'ਲੁੱਟ ਹੋਵੇ ਤਾਂ ਜੋ ਕੁਝ ਹੋਵੇ ਦੇ ਦੇਣਾ', ਅਮਰੀਕਾ 'ਚ ਭਾਰਤੀ ਵਿਦਿਆਰਥੀਆਂ ਦੀਆਂ ਮੌਤਾਂ ਤੋਂ ਡਰੇ ਮਾਪੇ ਤੇ ਬੱਚੇ ਕਿਵੇਂ ਰਹਿ ਰਹੇ

    • ਲੇਖਕ, ਸਵਿਤਾ ਪਟੇਲ
    • ਰੋਲ, ਬੀਬੀਸੀ ਪੱਤਰਕਾਰ

ਸੇਂਟ ਲੁਈਸ, ਮਿਸੌਰੀ ਦੀ ਵਾਸ਼ਿੰਗਟਨ ਯੂਨੀਵਰਸਿਟੀ ਦੇ ਵਿਦਿਆਰਥੀ ਜੈ ਸੁਸ਼ੀਲ ਦਾ ਕਹਿਣਾ ਹੈ ਕਿ ਉਹ ਬਹੁਤ ਉਦਾਸ ਮਹਿਸੂਸ ਕਰਦੇ ਹਨ।

ਜੈ ਦੇ ਸਾਥੀ ਵਿਦਿਆਰਥੀ 34 ਸਾਲਾ ਕਲਾਸੀਕਲ ਡਾਂਸਰ ਅਮਰਨਾਥ ਘੋਸ਼ ਦੀ ਫਰਵਰੀ ਵਿੱਚ ਹੋਈ ਮੌਤ ਤੋਂ ਬਾਅਹ ਉਹ ਪਰੇਸ਼ਾਨ ਹਨ। ਘੋਸ਼ ਭਾਰਤ ਦੇ ਰਹਿਣ ਵਾਲੇ ਸਨ।

ਸਥਾਨਕ ਪੁਲਿਸ ਇਸ ਨੂੰ ਕਤਲ ਦਾ ਮਾਮਲਾ ਮੰਨ ਕੇ ਜਾਂਚ ਕਰ ਰਹੀ ਹੈ।

ਸੁਸ਼ੀਲ ਦਾ ਕਹਿਣਾ ਹੈ ਕਿ ਉਨ੍ਹਾਂ ਨੂੰ ਘੋਸ਼ ਦੀ ਮੌਤ ਦਾ ਭਾਰਤ ਤੋਂ ਇੱਕ ਦੋਸਤ ਜ਼ਰੀਏ ਪਤਾ ਲੱਗਾ, ਯੂਨੀਵਰਸਿਟੀ ਤੋਂ ਕੋਈ ਵੀ ਜਾਣਕਾਰੀ ਬਾਅਦ ਵਿੱਚ ਮਿਲੀ।

“ਉਨ੍ਹਾਂ ਨੇ ਸਾਨੂੰ ਦੋ ਦਿਨਾਂ ਬਾਅਦ ਦੱਸਿਆ। ਵਿਦਿਆਰਥੀ ਯੂਨੀਵਰਸਿਟੀ ਦੇ ਰਵੱਈਏ ਤੋਂ ਨਾਖ਼ੁਸ਼ ਹਨ। ਇਸ ਤਰ੍ਹਾਂ ਲੱਗ ਰਿਹਾ ਜਿਵੇਂ ਕਿਸੇ ਨੂੰ ਪਰਵਾਹ ਹੀ ਨਾ ਹੋਵੇ ਕਿ ਭਾਰਤੀ ਕਿਵੇਂ ਮਹਿਸੂਸ ਕਰਦੇ ਹਨ?"

ਅਮਰਨਾਥ ਘੋਸ਼ ਦਾ ਕਤਲ

ਘੋਸ਼ ਨੂੰ ਸ਼ਹਿਰ ਦੀ ਇੱਕ ਗਲੀ ਵਿੱਚ ਕੈਂਪਸ ਦੇ ਬਾਹਰ ਮਾਰਿਆ ਗਿਆ ਸੀ।

ਯੂਨੀਵਰਸਿਟੀ ਨੇ ਸਪੱਸ਼ਟੀਕਰਨ ਦਿੱਤਾ ਕਿ ਉਨ੍ਹਾਂ ਨੇ ਵਿਦਿਆਰਥੀ ਦੀ ਮੌਤ ਬਾਰੇ ਉਦੋਂ ਹੀ ਜਾਣਕਾਰੀ ਸਾਂਝੀ ਕੀਤੀ ਜਦੋਂ ਪੁਲਿਸ ਵੱਲੋਂ ਉਸ ਦੀ ਪਛਾਣ ਦੀ ਪੁਸ਼ਟੀ ਕਰ ਦਿੱਤੀ ਗਈ ਸੀ ਅਤੇ ਵਿਦਿਆਰਥੀ ਦੇ ਨਜ਼ਦੀਕੀ ਰਿਸ਼ਤੇਦਾਰਾਂ ਨੇ ਸਹਿਮਤੀ ਦੇ ਦਿੱਤੀ ਸੀ।

ਮਾਰਕੀਟਿੰਗ ਅਤੇ ਸੰਚਾਰ ਯੂਨੀਵਰਸਿਟੀ ਵਾਸ਼ਿੰਗਟਨ ਦੇ ਵੀਸੀ ਜੂਲੀ ਫਲੋਰੀ ਨੇ ਕਿਹਾ, "ਇਹ ਇੱਕ ਭਿਆਨਕ ਦੁਖਾਂਤ ਹੈ। ਅਸੀਂ ਇਸ ਦੁਖਦ ਖ਼ਬਰ ਨੂੰ ਅਮਰਨਾਥ ਦੇ ਨਜ਼ਦੀਕੀਆਂ ਦੀ ਇੱਛਾ ਮੁਤਾਬਕ ਜਿੰਨੀ ਜਲਦੀ ਹੋ ਸਕਦਾ ਸੀ ਭਾਈਚਾਰੇ ਦੇ ਮੈਂਬਰਾਂ ਨਾਲ ਇਹ ਗੱਲ ਸਾਂਝੀ ਕੀਤੀ।"

ਸੇਂਟ ਲੁਈਸ ਪੁਲਿਸ ਵਿਭਾਗ ਨੇ ਕਿਹਾ ਕਿ ਮ੍ਰਿਤਕ ਦੀ ‘ਪਛਾਣ ਕਰਨ ਵਿੱਚ 48 ਘੰਟੇ ਲੱਗ ਗਏ’ ਅਤੇ ਕਈ ਮਾਮਲਿਆਂ ਵਿੱਚ, ਸਮਾਂ ਬਹੁਤ ਜ਼ਿਆਦਾ ਵੀ ਲੱਗ ਜਾਂਦਾ ਹੈ।

ਅਮਰੀਕਾ ਵਿੱਚ ਹੋਈਆਂ ਭਾਰਤੀ ਵਿਦਿਆਰਥੀਆਂ ਦੀਆਂ ਮੌਤਾਂ

ਘੋਸ਼ ਉਨ੍ਹਾਂ 11 ਭਾਰਤੀ ਜਾਂ ਭਾਰਤੀ ਮੂਲ ਦੇ ਵਿਦਿਆਰਥੀਆਂ ਵਿੱਚੋਂ ਇੱਕ ਹਨ ਜਿਨ੍ਹਾਂ ਦੀ ਇਸ ਸਾਲ ਹੁਣ ਤੱਕ ਅਮਰੀਕਾ ਵਿੱਚ ਮੌਤ ਹੋ ਚੁੱਕੀ ਹੈ। ਇਨ੍ਹਾਂ ਘਟਨਾਵਾਂ ਨੇ ਭਾਈਚਾਰੇ ਵਿੱਚ ਨਿੱਜੀ ਸੁਰੱਖਿਆ ਬਾਰੇ ਡਰ ਪੈਦਾ ਕੀਤਾ ਹੈ।

ਮੌਤ ਦੇ ਕਾਰਨ ਵੱਖੋ-ਵੱਖਰੇ ਹਨ, ਹਾਈਪੋਥਰਮੀਆ ਤੋਂ ਲੈ ਕੇ ਖੁਦਕੁਸ਼ੀ ਤੱਕ ਤੇ ਉਸ ਤੋਂ ਵੀ ਅੱਗੇ ਗੋਲੀਬਾਰੀ ਤੱਕ।

ਮਾਹਰਾਂ ਦਾ ਕਹਿਣਾ ਹੈ ਕਿ ਇਨ੍ਹਾਂ ਗ਼ੈਰ-ਸਬੰਧਤ ਘਟਨਾਵਾਂ ਵਿਚਕਾਰ ਕੋਈ ਸਪੱਸ਼ਟ ਸਬੰਧ ਨਹੀਂ ਹੈ।

ਅਜਿਹੀ ਹਰ ਤ੍ਰਾਸਦੀ ਦੀ ਗੂੰਜ ਕੈਂਪਸ ਵਿੱਚ ਗੂੰਜਦੀ ਹੈ। ਵਿਦਿਆਰਥੀ ਅਕਾਦਮਿਕ ਮੰਗਾਂ ਦੇ ਵਿਚਕਾਰ ਡਰ ਨੂੰ ਹੌਸਲੇ ਨਾਲ ਨਜਿੱਠਦੇ ਹੋਏ ਆਪਣੇ ਰੋਜ਼ਾਨਾ ਦੇ ਕੰਮਾਂ ਨੂੰ ਕਰਨ ਦੀ ਜੱਦੋਜਹਿਦ ਵਿੱਚ ਲੱਗੇ ਹੋਏ ਹਨ।

ਸੁਸ਼ੀਲ ਪੁੱਛਦੇ ਹਨ, "ਅਸੀਂ ਕਿਸੇ ਹਾਦਸੇ ਤੋਂ ਬਾਅਦ ਬਾਹਰ ਜਾਣ ਤੋਂ ਬਚਦੇ ਹਾਂ। ਅਸੀਂ ਸ਼ਹਿਰ ਵਿੱਚ ਅਜਿਹੀਆਂ ਥਾਵਾਂ ਦੀ ਪਛਾਣ ਕੀਤੀ ਹੈ ਜੋ ਸ਼ਾਮ ਨੂੰ ਅਸੁਰੱਖਿਅਤ ਹਨ। ਅਸੀਂ ਹੋਰ ਕੀ ਕਰ ਸਕਦੇ ਹਾਂ?"

ਸੁਸ਼ੀਲ ਵਾਂਗ ਹੋਰ ਵੀ ਬਹੁਤ ਲੋਕ ਸ਼ਿਕਾਇਤ ਕਰਦੇ ਹਨ ਕਿ ਉਨ੍ਹਾਂ ਦੀਆਂ ਯੂਨੀਵਰਸਿਟੀਆਂ ਸਮੇਂ ਸਿਰ ਮੌਤਾਂ ਦੀ ਰਿਪੋਰਟ ਨਹੀਂ ਕਰਦੀਆਂ ਅਤੇ ਉਨ੍ਹਾਂ ਨੂੰ ਇਸ ਸਭ ਬਾਰੇ ਭਾਰਤੀ ਮੀਡੀਆ ਰਾਹੀਂ ਜਾਂ ਪਿੱਛੇ ਰਹਿੰਦੇ ਭਾਰਤੀ ਰਿਸ਼ਤੇਦਾਰਾਂ ਤੋਂ ਪਤਾ ਲੱਗਦਾ ਹੈ।

ਕਲੀਵਲੈਂਡ ਸਟੇਟ ਯੂਨੀਵਰਸਿਟੀ ਦੇ 25 ਸਾਲਾ ਵਿਦਿਆਰਥੀ ਮੁਹੰਮਦ ਅਬਦੁਲ ਅਰਫਾਥ ਮਾਰਚ ਵਿੱਚ ਲਾਪਤਾ ਹੋ ਗਏ ਸਨ। ਫ਼ਿਰ ਅਪ੍ਰੈਲ ਮਹੀਨੇ ਦੇ ਪਹਿਲੇ ਹਫ਼ਤੇ ਉਹ ਮ੍ਰਿਤਕ ਪਾਏ ਗਏ।

ਇੱਕ ਵਿਦਿਆਰਥੀ ਨੇ ਆਪਣੀ ਪਛਾਣ ਜ਼ਾਹਰ ਨਾ ਕਰਨ ਦੀ ਸ਼ਰਤ ’ਤੇ ਸਾਡੇ ਨਾਲ ਗੱਲ ਕੀਤੀ। ਉਸ ਨੇ ਵੀ ਉਸੇ ਸਾਲ ਕਾਲਜ ਜੁਆਇਨ ਕੀਤਾ ਸੀ ਜਦੋਂ ਅਰਫ਼ਾਬ ਦਾਖ਼ਲ ਹੋਏ ਸਨ। ਉਨ੍ਹਾਂ ਦੱਸਿਆ, “ਮੈਨੂੰ ਉਸ ਦੀ ਮੌਤ ਬਾਰੇ ਮੇਰੇ ਮਾਪਿਆਂ ਦੇ ਇੱਕ ਵੱਟਸਐੱਪ ਗਰੁੱਪ ਜ਼ਰੀਏ ਪਤਾ ਲੱਗਿਆ।”

"ਮੇਰੇ ਮਾਪਿਆਂ ਨੇ ਮੈਨੂੰ ਸੁਚੇਤ ਰਹਿਣ ਦੀ ਸਲਾਹ ਦਿੱਤੀ ਹੈ।"

ਅਮਰੀਕਾ ਵਿੱਚ ਭਾਰਤੀ ਵਿਦਿਆਰਥੀ

2022-23 ਵਿੱਚ ਤਕਰੀਬਨ 267,000 ਭਾਰਤੀਆਂ ਨੇ ਅਮਰੀਕੀ ਯੂਨੀਵਰਸਿਟੀਆਂ ਵਿੱਚ ਦਾਖਲਾ ਲਿਆ ਅਤੇ 2030 ਤੱਕ ਇਹ ਗਿਣਤੀ 10 ਲੱਖ ਤੱਕ ਪਹੁੰਚ ਜਾਣ ਦਾ ਅਨੁਮਾਨ ਹੈ।

ਨਿਊਯਾਰਕ ਸਥਿਤ ਸਿੱਖਿਆ ਮਾਹਰ ਰਾਜਿਕਾ ਭੰਡਾਰੀ ਕਹਿੰਦੇ ਹਨ, "ਭਾਰਤ ਵਿੱਚ ਅਮਰੀਕੀ ਡਿਗਰੀ ਦੀ ਇੱਛਾ ਜਾਂ ਖਿੱਚ ਬਹੁਤ ਮਜ਼ਬੂਤ ਹੈ ਅਤੇ ਇਹ ਭਾਰਤੀ ਪਰਿਵਾਰਾਂ ਨੂੰ ਆਕਰਸ਼ਿਤ ਕਰਦੀ ਹੈ।"

ਨਿਊ ਜਰਸੀ ਵਿੱਚ ਡਰਿਊ ਯੂਨੀਵਰਸਿਟੀ ਦੇ ਐਸੋਸੀਏਟ ਪ੍ਰੋਫੈਸਰ ਸੰਗੇ ਮਿਸ਼ਰਾ ਦਾ ਕਹਿਣਾ ਹੈ ਕਿ ਮੌਤਾਂ ਨੂੰ ਜੋੜਨ ਵਾਲਾ ਕੋਈ ‘ਸਪੱਸ਼ਟ ਪੈਟਰਨ’ ਨਹੀਂ ਹੈ।

ਉਨ੍ਹਾਂ ਦਾ ਕਹਿਣ ਹੈ ਕਿ ਕਿਉਂਕਿ ਉਹ ਭਾਰਤੀ ਵਿਦਿਆਰਥੀ ਹਨ ਇਸ ਲਈ ਇੱਕ ਵਿਆਪਕ ਬਿਰਤਾਂਤ ਤੋਂ ਬਚਣਾ ਚਾਹੀਦਾ ਹੈ।

"ਮੈਂ ਅਜਿਹਾ ਕੁਝ ਨਹੀਂ ਦੇਖਿਆ ਹੈ ਜੋ ਇਹ ਦਰਸਾਉਂਦਾ ਹੈ ਕਿ ਇਹ ਨਸਲੀ ਦੁਸ਼ਮਣੀ ਜਾਂ ਨਸਲ ਦੇ ਆਧਾਰ 'ਤੇ ਹਮਲੇ ਹਨ।"

ਭਾਰਤੀ ਮਾਪਿਆ ਦਾ ਪੱਖ

ਭਾਰਤੀ ਮਾਪੇ ਕਹਿੰਦੇ ਹਨ ਕਿ ਉਹ ਆਪਣੇ ਬੱਚਿਆਂ ਨਾਲ ਨਿਯਮਤ ਸੰਪਰਕ ਬਣਾਈ ਰੱਖਣ ਦੀ ਕੋਸ਼ਿਸ਼ ਕਰਦੇ ਹਨ।

ਮੀਨੂ ਅਵਲ ਦਾ ਬੇਟਾ ਦੱਖਣੀ ਕੈਲੀਫੋਰਨੀਆ ਯੂਨੀਵਰਸਿਟੀ ਵਿੱਚ ਪੜ੍ਹਦਾ ਹੈ। ਉਹ ਕਹਿੰਦੇ ਹਨ, "ਜਦੋਂ ਵੀ ਅਸੀਂ ਭਾਰਤ ਵਿੱਚ ਦੂਰ ਬੈਠੇ ਇਸ ਤਰ੍ਹਾਂ ਦੀਆਂ ਖ਼ਬਰਾਂ ਸੁਣਦੇ ਹਾਂ ਤਾਂ ਸਾਨੂੰ ਫ਼ਿਕਰ ਹੁੰਦੀ ਹੈ, ਡਰ ਲੱਗਦਾ ਹੈ।"

ਅਵਲ ਦਾ ਕਹਿਣਾ ਹੈ ਕਿ ਉਨ੍ਹਾਂ ਨੇ ਆਪਣੇ ਬੇਟੇ ਨੂੰ ਹਿਦਾਇਤ ਦਿੱਤੀ ਹੈ ਕਿ ਉਹ ਲੁੱਟ ਵਗੈਰਾ ਦੇ ਮਾਮਲੇ ਵਿੱਚ ਵੀ ਕੋਈ ਬਦਲਾ ਲੈਣ ਦੀ ਨਾ ਸੋਚਣ।

ਅਵਲ ਕਹਿੰਦੇ ਹਨ, "ਮੈਂ ਉਸਨੂੰ ਕਿਹਾ ਹੈ ਕਿ ਜੇ ਕੋਈ ਲੁੱਟ-ਖੋਹ ਲਈ ਆਵੇ ਤਾਂ ਬਹਿਸ ਨਹੀਂ ਕਰਨੀ ਜੋ ਕੁਝ ਵੀ ਨਕਦੀ ਵਗੈਰਾ ਕੋਲ ਹੋਵੇ ਦੇ ਦੇਣਾ ਹੈ।"

ਜੈਪੁਰ ਸ਼ਹਿਰ ਦੇ ਨੀਤੂ ਮਰਦਾ ਦਾ ਕਹਿਣਾ ਹੈ ਕਿ ਉਹ ਹਰ ਰੋਜ਼ ਨਿਊਯਾਰਕ ਯੂਨੀਵਰਸਿਟੀ ਵਿੱਚ ਪੜ੍ਹਦੀ ਆਪਣੀ ਧੀ ਨਾਲ ਗੱਲ ਕਰਦੇ ਹਨ ਅਤੇ ਉਸਦੇ ਦੋਸਤਾਂ ਦੇ ਨੰਬਰ ਵੀ ਆਪਣੇ ਫ਼ੋਨ ਵਿੱਚ ਸੇਵ ਰੱਖਦੇ ਹਨ।

ਉਹ ਕਹਿੰਦੇ ਹਨ, "ਮੈਂ ਉਸ ਨੂੰ ਅਣਜਾਣ ਲੋਕਾਂ ਨਾਲ ਇਕੱਲੇ ਬਾਹਰ ਨਾ ਜਾਣ ਲਈ ਕਹਿੰਦੀ ਹਾਂ।"

ਮੈਸੇਚਿਉਸੇਟਸ ਵਿੱਚ ਟਫਟਸ ਯੂਨੀਵਰਸਿਟੀ ਵਿੱਚ ਐਸੋਸੀਏਸ਼ਨ ਆਫ ਸਾਊਥ ਏਸ਼ੀਅਨਜ਼ ਦੇ ਸਹਿ-ਪ੍ਰਧਾਨ ਅਨੁਸ਼ਕਾ ਮਦਾਨ ਅਤੇ ਇਸ਼ੀਕਾ ਗੁਪਤਾ ਦਾ ਕਹਿਣਾ ਹੈ ਕਿ ਉਨ੍ਹਾਂ ਕੋਲ ਸੁਰੱਖਿਆ ਨਿਯਮਾਂ ਦਾ ਇੱਕ ਸੈੱਟ ਹੈ, ਜਿਸ ਵਿੱਚ ਰਾਤ ਨੂੰ ਕੈਂਪਸ ਵਿੱਚ ਇਕੱਲੇ ਸੈਰ ਨਾ ਕਰਨਾ ਸ਼ਾਮਲ ਹੈ।

ਗੁਪਤਾ ਕਹਿੰਦੇ ਹਨ,"ਬੋਸਟਨ ਆਮ ਤੌਰ 'ਤੇ ਬਹੁਤ ਸੁਰੱਖਿਅਤ ਮੰਨਿਆ ਜਾਂਦਾ ਹੈ।"

"ਪਰ ਅਸੀਂ ਇਸ ਸਮੇਂ ਥੋੜ੍ਹੇ ਹੋਰ ਸਾਵਧਾਨ ਹੋਏ ਹਾਂ, ਆਪਣੇ ਆਲੇ ਦੁਆਲੇ ਬਾਰੇ ਵਧੇਰੇ ਜਾਗਰੂਕ ਹੋਏ ਹਾਂ।"

ਕੌਮਾਂਤਰੀ ਵਿਦਿਆਰਥੀਆਂ ’ਤੇ ਮਾਨਸਿਕ ਦਬਾਅ

ਸਰੀਰਕ ਸੁਰੱਖਿਆ ਦੇ ਨਾਲ-ਨਾਲ ਯੂਨੀਵਰਸਿਟੀਆਂ ਵਿਦਿਆਰਥੀਆਂ 'ਤੇ ਪੈਣ ਵਾਲੇ ਮਨੋਵਿਗਿਆਨਕ ਪ੍ਰਭਾਵ ਤੋਂ ਵੀ ਜਾਣੂ ਹਨ।

ਭੰਡਾਰੀ ਇੱਕ ਸਿੱਖਿਆ ਮਾਹਰ ਹਨ ਉਨ੍ਹਾਂ ਦਾ ਕਹਿਣਾ ਹੈ, "ਇਹ ਸਪੱਸ਼ਟ ਹੋ ਗਿਆ ਹੈ ਕਿ ਕੌਮਾਂਤਰੀ ਵਿਦਿਆਰਥੀਆਂ ਨੂੰ ਮਾਨਸਿਕ ਸਿਹਤ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਇਹ ਬਹੁਤ ਜ਼ਿਆਦਾ ਵਿੱਤੀ ਅਤੇ ਅਕਾਦਮਿਕ ਦਬਾਅ ਦਾ ਕਾਰਨ ਬਣਦਾ ਹੈ। ਇਸ ਨਾਲ ਉਨ੍ਹਾਂ ਦੀ ਵੀਜ਼ਾ ਸਥਿਤੀ ਵੀ ਪ੍ਰਭਾਵਿਤ ਹੁੰਦੀ ਹੈ।"

"ਇਹ ਇੱਕ ਬਹੁਤ ਵੱਡਾ ਮਨੋਵਿਗਿਆਨਕ ਬੋਝ ਹੈ ਜਦੋਂ ਉਹ ਵੀ ਉਸ ਸਮੇਂ ਜਦੋ ਉਹ ਘਰ ਤੋਂ ਹਜ਼ਾਰਾਂ ਮੀਲ ਦੂਰ ਹੁੰਦੇ ਹਨ।"

ਕਈ ਹੋਰ ਲੋਕ ਸਮਝਦੇ ਹਨ ਕਿ ਅਲੱਗ-ਅਲੱਗ ਆਰਥਿਕ ਅਤੇ ਸੱਭਿਆਚਾਰਕ ਪਿਛੋਕੜ ਵਾਲੇ ਵਿਦਿਆਰਥੀ ਵਿਦੇਸ਼ਾਂ ਵਿੱਚ ਵੱਖੋ-ਵੱਖਰੇ ਅਨੁਭਵ ਕਰਦੇ ਹਨ।

ਰੀਨਾ ਅਰੋੜਾ ਸੰਚੇਜ਼ ਸੀਐੱਸਯੂ ਵਿੱਚ ਸੰਚਾਰ ਦੇ ਕਾਰਜਕਾਰੀ ਨਿਰਦੇਸ਼ਕ ਹਨ। ਉਹ ਕਹਿੰਦੇ ਹਨ,“ਕੌਮਾਂਤਰੀ ਵਿਦਿਆਰਥੀਆਂ ਨੂੰ ਵੱਖਰੀ ਕਿਸਮ ਦੇ ਤਣਾਅ ਦਾ ਸਾਹਮਣਾ ਕਰਨਾ ਪੈਂਦਾ ਹੈ। ਉਨ੍ਹਾਂ ਲਈ ਨਵੇਂ ਸੱਭਿਆਚਾਰ ਨੂੰ ਸਮਝਣਾ ਅਤੇ ਆਪਣੇ ਹੁਣ ਤੱਕ ਦੇ ਸਿੱਖੇ-ਸਮਝਣੇ ਨੂੰ ਬਦਲਣਾ ਇੱਕ ਚੁਣੌਤੀ ਹੁੰਦਾ ਹੈ।”

ਭਾਰਤੀ ਦੂਤਾਵਾਸ ਦੀ ਵਧੀ ਭੂਮਿਕਾ

ਅਮਰੀਕਾ ਵਿੱਚ ਭਾਰਤੀ ਦੂਤਾਵਾਸ ਵਿਦਿਆਰਥੀਆਂ ਨੂੰ ਕਿਸੇ ਵੀ ਚੁਣੌਤੀ ਭਰੀ ਸਥਿਤੀ ਵਿੱਚ ਉਨ੍ਹਾਂ ਨਾਲ ਸੰਪਰਕ ਸਾਧਨ ਦੀ ਸਲਾਹ ਦਿੰਦਾ ਹੈ। ਦੂਤਾਵਾਸ ਵੱਲੋਂ ਜਾਗਰੂਕਤਾ ਲਈ ਪ੍ਰੋਗਰਾਮ ਵੀ ਕਰਵਾਏ ਜਾਂਦੇ ਹਨ।

ਜਾਰਜੀਆ ਇੰਸਟੀਚਿਊਟ ਆਫ਼ ਟੈਕਨਾਲੋਜੀ ਵਿੱਚ ਇੰਡੀਆ ਕਲੱਬ ਦੇ ਪ੍ਰਧਾਨ ਪ੍ਰਥਮ ਮਹਿਤਾ ਦਾ ਕਹਿਣਾ ਹੈ ਕਿ ਉਨ੍ਹਾਂ ਨੇ ਸੰਸਥਾ ਦੇ ਵੱਡੀ ਗਿਣਤੀ ਭਾਰਤੀ ਵਿਦਿਆਰਥੀਆਂ ਤੱਕ ਪਹੁੰਚ ਕੀਤੀ ਹੈ।

ਇੱਥੇ ਕੈਂਪਸ ਵਿੱਚ ਕਈ ਥੈਰੇਪੀ ਸੇਵਾਵਾਂ ਉਪਲਬਧ ਹਨ। ਕਲੱਬ ਅਸੁਰੱਖਿਅਤ ਮਹਿਸੂਸ ਕਰ ਰਹੇ ਵਿਦਿਆਰਥੀਆਂ ਦਾ ਭਾਰਤੀ ਕੌਂਸਲੇਟ ਨਾਲ ਸੰਪਰਕ ਕਰਵਾਉਣ ਦਾ ਕੰਮ ਵੀ ਕਰਦਾ ਹੈ।

ਇਸ ਤੋਂ ਇਲਾਵਾ ਸੀਐੱਸਯੂ ਵਿਦਿਆਰਥੀਆਂ ਨੂੰ ਯੂਨੀਵਰਸਿਟੀ ਦੇ ਪੁਲਿਸ ਵਿਭਾਗ ਨਾਲ ਜੋੜਨ ਵਾਲਾ ਇੱਕ ਐਪ ਵੀ ਤਿਆਰ ਕਰ ਰਹੀ ਹੈ। ਕੈਂਪਸ ਉੱਥੇ ਨੇੜੇ ਰਹਿਣ ਵਾਲੇ ਵਿਦਿਆਰਥੀਆਂ ਲਈ ਮੁਫ਼ਤ ਸੁਰੱਖਿਆ ਐਸਕੋਰਟ ਸੇਵਾ ਦਾ ਪ੍ਰਬੰਧ ਕੀਤਾ ਗਿਆ ਹੈ।

ਮਾਹਰਾਂ ਦਾ ਕਹਿਣਾ ਹੈ ਕਿ ਕਾਲਜਾਂ ਦੀ ਚੋਣ ਕਰਨ ਵੇਲੇ ਵਿਦਿਆਰਥੀਆਂ ਨੂੰ ਸੁਰੱਖਿਆ ਅਤੇ ਕਾਨੂੰਨ ਬਾਰੇ ਪਹਿਲਾਂ ਤੋਂ ਜਾਣਕਾਰੀ ਹਾਸਲ ਕਰਨੀ ਚਾਹੀਦੀ ਹੈ।

ਫ਼ਰਵਰੀ ਵਿੱਚ ਭਾਰਤ ਵਿੱਚ ਅਮਰੀਕੀ ਰਾਜਦੂਤ ਐਰਿਕ ਗਾਰਸੇਟੀ ਨੇ ਕਿਹਾ ਸੀ, "ਅਸੀਂ ਇਹ ਯਕੀਨੀ ਬਣਾਉਣ ਲਈ ਪੂਰੀ ਤਰ੍ਹਾਂ ਵਚਨਬੱਧ ਹਾਂ ਕਿ ਪੜ੍ਹਨ ਵਾਲੇ ਭਾਰਤੀਆਂ ਲਈ ਅਮਰੀਕਾ ਇੱਕ ਸੁਰੱਖਿਅਤ ਜਗ੍ਹਾ ਹੈ।"

ਪਰ ਹਾਲ ਹੀ ਵਿੱਚ ਹੋਈਆਂ ਮੌਤਾਂ ਨੇ ਇਸ ਮੁੱਦੇ ਨੂੰ ਮੁੜ ਸਾਹਮਣੇ ਲਿਆ ਖੜ੍ਹਾ ਕੀਤਾ ਹੈ।

ਭੰਡਾਰੀ ਕਹਿੰਦੇ ਹਨ ਕਿ ਅਮਰੀਕੀ ਯੂਨੀਵਰਸਿਟੀਆਂ ਨੂੰ ਪਤਾ ਹੈ ਕਿ ‘ਭਾਰਤੀ ਵਿਦਿਆਰਥੀਆਂ ਵਿੱਚ ਵਿਦੇਸ਼ਾਂ ਵਿੱਚ ਪੜ੍ਹਨ ਦੀ ਬਹੁਤ ਜ਼ਿਆਦਾ ਭੁੱਖ ਹੈ’।

"ਸੰਸਥਾਵਾਂ ਇਸ ਦਿਲਚਸਪੀ ਦਾ ਫਾਇਦਾ ਲੈਣ ਦੀ ਕੋਸ਼ਿਸ਼ ਕਰ ਰਹੀਆਂ ਹਨ, ਪਰ ਇਸਦੇ ਨਾਲ ਹੀ ਇਹ ਸਪੱਸ਼ਟ ਤੌਰ 'ਤੇ ਜ਼ਾਹਰ ਹੈ ਕਿ ਨਿੱਜੀ ਸੁਰੱਖਿਆ ਸਬੰਧੀ ਚਿੰਤਾਵਾਂ ਸਾਹਮਣੇ ਆਈਆ ਹਨ।

ਪਰ ਇਸ ਸਭ ਦੇ ਬਾਵਜੂਦ ਭਾਰਤੀ ਵਿਦਿਆਰਥੀ ਅਮਰੀਕਾ ਨੂੰ ਇੱਕ ਮੰਜ਼ਲ ਵਾਂਗ ਦੇਖਦੇ ਹਨ।

ਜੈਪੁਰ ਦੇ ਰਹਿਣ ਵਾਲੇ ਸਵਰਾਜ ਜੈਨ ਅਗਸਤ ਵਿੱਚ ਨਿਊਯਾਰਕ ਯੂਨੀਵਰਸਿਟੀ ਜਾ ਰਹੇ ਹਨ। ਇਸ ਲਈ ਉਹ ਜੋਸ਼ ਨਾਲ ਭਰੇ ਹੋਏ ਹਨ ਪਰ ਨਾਲ ਹੀ ਆਉਣ ਵਾਲੀਆਂ ਚੁਣੌਤੀਆਂ ਦੀ ਸਪਸ਼ਟ ਸਮਝ ਰੱਖਦੇ ਹਨ।

ਉਹ ਕਹਿੰਦੇ ਹਨ, "ਹਰ ਕੋਈ ਬੰਦੂਕ ਹਿੰਸਾ ਅਤੇ ਅਪਰਾਧ ਬਾਰੇ ਗੱਲ ਕਰਦਾ ਹੈ। ਮੈਨੂੰ ਸਾਵਧਾਨ ਰਹਿਣਾ ਪਏਗਾ।"

ਅਮਰੀਕੀ ਦੂਤਾਵਾਸ ਨੇ ਕੀ ਕਿਹਾ

ਅਮਰੀਕੀ ਦੂਤਾਵਾਸ ਦੇ ਜੋਹਨ ਸਲੋਵਰ ਨੇ ਅਮਰੀਕਾ ਵਿੱਚ ਭਾਰਤੀ ਵਿਦਿਆਰਥੀਆਂ ਦੀ ਮੌਤ ਬਾਰੇ ਪੁੱਛੇ ਗਏ ਸਵਾਲ ਦਾ ਜਵਾਬ ਦਿੱਤਾ।

ਉਨ੍ਹਾਂ ਨੇ ਕਿਹਾ ਕਿ ਅਮਰੀਕਾ ਕੌਮਾਂਤਰੀ ਵਿਦਿਆਰਥੀਆਂ ਸਣੇ ਸਾਰੇ ਵਿਦਿਆਰਥੀਆਂ ਦੀ ਸੁਰੱਖਿਆ ਅਤੇ ਭਲਾਈ ਪ੍ਰਤੀ ਪ੍ਰਤੀਬੱਧ ਹੈ।

ਉਨ੍ਹਾਂ ਕਿਹਾ, "ਪਿਛਲੇ ਕੁਝ ਮਹੀਨਿਆਂ ਵਿੱਚ ਹੋਈਆਂ ਵਿਦਿਆਰਥੀਆਂ ਦੀਆਂ ਮੌਤਾਂ ਵੱਖ-ਵੱਖ ਥਾਵਾਂ ਉੱਤੇ ਹੋਈਆਂ ਹਨ ਅਤੇ ਇਸ ਦੇ ਵੱਖੋ-ਵੱਖਹਰੇ ਕਾਰਨ ਹਨ।"

ਉਂਨ੍ਹਾਂ ਅੱਗੇ ਦੱਸਿਆ, "ਜਿਵੇਂ ਭਾਰਤ ਦੇ ਵਿਦੇਸ਼ ਮੰਤਰਾਲੇ ਦੇ ਮੰਤਰੀ ਐੱਸ ਜੈਸ਼ੰਕਰ ਨੇ ਹਾਲ ਹੀ ਵਿੱਚ ਸਾਂਝਾ ਕੀ ਕਿ ਭਾਰਤ ਸਰਕਾਰ ਦੇ ਸਾਹਮਣੇ ਇਨ੍ਹਾਂ ਮੌਤਾਂ ਦੇ ਮਾਮਲਿਆਂ ਵਿੱਚ ਕਿਸੇ ਕਿਸਮ ਦਾ ਸਬੰਧ ਨਜ਼ਰ ਨਹੀਂ ਆਇਆ।"

ਉਨ੍ਹਾਂ ਕਿਹਾ ਕਿ ਉਹ ਭਾਰਤ ਸਰਕਾਰ ਇਸ ਗੱਲ ਨੂੰ ਯਕੀਨੀ ਬਣਾਉਣ ਲਈ ਕੰਮ ਕਰ ਰਹੇ ਹਾਂ ਕਿ ਵਿਦਿਆਰਥੀ ਉਨ੍ਹਾਂ ਕੋਲ ਕੈਂਪਸ ਵਿੱਚ ਮੌਜੂਦ ਮਦਦ ਬਾਰੇ ਜਾਗਰੂਕ ਹਨ ਅਤੇ ਇਸ ਤੱਕ ਉਨ੍ਹਾਂ ਦੀ ਪਹੁੰਚ ਹੈ।

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTER ਅਤੇ YouTube 'ਤੇ ਜੁੜੋ।)