ਸੌਕਣ-ਸੌਕਣੇ – 2: ਪੰਜਾਬ ਵਿੱਚ ਬਹੁਵਿਆਹ ਬਾਰੇ ਜਦੋਂ ਰਿਸਰਚ ਹੋਈ ਤਾਂ ਇਹ ਖੁਲਾਸੇ ਹੋਏ

ਸੌਕਣ-ਸੌਕਣੇ – 2

ਤਸਵੀਰ ਸਰੋਤ, Sargun Mehta/FB

ਤਸਵੀਰ ਕੈਪਸ਼ਨ, ਸਾਲ 2022 ਵਿੱਚ ਆਈ ਫਿਲਮ ਸੌਕਣ-ਸੌਕਣੇ ਬਹੁ-ਵਿਆਹ 'ਤੇ ਬਣੀ ਹੈ ਅਤੇ ਹੁਣ ਇਸਦਾ ਦੂਜਾ ਪਾਰਟ ਆਇਆ ਹੈ
    • ਲੇਖਕ, ਜਸਪਾਲ ਸਿੰਘ
    • ਰੋਲ, ਬੀਬੀਸੀ ਪੱਤਰਕਾਰ

'ਗੱਲ ਮੰਨ ਲੈ ਮੇਰੀ ਚੰਨ ਮੱਖਣਾ, ਤੂੰ ਸਿਰ 'ਤੇ ਸਿਹਰੇ ਬੰਨ ਮੱਖਣਾ'।

ਸਾਲ 2022 ਵਿੱਚ ਆਈ ਫਿਲਮ ਸੌਕਣ-ਸੌਕਣੇ ਦੇ ਟ੍ਰੇਲਰ ਵਿੱਚ ਇਹ ਗੀਤ ਵੱਜ ਰਿਹਾ ਹੁੰਦਾ ਹੈ, ਨਾਲ ਹੀ ਫ਼ਿਲਮ ਵਿੱਚ ਮੁੱਖ ਭੂਮਿਕਾ ਨਿਭਾ ਰਹੀ ਸਰਗੁਨ ਮਹਿਤਾ ਦਾ ਡਾਇਲੌਗ ਆਉਂਦਾ ਹੈ, ਉਹ ਫ਼ਿਲਮ ਵਿੱਚ ਉਸ ਦੇ ਪਤੀ ਦੀ ਭੂਮਿਕਾ ਨਿਭਾ ਰਹੇ ਐਮੀ ਵਿਰਕ ਨੂੰ ਕਹਿੰਦੀ ਹੈ, "ਤੂੰ ਮੇਰੀ ਛੋਟੀ ਭੈਣ ਨਾਲ ਵਿਆਹ ਕਰਵਾ ਲੈ।"

ਫ਼ਿਲਮ ਵਿੱਚ ਦਿਖਾਇਆ ਗਿਆ ਹੈ ਕਿ ਐਮੀ ਵਿਰਕ ਤੇ ਸਰਗੁਨ ਮਹਿਤਾ ਦੇ ਔਲਾਦ ਨਹੀਂ ਹੋ ਰਹੀ ਹੁੰਦੀ। ਇਸ ਕਰਕੇ ਸਰਗੁਨ ਮਹਿਤਾ ਐਮੀ ਵਿਰਕ ਨੂੰ ਆਪਣੀ ਭੈਣ ਨਾਲ ਵਿਆਹ ਕਰਵਾਉਣ ਦੀ ਗੱਲ ਕਹਿੰਦੀ ਹੈ।

ਸਰਗੁਨ ਨੂੰ ਡਰ ਹੁੰਦਾ ਹੈ ਕਿ ਜੇ ਔਲਾਦ ਨਾ ਹੋਈ ਤਾਂ ਜ਼ਮੀਨ ਸ਼ਰੀਕਾਂ ਨੂੰ ਚੱਲੀ ਜਾਣੀ। ਫ਼ਿਲਮ ਵਿੱਚ ਐਮੀ ਦਾ ਦੂਜਾ ਵਿਆਹ ਅਦਾਕਾਰਾ ਨਿਮਰਤ ਖਹਿਰਾ ਨਾਲ ਹੋ ਜਾਂਦਾ ਹੈ।

ਇਸੇ ਫ਼ਿਲਮ ਦਾ ਦੂਜਾ ਪਾਰਟ ਸੌਕਣ ਸੌਕਣੇ -2 ਆ ਗਿਆ ਹੈ, ਜਿਸ ਦੇ ਟ੍ਰੇਲਰ ਵਿੱਚ ਐਮੀ ਵਿਰਕ ਦਾ ਤੀਜਾ ਵਿਆਹ ਹੁੰਦੇ ਦਿਖਾਇਆ ਗਿਆ ਹੈ। ਇਹ ਫਿਲਮ 30 ਮਈ 2025 ਨੂੰ ਰਿਲੀਜ਼ ਹੋਈ ਹੈ।

ਇਹ ਦੋਵੇਂ ਫਿਲਮਾਂ ਬਹੁ-ਵਿਆਹ ਦੀ ਪ੍ਰਥਾ ਉੱਤੇ ਬਣੀਆਂ ਹਨ। ਭਾਰਤ ਵਿੱਚ ਇਸਲਾਮ ਧਰਮ ਨੂੰ ਛੱਡ ਕੇ ਬਾਕੀਆਂ ਲਈ ਬਹੁ-ਵਿਆਹ ਦੀ ਇਸ ਪ੍ਰਥਾ ਉੱਤੇ ਪਾਬੰਦੀ ਹੈ।

ਭਾਰਤ ਵਿੱਚ ਬਹੁ-ਵਿਆਹ ਦਾ ਪੁਰਾਤਨ ਇਤਿਹਾਸ ਰਿਹਾ ਹੈ। ਮੌਜੂਦਾ ਸਮੇਂ ਵਿੱਚ ਵੀ ਇਹ ਪ੍ਰਥਾ ਭਾਰਤ ਦੇ ਕਈ ਹਿੱਸਿਆਂ ਵਿੱਚ ਕਿਸੇ ਨਾ ਕਿਸੇ ਰੂਪ ਵਿੱਚ ਮੌਜੂਦ ਹੈ ਭਾਵੇਂ ਇਸ ਦੀ ਗਿਣਤੀ ਕਾਫੀ ਘੱਟ ਹੈ।

ਬਹੁ-ਵਿਆਹ ਕੀ ਹੈ

ਬਹੁ-ਵਿਆਹ

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, ਭਾਰਤ ਵਿੱਚ ਬਹੁ-ਵਿਆਹ ਦਾ ਪੁਰਾਤਨ ਇਤਿਹਾਸ ਰਿਹਾ ਹੈ (ਸੰਕੇਤਕ ਤਸਵੀਰ)

ਬਹੁ-ਵਿਆਹ ਨੂੰ ਜੇ ਪ੍ਰਭਾਸ਼ਿਤ ਕੀਤਾ ਜਾਵੇ ਤਾਂ ਇਸ ਦਾ ਅਰਥ ਹੈ, ਇੱਕ ਔਰਤ ਦੇ ਇੱਕ ਤੋਂ ਵੱਧ ਪਤੀਆਂ ਨਾਲ ਵਿਆਹ ਹੋਣਾ ਜਾਂ ਇੱਕ ਮਰਦ ਦਾ ਇੱਕ ਤੋਂ ਵੱਧ ਪਤਨੀਆਂ ਨਾਲ ਵਿਆਹ ਹੋਣਾ।

ਡਾ. ਬਿੰਦੂ ਡੋਗਰਾ, ਚੰਡੀਗੜ੍ਹ ਦੇ ਮੇਹਰ ਚੰਦ ਮਹਾਜਨ ਡੀਏਵੀ ਕਾਲਜ ਫਾਰ ਵੂਮੈਨ ਵਿੱਚ ਸਮਾਜ ਸ਼ਾਸਤਰ ਦੀ ਸੀਨੀਅਰ ਅਸਿਸਟੈਂਟ ਪ੍ਰੋਫੈਸਰ ਹੈ।

ਉਹ ਕਹਿੰਦੇ ਹਨ, "ਬਹੁ-ਵਿਆਹ ਇੱਕ ਵੱਡਾ ਪ੍ਰਭਾਸ਼ਿਕ ਸ਼ਬਦ ਹੈ, ਜੋ ਬਹੁ-ਪਤਨੀ ਵਿਆਹ (ਇੱਕ ਤੋਂ ਵੱਧ ਪਤਨੀਆਂ) ਅਤੇ ਬਹੁ ਪਤੀ ਵਿਆਹ (ਇੱਕ ਤੋਂ ਵੱਧ ਪਤੀ) ਦੋਵਾਂ ਲਈ ਵਰਤਿਆ ਜਾਂਦਾ ਹੈ।"

ਭਾਰਤ ਵਿੱਚ ਬਹੁ ਵਿਆਹ ਦਾ ਕੀ ਇਤਿਹਾਸ ਹੈ

ਬਹੁ ਵਿਆਹ

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, ਭਾਰਤ ਵਿੱਚ ਕਾਨੂੰਨੀ ਤੌਰ ਉੱਤੇ ਜ਼ਿਆਦਾਤਰ ਭਾਈਚਾਰਿਆਂ ਲਈ ਬਹੁ-ਵਿਆਹ ਉੱਤੇ ਪਾਬੰਦੀ ਹੈ (ਸੰਕੇਤਕ ਤਸਵੀਰ)

ਭਾਰਤ ਵਿੱਚ ਬਹੁ-ਵਿਆਹ ਦਾ ਪੁਰਾਣਾ ਇਤਿਹਾਸ ਰਿਹਾ ਹੈ। ਪੁਰਾਤਨ ਸਮੇਂ ਤੋਂ ਹੀ ਅਜਿਹੇ ਕਈ ਹਵਾਲੇ ਮਿਲਦੇ ਹਨ ਜਿੱਥੇ ਇੱਕ ਮਰਦ ਵੱਲੋਂ ਇੱਕ ਤੋਂ ਵੱਧ ਔਰਤਾਂ ਨਾਲ ਵਿਆਹ ਕਰਵਾਇਆ ਗਿਆ ਹੋਵੇ।

ਇੱਕ ਔਰਤ ਵੱਲੋਂ ਇੱਕ ਤੋਂ ਵੱਧ ਮਰਦਾਂ ਨਾਲ ਵਿਆਹ ਕਰਵਾਉਣ ਦੇ ਹਵਾਲੇ ਵੀ ਇਤਿਹਾਸ ਵਿੱਚੋਂ ਮਿਲਦੇ ਹਨ।

ਦਿੱਲੀ ਦੀ ਜਾਮੀਆ ਮਿਲੀਆ ਯੂਨੀਵਰਸਿਟੀ ਦੇ ਸਰੋਜਿਨੀ ਨਾਇਡੂ ਸੈਂਟਰ ਫਾਰ ਵੂਮੈਨ ਸਟੱਡੀਜ਼ ਵਿੱਚ ਐਸੋਸੀਏਟ ਪ੍ਰੋਫੈਸਰ ਡਾ. ਫਿਰਦੌਸ ਅਜ਼ਮਤ ਸਿੱਦਕੀ ਨੇ ਭਾਰਤੀ ਔਰਤਾਂ ਦੀ ਸਮਾਜਿਕ ਤੇ ਆਰਥਿਕ ਹਾਲਾਤ ਬਾਰੇ ਕਾਫੀ ਕੰਮ ਕੀਤਾ ਹੈ।

ਡਾ. ਫਿਰਦੌਸ ਅਜ਼ਮਤ ਸਿੱਦਕੀ ਕਹਿੰਦੇ ਹਨ ਕਿ ਬਹੁ-ਵਿਆਹ ਹਰ ਸਮਾਜ, ਹਰ ਸੱਭਿਆਚਾਰ ਤੇ ਹਰ ਧਰਮ ਦੇ ਲੋਕਾਂ ਵਿੱਚ ਰਿਹਾ ਹੈ।

ਉਹ ਕਹਿੰਦੇ ਹਨ, "ਬਹੁ-ਵਿਆਹ ਬਾਰੇ ਭਾਵੇਂ ਇਸਲਾਮ ਵਿੱਚ ਸਪੱਸ਼ਟ ਹੈ ਕਿ ਮਰਦ ਚਾਰ ਵਿਆਹ ਕਰਵਾ ਸਕਦਾ ਹੈ। ਪਰ ਦੂਜੇ ਧਰਮਾਂ ਵਿੱਚ ਵੀ ਬਹੁ ਵਿਆਹ ਦਾ ਇਤਿਹਾਸ ਰਿਹਾ ਹੈ। ਜੇ ਤੁਸੀਂ ਪੁਰਾਣੇ ਸਾਹਿਤ ਦੇ ਸਰੋਤ ਵੀ ਦੇਖੋਗੇ ਤਾਂ ਤੁਹਾਨੂੰ ਇਹ ਸਮਝ ਆ ਜਾਵੇਗਾ ਕਿ ਬਹੁ-ਵਿਆਹ ਦਾ ਸੱਭਿਆਚਾਰਕ ਤੇ ਸਮਾਜਿਕ ਇਤਿਹਾਸ ਹੈ।"

"ਖਾਸਕਰ ਬਹੁ ਪਤਨੀ ਵਿਆਹ ਜਗੀਰੂ ਸਿਸਟਮ ਵਿੱਚ ਹਮੇਸ਼ਾ ਰਿਹਾ ਹੈ। ਜਦੋਂ ਵੱਡੇ-ਵੱਡੇ ਜ਼ਿੰਮੀਦਾਰ ਹੁੰਦੇ ਸਨ ਤਾਂ ਉਨ੍ਹਾਂ ਦੀਆਂ ਇੱਕ ਤੋਂ ਵੱਧ ਪਤਨੀਆਂ ਹੁੰਦੀਆਂ ਸਨ।"

ਬਹੁ-ਵਿਆਹ

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, ਭਾਰਤ ਵਿੱਚ ਸਿਰਫ ਮੁਸਲਮਾਨ ਭਾਈਚਾਰੇ ਵਿੱਚ ਮਰਦਾਂ ਵੱਲੋਂ ਇੱਕ ਤੋਂ ਵੱਧ ਵਿਆਹ ਕੀਤੇ ਜਾ ਸਕਦੇ ਹਨ (ਸੰਕੇਤਕ ਤਸਵੀਰ)

ਡਾ. ਬਿੰਦੂ ਡੋਗਰਾ ਕਹਿੰਦੇ ਹਨ, "ਬਹੁ-ਪਤਨੀ ਵਿਆਹ ਤੇ ਬਹੁ-ਪਤੀ ਵਿਆਹ ਦੇ ਹਵਾਲੇ ਸਾਨੂੰ ਮਹਾਂਭਾਰਤ ਤੇ ਰਮਾਇਣ ਵਿੱਚ ਵੀ ਮਿਲਦੇ ਹਨ। ਇਹ ਪ੍ਰਥਾ ਕਾਫੀ ਪੁਰਾਣੀ ਹੈ। ਭਾਰਤ ਦੀ ਅਜ਼ਾਦੀ ਤੋਂ ਪਹਿਲਾਂ ਦੇ ਸਮੇਂ ਦੀ ਗੱਲ ਕਰੀਏ ਤਾਂ ਮੁੱਖ ਤੌਰ ਉੱਤੇ ਇਸ ਤਰ੍ਹਾਂ ਦੇ ਵਿਆਹ ਦੇ ਹਵਾਲੇ ਰਾਜੇ-ਮਹਾਰਾਜਿਆਂ, ਸਮਾਜ ਦੇ ਅਮੀਰ ਵਰਗ ਅਤੇ ਹਿੰਦੂਆਂ ਤੇ ਸਿੱਖਾਂ ਦੀ ਅਖੌਤੀ ਉੱਚ ਜਾਤੀਆਂ ਵਿੱਚ ਹੀ ਜ਼ਿਆਦਾ ਮਿਲਦੇ ਸਨ। ਆਮ ਲੋਕਾਂ ਵਿੱਚ ਬਹੁ ਵਿਆਹ ਦੀ ਪ੍ਰਥਾ ਨਹੀਂ ਸੀ। ਇਸਲਾਮ ਵਿੱਚ ਤਾਂ ਇਸ ਨੂੰ ਧਾਰਮਿਕ ਮਾਨਤਾ ਹੈ ਹੀ। ਬ੍ਰਿਟਿਸ਼ ਰਾਜ ਦੌਰਾਨ ਵੀ ਸਰਕਾਰ ਵੱਲੋਂ ਇਸ ਉੱਤੇ ਕੋਈ ਪਾਬੰਦੀ ਲਗਾਉਣ ਦੀ ਕੋਸ਼ਿਸ਼ ਦੇ ਹਵਾਲੇ ਨਹੀਂ ਮਿਲਦੇ ਹਨ।"

ਪੁਰਾਤਨ ਸਮੇਂ ਤੋਂ ਹੀ ਬਹੁ-ਵਿਆਹ ਦੀ ਪ੍ਰਥਾ ਰਾਜੇ-ਮਹਾਰਾਜਿਆਂ ਵਿੱਚ ਦੇਖੀ ਗਈ ਹੈ, ਜਿੱਥੇ ਇੱਕ ਰਾਜੇ ਦੀਆਂ ਕਈ ਪਤਨੀਆਂ ਹੁੰਦੀਆਂ ਸਨ। ਇਹ ਰਾਜੇ-ਮਹਾਰਾਜੇ ਹਿੰਦੂ, ਸਿੱਖ ਤੇ ਮੁਸਲਮਾਨ ਧਰਮ ਤੋਂ ਸਬੰਧ ਰੱਖਦੇ ਸਨ।

ਇਤਿਹਾਸ ਵਿੱਚ ਇਹ ਵੀ ਦੇਖਿਆ ਗਿਆ ਹੈ ਕਿ ਰਾਜੇ ਸਿਆਸੀ ਰਿਸ਼ਤਿਆਂ ਦੀ ਖਾਤਰ ਬਹੁ-ਪਤਨੀ ਵਿਆਹ ਕਰਦੇ ਸਨ।

ਡਾ. ਬਿੰਦੂ ਡੋਗਰਾ ਕਹਿੰਦੇ ਹਨ, "ਆਰਥਿਕ ਤੌਰ ਉੱਤੇ ਕਮਜ਼ੋਰ ਵਰਗ ਦੇ ਲੋਕਾਂ ਵਿੱਚ ਬਹੁ ਪਤਨੀ ਵਿਆਹ ਉਦੋਂ ਹੁੰਦੇ ਸੀ ਜਦੋਂ ਔਲਾਦ ਪੈਦਾ ਨਾ ਹੋ ਰਹੀ ਹੋਵੇ। ਇਸ ਵਰਗ ਦੇ ਲੋਕ ਜ਼ਮੀਨ ਨੂੰ ਵੰਡਣ ਤੋਂ ਬਚਾਉਣ ਦੇ ਲਈ ਬਹੁ-ਪਤੀ ਪ੍ਰਥਾ ਦਾ ਵੀ ਸਹਾਰਾ ਲੈਂਦੇ ਸੀ। ਇਸ ਦੇ ਤਹਿਤ ਇੱਕ ਔਰਤ ਦਾ ਵਿਆਹ ਇੱਕੋ ਘਰ ਵਿੱਚ ਭਰਾਵਾਂ ਨਾਲ ਹੋ ਜਾਂਦਾ ਸੀ ਤਾਂ ਜੋ ਘਰ ਦੀ ਜ਼ਮੀਨ ਘਰ ਵਿੱਚ ਹੀ ਰਹੇ।"

ਬਹੁ-ਵਿਆਹ ਬਾਰੇ ਕਾਨੂੰਨ ਕੀ ਕਹਿੰਦਾ ਹੈ

ਬਹੁ ਵਿਆਹ

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, ਭਾਰਤ ਦੇ ਨੈਸ਼ਨਲ ਹੈਲਥ ਸਰਵੇ ਮੁਤਾਬਕ ਸਾਲ 2005-06 ਤੋਂ ਸਾਲ 2019-21 ਤੱਕ ਬਹੁ-ਪਤਨੀ ਵਿਆਹ ਦੀ ਗਿਣਤੀ 1.9% ਤੋਂ 1.4% ਤੱਕ ਰਹਿ ਗਈ ਹੈ (ਸੰਕੇਤਕ ਤਸਵੀਰ)

ਭਾਰਤ ਵਿੱਚ ਕਾਨੂੰਨੀ ਤੌਰ ਉੱਤੇ ਜ਼ਿਆਦਾਤਰ ਭਾਈਚਾਰਿਆਂ ਲਈ ਬਹੁ-ਵਿਆਹ ਉੱਤੇ ਪਾਬੰਦੀ ਹੈ। ਸਿਰਫ ਮੁਸਲਮਾਨ ਭਾਈਚਾਰੇ ਵਿੱਚ ਇੱਕ ਤੋਂ ਵੱਧ ਵਿਆਹ ਮਰਦਾਂ ਵੱਲੋਂ ਕੀਤੇ ਜਾ ਸਕਦੇ ਹਨ।

ਪਟਿਆਲਾ ਦੀ ਰਾਜੀਵ ਗਾਂਧੀ ਨੈਸ਼ਨਲ ਯੂਨੀਵਰਸਿਟੀ ਆਫ਼ ਲਾਅ ਵਿੱਚ ਸਮਾਜ ਸ਼ਾਸਤਰ ਦੀ ਅਸਿਸਟੈਂਟ ਪ੍ਰੋਫੈਸਰ ਡਾ. ਜਸਲੀਨ ਕੇਵਲਾਨੀ ਕਹਿੰਦੇ ਹਨ, "ਕਾਨੂੰਨ ਦੇ ਹਿਸਾਬ ਦੇ ਨਾਲ ਇੱਕ ਵਿਆਹ ਹੀ ਪ੍ਰਵਾਨ ਹੈ। ਦੂਜੀ ਵਾਰ ਕਿਸੇ ਮਰਦ ਜਾਂ ਔਰਤ ਦਾ ਵਿਆਹ ਤਾਂ ਹੀ ਹੋ ਸਕਦਾ ਹੈ ਜੇ ਉਸ ਦਾ ਕਾਨੂੰਨੀ ਤੌਰ ਉੱਤੇ ਤਲਾਕ ਹੋ ਜਾਵੇ ਜਾਂ ਉਸ ਦੇ ਪਤੀ/ਪਤਨੀ ਦੀ ਹੁਣ ਮੌਤ ਹੋ ਗਈ ਹੋਵੇ।"

ਇਹ ਵੀ ਪੜ੍ਹੋ-

ਡਾ. ਫਿਰਦੌਸ ਅਜ਼ਮਤ ਸਿੱਦਕੀ ਕਹਿੰਦੇ ਹਨ, "ਭਾਰਤ ਦੀ ਅਜ਼ਾਦੀ ਤੋਂ ਬਾਅਦ ਜਦੋਂ ਬਰਾਬਰਤਾ ਦੀ ਗੱਲ ਹੋਣ ਲੱਗੀ, ਲਿੰਗ ਬਰਾਬਰਤਾ ਤੇ ਵਿਆਹ ਵਿੱਚ ਬਰਾਬਰੀ ਦੀ ਗੱਲ ਹੋਣ ਲੱਗੀ ਤਾਂ ਹਿੰਦੂ ਮੈਰਿਜ ਐਕਟ 1955 ਦੇ ਤਹਿਤ ਬਹੁ-ਵਿਆਹ ਉੱਤੇ ਪਾਬੰਦੀ ਲਗਾ ਦਿੱਤੀ ਗਈ। ਇਸ ਤੋਂ ਪਹਿਲਾਂ ਹਿੰਦੂਆਂ ਦੇ ਲਈ ਕੋਈ ਇੱਕ ਕਾਨੂੰਨ ਨਹੀਂ ਸੀ ਜਿਸ ਤਹਿਤ ਵਿਆਹ ਬਾਰੇ ਨਿਯਮ ਤੈਅ ਹੋਣ।"

"ਉਸੇ ਸਮੇਂ ਸ਼ਰੀਅਤ ਲਾਅ ਨੂੰ ਛੱਡ ਦਿੱਤਾ ਗਿਆ। ਸ਼ਰੀਅਤ ਦੇ ਤਹਿਤ ਇੱਕ ਮੁਸਲਮਾਨ ਮਰਦ ਚਾਰ ਬਹੁ-ਪਤਨੀ ਵਿਆਹ ਕਰ ਸਕਦਾ ਹੈ। ਮੁਸਲਮਾਨਾਂ ਲਈ ਬਹੁ-ਵਿਆਹ ਦੀਆਂ ਜੋ ਸ਼ਰਤਾਂ ਹਨ ਉਹ ਕਾਫੀ ਮੁਸ਼ਕਲ ਹਨ।"

"ਇਨ੍ਹਾਂ ਸ਼ਰਤਾਂ ਨੂੰ ਹਿੰਦੁਸਤਾਨੀ ਮੁਸਲਮਾਨ ਅਸਲ ਵਿੱਚ ਜ਼ਮੀਨੀ ਪੱਧਰ ਉੱਤੇ ਨਹੀਂ ਮੰਨਦਾ। ਮਿਸਰ ਤੇ ਤੁਰਕੀ ਸਣੇ ਕਈ ਇਸਲਾਮਿਕ ਦੇਸ਼ਾਂ ਵਿੱਚ ਇਸ ਉੱਤੇ ਪਾਬੰਦੀ ਵੀ ਲਗਾਈ ਗਈ।"

"ਮੁਸਲਮਾਨ ਭਾਈਚਾਰੇ ਵਿੱਚ ਮਰਦ ਬਹੁ-ਵਿਆਹ ਨੂੰ ਹੱਕ ਮੰਨਦੇ ਹਨ ਕਿਉਂਕਿ ਇਸ ਦਾ ਕੁਰਾਨ ਵਿੱਚ ਜ਼ਿਕਰ ਹੈ ਪਰ ਇਸ ਦੀਆਂ ਸ਼ਰਤਾਂ ਨੂੰ ਨਹੀਂ ਮੰਨਦੇ। ਸ਼ਰੀਅਤ ਲਾਅ ਮੁਤਾਬਕ ਸ਼ਰਤਾਂ ਹਨ ਜਿਵੇਂ ਦੂਜਾ ਜਾਂ ਤੀਜਾ ਵਿਆਹ ਕਰਨ ਲਈ ਪਹਿਲੀ ਪਤਨੀ ਤੋਂ ਇਜਾਜ਼ਤ ਲੈਣੀ ਹੁੰਦੀ ਹੈ, ਦੂਜਾ ਵਿਆਹ ਤਾਂ ਹੀ ਕਰਨਾ ਹੈ ਜੇ ਉਹ ਦੋਵੇਂ ਪਤਨੀਆਂ ਵਿਚਾਲੇ ਇਨਸਾਫ਼ ਕਰ ਸਕਦਾ ਹੈ, ਇਸ ਤੋਂ ਇਲਾਵਾ ਕੁਝ ਖਾਸ ਹਾਲਾਤ ਵਿੱਚ ਦੂਜੇ ਵਿਆਹ ਦੀ ਇਜਾਜ਼ਤ ਹੁੰਦੀ ਹੈ।"

ਬਹੁ-ਵਿਆਹ ਬਾਰੇ ਅੰਕੜੇ ਕੀ ਕਹਿੰਦੇ ਹਨ

ਬਹੁ ਵਿਆਹ

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, ਜੂਦਾ ਸਮੇਂ ਵਿੱਚ ਵੀ ਇਹ ਪ੍ਰਥਾ ਭਾਰਤ ਦੇ ਕਈ ਹਿੱਸਿਆਂ ਵਿੱਚ ਕਿਸੇ ਨਾ ਕਿਸੇ ਰੂਪ ਵਿੱਚ ਮੌਜੂਦ ਹੈ ਭਾਵੇਂ ਇਸ ਦੀ ਗਿਣਤੀ ਕਾਫੀ ਘੱਟ ਹੈ (ਸੰਕੇਤਕ ਤਸਵੀਰ)

ਭਾਰਤ ਦੇ ਨੈਸ਼ਨਲ ਹੈਲਥ ਸਰਵੇ ਮੁਤਾਬਕ ਸਾਲ 2005-06 ਤੋਂ ਸਾਲ 2019-21 ਤੱਕ ਬਹੁ-ਪਤਨੀ ਵਿਆਹ ਦੀ ਗਿਣਤੀ 1.9% ਤੋਂ 1.4% ਤੱਕ ਰਹਿ ਗਈ ਹੈ। ਸਾਲ 2019-21 ਲਈ ਪੰਜਾਬ, ਚੰਡੀਗੜ੍ਹ, ਰਾਜਸਥਾਨ, ਝਾਰਖੰਡ, ਮੇਘਾਲਿਆ, ਤ੍ਰਿਪੁਰਾ, ਮਹਾਰਾਸ਼ਟਰ ਤੇ ਪੁੰਡੇਚੇਰੀ ਨੂੰ ਛੱਡ ਕੇ ਭਾਰਤ ਦੇ ਸਾਰੇ ਸੂਬਿਆਂ ਵਿੱਚ ਬਹੁ-ਪਤਨੀ ਵਿਆਹ ਦੀ ਗਿਣਤੀ ਘਟੀ ਹੈ।

2019-21 ਲਈ ਮੇਘਾਲਿਆ ਵਿੱਚ (6.1%) ਤੇ ਮਿਜ਼ੋਰਮ (4.1%) ਵਿੱਚ ਸਭ ਤੋਂ ਵੱਧ ਬਹੁ-ਪਤਨੀ ਵਿਆਹ ਦੇ ਮਾਮਲੇ ਸਾਹਮਣੇ ਆਏ ਸਨ।

ਪੰਜਾਬ ਤੇ ਚੰਡੀਗੜ੍ਹ ਵਿੱਚ ਭਾਵੇਂ ਬਹੁ ਪਤਨੀ ਵਿਆਹ ਦੀ ਗਿਣਤੀ ਵਧੀ ਹੈ ਪਰ ਇਹ ਕਾਫੀ ਥੋੜ੍ਹੀ ਹੈ। ਪੰਜਾਬ ਵਿੱਚ 2019-21 ਵਿੱਚ ਇਹ 0.5% ਤੇ ਚੰਡੀਗੜ੍ਹ ਵਿੱਚ ਇਹ ਗਿਣਤੀ 0.6% ਹੈ।

ਪੰਜਾਬ ਯੂਨੀਵਰਸਿਟੀ, ਚੰਡੀਗੜ੍ਹ ਵਿੱਚ ਸਮਾਜ ਸ਼ਾਸਤਰ ਦੀ ਸਾਬਕਾ ਪ੍ਰੋਫੈਸਰ ਰਹੇ ਡਾ. ਰਾਜੇਸ਼ ਗਿੱਲ ਕਹਿੰਦੇ ਹਨ ਕਿ ਇੰਟਰਨੈਸ਼ਨਲ ਇੰਸਟੀਚਿਊਟ ਆਫ ਪੋਪੁਲੇਸ਼ਨ ਸਾਈਂਸਿਸ ਮੁਤਾਬਕ ਬਹੁ ਵਿਆਹ ਦੀ ਪ੍ਰਥਾ ਅਰੁਨਾਚਲ ਪ੍ਰਦੇਸ਼, ਮਿਜੋਰਮ ਤੇ ਦੱਖਣੀ ਭਾਰਤ ਦੇ ਤੇਲੰਗਾਨਾ ਤੇ ਆਂਧਰ ਪ੍ਰਦੇਸ਼ ਵਿੱਚ ਜਿਆਦਾ ਹੈ। ਉਨ੍ਹਾਂ ਮੁਤਾਬਕ ਇਹ ਆਦਿਵਾਸੀ ਭਾਈਚਾਰੇ ਵਿੱਚ ਜ਼ਿਆਦਾ ਪ੍ਰਚਲਿਤ ਹੈ ਤੇ ਜਿੱਥੇ ਇਹ ਪ੍ਰਥਾ ਰਵਾਇਤ ਨਾਲ ਜੁੜੀ ਹੁੰਦੀ ਹੈ ਉੱਥੇ ਇਹ ਆਮ ਮੰਨੀ ਜਾਂਦੀ ਹੈ।

ਧਰਮ ਦੇ ਹਿਸਾਬ ਨਾਲ ਬਹੁ-ਵਿਆਹ ਦੇ ਅੰਕੜੇ ਕੀ ਹਨ

ਬਹੁ-ਵਿਆਹ

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, ਪੰਜਾਬ ਵਿੱਚ 2019-21 ਵਿੱਚ ਬਹੁ-ਵਿਆਹ ਦੀ ਗਿਣਤੀ 0.5% ਤੇ ਚੰਡੀਗੜ੍ਹ ਵਿੱਚ ਇਹ ਗਿਣਤੀ 0.6% ਹੈ (ਸੰਕੇਤਕ ਤਸਵੀਰ)

ਪੰਜਵੇਂ ਨੈਸ਼ਨਲ ਫੈਮਿਲੀ ਹੈਲਥ ਸਰਵੇ (2019-21) ਮੁਤਾਬਕ ਹਿੰਦੂਆਂ ਵਿੱਚ ਬਹੁ-ਪਤਨੀ ਵਿਆਹ ਦਾ ਅੰਕੜਾ 1.6% ਹੈ। ਹਿੰਦੂਆਂ ਵਿੱਚ ਬਹੁ-ਪਤਨੀ ਵਿਆਹ ਦੇ ਮਾਮਲੇ ਤੇਲੰਗਾਨਾ ਤੇ ਤਮਿਲ ਨਾਡੂ ਵਿੱਚ ਵੱਧ ਹਨ।

ਇਸੇ ਸਰਵੇ ਮੁਤਾਬਕ ਮੁਸਲਮਾਨਾਂ ਵਿੱਚ ਬਹੁ-ਪਤਨੀ ਵਿਆਹ ਦੇ ਮਾਮਲੇ 1.6% ਹਨ। ਮੁਸਲਮਾਨਾਂ ਵਿੱਚ ਬਹੁ-ਪਤਨੀ ਵਿਆਹ ਦੇ ਮਾਮਲੇ ਓਡੀਸ਼ਾ, ਅਸਾਮ ਤੇ ਪੱਛਮੀ ਬੰਗਾਲ ਵਿੱਚ ਵੱਧ ਹਨ।

ਪੰਜਾਬ-ਹਰਿਆਣਾ ਵਿੱਚ ਮੌਜੂਦਾ ਹਾਲਾਤ ਕੀ ਹਨ

ਬਹੁ-ਵਿਆਹ

ਡਾ. ਰਾਜੇਸ਼ ਗਿੱਲ ਨੇ 2012-2017 ਵਿਚਾਲੇ ਪੰਜਾਬ ਤੇ ਹਰਿਆਣਾ ਦੇ ਵੱਖ-ਵੱਖ ਹਿੱਸਿਆਂ ਦੇ ਲਿੰਗਕ ਮੁੱਦਿਆਂ ਬਾਰੇ ਰਿਸਰਚ ਕੀਤੀ ਸੀ।

ਇਸ ਰਿਸਰਚ ਦਾ ਨਾਂ 'ਜੈਂਡਰ ਕਲਚਰ ਐਂਡ ਆਨਰ: ਜੈਂਡਰ ਆਡਿਟ ਆਫ ਪੰਜਾਬ ਐਂਡ ਹਰਿਆਣਾ' ਸੀ ਜੋ 2019 ਵਿੱਚ ਛਪੀ ਸੀ।

ਡਾ. ਰਾਜੇਸ਼ ਗਿੱਲ ਕਹਿੰਦੇ ਹਨ, "ਜੇ ਤੁਸੀਂ ਵੇਖੋ ਤਾਂ ਤੁਹਾਨੂੰ ਗੈਰ ਮੁਸਲਿਮ ਪਰਿਵਾਰਾਂ ਵਿੱਚ ਬਹੁ-ਵਿਆਹ ਦੀ ਪ੍ਰਥਾ ਨਜ਼ਰ ਨਹੀਂ ਆਉਂਦੀ ਹੈ। ਅਸੀਂ ਪੰਜਾਬ ਹਰਿਆਣਾ ਦੇ ਪੇਂਡੂ ਖੇਤਰਾਂ ਵਿੱਚ ਰਿਸਰਚ ਕੀਤੀ ਹੈ। ਉਸ ਵਿੱਚ ਬਹੁ-ਵਿਆਹ ਪਿੱਛੇ ਦੋ ਕਾਰਨ ਸਾਹਮਣੇ ਆਏ ਇੱਕ ਗਰੀਬੀ ਤੇ ਦੂਜੀ ਸਮਾਜਿਕ ਪ੍ਰਥਾਵਾਂ।"

"ਪੰਜਾਬ-ਹਰਿਆਣਾ ਵਿੱਚ ਕੀਤੀ ਇਸ ਰਿਸਰਚ ਵਿੱਚ ਇਹ ਸਾਹਮਣੇ ਆਇਆ ਕਿ ਇੱਥੇ ਬਹੁ-ਪਤਨੀ ਵਿਆਹ ਤੋਂ ਵੱਧ ਬਹੁ ਪਤੀ ਵਿਆਹ ਦੇ ਮਾਮਲੇ ਹਨ, ਭਾਵ ਭਰਾਵਾਂ ਦੀ ਇੱਕੋ ਪਤਨੀ।"

"ਇਨ੍ਹਾਂ ਮਾਮਲਿਆਂ ਦੀ ਗਿਣਤੀ ਜ਼ਿਆਦਾ ਨਹੀਂ ਸੀ ਤੇ ਇਨ੍ਹਾਂ ਬਾਰੇ ਤਸਦੀਕ ਕਰਨ ਲਈ ਸਾਨੂੰ ਕਾਫੀ ਮਿਹਨਤ ਕਰਨੀ ਪਈ ਸੀ। ਇਹ ਕੇਸ ਸਾਨੂੰ ਪੰਜਾਬ ਵਿੱਚ ਮਾਨਸਾ, ਲੁਧਿਆਣਾ ਤੇ ਹਰਿਆਣਾ ਦੇ ਕੁਝ ਪਿੰਡਾਂ ਵਿੱਚ ਮਿਲੇ।"

"ਇਨ੍ਹਾਂ ਮਾਮਲਿਆਂ ਵਿੱਚ ਗਰੀਬੀ ਇੱਕ ਕਾਰਨ ਸੀ ਜਾਂ ਉਨ੍ਹਾਂ ਕੋਲ ਜ਼ਿਆਦਾ ਜ਼ਮੀਨ ਨਹੀਂ ਸੀ। ਉਹ ਨਹੀਂ ਚਾਹੁੰਦੇ ਸਨ ਕਿ ਜ਼ਮੀਨ ਵੰਡੀ ਜਾਵੇ ਕਿਉਂਕਿ ਫਿਰ ਕੁਝ ਨਹੀਂ ਬਚਣਾ।"

"ਅਜਿਹੇ ਮਾਮਲੇ ਵੀ ਸਨ ਕਿ ਇੱਕ ਭਰਾ ਬਾਹਰ ਰਹਿ ਰਿਹਾ ਹੈ ਤੇ ਉਸ ਦੀ ਪਤਨੀ ਦੇ ਦੂਜੇ ਭਰਾ ਜਾਂ ਦਿਓਰ ਨਾਲ ਸਬੰਧ ਬਣ ਜਾਂਦੇ ਹਨ।"

ਡਾ. ਫਿਰਦੌਸ ਅਜ਼ਮਤ ਸਿੱਦਕੀ ਨੇ ਵੀ ਹਰਿਆਣਾ ਦੇ ਕੁਝ ਖੇਤਰ ਜਿਵੇਂ ਪਲਵਲ ਤੇ ਕੁਰੂਕਸ਼ੇਤਰ ਦੇ ਪਿੰਡਾਂ ਵਿੱਚ ਰਿਸਰਚ ਕੀਤੀ ਹੈ।

ਉਹ ਆਪਣੇ ਤਜਰਬੇ ਬਾਰੇ ਕਹਿੰਦੇ ਹਨ, "ਹਰਿਆਣਾ ਵਿੱਚ ਜਾਟ ਭਾਈਚਾਰੇ ਦੇ ਲੋਕਾਂ ਨਾਲ ਗੱਲਬਾਤ ਵਿੱਚ ਪਤਾ ਲਗਿਆ ਕਿ ਉਹ ਬਹੁ-ਵਿਆਹ ਨੂੰ ਸਹੀ ਮੰਨਦੇ ਹਨ। ਇਸ ਖਿੱਤੇ ਵਿੱਚ ਇੱਕ ਪ੍ਰਥਾ ਹੈ ਕਿ ਜੇ ਭਰਜਾਈ ਵਿਧਵਾ ਹੋ ਜਾਂਦੀ ਹੈ ਤਾਂ ਉਸ ਨੂੰ ਪਤੀ ਦੇ ਭਰਾ ਦੇ ਨਾਲ ਵਸਾ ਦਿੱਤਾ ਜਾਂਦਾ ਹੈ।"

"ਉਹ ਭਰਾ ਵਿਆਹ ਦੀਆਂ ਰਸਮਾਂ ਤਾਂ ਕਿਸੇ ਹੋਰ ਕੁੜੀ ਨਾਲ ਕਰੇਗਾ ਪਰ ਭਾਬੀ ਉਸ ਦੀ ਪਤਨੀ ਸਿਰਫ ਮੰਨੀ ਜਾਵੇਗੀ ਤੇ ਉਸਦੇ ਨਾਲ ਵਿਆਹਾਂ ਦੀਆਂ ਰਸਮਾਂ ਨਹੀਂ ਕੀਤੀਆਂ ਜਾਣਗੀਆਂ।"

ਬਹੁ-ਵਿਆਹ

ਡਾ. ਫਿਰਦੌਸ ਅਜ਼ਮਤ ਸਿੱਦਕੀ ਮੰਨਦੇ ਹਨ ਕਿ ਅਜਿਹੇ ਰਿਵਾਜ਼ ਔਰਤਾਂ ਦੇ ਮਰਜ਼ੀ ਦੇ ਹੱਕ ਦੀ ਵੀ ਉਲੰਘਣਾ ਕਰਦੇ ਹਨ।

ਉਹ ਕਹਿੰਦੇ ਹਨ, "ਵਿਧਵਾ ਭਰਜਾਈ ਹੋ ਸਕਦਾ ਹੈ ਕਿ ਦਿਓਰ ਨਾਲ ਵਿਆਹ ਹੀ ਨਾ ਕਰਵਾਉਣਾ ਚਾਹੁੰਦੀ ਹੋਵੇ ਜਾਂ ਕਿਸੇ ਹੋਰ ਨਾਲ ਵਿਆਹ ਕਰਵਾਉਣਾ ਚਾਹੁੰਦੀ ਹੋਵੇ ਜਾਂ ਵਿਆਹ ਕਰਵਾਉਣਾ ਹੀ ਨਾ ਚਾਹੁੰਦੀ ਹੋਵੇ ਤਾਂ ਫਿਰ ਉਸ ਦੀ ਮਰਜ਼ੀ ਦਾ ਕੀ ਬਣੇਗਾ।"

"ਅਜਿਹੇ ਰਿਵਾਜ਼ ਸਿਰਫ ਘਰ ਦੀ ਗੱਲ ਘਰ ਵਿੱਚ ਰੱਖਣ ਤੇ ਜਾਇਦਾਦ ਦੀ ਵੰਡ ਨੂੰ ਰੋਕਣ ਲਈ ਵਰਤੋਂ ਵਿੱਚ ਲਿਆਏ ਜਾਂਦੇ ਹਨ।"

ਡਾ. ਜਸਲੀਨ ਕੇਵਲਾਨੀ ਬਹੁ-ਪਤਨੀ ਵਿਆਹ ਪਿੱਛੇ ਔਲਾਦ ਨਾ ਹੋਣ ਨੂੰ ਵੀ ਜ਼ਿੰਮੇਵਾਰ ਮੰਨਦੇ ਹਨ।

ਉਹ ਕਹਿੰਦੇ ਹਨ, "ਬਹੁ-ਵਿਆਹ ਪਿੱਛੇ ਸਭ ਤੋਂ ਆਮ ਕਾਰਨ ਔਰਤ ਵੱਲੋਂ ਬੱਚਾ ਪੈਦਾ ਨਾ ਕਰ ਸਕਣਾ ਹੈ। ਮੁੰਡੇ ਪੈਦਾ ਕਰਨ ਦੀ ਇੱਛਾ ਵੀ ਇੱਕ ਕਾਰਨ ਹੈ ਜੋ ਦੂਜੇ ਵਿਆਹ ਨੂੰ ਬਿਨਾਂ ਕਾਨੂੰਨੀ ਮਾਨਤਾ ਦੇ ਉਤਸ਼ਾਹਤ ਕਰਦੀ ਹੈ।"

"ਅਜਿਹੇ ਮਾਮਲੇ ਇਸ ਵੱਲ ਇਸ਼ਾਰਾ ਕਰਦੇ ਹਨ ਕਿ ਪਿਤਰਸੱਤਾ ਦੇ ਨੇਮ ਅਜੇ ਵੀ ਇੰਨੇ ਗੂੜੇ ਹਨ ਕਿ ਔਰਤ ਨੂੰ ਮੌਜੂਦਾ ਵਕਤ ਵਿੱਚ ਵੀ ਸਿਰਫ਼ ਬੱਚੇ ਪੈਦਾ ਕਰਨ ਦੇ ਨਜ਼ਰੀਏ ਨਾਲ ਵੇਖਿਆ ਜਾਂਦਾ ਹੈ। ਇਸ ਤੋਂ ਇਲਾਵਾ ਮੁੱਖ ਕਾਰਨ ਮਾੜਾ ਲਿੰਗ ਅਨੁਪਾਤ ਵੀ ਹੈ।"

ਡਾ. ਜਸਲੀਨ ਮੰਨਦੇ ਹਨ ਕਿ ਸਮਾਜਿਕ ਪੱਧਰ ਉੱਤੇ ਸਮਾਜ ਸ਼ਾਸਤਰੀਆਂ ਵੱਲੋਂ ਇਸ ਬਾਰੇ ਰਿਸਰਚ ਕਰਨ ਦੀ ਲੋੜ ਹੈ।

ਡਾ. ਰਾਜੇਸ਼ ਗਿੱਲ ਮੰਨਦੇ ਹਨ ਕਿ ਬਹੁ-ਪਤਨੀ ਵਿਆਹਾਂ ਦਾ ਡੇਟਾ ਉਪਲੱਬਧ ਨਹੀਂ ਹੈ। ਉਹ ਕਹਿੰਦੇ ਹਨ, "ਬਹ-ਪਤਨੀ ਦੇ ਕੇਸ ਵੀ ਕਾਫੀ ਮਿਲ ਜਾਣਗੇ ਪਰ ਕਿਉਂਕਿ ਇਹ ਕਾਨੂੰਨੀ ਤੌਰ ਉੱਤੇ ਅਪਰਾਧ ਹੈ ਇਸ ਲਈ ਜਾਣਕਾਰੀ ਖੁੱਲ੍ਹ ਕੇ ਸਾਹਮਣੇ ਨਹੀਂ ਆਉਂਦੀ। ਇਸ ਬਾਰੇ ਸਹੀ ਢੰਗ ਨਾਲ ਰਿਸਰਚ ਕਰਨ ਦੀ ਲੋੜ ਹੈ।"

ਡਾ. ਰਾਜੇਸ਼ ਕਹਿੰਦੇ ਹਨ ਕਿ ਉਨ੍ਹਾਂ ਦੀ ਰਿਸਰਚ ਦਾ ਸਿੱਟਾ ਇਹ ਨਿਕਲਿਆ ਕਿ ਅਗਲੀ ਪੀੜ੍ਹੀ ਵੱਲੋਂ ਇਸ ਪ੍ਰਥਾ ਨੂੰ ਅਪਣਾਉਣਾ ਕਾਫੀ ਮੁਸ਼ਕਲ ਹੈ ਤੇ ਇਨ੍ਹਾਂ ਦੀ ਗਿਣਤੀ ਘੱਟ ਹੁੰਦਿਆਂ-ਹੁੰਦਿਆਂ ਇੱਕ ਦਿਨ ਖ਼ਤਮ ਹੋ ਜਾਵੇਗੀ।

ਬਹੁ-ਵਿਆਹ 'ਤੇ ਫਿਲਮਾਂ ਬਣਨ ਦੇ ਕੀ ਮਾਅਨੇ

ਸੌਕਣ-ਸੌਕਣੇ ਦੇ ਕਲਾਕਾਰ

ਤਸਵੀਰ ਸਰੋਤ, Sargun Mehta/FB

ਤਸਵੀਰ ਕੈਪਸ਼ਨ, ਸੌਕਣ-ਸੌਕਣੇ ਦੇ ਕਲਾਕਾਰ

ਡਾ. ਜਸਲੀਨ ਕਹਿੰਦੇ ਹਨ, "ਭਾਵੇਂ ਭਾਰਤ ਦੇ ਜ਼ਿਆਦਾਤਰ ਸੱਭਿਆਚਾਰਾਂ ਵਿੱਚ ਬਹੁ ਵਿਆਹ ਉੱਤੇ ਕਾਨੂੰਨੀ ਤੌਰ ਉੱਤੇ ਪਾਬੰਦੀ ਹੈ ਪਰ ਸਿਨਮਾ ਵਿੱਚ ਖ਼ਾਸਕਰ ਪੰਜਾਬੀ ਫਿਲਮਾਂ ਵਿੱਚ ਇਸ ਨੂੰ ਦਰਸ਼ਾਉਣਾ ਇਹ ਦੱਸਦਾ ਹੈ ਕਿ ਅਜੇ ਵੀ ਬਹੁ-ਵਿਆਹ ਦੀ ਸੱਭਿਆਚਾਰਕ ਮਹੱਤਤਾ ਕਾਇਮ ਹੈ। ਇਹ ਮਹੱਤਤਾ ਪਿੰਡਾਂ ਤੇ ਕਸਬਿਆਂ ਵਿੱਚ ਜ਼ਿਆਦਾ ਵੇਖੀ ਜਾ ਸਕਦੀ ਹੈ।"

ਦੂਜੇ ਪਾਸੇ ਡਾ. ਬਿੰਦੂ ਡੋਗਰਾ ਮੰਨਦੇ ਹਨ ਕਿ ਸੌਕਣ-ਸੌਕਣੇ ਵਰਗੀਆਂ ਫਿਲਮਾਂ ਰਾਹੀਂ ਬਹੁ-ਵਿਆਹ ਪ੍ਰਥਾ ਨੂੰ ਉਤਸਾਹਿਤ ਨਹੀਂ ਕਰਦੀਆਂ, ਸਗੋਂ ਉਹ ਤਾਂ ਲੋਕਾਂ ਨੂੰ ਸਿਰਫ਼ ਹਸਾਉਣ ਵਾਸਤੇ ਬਣਦੀਆਂ ਹਨ।

ਇਹ ਵੀ ਪੜ੍ਹੋ-

ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTER, WhatsApp ਅਤੇ YouTube 'ਤੇ ਜੁੜੋ।)