ਖੁਦੀਰਾਮ ਬੋਸ ਦੀ ਕਹਾਣੀ ਜਿਨ੍ਹਾਂ ਨੂੰ 18 ਸਾਲ ਦੀ ਉਮਰ ਵਿੱਚ ਫਾਂਸੀ ਦਿੱਤੀ ਗਈ ਸੀ

ਤਸਵੀਰ ਸਰੋਤ, Niyogi Books
- ਲੇਖਕ, ਰੇਹਾਨ ਫ਼ਜ਼ਲ
- ਰੋਲ, ਬੀਬੀਸੀ ਪੱਤਰਕਾਰ
19 ਜੁਲਾਈ,1905 ਨੂੰ ਜਿਵੇਂ ਹੀ ਲਾਰਡ ਕਰਜ਼ਨ ਨੇ ਬੰਗਾਲ ਵੰਡ ਦਾ ਫ਼ੈਸਲਾ ਲਿਆ, ਬੰਗਾਲ ਹੀ ਨਹੀਂ ਪੂਰੇ ਭਾਰਤ ਦੇ ਲੋਕਾਂ ਦੇ ਮਨਾਂ ਵਿੱਚ ਅੰਗਰੇਜ਼ਾਂ ਖ਼ਿਲਾਫ਼ ਰੋਹ ਭੜਕ ਗਿਆ।
ਹਰ ਥਾਂ ਰੋਸ ਮਾਰਚ, ਵਿਦੇਸ਼ੀ ਸਮਾਨ ਦੇ ਵਿਰੋਧ ਅਤੇ ਅਖਬਾਰਾਂ ਵਿੱਚ ਅੰਗਰੇਜ਼ਾਂ ਦੇ ਖ਼ਿਲਾਫ਼ ਲੇਖਾਂ ਦਾ ਇੱਕ ਤਰ੍ਹਾਂ ਹੜ੍ਹ ਆ ਗਿਆ।
ਉਸੇ ਜ਼ਮਾਨੇ ਵਿੱਚ ਸਵਾਮੀ ਵਿਵੇਕਾਨੰਦ ਦੇ ਭਰਾ ਭੁਪਿੰਦਰਨਾਥ ਦੱਤ ਨੇ ‘ਜੁਗਾਂਤਰ’ ਅਖ਼ਬਾਰ ਵਿੱਚ ਲੇਖ ਲਿਖਿਆ ਜਿਸ ਨੂੰ ਸਰਕਾਰ ਨੇ ਰਾਜਧ੍ਰੋਹ ਮੰਨਿਆ।
ਕਲਕੱਤਾ ਪ੍ਰੈਜ਼ੀਡੈਂਸੀ ਦੇ ਮੈਜਿਸਟ੍ਰੇਟ ਡਗਲਸ ਕਿੰਗਜ਼ਫੋਰਡ ਨੇ ਨਾ ਸਿਰਫ਼ ਪ੍ਰੈੱਸ ਨੂੰ ਜ਼ਬਤ ਕਰਨ ਦਾ ਹੁਕਮ ਦਿੱਤਾ, ਸਗੋਂ ਭੁਪਿੰਦਰਨਾਥ ਦੱਤ ਨੂੰ ਇਹ ਲੇਖ ਲਿਖਣ ਦੇ ਇਲਜ਼ਾਮ ਵਿੱਚ ਇੱਕ ਸਾਲ ਕੈਦ ਦੀ ਸਜ਼ਾ ਸੁਣਾਈ।
ਇਸ ਫ਼ੈਸਲੇ ਨੇ ਅੰਗਰੇਜ਼ਾਂ ਖ਼ਿਲਾਫ਼ ਵਿਦਰੋਹ ਵਿੱਚ ਅੱਗ ਅੰਦਰ ਘਿਓ ਦਾ ਕੰਮ ਕੀਤਾ।
ਇਹੀ ਨਹੀਂ, ਕਿੰਗਜ਼ਫੋਰਡ ਨੇ ਵੰਦੇ ਮਾਤਰਮ ਦਾ ਨਾਅਰਾ ਬੁਲੰਦ ਕਰਨ ਵਾਲੇ ਇੱਕ 15 ਸਾਲਾ ਵਿਦਿਆਰਥੀ ਨੂੰ 15 ਬੈਂਤ ਲਗਾਉਣ ਦੀ ਸਖ਼ਤ ਸਜ਼ਾ ਸੁਣਾ ਦਿੱਤੀ।
ਇਸ ਤੋਂ ਬਾਅਦ 6 ਦਸੰਬਰ,1907 ਦੀ ਰਾਤ ਨੂੰ ਮਿਦਨਾਪੁਰ ਜ਼ਿਲ੍ਹੇ ਵਿੱਚ ਨਰਾਇਣਗੜ੍ਹ ਦੇ ਕੋਲਬੰਗਾਲ ਦੇ ਲੈਫ਼ਟੀਨੈਂਟ ਗਵਰਨਰ ਐਂਡਰਿਊ ਫਰੈਜ਼ਰ ਦੀ ਟ੍ਰੇਨ ਨੂੰ ਬੰਬ ਨਾਲ ਉਡਾਉਣ ਦੀ ਕੋਸ਼ਿਸ਼ ਹੋਈ।
ਕੁਝ ਦਿਨਾਂ ਬਾਅਦ ਚੰਦਨਾਗੌਰ ਵਿੱਚ ਲੈਫ਼ਟੀਨੈਂਟ ਗਵਰਨਰ ਦੀ ਟ੍ਰੇਨ ਨੂੰ ਉਡਾਉਣ ਦੀ ਇੱਕ ਹੋਰ ਕੋਸ਼ਿਸ਼ ਹੋਈ ਜਿਸ ਵਿੱਚ ਬਰਿੰਦਰਘੋਸ਼, ਉਲਾਸਕਰ ਦੱਤ ਅਤੇ ਪ੍ਰਫੁੱਲ ਚਾਕੀ ਸ਼ਾਮਿਲ ਸਨ।

ਬਚਪਨਤੋਂਹੀਅੰਗਰੇਜ਼ਾਂਦਾਵਿਰੋਧ

ਤਸਵੀਰ ਸਰੋਤ, Niyogi Books
1906 ਵਿੱਚ ਮਿਦਨਾਪੁਰ ਵਿੱਚ ਇੱਕ ਮੇਲਾ ਕਰਵਾਇਆ ਗਿਆ। ਸਤੇਂਦਰਨਾਥ ਬੋਸ ਨੇ ਵੰਦੇ ਮਾਤਰਮ ਦੇ ਸਿਰਲੇਖ ਨਾਲ ਅੰਗਰੇਜ਼ੀ ਸ਼ਾਸਨ ਦਾ ਵਿਰੋਧ ਕਰਦਿਆਂ ਇੱਕ ਪਰਚਾ ਛਪਵਾਇਆ ਸੀ। ਖੁਦੀਰਾਮ ਬੋਸ ਨੂੰ ਮੇਲੇ ਵਿੱਚ ਇਹ ਪਰਚੇ ਵੰਡਣ ਦੀ ਜ਼ਿੰਮੇਵਾਰੀ ਸੌਂਪੀ ਗਈ।
ਉੱਥੇ ਅੰਗਰੇਜ਼ਾਂ ਦੇ ਇੱਕ ਪਿੱਠੂ ਰਾਮਚਰਣ ਸੇਨ ਨੇ ਉਨ੍ਹਾਂ ਨੂੰ ਸ਼ਾਸਨ ਵਿਰੋਧੀ ਪਰਚੇ ਵੰਡਦਿਆਂ ਦੇਖ ਲਿਆ। ਉਨ੍ਹਾਂ ਨੇ ਇਸ ਦੀ ਸੂਚਨਾ ਉੱਥੇ ਤੈਨਾਤ ਇੱਕ ਸਿਪਾਹੀ ਨੂੰ ਦੇ ਦਿੱਤੀ।
ਪੁਲਿਸ ਦੇ ਇੱਕ ਸਿਪਾਹੀ ਨੇ ਖੁਦੀਰਾਮ ਨੂੰ ਫੜਣ ਦੀ ਕੋਸ਼ਿਸ਼ ਕੀਤੀ। ਖੁਦੀਰਾਮ ਨੇ ਉਸ ਸਿਪਾਹੀ ਦੇ ਮੂੰਹ ’ਤੇ ਇੱਕ ਮੁੱਕਾ ਵੀ ਜੜ੍ਹ ਦਿੱਤਾ। ਉਦੋਂ ਹੀ ਦੂਜੇ ਪੁਲਿਸ ਵਾਲੇ ਪਹੁੰਚ ਗਏ। ਸਾਰਿਆਂ ਨੇ ਮਿਲ ਕੇ ਖੁਦੀਰਾਮ ਨੂੰ ਫੜ ਲਿਆ।
ਲਕਸ਼ਮੇਂਦਰ ਚੋਪੜਾ, ਖੁਦੀਰਾਮ ਬੋਸ ਦੀ ਜੀਵਨੀ ਵਿੱਚ ਲਿਖਦੇ ਹਨ, “ਸਤੇਂਦਰਨਾਥ ਵੀ ਉਸੇ ਮੇਲੇ ਵਿੱਚ ਘੁੰਮ ਰਹੇ ਸੀ।
ਉਨ੍ਹਾਂ ਨੇ ਸਿਪਾਹੀਆਂ ਨੂੰ ਝਿੜਕਦਿਆਂ ਕਿਹਾ ਕਿ ਤੁਸੀਂ ਡਿਪਟੀ ਮੈਜਿਸਟ੍ਰੇਟ ਦੇ ਮੁੰਡੇ ਨੂੰ ਕਿਉਂ ਫੜਿਆ ਹੈ। ਇਹ ਸੁਣਦੇ ਹੀ ਸਿਪਾਹੀਆਂ ਦੇ ਹੋਸ਼ ਉੱਡ ਗਏ। ਜਿਵੇਂ ਹੀ ਸਿਪਾਹੀਆਂ ਦੀ ਪਕੜ ਥੋੜ੍ਹੀ ਢਿੱਲੀ ਹੋਈ ਖੁਦੀਰਾਮ ਬੋਸ ਉੱਥੋਂ ਗਾਇਬ ਹੋ ਗਏ।”
ਬਾਅਦ ਵਿੱਚ ਡੀ ਵੈਸਟਨ ਦੀ ਅਦਾਲਤ ਵਿੱਚ ਸਤੇਂਦਰਨਾਥ ’ਤੇ ਪੁਲਿਸ ਦੀਆਂ ਅੱਖਾਂ ਵਿੱਚ ਘੱਟਾ ਪਾਉਣ ਦੇ ਇਲਜ਼ਾਮ ਵਿੱਚ ਮੁਕੱਦਮਾ ਚੱਲਿਆ ਪਰ ਉਨ੍ਹਾਂ ’ਤੇ ਇਲਜ਼ਾਮ ਸਾਬਿਤ ਨਹੀਂ ਹੋ ਸਕੇ।
ਵੈਸਟਨ ਨੇ ਆਪਣਾ ਫ਼ੈਸਲਾ ਇਸ ਤਰ੍ਹਾਂ ਲਿਖਿਆ ਕਿ ਅਪ੍ਰੈਲ, 1906 ਵਿੱਚ ਸਤੇਂਦਰਨਾਥ ਨੂੰ ਅਧਿਆਪਕ ਅਹੁਦੇ ਤੋਂ ਲਾਹ ਦਿੱਤਾ ਗਿਆ।

ਤਸਵੀਰ ਸਰੋਤ, BHARTIYA GYANPEETH

ਖੁਦੀਰਾਮ ਬੋਸ ਅਤੇ ਪ੍ਰਫੁੱਲ ਚਾਕੀ ਪਿਸਤੌਲ ਲੈ ਕੇ ਮੁਜ਼ੱਫਰਪੁਰ ਪਹੁੰਚੇ
8 ਅਪ੍ਰੈਲ, 1908 ਨੂੰ 17 ਸਾਲਾ ਖੁਦੀਰਾਮ ਬੋਸ ਅਤੇ ਪ੍ਰਫੁੱਲ ਚਾਕੀ ਨੂੰ ਡਗਲਸ ਕਿੰਗਜ਼ਫੋਰਡ ਦੇ ਕਤਲ ਦਾ ਜਿੰਮਾ ਸੌਂਪਿਆ ਗਿਆ।
ਇਸ ਤੋਂ ਪਹਿਲਾਂ ਕ੍ਰਾਂਤੀਕਾਰੀਆਂ ਨੇ ਕਿੰਗਜ਼ਫੋਰ਼ਡ ਨੂੰ ਇੱਕ ਪਾਰਸਲ ਬੰਬ ਭੇਜ ਕੇ ਮਾਰਨ ਦੀ ਕੋਸ਼ਿਸ਼ ਕੀਤੀ ਸੀ। ਪਰ ਉਹ ਪਾਰਸਲ ਉਨ੍ਹਾਂ ਨੇ ਨਹੀਂ ਖੋਲ੍ਹਿਆ। ਪਾਰਸਲ ਖੋਲ੍ਹਦਿਆਂ ਇੱਕ ਹੋਰ ਕਰਮਚਾਰੀ ਜ਼ਖਮੀ ਹੋ ਗਿਆ।
ਇਸੇ ਵਿੱਚ ਕ੍ਰਾਂਤੀਕਾਰੀਆਂ ਦੀਆਂ ਗਤੀਵਿਧੀਆਂ ਤੋਂ ਡਰ ਕੇ ਕਿੰਗਜ਼ਫੋਰਡ ਨੇ ਆਪਣਾ ਤਬਾਦਲਾ ਬੰਗਾਲ ਤੋਂ ਦੂਰ ਬਿਹਾਰ ਦੇ ਮੁਜ਼ੱਫਰਪੁਰ ਵਿੱਚ ਕਰਵਾ ਲਿਆ।
ਯੁਗਾਂਤਕਾਰੀ ਸੰਗਠਨ ਵੱਲੋਂ ਖੁਦੀਰਾਮ ਨੂੰ ਦੋ ਪਿਸਤੌਲ ਅਤੇ ਪ੍ਰਫੁੱਲ ਚਾਕੀ ਨੂੰ ਇੱਕ ਪਿਸਤੌਲ ਅਤੇ ਕਾਰਤੂਸ ਦੇ ਕੇ ਮੁਜ਼ੱਫਰਪੁਰ ਭੇਜਿਆ ਗਿਆ। ਹੇਮਚੰਦ ਕਾਨੂੰਗੋ ਨੇ ਉਨ੍ਹਾਂ ਨੂੰ ਕੁਝ ਗ੍ਰਨੇਡ ਵੀ ਦਿੱਤੇ।
ਲਕਸ਼ਮੇਂਦਰ ਚੋਪੜਾ ਖੁਦੀਰਾਮ ਬੋਸ ਦੀ ਜੀਵਨੀ ਵਿੱਚ ਲਿਖਦੇ ਹਨ, “18 ਅਪ੍ਰੈਲ, 1908 ਨੂੰ ਖੁਦੀਰਾਮ ਬੋਸ ਅਤੇ ਪ੍ਰਫੁੱਲ ਚਾਕੀ ਆਪਣੇ ਮਿਸ਼ਨ ਲਈ ਮੁਜ਼ੱਫਰਪੁਰ ਪਹੁੰਚ ਗਏ। ਉੱਥੇ ਦੋਹੇਂ ਵੀਰ ਮੋਤੀ ਝੀਲ ਖੇਤਰ ਵਿੱਚ ਇੱਕ ਧਰਮਸ਼ਾਲਾ ਵਿੱਚ ਰੁਕੇ।”
“ਦੋਹਾਂ ਨੌਜਵਾਨਾਂ ਨੇ ਬਰੀਕੀ ਨਾਲ ਕਿੰਗਜ਼ਫੋਰਡ ਦੇ ਘਰ ਅਤੇ ਉਸ ਦੇ ਰੂਟੀਨ ਦਾ ਅਧਿਐਨ ਸ਼ੁਰੂ ਕਰ ਦਿੱਤਾ। ਉਦੋਂ ਤੱਕ ਪੁਲਿਸ ਨੂੰ ਸੂਹ ਦੇਣ ਵਾਲਿਆਂ ਨੂੰ ਇਸ ਯੋਜਨਾ ਦੀ ਭਣਕ ਲੱਗ ਗਈ ਸੀ। ਉਨ੍ਹਾਂ ਨੇ ਕਿੰਗਜ਼ਫੋਰਡ ਨੂੰ ਸੁਚੇਤ ਕਰਦਿਆਂ ਸੁਰੱਖਿਆ ਵਿੱਚ ਵਾਧਾ ਕਰ ਦਿੱਤਾ।”
ਖੁਦੀਰਾਮ ਅਤੇ ਪ੍ਰਫੁੱਲ ਚਾਕੀ ਨੂੰ ਇਸ ਗੱਲ ਦਾ ਅੰਦਾਜ਼ਾ ਹੋ ਗਿਆ ਕਿ ਕਿੰਗਜ਼ਫੋਰਡ ਹਰ ਰਾਤ ਵਿਕਟੋਰੀਆ ਬੱਗੀ ਵਿੱਚ ਆਪਣੀ ਪਤਨੀ ਨਾਲ ਸਟੇਸ਼ਨ ਕਲੱਬ ਆਉਂਦੇ ਹਨ। ਦੋਹਾਂ ਨੇ ਯੋਜਨਾ ਬਣਾਈ ਕਿ ਕਲੱਬ ਤੋਂ ਵਾਪਸੀ ਵੇਲੇ ਕਿੰਗਜ਼ਫੋਰਡ ਦੀ ਬੱਗੀ ਉੱਤੇ ਬੰਬ ਸੁੱਟ ਕੇ ਉਨ੍ਹਾਂ ਦਾ ਕਤਲ ਕਰ ਦਿੱਤਾ ਜਾਵੇ।

ਰਾਤ ਸਾਢੇ ਅੱਠ ਵਜੇ ਬੰਬ ਸੁੱਟਿਆ

ਤਸਵੀਰ ਸਰੋਤ, INDIAN POSTAL DEPARTMENT
ਉਸ ਜ਼ਮਾਨੇ ਵਿੱਚ ਮੁਜ਼ੱਫਰਪੁਰ ਦੇ ਸਟੇਸ਼ਨ ਕਲੱਬ ਵਿੱਚ ਸ਼ਾਮ ਨੂੰ ਬਹੁਤ ਰੌਣਕ ਹੁੰਦੀ ਸੀ।
ਉੱਥੇ ਹਰ ਸ਼ਾਮ ਬ੍ਰਿਟਿਸ਼ ਅਧਿਕਾਰੀ ਅਤੇ ਉੱਚੇ ਅਹੁਦਿਆਂ ’ਤੇ ਕੰਮ ਕਰਨ ਵਾਲੇ ਭਾਰਤੀ ਇਕੱਠੇ ਹੋ ਕੇ ਪਾਰਟੀ ਕਰਦੇ ਸੀ ਅਤੇ ਇੰਡੋਰ ਗੇਮਜ਼ ਖੇਡਦੇ ਸੀ। ਪਰ ਕਲਕੱਤਾ ਦੀ ਤੁਲਨਾ ਵਿੱਚ ਮੁਜ਼ੱਫਰਪੁਰ ਦੀਆਂ ਸ਼ਾਮਾਂ ਜਲਦੀ ਖਤਮ ਹੋ ਜਾਇਆ ਕਰਦੀਆਂ ਸੀ।
ਉਸ ਦਿਨ ਕਿੰਗਜ਼ਫੋਰ਼ਡ ਅੰਗਰੇਜ਼ ਬੈਰਿਸਟਰ ਪ੍ਰਿੰਗਲ ਕੈਨੇਡੀ ਦੀ ਪਤਨੀ ਅਤੇ ਬੇਟੀ ਦੇ ਨਾਲ ਬ੍ਰਿਜ ਖੇਡ ਰਹੇ ਸੀ। 30 ਅਪ੍ਰੈਲ, 1908 ਦੀ ਸ਼ਾਮ ਸਾਢੇ ਅੱਠ ਵਜੇ ਜਦੋਂ ਖੇਡ ਖਤਮ ਹੋਈ ਤਾਂ ਦੋ ਅੰਗਰੇਜ਼ ਔਰਤਾਂ ਸ੍ਰੀਮਤੀ ਕੈਨੇਡੀ ਅਤੇ ਗ੍ਰੇਸ ਕੈਨੇਡੀ ਘੋੜੇ ਦੀ ਇੱਕ ਬੱਗੀ ਵਿੱਚ ਸਵਾਰ ਹੋਈਆਂ।
ਇਹ ਬੱਗੀ ਕਿੰਗਜ਼ਫੋਰ਼ਡ ਦੀ ਬੱਗੀ ਨਾਲ ਮਿਲਦੀ-ਜੁਲਦੀ ਸੀ। ਦੂਜੀ ਬੱਗੀ ਵਿੱਚ ਕਿੰਗਜ਼ਫੋਰਡ ਅਤੇ ਉਨ੍ਹਾਂ ਦੀ ਪਤਨੀ ਸਵਾਰ ਹੋਏ। ਉਨ੍ਹਾਂ ਔਰਤਾਂ ਨੇ ਉਹੀ ਸੜਕ ਫੜੀ ਜੋ ਕਿੰਗਜ਼ਫੋਰ਼ਡ ਦੇ ਘਰ ਸਾਹਮਣਿਓਂ ਲੰਘਦੀ ਸੀ।
ਨੁਰੂਲ ਹੋਦਾ ਆਪਣੀ ਕਿਤਾਬ, ‘ਦ ਅਲੀਪੁਰ ਬੰਬ ਕੇਸ’ ਵਿੱਚ ਲਿਖਦੇ ਹਨ, “ਉਹ ਹਨੇਰੀ ਰਾਤ ਸੀ। ਜਦੋਂ ਬੱਗੀ ਕਿੰਗਜ਼ਫੋਰਡ ਦੇ ਘਰ ਗੇਟ ਨੇੜੇ ਪਹੁੰਚੀ ਤਾਂ ਸੜਕ ਦੇ ਦੱਖਣੀ ਪਾਸੇ ਲੁਕੇ ਦੋ ਲੋਕ ਉਸ ਵੱਲ ਦੌੜੇ। ਉਨ੍ਹਾਂ ਨੇ ਬੱਗੀ ਦੇ ਅੰਦਰ ਬੰਬ ਸੁੱਟ ਦਿੱਤਾ।”
ਬੱਗੀ ਦੇ ਪਰਖੱਚੇ ਉੱਡ ਗਏ ਅਤੇ ਉਸ ਵਿੱਚ ਸਵਾਰ ਦੋ ਔਰਤਾਂ ਨੂੰ ਗੰਭੀਰ ਸੱਟਾਂ ਲੱਗੀਆਂ। ਬੱਗੀ ਚਲਾ ਰਿਹਾ ਸੰਗਤ ਦੋਸਾਧ ਜੋ ਬੱਗੀ ਦੇ ਪਿੱਛੇ ਫੁੱਟਬੋਰਡ ਉੱਤੇ ਖੜ੍ਹਾ ਹੋਇਆ ਸੀ, ਜ਼ਖਮੀ ਹੋ ਕੇ ਥੱਲੇ ਡਿੱਗਿਆ ਅਤੇ ਬੇਹੋਸ਼ ਹੋ ਗਿਆ।
ਜ਼ਖਮੀ ਲੋਕਾਂ ਨੂੰ ਕਿੰਗਜ਼ਫੋਰਡ ਦੇ ਘਰ ਲਿਆਂਦਾ ਗਿਆ। ਗ੍ਰੇਸ ਕੈਨੇਡੀ ਦੀ ਇੱਕ ਘੰਟੇ ਅੰਦਰ ਮੌਤ ਹੋ ਗਈ ਜਦਕਿ ਸ੍ਰੀਮਤੀ ਕੈਨੇਡੀ ਅਗਲੇ 24 ਘੰਟਿਆਂ ਤੱਕ ਜ਼ਿੰਦਗੀ ਅਤੇ ਮੌਤ ਵਿਚਕਾਰ ਲੜਦੀ ਰਹੀ। 2 ਮਈ ਨੂੰ ਉਨ੍ਹਾਂ ਦੀ ਵੀ ਮੌਤ ਹੋ ਗਈ।

ਇਹ ਵੀ ਪੜ੍ਹੋੇ:ਇਹ ਵੀ ਪੜ੍ਹੋ:

ਬੋਸ ਅਤੇ ਚਾਕੀ ’ਤੇ 5000 ਰੁਪਏ ਦਾ ਇਨਾਮ ਐਲਾਨਿਆ ਗਿਆ

ਤਸਵੀਰ ਸਰੋਤ, Niyogi Books
ਘਟਨਾ ਦੇ ਰਿਕਾਰਡ ਵਿੱਚ ਕਿਹਾ ਗਿਆ, “ਬੰਬ ਦਾ ਧਮਾਕਾ ਇੰਨਾਂ ਤੇਜ਼ ਨਹੀਂ ਸੀ। ਪਰ ਉਸ ਨੂੰ ਇੰਨੇ ਪੱਕੇ ਨਿਸ਼ਾਨੇ ਨਾਲ ਸੁੱਟਿਆ ਗਿਆ ਸੀ ਕਿ ਜੇ ਹਥਿਆਰਾਂ ਨਾਲ ਨਿਸ਼ਾਨਾ ਲੈਣ ਵਿੱਚ ਇੱਕ ਫੁੱਟ ਦੀ ਵੀ ਗਲਤੀ ਹੋਈ ਹੁੰਦੀ ਤਾਂ ਦੋਵੇਂ ਔਰਤਾਂ ਵਿੱਚੋਂ ਘੱਟੋ-ਘੱਟ ਇੱਕ ਦੀ ਜਾਨ ਬਚ ਜਾਂਦੀ।”
ਜਦੋਂ ਕਲਕੱਤਾ ਪੁਲਿਸ ਨੇ ਕਿੰਗਜ਼ਫੋਰਡ ਦੇ ਸੰਭਾਵਿਤ ਕਤਲ ਬਾਰੇ ਸੁਚੇਤ ਕੀਤਾ ਸੀ ਤਾਂ ਉਨ੍ਹਾਂ ਦੀ ਸੁਰੱਖਿਆ ਲਈ ਦੋ ਪੁਲਿਸ ਕਰਮੀਆਂ ਤਹਿਸੀਲਦਾਰ ਖਾਨ ਅਤੇ ਫੈਜ਼ਾਉੱਦੀਨ ਨੂੰ ਤੈਨਾਤ ਕੀਤਾ ਗਿਆ ਸੀ।
30 ਅਪ੍ਰੈਲ ਦੀ ਸ਼ਾਮ ਇਨ੍ਹਾਂ ਦੋਹਾਂ ਪੁਲਿਸਕਰਮੀਆਂ ਨੂੰ ਸਟੇਸ਼ਨ ਕਲੱਬ ਅਤੇ ਕਿੰਗਜ਼ਫੋਰਡ ਦੇ ਘਰ ਵਿਚਕਾਰ ਗਸ਼ਤ ਲਗਾਉਣ ਦੀ ਜ਼ਿੰਮੇਵਾਰੀ ਦਿੱਤੀ ਗਈ ਸੀ।
ਸਾਢੇ ਅੱਠ ਵਜੇ ਉਨ੍ਹਾਂ ਹੀ ਪੁਲਿਸ ਕਰਮੀਆਂ ਨੇ ਕਿੰਗਜ਼ਫੋਰਡ ਦੇ ਘਰ ਬਾਹਰ ਧਮਾਕਾ ਸੁਣਿਆ ਸੀ ਅਤੇ ਉੱਥੋਂ ਦੋ ਲੋਕਾਂ ਨੂੰ ਦੱਖਣ ਵੱਲ ਭੱਜਦਿਆਂ ਦੇਖਿਆ ਸੀ ਪਰ ਫਿਰ ਉਹ ਲੋਕ ਹਨੇਰੇ ਵਿੱਚ ਗਵਾਚ ਗਏ ਸੀ।
ਖੁਦੀਰਾਮ ਬੋਸ ਅਤੇ ਪ੍ਰਫੁੱਲ ਚਾਕੀ ਉੱਥੋਂ ਭੱਜ ਤਾਂ ਨਿਕਲੇ ਪਰ ਜਲਦਬਾਜ਼ੀ ਵਿੱਚ ਖੁਦੀਰਾਮ ਦੇ ਜੁੱਤੇ ਉੱਥੇ ਹੀ ਰਹਿ ਗਏ।
ਘਟਨਾ ਤੋਂ ਬਾਅਦ ਜ਼ਿਲ੍ਹਾ ਪੁਲਿਸ ਮੁਖੀ ਨੇ ਮੁਜ਼ੱਫਰਪੁਰ ਤੋਂ ਮੋਕਾਮਾ ਅਤੇ ਬਾਂਕੀਪੁਰ ਦੀ ਦਿਸ਼ਾ ਵਿੱਚ ਇਨ੍ਹਾਂ ਨੂੰ ਫੜਣ ਲਈ ਕਈ ਪੁਲਿਸ ਕਰਮੀਆਂ ਨੂੰ ਭੇਜ ਦਿੱਤਾ। ਜ਼ਿਲ੍ਹਾ ਪ੍ਰਸ਼ਾਸਨ ਨੇ ਇਹ ਵੀ ਐਲਾਨ ਕੀਤਾ ਕਿ ਜੋ ਸ਼ਖ਼ਸ ਇਨ੍ਹਾਂ ਦੀ ਸੂਚਨਾ ਦੇਵੇਗਾ ਉਸ ਨੂੰ 5,000 ਰੁਪਏ ਦਾ ਇਨਾਮ ਦਿੱਤਾ ਜਾਏਗਾ।


ਖੁਦੀਰਾਮ ਬੋਸ ਦੀ ਗ੍ਰਿਫ਼ਤਾਰੀ

ਤਸਵੀਰ ਸਰੋਤ, Niyogi Books
ਪੂਰੇ ਮੁਜ਼ੱਫਰਪੁਰ ਸ਼ਹਿਰ ਵਿੱਚ ਸਨਸਨੀ ਫੈਲ ਗਈ। ਖੁਦੀਰਾਮ ਅਤੇ ਚਾਕੀ ਰੇਲ ਪਟੜੀਆਂ ਕਿਨਾਰੇ ਭਜਦਿਆਂ ਸਮਸਤੀਪੁਰ ਦੇ ਨੇੜੇ ਵੈਨੀ ਰੇਲਵੇ ਸਟੇਸ਼ਨ ਪਹੁੰਚ ਗਏ। ਉਨ੍ਹਾਂ ਨੇ ਰਾਤ ਦੇ ਹਨੇਰੇ ਵਿੱਚ ਕਰੀਬ 24 ਮੀਲ ਦੀ ਦੂਰੀ ਪੈਦਲ ਭੱਜਦਿਆਂ ਤੈਅ ਕਰ ਲਈ ਸੀ।
ਵੈਨੀ ਸਟੇਸ਼ਨ ਦੇ ਬਾਹਰ ਦੋਹੇਂ ਕ੍ਰਾਂਤੀਕਾਰੀ ਇੱਕ ਦੂਜੇ ਨੂੰ ਗਲੇ ਮਿਲ ਕੇ ਇਸ ਸੰਕਲਪ ਨਾਲ ਵੱਖ-ਵੱਖ ਦਿਸ਼ਾਵਾਂ ਵੱਲ ਚੱਲ ਪਏ ਕਿ ਜੇ ਜੀਵਨ ਰਿਹਾ ਤਾਂ ਕਲਕੱਤਾ ਵਿੱਚ ਫਿਰ ਮਿਲਾਂਗੇ।
ਲਕਸ਼ਮੇਂਦਰ ਚੋਪੜਾ ਲਿਖਦੇ ਹਨ, “1 ਮਈ, 1908 ਦੀ ਸਵੇਰ ਵੈਨੀ ਰੇਲਵੇ ਸਟੇਸ਼ਨ ਦੇ ਨੇੜੇ ਖੁਦੀਰਾਮ ਪਾਣੀ ਪੀ ਕੇ ਅਰਾਮ ਕਰਨ ਲਈ ਬੈਠੇ ਹੀ ਸੀ ਕਿ ਉਨ੍ਹਾਂ ਨੇ ਸੁਣਿਆ ਕਿ ਲੋਕ ਆਪਸ ਵਿੱਚ ਰਾਤ ਦੀ ਘਟਨਾ ਬਾਰੇ ਚਰਚਾ ਕਰ ਰਹੇ ਸੀ। ਉਨ੍ਹਾਂ ਵਿੱਚੋਂ ਕਿਸੇ ਨੇ ਕਿਹਾ, ਉਹ ਕਿੰਗਜ਼ਫੋਰ਼ਡ ਤਾਂ ਨਹੀਂ ਮਰਿਆ ਇਸ ਬੰਬ ਨਾਲ, ਪਰ ਅੰਗਰੇਜ਼ ਮਾਂ-ਬੇਟੀ ਮਾਰੀਆਂ ਗਈਆਂ।”
ਇਹ ਸੁਣ ਕੇ ਖੁਦੀਰਾਮ ਨੂੰ ਧੱਕਾ ਲੱਗਾ। ਉਸ ਦੇ ਮੂੰਹੋਂ ਅਚਾਨਕ ਨਿਕਲਿਆ, “ਤਾਂ ਕੀ ਕਿੰਗਜ਼ਫੋਰਡ ਨਹੀਂ ਮਰਿਆ ?”
ਉੱਥੇ ਅੰਗਰੇਜ਼ ਪੁਲਿਸ ਦੇ ਕੁਝ ਸਿਪਾਹੀ ਅਤੇ ਜਾਸੂਸ ਵੀ ਘੁੰਮ ਰਹੇ ਸੀ। ਖੁਦੀਰਾਮ ਦੀ ਥਕਾਵਟ, ਉਤੇਜਨਾ, ਉਮਰ ਦੇ ਨਾਲ ਨਾਲ ਉਸ ਦਾ ਬੰਗਾਲੀ ਬੋਲਣ ਦਾ ਲਹਿਜਾ ਅਤੇ ਨੰਗੇ ਪੈਰ ਹੋਣ ਕਾਰਨ ਸ਼ੱਕ ਵਿੱਚ ਖੁਦੀਰਾਮ ਨੂੰ ਤੁਰੰਤ ਫੜ ਲਿਆ ਗਿਆ।
ਜਦੋਂ ਉਨ੍ਹਾਂ ਨੂੰ ਫੜਿਆ ਜਾ ਰਿਹਾ ਸੀ ਉਸ ਵੇਲੇ ਉਨ੍ਹਾਂ ਦੇ ਕੱਪੜਿਆਂ ਤੋਂ ਇੱਕ ਰਿਵਾਲਵਰ ਥੱਲੇ ਡਿਗ ਗਿਆ। ਉਨ੍ਹਾਂ ਨੇ ਫ਼ਾਇਰ ਕਰਨ ਦੀ ਮੰਸ਼ਾ ਨਾਲ ਤੁਰੰਤ ਇੱਕ ਛੋਟਾ ਲੋਡਿਡ ਰਿਵਾਲਵਰ ਕੱਢ ਲਿਆ। ਉਨ੍ਹਾਂ ਦੀ ਜੇਭ ਤੋਂ 37 ਕਾਰਤੂਸ ਅਤੇ 30 ਰੁਪਏ ਵੀ ਮਿਲੇ।

ਜੁੱਤੇ ਨੂੰ ਪੈਰ ਵਿੱਚ ਪਾ ਕੇ ਦੇਖਿਆ ਗਿਆ

ਤਸਵੀਰ ਸਰੋਤ, Niyogi Books
ਲਕਸ਼ਮੇਂਦਰ ਚੋਪੜਾ ਲਿਖਦੇ ਹਨ, “ਖੁਦੀਰਾਮ ਦੇ ਲੱਕ ਨਾਲ ਇੱਕ ਧਾਰੀਦਾਰ ਕੋਟ ਬੰਨ੍ਹਿਆ ਹੋਇਆ ਸੀ। ਬਾਅਦ ਵਿੱਚ ਤਹਿਸੀਲਦਾਰ ਖਾਨ ਨੇ ਪਛਾਣਿਆ ਕਿ ਕਲੱਬ ਦੇ ਅਹਾਤੇ ਬਾਹਰ ਖੁਦੀਰਾਮ ਬੋਸ ਨੇ ਇਹੀ ਕੋਟ ਪਹਿਨਿਆ ਹੋਇਆ ਸੀ।”
“ਬੋਸ ਦੀ ਗ੍ਰਿਫ਼ਤਾਰੀ ਦੀ ਖਬਰ ਸੁਣ ਕੇ ਉਨ੍ਹਾਂ ਨੂੰ ਲਿਆਉਣ ਲਈ ਜ਼ਿਲ੍ਹਾ ਮੈਜਿਸਟ੍ਰੇਟ ਵੈਨੀ ਪਹੁੰਚੇ। ਬਾਅਦ ਵਿੱਚ ਤਹਿਸੀਲਦਾਰ ਅਤੇ ਫੈਜ਼ਾਉੱਦੀਨ ਨੇ ਖੁਦੀਰਾਮ ਬੋਸ ਦੀ ਸ਼ਨਾਖ਼ਤ ਕੀਤੀ ਅਤੇ ਕਿਹਾ ਕਿ ਇਹ ਉਨ੍ਹਾਂ ਦੋ ਲੋਕਾਂ ਵਿੱਚੋਂ ਇੱਕ ਸੀ ਜੋ 30 ਅਪ੍ਰੈਲ, 1908 ਨੂੰ ਕਲੱਬ ਸਾਹਮਣੇ ਦਿਸੇ ਸੀ।”
ਘਟਨਾ ਵਾਲੀ ਥਾਂ ’ਤੇ ਮਿਲੇ ਜੁੱਤਿਆਂ ਨੂੰ ਖੁਦੀਰਾਮ ਬੋਸ ਨੂੰ ਪਹਿਨਾ ਕੇ ਦੇਖਿਆ ਗਿਆ। ਜੁੱਤੇ ਉਨ੍ਹਾਂ ਦੇ ਨਾਪ ਆਏ। ਖੁਦੀਰਾਮ ਨੇ ਆਪ ਮੰਨਿਆ ਕਿ ਇਹ ਉਨ੍ਹਾਂ ਦੇ ਹੀ ਜੁੱਤੇ ਹਨ।
ਪੁਲਿਸ ਦੀ ਪੁੱਛ-ਗਿੱਛ ਵਿੱਚ ਬੋਸ ਨੇ ਆਪਣੇ ਸਾਥੀ ਦਾ ਅਸਲੀ ਨਾਮ ਨਾ ਦੱਸ ਕੇ ਉਸ ਦਾ ਨਾਮ ਦਿਨੇਸ਼ ਚੰਦਰ ਰਾਏ ਦੱਸਿਆ।
ਖੁਦੀਰਾਮ ਨੇ ਮੰਨਿਆ ਕਿ ਉਨ੍ਹਾਂ ਤੋਂ ਕਿੰਗਜ਼ਫੋਰ਼ਡ ਦੀ ਬੱਗੀ ਦੀ ਗਲਤ ਪਛਾਣ ਹੋ ਗਈ। ਖੁਦੀਰਾਮ ਬੋਸ ਜਦੋਂ ਪੁਲਿਸ ਬੰਦੀ ਦੇ ਰੂਪ ਵਿੱਚ ਮੁਜ਼ੱਫਰਪੁਰ ਸਟੇਸ਼ਨ ਪਹੁੰਚੇ ਤਾਂ ਵੱਡੀ ਗਿਣਤੀ ਲੋਕ ਉਨ੍ਹਾਂ ਨੂੰ ਦੇਖਣ ਲਈ ਖੜ੍ਹੇ ਸੀ।

ਪ੍ਰਫੁੱਲ ਚਾਕੀ ਨੇ ਖੁਦ ਨੂੰ ਮਾਰੀ ਗੋਲੀ

ਤਸਵੀਰ ਸਰੋਤ, Indian Postal Department
ਇੱਕ ਮਈ ਦੀ ਸ਼ਾਮ 6 ਵਜੇ ਸਬ-ਇੰਸਪੈਕਟਰ ਨੰਦਲਾਲ ਬੈਨਰਜੀ ਨੇ ਸਿੰਘਭੂਮ ਜਾਣ ਲਈ ਟ੍ਰੇਨ ਫੜੀ। ਸਮਸਤੀਪੁਰ ਸਟੇਸ਼ਨ ਉੱਤੇ ਨੰਦਲਾਲ ਨੇ ਪਲੇਟਫ਼ਾਰਮ ’ਤੇ ਇੱਕ ਬੰਗਾਲੀ ਨੌਜਵਾਨ ਨੂੰ ਨਵੇਂ ਕੱਪੜੇ ਅਤੇ ਜੁੱਤੇ ਪਹਿਨਿਆਂ ਦੇਖਿਆ। ਉਨ੍ਹਾਂ ਦਾ ਪਹਿਰਾਵਾ ਦੇਖ ਕੇ ਕੁਝ ਸ਼ੱਕ ਹੋਇਆ।
ਉਹ ਉਸ ਡੱਬੇ ਵਿੱਚ ਵੜ ਗਏ ਜਿੱਥੇ ਨੌਜਵਾਨ ਬੈਠਾ ਸੀ। ਉਨ੍ਹਾਂ ਨੇ ਇਸ ਨੌਜਵਾਨ ਨਾਲ ਗੱਲਬਾਤ ਕਰਨ ਦੀ ਕੋਸ਼ਿਸ਼ ਕੀਤੀ ਜਿਸ ਤੋਂ ਉਹ ਨੌਜਵਾਨ ਨਰਾਜ਼ ਹੋ ਗਿਆ। ਉਹ ਨੌਜਵਾਨ ਡੱਬਾ ਛੱਡ ਕੇ ਦੂਜੇ ਡੱਬੇ ਵਿੱਚ ਚਲਿਆ ਗਿਆ। ਮੋਕਾਮਾ ਘਾਟ ਸਟੇਸ਼ਨ ’ਤੇ ਨੰਦਲਾਲ ਫਿਰ ਉਸ ਡੱਬੇ ਵਿੱਚ ਆ ਗਿਆ ਜਿਸ ਵਿੱਚ ਉਹ ਨੌਜਵਾਨ ਬੈਠਾ ਸੀ।
ਇਸੇ ਵਿਚਕਾਰ ਸਬ-ਇੰਸਪੈਕਟਰ ਨੇ ਆਪਣੇ ਸ਼ੱਕ ਬਾਰੇ ਮੁਜ਼ੱਫਰਪੁਰ ਪੁਲਿਸ ਨੂੰ ਤਾਰ ਭੇਜੀ। ਮੋਕਾਮਾ ਸਟੇਸ਼ਨ ’ਤੇ ਉਸ ਨੂੰ ਜਵਾਬੀ ਤਾਰ ਮਿਲਿਆ ਕਿ ਉਹ ਉਸ ਨੌਜਵਾਨ ਨੂੰ ਸ਼ੱਕ ਦੇ ਅਧਾਰ ’ਤੇ ਤੁਰੰਤ ਗ੍ਰਿਫ਼ਤਾਰ ਕਰ ਲਵੇ। ਜਿਵੇਂ ਹੀ ਨੌਜਵਾਨ ਨੂੰ ਪਤਾ ਲੱਗਿਆ ਕਿ ਉਸ ਨੂੰ ਫੜਿਆ ਜਾ ਰਿਹਾ ਹੈ ਤਾਂ ਉਸ ਨੇ ਪਲੇਟਫ਼ਾਰਮ ’ਤੇ ਛਾਲ ਮਾਰ ਦਿੱਤੀ।
ਨੁਰੂਲ ਖੋਦਾ ਲਿਖਦੇ ਹਨ, “ਨੌਜਵਾਨ ਲੇਡੀਜ਼ ਵੇਟਿੰਗ ਰੂਮ ਵੱਲ ਭੱਜਿਆ ਜਿੱਥੇ ਜੀਆਰਪੀ ਦੇ ਇੱਕ ਜਵਾਨ ਨੇ ਉਸ ਨੂੰ ਫੜਣ ਦੀ ਕੋਸ਼ਿਸ਼ ਕੀਤੀ। ਉਦੋਂ ਹੀ ਨੌਜਵਾਨ ਨੇ ਪਿਸਤੌਲ ਕੱਢ ਕੇ ਉਸ ਜਵਾਨ ਵੱਲ ਫ਼ਾਇਰ ਕੀਤਾ ਪਰ ਉਸ ਦਾ ਨਿਸ਼ਾਨਾ ਚੁੱਕ ਗਿਆ। ਘੇਰਾ ਪੈਣ ਬਾਅਦ ਨੌਜਵਾਨ ਨੇ ਖੁਦ ਨੂੰ ਦੋ ਗੋਲੀਆਂ ਮਾਰੀਆਂ। ਇੱਕ ਕੌਲਰ ਬੋਨ ਕੋਲ ਅਤੇ ਦੂਜੀ ਗਲੇ ਵਿੱਚ। ਉਹ ਉੱਥੇ ਹੀ ਡਿਗ ਪਿਆ ਅਤੇ ਉਸੇ ਥਾਂ ਮੌਤ ਹੋ ਗਈ।”

ਇੱਕ ਮਹੀਨੇ ਅੰਦਰ ਹੀ ਫਾਂਸੀ ਦੀ ਸਜ਼ਾ ਸੁਣਾਈ ਗਈ

ਤਸਵੀਰ ਸਰੋਤ, Niyogi Books
ਪ੍ਰਫੁੱਲ ਚਾਕੀ ਦੀ ਮ੍ਰਿਤਕ ਦੇਹ ਨੂੰ ਸ਼ਨਾਖ਼ਤ ਲਈ ਮੁਜ਼ੱਰਫਰਪੁਰ ਲਿਆਇਆ ਗਿਆ ਜਿੱਥੇ ਤਹਿਸੀਲਦਾਰ ਖਾਨ ਅਤੇ ਫੈਜ਼ਾਉੱਦੀਨ ਨੇ ਸ਼ਨਾਖ਼ਤ ਕੀਤੀ ਕਿ ਇਹ ਉਹੀ ਸ਼ਖ਼ਸ ਹੈ ਜੋ ਖੁਦੀਰਾਮ ਦੇ ਨਾਲ ਕਲੱਬ ਦੇ ਅਹਾਤੇ ਕੋਲ ਮੰਡਰਾ ਰਿਹਾ ਸੀ। ਬਾਅਦ ਵਿੱਚ ਜ਼ਿਲ੍ਹਾ ਮੈਜਿਸਟ੍ਰੇਟ ਦੀ ਮੌਜੂਦਗੀ ਵਿੱਚ ਪ੍ਰਫੁੱਲ ਚਾਕੀ ਦੀ ਦੇਹ ਖੁਦੀਰਾਮ ਬੋਸ ਨੂੰ ਦਿਖਾਈ ਗਈ।
ਖੁਦੀਰਾਮ ਬੋਸ ਨੇ ਆਪਣੇ ਸਾਥੀ ਦੀ ਦੇਹ ਪਛਾਣੀ ਪਰ ਉਸ ਦਾ ਨਾਮ ਦਿਨੇਸ਼ ਚੰਦਰ ਰਾਏ ਦੱਸਿਆ। ਜਦੋਂ ਉਨ੍ਹਾਂ ਨੂੰ ਚਾਕੀ ਦਾ ਪਿਸਤੌਲ ਦਿਖਿਆ ਤਾਂ ਉਹ ਉਸ ਨੂੰ ਪਛਾਣ ਨਾ ਸਕੇ ਪਰ ਇਹ ਜ਼ਰੂਰ ਕਿਹਾ ਕਿ ਦਿਨੇਸ਼ ਨੇ ਉਨ੍ਹਾਂ ਨੂੰ ਦੱਸਿਆ ਸੀ ਕਿ ਉਸ ਕੋਲ ਪਿਸਤੌਲ ਹੈ।
ਇਸ ਘਟਨਾ ਦੇ ਪੰਜ ਮਹੀਨਿਆਂ ਬਾਅਦ 9 ਨਵੰਬਰ, 1908 ਨੂੰ ਪ੍ਰਫੁੱਲ ਚਾਕੀ ਦੀ ਗ੍ਰਿਫ਼ਤਾਰੀ ਕਰਨ ਵਾਲੇ ਨੰਦਲਾਲ ਬੈਨਰਜੀ ਦਾ ਕਲਕੱਤਾ ਵਿੱਚ ਸ਼੍ਰੀਸ਼ਚੰਦਰ ਪਾਲ ਅਤੇ ਗਨੇਂਦਰਨਾਥ ਗਾਂਗੁਲੀ ਨੇ ਗੋਲੀ ਮਾਰ ਕੇ ਕਤਲ ਕਰ ਦਿੱਤਾ।
ਖੁਦੀਰਾਮ ਬੋਸ ‘ਤੇ ਐਚ.ਡਬਲਿਊ ਕਾਰਨਡਫ ਦੀ ਅਦਾਲਤ ਵਿੱਚ ਕਤਲ ਦਾ ਮੁਕੱਦਮਾ ਚਲਾਇਆ ਗਿਆ। ਜਦੋਂ ਖੁਦੀਰਾਮ ਨੂੰ ਅਦਾਲਤ ਵਿੱਚ ਲਿਆਇਆ ਜਾਂਦਾ ਸੀ ਤਾਂ ਸੜਕ ਦੇ ਦੋਹੇਂ ਪਾਸੇ ਖੜ੍ਹੇ ਲੋਕ ਜ਼ਿੰਦਾਬਾਦ ਅਤੇ ਵੰਦੇ ਮਾਤਰਮ ਦੇ ਨਾਅਰਿਆਂ ਨਾਲ ਉਨ੍ਹਾਂ ਦਾ ਸੁਆਗਤ ਕਰਦੇ ਸੀ। 13 ਜੂਨ, 1908 ਨੂੰ ਅਦਾਲਤ ਨੇ ਖੁਦੀਰਾਮ ਬੋਸ ਨੂੰ ਫਾਂਸੀ ਦੀ ਸਜ਼ਾ ਸੁਣਾਈ।

ਪੂਰੇ ਭਾਰਤ ਵਿੱਚ ਸੋਗ

ਤਸਵੀਰ ਸਰੋਤ, Getty Images
11 ਅਗਸਤ, 1908 ਨੂੰ ਸਵੇਰੇ 6 ਵਜੇ ਭਾਰਤ ਦੀ ਅਜ਼ਾਦੀ ਦੇ ਇਤਿਹਾਸ ਵਿੱਚ ਪਹਿਲੀ ਵਾਰ ਇੱਕ ਨਾਬਾਲਗ ਨੂੰ ਫਾਂਸੀ ਦਿੱਤੀ ਗਈ। ਉਸ ਵੇਲੇ ਉਨ੍ਹਾਂ ਦੇ ਹੱਥ ਵਿੱਚ ਗੀਤਾ ਦੀ ਇੱਕ ਕਾਪੀ ਸੀ ਅਤੇ ਉਨ੍ਹਾਂ ਦੀ ਉਮਰ 18 ਸਾਲ, 8 ਮਹੀਨੇ ਅਤੇ 8 ਦਿਨ ਸੀ। ਜੇਲ੍ਹ ਦੇ ਬਾਹਰ ਉਨ੍ਹਾਂ ਨੂੰ ਵਿਦਾਈ ਦੇਣ ਲਈ ਇੱਕ ਵੱਡੀ ਭੀੜ ਵੰਦੇ ਮਾਤਰਮ ਦੇ ਨਾਅਰੇ ਲਗਾ ਰਹੀ ਸੀ।
ਲੋਕਮਾਨਿਆ ਬਾਲ ਗੰਗਾਧਰ ਤਿਲਕ ਨੇ ਖੁਦੀਰਾਮ ਬੋਸ ਦੀ ਸ਼ਹਾਦਤ ਬਾਰੇ ਕਈ ਲੇਖ ਲਿਖੇ।
ਪੂਣੇ ਤੋਂ ਪ੍ਰਕਾਸ਼ਿਤ ਮਰਾਠਾ ਦੇ 10 ਮਈ, 1908 ਦੇ ਅੰਕ ਵਿੱਚ ਉਨ੍ਹਾਂ ਨੇ ਲਿਖਿਆ, “ਇਹ ਕੱਟੜ ਵਿਰੋਧ ਨੂੰ ਸਾਕਾਰ ਰੂਪ ਵਿੱਚ ਪੇਸ਼ ਕਰਨ ਲਈ ਕੱਟੜ ਵਿਦਰੋਹ ਦਾ ਮਾਰਗ ਹੈ ਅਤੇ ਇਸ ਲਈ ਅੰਗਰੇਜ਼ ਸਰਕਾਰ ਹੀ ਜ਼ਿੰਮੇਵਾਰ ਹੈ।”
ਪੂਰੇ ਦੇਸ਼ ਵਿੱਚ ਖੁਦੀਰਾਮ ਬੋਸ ਦੀਆਂ ਤਸਵੀਰਾਂ ਵੰਡੀਆਂ ਗਈਆਂ। ਆਪਣੀ ਇੱਕ ਵਿਆਖਿਆ ਵਿੱਚ ਸਾਹਿਤਕਾਰ ਬਾਲਕ੍ਰਿਸ਼ਨ ਭੱਟ ਨੂੰ ਖੁਦੀਰਾਮ ਬੋਸ ਨੂੰ ਸ਼ਰਧਾਂਜਲੀ ਦੇਣ ਦੇ ਇਲਜ਼ਾਮ ਵਿੱਚ ਅਧਿਆਪਕ ਵਜੋਂ ਆਪਣੀ ਨੌਕਰੀ ਛੱਡਣੀ ਪਈ। ਖੁਦੀਰਾਮ ਬੋਸ ਦੀ ਇਕ ਤਸਵੀਰ ਮੁੰਸ਼ੀ ਪ੍ਰੇਮਚੰਦ ਨੇ ਆਪਣੇ ਪੜ੍ਹਣ ਵਾਲੇ ਕਮਰੇ ਦੀ ਕੰਧ ’ਤੇ ਲਗਾਈ।
ਖੁਦੀਰਾਮ ਬੋਸ ਦੀ ਮੌਤ ਦਾ ਸਭ ਤੋਂ ਵੱਡਾ ਅਸਰ ਵਿਦਿਆਰਥੀਆਂ ’ਤੇ ਪਿਆ। ਉਨ੍ਹਾਂ ਵਿਚਕਾਰ ‘ਵੰਦੇ ਮਾਤਰਮ’ ਅਤੇ ‘ਆਨੰਦਮਠ’ ਬਾਰੇ ਪੜ੍ਹਣ ਦੀ ਰੁਚੀ ਪੈਦਾ ਹੁੰਦੀ ਗਈ।
ਬੰਗਾਲ ਦੇ ਦਸਤਕਾਰਾਂ ਨੇ ਇੱਕ ਖਾਸ ਧੋਤੀ ਬੁਣਨੀ ਸ਼ੁਰੂ ਕਰ ਦਿੱਤੀ ਜਿਸ ਦੇ ਕਿਨਾਰੇ ’ਤੇ ਖੁਦੀਰਾਮ ਲਿਖਿਆ ਹੁੰਦਾ ਸੀ। ਪੀਤਾਂਬਰ ਦਾਸ ਨੇ ਉਨ੍ਹਾਂ ਦੇ ਸਨਮਾਨ ਵਿੱਚ ਇੱਕ ਗੀਤ ਲਿਖਿਆ ਸੀ ਜੋ ਅੱਜ ਵੀ ਬੰਗਾਲ ਦੇ ਘਰ-ਘਰ ਵਿੱਚ ਗਾਇਆ ਜਾਂਦਾ ਹੈ।
ਇਹ ਗੀਤ ਹੈ, “ਏਕ ਬਾਰ ਬਿਦਾਏ ਦੇ ਮਾਂ ਘੂਰੇ ਆਸ਼ਿ (ਇੱਕ ਵਾਰ ਵਿਦਾ ਤਾਂ ਦੇ ਮਾਂ, ਤਾਂ ਕਿ ਮੈਂ ਘੁੰਮ ਕੇ ਆ ਜਾਵਾਂ)”
ਇਸ ਗੀਤ ਦੀਆਂ ਆਖ਼ਰੀ ਸਤਰਾਂ ਵਿੱਚ ਲਿਖਿਆ ਹੈ...
“ਦਸ਼ ਮਾਸ਼ ਦਸ਼ ਦਿਨ ਪੋਰੇ, ਜਨਮੋ ਨੇਬੋ ਘਰੇ ਮਾ ਗੋ, ਤਾਖੋਨ ਜੋਦੀ ਨਾ ਨੀਚਤੇ ਪਾਰਿਸ਼, ਦੇਖਬੀ ਗੋਲਾਏ ਫਾਂਸੀ(ਓ ਮਾਂ, ਅੱਜ ਤੋਂ ਦੱਸ ਮਹੀਨੇ ਦੱਸ ਦਿਨ ਬਾਅਦ ਮੈਂ ਮਾਸੀ ਦੇ ਘਰ ਫਿਰ ਜਨਮ ਲੈ ਕੇ ਪਰਤਾਂਗਾ, ਜੇ ਮੈਨੂੰ ਨਾ ਪਛਾਣ ਸਕੋ ਤਾਂ ਮੇਰੇ ਗਲੇ ਵਿੱਚ ਫਾਂਸੀ ਦੇ ਫੰਦੇ ਦਾ ਨਿਸ਼ਾਨ ਦੇਖ ਲੈਣਾ)”













