You’re viewing a text-only version of this website that uses less data. View the main version of the website including all images and videos.
ਕਤਰ ਦੇ ਸ਼ਾਹੀ ਤੇ ਅਮੀਰਾਂ ਦੇ ਮਹਿਲਾਂ ਵਿਚ ਕੰਮ ਕਰਦੀਆਂ ਪਰਵਾਸੀ ਨੌਕਰਾਣੀਆਂ ਨਾਲ ਕੀ-ਕੀ ਹੁੰਦਾ ਹੈ
- ਲੇਖਕ, ਮੇਘਾ ਮੋਹਨ
- ਰੋਲ, ਬੀਬੀਸੀ ਪੱਤਰਕਾਰ
ਦੋਹਾ ਵਿੱਚ ਵਿਸ਼ਵ ਕੱਪ ਹੋਣ ਕਾਰਨ ਕਤਰ ਦਾ ਮਨੁੱਖੀ ਅਧਿਕਾਰਾਂ ਦਾ ਰਿਕਾਰਡ ਜਾਂਚ ਅਧੀਨ ਹੈ।
ਸਟੇਡੀਅਮ ਅਤੇ ਹੋਟਲ ਬਣਾਉਣ ਵਾਲੇ ਪਰਵਾਸੀ ਮਜ਼ਦੂਰਾਂ ਨਾਲ ਹੋਏ ਵਤੀਰੇ ਬਾਰੇ ਬਹੁਤ ਕੁਝ ਲਿਖਿਆ ਗਿਆ ਹੈ, ਪਰ ਕਤਰ ਦੀਆਂ ਹਾਕਮ ਜਮਾਤਾਂ ਲਈ ਕੰਮ ਕਰਨ ਵਾਲੀਆਂ ਵਿਦੇਸ਼ੀ ਨੌਕਰਾਣੀਆਂ ਬਾਰੇ ਕਿਤੇ ਕੁਝ ਘੱਟ ਹੀ ਮਿਲਦਾ ਹੈ।
ਦਸਤਾਵੇਜ਼ਾਂ ਦੀ ਜੇਕਰ ਗੱਲ ਕਰੀਏ ਤਾਂ ਹਾਲ ਹੀ ਦੇ ਸਾਲਾਂ ਵਿੱਚ ਉਨ੍ਹਾਂ ਦੇ ਅਧਿਕਾਰਾਂ ਨੂੰ ਯਕੀਨੀ ਬਣਾਉਣ ਦੀਆਂ ਕੋਸ਼ਿਸ਼ਾਂ ਕੀਤੀਆਂ ਗਈਆਂ ਹਨ।
ਇਸ ਲਈ ਨਵੇਂ ਦਿਸ਼ਾ ਨਿਰਦੇਸ਼ ਵੀ ਹਨ ਪਰ ਨਵੇਂ ਨਿਯਮਾਂ ਦੀ ਹਮੇਸ਼ਾ ਪਾਲਣਾ ਨਹੀਂ ਕੀਤੀ ਜਾਂਦੀ।
ਮੈਂ ਦੇਰ ਰਾਤ ਕਤਰ ਵਿੱਚ ਗਲੇਡਿਸ (ਬਦਲਿਆ ਹੋਇਆ ਨਾਮ) ਨਾਲ ਗੱਲ ਕੀਤੀ। ਇਹ ਤਾਂ ਹੀ ਸੰਭਵ ਹੋ ਸਕਿਆਂ ਜਦੋਂ ਉਸ ਦੇ ਮਾਲਕ ਸੌਂ ਗਏ ਸਨ।
ਗੱਲਬਾਤ ਦੌਰਾਨ ਉਹ ਮੈਨੂੰ ਦੱਸਦੀ ਹੈ ਕਿ ਉਹ ਹਰ ਰੋਜ਼ ਸਵੇਰੇ 8 ਵਜੇ ਤੋਂ ਰਾਤ 11 ਵਜੇ ਤੱਕ ਕੰਮ ਕਰਦੀ ਹੈ। ਉਹ ਇਸ ਦੌਰਾਨ ਸਾਫ਼-ਸਫਾਈ ਕਰਦੀ ਹੈ, ਭੋਜਨ ਤਿਆਰ ਕਰਦੀ ਹੈ ਅਤੇ ਬੱਚਿਆਂ ਦੀ ਦੇਖਭਾਲ ਕਰਦੀ ਹੈ।
ਉਹ ਪਰਿਵਾਰ ਦੇ ਖਾਣੇ ਤੋਂ ਬਾਅਦ ਬਚਿਆ ਹੋਇਆ ਖਾਣਾ ਖਾਂਦੀ ਹੈ ਅਤੇ ਕਹਿੰਦੀ ਹੈ ਕਿ ਜਦੋਂ ਉਸ ਨੇ 18 ਮਹੀਨੇ ਪਹਿਲਾਂ ਕੰਮ ਸ਼ੁਰੂ ਕੀਤਾ ਸੀ, ਉਦੋਂ ਤੋਂ ਲੈ ਕੇ ਹੁਣ ਤੱਕ ਉਸ ਨੇ ਇੱਕ ਵੀ ਦਿਨ ਛੁੱਟੀ ਨਹੀਂ ਲਈ ਹੈ।
40 ਸਾਲਾਂ ਗਲੇਡਿਸ ਮੂਲ ਤੌਰ 'ਤੇ ਫਿਲੀਪੀਨਜ਼ ਦੀ ਰਹਿਣ ਵਾਲੀ ਹੈ। ਉਹ ਆਪਣੇ ਮਾਲਕ ਬਾਰੇ ਕਹਿੰਦੀ ਹੈ, "ਮੈਡਮ ਸਖ਼ਤ ਹੈ, ਉਹ ਹਰ ਰੋਜ਼ ਮੇਰੇ 'ਤੇ ਚੀਕਦੀ ਰਹਿੰਦੀ ਹੈ।"
ਪਾਸਪੋਰਟ ਮਾਲਕ ਕੋਲ ਜਮ੍ਹਾਂ ਕਰਵਾਉਣਾ
ਕਤਰ 2022 ਵਿਸ਼ਵ ਕੱਪ ਦੀ ਮੇਜ਼ਬਾਨੀ ਕਰਨ ਤੋਂ ਪਹਿਲਾਂ ਦੇਸ ਵਿੱਚ ਕੰਮ ਕਰਨ ਆਉਣ ਵਾਲੇ ਪਰਵਾਸੀ ਕਾਮਿਆਂ ਦੇ ਹਾਲਾਤ ਹੋਰ ਵੀ ਖ਼ਰਾਬ ਸਨ।
ਵਿਦੇਸ਼ੀ ਕਾਮੇ ਆਪਣੇ ਮਾਲਕ ਦੀ ਇਜਾਜ਼ਤ ਤੋਂ ਬਿਨਾਂ ਨੌਕਰੀਆਂ ਬਦਲਣ ਜਾਂ ਦੇਸ਼ ਛੱਡਣ ਵਿੱਚ ਅਸਮਰੱਥ ਸਨ। ਬਹੁਤੇ ਖਾੜੀ ਮੁਲਕਾਂ ਵਿੱਚ ਅਜੇ ਵੀ ਅਜਿਹਾ ਹੈ।
ਪੜਤਾਲ ਦੇ ਤਹਿਤ, ਕਤਰ ਨੇ ਸੁਧਾਰਾਂ ਦੀ ਸ਼ੁਰੂਆਤ ਕੀਤੀ, ਪਰ ਐਮਨੈਸਟੀ ਇੰਟਰਨੈਸ਼ਨਲ ਦਾ ਕਹਿਣਾ ਹੈ ਕਿ ਉਹ ਘਰੇਲੂ ਕਾਮਿਆਂ ਨਾਲ ਜਿਸ ਤਰ੍ਹਾਂ ਦਾ ਦੁਰਵਿਵਹਾਰ ਹੋ ਰਿਹਾ ਹੈ, ਉਸ ਨੂੰ ਰੋਕਣ ਵਿੱਚ ਅਸਫ਼ਲ ਰਹੇ ਹਨ।
ਉਦਾਹਰਨ ਲਈ, ਗਲੇਡਿਸ ਦਾ ਪਾਸਪੋਰਟ ਉਸ ਦੇ ਮਾਲਕ ਕੋਲ ਹੈ। ਉਹ ਮਾਲਕ ਦੀ ਆਗਿਆ ਤੋਂ ਬਿਨਾਂ ਘਰੋਂ ਬਾਹਰ ਨਹੀਂ ਜਾ ਸਕਦੀ।
ਪਰ ਗਲੇਡਿਸ ਆਪਣੇ ਆਪ ਨੂੰ ਅਜੇ ਵੀ ਖੁਸ਼ਕਿਸਮਤ ਮਹਿਸੂਸ ਕਰਦੀ ਹੈ।
ਉਹ ਕਹਿੰਦੀ ਹੈ ਕਿ ਉਸ ਨੂੰ ਘੱਟੋ-ਘੱਟ ਆਪਣਾ ਫ਼ੋਨ ਰੱਖਣ ਦੀ ਇਜਾਜ਼ਤ ਤਾਂ ਹੈ। ਉਹ ਕਈ ਅਜਿਹੀਆਂ ਔਰਤਾਂ ਨੂੰ ਜਾਣਦੀ ਹੈ ਜਿਨ੍ਹਾਂ ਨੂੰ ਮਾਲਕ ਫ਼ੋਨ ਰੱਖਣ ਦੀ ਆਗਿਆ ਵੀ ਨਹੀਂ ਦਿੰਦੇ।
ਉਹ ਕਹਿੰਦੀ ਹੈ ਕਿ ਉਸ ਦਾ ਸਰੀਰਕ ਸ਼ੋਸ਼ਣ ਵੀ ਨਹੀਂ ਹੁੰਦਾ। ਜਦਕਿ ਅਕਸਰ ਕਤਰ ਵਿੱਚ ਘਰੇਲੂ ਕੰਮ ਕਰਨ ਵਾਲੇ ਮੁਲਾਜ਼ਮਾਂ ਨੂੰ ਜਿਨਸੀ ਸੋਸ਼ਣ ਦਾ ਸਾਹਮਣਾ ਕਰਨਾ ਪੈਂਦਾ ਹੈ।
ਇਸ ਤੋਂ ਇਲਾਵਾ ਇੱਕ ਹੋਰ ਕਾਰਨ ਵੀ ਹੈ ਕਿ ਉਹ ਆਪਣੀ ਮੌਜੂਦਾ ਨੌਕਰੀ ਨਹੀਂ ਛੱਡਣਾ ਚਾਹੁੰਦੀ।
ਉਹ ਸੋਚਦੀ ਹੈ ਕਿ ਉਸ ਦੀ ਉਮਰ ਦੇ ਲਿਹਾਜ਼ ਨਾਲ ਇਸ ਤੋਂ ਬਿਹਤਰ ਨੌਕਰੀ ਮਿਲਣਾ ਸੰਭਵ ਨਹੀਂ ਹੈ।
ਉਹ ਮਹੀਨੇ ਦੇ 1,500 ਰਿਆਲ (ਕਰੀਬ 33000 ਰੁਪਏ) ਮਿਲਦੇ ਹਨ ਅਤੇ ਉਹ ਇਹ ਪੈਸਾ ਆਪਣੇ ਪਰਿਵਾਰ ਦੀ ਸਹਾਇਤਾ ਲਈ ਘਰ ਭੇਜਦੀ ਹੈ।
ਘਰੇਲੂ ਕਾਮਿਆਂ ਦੇ ਅਧਿਕਾਰ
- ਕਤਰ ਦੀ ਯੋਜਨਾ ਅਤੇ ਅੰਕੜਾ ਅਥਾਰਟੀ ਦੇ 2021 ਦੇ ਅੰਕੜਿਆਂ ਅਨੁਸਾਰ, ਕਤਰ ਵਿੱਚ ਅੰਦਾਜ਼ਨ 1,60,000 ਵਿਦੇਸ਼ੀ ਘਰੇਲੂ ਕਰਮਚਾਰੀ ਹਨ।
- 2017 ਵਿੱਚ ਕਤਰ ਨੇ ਘਰੇਲੂ ਕਾਮੇ ਕਾਨੂੰਨ ਲਿਆਂਦਾ ਸੀ, ਜੋ ਕੰਮ ਦੇ ਘੰਟਿਆਂ ਨੂੰ ਦਿਨ ਵਿੱਚ 10 ਘੰਟਿਆਂ ਤੱਕ ਸੀਮਤ ਕਰਦਾ ਹੈ ਅਤੇ ਰੋਜ਼ਾਨਾ ਰੋਟੀ ਖਾਣ ਆਦਿ ਲਈ ਸਮਾਂ ਵੀ ਦਿੰਦਾ ਹੈ।
- ਇਸ ਵਿੱਚ ਹਫ਼ਤਾਵਾਰੀ ਛੁੱਟੀ ਅਤੇ ਤਨਖ਼ਾਹ ਸਮੇਤ ਛੁੱਟੀਆਂ ਦੀ ਵੀ ਤਜਵੀਜ਼ ਹੈ।
- 2020 ਵਿੱਚ ਇਸ ਤਹਿਤ ਘੱਟੋ-ਘੱਟ ਮਹਿਨਤਾਨਾ ਵੀ ਨਿਰਧਾਰਿਤ ਕੀਤਾ ਗਿਆ।
- ਮਜ਼ਦੂਰਾਂ ਨੂੰ ਨੌਕਰੀ ਬਦਲ ਸਕਣ ਤੇ ਇਜਾਜ਼ਤ ਲਏ ਬਗ਼ੈਰ ਦੇਸ਼ ਛੱਡਣ ਦਾ ਅਧਿਕਾਰ ਵੀ ਇਸ ਵਿੱਚ ਸ਼ਾਮਿਲ ਸੀ। ਤੇ ਅਜਿਹੀ ਸੁਵਿਧਾਵਾਂ ਨੂੰ ਬਕਾਇਦਾ ਇਕਰਾਰਨਾਮੇ ਵਿੱਚ ਲਿਖਣ ਦੀ ਗੱਲ ਵੀ ਆਖੀ ਗਈ ਸੀ।
- ਹਾਲਾਂਕਿ, ਐਮਨੈਸਟੀ ਇੰਟਰਨੈਸ਼ਨਲ ਦਾ ਕਹਿਣਾ ਹੈ ਕਿ ਇਹ ਕਾਨੂੰਨ ਸਹੀ ਢੰਗ ਨਾਲ ਲਾਗੂ ਨਹੀਂ ਕੀਤੇ ਜਾ ਸਕੇ ਅਤੇ ਕਾਮਿਆਂ ਨੂੰ ਬਹੁਤ ਜ਼ਿਆਦਾ ਕੰਮ, ਆਰਾਮ ਦੀ ਘਾਟ, ਦੁਰਵਿਵਹਾਰ ਅਤੇ ਅਪਮਾਨਜਨਕ ਵਤੀਰਾ ਦਾ ਹਾਲੇ ਵੀ ਸਾਹਮਣਾ ਕਰਨਾ ਪੈਂਦਾ ਹੈ।
ਫਿਲੀਪੀਨੋ ਵਿਦੇਸ਼ੀ ਕਾਮਿਆਂ ਦਾ ਸਮਰਥਨ ਕਰਨ ਵਾਲੀ ਜ਼ਮੀਨੀ ਪੱਧਰ ਦੀ ਸੰਸਥਾ ਮਾਈਗ੍ਰੈਂਟੇ ਇੰਟਰਨੈਸ਼ਨਲ ਦੀ ਜੋਆਨਾ ਕਨਸੇਪਸੀਓਨ ਕਹਿੰਦੇ ਹਨ ਕਿ ਬਹੁਤ ਸਾਰੇ ਲੋਕ ਕੰਮ ਦੀਆਂ ਮਾੜੀਆਂ ਸਥਿਤੀਆਂ ਬਾਰੇ ਚੁੱਪ ਹੀ ਰਹਿੰਦੇ ਹਨ ਕਿਉਂਕਿ ਉਹ ਆਪਣੇ ਪਰਿਵਾਰਾਂ ਲਈ ਪੈਸਾ ਕਮਾਉਣ ਨੂੰ ਤਰਜੀਹ ਦਿੰਦੇ ਹਨ।
ਪਰ ਜਦੋਂ ਕਦੇ ਵੀ ਉਨ੍ਹਾਂ ਨੇ ਖਾੜੀ ਮੁਲਕਾਂ ਬਾਰੇ ਖੁੱਲ੍ਹ ਕੇ ਗੱਲ ਕਰਨ ਦੀ ਹਿੰਮਤ ਮਹਿਸੂਸ ਕੀਤੀ, ਉਨ੍ਹਾਂ ਗੰਭੀਰ ਸ਼ੋਸ਼ਣ ਦਾ ਜ਼ਿਕਰ ਕੀਤਾ।
ਇੱਕ ਔਰਤ ਨੇ ਕਿਹਾ ਕਿ ਉਸ ਦਾ ਮਾਲਕ ਜਦੋਂ ਗੁੱਸੇ ਵਿੱਚ ਹੁੰਦਾ ਤਾਂ ਉਸ ਦੇ ਸਿਰ ਨੂੰ ਟਾਇਲਟ ਬੇਸਿਨ ਵਿੱਚ ਧੱਕ ਦਿੰਦਾ ਅਤੇ ਕਦੇ-ਕਦੇ ਉਸ ਨੂੰ ਭੋਜਨ ਅਤੇ ਪਾਣੀ ਦੇਣ ਤੋਂ ਇਨਕਾਰ ਕਰਦਾ ਦਿੰਦਾ ਸੀ।
ਇਸ ਦੇ ਉਲਟ, ਸੱਤਾਧਾਰੀ ਸ਼ਾਹੀ ਅਲ ਥਾਨੀ ਪਰਿਵਾਰ ਕੋਲ ਕੰਮ ਕਰਦੀ ਇੱਕ ਨੌਕਰਾਣੀ, ਕਹਿੰਦੀ ਹੈ ਕਿ ਉਸ ਨਾਲ ਚੰਗਾ ਵਿਵਹਾਰ ਕੀਤਾ ਜਾਂਦਾ ਹੈ ਪਰ ਉਸ ਨੂੰ ਕੋਈ ਛੁੱਟੀ ਨਹੀਂ ਮਿਲਦੀ।
ਹਾਲਾਂਕਿ ਉਹ ਆਖਦੀ ਹੈ ਸਾਰੇ ਕਾਮਿਆਂ ਨੂੰ ਹੁਣ ਨਵੇਂ ਨਿਯਮਾਂ ਦੇ ਅਧੀਨ ਅਧਿਕਾਰ ਮਿਲਣੇ ਚਾਹੀਦੇ ਹਨ।
ਰੋਜ਼ੀ-ਰੋਟੀ ਲੈ ਆਈ
ਸਮਾਈਲੀ ਅਤੇ ਅਲਥੀਆ (ਬਦਲੇ ਹੋਏ ਨਾਮ) ਨੇ ਇੱਕ ਸ਼ਾਹੀ ਘਰਾਨੇ ਦੇ ਬੇਸਮੈਂਟ ਵਿੱਚੋਂ ਬੀਬੀਸੀ ਨੂੰ ਵੀਡੀਓ ਕਾਲ ਜ਼ਰੀਏ ਗੱਲ ਕੀਤੀ ਸੀ।
ਉਹ ਦੱਸਦੀ ਹੈ ਕਿ ਉਸ ਦੇ ਮਾਲਕਾਂ ਨੇ ਉਸ ਨੂੰ ਇੱਕ ਆਈਫੋਨ, ਕੱਪੜੇ, ਗਹਿਣੇ ਅਤੇ ਜੁੱਤੇ ਦਿੱਤੇ ਹਨ ਕਿਉਂਕਿ ਉਹ ਆਪਣੇ ਘਰ ਫਿਲੀਪੀਨਜ਼ ਵਾਪਸ ਨਹੀਂ ਜਾ ਸਕਦੀ ਸੀ।
ਇਹ ਗਲੇਡਿਸ ਵਾਂਗ ਘਰ ਦੀਆਂ ਲੋੜਾਂ ਪੂਰੀਆਂ ਕਰਨ ਲਈ ਇੱਥੇ ਨੌਕਰੀ ਕਰਨ ਆਈ ਹੈ।
ਸਾਡੀ ਗੱਲਬਾਤ ਵਿਚਾਲੇ ਹੀ ਅਲਥੀਆ ਦੇ ਨਾਲ ਕਮਰਾ ਸਾਂਝਾ ਕਰਨ ਵਾਲੀ ਇੱਕ ਹੋਰ ਔਰਤ, ਹੈਲੋ ਆਖਦੀ ਹਨ ਅਤੇ ਕਾਲ ਵਿੱਚ ਸ਼ਾਮਲ ਹੋ ਜਾਂਦੀ ਹੈ।
ਉਨ੍ਹਾਂ ਕੋਲ ਆਪੋ ਆਪਣੇ ਸੌਣ ਦੇ ਕਮਰੇ ਤੇ ਇੱਕ ਸਾਂਝੀ ਰਸੋਈ ਹੈ।
ਉਹ ਨੇ ਦੱਸਿਆ ਕਿ ਉਥੇ ਕਈ ਨੌਕਰਾਣੀਆਂ ਟਿਕਟੌਕ ਅਤੇ ਫੇਸਬੁੱਕ 'ਤੇ ਭੋਜਨ ਦੀ ਭੀਖ ਮੰਗਦੀਆਂ ਨਜ਼ਰ ਆਉਂਦੀਆਂ ਹਨ। ਉਨ੍ਹਾਂ ਨੂੰ ਅਫ਼ਸੋਸ ਹੈ ਕਿ ਹਰ ਇੱਕ ਨੂੰ ਰੋਟੀ ਜਾਂ ਰਹਿਣ ਦੀ ਚੰਗੀ ਸਹੂਲਤ ਨਹੀਂ ਮਿਲਦੀ।
ਉਹ ਕਹਿੰਦੀ ਹੈ, "ਮੈਂ ਉਹ ਵੀਡੀਓ ਕਈ ਵਾਰ ਆਨਲਾਈਨ ਦੇਖਦੀ ਹਾਂ, ਜਿਸ ਤੋਂ ਬਾਅਦ ਮੈਂ ਆਪਣੇ ਆਪ ਨੂੰ ਬਹੁਤ ਖੁਸ਼ਕਿਸਮਤ ਮਹਿਸੂਸ ਕਰਦੀ ਹਾਂ। ਮੈਨੂੰ ਹਰ ਦਿਨ ਇੱਕ ਪਰੀ ਕਥਾ ਵਾਂਗ ਮਹਿਸੂਸ ਕਰਦਾ ਹੈ।"
ਫਿਰ ਵੀ, ਇਨ੍ਹਾਂ ਆਲੀਸ਼ਾਨ ਮਹਿਲਾਂ ਵਿੱਚ ਕੰਮ ਕਰਨਾ ਸਖ਼ਤ ਮਿਹਨਤ ਦੀ ਮੰਗ ਕਰਦਾ ਹੈ।
ਦਿਨ ਆਮ ਤੌਰ 'ਤੇ ਸਵੇਰੇ 6.30 ਵਜੇ ਸ਼ੁਰੂ ਹੁੰਦਾ ਹੈ, ਜਦੋਂ ਸਟਾਫ ਪਰਿਵਾਰ ਲਈ ਨਾਸ਼ਤਾ ਤਿਆਰ ਕਰਦਾ ਹੈ। ਪਰਿਵਾਰ ਦੇ ਨਾਸ਼ਤਾ ਕਰਨ ਤੋਂ ਬਾਅਦ ਅਲਥੀਆ ਖਾਣਾ ਖਾਂਦੀ ਹੈ। ਉਸ ਤੋਂ ਬਾਅਦ ਉਹ ਕਮਰਿਆਂ ਨੂੰ ਸਾਫ਼ ਕਰਦੀ ਹੈ ਅਤੇ ਦੁਪਹਿਰ ਦੇ ਖਾਣੇ ਲਈ ਮੇਜ਼ ਸਜਾਉਂਦੀ ਹੈ।
ਅਲਥੀਆ ਕਹਿੰਦੀ ਹੈ, "ਇਹ ਹਲਕਾ ਕੰਮ ਹੈ ਕਿਉਂਕਿ ਸਾਡੇ ਵਿੱਚੋਂ ਬਹੁਤ ਸਾਰੇ ਲੋਕ ਇਸ ਤਰ੍ਹਾਂ ਦੇ ਕੰਮ ਆਪੋ ਆਪਣੇ ਘਰਾਂ ਵਿੱਚ ਕਰਦੇ ਹਨ।"
ਨੌਕਰਾਣੀਆਂ ਦੁਪਹਿਰ 3 ਵਜੇ ਤੋਂ ਸ਼ਾਮ 6 ਵਜੇ ਤੱਕ ਆਪਣੇ ਫਲੈਟਾਂ ਵਿੱਚ ਆਰਾਮ ਕਰਦੀਆਂ ਹਨ, ਫਿਰ ਰਾਤ ਦੇ ਖਾਣੇ ਦੀ ਤਿਆਰੀ ਕਰਦੀਆਂ ਹਨ।
ਇੱਕ ਵਾਰ ਰਾਤ ਦਾ ਖਾਣਾ ਖ਼ਤਮ ਹੋਣ ਤੋਂ ਬਾਅਦ ਅਤੇ ਅਲਥੀਆ ਦੇ ਕੰਮ ਪੂਰਾ ਹੋਣ ਮਗਰੋਂ, ਜੇਕਰ ਉਹ ਚਾਹੇ ਤਾਂ ਬਾਹਰ ਜਾ ਸਕਦੀ ਹੈ।
ਸ਼ਾਹੀ ਘਰਾਨੇ ਨੇ ਉਨ੍ਹਾਂ ਦੇ ਪਾਸਪੋਰਟ ਵੀ ਆਪਣੇ ਕੋਲ ਨਹੀਂ ਰੱਖੇ ਹਨ। ਪਰ ਅਲਥੀਆ ਹਫ਼ਤੇ ਦੇ ਸੱਤੋਂ ਦਿਨ ਕੰਮ ਕਰਦੀ ਹੈ।
ਉਸ ਨੂੰ ਹਫ਼ਤਾਵਾਰੀ ਇੱਕ ਵੀ ਛੁੱਟੀ ਨਹੀਂ ਮਿਲਦੀ। ਹਾਲਾਂਕਿ ਹੁਣ ਕਤਰ ਦੇ ਕਾਨੂੰਨ ਵਿੱਚ ਇਸ ਦੀ ਗਾਰੰਟੀ ਦਿੱਤੀ ਜਾਂਦੀ ਹੈ।
ਇਹ ਇੱਕ ਕੀਮਤ ਹੈ, ਜੋ ਉਹ ਆਪਣੇ ਪਰਿਵਾਰ ਨੂੰ ਵਿੱਤੀ ਸਹਾਇਤਾ ਪ੍ਰਦਾਨ ਕਰਨ ਲਈ ਅਦਾ ਕਰਦੀ ਹੈ।
ਸ਼ਾਹੀ ਘਰਾਨਿਆਂ ਵਿੱਚ ਕੰਮ ਕਰਨਾ
ਖਾੜੀ ਵਿੱਚ ਖ਼ਾਸ ਲੋਕਾਂ ਨਾਲ ਫਿਲੀਪੀਨੋ ਸਟਾਫ਼ ਦੀ ਭਰਤੀ ਕਰਵਾਉਣ ਦਾ ਕੰਮ ਕਰਨ ਵਾਲੀ ਮੈਰੀ ਗ੍ਰੇਸ ਮੋਰਾਲੇਸ ਦਾ ਕਹਿਣਾ ਹੈ ਕਿ ਮਹਿਲ ਲਈ ਕੰਮ ਕਰਨ ਵਾਲਿਆਂ ਨਾਲ ਤਾਂ ‘ਈਰਖਾ’ ਕੀਤੀ ਜਾਂਦੀ ਹੈ।
ਉਹ ਕਹਿੰਦੇ ਹਨ, "ਪਰਿਵਾਰ ਖੁੱਲ੍ਹੇ ਦਿਲ ਵਾਲੇ ਹੁੰਦੇ ਹਨ। ਕੁੜੀਆਂ ਜਦੋਂ ਮਹਿਲਾਂ ਵਿੱਚ ਕੰਮ ਕਰਦੀਆਂ ਹਨ ਤਾਂ ਉਨ੍ਹਾਂ ਦਾ ਭਾਰ ਵੱਧ ਜਾਂਦਾ ਹੈ। ਪਰਿਵਾਰ ਉਨ੍ਹਾਂ ਨੂੰ ਪੂਰਾ ਖਾਣਾ ਜੋ ਦਿੰਦਾ ਹੈ।"
ਉਸ ਦੇ ਨਾਲ ਹੀ ਉਹ ਖੁਲਾਸਾ ਕਰਦੀ ਹੈ ਕਿ ਸ਼ਾਹੀ ਲੋਕਾਂ ਦੀਆਂ ਖ਼ਾਸ ਲੋੜਾਂ ਹੁੰਦੀਆਂ ਹਨ।
ਮੋਰਾਲੇਸ ਦੱਸਦੇ ਹਨ, "ਕਤਰ ਦੇ ਸ਼ਾਹੀ ਪਰਿਵਾਰ ਲਈ ਕੰਮ ਕਰਨ ਲਈ ਜਿਹੜੀਆਂ ਕੁੜੀਆਂ ਭੇਜੀਆਂ ਹਨ ਉਹ 24 ਤੋਂ 35 ਸਾਲ ਦੀ ਉਮਰ ਦੀਆਂ ਹੁੰਦੀਆਂ ਹਨ ਤੇ ਬਹੁਤ ਸੁੰਦਰ ਵੀ ਹੁੰਦੀਆਂ ਹਨ।"
ਵੀਡੀਓ ਕਾਲ 'ਤੇ ਗੱਲ ਕਰਿਦਆਂ ਉਹ ਸਕਰੀਨ ਵੱਲ ਦੇਖਦਿਆਂ ਕੁਝ ਚੁੱਪ ਹੋ ਜਾਂਦੇ ਹਨ। ਫਿਰ ਮੁਸਕਰਾਉਂਦਿਆਂ ਕਹਿੰਦੇ ਹਨ, "ਤੁਹਾਡੇ ਨਾਲੋਂ ਥੋੜਾ ਜ਼ਿਆਦਾ ਸੋਹਣੀਆਂ।"
ਹਾਲਾਂਕਿ, ਉਹ ਬਾਅਦ ਵਿੱਚ ਉਹ ਵਟਸਐਪ 'ਤੇ ਮੁਆਫ਼ੀ ਵਾਲਾ ਸੰਦੇਸ਼ ਵੀ ਭੇਜਦੀ ਹੈ, ਕਿਉਂਕਿ ਉਸ ਦੇ ਬੱਚਿਆਂ ਨੇ ਸਾਡੀ ਗੱਲਬਾਤ ਸੁਣੀ ਅਤੇ ਮਾਂ ਨੂੰ ਕਿਹਾ ਕਿ ਉਸ ਨੇ ਗ਼ਲਤ ਕਿਹਾ ਸੀ।
ਮੈਂ ਉਸਨੂੰ ਭਰੋਸਾ ਦਿਵਾਇਆ ਕਿ ਮੈਂ ਨਾਰਾਜ਼ ਨਹੀਂ ਹਾਂ ਅਤੇ ਇਹ ਵੀ ਨਹੀਂ ਦੱਸਿਆ ਕਿ ਲੋਕਾਂ ਨੂੰ ਉਨ੍ਹਾਂ ਦੀ ਦਿੱਖ ਦੇ ਆਧਾਰ 'ਤੇ ਚੰਗਾ ਮਾੜਾ ਕਹਿਣਾ ਬਹੁਤ ਸਾਰੇ ਦੇਸ਼ਾਂ ਵਿੱਚ ਗੈਰ-ਕਾਨੂੰਨੀ ਹੈ।
ਮਾਈਗ੍ਰੈਂਟੇ ਇੰਟਰਨੈਸ਼ਨਲ ਦੀ ਜੋਆਨਾ ਕਨਸੇਪਸੀਓਨ ਕਹਿੰਦੇ ਹਨ ਕਿ ਉਸ ਨੂੰ ਉਮੀਦ ਹੈ ਕਿ ਸ਼ਾਹੀ ਨੌਕਰਾਣੀ ਵਜੋਂ ਕੰਮ ਕਰਨ ਬਾਰੇ ਅਲਥੀਆ ਨੇ ਜੋ ਕਿਹਾ ਉਹ ਸੱਚ ਹੋ ਸਕਦਾ ਹੈ।
ਪਰ ਨਾਲ ਹੀ ਉਨ੍ਹਾਂ ਨੇ ਕਿਹਾ, "ਨਿਸ਼ਚਤ ਤੌਰ 'ਤੇ ਇਹ ਅਸੰਭਵ ਹੈ ਕਿਉਂਕਿ ਉਹ ਅਜੇ ਵੀ ਹਨ ਤਾਂ ਕਤਰ ਵਿੱਚ ਹੈ ਅਤੇ ਇੱਕ ਤਾਕਤਵਰ ਪਰਿਵਾਰ ਲਈ ਕੰਮ ਕਰ ਰਹੀ ਹੈ।"
ਦੇਸ਼ ਛੱਡਣ ਤੋਂ ਬਾਅਦ ਖੁਲਾਸਾ ਕਰਨਾ
ਕਈ ਮਾਮਲਿਆਂ ਵਿੱਚ ਸ਼ਾਹੀ ਪਰਿਵਾਰਾਂ ਲਈ ਕੰਮ ਕਰਨ ਵਾਲਿਆਂ ਨੇ ਕਤਰ ਤੋਂ ਬਾਹਰ ਜਾਣ ਤੋਂ ਬਾਅਦ ਹਾਲਾਤ ਬਾਰੇ ਸ਼ਿਕਾਇਤ ਕੀਤੀ।
2019 ਵਿੱਚ ਤਿੰਨ ਬਰਤਾਨਵੀ ਅਤੇ ਅਮਰੀਕੀ ਕਰਮਚਾਰੀਆਂ ਜਿਨ੍ਹਾਂ ਵਿੱਚ ਇੱਕ ਬਾਡੀਗਾਰਡ, ਇੱਕ ਨਿੱਜੀ ਟ੍ਰੇਨਰ ਅਤੇ ਨਿੱਜੀ ਤੌਰ ’ਤੇ ਪੜ੍ਹਾਉਣ ਵਾਲਿਆਂ ਨੇ ਨਿਊਯਾਰਕ ਵਿੱਚ ਸ਼ੇਖਾ ਅਲ ਮਾਇਆਸਾ ਬਿੰਤ ਹਮਦ ਬਿਨ ਖਲੀਫ਼ਾ ਅਲ ਥਾਨੀ ਅਤੇ ਉਸ ਦੇ ਪਤੀ 'ਤੇ ਮੁਕੱਦਮਾ ਦਾਇਰ ਕਰ ਦਿੱਤਾ ਸੀ।
ਇਸ ਵਿੱਚ ਉਨ੍ਹਾਂ ਨੇ ਇਹ ਇਲਜ਼ਾਮ ਲਗਾਏ ਸਨ ਕਿ ਉਨ੍ਹਾਂ ਨੂੰ ਬਿਨਾਂ ਓਵਰਨਾਈਟ ਦਿੱਤੇ ਲੰਬੇ ਘੰਟਿਆਂ ਤੱਕ ਕੰਮ ਕਰਵਾਇਆ ਗਿਆ।
ਹਾਲਾਂਕਿ, ਜੋੜੇ ਨੇ ਇਲਜ਼ਾਮਾਂ ਤੋਂ ਇਨਕਾਰ ਕੀਤਾ ਅਤੇ ਬਿਨਾਂ ਕਿਸੇ ਦੇਣਦਾਰੀ ਦੇ ਮਾਮਲਾ ਸੈਟਲ ਕਰ ਲਿਆ ਗਿਆ ਸੀ।
ਅਰਬ ਦੇਸ਼ਾਂ ਦੇ ਇੰਟਰਨੈਸ਼ਨਲ ਲੈਬਰ ਆਰਗਨਾਈਜੇਸ਼ਨ (ਆਈਐੱਲਓ) ਦੇ ਰੀਜ਼ਨਲ ਡਾਇਰੈਕਟਰ ਰੂਬਾ ਜਰਾਦਤ ਮੁਤਾਬਕ, "ਹਿੰਸਾ, ਪ੍ਰੇਸ਼ਾਨੀ, ਕਿੱਤਾਮੁਖੀ ਸੁਰੱਖਿਆ ਤੇ ਸਿਹਤ ਸੁਵਿਧਾਵਾਂ ਦੀ ਘਾਟ ਅਤੇ ਲੋੜੀਂਦੀ ਰਿਹਾਇਸ਼ ਦੀ ਸੁਵਿਧਾ ਦੀ ਅਣਹੋਂਦ ਵਰਗੇ ਮੁੱਦਿਆਂ ਨੂੰ ਰਿਪੋਰਟ ਕਰਨਾ ਅਤੇ ਉਨ੍ਹਾਂ ਨੂੰ ਹੱਲ ਕਰਨਾ ਚੁਣੌਤੀਆਂ ਭਰਿਆ ਹੋ ਸਕਦਾ ਹੈ।"
ਨਵੇਂ ਨਿਯਮਾਂ ਵਿੱਚ ਘੱਟੋ-ਘੱਟ ਮਹਿਨਤਾਨਾ, ਹਫ਼ਤਾਵਾਰੀ ਛੁੱਟੀ, ਬਿਮਾਰੀ ਲਈ ਛੁੱਟੀ ਅਤੇ ਕੰਮ ਦੇ ਵਾਧੂ ਘੰਟਿਆਂ ਲਈ ਭੁਗਤਾਨ ਦੀ ਗਾਰੰਟੀ ਲਾਜ਼ਮੀ ਬਣਾਈ ਗਈ ਹੈ ਪਰ ਇਨ੍ਹਾਂ ਨੂੰ ਲਾਗੂ ਕਰਨਾ ਵੀ ਇੱਕ ‘ਚੁਣੌਤੀ’ਹੈ।
ਅਲਥੀਆ ਕਹਿੰਦੀ ਹੈ ਕਿ ਉਹ ਲੰਬਾ ਸਮਾਂ ਕੰਮ ਕਰਨ ਦੇ ਬਾਵਜੂਦ ਖੁਸ਼ ਹੈ।
ਜਦੋਂ ਉਹ ਸੌਣ ਲਈ ਜਾਂਦੀ ਹੈ ਤਾਂ ਉਹ ਫਿਲੀਪੀਨਜ਼ ਵਿੱਚ ਰਹਿੰਦੇ ਆਪਣੇ ਭੈਣ-ਭਰਾ ਜਾਂ ਮਾਤਾ-ਪਿਤਾ ਨਾਲ ਗੱਲ ਕਰਦੀ ਹੈ। ਉਸ ਨੂੰ ਆਪਣੇ ਘਰ ਦੀ ਬਹੁਤ ਯਾਦ ਆਉਂਦੀ ਹੈ।
ਇਹ ਪਰੀਆਂ ਦੇ ਘਰ ਵਰਗਾ ਮਹਿਲ ਉਸ ਦਾ ਘਰ ਨਹੀਂ ਹੈ। ਹਾਲਾਂਕਿ, ਇਹ ਆਮਦਨ ਦਾ ਇੱਕ ਅਹਿਮ ਸਰੋਤ ਹੈ।
ਉਹ ਆਖਦੀ ਹੈ, "ਮੈਂ ਇਸ ਨੌਕਰੀ ਤੋਂ ਬਿਨਾਂ ਆਪਣੇ ਪਰਿਵਾਰ ਦੀ ਦੇਖਭਾਲ ਨਹੀਂ ਕਰ ਸਕਦੀ।"
ਇਸ ਸਾਰੇ ਮਾਮਲੇ ਬਾਰੇ ਬੀਬੀਸੀ ਨੇ ਕਤਰ ਦੇ ਸ਼ਾਹੀ ਪਰਿਵਾਰ ਅਤੇ ਲੰਡਨ ਵਿੱਚ ਕਤਰ ਦੇ ਦੂਤਾਵਾਸ ਨਾਲ ਸੰਪਰਕ ਕੀਤਾ ਗਿਆ ਪਰ ਉਨ੍ਹਾਂ ਦਾ ਕੋਈ ਜਵਾਬ ਨਹੀਂ ਆਇਆ।
ਚਿੱਤਰ - ਮਾਰਟਾ ਕਲਾਵੇ ਰਜ਼ੇਕਜ਼ੀ