ਰੂਸ ਦਾ ਇਹ ਹਥਿਆਰ ਪੁਲਾੜ ’ਚ ਸੈਟਲਾਈਟ ਨੂੰ ਉਡਾ ਸਕਦਾ ਹੈ, ਜਾਣੋ ਕਿਵੇਂ ਇਸ ਨੇ ਅਮਰੀਕਾ ਦੀ ਚਿੰਤਾ ਵਧਾਈ

    • ਲੇਖਕ, ਬਰਨਡ ਡਿਬਸਮੈਨ ਜੂਨੀਅਰ
    • ਰੋਲ, ਬੀਬੀਸੀ ਨਿਊਜ਼, ਵਾਸ਼ਿੰਗਟਨ

ਅਮਰੀਕਾ ਨੇ ਕਿਹਾ ਹੈ ਕਿ ਰੂਸ ਇੱਕ ਨਵਾਂ ਹਥਿਆਰ ਵਿਕਸਿਤ ਕਰ ਰਿਹਾ ਹੈ, ਜੋ ਕਿ ਇਸ ਲਈ ਮੁਸ਼ਕਲ ਖੜ੍ਹੀ ਕਰ ਸਕਦਾ ਹੈ।

ਹਾਲਾਂਕਿ ਅਮਰੀਕਾ ਨੇ ਇਸ ਗੱਲ ’ਤੇ ਵੀ ਜ਼ੋਰ ਦਿੱਤਾ ਹੈ ਕਿ ਅਜੇ ਇਸ ਹਥਿਆਰ ਨੂੰ ਤਾਇਨਾਤ ਨਹੀਂ ਕੀਤਾ ਗਿਆ ਹੈ।

ਵ੍ਹਾਈਟ ਹਾਊਸ ਦੇ ਬੁਲਾਰੇ ਜੌਨ ਕਿਰਬੀ ਨੇ ਅਮਰੀਕੀ ਕਾਂਗਰਸ (ਪ੍ਰਤੀਨਿਧੀ ਸਭਾ) ’ਚ ਰਿਪਬਲੀਕਨ ਪਾਰਟੀ ਦੇ ਇੱਕ ਸੀਨੀਅਰ ਆਗੂ ਦੇ ਬਿਆਨ ਤੋਂ ਇੱਕ ਦਿਨ ਬਾਅਦ ਵੀਰਵਾਰ ਨੂੰ ਇਹ ਗੱਲ ਕਹੀ ਹੈ।

ਰਿਪਬਲੀਕਨ ਪਾਰਟੀ ਦੇ ਸੰਸਦ ਮੈਂਬਰ ਨੇ ਪ੍ਰਤੀਨਿਧੀ ਸਭਾ ’ਚ ਇਸ ਹਥਿਆਰ ਨੂੰ ਅਮਰੀਕਾ ਦੀ ਰਾਸ਼ਟਰੀ ਸੁਰੱਖਿਆ ਦੇ ਲਈ ਗੰਭੀਰ ਖ਼ਤਰਾ ਦੱਸਦਿਆਂ ਹੋਏ ਚੇਤਾਵਨੀ ਦਿੱਤੀ ਹੈ।

ਸੀਬੀਐਸ ਨਿਊਜ਼ ਨੇ ਆਪਣੀ ਰਿਪੋਰਟ ’ਚ ਕਿਹਾ ਹੈ ਕਿ ਇਸ ਹਥਿਆਰ ਦੀ ਵਰਤੋਂ ਪੁਲਾੜ ’ਚ ਕੀਤੀ ਜਾ ਸਕਦੀ ਹੈ।

ਇਸ ਹਥਿਆਰ ਨੂੰ ਪਰਮਾਣੂ ਸ਼ਕਤੀ ਨਾਲ ਲੈਸ ਕੀਤਾ ਜਾ ਸਕਦਾ ਹੈ ਅਤੇ ਇਹ ਸੈਟੇਲਾਈਟ ’ਤੇ ਹਮਲਾ ਕਰਨ ਦੇ ਯੋਗ ਹੈ। ਹਾਲਾਂਕਿ ਜੌਨ ਕਿਰਬੀ ਨੇ ਇਸ ਜਾਣਕਾਰੀ ਦੀ ਪੁਸ਼ਟੀ ਨਹੀਂ ਕੀਤੀ ਹੈ।

ਉਨ੍ਹਾਂ ਨੇ ਇਸ ਸੰਭਾਵਿਤ ਖ਼ਤਰੇ ਦੇ ਸਬੰਧ ’ਚ ਵਧੇਰੇ ਜਾਣਕਾਰੀ ਦੇਣ ਤੋਂ ਵੀ ਇਨਕਾਰ ਕਰ ਦਿੱਤਾ ਹੈ।

ਦੂਜੇ ਪਾਸੇ ਰੂਸ ਨੇ ਅਮਰੀਕਾ ਦੇ ਇਨ੍ਹਾਂ ਦਾਅਵਿਆਂ ਦੇ ਸਬੰਧ ’ਚ ਕਿਹਾ ਹੈ ਕਿ ਉਹ ਨਵੇਂ ਹਥਿਆਰ ਦੇ ਬਾਰੇ ’ਚ ਅਜਿਹੇ ਇਲਜ਼ਾਮ ਲਾ ਕੇੇ ਕਾਂਗਰਸ ਨੂੰ ਮਜਬੂਰ ਕਰਨ ਦੀ ਸਾਜਿਸ਼ ਘੜ ਰਿਹਾ ਹੈ ਤਾਂ ਜੋ ਯੂਕਰੇਨ ਦੇ ਲਈ ਜਿਵੇਂ-ਤਿਵੇਂ ਵਾਧੂ ਫੰਡ ਦਾ ਬੰਦੋਬਸਤ ਕੀਤਾ ਜਾ ਸਕੇ।

ਜੌਨ ਕਿਰਬੀ ਨੂੰ ਹਾਲ ਹੀ ’ਚ ਅਮਰੀਕੀ ਰਾਸ਼ਟਰਪਤੀ ਜੋਅ ਬਾਇਡਨ ਦੇ ਸਲਾਹਕਾਰ ਵੱਜੋਂ ਨਾਮਜ਼ਦ ਕੀਤਾ ਗਿਆ ਹੈ।

ਉਨ੍ਹਾਂ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਅਮਰੀਕੀ ਲੋਕਾਂ ਨੂੰ ਕੋਈ ਫੌਰੀ ਖ਼ਤਰਾ ਨਹੀਂ ਹੈ।

ਉਨ੍ਹਾਂ ਨੇ ਕਿਹਾ, “ਅਸੀਂ ਅਜਿਹੇ ਹਥਿਆਰ ਬਾਰੇ ਗੱਲ ਨਹੀਂ ਕਰ ਰਹੇ ਹਾਂ, ਜਿਸ ਦੀ ਵਰਤੋਂ ਮਨੁੱਖਾਂ ’ਤੇ ਹਮਲਾ ਕਰਨ ਜਾਂ ਫਿਰ ਇੱਥੇ ਧਰਤੀ ’ਤੇ ਕਿਸੇ ਤਰ੍ਹਾਂ ਦਾ ਨੁਕਸਾਨ ਪਹੁੰਚਾਉਣ ਦੇ ਲਈ ਕੀਤੀ ਜਾ ਸਕਦੀ ਹੈ।”

ਰਾਸ਼ਟਰਪਤੀ ਬਾਇਡਨ ਨੂੰ ਇਸ ਘਟਨਾਕ੍ਰਮ ਤੋਂ ਜਾਣੂ ਕਰਵਾਇਆ ਗਿਆ ਹੈ। ਜੌਨ ਕਿਰਬੀ ਨੇ ਦੱਸਿਆ ਕਿ ਬਾਇਡਨ ਪ੍ਰਸ਼ਾਸਨ ਇਸ ਮੁੱਦੇ ਨੂੰ ‘ਬਹੁਤ ਹੀ ਗੰਭੀਰਤਾ’ ਨਾਲ ਲੈ ਰਿਹਾ ਹੈ।

ਉਨ੍ਹਾਂ ਨੇ ਇਹ ਵੀ ਦੱਸਿਆ ਕਿ ਰਾਸ਼ਟਰਪਤੀ ਬਾਇਡਨ ਨੇ ਇਸ ਮੁੱਦੇ ’ਤੇ ‘ਰੂਸ ਦੇ ਨਾਲ ਸਿੱਧੇ ਤੌਰ ’ਤੇ ਕੂਟਨੀਤਿਕ ਸੰਪਰਕ ਕਾਇਮ’ ਕਰਨ ਦੇ ਹੁਕਮ ਦਿੱਤੇ ਹਨ।

ਪ੍ਰਤੀਨਿਧੀ ਸਭਾ ਦੀ ਇੰਟੈਲੀਜੇਸ਼ਨ ਕਮੇਟੀ ਦੇ ਚੇਅਰਮੈਨ ਮਾਈਕ ਟਰਨਰ ਨੇ ਬੁੱਧਵਾਰ ਨੂੰ ਕੌਮੀ ਸੁਰੱਖਿਆ ਦੇ ਸਾਹਮਣੇ ਮੌਜੂਦ ਗੰਭੀਰ ਚੁਣੌਤੀ ਦੇ ਸੰਕੇਤ ਇਸ਼ਾਰਿਆਂ ’ਚ ਦਿੱਤੇ ਹਨ।

ਉਨ੍ਹਾਂ ਦੇ ਇਸ ਬਿਆਨ ਤੋਂ ਬਾਅਦ ਵਾਸ਼ਿੰਗਟਨ ਦੇ ਸਿਆਸੀ ਗਲਿਆਰਿਆਂ ’ਚ ਅਫ਼ਵਾਹਾਂ ਦਾ ਬਾਜ਼ਾਰ ਗਰਮ ਹੋ ਗਿਆ ਹੈ।

ਹਾਲਾਂਕਿ ਪੁਲਾੜ ਦੇ ਹਥਿਆਰਾਂ ਦੀ ਜਦੋਂ ਵੀ ਗੱਲ ਹੁੰਦੀ ਹੈ ਤਾਂ ਇੰਝ ਲੱਗਦਾ ਹੈ ਕਿ ਜਿਵੇਂ ਕਿਸੇ ਸਾਇੰਸ ਫਿਕਸ਼ਨ ਨਾਵਲ ਦਾ ਜ਼ਿਕਰ ਹੋ ਰਿਹਾ ਹੋਵੇ।

ਪਰ ਫੌਜੀ ਮਾਹਰ ਲੰਮੇ ਸਮੇਂ ਤੋਂ ਚੇਤਾਵਨੀ ਦਿੰਦੇ ਆ ਰਹੇ ਹਨ ਕਿ ਅਜਿਹੀ ਦੁਨੀਆਂ ਜੋ ਲਗਾਤਾਰ ਤਕਨਾਲੋਜੀ ’ਤੇ ਨਿਰਭਰ ਹੁੰਦੀ ਜਾ ਰਹੀ ਹੈ, ਉੱਥੇ ਪੁਲਾੜ ਅਗਲਾ ਮੈਦਾਨ-ਏ-ਜੰਗ ਹੋ ਸਕਦਾ ਹੈ।

ਇਸ ਖ਼ਤਰੇ ਬਾਰੇ ਹੋਰ ਕੀ ਜਾਣਕਾਰੀ ਉਪਲਬਧ ਹੈ?

ਜੌਨ ਕਿਰਬੀ ਦੀ ਟਿੱਪਣੀ ਤੋਂ ਇਲਾਵਾ ਅਮਰੀਕੀ ਸਰਕਾਰ ਦੇ ਅਧਿਕਾਰੀਆਂ ਨੇ ਇਸ ਖ਼ਤਰੇ ਦੇ ਬਾਰੇ ’ਚ ਅਜੇ ਤੱਕ ਕੋਈ ਠੋਸ ਜਾਣਕਾਰੀ ਜਨਤਕ ਨਹੀਂ ਕੀਤੀ ਹੈ।

ਕੌਮੀ ਸੁਰੱਖਿਆ ਸਲਾਹਕਾਰ ਜੈਕ ਸੁਲਵਿਨ ਨੇ ਇਹ ਸੰਕੇਤ ਦਿੱਤਾ ਹੈ ਕਿ ਸਰਕਾਰ ਦੀ ਖਾਮੋਸ਼ੀ ਸੋਚੀ-ਸਮਝੀ ਹੈ ਭਾਵ ਜਾਣਬੁਝ ਕੇ ਹੀ ਚੁੱਪ ਧਾਰਨ ਕੀਤੀ ਹੋਈ ਹੈ।

ਉਨ੍ਹਾਂ ਨੇ ਪੱਤਰਕਾਰਾਂ ਨੂੰ ਦੱਸਿਆ ਕਿ ਅਮਰੀਕੀ ਏਜੰਸੀਆਂ ਇਸ ਖ਼ਤਰੇ ਦੇ ਬਾਰੇ ’ਚ ਜਾਣਕਾਰੀ ਇੱਕਠੀ ਕਰਨ ਲਈ ਜ਼ਰੂਰ ਕੰਮ ਕਰਨਗੀਆਂ।

ਨਿਊਯਾਰਕ ਟਾਈਮਜ਼, ਏਬੀਸੀ ਅਤੇ ਸੀਬੀਐੱਸ ਵਰਗੇ ਨਿਊਜ਼ ਨੈੱਟਵਰਕਾਂ ਨੇ ਆਪਣੀਆਂ ਰਿਪੋਰਟਾਂ ’ਚ ਕਿਹਾ ਹੈ ਕਿ ਇਹ ਖ਼ਤਰਾ ਰੂਸ ਵੱਲੋਂ ਵਿਕਸਤ ਕੀਤੇ ਜਾ ਰਹੇ ਪਰਮਾਣੂ ਸ਼ਕਤੀ ਸਪੰਨ ਉਸ ਹਥਿਆਰ ਤੋਂ ਹੈ, ਜਿਸ ਦੀ ਵਰਤੋਂ ਪੁਲਾੜ ’ਚ ਅਮਰੀਕੀ ਸੈਟੇਲਾਈਟਾਂ ਨੂੰ ਤਬਾਹ ਕਰਨ ਲਈ ਕੀਤੀ ਜਾ ਸਕਦੀ ਹੈ।

ਜੌਨ ਕਿਰਬੀ ਨੇ ਪੱਤਰਕਾਰਾਂ ਨੂੰ ਕਿਹਾ ਕਿ ਇਸ ਗੱਲ ਦਾ ਕੋਈ ਸਬੂਤ ਨਹੀਂ ਹੈ ਕਿ ਇਸ ਹਥਿਆਰ ਦੀ ਤਾਇਨਾਤੀ ਹੋ ਗਈ ਹੈ ਜਾਂ ਨਹੀਂ। ਪਰ ਉਨ੍ਹਾਂ ਨੇ ਜ਼ੋਰ ਦੇ ਕੇ ਕਿਹਾ ਕਿ ਅਮਰੀਕਾ ਇਸ ਖ਼ਤਰੇ ਨੂੰ ‘ਬਹੁਤ ਗੰਭੀਰਤਾ’ ਨਾਲ ਲੈ ਰਿਹਾ ਹੈ।

ਕਈ ਸਾਲਾਂ ਤੋਂ ਅਮਰੀਕੀ ਅਧਿਕਾਰੀ ਅਤੇ ਏਰੋਸਪੇਸ ਮਾਹਰ ਇਹ ਕਹਿੰਦੇ ਰਹੇ ਹਨ ਕਿ ਰੂਸ ਅਤੇ ਚੀਨ ਪੁਲਾੜ ’ਚ ਆਪਣੀ ਫੌਜੀ ਸਮਰੱਥਾ ਦਾ ਵਿਸਥਾਰ ਕਰ ਰਿਹਾ ਹੈ ਤਾਂ ਜੋ ਅਮਰੀਕਾ ਦਾ ਮੁਕਾਬਲਾ ਕੀਤਾ ਜਾ ਸਕੇ।

ਅਮਰੀਕੀ ਥਿਕ ਟੈਂਕ ਸਟ੍ਰੈਟੇਜਿਕ ਐਂਡ ਇੰਟਰਨੈਸ਼ਨਲ ਸਟੱਡੀਜ਼ ਨੇ ਪਿਛਲੇ ਸਾਲ ਆਪਣੀ ਇੱਕ ਰਿਪੋਰਟ ’ਚ ਕਿਹਾ ਸੀ ਕਿ ਰੂਸ ਐਂਟੀ ਸੈਟੇਲਾਈਟ ਹਥਿਆਰ ਵਿਕਸਤ ਕਰ ਰਿਹਾ ਹੈ।

ਇਸ ਰਿਪੋਰਟ ’ਚ ਨਵੰਬਰ 2021 ਦੀ ਇੱਕ ਘਟਨਾ ਦਾ ਵੀ ਜ਼ਿਕਰ ਕੀਤਾ ਗਿਆ ਹੈ, ਜਿਸ ’ਚ ਸੋਵੀਅਤ ਦੌਰ ਦੀ ਇੱਕ ਅਕਾਰਜਸ਼ੀਲ ਸੈਟੇਲਾਈਟ ਦੇ ਵਿਰੁੱਧ ਇੱਕ ਮਿਜ਼ਾਈਲ ਦਾ ਪ੍ਰੀਖਣ ਕੀਤਾ ਗਿਆ ਸੀ।

ਇਸ ਰਿਪੋਰਟ ਦੇ ਲੇਖਕਾਂ ’ਚੋਂ ਇੱਕ ਅਤੇ ਅਮਰੀਕੀ ਰੱਖਿਆ ਵਿਭਾਗ ਦੇ ਸਾਬਕਾ ਖੂਫ਼ੀਆ ਅਧਿਕਾਰੀ ਕਾਰੀ ਬਿੰਗੇਨ ਨੇ ਬੀਬੀਸੀ ਨੂੰ ਦੱਸਿਆ ਕਿ ਯੂਕਰੇਨ ਦੇ ਖਿਲਾਫ ਆਪਣੀ ਲੜਾਈ ’ਚ ਰੂਸ ਪਹਿਲਾਂ ਹੀ ਕਈ ਢੰਗ-ਤਰੀਕੇ ਅਜ਼ਮਾ ਚੁੱਕਿਆ ਹੈ।

ਇਨ੍ਹਾਂ ’ਚ ਸੈਟੇਲਾਈਟ ਸੰਚਾਰ ’ਚ ਵਿਘਨ ਪਾਉਣ ਲਈ ਸਾਈਬਰ ਹਮਲਿਆਂ ਅਤੇ ਜੈਮਿੰਗ ਦੀ ਵਰਤੋਂ ਸ਼ਾਮਲ ਹੈ।

ਉਨ੍ਹਾਂ ਦਾ ਕਹਿਣਾ ਹੈ, “ਰੂਸ ਦੇ ਜੰਗੀ ਤਰੀਕਿਆਂ ’ਚ ਇਹ ਸਭ ਪਹਿਲਾਂ ਤੋਂ ਹੀ ਸ਼ਾਮਲ ਹੈ।”

ਕੀ ਆਮ ਲੋਕਾਂ ਲਈ ਇਹ ਚਿੰਤਾ ਦੀ ਗੱਲ ਹੈ?

ਪ੍ਰਤੀਨਿਧੀ ਸਭਾ ਦੇ ਸਪੀਕਰ ਮਾਈਕ ਜੌਨਸਨ ਵਰਗੇ ਅਮਰੀਕੀ ਕਾਂਗਰਸ ਦੇ ਕੁਝ ਸੀਨੀਅਰ ਆਗੂਆਂ ਦਾ ਕਹਿਣਾ ਹੈ ਕਿ ਲੋਕਾਂ ਨੂੰ ਅਜੇ ਸੁਚੇਤ ਕਰਨ ਦੀ ਕੋਈ ਜ਼ਰੂਰਤ ਨਹੀਂ ਹੈ।

ਆਮ ਲੋਕਾਂ ਨੂੰ ਇਸ ਸਬੰਧ ’ਚ ਚੇਤਾਵਨੀ ਦੇਣ ਕਰਕੇ ਮਾਈਕ ਟਰਨਰ ਨੂੰ ਆਲੋਚਨਾ ਦਾ ਵੀ ਸਾਹਮਣਾ ਕਰਨਾ ਪੈ ਰਿਹਾ ਹੈ। ਉਨ੍ਹਾਂ ਦੀ ਪਾਰਟੀ ਦੇ ਹੀ ਐਂਡੀ ਓਗਲੇਸ ਨੇ ਇਸ ਨੂੰ ਲਾਪਰਵਾਹੀ ਕਰਾਰ ਦਿੱਤਾ ਹੈ।

ਹਾਲਾਂਕਿ ਮਾਹਰਾਂ ਅਤੇ ਸਾਬਕਾ ਅਧਿਕਾਰੀਆਂ ਨੇ ਚੇਤਾਵਨੀ ਦਿੱਤੀ ਹੈ ਕਿ ਅਮਰੀਕੀ ਸੈਟੇਲਾਈਟਾਂ ਦੇ ਸਾਹਮਣੇ ਮੌਜੂਦ ਕਿਸੇ ਵੀ ਤਰ੍ਹਾਂ ਦੇ ਖ਼ਤਰੇ ਦੇ ਦੂਰਗਾਮੀ ਨਤੀਜੇ ਹੋ ਸਕਦੇ ਹਨ।

ਅਮਰੀਕੀ ਫੌਜ ਕਾਫ਼ੀ ਹੱਦ ਤੱਕ ਸੈਟੇਲਾਈਟ ਸੰਚਾਰ ’ਤੇ ਨਿਰਭਰ ਕਰਦੀ ਹੈ।

ਉਹ ਨਿਗਰਾਨੀ, ਮਿਜ਼ਾਈਲ ਲਾਂਚ ਨੂੰ ਡਿਟੈਕਟ ਕਰਨ, ਹਵਾਈ ਅਤੇ ਸਮੁੰਦਰੀ ਨੇਵੀਗੇਸ਼ਨ ਤੋਂ ਲੈ ਕੇ ਜੀਪੀਐੱਸ ਗਾਈਡਡ ਬੰਬ ਅਤੇ ਜੰਗੀ ਖੇਤਰ ’ਚ ਸੰਪਰਕ ਕਾਇਮ ਕਰਨ ਲਈ ਇਸ ਦੀ ਵਰਤੋਂ ਕਰਦੀ ਹੈ।

ਕਾਰੀ ਬਿੰਗੇਨ ਅਮਰੀਕੀ ਰੱਖਿਆ ਮੰਤਰਾਲੇ ’ਚ ਦੂਜੇ ਸਭ ਤੋਂ ਉੱਚ ਪੱਧਰੀ ਖੁਫੀਆ ਅਧਿਕਾਰੀ ਵੱਜੋਂ ਸੇਵਾਵਾਂ ਨਿਭਾ ਚੁੱਕੇ ਹਨ।

ਉਨ੍ਹਾਂ ਦਾ ਕਹਿਣਾ ਹੈ, “ਸਾਡੀ ਫੌਜ ਜਿਸ ਤਰ੍ਹਾਂ ਨਾਲ ਅੱਜ ਜੰਗ ਦੇ ਮੈਦਾਨ ’ਚ ਲੜਦੀ ਹੈ, ਜਿਨ੍ਹਾਂ ਹਥਿਆਰਾਂ ’ਚ ਅਸੀਂ ਨਿਵੇਸ਼ ਕਰਦੇ ਹਾਂ, ਉਹ ਸਾਰੇ ਸਾਡੀ ਪੁਲਾੜ ਸਮਰੱਥਾ ’ਤੇ ਨਿਰਭਰ ਕਰਦਾ ਹੈ। ਇਸ ਤੋਂ ਬਿਨਾਂ ਅਸੀਂ ਮੁਸ਼ਕਲ ਸਥਿਤੀ ’ਚ ਪੈ ਸਕਦੇ ਹਾਂ। ਪਿਛਲੇ 30-40 ਸਾਲਾਂ ’ਚ ਅਸੀਂ ਜਿਸ ਤਰ੍ਹਾਂ ਨਾਲ ਲੜਨਾ ਸਿੱਖਿਆ ਹੈ, ਅਸੀਂ ਉਸ ਤਰ੍ਹਾਂ ਨਹੀਂ ਲੜ ਪਾਵਾਂਗੇ।”

ਹਾਲਾਂਕਿ ਫੌਜੀ ਜ਼ਰੂਰਤਾਂ ਤੋਂ ਇਲਾਵਾ ਵੀ ਸੈਟੇਲਾਈਟ ਦੀ ਕਈ ਥਾਵਾਂ ’ਤੇ ਵਰਤੋਂ ਹੁੰਦੀ ਹੈ। ਜਿਵੇਂ ਕਿ ਜੀਪੀਐੱਸ ਟਰਾਂਸਪੋਰਟੇਸ਼ਨ ਸਰਵਿਸ, ਖਾਣਾ ਡਿਲੀਵਰੀ ਕਰਨ ਅਤੇ ਮੌਸਮ ਦੀ ਜਾਣਕਾਰੀ ਦੇਣ ਦੇ ਲਈ ਆਦਿ।

ਇਸ ਦੀ ਜ਼ਰੂਰਤ ਖੇਤੀਬਾੜੀ ਤੋਂ ਲੈ ਕੇ ਸਿਗਨਲ ’ਤੇ ਨਿਰਭਰ ਵਿੱਤੀ ਲੈਣ-ਦੇਣ ਤੱਕ ਹਰ ਚੀਜ਼ ’ਚ ਹੁੰਦੀ ਹੈ।

ਕਾਰੀ ਬਿੰਗੇਨ ਦਾ ਕਹਿਣਾ ਹੈ , “ਸੈਟੇਲਾਈਟ ਸਾਡੀ ਰੋਜ਼ਮਰਾ ਜ਼ਿੰਦਗੀ ਦਾ ਅਹਿਮ ਹਿੱਸਾ ਹਨ। ਅਮਰੀਕੀ ਅਤੇ ਦੁਨੀਆ ਭਰ ਦੇ ਲੋਕ ਪੁਲਾੜ ’ਤੇ ਨਿਰਭਰ ਹਨ ਅਤੇ ਇੱਥੋਂ ਤੱਕ ਕਿ ਉਹ ਇਸ ਗੱਲ ਤੋਂ ਜਾਣੂ ਹੀ ਨਹੀਂ ਹਨ।”

ਕੀ ਪੁਲਾੜ ਦੇ ਹਥਿਆਰਾਂ ਨਾਲ ਸਬੰਧਤ ਕੋਈ ਵਿਸ਼ੇਸ਼ ਨਿਯਮ ਮੌਜੂਦ ਹਨ?

ਅਮਰੀਕਾ, ਰੂਸ ਅਤੇ ਚੀਨ ਕੋਲ ਪਹਿਲਾਂ ਤੋਂ ਹੀ ਦੁਨੀਆ ਭਰ ਦੇ ਸੈਟੇਲਾਈਟਾਂ ’ਤੇ ਹਮਲਾ ਕਰਨ ਦੀ ਸਮਰੱਥਾ ਹੈ। ਹਾਲਾਂਕਿ ਸਿਧਾਂਤਕ ਤੌਰ ’ਤੇ ਉਹ ਪ੍ਰਮਾਣੂ ਹਥਿਆਰਾਂ ਦੀ ਵਰਤੋਂ ਨਹੀਂ ਕਰ ਸਕਦੇ ਹਨ।

ਇਨ੍ਹਾਂ ਤਿੰਨਾਂ ਹੀ ਦੇਸ਼ਾਂ ਨੇ 1967 ’ਚ ਆਊਟਰ ਸਪੇਸ ਸਮਝੌਤੇ ’ਤੇ ਦਸਤਖਤ ਕੀਤੇ ਹੋਏ ਹਨ, ਜਿਸ ਰਾਹੀਂ ਉਹ ਧਰਤੀ ਦੇ ਪੰਧ ’ਚ ਹਥਿਆਰਾਂ ਨਾਲ ਲੈਸ ਕੋਈ ਵੀ ਚੀਜ਼ ਨਹੀਂ ਭੇਜ ਸਕਦੇ ਹਨ।

ਵੈਸੇ ਅਮਰੀਕੀ ਰੱਖਿਆ ਵਿਭਾਗ ਦੇ ਇੱਕ ਸਾਬਕਾ ਅਧਿਕਾਰੀ ਮਿਕ ਮੁਲਰੋਏ ਦਾ ਕਹਿਣਾ ਹੈ ਕਿ ਮੌਜੂਦਾ ਭੂ-ਰਾਜਨੀਤਿਕ ਮਾਹੌਲ ’ਚ ਇਹ ਸੰਧੀ ਸੁਰੱਖਿਆ ਦੀ ਕੋਈ ਗਰੰਟੀ ਨਹੀਂ ਦਿੰਦੀ ਹੈ।

ਉਨ੍ਹਾਂ ਦਾ ਕਹਿਣਾ ਹੈ, “ਰੂਸ ਨੇ ਜਿਨ੍ਹਾਂ ਵੀ ਸੰਧੀਆਂ ’ਤੇ ਦਸਤਖਤ ਕੀਤੇ ਹਨ, ਉਸ ਨੇ ਉਨ੍ਹਾਂ ਦੀ ਪੂਰੀ ਤਰ੍ਹਾਂ ਨਾਲ ਅਣਦੇਖੀ ਦਾ ਰਵੱਈਆ ਅਪਣਾਇਆ ਹੈ। ਰੂਸ ਨੇ ਸਾਰੇ ਅੰਤਰਰਾਸ਼ਟਰੀ ਨਿਯਮਾਂ ਦੀ ਉਲੰਘਣਾ ਕਰਦੇ ਹੋਏ ਯੂਕਰੇਨ ਦੇ ਖਿਲਾਫ ਫੌਜੀ ਤਾਕਤ ਦੀ ਵਰਤੋਂ ਕੀਤੀ ਹੈ। ਉਹ ਸੰਧੀਆਂ ਸਬੰਧੀ ਕੀਤੇ ਆਪਣੇ ਹੀ ਵਾਅਦਿਆਂ ਦੀ ਪਾਲਣਾ ਨਹੀਂ ਕਰਦੇ ਹਨ।”

ਕੀ ਪੁਲਾੜ ਨਵਾਂ ਮੈਦਾਨ-ਏ-ਜੰਗ ਬਣੇਗਾ?

ਅਮਰੀਕਾ ਦੀ ਰਣਨੀਤਕ ਮਾਮਲਿਆਂ ਦੀ ਕਾਂਗਰਸ ਕਮੇਟੀ ਨਾਲ ਜੁੜੇ ਅਤੇ ਰਾਸ਼ਟਰਪਤੀ ਬੁਸ਼, ਰਾਸ਼ਟਰਪਤੀ ਓਬਾਮਾ ਅਤੇ ਰਾਸ਼ਟਰਪਤੀ ਟਰੰਪ ਦੇ ਕਾਰਜਕਾਲ ਦੌਰਾਨ ਰੱਖਿਆ ਅਤੇ ਖੁਫੀਆ ਵਿਭਾਗ ਦੇ ਅਧਿਕਾਰੀ ਵੱਜੋਂ ਸੇਵਾਵਾਂ ਨਿਭਾ ਚੁੱਕੇ ਮੈਥਿਊ ਕਰੋਏਨਿੰਗ ਨੇ ਬੀਬੀਸੀ ਨੂੰ ਦੱਸਿਆ ਕਿ ਇਸ ’ਚ ਕੋਈ ਹੈਰਾਨੀ ਵਾਲੀ ਗੱਲ ਨਹੀਂ ਹੈ ਕਿ ਪੁਲਾੜ ’ਚ ਦੁਨੀਆ ਭਰ ਦੀਆਂ ਸੈਨਿਕ ਸ਼ਕਤੀਆਂ ਦੀ ਦਿਲਚਸਪੀ ਵਧ ਰਹੀ ਹੈ।

“ਇੱਕ ਸਮੇਂ ਤੱਕ ਮਨੁੱਖ ਨੇ ਪੁਲਾੜ ਦੀ ਖੋਜ ਕੀਤੀ। ਹੁਣ ਅਸੀਂ ਅਜਿਹੇ ਦੌਰ ’ਚ ਦਾਖਲ ਹੋ ਰਹੇ ਹਾਂ ਜਿਸ ’ਚ ਪੁਲਾੜ ਦੀ ਵਪਾਰਕ ਵਰਤੋਂ ’ਤੇ ਧਿਆਨ ਦਿੱਤਾ ਜਾ ਰਿਹਾ ਹੈ ਅਤੇ ਅਸੀਂ ਅਜੇ ਇਸ ਦੇ ਸ਼ੁਰੂਆਤੀ ਪੜਾਅ ’ਚ ਹਾਂ।”

ਉਹ ਅੱਗੇ ਕਹਿੰਦੇ ਹਨ ਕਿ ਇਸ ਦੇ ਵੱਖਰੇ ਪੜਾਅ ’ਚ ਦੁਨੀਆ ਭਰ ਦੀਆਂ ਤਾਕਤਾਂ ਪੁਲਾੜ ’ਤੇ ਆਪਣਾ ਕੰਟਰੋਲ ਸਥਾਪਤ ਕਰਨ ’ਤੇ ਧਿਆਨ ਕੇਂਦਰਿਤ ਕਰਨਗੀਆਂ।

ਮੈਥਿਊ ਕਹਿੰਦੇ ਹਨ, “ਅਸੀਂ ਇਸ ਗੱਲ ਨੂੰ ਇਸ ਤਰ੍ਹਾਂ ਨਾਲ ਲੈਂਦੇ ਹਾਂ ਕਿ ਆਸਮਾਨ ਅਤੇ ਸਮੁੰਦਰ ਆਜ਼ਾਦ ਹਨ ਅਤੇ ਇਨ੍ਹਾਂ ਦੀ ਆਪਣੀ ਮਰਜ਼ੀ ਅਨੁਸਾਰ ਵਪਾਰਕ ਵਰਤੋਂ ਕੀਤੀ ਜਾ ਸਕਦੀ ਹੈ।”

“ਅਸੀਂ ਆਉਣ ਵਾਲੇ 30 ਸਾਲਾਂ ’ਚ ਪੁਲਾੜ ਨੂੰ ਵੀ ਉਸੇ ਤਰ੍ਹਾਂ ਵੇਖਣਾ ਚਾਹੁੰਦੇ ਹਾਂ, ਜਿੱਥੇ ਬਿਨ੍ਹਾਂ ਰੋਕ-ਟੋਕ ਆਉਣਾ-ਜਾਣਾ ਹੋ ਸਕੇ, ਕਾਰੋਬਾਰ ਕੀਤਾ ਜਾ ਸਕੇ ਅਤੇ ਇੱਥੋਂ ਤੱਕ ਕਿ ਇਸ ਨੂੰ ਰਹਿਣ ਦੇ ਯੋਗ ਵੀ ਬਣਾਇਆ ਜਾ ਸਕੇ।”

ਉਨ੍ਹਾਂ ਕਿਹਾ, “ਸਾਨੂੰ ਇਹ ਯਕੀਨੀ ਬਣਾਉਣਾ ਪਵੇਗਾ ਕਿ ਇਹ ਇੱਕ ਸੁਰੱਖਿਅਤ ਜਗ੍ਹਾ ਬਣੀ ਰਹੇ।”

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTER ਅਤੇ YouTube 'ਤੇ ਜੁੜੋ।)