ਔਰਤ ਦੇ ਪੇਟ ਵਿੱਚ ਬੱਚਾ ਅਤੇ ਅੱਗੇ ਬੱਚੇ ਦੇ ਪੇਟ 'ਚ ਭਰੂਣ, ਆਖ਼ਰ ਕੀ ਮਾਮਲਾ ਹੈ?

    • ਲੇਖਕ, ਸ਼੍ਰੀਕਾਂਤ ਬਾਂਗਲੇ
    • ਰੋਲ, ਬੀਬੀਸੀ ਮਰਾਠੀ ਪੱਤਰਕਾਰ

ਇੱਕ ਗਰਭਵਤੀ ਮਹਿਲਾ ਦੇ ਪੇਟ ਵਿੱਚ ਜੋ ਬੱਚਾ ਪਲ ਰਿਹਾ ਹੈ, ਉਸ ਬੱਚੇ ਦੇ ਪੇਟ ਵਿੱਚ ਵੀ ਇੱਕ ਭਰੂਣ ਹੋਣ ਦਾ ਅਨੋਖਾ ਮਾਮਲਾ ਮਹਾਰਾਸ਼ਟਰ ਵਿੱਚ ਸਾਹਮਣੇ ਆਇਆ ਹੈ।

ਮਾਮਲਾ ਮਹਾਰਾਸ਼ਟਰ ਦੇ ਬੁਲਢਾਣਾ ਜ਼ਿਲ੍ਹੇ ਦਾ ਹੈ। ਜਿੱਥੇ ਇੱਕ ਗਰਭਵਤੀ ਔਰਤ ਸੋਨੋਗ੍ਰਾਫੀ ਲਈ ਸਰਕਾਰੀ ਹਸਪਤਾਲ ਆਈ ਸੀ ਅਤੇ ਸੋਨੋਗ੍ਰਾਫੀ ਬਾਅਦ ਇਸ ਸਥਿਤੀ ਬਾਰੇ ਪਤਾ ਲੱਗਿਆ।

ਬੁਲਢਾਣਾ ਸਿਹਤ ਵਿਭਾਗ ਨੇ ਬੀਬੀਸੀ ਮਰਾਠੀ ਨੂੰ ਦੱਸਿਆ ਕਿ ਔਰਤ ਦੀ ਸਿਹਤ ਸਥਿਰ ਹੈ।

ਆਖ਼ਰ ਅਜਿਹਾ ਕਿਉਂ ਹੋਇਆ ?

ਬੁਲਢਾਣਾ ਦੀ 32 ਸਾਲਾ ਔਰਤ ਜੋ 8 ਮਹੀਨਿਆਂ ਦੀ ਗਰਭਵਤੀ ਹੈ, ਉਹ ਸਰਕਾਰੀ ਹਸਪਤਾਲ ਸੋਨੋਗ੍ਰਾਫੀ ਕਰਵਾਉਣ ਪਹੁੰਚੀ ਸੀ।

ਜਾਂਚ ਤੋਂ ਪਤਾ ਲੱਗਿਆ ਕਿ ਗਰਭ ਵਿਚਲੇ ਭਰੂਣ ਦੇ ਅੰਦਰ ਵੀ ਇੱਕ ਭਰੂਣ ਹੈ।

ਜਦੋਂ ਡਾਕਟਰਾਂ ਅਤੇ ਮਾਹਰਾਂ ਦੀ ਟੀਮ ਨੇ ਇੱਕ ਵਾਰ ਮੁੜ ਤੋਂ ਸੋਨੋਗ੍ਰਾਫੀ ਕੀਤੀ ਤਾਂ ਫਿਰ ਦੁਬਾਰਾ ਗਰਭ ਵਿਚਲੇ ਬੱਚੇ ਦੇ ਪੇਟ ਵਿੱਚ ਭਰੂਣ ਸਾਫ ਨਜ਼ਰ ਆਇਆ।

ਬੁਲਢਾਣਾ ਜ਼ਿਲ੍ਹੇ ਦੇ ਸਿਵਲ ਸਰਜਨ ਡਾਕਟਰ ਭਗਵਤ ਭਾਸੁਰੀ ਨੇ ਬੀਬੀਸੀ ਮਰਾਠੀ ਨੂੰ ਇਸ ਘਟਨਾ ਬਾਰੇ ਦੱਸਿਆ ਹੈ।

ਡਾ. ਭਾਸੁਰੀ ਨੇ ਕਿਹਾ, "ਸੋਨੋਗ੍ਰਾਫੀ ਟੈਸਟ ਬਾਅਦ ਇਹ ਦੇਖਿਆ ਗਿਆ ਕਿ ਔਰਤ ਦੇ ਪੇਟ ਵਿੱਚ ਬੱਚਾ ਹੈ ਅਤੇ ਉਸ ਬੱਚੇ ਦੇ ਪੇਟ ਵਿੱਚ ਇੱਕ ਬੱਚਾ ਹੈ। ਵੈਸੇ ਤੁਸੀਂ ਇਸ ਨੂੰ ਬੱਚਾ ਤਾਂ ਨਹੀਂ ਕਹਿ ਸਕਦੇ ਕਿਉਂਕਿ ਇਹ ਭਰੂਣ ਦਾ ਮਾਸ ਹੈ। ਇਹ ਇੱਕ ਤਰ੍ਹਾਂ ਨਾਲ, ਮਾਸ ਦਾ ਟੁੱਕੜਾ ਹੈ।

ਇਹ ਜਿਉਂਦਾ ਬੱਚਾ ਨਹੀਂ ਹੈ। ਇਸ ਦਾ ਦਿਲ ਨਹੀਂ ਧੜਕ ਰਿਹਾ। ਇਸ ਨੂੰ ਬੱਚਾ ਇਸ ਲਈ ਕਿਹਾ ਗਿਆ ਕਿਉਂਕਿ ਇਹ ਬੱਚੇ ਵਰਗਾ ਦਿਸਦਾ ਹੈ।

"ਇਹ ਗੇਂਦਨੁਮਾ ਚੀਜ਼ ਵੱਧ ਫੁੱਲ ਰਹੀ ਹੈ ਕਿਉਂਕਿ ਇਸ ਤੱਕ ਖੂਨ ਦੀ ਸਪਲਾਈ ਹੋ ਰਹੀ ਹੈ, ਇਸ ਨੂੰ ਫੀਟਸ ਇਨ ਫੀਟੂ ਕਹਿੰਦੇ ਹਨ।"

ਡਾ. ਭਾਸੁਰੀ ਨੇ ਦੱਸਿਆ,"ਇਹ ਬੁਲਢਾਣਾ ਜ਼ਿਲ੍ਹੇ ਦਾ ਪਹਿਲਾ ਮਾਮਲਾ ਹੈ"

ਡਾ. ਭਾਸੁਰੀ ਨੇ ਅਗਾਂਹ ਦੱਸਿਆ ਕਿ ਬੱਚੇ ਦੀ ਡਲਿਵਰੀ ਆਮ ਵਾਂਗ ਹੀ ਹੋਣ ਦੀ ਸੰਭਾਵਨਾ ਹੈ ਅਤੇ ਇਸ ਬਾਰੇ ਫੈਸਲਾ ਲਿਆ ਜਾਵੇਗਾ ਕਿ ਬੇਬੀ ਦੇ ਪੇਟ ਅੰਦਰਲੇ ਮਾਸ ਨੂੰ ਡਲਿਵਰੀ ਦੇ ਬਾਅਦ ਕਿਵੇਂ ਹਟਾਉਣਾ ਹੈ।

ਫੀਟਸ ਇਨ ਫੀਟੂ ਦਾ ਕੀ ਮਤਲਬ ਹੁੰਦਾ ਹੈ

ਔਰਤ ਦੀ ਕੁੱਖ ਵਿੱਚ ਬੱਚਾ ਅਤੇ ਬੱਚੇ ਦੇ ਅੰਦਰ ਭਰੂਣ ਨੂੰ ਮੈਡੀਕਲ ਭਾਸ਼ਾ ਵਿੱਚ ਫੀਟਸ ਇਨ ਫੀਟੂ (ਕੁੱਖ ਦੇ ਅੰਦਰ ਭਰੂਣ) ਕਹਿੰਦੇ ਹਨ।

ਨੈਸ਼ਨਲ ਲਾਇਬ੍ਰੇਰੀ ਆਫ ਮੈਡੀਸਨ ਵਿੱਚ ਛਪੀ ਰਿਸਰਚ ਮੁਤਾਬਕ ਇੱਕ ਦੁਰਲੱਭ ਅਤੇ ਜਮਾਂਦਰੂ ਵਿਗਾੜ ਹੈ ਜਿਸ ਵਿੱਚ ਬੱਚੇ ਦੇ ਸਰੀਰ ਦੇ ਅੰਦਰ ਇੱਕ ਅਣਵਿਕਸਿਤ ਭਰੂਣ ਬਣਦਾ ਹੈ। ਆਮ ਤੌਰ 'ਤੇ, ਭਰੂਣ ਬੱਚੇ ਦੇ ਪੇਟ ਵਿੱਚ ਇੱਕ ਗੰਢ ਦੇ ਰੂਪ ਵਿੱਚ ਦਿਖਾਈ ਦਿੰਦਾ ਹੈ। ਪਰ ਇਸਦਾ ਵਿਕਾਸ ਬੱਚੇ ਦੇ ਵੱਧਣ-ਫੁੱਲਣ ਦੇ ਤਰੀਕੇ ਤੋਂ ਵੱਖ ਤਰੀਕੇ ਨਾਲ ਹੁੰਦਾ ਹੈ।

ਗਾਇਨੋਕੌਲੋਜਿਸਟ ਡਾ. ਨੰਦਿਤਾ ਪਾਲਸ਼ੇਤਕਰ ਕਹਿੰਦੇ ਹਨ, "ਫੀਟਸ ਇਨ ਫੀਟੂ ਬੇਬੀ ਜੁੜਵੇ ਹੁੰਦੇ ਹਨ, ਪਰ ਇੱਕ ਵਿੱਚ ਕੋਈ ਸਮੱਸਿਆ ਹੋਣ ਕਰਕੇ ਇਹ ਵੱਧਦਾ ਨਹੀਂ ਹੈ ਅਤੇ ਫਿਰ ਇਹ ਦੂਜੇ ਬੱਚੇ ਦੇ ਪੇਟ ਵਿੱਚ ਚਲਾ ਜਾਂਦਾ ਹੈ। ਪਰ ਚਿੰਤਾ ਕਰਨ ਦੀ ਕੋਈ ਗੱਲ ਨਹੀਂ ਹੈ। ਬੱਚੇ ਦੇ ਜਨਮ ਤੋਂ ਬਾਅਦ, ਸਰਜਰੀ ਕੀਤੀ ਜਾਂਦੀ ਹੈ ਅਤੇ ਉਸਦੇ ਪੇਟ ਵਿੱਚੋਂ ਗੰਢ ਨੂੰ ਹਟਾ ਦਿੱਤਾ ਜਾਂਦਾ ਹੈ।"

ਛਤਰਪਤੀ ਸੰਭਾਜੀਨਗਰ ਦੇ ਇੱਕ ਮਸ਼ਹੂਰ ਗਾਇਨੋਕੌਲੋਜਿਸਟ ਡਾ. ਮੰਜੂ ਜਿਲਾ ਕਹਿੰਦੇ ਹਨ, "ਇਸ ਸਥਿਤੀ ਵਿੱਚ ਬੱਚੇ ਦੇ ਪੇਟ ਵਿੱਚ ਇੱਕ ਗੰਢ ਹੁੰਦੀ ਹੈ, ਪਰ ਇਹ ਬੱਚੇ ਵਾਂਗ ਨਹੀਂ ਵੱਧਦੀ। ਉਸ ਗੰਢ ਵਿੱਚ ਬੱਚੇ ਵਰਗੇ ਟਿਸ਼ੂ ਜਿਵੇਂ ਕਿ ਵਾਲ, ਦੰਦ ਅਤੇ ਅੱਖਾਂ ਪਾਈਆਂ ਜਾਂਦੀਆਂ ਹਨ।''

ਗੰਢ ਨੂੰ ਸਰਜਰੀ ਨਾਲ ਜਾਂ ਟੈਲੀਸਕੋਪ ਰਾਹੀਂ ਹਟਾਇਆ ਜਾ ਸਕਦਾ ਹੈ। ਇਸ ਦੌਰਾਨ ਬੱਚੇ ਨੂੰ ਕੋਈ ਖ਼ਤਰਾ ਨਹੀਂ ਹੁੰਦਾ। ਪੇਟ ਵਿੱਚੋਂ ਸਿਰਫ਼ ਗੰਢ ਹੀ ਕੱਢੀ ਜਾਂਦੀ ਹੈ।"

ਬੱਚੇ ਵਿੱਚ ਭਰੂਣ ਬਹੁਤ ਹੀ ਦੁਰਲੱਭ ਹੁੰਦਾ ਹੈ, ਹਰ 5 ਲੱਖ ਬੱਚਿਆਂ ਦੇ ਜਨਮਾਂ ਵਿੱਚੋਂ ਇੱਕ ਕੇਸ ਵਿੱਚ ਅਜਿਹਾ ਹੁੰਦਾ ਹੈ।

ਨੈਸ਼ਨਲ ਲਾਇਬ੍ਰੇਰੀ ਆਫ ਮੈਡੀਸਨ ਦੀ ਵੈਬਸਾਈਟ ਦੀ ਰਿਸਰਚ ਮੁਤਾਬਕ ਪੂਰੀ ਦੁਨੀਆਂ ਵਿੱਚ ਅਜਿਹੇ 200 ਤੋਂ ਵੀ ਘੱਟ ਮਾਮਲੇ ਸਾਹਮਣੇ ਆਏ ਹਨ।

ਇਸ ਦਾ ਇਲਾਜ ਕੀ ਹੁੰਦਾ ਹੈ

ਫੀਟਸ ਇਨ ਫੀਟੂ ਦਾ ਇਲਾਜ ਕਰਨ ਲਈ ਸਰਜਰੀ ਦੀ ਲੋੜ ਪੈਂਦੀ ਹੈ ਅਤੇ ਭਰੂਣ ਨੂੰ ਹਟਾਉਣ ਤੋਂ ਬਾਅਦ ਮਰੀਜ਼ ਠੀਕ ਹੋਣ ਲੱਗਦਾ ਹੈ।

ਡਾ. ਨੰਦਿਤਾ ਪਾਲਸ਼ੇਤਕਰ ਕਹਿੰਦੇ ਹਨ,"ਜੇਕਰ ਕਿਸੇ ਗਰਭਵਤੀ ਔਰਤ ਦੇ ਗਰਭ ਵਿੱਚ ਬੱਚਾ ਹੈ, ਤਾਂ ਇਹ ਆਮ ਤੌਰ 'ਤੇ 14 ਹਫ਼ਤਿਆਂ ਬਾਅਦ ਸੋਨੋਗ੍ਰਾਫੀ ਵਿੱਚ ਦੇਖਿਆ ਜਾ ਸਕਦਾ ਹੈ। ਜੇਕਰ ਬੱਚੇ ਨੂੰ ਜਨਮ ਤੋਂ ਬਾਅਦ ਪੇਟ ਦਰਦ ਹੁੰਦਾ ਹੈ, ਜੇਕਰ ਉਸਨੂੰ ਉਲਟੀਆਂ ਆਉਂਦੀਆਂ ਹਨ, ਤਾਂ ਇਹ ਪਰੇਸ਼ਾਨ ਕਰਨ ਵਾਲਾ ਹੋ ਸਕਦਾ ਹੈ। ਅਜਿਹੀ ਸਥਿਤੀ ਵਿੱਚ, ਬੱਚੇ ਨੂੰ ਡਾਕਟਰ ਕੋਲ ਜਾਂਚ ਲਈ ਲੈ ਜਾ ਕੇ ਪਤਾ ਲਗਾਇਆ ਜਾ ਸਕਦਾ ਹੈ।"

ਗਰਭ ਅਵਸਥਾ ਦੌਰਾਨ, ਔਰਤਾਂ ਸੋਨੋਗ੍ਰਾਫੀ ਟੈਸਟ ਕਰਵਾਉਂਦੀਆਂ ਹਨ, ਜਿਸ ਸਮੇਂ ਗਰਭ ਵਿੱਚ ਭਰੂਣ ਨੂੰ ਦੇਖਿਆ ਜਾ ਸਕਦਾ ਹੈ। ਨਾਲ ਹੀ, ਜੇਕਰ ਜਨਮ ਤੋਂ ਬਾਅਦ ਬੱਚੇ ਦਾ ਪੇਟ ਫੁੱਲਿਆ ਹੋਇਆ ਦੇਖਿਆ ਜਾਂਦਾ ਹੈ, ਤਾਂ ਸੋਨੋਗ੍ਰਾਫੀ ਰਾਹੀਂ ਬੱਚੇ ਦੇ ਅੰਦਰ ਭਰੂਣ ਦੀ ਸਥਿਤੀ ਨੂੰ ਵੀ ਦੇਖਿਆ ਜਾ ਸਕਦਾ ਹੈ।

ਕੀ ਇਸ ਤਰ੍ਹਾਂ ਦੇ ਮਾਮਲੇ ਪਹਿਲਾਂ ਵੀ ਸਾਹਮਣੇ ਆਏ ਹਨ

ਫੀਟਸ ਇਨ ਫੀਟੂ ਦੇ ਮਾਮਲੇ ਵਿੱਚ, ਅਕਸਰ ਬੱਚੇ ਦੇ ਪੇਟ ਵਿੱਚ ਇੱਕ ਹੀ ਭਰੂਣ ਪਾਇਆ ਜਾਂਦਾ ਹੈ। ਹਾਲਾਂਕਿ, ਕੁਝ ਮਾਮਲਿਆਂ ਵਿੱਚ, ਇੱਕ ਤੋਂ ਵੱਧ ਭਰੂਣ ਵੀ ਮਿਲੇ ਹਨ।

ਭਾਰਤ ਵਿੱਚ ਪਹਿਲਾਂ ਵੀ ਗਰਭ ਵਿਚਲੇ ਬੱਚੇ ਦੇ ਅੰਦਰ ਭਰੂਣ ਦੇ ਕੁਝ ਮਾਮਲੇ ਸਾਹਮਣੇ ਆਏ ਹਨ। ਅਪ੍ਰੈਲ 2023 ਵਿੱਚ, ਬਨਾਰਸ ਹਿੰਦੂ ਯੂਨੀਵਰਸਿਟੀ ਦੇ ਸਰ ਸੁੰਦਰਲਾਲ ਹਸਪਤਾਲ ਵਿੱਚ ਇੱਕ 14 ਦਿਨਾਂ ਦੇ ਬੱਚੇ ਦਾ ਆਪ੍ਰੇਸ਼ਨ ਕੀਤਾ ਗਿਆ ਸੀ। ਬੱਚੇ ਦੇ ਪੇਟ ਵਿੱਚੋਂ 3 ਭਰੂਣ ਕੱਢੇ ਗਏ ਸਨ।

ਬੱਚੇ ਨੂੰ ਜਨਮ ਤੋਂ ਹੀ ਪੇਟ ਵਿੱਚ ਦਰਦ, ਪੀਲੀਆ ਅਤੇ ਸਾਹ ਲੈਣ ਵਿੱਚ ਮੁਸ਼ਕਲ ਆ ਰਹੀ ਸੀ। ਬੱਚੇ ਨੂੰ ਹਸਪਤਾਲ ਵਿੱਚ ਦਾਖ਼ਲ ਕਰਵਾਉਣ ਤੋਂ ਬਾਅਦ, ਅਲਟਰਾਸੋਨੋਗ੍ਰਾਫੀ, ਸੀਟੀ ਸਕੈਨ ਅਤੇ ਹੋਰ ਟੈਸਟ ਕੀਤੇ ਗਏ। ਉਸ ਤੋਂ ਬਾਅਦ, ਇਹ ਸਪੱਸ਼ਟ ਹੋ ਗਿਆ ਕਿ ਇਹ ਫੀਟਸ ਇਨ ਫੀਟੂ ਦਾ ਮਾਮਲਾ ਸੀ।

ਇਨ੍ਹਾਂ ਤਿੰਨਾਂ ਭਰੂਣਾਂ ਕਰਕੇ ਬੱਚੇ ਦੀਆਂ ਕਿਡਨੀਆਂ ਅਤੇ ਬਾਇਲ ਡਕਟਸ ਦੀ ਥਾਂ ਬਦਲ ਗਈ ਸੀ। ਤਿੰਨ ਘੰਟਿਆਂ ਦੀ ਸਰਜਰੀ ਬਾਅਦ ਡਾਕਟਰਾਂ ਨੇ ਕਿਹਾ ਸੀ ਕਿ ਭਰੂਣ ਕੱਢ ਦਿੱਤੇ ਗਏ ਹਨ।

2022 ਵਿੱਚ ਬਿਹਾਰ ਦੇ ਮੋਤੀਹਾਰੀ ਤੋਂ ਵੀ ਅਜਿਹਾ ਮਾਮਲਾ ਸਾਹਮਣੇ ਆਇਆ ਸੀ, ਜਿੱਥੇ 40 ਦਿਨਾਂ ਦੇ ਬੱਚੇ ਅੰਦਰ ਭਰੂਣ ਵੱਧ-ਫੁੱਲ ਰਿਹਾ ਸੀ।

ਬੱਚੇ ਦੇ ਮਾਪੇ ਉਸਨੂੰ ਹਸਪਤਾਲ ਲੈ ਕੇ ਆਏ ਕਿਉਂਕਿ ਉਸਦਾ ਪੇਟ ਸੁੱਜਿਆ ਹੋਇਆ ਸੀ ਅਤੇ ਉਹ ਠੀਕ ਤਰ੍ਹਾਂ ਪਿਸ਼ਾਬ ਨਹੀਂ ਕਰ ਸਕਦਾ ਸੀ। ਸੀਟੀ ਸਕੈਨ ਤੋਂ ਬਾਅਦ, ਉੱਥੋਂ ਦੇ ਡਾਕਟਰਾਂ ਨੇ ਖੁਲਾਸਾ ਕੀਤਾ ਕਿ ਬੱਚੇ ਦੇ ਪੇਟ ਵਿੱਚ ਇੱਕ ਭਰੂਣ ਸੀ।

ਡਾਕਟਰਾਂ ਨੇ ਕਿਹਾ ਕਿ ਫਿਰ ਨਵਜੰਮੇ ਬੱਚੇ ਦਾ ਆਪ੍ਰੇਸ਼ਨ ਕੀਤਾ ਗਿਆ ਅਤੇ ਉਸਨੂੰ ਘਰ ਭੇਜ ਦਿੱਤਾ ਗਿਆ, ਕਿਉਂਕਿ ਉਸਦੀ ਸਿਹਤ ਸਥਿਰ ਸੀ।

3 ਦਿਨਾਂ ਦੇ ਇੱਕ ਬੱਚੇ ਦੇ ਅੰਦਰ ਜੁੜਵਾਂ ਭਰੂਣ ਦੇਖਣ ਨੂੰ ਮਿਲੇ ਸਨ, ਇਨ੍ਹਾਂ ਨੂੰ ਕੱਢਣ ਲਈ ਸਰਜਰੀ ਕੀਤੀ ਗਈ, ਪਰ ਸਰਜਰੀ ਤੋਂ ਅਗਲੇ ਦਿਨ ਬੱਚੇ ਦੀ ਮੌਤ ਹੋ ਗਈ।

ਹਸਪਤਾਲ ਦੇ ਡਾਕਟਰਾਂ ਨੇ ਕਿਹਾ ਸੀ,"ਅਸੀਂ ਹੁਣ ਤੱਕ ਬੱਚੇ ਵਿੱਚ ਭਰੂਣ ਦੇ ਕੁਝ ਮਾਮਲੇ ਦੇਖੇ ਹਨ। ਪਰ ਇਹ ਪਹਿਲੀ ਵਾਰ ਸੀ, ਜਦੋਂ ਨਵਜੰਮੇ ਬੱਚੇ ਦੇ ਪੇਟ ਵਿੱਚ ਜੁੜਵਾਂ ਭਰੂਣ ਦੇਖਿਆ। ਇਸ ਨਾਲ ਸਰਜਰੀ ਬਹੁਤ ਮੁਸ਼ਕਲ ਹੋ ਗਈ।"

ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTER, WhatsApp ਅਤੇ YouTube 'ਤੇ ਜੁੜੋ।)