੋਗਦਾਨ ਪਾਇਆ।

ਇਸ ਤੋਂ ਇਲਾਵਾ ਸ੍ਰੀਲੰਕਾ ਦਾ ਕੋਈ ਵੀ ਬੱਲੇਬਾਜ਼ ਦੋਹਰਾ ਅੰਕੜਾ ਪਾਰ ਨਹੀਂ ਕਰ ਸਕਿਆ। ਪੰਜ ਬੱਲੇਬਾਜ਼ ਆਪਣਾ ਖਾਤਾ ਵੀ ਨਾ ਖੋਲ੍ਹ ਸਕੇ।

ਵਨਡੇ ਕ੍ਰਿਕਟ ਦੇ ਕਿਸੇ ਵੀ ਫ਼ਾਈਨਲ ਮੈਚ ਵਿੱਚ ਇਹ ਸਭ ਤੋਂ ਘੱਟ ਸਕੋਰ ਹੈ। ਇਸ ਤੋਂ ਪਹਿਲਾਂ ਇਹ ਰਿਕਾਰਡ ਭਾਰਤ ਦੇ ਨਾਂ ਸੀ, ਜੋ ਉਨ੍ਹਾਂ ਨੇ ਸਾਲ 2000 'ਚ ਸ਼ਾਰਜਾਹ 'ਚ ਇਸੇ ਸ਼੍ਰੀਲੰਕਾਈ ਟੀਮ ਖ਼ਿਲਾਫ਼ ਬਣਾਇਆ ਸੀ। ਉਦੋਂ ਭਾਰਤੀ ਟੀਮ ਨੇ ਫਾਈਨਲ ਵਿੱਚ 54 ਦੌੜਾਂ ਬਣਾਈਆਂ ਸਨ।

ਸਾਬਕਾ ਕ੍ਰਿਕਟਰ ਯੁਵਰਾਜ ਸਿੰਘ ਨੇ ਆਪਣੇ ਟਵੀਟ 'ਚ ਉਸ ਮੈਚ ਨੂੰ ਯਾਦ ਕੀਤਾ।

ਯੁਵਰਾਜ ਸਿੰਘ

ਤਸਵੀਰ ਸਰੋਤ, Yuvraj Singh/X

ਸਿਰਾਜ ਨੂੰ ਹੋਰ ਓਵਰ ਕਿਉਂ ਨਹੀਂ ਦਿੱਤਾ ਗਿਆ

ਮੁਹੰਮਦ ਸਿਰਾਜ ਨੇ ਜਿਵੇਂ ਹੀ ਆਪਣੇ ਛੇਵਾਂ ਓਵਰ ਖ਼ਤਮ ਕੀਤਾ ਤਾਂ ਕਪਤਾਨ ਰੋਹਿਤ ਸ਼ਰਮਾ ਥਰਡਮੈਨ ਉੱਤੇ ਉਨ੍ਹਾਂ ਕੋਲ ਗਏ ਅਤੇ ਉਨ੍ਹਾਂ ਨਾਲ ਗੱਲਬਾਤ ਕੀਤੀ ਗਈ।

ਸਿਰਾਜ ਹੋਰ ਗੇਂਦਬਾਜ਼ੀ ਕਰਨਾ ਚਾਹੁੰਦੇ ਸੀ ਪਰ ਇਸ ਗੱਲਬਾਤ ਤੋਂ ਬਾਅਦ ਸਿਰਾਜ ਨੂੰ ਹੋਰ ਓਵਰ ਕਰਨ ਲਈ ਨਹੀਂ ਮਿਲਿਆ।

ਉਸ ਨੇ ਛੇ ਵਿਕਟਾਂ ਲਈਆਂ ਸਨ ਅਤੇ ਆਪਣੀ ਸੱਤਵੀਂ ਵਿਕਟ ਲੈਂਦੇ-ਲੈਂਦੇ ਰਹਿ ਗਏ। ਜੇਕਰ ਉਹ ਸੱਤ ਵਿਕਟਾਂ ਲੈ ਲੈਂਦਾ, ਤਾਂ ਉਹ ਸਟੂਅਰਟ ਬਿੰਨੀ ਦਾ ਰਿਕਾਰਡ ਤੋੜ ਕੇ ਇੱਕ ਵਨਡੇ ਮੈਂਚ ਵਿੱਚ ਸਭ ਤੋਂ ਵੱਧ ਵਿਕਟਾਂ ਲੈਣ ਵਾਲਾ ਖਿਡਾਰੀ ਬਣ ਜਾਂਦਾ।

2014 'ਚ ਬੰਗਲਾਦੇਸ਼ ਖਿਲਾਫ ਮੀਰਪੁਰ 'ਚ ਖੇਡਦੇ ਹੋਏ ਬਿੰਨੀ ਨੇ 4 ਓਵਰਾਂ ਤੇ 4 ਗੇਂਦਾਂ 'ਚ 6 ਵਿਕਟਾਂ ਲਈਆਂ ਸਨ। ਮੈਚ ਤੋਂ ਬਾਅਦ ਦੀ ਪ੍ਰੈੱਸ ਕਾਨਫਰੰਸ 'ਚ ਕਪਤਾਨ ਰੋਹਿਤ ਸ਼ਰਮਾ ਨੇ ਇਸ ਦਾ ਕਾਰਨ ਦੱਸਦੇ ਹੋਏ ਕਿਹਾ ਕਿ ਉਨ੍ਹਾਂ ਨੂੰ ਮੁਹੰਮਦ ਸਿਰਾਜ ਨੂੰ ਰੋਕਣ ਲਈ ਕਿਹਾ ਗਿਆ ਸੀ।

ਉਨ੍ਹਾਂ ਕਿਹਾ, "ਉਸ ਨੇ 7 ਓਵਰ ਗੇਂਦਬਾਜ਼ੀ ਕੀਤੀ ਅਤੇ ਮੈਂ ਚਾਹੁੰਦਾ ਸੀ ਕਿ ਉਸ ਨੂੰ ਹੋਰ ਓਵਰ ਦਿੱਤੇ ਜਾਣ ਪਰ ਮੈਨੂੰ ਮੇਰੇ ਟ੍ਰੇਨਰਾਂ ਦਾ ਸੁਨੇਹਾ ਮਿਲਿਆ ਕਿ ਉਸ ਨੂੰ ਹੁਣ ਰੋਕ ਦਿੱਤਾ ਜਾਵੇ।"

ਸਿਰਾਜ

ਤਸਵੀਰ ਸਰੋਤ, Getty Images

ਆਪਣੇ ਇਸ ਕਦਮ ਬਾਰੇ ਉਨ੍ਹਾਂ ਨੇ ਬੜੇ ਸੰਜਮ ਨਾਲ ਕਿਹਾ, ''ਸਿਰਾਜ ਖੁਦ ਗੇਂਦਬਾਜ਼ੀ ਨੂੰ ਲੈ ਕੇ ਉਤਸ਼ਾਹਿਤ ਸੀ, ਉਹ ਜ਼ਿਆਦਾ ਗੇਂਦਾਂ ਸੁੱਟਣਾ ਚਾਹੁੰਦਾ ਸੀ ਪਰ ਇਹ ਕਿਸੇ ਵੀ ਗੇਂਦਬਾਜ਼ ਜਾਂ ਬੱਲੇਬਾਜ਼ ਦਾ ਸੁਭਾਅ ਹੈ ਕਿ ਜਦੋਂ ਵੀ ਮੌਕਾ ਮਿਲਦਾ ਹੈ ਤਾਂ ਉਹ ਉਸ ਦਾ ਫਾਇਦਾ ਉਠਾਉਣਾ ਚਾਹੁੰਦਾ ਹੈ।”

“ਪਰ ਇਹ ਉਹ ਥਾਂ ਹੈ, ਜਿੱਥੇ ਮੇਰੀ ਭੂਮਿਕਾ ਆਉਂਦੀ ਹੈ, ਮੈਨੂੰ ਹਰ ਚੀਜ਼ ਨੂੰ ਕੰਟਰੋਲ ਵਿੱਚ ਰੱਖਣਾ ਪੈਂਦਾ ਹੈ ਤਾਂ ਜੋ ਕੋਈ ਵੀ ਖਿਡਾਰੀ ਆਪਣੇ ਆਪ 'ਤੇ ਬਹੁਤ ਜ਼ਿਆਦਾ ਦਬਾਅ ਨਾ ਪਵੇ ਅਤੇ ਬਹੁਤ ਥੱਕ ਨਾ ਜਾਵੇ।"

"ਮੈਨੂੰ ਯਾਦ ਹੈ, ਜਦੋਂ ਅਸੀਂ ਤ੍ਰਿਵੇਂਦਰਮ ਵਿੱਚ ਸ਼੍ਰੀਲੰਕਾ ਦੇ ਖਿਲਾਫ਼ ਖੇਡ ਰਹੇ ਸੀ ਤਾਂ ਸਥਿਤੀ ਵੀ ਅਜਿਹੀ ਹੀ ਸੀ। ਉਨ੍ਹਾਂ ਨੇ ਚਾਰ ਵਿਕਟਾਂ ਲਈਆਂ ਅਤੇ 8-9 ਓਵਰ ਸੁੱਟੇ। ਪਰ ਮੈਨੂੰ ਲੱਗਦਾ ਹੈ ਕਿ 7 ਓਵਰ ਵੀ ਠੀਕ ਹਨ।"

ਸ਼੍ਰੀਲੰਕਾ ਦੇ ਨਾਲ ਮੈਚ 'ਚ ਗੇਂਦਬਾਜ਼ੀ ਦੇ ਬਾਰੇ 'ਚ ਰੋਹਿਤ ਸ਼ਰਮਾ ਨੇ ਕਿਹਾ, "ਮੈਚ 'ਚ ਭਾਰਤ ਲਈ ਤਿੰਨ ਗੇਂਦਬਾਜ਼ਾਂ ਨੇ ਗੇਂਦਬਾਜ਼ੀ ਕੀਤੀ ਅਤੇ ਸਿਰਾਜ ਨੂੰ ਬਾਕੀ ਦੋ ਦੇ ਮੁਕਾਬਲੇ ਗੇਂਦਬਾਜ਼ੀ ਕਰਨ ਦਾ ਥੋੜ੍ਹਾ ਜ਼ਿਆਦਾ ਮੌਕਾ ਮਿਲਿਆ। ਐਤਵਾਰ ਸਿਰਾਜ ਦਾ ਦਿਨ ਸੀ। ਉਸ ਦਿਨ ਦਾ ਹੀਰੋ ਸੀ।"

ਸਿਰਾਜ

ਮੁਹੰਮਦ ਸਿਰਾਜ ਦੀ ਕਹਾਣੀ

ਹੈਦਰਾਬਾਦ ਦੇ ਇੱਕ ਬਹੁਤ ਹੀ ਸਧਾਰਨ ਪਰਿਵਾਰ ਵਿੱਚ ਪਲ਼ੇ ਮੁਹੰਮਦ ਸਿਰਾਜ ਦੇ ਪਿਤਾ ਆਟੋ ਡਰਾਈਵਰ ਸਨ ਅਤੇ ਉਨ੍ਹਾਂ ਮਾਂ ਲੋਕਾਂ ਦੇ ਘਰਾਂ ਵਿੱਚ ਕੰਮ ਕਰਦੀ ਸੀ।

1994 ਵਿੱਚ ਜਨਮੇ ਸਿਰਾਜ ਨੂੰ ਕਦੇ ਵੀ ਕ੍ਰਿਕਟ ਅਕੈਡਮੀ ਵਿੱਚ ਜਾਣ ਦਾ ਮੌਕਾ ਨਹੀਂ ਮਿਲਿਆ।

ਛੋਟੀ ਉਮਰ 'ਚ ਕ੍ਰਿਕਟ ਖੇਡਣਾ ਸ਼ੁਰੂ ਕਰਨ ਵਾਲੇ ਸਿਰਾਜ ਨੂੰ ਸ਼ੁਰੂ 'ਚ ਬੱਲੇਬਾਜ਼ੀ 'ਚ ਦਿਲਚਸਪੀ ਸੀ ਪਰ ਬਾਅਦ 'ਚ ਉਨ੍ਹਾਂ ਨੇ ਗੇਂਦਬਾਜ਼ੀ 'ਤੇ ਧਿਆਨ ਦਿੱਤਾ।

ਉਨ੍ਹਾਂ ਸਮਰਪਣ ਦਾ ਨਤੀਜਾ ਉਸ ਸਮੇਂ ਆਉਣ ਲੱਗਿਆ ਜਦੋਂ 2015 ਵਿੱਚ, 21 ਸਾਲ ਦੀ ਉਮਰ ਵਿੱਚ, ਉਨ੍ਹਾਂ ਨੂੰ ਹੈਦਰਾਬਾਦ ਦੀ ਰਣਜੀ ਟੀਮ ਲਈ ਚੁਣਿਆ ਗਿਆ।

ਉਹ ਉਸ ਸਾਲ ਨੌਂ ਮੈਚਾਂ ਵਿੱਚ 18.92 ਦੀ ਔਸਤ ਨਾਲ 41 ਵਿਕਟਾਂ ਲੈ ਕੇ ਤੀਜੇ ਸਭ ਤੋਂ ਸਫ਼ਲ ਗੇਂਦਬਾਜ਼ ਰਹੇ ਸਨ।

ਦੋ ਸਾਲ ਰਣਜੀ ਟਰਾਫੀ ਖੇਡਣ ਤੋਂ ਬਾਅਦ ਸਿਰਾਜ ਨੂੰ 2017 'ਚ ਵੱਡਾ ਮੌਕਾ ਮਿਲਿਆ। ਰਣਜੀ ਵਿੱਚ ਆਪਣੇ ਪ੍ਰਦਰਸ਼ਨ ਦੀ ਬਦੌਲਤ ਸਿਰਾਜ ਆਈਪੀਐੱਲ ਲਈ ਹੋਣ ਵਾਲੀ ਖਿਡਾਰੀਆਂ ਦੀ ਨਿਲਾਮੀ ਦੀ ਦੌੜ ਵਿੱਚ ਸ਼ਾਮਲ ਹੋ ਗਏ।

ਸਿਰਾਜ

ਤਸਵੀਰ ਸਰੋਤ, Getty Images

ਜਦੋਂ ਆਸ ਤੋਂ ਕਈ ਗੁਣਾ ਵੱਧ ਕੀਮਤ ਮਿਲੀ

ਆਈਪੀਐੱਲ ਬੋਲੀ ਦੌਰਾਨ ਉਨ੍ਹਾਂ ਨੂੰ ਆਪਣੀ ਟੀਮ ਵਿੱਚ ਸ਼ਾਮਲ ਕਰਨ ਲਈ ਸਨਰਾਈਜ਼ਰਜ਼ ਹੈਦਰਾਬਾਦ ਅਤੇ ਰਾਇਲ ਚੈਲੇਂਜਰਜ਼ ਬੈਂਗਲੁਰੂ ਦੀਆਂ ਟੀਮਾਂ ਵਿਚਾਲੇ ਮੁਕਾਬਲਾ ਹੋਇਆ।

ਆਖਰਕਾਰ ਸਨਰਾਈਜ਼ਰਸ ਹੈਦਰਾਬਾਦ ਨੇ ਸਿਰਾਜ ਨੂੰ ਖਰੀਦਿਆ, ਉਹ ਵੀ ਲੰਬੀ ਬੋਲੀ ਦੀ ਪ੍ਰਕਿਰਿਆ ਤੋਂ ਬਾਅਦ 13 ਗੁਣਾ ਜ਼ਿਆਦਾ ਕੀਮਤ 'ਤੇ।

ਉਦੋਂ ਸਿਰਾਜ ਦੀ ਬੇਸ ਪ੍ਰਾਈਸ 20 ਲੱਖ ਰੁਪਏ ਰੱਖੀ ਗਈ ਸੀ ਪਰ ਬੋਲੀ 2.6 ਕਰੋੜ ਰੁਪਏ ’ਤੇ ਜਾ ਕੇ ਰੁਕੀ।

ਆਈਪੀਐੱਲ ਲਈ ਚੁਣੇ ਜਾਣ ਤੋਂ ਬਾਅਦ ਸਿਰਾਜ ਨੇ ਇੱਕ ਇੰਟਰਵਿਊ 'ਚ ਕਿਹਾ ਸੀ ਕਿ ਇਹ ਇੱਕ ਸੁਪਨੇ ਦੇ ਸਾਕਾਰ ਹੋਣ ਵਰਗਾ ਹੈ।

ਵੱਡੀ ਰਕਮ ਲਈ ਚੁਣੇ ਜਾਣ 'ਤੇ, ਸਿਰਾਜ ਨੇ ਕਿਹਾ, "ਇਹ ਮੇਰੀ ਉਮੀਦ ਤੋਂ ਪਰ੍ਹੇ ਦੀ ਗੱਲ ਸੀ। ਮੈਨੂੰ ਬਿਲਕੁਲ ਵੀ ਆਸ ਨਹੀਂ ਸੀ ਕਿ ਮੈਨੂੰ ਇੰਨੀ ਵੱਡੀ ਰਕਮ ਲਈ ਚੁਣਿਆ ਜਾਵੇਗਾ।”

2017 ਵਿੱਚ ਸਨਰਾਈਜ਼ਰਸ ਹੈਦਰਾਬਾਦ ਲਈ ਆਪਣੀ ਆਈਪੀਐੱਲ ਪਾਰੀ ਦੀ ਸ਼ੁਰੂਆਤ ਕਰਨ ਵਾਲੇ ਸਿਰਾਜ ਨੇ ਉਸ ਟੂਰਨਾਮੈਂਟ ਦੇ ਆਖਰੀ ਲੀਗ ਮੈਚ ਵਿੱਚ ਚਾਰ ਵਿਕਟਾਂ ਲਈਆਂ ਸਨ।

ਅਗਲੇ ਹੀ ਸਾਲ ਰਾਇਲ ਚੈਲੰਜਰਜ਼ ਬੰਗਲੌਰ ਨੇ ਉਨ੍ਹਾਂ ਨੂੰ ਖਰੀਦ ਲਿਆ ਅਤੇ ਉਦੋਂ ਤੋਂ ਉਹ ਲਗਾਤਾਰ ਇਸੇ ਟੀਮ ਲਈ ਆਈਪੀਐੱਲ ਖੇਡ ਰਹੇ ਹਨ।

ਸਿਰਾਜ ਨੇ ਵਨਡੇ ਮੈਂਚ 2019 ਵਿੱਚ ਖੇਡਣੇ ਸ਼ੁਰੂ ਕੀਤੇ ਸਨ।

ਸਿਰਾਜ ਨੇ ਹੁਣ ਤੱਕ 29 ਵਨਡੇ ਮੈਚਾਂ 'ਚ 53 ਵਿਕਟਾਂ ਲਈਆਂ ਹਨ। ਇਸ ਸਾਲ ਸਿਰਾਜ ਦਾ ਵੱਖਰਾ ਰੂਪ ਦੇਖਣ ਨੂੰ ਮਿਲ ਰਿਹਾ ਹੈ।

ਸਿਰਾਜ

ਤਸਵੀਰ ਸਰੋਤ, Getty Images

ਸੁਫ਼ਨਿਆ ਦਾ ਸਾਲ ਤੇ ਹੁਣ ਆਸਾਂ ਦੀ ਨਵੀਂ ਸ਼ੁਰੂਆਤ

ਸਿਰਾਜ ਲਈ ਇਹ ਸੁਫ਼ਨਿਆ ਦਾ ਸਾਲ ਹੈ। ਉਨ੍ਹਾਂ ਨੇ ਏਸ਼ੀਆ ਕੱਪ ਦੇ ਫਾਈਨਲ ਵਿੱਚ ਆਪਣੇ ਵਨਡੇ ਕਰੀਅਰ ਦਾ ਬਹਿਤਰੀਨ ਪ੍ਰਦਰਸ਼ਨ ਦਿੱਤਾ ਹੈ।

ਆਈਪੀਐੱਲ ਵਿੱਚ 78 ਵਿਕਟਾਂ ਲਈਆਂ ਹਨ। ਹੁਣ ਉਨ੍ਹਾਂ ਨੇ ਇਸ ਲੀਗ ਵਿੱਚ ਵੀ ਆਪਣਾ ਬਹਿਤਰੀਨ ਪ੍ਰਦਰਸ਼ਨ ਦਿੱਤਾ ਅਤੇ 19 ਵਿਕਟਾਂ ਲਈਆਂ।

ਇਸ ਗੱਲ ਦੀ ਕਾਫ਼ੀ ਸੰਭਵਨਾ ਹੈ ਕਿ ਅਗਲੇ ਸਾਲ ਉਹ ਆਈਪੀਐੱਲ ਵਿੱਚ 100 ਵਿਕਟਾਂ ਲੈਣ ਵਾਲੇ ਗੇਂਦਬਾਜ਼ਾਂ ਦੇ ਚੋਣਵੇਂ ਕਲੱਬ ਵਿੱਚ ਸ਼ਾਮਲ ਹੋ ਜਾਣ।

ਸਿਰਾਜ ਦੇ ਨਾਂ 21 ਟੈਸਟ ਮੈਚਾਂ 'ਚ 59 ਵਿਕਟਾਂ 'ਚੋਂ 40 ਆਸਟ੍ਰੇਲੀਆ ਅਤੇ ਇੰਗਲੈਂਡ ਵਰਗੀਆਂ ਟੀਮਾਂ ਖ਼ਿਲਾਫ਼ ਲਈਆਂ ਗਈਆਂ ਵਿਕਟਾਂ ਹਨ।

BBC

ਇਸੇ ਸਾਲ, ਜਦੋਂ ਵਿਸ਼ਵ ਟੈਸਟ ਚੈਂਪੀਅਨਸ਼ਿਪ ਦੇ ਫ਼ਾਈਨਲ ਵਿੱਚ ਭਾਰਤੀ ਬੱਲੇਬਾਜ਼ ਪੂਰੀ ਤਰ੍ਹਾਂ ਅਸਫਲ ਰਹੇ, ਸਿਰਾਜ ਨੇ ਆਸਟਰੇਲੀਆ ਦੀ ਪਹਿਲੀ ਪਾਰੀ ਵਿੱਚ ਚਾਰ ਵਿਕਟਾਂ ਲਈਆਂ ਸਨ।

ਹੁਣ ਆਸਟ੍ਰੇਲੀਆ ਖ਼ਿਲਾਫ਼ ਵਨਡੇ ਸੀਰੀਜ਼ ਅਤੇ ਵਿਸ਼ਵ ਕੱਪ 2023 ਆ ਰਿਹਾ ਹੈ।

ਸਿਰਾਜ ਦੇ ਸਾਹਮਣੇ ਚੁਣੌਤੀ ਵੱਡੀ ਹੈ ਪਰ ਇਸ ਵਾਰ ਆਪਣੀ ਸਖ਼ਤ ਮਿਹਨਤ ਅਤੇ ਦਮਦਾਰ ਗੇਂਦਬਾਜ਼ੀ ਨਾਲ ਉਨ੍ਹਾਂ ਨੇ ਜਿਸ ਤਰ੍ਹਾਂ ਦਾ ਪ੍ਰਦਰਸ਼ਨ ਏਸ਼ੀਆ ਕੱਪ ਦੇ ਫ਼ਾਈਨਲ 'ਚ ਕੀਤਾ ਹੈ, ਉਸ ਤੋਂ ਬਾਅਦ ਉਨ੍ਹਾਂ ਉਮੀਦਾਂ ਵੀ ਵਧ ਗਈਆਂ ਹਨ।

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTER ਅਤੇ YouTube 'ਤੇ ਜੁੜੋ।)