ਕਿਸੇ ਨੂੰ ਬਦਨਾਮ ਕਰਨ ਲਈ ਬਣਾਈ ਗਈ ਨਕਲੀ ਤਸਵੀਰ ਦੀ ਪਛਾਣ ਕਿਵੇਂ ਕਰੀਏ

    • ਲੇਖਕ, ਸੁਸ਼ੀਲਾ ਸਿੰਘ
    • ਰੋਲ, ਬੀਬੀਸੀ ਪੱਤਰਕਾਰ

ਪਿਛਲੇ ਕੁਝ ਕੁ ਦਿਨਾਂ ਤੋਂ ਤੁਸੀਂ ਅਖ਼ਬਾਰਾਂ, ਟੀਵੀ ਨਿਊਜ਼ ਅਤੇ ਸੋਸ਼ਲ ਮੀਡੀਆ ’ਤੇ ਡੀਪਫ਼ੇਕ ਜਾਂ ਡੀਪਫ਼ੇਕ ਵੀਡੀਓਜ਼ ਦੇ ਬਾਰੇ ਵਾਰ-ਵਾਰ ਸੁਣ ਜਾਂ ਵੇਖ ਰਹੇ ਹੋਵੋਗੇ।

ਡੀਪਫ਼ੇਕ ਤਕਨੀਕ ਦੇ ਸ਼ਿਕਾਰ ਹੋਣ ਦੇ ਮਾਮਲੇ ਲਗਾਤਾਰ ਸਾਹਮਣੇ ਆ ਰਹੇ ਹਨ।

ਇਸ ਤਕਨੀਕ ਦੀ ਗ਼ਲਤ ਵਰਤੋਂ ਨਾਲ ਜਿੱਥੇ ਆਮ ਲੋਕ ਪ੍ਰਭਾਵਿਤ ਹੋ ਰਹੇ ਹਨ, ਉੱਥੇ ਹੀ ਹਾਲ ਦੇ ਦਿਨਾਂ ’ਚ ਕਈ ਮਸ਼ਹੂਰ ਹਸਤੀਆਂ ਦੇ ਵੀ ਡੀਪਫ਼ੇਕ ਵੀਡੀਓਜ਼ ਵਾਇਰਲ ਹੋਏ ਹਨ।

ਡੀਪਫ਼ੇਕ ਮਾਮਲਿਆਂ ’ਚ ਫਿਲਮ ਅਦਾਕਾਰਾ ਰਸ਼ਮਿਕਾ ਮੰਦਾਨਾ, ਕਾਜੋਲ , ਕੈਟਰੀਨਾ ਆਦਿ ਦੇ ਨਾਮ ਸਾਹਮਣੇ ਆਏ ਹਨ।

ਇਨ੍ਹਾਂ ਹੀ ਨਹੀਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਵੀ ਇੱਕ ਵੀਡੀਓ ਵਾਇਰਲ ਹੋਇਆ ਜਿਸ ਵਿੱਚ ਉਹ ਗੁਜਰਾਤੀ ਨਾਚ ਗਰਬਾ ਕਰਦੇ ਹੋਏ ਨਜ਼ਰ ਆਏ, ਇਸ ਨੇ ਵੀ ਸਭ ਨੂੰ ਹੈਰਾਨ ਕੀਤਾ ਤੇ ਸੱਚ ਜਾਣਨ ਲਈ ਉਤਸੁਕ ਕੀਤਾ।

ਪਰ ਇਹ ਡੀਪਫ਼ੇਕ ਦੇ ਮਾਮਲੇ ਸਿਰਫ ਭਾਰਤ ਤੱਕ ਹੀ ਸੀਮਤ ਨਹੀਂ ਹਨ।

ਅਮਰੀਕਾ ਦੇ ਸਾਬਕਾ ਰਾਸ਼ਟਰਪਤੀ ਬਰਾਕ ਓਬਾਮਾ ਤੋਂ ਲੈ ਕੇ ਫੇਸਬੁੱਕ ਜੋ ਕਿ ਹੁਣ ਮੇਟਾ ਦੇ ਨਾਮ ਨਾਲ ਜਾਣਿਆ ਜਾਂਦਾ ਹੈ, ਦੇ ਮੁਖੀ ਮਾਰਕ ਜ਼ਕਰਬਰਗ ਵੀ ਇਸ ਤਕਨੀਕ ਦਾ ਸ਼ਿਕਾਰ ਹੋ ਚੁੱਕੇ ਹਨ।

ਇਹ ਸਾਰੇ ਹੀ ਵੀਡੀਓ ਜੋ ਕਿ ਤੁਸੀਂ ਵੇਖੇ ਹਨ, ਇਹ ਸਾਰੇ ਹੀ ਡੀਪਫ਼ੇਕ ਤਕਨੀਤ ਨਾਲ ਬਣਾਏ ਗਏ ਸਨ।

ਡੀਪਫ਼ੇਕ ਹੈ ਕੀ ?

ਡੀਪਫ਼ੇਕ ਅਸਲ ’ਚ ਆਰਟੀਫਿਸ਼ੀਅਲ ਇੰਟੈਲੀਜੈਂਸ (ਏਆਈ) ਦੀ ਵਰਤੋਂ ਕਰਦਾ ਹੈ, ਜਿਸ ਦੇ ਜ਼ਰੀਏ ਕਿਸੇ ਵੀ ਵਿਅਕਤੀ ਦੀ ਫ਼ੇਕ ਭਾਵ ਜਾਅਲੀ ਤਸਵੀਰ ਬਣਾਈ ਜਾ ਸਕਦੀ ਹੈ।

ਇਸ ’ਚ ਕਿਸੇ ਦੀ ਵੀ ਤਸਵੀਰ, ਆਡੀਓ ਜਾਂ ਵੀਡੀਓ ਨੂੰ ਨਕਲੀ ਜਾਂ ਜਾਅਲੀ ਵਿਖਾਉਣ ਲਈ ਏਆਈ ਦੀ ਇੱਕ ਕਿਸਮ ਡੀਪ ਲਰਨਿੰਗ ਦੀ ਵਰਤੋਂ ਕੀਤੀ ਜਾਂਦੀ ਹੈ ਅਤੇ ਇਸ ਲਈ ਹੀ ਇਸ ਨੂੰ ਡੀਪਫ਼ੇਕ ਕਿਹਾ ਜਾਂਦਾ ਹੈ।

ਇਨ੍ਹਾਂ ’ਚੋਂ ਜ਼ਿਆਦਾਤਰ ਪੋਰਨੋਗ੍ਰਾਫਿਕ ਜਾਂ ਅਸ਼ਲੀਲ ਹੁੰਦੇ ਹਨ।

ਐਮਸਟਰਡਮ ਸਥਿਤ ਸਾਈਬਰ ਸੁਰੱਖਿਆ ਕੰਪਨੀ ਡੀਪਟਰੇਸ ਦੇ ਮੁਤਾਬਕ ਸਾਲ 2017 ਦੇ ਅਖੀਰ ’ਚ ਇਸ ਦੀ ਸ਼ੁਰੂਆਤ ਤੋਂ ਬਾਅਦ ਡੀਪਫ਼ੇਕ ਦਾ ਤਕਨੀਕੀ ਪੱਧਰ ਅਤੇ ਇਸ ਦੇ ਸਮਾਜਿਕ ਪ੍ਰਭਾਵ ’ਚ ਤੇਜ਼ੀ ਨਾਲ ਵਾਧਾ ਦਰਜ ਕੀਤਾ ਗਿਆ ਹੈ।

ਡੀਪਟਰੇਸ ਵੱਲੋਂ ਸਾਲ 2019 ’ਚ ਇੱਕ ਰਿਪੋਰਟ ਪ੍ਰਕਾਸ਼ਿਤ ਕੀਤੀ ਗਈ ਸੀ , ਜਿਸ ਮੁਤਾਬਕ ਕੁੱਲ 14,678 ਡੀਪਫ਼ੇਕ ਵੀਡੀਓ ਆਨਲਾਈਨ ਮੋਜੂਦ ਸਨ।

ਇਨ੍ਹਾਂ ’ਚੋਂ 96 ਫ਼ੀਸਦ ਵੀਡੀਓ ਅਸ਼ਲੀਲ ਸਮੱਗਰੀ ਵਾਲੇ ਸਨ ਅਤੇ 4 ਫ਼ੀਸਦ ਵੀਡੀਓ ਅਜਿਹੇ ਸਨ, ਜਿਨ੍ਹਾਂ ’ਚ ਇਹ ਸਮੱਗਰੀ ਨਹੀਂ ਸੀ।

ਡੀਪਟਰੇਸ ਨੇ ਜਦੋਂ ਲਿੰਗ, ਕੌਮੀਅਤ ਅਤੇ ਪੇਸ਼ੇ ਦੇ ਆਧਾਰ ’ਤੇ ਡੀਪਫ਼ੇਕ ਵੀਡੀਓਜ਼ ਦਾ ਮੁਲਾਂਕਣ ਕੀਤਾ ਤਾਂ ਵੇਖਿਆ ਕਿ ਡੀਪਫ਼ੇਕ ਪੋਰਨੋਗ੍ਰਾਫੀ ਦੀ ਵਰਤੋਂ ਔਰਤਾਂ ਨੂੰ ਨੁਕਸਾਨ ਪਹੁੰਚਾਉਣ ਲਈ ਕੀਤੀ ਜਾਂਦੀ ਹੈ।

ਡੀਪਫ਼ੇਕ ਪੋਰਨੋਗ੍ਰਾਫੀ ਆਲਮੀ ਪੱਧਰ ’ਤੇ ਵੱਧ ਰਹੀ ਹੈ ਅਤੇ ਇਨ੍ਹਾਂ ਵੀਡੀਓਜ਼ ’ਚ ਮਨੋਰੰਜਨ ਜਗਤ ਨਾਲ ਜੁੜੀਆਂ ਕਲਾਕਾਰਾਂ ਅਤੇ ਸੰਗੀਤਕਾਰਾਂ ਦੀਆਂ ਤਸਵੀਰਾਂ ਦੀ ਵਰਤੋਂ ਕੀਤੀ ਜਾਂਦੀ ਹੈ।

ਵਕੀਲ ਪੁਨੀਤ ਭਸੀਨ ਦਾ ਕਹਿਣਾ ਹੈ ਕਿ ਕੁਝ ਸਾਲ ਪਹਿਲਾਂ ਸੁਲੀ ਅਤੇ ਬੁੱਲੀ ਦੇ ਮਾਮਲੇ ਸਾਹਮਣੇ ਆਏ ਸਨ, ਜਿਨ੍ਹਾਂ ’ਚ ਔਰਤਾਂ ਨੂੰ ਨਿਸ਼ਾਨੇ ’ਤੇ ਲਿਆ ਜਾਂਦਾ ਸੀ।

ਪਰ ਡੀਪਫ਼ੇਕ ’ਚ ਤਾਂ ਔਰਤਾਂ ਦੇ ਨਾਲ-ਨਾਲ ਮਰਦਾਂ ਨੂੰ ਵੀ ਨਿਸ਼ਾਨਾ ਬਣਾਇਆ ਜਾ ਰਿਹਾ ਹੈ। ਇਹ ਵੱਖਰੀ ਗੱਲ ਹੈ ਕਿ ਜ਼ਿਆਦਾਤਰ ਮਾਮਲਿਆਂ ’ਚ ਮਰਦ ਅਜਿਹੀ ਨਕਲੀ ਸਮੱਗਰੀ ਨੂੰ ਨਜ਼ਰਅੰਦਾਜ਼ ਹੀ ਕਰ ਦਿੰਦੇ ਹਨ।

ਮੁੰਬਈ ਵਾਸੀ ਪੁਨੀਤ ਭਸੀਨ ਸਾਈਬਰ ਕਾਨੂੰਨ ਅਤੇ ਡੇਟਾ ਸੁਰੱਖਿਆ ਗੋਪਨੀਯਤਾ ਦੇ ਮਾਹਰ ਹਨ ਅਤੇ ਉਨ੍ਹਾਂ ਦਾ ਮੰਨਣਾ ਹੈ ਕਿ ਡੀਪਫ਼ੇਕ ਹੁਣ ਸਮਾਜ ’ਚ ਸਿਓਂਕ ਵਾਂਗਰ ਫੈਲ ਰਿਹਾ ਹੈ।

ਉਨ੍ਹਾਂ ਦਾ ਕਹਿਣਾ ਹੈ, “ਪਹਿਲਾਂ ਵੀ ਲੋਕਾਂ ਦੀ ਫੋਟੋਆਂ ਨਾਲ ਛੇੜਛਾੜ ਕੀਤੀ ਜਾਂਦੀ ਸੀ ਪਰ ਉਸ ਦਾ ਪਤਾ ਲੱਗ ਜਾਂਦਾ ਸੀ। ਪਰ ਏਆਈ ਜ਼ਰੀਏ ਜੋ ਡੀਪਫ਼ੇਕ ਕੀਤਾ ਜਾਂਦਾ ਹੈ, ਉਹ ਇਨ੍ਹਾਂ ਸਟੀਕ ਹੁੰਦਾ ਹੈ ਕਿ ਅਸਲੀ ਜਾਂ ਨਕਲੀ ਦਾ ਅੰਦਾਜ਼ਾ ਲਗਾਉਣਾ ਹੀ ਮੁਸ਼ਕਲ ਹੋ ਜਾਂਦਾ ਹੈ। ਇਹ ਕਿਸੇ ਦੀ ਸਾਦਗੀ, ਸ਼ਰਮ ਅਤੇ ਅਕਸ ਨੂੰ ਖ਼ਰਾਬ ਕਰਨ ਲਈ ਕਾਫੀ ਹੁੰਦਾ ਹੈ।”

ਜਾਣਕਾਰਾਂ ਦਾ ਕਹਿਣਾ ਹੈ ਕਿ ਇਹ ਤਕਨੀਕ ਇਨ੍ਹੀਂ ਵਿਕਸਤ ਹੈ ਕਿ ਵੀਡੀਓ ਜਾਂ ਆਡੀਓ ਅਸਲੀ ਵਿਖਾਈ ਦਿੰਦਾ ਹੈ।

ਪਰ ਕੀ ਇਹ ਸਿਰਫ ਤਾਂ ਸਿਰਫ ਵੀਡੀਓ ਤੱਕ ਹੀ ਸੀਮਤ ਹੈ ?

ਇਸ ਤਕਨੀਕ ਦੀ ਵਰਤੋਂ ਸਿਰਫ ਵੀਡੀਓ ਬਣਾਉਣ ਲਈ ਹੀ ਨਹੀਂ ਕੀਤੀ ਜਾਂਦੀ ਹੈ, ਸਗੋਂ ਤਸਵੀਰ ਨੂੰ ਵੀ ਨਕਲੀ ਵਿਖਾਇਆ ਜਾਂਦਾ ਹੈ।

ਅਸਲੀ ਅਤੇ ਨਕਲੀ ਦਾ ਪਤਾ ਲਗਾਉਣਾ ਇਨ੍ਹਾਂ ਮੁਸ਼ਕਲ ਹੁੰਦਾ ਹੈ ਕਿ ਕੋਈ ਵੀ ਇਸ ਤਕਨੀਕ ਨਾਲ ਬਣੀ ਆਡੀਓ ਅਤੇ ਵੀਡੀਓ ਨੂੰ ਅਸਲੀ ਹੀ ਸਮਝੇਗਾ।

ਇਸ ਤਕਨੀਕ ਜ਼ਰੀਏ ਆਡੀਓ ਦਾ ਡੀਪਫ਼ੇਕ ਕਰਦੇ ਸਮੇਂ ਮਸ਼ਹੂਰ ਹਸਤੀਆਂ ਦੀ ਆਵਾਜ਼ ਬਦਲਣ ਲਈ ਵੌਇਸ ਸਕਿਨ ਜਾਂ ਵੌਇਸ ਕਲੋਨ ਦੀ ਵਰਤੋਂ ਕੀਤੀ ਜਾਂਦੀ ਹੈ।

ਸਾਈਬਰ ਸੁਰੱਖਿਆ ਅਤੇ ਏਆਈ ਮਾਹਰ ਪਵਨ ਦੁੱਗਲ ਦਾ ਕਹਿਣਾ ਹੈ, “ਡੀਪਫ਼ੇਕ - ਕੰਪਿਊਟਰ, ਇਲੈਕਟ੍ਰੋਨਿਕ ਫਾਰਮੈਟ ਅਤੇ ਏਆਈ ਦਾ ਸੁਮੇਲ ਹੈ। ਇਸ ਨੂੰ ਬਣਾਉਣ ਲਈ ਕਿਸੇ ਤਰ੍ਹਾਂ ਦੀ ਸਿਖਲਾਈ ਦੀ ਜ਼ਰੂਰਤ ਨਹੀਂ ਹੁੰਦੀ ਹੈ।’’

‘‘ਇਸ ਨੂੰ ਮੋਬਾਈਲ ਫੋਨ ਰਾਹੀਂ ਵੀ ਬਣਾਇਆ ਜਾ ਸਕਦਾ ਹੈ, ਜਿਸ ’ਚ ਸਿਰਫ ਐਪ ਅਤੇ ਟੂਲ ਦੀ ਜ਼ਰੂਰਤ ਪੈਂਦੀ ਹੈ।”

ਡੀਪਫ਼ੇਕ ਦੀ ਵਰਤੋਂ ਕੌਣ ਕਰ ਰਿਹਾ ਹੈ ?

ਇੱਕ ਸਾਧਾਰਨ ਕੰਪਿਊਟਰ ’ਤੇ ਇੱਕ ਵਧੀਆ ਡੀਪਫ਼ੇਕ ਬਣਾਉਣਾ ਮੁਸ਼ਕਲ ਹੈ।

ਡੀਪਫ਼ੇਕ ਇੱਕ ਉੱਚ ਪੱਧਰੀ ਡੈਸਕਟਾਪ ’ਤੇ ਵਧੀਆ ਫੋਟੋ ਅਤੇ ਗ੍ਰਾਫਿਕਸ ਕਾਰਡ ਦੀ ਮਦਦ ਨਾਲ ਬਣਾਇਆ ਜਾ ਸਕਦਾ ਹੈ।

ਪਵਨ ਦੁੱਗਲ ਅੱਗੇ ਦੱਸਦੇ ਹਨ ਕਿ ਇਸ ਦੀ ਜ਼ਿਆਦਾਤਰ ਵਰਤੋਂ ਸਾਈਬਰ ਅਪਰਾਧੀਆਂ ਵੱਲੋਂ ਕੀਤੀ ਜਾਂਦੀ ਹੈ।

“ਇਹ ਲੋਕਾਂ ਦੇ ਅਸ਼ਲੀਲ ਵੀਡੀਓ ਬਣਾਉਂਦੇ ਹਨ ਅਤੇ ਫਿਰ ਬਲੈਕਮੇਲ ਕਰਕੇ ਫਿਰੌਤੀ ਦੇ ਲਈ ਇਸ ਦੀ ਵਰਤੋਂ ਕਰਦੇ ਹਨ।”

“ਕਿਸੇ ਵਿਅਕਤੀ ਦਾ ਅਕਸ ਖਰਾਬ ਕਰਨ ਲਈ ਵੀਡੀਓ ਸੋਸ਼ਲ ਮੀਡੀਆ ’ਤੇ ਅਪਲੋਡ ਕਰ ਦਿੰਦੇ ਹਨ ਅਤੇ ਇਸ ਦੀ ਵਰਤੋਂ ਖ਼ਾਸ ਕਰਕੇ ਮਸ਼ਹੂਰ ਹਸਤੀਆਂ, ਸਿਆਸਤਦਾਨਾਂ ਅਤੇ ਵੱਡੀਆਂ ਸ਼ਖਸੀਅਤਾਂ ਨੂੰ ਨੁਕਸਾਨ ਪਹੁੰਚਾਉਣ ਲਈ ਕੀਤੀ ਜਾਂਦੀ ਹੈ।”

ਇਸ ਦਾ ਇੱਕ ਹੋਰ ਕਾਰਨ ਦੱਸਦੇ ਹੋਏ ਪੁਨੀਤ ਭਸੀਨ ਕਹਿੰਦੇ ਹਨ ਕਿ ਲੋਕ ਅਜਿਹੀਆਂ ਵੀਡੀਓਜ਼ ਇਸ ਲਈ ਵੀ ਬਣਾਉਂਦੇ ਹਨ ਕਿਉਂਕਿ ਅਜਿਹੀਆਂ ਵੀਡੀਓ ਜ਼ਿਆਦਾ ਲੋਕ ਵੇਖਦੇ ਹਨ ਅਤੇ ਉਨ੍ਹਾਂ ਦੇ ਵਿਊ ਵਧਦੇ ਹਨ ਅਤੇ ਇਸ ਨਾਲ ਉਨ੍ਹਾਂ ਨੂੰ ਲਾਭ ਹੁੰਦਾ ਹੈ।

ਦੂਜੇ ਪਾਸੇ ਪਵਨ ਦੁੱਗਲ ਇਹ ਖਦਸ਼ਾ ਜ਼ਾਹਰ ਕਰਦੇ ਹਨ ਕਿ ਡੀਪਫ਼ੇਕ ਦੀ ਵਰਤੋਂ ਚੋਣਾਂ ਨੂੰ ਵੀ ਪ੍ਰਭਾਵਿਤ ਕਰ ਸਕਦੀ ਹੈ।

ਉਨ੍ਹਾਂ ਮੁਤਾਬਕ, “ਸਿਆਸਤਦਾਨਾਂ ਦੀਆਂ ਡੀਪਫ਼ੇਕ ਵੀਡੀਓ ਬਣਾਈਆਂ ਜਾ ਸਕਦੀਆਂ ਹਨ। ਇਸ ਨਾਲ ਨਾ ਸਿਰਫ ਉਨ੍ਹਾਂ ਦਾ ਅਕਸ ਖਰਾਬ ਕੀਤਾ ਜਾ ਸਕਦਾ ਹੈ, ਸਗੋਂ ਪਾਰਟੀ ਦੀ ਜਿੱਤ ਦੀਆਂ ਸੰਭਾਵਨਾਵਾਂ ਵੀ ਪ੍ਰਭਾਵਿਤ ਹੋ ਸਕਦੀਆਂ ਹਨ।”

ਚੋਣਾਂ ’ਚ ਡੀਪਫ਼ੇਕ ਵੀਡੀਓ ਦੀ ਵਰਤੋਂ ਦੀ ਗੱਲ ਕੀਤੀ ਜਾਵੇ ਤਾਂ ਦਿੱਲੀ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਭਾਜਪਾ ਨੇ ਏਆਈ ਦੀ ਵਰਤੋਂ ਕਰਕੇ ਪਾਰਟੀ ਆਗੂ ਮਨੋਜ ਤਿਵਾਰੀ ਦੇ ਡੀਪਫ਼ੇਕ ਵੀਡੀਓ ਬਣਾਏ ਸਨ।

ਇਸ ’ਚ ਵਿਖਾਇਆ ਗਿਆ ਸੀ ਕਿ ਉਹ ਵੋਟਰਾਂ ਨਾਲ ਦੋ ਭਾਸ਼ਾਵਾਂ ’ਚ ਗੱਲ ਕਰਕੇ ਵੋਟ ਪਾਉਣ ਦੀ ਅਪੀਲ ਕਰ ਰਹੇ ਸਨ।

ਇਸ ਡੀਪਫ਼ੇਕ ਵੀਡੀਓ ’ਚ ਉਹ ਹਿੰਦੀ ਅਤੇ ਹਰਿਆਣਵੀ ਭਾਸ਼ਾ ’ਚ ਲੋਕਾਂ ਨੂੰ ਵੋਟ ਪਾਉਣ ਦੀ ਅਪੀਲ ਕਰ ਰਹੇ ਸਨ।

ਕਾਨੂੰਨ ’ਚ ਕੀ ਹੈ ਵਿਵਸਥਾ ?

ਭਾਰਤੀ ਜਨਤਾ ਪਾਰਟੀ ਦੇ ਦੀਵਾਲੀ ਸਮਾਗਮ ’ਚ ਪ੍ਰਧਾਨ ਮੰਤਰੀ ਮੋਦੀ ਨੇ ਏਆਈ ਦੀ ਵਰਤੋਂ ਕਰਕੇ ਡੀਪਫ਼ੇਕ ਬਣਾਉਣ ’ਤੇ ਚਿੰਤਾ ਦਾ ਪ੍ਰਗਟਾਵਾ ਕੀਤਾ ਸੀ।

ਉਨ੍ਹਾਂ ਨੇ ਕਿਹਾ ਸੀ, “ਡੀਪਫ਼ੇਕ ਭਾਰਤ ਦੇ ਸਾਹਮਣੇ ਮੌਜੂਦ ਸਭ ਤੋਂ ਵੱਡੇ ਖ਼ਤਰਿਆਂ ’ਚੋਂ ਇੱਕ ਹੈ। ਇਸ ਨਾਲ ਅਰਾਜਕਤਾ ਪੈਦਾ ਹੋ ਸਕਦੀ ਹੈ।”

ਕੇਂਦਰੀ ਸੂਚਨਾ ਤਕਨਾਲੋਜੀ ਮੰਤਰੀ ਅਸ਼ਵਨੀ ਵੈਸ਼ਨਵ ਕਹਿ ਚੁੱਕੇ ਹਨ ਕਿ ਸਰਕਾਰ ਜਲਦੀ ਹੀ ਸੋਸ਼ਲ ਮੀਡੀਆ ਨਾਲ ਡੀਪਫ਼ੇਕ ਦੇ ਮੁੱਦੇ ’ਤੇ ਚਰਚਾ ਕਰੇਗੀ ਅਤੇ ਜੇਕਰ ਇਨ੍ਹਾਂ ਮੰਚਾਂ ਨੇ ਲੋੜੀਂਦੇ ਕਦਮ ਨਾ ਚੁੱਕੇ ਤਾਂ ਉਨ੍ਹਾਂ ਨੂੰ ਆਈਟੀ ਐਕਟ ਦੇ ਸੇਫ ਹਾਰਬਰ ਤਹਿਤ ਇਮਿਊਨਿਟੀ ਜਾਂ ਸੁਰੱਖਿਆ ਨਹੀਂ ਮਿਲੇਗੀ।”

ਉਨ੍ਹਾਂ ਨੇ ਇਹ ਵੀ ਕਿਹਾ ਕਿ ਡੀਪਫ਼ੇਕ ਦੇ ਮੁੱਦੇ ’ਤੇ ਕੰਪਨੀਆਂ ਨੂੰ ਨੋਟਿਸ ਵੀ ਜਾਰੀ ਕੀਤੇ ਗਏ ਸਨ ਅਤੇ ਇਸ ਸਬੰਧੀ ਉਨ੍ਹਾਂ ਦੇ ਜਵਾਬ ਵੀ ਮਿਲੇ ਹਨ।

ਡੀਪਫ਼ੇਕ ਦੇ ਮਾਮਲੇ ਸਾਹਮਣੇ ਆਉਣ ਤੋਂ ਬਾਅਦ ਇਸ ਗੱਲ ’ਤੇ ਬਹਿਸ ਸ਼ੁਰੂ ਹੋ ਗਈ ਹੈ ਕਿ ਕੀ ਇਸ ਸਬੰਧੀ ਸਖ਼ਤ ਕਾਨੂੰਨ ਬਣਾਉਣ ਦੀ ਲੋੜ ਹੈ ?

ਵਕੀਲ ਪੁਨੀਤ ਭਸੀਨ ਦਾ ਕਹਿਣਾ ਹੈ ਕਿ ਭਾਰਤ ’ਚ ਆਈਟੀ ਐਕਟ ਦੇ ਤਹਿਤ ਸਜ਼ਾ ਦਾ ਪ੍ਰਬੰਧ ਹੈ।

ਪਿਛਲੇ ਸਾਲ ਇਸ ਸਬੰਧ ’ਚ ਇੰਟਰਮੀਡਿਅਰੀ ਦਿਸ਼ਾ-ਨਿਰਦੇਸ਼ ਵੀ ਆਏ ਸਨ ਕਿ ਅਜਿਹੀ ਸਮੱਗਰੀ ਜਿਸ ’ਚ ਅਸ਼ਲੀਲਤਾ, ਨਗਨਤਾ ਹੈ ਅਤੇ ਜੇਕਰ ਕਿਸੇ ਦੇ ਮਾਣ-ਸਨਮਾਨ ਨੂੰ ਨੁਕਸਾਨ ਹੋ ਰਿਹਾ ਹੈ ਤਾਂ ਇਸ ਸਬੰਧੀ ਜੇਕਰ ਕਿਸੇ ਵੀ ਪਲੇਟਫਾਰਮ ਨੂੰ ਸ਼ਿਕਾਇਤ ਮਿਲਦੀ ਹੈ ਤਾਂ, ਉਸ ਸਮੱਗਰੀ ਨੂੰ ਤੁਰੰਤ ਹਟਾਇਆ ਜਾਵੇ।

ਉਹ ਕਹਿੰਦੇ ਹਨ, “ ਪਹਿਲਾਂ ਤਾਂ ਇਹ ਪਲੇਟਫਾਰਮ ਕਹਿੰਦੇ ਸਨ ਕਿ ਉਹ ਅਮਰੀਕਾ ਜਾਂ ਜਿਸ ਦੇਸ਼ ’ਚ ਉਹ ਹਨ, ਉੱਥੋਂ ਦੇ ਸਥਾਨਕ ਕਾਨੂੰਨਾਂ ਵੱਲੋਂ ਕੰਟਰੋਲ ਕੀਤੇ ਜਾਂਦੇ ਹਨ।”

“ਪਰ ਹੁਣ ਇਹ ਕੰਪਨੀਆਂ ਐਫਆਈਆਰ ਦਰਜ ਕਰਵਾਉਣ ਲਈ ਕਹਿੰਦੀਆਂ ਹਨ ਅਤੇ ਫਿਰ ਅਜਿਹੀ ਸਮੱਗਰੀ ਨੂੰ ਪਲੇਟਫਾਰਮ ਤੋਂ ਹਟਾਉਣ ਲਈ ਅਦਾਲਤ ਦੇ ਹੁਕਮ ਦੀ ਮੰਗ ਕਰਦੀਆਂ ਹਨ।”

ਵਕੀਲ ਪੁਨੀਤ ਭਸੀਨ ਆਈਟੀ ਮੰਤਰੀ ਵੱਲੋਂ ਕੰਪਨੀਆਂ ਨੂੰ ਇਮਿਊਨਿਟੀ ਦੇਣ ਦੇ ਮਾਮਲੇ ’ਤੇ ਕਹਿੰਦੇ ਹਨ, “ਆਈਟੀ ਐਕਟ ਦੀ ਧਾਰਾ 79 ਦੇ ਇੱਕ ਅਪਵਾਦ ਦੇ ਤਹਿਤ ਕੰਪਨੀਆਂ ਨੂੰ ਸੁਰੱਖਿਆ ਮਿਲਦੀ ਸੀ।”

“ਜੇਕਰ ਕਿਸੇ ਪਲੇਟਫਾਰਮ ’ਤੇ ਕਿਸੇ ਤੀਜੀ ਪਾਰਟੀ ਨੇ ਸਮੱਗਰੀ ਅਪਲੋਡ ਕੀਤੀ ਹੈ, ਪਰ ਪਲੇਟਫਾਰਮ ਨੇ ਉਸ ਸਮੱਗਰੀ ਨੂੰ ਸਰਕੁਲੇਟ ਨਹੀਂ ਕੀਤਾ ਹੈ ਤਾਂ ਅਜਿਹੀ ਸਥਿਤੀ ’ਚ ਉਸ ਪਲੇਟਫਾਰਮ ਨੂੰ ਛੋਟ ਮਿਲਦੀ ਸੀ ਅਤੇ ਮੰਨਿਆ ਜਾਂਦਾ ਸੀ ਕਿ ਪਲੇਟਫਾਰਮ ਇਸ ਲਈ ਜ਼ਿੰਮੇਵਾਰ ਨਹੀਂ ਹੈ।”

ਪਰ ਇੰਟਮੀਡਿਅਟ ਦਿਸ਼ਾ-ਨਿਰਦੇਸ਼ਾਂ ’ਚ ਇਹ ਸਪੱਸ਼ਟ ਕੀਤਾ ਗਿਆ ਸੀ ਕਿ ਜੇਕਰ ਪਲੇਟਫਾਰਮ ਦੇ ਸ਼ਿਕਾਇਤ ਅਧਿਕਾਰੀ ਕੋਲ ਸਮੱਗਰੀ ਬਾਰੇ ਕੋਈ ਸ਼ਿਕਾਇਤ ਆਉਂਦੀ ਹੈ ਅਤੇ ਕੋਈ ਕਾਰਵਾਈ ਨਹੀਂ ਹੁੰਦੀ ਹੈ ਤਾਂ ਧਾਰਾ 79 ਦੇ ਅਪਵਾਦ ਦੇ ਤਹਿਤ ਛੋਟ ਨਹੀਂ ਮਿਲੇਗੀ ਅਤੇ ਉਸ ਪਲੇਟਫਾਰਮ ਵਿਰੁੱਧ ਵੀ ਕਾਰਵਾਈ ਹੋਵੇਗੀ।

ਅਜਿਹੇ ’ਚ ਜਿਸ ਨੇ ਸਮੱਗਰੀ ਪਲੇਟਫਾਰਮ ’ਤੇ ਪਾਈ ਹੈ, ਉਸ ਦੇ ਖਿਲਾਫ ਤਾਂ ਮਾਮਲਾ ਬਣੇਗਾ ਹੀ, ਉਸ ਦੇ ਨਾਲ ਹੀ ਜਿਸ ਪਲੇਟਫਾਰਮ ’ਤੇ ਅਪਲੋਡ ਹੋਈ ਹੈ ਉਸ ਦੇ ਖਿਲਾਫ ਵੀ ਮਾਮਲਾ ਦਰਜ ਹੋਵੇਗਾ।

ਭਾਰਤ ਦੇ ਆਈਟੀ ਐਕਟ 2000 ਦੀ ਧਾਰਾ 66 'ਈ' ਵਿੱਚ ਡੀਪਫ਼ੇਕ ਨਾਲ ਸਬੰਧਤ ਅਪਰਾਧਿਕ ਮਾਮਲਿਆਂ ਦੇ ਲਈ ਸਜ਼ਾ ਦੀ ਵਿਵਸਥਾ ਕੀਤੀ ਗਈ ਹੈ।

ਇਸ ’ਚ ਕਿਸੇ ਵਿਅਕਤੀ ਦੀ ਤਸਵੀਰ ਖਿੱਚਣਾ, ਪ੍ਰਕਾਸ਼ਿਤ ਅਤੇ ਪ੍ਰਸਾਰਿਤ ਕਰਨਾ ਆਦਿ ਨਿੱਜਤਾ ਦੀ ਉਲੰਘਣਾ ਹੈ ਅਤੇ ਜੇਕਰ ਕੋਈ ਵਿਅਕਤੀ ਅਜਿਹਾ ਕਰਦਾ ਪਾਇਆ ਜਾਂਦਾ ਹੈ ਤਾਂ ਇਸ ਐਕਟ ਦੇ ਤਹਿਤ 3 ਸਾਲ ਤੱਕ ਦੀ ਸਜ਼ਾ ਜਾਂ 2 ਲੱਖ ਰੁਏ ਤੱਕ ਦੇ ਜੁਰਮਾਨੇ ਦਾ ਪ੍ਰਬੰਧ ਕੀਤਾ ਗਿਆ ਹੈ।

ਇਸ ਦੇ ਨਾਲ ਹੀ ਆਈਟੀ ਐਕਟ ਦੀ ਧਾਰਾ 66 'ਡੀ' ’ਚ ਇਹ ਵਿਵਸਥਾ ਕੀਤੀ ਗਈ ਹੈ ਕਿ ਜੇਕਰ ਕੋਈ ਵਿਅਕਤੀ ਕਿਸੇ ਸੰਚਾਰ ਉਪਕਰਣ ਜਾਂ ਕੰਪਿਊਟਰ ਦੀ ਵਰਤੋਂ ਕਿਸੇ ਨਾਲ ਧੋਖਾਧੜੀ ਜਾਂ ਨਕਲ ਕਰਨ ਵਰਗੇ ਕਿਸੇ ਮਾੜੇ ਇਰਾਦੇ ਨਾਲ ਕਰਦਾ ਹੈ ਤਾਂ ਅਜਿਹੀ ਸਥਿਤੀ ’ਚ ਉਸ ਨੂੰ 3 ਸਾਲ ਤੱਕ ਦੀ ਸਜ਼ਾ ਜਾਂ 1 ਲਖ ਰੁਪਏ ਤੱਕ ਦੇ ਜੁਰਮਾਨਾ ਹੋ ਸਕਦਾ ਹੈ।

ਡੀਪਫ਼ੇਕ ਦਾ ਕਿਵੇਂ ਪਤਾ ਲਗਾਇਆ ਜਾ ਸਕਦਾ ਹੈ ?

ਕਿਸੇ ਵੀ ਡੀਪਫ਼ੇਕ ਸਮੱਗਰੀ ਦੀ ਪਛਾਣ ਕਰਨ ਲਈ ਕੁਝ ਨੁਕਤਿਆਂ ਦੀ ਵਰਤੋਂ ਕੀਤੀ ਜਾ ਸਕਦੀ ਹੈ।

ਅੱਖਾਂ ਨੂੰ ਵੇਖ ਕੇ: ਜੇਕਰ ਕੋਈ ਵੀਡੀਓ ਡੀਪਫ਼ੇਕ ਹੈ ਤਾਂ ਉਸ ’ਚ ਲੱਗਿਆ ਚਿਹਰਾ ਪਲਕ ਨਹੀਂ ਝਪਕ ਪਾਵੇਗਾ।

ਬੁੱਲ੍ਹਾਂ ਨੂੰ ਧਿਆਨ ਨਾਲ ਵੇਖ ਕੇ : ਡੀਪਫ਼ੇਕ ਵੀਡੀਓ ’ਚ ਬੁੱਲ੍ਹਾਂ ਦੀ ਹਰਕਤ ਅਤੇ ਗੱਲਬਾਤ ’ਚ ਕੋਈ ਤਾਲਮੇਲ ਨਹੀਂ ਵਿਖਾਈ ਦੇਵੇਗਾ।

ਵਾਲਾਂ ਅਤੇ ਦੰਦਾਂ ਦੇ ਜ਼ਰੀਏ: ਡੀਪਫ਼ੇਕ ਵੀਡੀਓ ’ਚ ਵਾਲਾਂ ਦੇ ਸਟਾਈਲ ਨਾਲ ਸਬੰਧਤ ਬਦਲਾਅ ਨੂੰ ਵਿਖਾਉਣਾ ਮੁਸ਼ਕਲ ਹੁੰਦਾ ਹੈ। ਇਸ ਦੇ ਨਾਲ ਹੀ ਦੰਦਾਂ ਨੂੰ ਧਿਆਨ ਨਾਲ ਵੇਖ ਕੇ ਵੀ ਡੀਪਫ਼ੇਕ ਵੀਡੀਓ ਦੀ ਪਛਾਣ ਕੀਤੀ ਜਾ ਸਕਦੀ ਹੈ।

ਮਾਹਰਾਂ ਦਾ ਮੰਨਣਾ ਹੈ ਕਿ ਡੀਪਫ਼ੇਕ ਇੱਕ ਵੱਡੀ ਸਮੱਸਿਆ ਹੈ ਅਤੇ ਇਸ ’ਤੇ ਲਗਾਮ ਕੱਸਣ ਲਈ ਸਖ਼ਤ ਕਾਨੂੰਨ ਬਣਾਉਣ ਦੀ ਜ਼ਰੂਰਤ ਹੈ। ਜੇਕਰ ਸਮਾਂ ਰਹਿੰਦਿਆਂ ਇਸ ’ਤੇ ਕਾਬੂ ਨਾ ਪਾਇਆ ਗਿਆ ਤਾਂ ਭਵਿੱਖ ’ਚ ਇਸ ਦੇ ਘਾਤਕ ਨਤੀਜੇ ਨਿਕਲ ਸਕਦੇ ਹਨ।

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTER ਅਤੇ YouTube 'ਤੇ ਜੁੜੋ।)