ਪੰਜਾਬ ਕਿੰਗਜ਼ : ਆਈਪੀਐੱਲ ਦੇ ਮੋਹਾਲੀ ਮੈਚ ਦੌਰਾਨ 'ਫ਼ੌਜਾਂ ਜਿੱਤ ਕੇ ਅੰਤ ਨੂੰ ਕਿਵੇਂ ਹਾਰ ਗਈਆਂ'

ਮੋਹਾਲੀ ਦੇ ਮਹਾਰਾਜਾ ਯਾਦਵਿੰਦਰ ਸਿੰਘ ਕੌਮਾਂਤਰੀ ਕ੍ਰਿਕਟ ਸਟੇਡੀਆਮ ਵਿੱਚ ਖੇੇਡੇ ਗਏ ਮੈਚ ਵਿੱਚ ਪੰਜਾਬ ਕਿੰਗਜ਼ ਨੂੰ ਸਨਰਾਈਜ਼ਰਜ਼ ਹੈਦਰਾਬਾਦ ਖ਼ਿਲਾਫ਼ ਜਿੱਤ ਲਈ ਆਖਰੀ ਓਵਰ ਵਿੱਚ 29 ਦੌੜਾਂ ਦੀ ਮੁਸ਼ਕਿਲ ਚੁਣੌਤੀ ਸੀ।

ਇਸ ਦੇ ਬਾਵਜੂਦ ਪੰਜਾਬ ਦੇ ਦੋ ਨੌਜਵਾਨ ਬੱਲੇਬਾਜ਼ਾਂ ਦੇ ਦਮ ’ਤੇ ਰੋਮਾਂਚਕ ਜਿੱਤ ਦੀ ਆਸ ਰੱਖ ਰਿਹਾ ਸੀ ਤਾਂ ਉਹ ਗਲਤ ਨਹੀਂ ਸੀ।

ਪਿਛਲੇ ਹਫਤੇ ਹੀ ਸ਼ਸ਼ਾਂਕ ਸਿੰਘ ਅਤੇ ਆਸ਼ੂਤੋਸ਼ ਸ਼ਰਮਾ ਦੀ ਜੋੜੀ ਨੇ ਗੁਜਰਾਤ ਟਾਈਟਨਸ ਖਿਲਾਫ ਹੈਰਾਨੀਜਨਕ ਸਾਂਝੇਦਾਰੀ ਕਰਕੇ ਹਾਰੇ ਹੋਏ ਮੈਚ ਨੂੰ ਜਿੱਤ ਵਿੱਚ ਬਦਲ ਦਿੱਤਾ ਸੀ।

ਹਾਲਾਂਕਿ ਜੇਕਰ ਸ਼ਸ਼ਾਂਕ ਦੇ ਆਖਰੀ ਗੇਂਦ ਉੱਤੇ ਛੱਕਾ ਜੜਨ ਦੇ ਬਾਵਜੂਦ ਪੰਜਾਬ ਨਹੀਂ ਜਿੱਤਿਆ ਤਾਂ ਇਸ ਲਈ ਉਨ੍ਹਾਂ ਦੇ ਸਿਖਰਲੇ ਕ੍ਰਮ ਨੂੰ ਜ਼ਿੰਮੇਵਾਰ ਠਹਿਰਾਉਣਾ ਜ਼ਿਆਦਾ ਸਹੀ ਹੋਵੇਗਾ।

ਆਖ਼ਰਕਾਰ, ਆਈਪੀਐਲ ਵਿੱਚ ਕਿਹੜੀ ਟੀਮ ਪਾਵਰ-ਪਲੇ ਦੇ 6 ਓਵਰਾਂ ਵਿੱਚ ਸਿਰਫ 27 ਦੌੜਾਂ ਬਣਾਉਂਦੀ ਹੈ?

ਜਵਾਬ ਹੈ- ਪੰਜਾਬ ਟੀਮ।

ਪੰਜਾਬ ਦੀ ਟੀਮ ਨੇ ਇਸ ਆਈਪੀਐੱਲ ਦੌਰਾਨ ਪਾਵਰ-ਪਲੇ ਦੇ ਦੌਰ ਵਿੱਚ ਸਭ ਤੋਂ ਖਰਾਬ ਸਕੋਰ ਦੇਖਿਆ।

ਕਈ ਤਰੀਕਿਆਂ ਨਾਲ ਦੋਵਾਂ ਟੀਮਾਂ ਦੀ ਖੇਡ ਲਗਭਗ ਇੱਕੋ ਜਿਹੀ ਸੀ। ਜੇਕਰ ਹੈਦਰਾਬਾਦ ਨੇ 'ਤੇ ਆਪਣੀਆਂ ਮੁੱਢਲੀਆਂ ਤਿੰਨ ਵਿਕਟਾਂ ਸਿਰਫ਼ 39 ਦੌੜਾਂ ਉੱਤੇ ਗੁਆ ਦਿੱਤੀਆਂ ਤਾਂ ਪੰਜਾਬ ਨੇ ਪਿੱਛਾ ਕਰਦਿਆਂ 20 ਦੌੜਾਂ 'ਤੇ ਤਿੰਨ ਵਿਕਟਾਂ ਗੁਆਈਆਂ।

10ਵੇਂ ਓਵਰ ਦੌਰਾਨ ਹੈਦਰਾਬਾਦ ਦਾ ਸਕੋਰ ਚੌਥੀ ਵਿਕਟ ਦੇ ਨੁਕਸਾਨ ਨਾਲ 64 ਦੌੜਾਂ ਸੀ। ਇਸ ਦੇ ਨਾਲ ਹੀ 10ਵੇਂ ਓਵਰ ਦੌਰਾਨ ਚੌਥੀ ਵਿਕਟ ਦੇ ਡਿੱਗਣ ਤੋਂ ਬਾਅਦ ਪੰਜਾਬ ਦਾ ਸਕੋਰ ਵੀ 58 ਦੌੜਾਂ ਰਿਹਾ।

ਪਰ, ਇੱਥੋਂ ਹੀ ਮੈਚ ਦੀ ਸਭ ਤੋਂ ਨਿਰਣਾਇਕ ਅਤੇ ਮਹੱਤਵਪੂਰਨ ਪਾਰੀ ਸ਼ੁਰੂ ਹੋਈ।

20 ਸਾਲਾ ਨਿਤੀਸ਼ ਕੁਮਾਰ ਰੈੱਡੀ ਨੇ ਨਾ ਸਿਰਫ ਮੈਚ ਦਾ ਇਕਲੌਤਾ ਅਰਧ ਸੈਂਕੜਾ ਜੜਿਆ ਸਗੋਂ 64 ਦੌੜਾਂ ਦੀ ਆਪਣੀ ਪਾਰੀ ਲਈ ਮੈਨ ਆਫ ਦਾ ਮੈਚ ਵੀ ਜਿੱਤਿਆ।

ਹੈਦਰਾਬਾਦ ਨੇ ਬਣਾ ਕੇ ਰੱਖਿਆ ਦਬਾਅ

ਹੈਦਰਾਬਾਦ ਲਈ ਕਪਤਾਨ ਪੈਟ ਕਮਿੰਸ ਨੇ ਆਪਣੀ ਕਿਫ਼ਾਇਤੀ ਅਤੇ ਸਟੀਕ ਗੇਂਦਬਾਜ਼ੀ ਨਾਲ ਪੰਜਾਬ 'ਤੇ ਦਬਾਅ ਬਣਾਈ ਰੱਖਿਆ। ਕਮਿੰਸ ਨੇ ਜਿਸ ਚਤੁਰਾਈ ਨਾਲ ਆਪਣੇ ਗੇਂਦਬਾਜ਼ਾਂ ਦੀ ਵਰਤੋਂ ਕੀਤੀ, ਉਨ੍ਹਾਂ ਨੇ ਪੰਜਾਬ ਦੀ ਟੀਮ ਨੂੰ ਲਗਾਤਾਰ ਦਬਾਅ ਵਿੱਚ ਰੱਖਿਆ। ਕਮਿੰਸ ਨੇ 4 ਓਵਰਾਂ ਵਿੱਚ ਸਿਰਫ 22 ਦੌੜਾਂ ਦਿੱਤੀਆਂ ਅਤੇ ਜੌਨੀ ਬੈਸਟ੍ਰੋ ਦਾ ਕੀਮਤੀ ਵਿਕਟ ਲਿਆ।

ਭੁਵਨੇਸ਼ਵਰ ਕੁਮਾਰ ਨੇ ਵੀ ਸੀਨੀਅਰ ਗੇਂਦਬਾਜ਼ ਦੀ ਭੂਮਿਕਾ ਨਿਭਾਈ ਅਤੇ 4 ਓਵਰਾਂ 'ਚ ਸਿਰਫ 32 ਦੌੜਾਂ ਦੇ ਕੇ 2 ਵਿਕਟਾਂ ਲਈਆਂ।

ਪੰਜਾਬ ਦੀ ਬੱਲੇਬਾਜ਼ੀ ਦੌਰਾਨ ਟੀ ਨਟਰਾਜਨ ਵੱਲੋਂ ਸੁੱਟੇ ਗਏ 19ਵੇਂ ਓਵਰ ਨੇ ਮੈਚ ਦਾ ਨਤੀਜਾ ਲਗਭਗ ਤੈਅ ਕਰ ਦਿੱਤਾ।

ਪੰਜਾਬ ਨੂੰ ਆਖਰੀ 2 ਓਵਰਾਂ 'ਚ 39 ਦੌੜਾਂ ਦੀ ਲੋੜ ਸੀ ਤਾਂ ਨਟਰਾਜਨ ਨੇ ਆਪਣੇ ਆਖਰੀ ਓਵਰ ਵਿੱਚ ਸਿਰਫ 10 ਦੌੜਾਂ ਦਿੱਤੀਆਂ। ਇਸ ਕਾਰਨ ਜੈਦੇਵ ਉਨਾਦਕਟ ਕੋਲ ਮੈਚ ਬਚਾਉਣ ਲਈ 29 ਦੌੜਾਂ ਸਨ।

ਕੁਝ ਦਿਨ ਪਹਿਲਾਂ ਹੈਦਰਾਬਾਦ ਸਨਰਾਇਜ਼ਰਸ ਦੇ ਕਪਤਾਨ ਐੱਨ ਰੈੱਡੀ ਨੇ ਭਾਰਤੀ ਟੀਮ ਕੇ ਕਪਤਾਨ ਵਿਰਾਟ ਕੋਹਲੀ ਦੇ ਆਟੋਗ੍ਰਾਫ਼ ਆਪਣੇ ਬੱਲੇ ਉੱਪਰ ਲਏ ਸਨ।

ਜਿਸ ਤਰ੍ਹਾਂ ਉਨ੍ਹਾਂ ਨੇ ਆਈਪੀਐੱਲ ਵਿੱਚ ਪ੍ਰਦਰਸ਼ਨ ਕੀਤਾ ਹੈ, ਹੈਰਾਨੀ ਨਹੀਂ ਹੋਵੇਗੀ ਜੇ ਉਨ੍ਹਾਂ ਨੂੰ ਭਾਰਤੀ ਟੀਮ ਵਿੱਚ ਆਪਣੇ ਪਸੰਦੀਦਾ ਖਿਡਾਰੀ ਦੀ ਕਪਤਾਨੀ ਵਿੱਚ ਖੇਡਣ ਦਾ ਮੌਕਾ ਵੀ ਜਲਦੀ ਹੀ ਮਿਲ ਜਾਵੇ।

ਆਖਰੀ ਓਵਰ ਵਿੱਚ ਪੰਜਾਬ ਵੱਲੋਂ ਪਾਸਾ ਪਲਟਣ ਦੀ ਪੂਰੀ ਵਾਹ

ਬੱਲੇਬਾਜ਼ੀ ਕਰਦੇ ਹੋਏ ਹੈਦਰਾਬਾਦ ਦੀ ਟੀਮ ਆਖਰੀ ਚਾਰ ਓਵਰਾਂ ਵਿੱਚ ਕਿਸੇ ਤਰ੍ਹਾਂ ਸਿਰਫ 32 ਦੌੜਾਂ ਹੀ ਬਣਾ ਸਕੀ, ਜਦਕਿ ਪੰਜਾਬ ਲਈ ਆਖਰੀ ਓਵਰਾਂ ਵਿੱਚ ਇਕੱਲੇ 29 ਦੌੜਾਂ ਦੀ ਚੁਣੌਤੀ ਸੀ।

ਜੇਕਰ ਅਰਸ਼ਦੀਪ ਸਿੰਘ (4 ਓਵਰਾਂ ਵਿੱਚ 29 ਦੌੜਾਂ ਦੇ ਕੇ 4 ਵਿਕਟਾਂ) ਦੀ ਸ਼ਾਨਦਾਰ ਗੇਂਦਬਾਜ਼ੀ ਦੇ ਬਾਵਜੂਦ ਪੰਜਾਬ ਦੀ ਟੀਮ ਨੂੰ ਆਪਣੇ ਘਰੇਲੂ ਮੈਦਾਨ ਉੱਤੇ ਹਾਰ ਦਾ ਮੂੰਹ ਦੇਖਣਾ ਪਿਆ ਤਾਂ ਇਸ ਦੇ ਲਈ ਉਨ੍ਹਾਂ ਦੇ ਬੱਲੇਬਾਜ਼ ਹੀ ਜ਼ਿੰਮੇਵਾਰ ਹਨ।

ਕੀ ਨਜ਼ਾਰਾ ਹੋਣਾ ਸੀ ਜੇ ਸ਼ਸ਼ਾਂਕ ਅਤੇ ਆਸ਼ੂਤੋਸ਼ ਦੀ ਜੋੜੀ ਉਹੀ ਕਮਾਲ ਕਰ ਦਿੰਦੀ ਜੋ ਉਨ੍ਹਾਂ ਨੇ ਪੰਜ ਦਿਨ ਪਹਿਲਾਂ ਗੁਜਰਾਤ ਟਾਈਟਨਜ਼ ਦੇ ਖਿਲਾਫ ਕੀਤਾ ਸੀ ਅਤੇ ਹੈਦਰਾਬਾਦ ਦੇ ਮੂੰਹ ਵਿੱਚੋਂ ਬੋਟੀ ਕੱਢ ਲਿਆਉਂਦੇ।

ਆਖਰਕਾਰ ਉਨ੍ਹਾਂ ਕੋਲ ਮੈਚ ਦੇ ਆਖਰੀ ਓਵਰ ਵਿੱਚ ਹਾਸਲ ਕਰਨ ਲਈ ਬਹੁਤ ਜ਼ਿਆਦਾ ਸੀ।

ਫਿਰ ਵੀ ਜਿਸ ਟੀਮ ਵਿੱਚ ਕਪਤਾਨ ਸ਼ਿਖਰ ਧਵਨ ਦਾ ਤਜਰਬਾ ਹੈ, ਉਸ ਵਿਚ ਬੇਸਟੋ-ਸੈਮ ਕਰਨ ਅਤੇ ਸਿਕੰਦਰ ਰਜ਼ਾ ਵਰਗੇ ਮਜ਼ਬੂਤ ਵਿਦੇਸ਼ੀ ਬੱਲੇਬਾਜ਼ ਹੋਣ, ਵਿਕਟਕੀਪਰ ਬੱਲੇਬਾਜ਼ ਵਜੋਂ ਜਿਤੇਸ਼ ਸ਼ਰਮਾ ਹੋਣ... ਇਸ ਦੇ ਬਾਵਜੂਦ ਬੱਲੇਬਾਜ਼ਾਂ ਦਾ ਨਾ ਚੱਲਣਾ ਆਉਣ ਵਾਲੇ ਮੈਚ ਵੀ ਪੰਜਾਬ ਲਈ ਮੁਸੀਬਤ ਬਣਨਗੇ।

ਸ਼ਸ਼ਾਂਕ ਅਤੇ ਆਸ਼ੂਤੋਸ਼ ਪਿੱਠ ਜੋੜ ਕੇ ਲੜੇ ਪਰ...

ਆਸ਼ੂਤੋਸ਼ ਅਤੇ ਸ਼ਸ਼ਾਂਕ ਦੀ ਜੋੜੀ ਨੇ ਮੈਚ ਵਿੱਚ ਆਪਣਾ ਸਭ ਕੁਝ ਦੇ ਦਿੱਤਾ। ਉਨ੍ਹਾਂ ਨੇ 18ਵੇਂ ਓਵਰ ਵਿੱਚ ਪੈਟ ਕਮਿੰਨਸ ਦੀਆਂ ਗੇਂਦਾਂ ਦਾ ਜਵਾਬ ਇੱਕ ਤੋਂ ਬਾਅਦ ਇੱਕ ਚੌਕੇ ਨਾਲ ਦਿੱਤਾ।

ਜਦੋਂ 16ਵੇਂ ਓਵਰ ਵਿੱਚ ਉਨ੍ਹਾਂ ਦੀ ਜੋੜੀ ਬਣੀ ਤਾਂ ਪੰਜਾਬ ਨੂੰ ਜਿੱਤ ਲਈ 15.33 ਦੀ ਰਨ ਰੇਟ ਦੀ ਦਰਕਾਰ ਸੀ ਜੋ ਉਨ੍ਹਾਂ ਨੇ ਛੇਤੀ ਹੀ 16.75 ਨੂੰ ਪਹੁੰਚਾ ਦਿੱਤੀ।

ਆਖੜੀ ਚਾਰ ਓਵਰ ਚਾਰ ਵੱਖ-ਵੱਖ ਗੇਂਦਬਾਜ਼ਾਂ ਨੇ ਸੁੱਟੇ ਪਰ ਸਾਰਿਆਂ ਦਾ ਹਸ਼ਰ ਇੱਕ ਹੀ ਰਿਹਾ।

17 ਓਵਰ ਵਿੱਚ ਸ਼ਸ਼ਾਂਕ ਨੇ ਭੁਵਨੇਸ਼ਵਰ ਕੁਮਾਰ ਨਾਲ ਮੱਥਾ ਲਾਇਆ। ਉਸ ਓਵਰ ਵਿੱਚ ਸ਼ਸ਼ਾਂਕ ਨੇ ਤੀਜੀ ਬਾਲ ਉੱਤੇ ਚੌਕਾ ਲਾਇਆ ਤਾਂ, ਚੌਥੀ ਬਾਲ ਵਾਈਡ ਲਾਂਗ ਆਫ ਅਤੇ ਪੰਜਵੀ ਡੀਪ ਐਕਸਟਰਾ ਕਵਰ ਵੱਲ ਮੋੜ ਦਿੱਤੀ।

ਪੰਜਾਬ ਦੀ ਟੀਮ ਦੀ ਕਿਸਮਤ ਵੀ ਸਾਥ ਦਿੰਦੀ ਜਾਪ ਰਹੀ ਸੀ ਜਦੋਂ ਹੈਦਰਾਬਾਦ ਨੇ ਆਸ਼ੂਤੋਸ਼ ਸ਼ਰਮਾ ਦੇ ਤਿੰਨ ਕੈਚ ਛੱਡ ਦਿੱਤੇ। ਦੋਵਾਂ ਦੀ ਜੋੜੀ ਨੇ ਆਪਣੇ ਚੌਕਿਆਂ-ਛਿੱਕਿਆਂ ਨਾਲ ਮੈਚ ਦਾ ਪਾਸਾ ਲਗਭਗ ਪਲਟਾ ਦਿੱਤਾ ਸੀ।

ਉਨਾਦਕਤ ਦੇ ਆਖਰੀ ਓਵਰ ਦੀ ਸ਼ੁਰੂਆਤ ਛੱਕੇ ਨਾਲ ਹੋਈ, ਦੋ ਵਾਈਡ ਅਤੇ ਫਿਰ ਛੱਕਾ ਦੋ ਗੇਂਦਾਂ ਵਿੱਚ ਚੌਦਾ ਦੌੜਾਂ। ਹਾਲਾਂਕਿ ਉਨ੍ਹਾਂ ਨੇ ਵਾਪਸੀ ਕੀਤੀ ਅਤੇ ਅਗਲੀਆਂ ਤਿੰਨ ਗੇਂਦਾਂ ਵਿੱਚ ਸਿਰਫ਼ ਛੇ ਦੌੜਾਂ ਦਿੱਤੀਆਂ।

ਸ਼ਸ਼ਾਂਕ ਨੇ ਮੈਚ ਦੀ ਆਖਰੀ ਗੇਂਦ ਨੂੰ ਲੌਂਗ-ਆਫ਼ ਬਾਊਂਡਰੀ ਤੋਂ ਬਹੁਤ ਪਰ੍ਹਾਂ ਵਗਾਹ ਕੇ ਮਾਰਿਆ ਪਰ ਪੰਜਾਬ ਦੀ ਟੀਮ ਆਪਣੇ 183 ਦੌੜਾਂ ਦਾ ਪਿੱਛਾ ਵਿੱਚ 2 ਦੌੜਾਂ ਕਾਰਨ ਹਾਰ ਗਈ। ਇਸ ਤਰ੍ਹਾਂ ਪੰਜਾਬ ਨੇ ਹੈਦਾਰਾਬਾਦ ਦੀ ਟੀਮ ਨੂੰ ਟੂਰਨਾਮੈਂਟ ਵਿੱਚ ਲਗਾਤਾਰ ਤੀਜੀ ਜਿੱਤ ਦਿੱਤੀ।

ਆਖਰ ਵਿੱਚ ਸ਼ਸ਼ਾਂਕ ਸਿੰਘ ਅਤੇ ਆਸ਼ੂਤੋਸ਼ ਨੇ ਜ਼ੋਰ ਤਾਂ ਬਹੁਤ ਲਾਇਆ ਪਰ ਕਹਿਣਾ ਪਵੇਗਾ ਕਿ ਪੰਜਾਬ ਕਿੰਗਸ ਦੀਆਂ ਫੌਜਾਂ ਜਿੱਤ ਕੇ ਅੰਤ ਨੂੰ ਹਾਰੀਆਂ ਨੇ।

ਅਰਸ਼ਦੀਪ ਸਿੰਘ ਆਪਣੇ ਰੰਗ ’ਚ ਨਜ਼ਰ ਆਏ

ਇਸ ਮੈਚ ਤੋਂ ਪਹਿਲਾਂ ਅਰਸ਼ਦੀਪ ਸਿੰਘ ਨੇ ਚਾਰ ਮੈਚਾਂ ਵਿੱਚ ਚਾਰ ਵਿਕਟਾਂ ਲਈਆਂ ਸਨ। ਇਸ ਮੈਚ ਵਿੱਚ 29 ਦੌੜਾਂ ਦੇ ਕੇ ਅਰਸ਼ਦੀਪ ਨੇ ਚਾਰ ਵਿਕਟਾਂ ਲਈਆਂ। ਇਸ ਦੇ ਨਾਲ ਉਨ੍ਹਾਂ ਨੇ ਆਪਣੀਆਂ ਵਿਕਟਾਂ ਇਸ ਵਾਰ ਦੇ ਆਈਪੀਐੱਲ ਵਿੱਚ ਦੁਗਣੀਆਂ ਕਰ ਲਈਆਂ।

ਅਰਸ਼ਦੀਪ ਨੇ ਟ੍ਰੈਵਿਸ ਹੈੱਡ ਦਾ ਵਿਕਟ ਲਿਆ। ਦੋ ਗੇਂਦਾਂ ਬਾਅਦ ਹੀ ਮਾਰਕਰਮ ਦਾ ਅਹਿਮ ਵਿਕਟ ਵੀ ਲਿਆ। ਪਹਿਲੇ ਦੋ ਓਵਰ ਵਿੱਚ ਅਰਸ਼ਦੀਪ ਨੇ 8 ਦੌੜਾਂ ਦੇ ਕੇ ਦੋ ਵਿਕਟਾਂ ਲਈਆਂ।

17ਵੇਂ ਓਵਰ ਵਿੱਚ ਅਰਸ਼ਦੀਪ ਨੇ ਅਬਦੁੱਲ ਸਮਦ ਦਾ ਵਿਕਟ ਲਿਆ ਤੇ ਉਸ ਮਗਰੋਂ ਬਹੁਤ ਵਧੀਆ ਖੇਡ ਰਹੇ ਨਿਤੀਸ਼ ਕੁਮਾਰ ਰੇੱਡੀ ਦਾ ਵੀ ਵਕਟ ਲਿਆ। ਭਾਵੇਂ ਬਾਅਦ ਵਿੱਚ ਅਰਸ਼ਦੀਪ ਦੀ ਇਕੋਨੋਮੀ ਥੋੜ੍ਹੀ ਵਿਗੜੀ ਪਰ ਫਿਰ ਵੀ ਉਨ੍ਹਾਂ ਦਾ ਪ੍ਰਦਰਸ਼ਨ ਬੇਹੱਦ ਸ਼ਾਨਦਾਰ ਰਿਹਾ।

(ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਪ੍ਰਕਾਸ਼ਨ)

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTER ਅਤੇ YouTube 'ਤੇ ਜੁੜੋ।)