ਅਜੀਤ ਪਵਾਰ ਦੀ ਜਹਾਜ਼ ਹਾਦਸੇ ਵਿੱਚ ਮੌਤ; ਆਖਰੀ ਪਲਾਂ ਵਿੱਚ ਪਾਇਲਟ ਅਤੇ ਏਟੀਸੀ ਵਿਚਾਲੇ ਕੀ ਗੱਲਬਾਤ ਹੋਈ

ਮਹਾਰਾਸ਼ਟਰ ਦੇ ਬਾਰਾਮਤੀ ਵਿੱਚ ਇੱਕ ਜਹਾਜ਼ ਹਾਦਸਾਗ੍ਰਸਤ ਹੋ ਗਿਆ ਹੈ। ਸੂਬੇ ਦੇ ਉਪ ਮੁੱਖ ਮੰਤਰੀ ਅਜੀਤ ਪਵਾਰ ਵੀ ਇਸ ਵਿੱਚ ਸਵਾਰ ਸਨ ਅਤੇ ਇਸ ਹਾਦਸੇ ਵਿੱਚ ਉਨ੍ਹਾਂ ਦਾ ਦੇਹਾਂਤ ਹੋ ਗਿਆ ਹੈ।
ਡਾਇਰੈਕਟੋਰੇਟ ਜਨਰਲ ਆਫ਼ ਸਿਵਿਲ ਐਵੀਏਸ਼ਨ (ਡੀਜੀਸੀਏ) ਨੇ ਉਨ੍ਹਾਂ ਦੀ ਮੌਤ ਦੀ ਪੁਸ਼ਟੀ ਕੀਤੀ ਹੈ।
ਡੀਜੀਸੀਏ ਦੇ ਅਨੁਸਾਰ, ਜਹਾਜ਼ ਵਿੱਚ ਕੁੱਲ ਪੰਜ ਲੋਕ ਯਾਤਰਾ ਕਰ ਰਹੇ ਸਨ। ਇਸ ਵਿੱਚ ਅਜੀਤ ਪਵਾਰ, ਉਨ੍ਹਾਂ ਦੇ ਨਿੱਜੀ ਸਹਾਇਕ, ਇੱਕ ਅੰਗ ਰੱਖਿਅਕ ਅਤੇ ਦੋ ਪਾਇਲਟ ਸ਼ਾਮਲ ਸਨ।
ਅਜੀਤ ਪਵਾਰ ਨੇ ਆਉਣ ਵਾਲੀਆਂ ਜ਼ਿਲ੍ਹਾ ਪਰਿਸ਼ਦ ਅਤੇ ਪੰਚਾਇਤ ਸੰਮਤੀ ਚੋਣਾਂ ਲਈ ਪ੍ਰਚਾਰ ਕਰਨ ਲਈ ਬਾਰਾਮਤੀ ਵਿੱਚ ਚਾਰ ਜਨਤਕ ਮੀਟਿੰਗਾਂ ਦਾ ਆਯੋਜਨ ਕੀਤਾ ਸੀ। ਇਸ ਦੇ ਲਈ ਉਹ ਮੁੰਬਈ ਤੋਂ ਜਹਾਜ਼ ਰਾਹੀਂ ਬਾਰਾਮਤੀ ਜਾ ਰਹੇ ਸਨ।
ਹਵਾਬਾਜ਼ੀ ਮੰਤਰਾਲੇ ਨੇ ਸ਼ੁਰੂਆਤੀ ਜਾਂਚ ਬਾਰੇ ਕੀ ਕਿਹਾ?
ਪੀਆਈਬੀ ਨੇ ਹਵਾਬਾਜ਼ੀ ਮੰਤਰਾਲੇ ਤੋਂ ਇੱਕ ਬਿਆਨ ਜਾਰੀ ਕੀਤਾ, ਜਿਸ ਵਿੱਚ ਕਿਹਾ ਗਿਆ ਹੈ ਕਿ ਬਾਰਾਮਤੀ ਇੱਕ ਬੇਕਾਬੂ ਹਵਾਈ ਖੇਤਰ ਹੈ ਅਤੇ ਆਵਾਜਾਈ ਦੀ ਜਾਣਕਾਰੀ ਬਾਰਾਮਤੀ ਸਥਿਤ ਫਲਾਇੰਗ ਟ੍ਰੇਨਿੰਗ ਆਰਗੇਨਾਈਜ਼ੇਸ਼ਨ ਦੇ ਇੰਸਟ੍ਰਕਟਰਾਂ ਜਾਂ ਪਾਇਲਟਾਂ ਦੁਆਰਾ ਪ੍ਰਦਾਨ ਕੀਤੀ ਜਾਂਦੀ ਹੈ।
ਡੀਜੀਸੀਏ (ਸਿਵਲ ਏਵੀਏਸ਼ਨ ਅਥਾਰਟੀ ਆਫ ਇੰਡੀਆ) ਨੇ ਵੀ ਐਕਸ ਉਪਰ ਇਸ ਘਟਨਾ 'ਤੇ ਇੱਕ ਵਿਸਤ੍ਰਿਤ ਬਿਆਨ ਜਾਰੀ ਕੀਤਾ ਹੈ।
ਏਟੀਸੀ ਹੈਂਡਲਰ ਦੇ ਅਨੁਸਾਰ, ਫਲਾਈਟ VI-SSK ਨੇ 28 ਜਨਵਰੀ, 2026 ਨੂੰ ਸਵੇਰੇ 8:18 ਵਜੇ ਬਾਰਾਮਤੀ ਤੋਂ ਪਹਿਲੀ ਵਾਰ ਸੰਪਰਕ ਕੀਤਾ।
ਫਿਰ ਜਹਾਜ਼ ਨੇ ਬਾਰਾਮਤੀ ਤੋਂ 30 ਨਾਟਿਕਲ ਮੀਲ ਦੂਰ ਇੱਕ ਕਾਲ ਕੀਤੀ। ਉਸ ਸਮੇਂ,ਉਸਨੂੰ ਪੁਣੇ ਅਪਰੋਚ ਤੋਂ ਰਿਲੀਜ਼ ਕੀਤਾ ਗਿਆ।
ਪਾਇਲਟ ਨੂੰ ਵਿਵੇਕ ਅਨੁਸਾਰ ਵਿਜ਼ੂਅਲ ਮੌਸਮ ਵਿਗਿਆਨਕ ਸਥਿਤੀਆਂ ਵਿੱਚ ਉਤਰਨ ਦੀ ਸਲਾਹ ਦਿੱਤੀ ਗਈ ਸੀ।
ਚਾਲਕ ਦਲ ਨੇ ਹਵਾ ਅਤੇ ਦ੍ਰਿਸ਼ਟੀ ਬਾਰੇ ਜਾਣਕਾਰੀ ਮੰਗੀ। ਉਨ੍ਹਾਂ ਨੂੰ ਦੱਸਿਆ ਗਿਆ ਕਿ ਹਵਾ ਸ਼ਾਂਤ ਹੈ ਅਤੇ ਦ੍ਰਿਸ਼ਟੀ ਲਗਭਗ 3,000 ਮੀਟਰ ਹੈ।
ਫਿਰ ਜਹਾਜ਼ ਨੇ ਰਨਵੇ 11 ਤੱਕ ਫਾਇਨਲ ਅਪਰੋਚ ਦੀ ਸੂਚਨਾ ਦਿੱਤੀ ਪਰ ਚਾਲਕ ਦਲ ਨੂੰ ਰਨਵੇਅ ਦਿਖਾਈ ਨਹੀਂ ਦੇ ਰਿਹਾ ਸੀ। ਉਨ੍ਹਾਂ ਨੇ ਪਹਿਲੇ ਅਪਰੋਚ ਵਿੱਚ ਗੋ-ਅਰਾਊਂਡ ਕੀਤਾ।
ਗੋ-ਅਰਾਊਂਡ ਤੋਂ ਬਾਅਦ ਜਹਾਜ਼ ਨੂੰ ਉਸਦੀ ਸਥਿਤੀ ਬਾਰੇ ਪੁੱਛਿਆ ਗਿਆ। ਚਾਲਕ ਦਲ ਨੇ ਫਿਰ ਰਨਵੇ 11 'ਤੇ ਫਾਇਨਲ ਅਪਰੋਚ ਦੀ ਜਾਣਕਾਰੀ ਦਿੱਤੀ।
ਉਨ੍ਹਾਂ ਨੂੰ ਰਨਵੇ ਦਿਖਾਈ ਦੇਣ ਦੀ ਸੂਚਨਾ ਦੇਣ ਨੂੰ ਕਿਹਾ ਗਿਆ। ਉਨ੍ਹਾਂ ਨੇ ਜਵਾਬ ਦਿੱਤਾ, "ਰਨਵੇ ਇਸ ਵੇਲੇ ਦਿਖਾਈ ਨਹੀਂ ਦੇ ਰਿਹਾ ਹੈ। ਦਿਖਾਈ ਦੇਣ ਉਪਰ ਕਾਲ ਕਰਾਂਗੇ।"
ਕੁਝ ਸਕਿੰਟਾਂ ਬਾਅਦ, ਉਨ੍ਹਾਂ ਨੇ ਰਿਪੋਰਟ ਕੀਤੀ ਕਿ ਰਨਵੇ ਦਿਖਾਈ ਦੇ ਰਿਹਾ ਹੈ।
ਸਵੇਰੇ 8:43 ਵਜੇ, ਜਹਾਜ਼ ਨੂੰ ਰਨਵੇ 11 'ਤੇ ਉਤਰਨ ਕਲੀਅਰੈਂਸ ਦੇ ਦਿੱਤੀ ਗਈ, ਪਰ ਚਾਲਕ ਦਲ ਨੇ ਲੈਂਡਿੰਗ ਕਲੀਅਰੈਂਸ ਦਾ ਰੀਡਬੈਕ ਨਹੀਂ ਦਿੱਤਾ।
ਇਸ ਤੋਂ ਬਾਅਦ, ਸਵੇਰੇ 8:44 ਵਜੇ, ਏਟੀਸੀ ਨੇ ਰਨਵੇ 11 ਦੇ ਥ੍ਰੈਸ਼ਹੋਲਡ ਦੇ ਨੇੜੇ ਅੱਗ ਦੀਆਂ ਲਪਟਾਂ ਵੇਖੀਆਂ ਅਤੇ ਐਮਰਜੈਂਸੀ ਸੇਵਾਵਾਂ ਮੌਕੇ 'ਤੇ ਪਹੁੰਚੀਆਂ।
ਜਹਾਜ਼ ਦਾ ਮਲਬਾ ਰਨਵੇ ਦੇ ਖੱਬੇ ਪਾਸੇ ਥ੍ਰੈਸ਼ਹੋਲਡ ਦੇ ਨੇੜੇ ਮਿਲਿਆ।
ਮੰਤਰਾਲੇ ਨੇ ਕਿਹਾ ਕਿ ਏਅਰਕ੍ਰਾਫਟ ਐਕਸੀਡੈਂਟ ਇਨਵੈਸਟੀਗੇਸ਼ਨ ਬਿਊਰੋ (ਏਏਆਈਬੀ) ਨੇ ਜਾਂਚ ਸੰਭਾਲ ਲਈ ਹੈ। ਏਏਆਈਬੀ ਡਾਇਰੈਕਟਰ ਜਨਰਲ ਜਾਂਚ ਲਈ ਹਾਦਸੇ ਵਾਲੀ ਥਾਂ 'ਤੇ ਪਹੁੰਚ ਰਹੇ ਹਨ। ਇਸ ਮਾਮਲੇ ਵਿੱਚ ਹੋਰ ਜਾਣਕਾਰੀ ਉਪਲਬਧ ਹੋਣ 'ਤੇ ਸਾਂਝੀ ਕੀਤੀ ਜਾਵੇਗੀ।

ਤਸਵੀਰ ਸਰੋਤ, ANI
ਜਾਣਕਾਰੀ ਅਨੁਸਾਰ, ਅਜੀਤ ਪਵਾਰ ਦੇ ਸੁਰੱਖਿਆ ਗਾਰਡ ਵੀ ਉਨ੍ਹਾਂ ਨਾਲ ਜਹਾਜ਼ ਵਿੱਚ ਮੌਜੂਦ ਸਨ।
ਇਹ ਇੱਕ ਵੀਟੀਐਸਐਸਕੇ-ਐਲਜੇ45 ਏਅਰਕ੍ਰਾਫਟ ਸੀ ਜੋ ਮੁੰਬਈ ਤੋਂ ਬਾਰਾਮਤੀ ਜਾ ਰਿਹਾ ਸੀ। ਜਹਾਜ਼ ਸਵੇਰੇ 8:48 ਵਜੇ ਬਾਰਾਮਤੀ ਰਨਵੇਅ ਦੇ ਨੇੜੇ ਹਾਦਸਾਗ੍ਰਸਤ ਹੋ ਗਿਆ ਅਤੇ ਜਹਾਜ਼ ਦੇ ਕ੍ਰੈਸ਼ ਹੁੰਦੇ ਹੀ ਉਸ 'ਚ ਅੱਗ ਲੱਗ ਗਈ।
ਮਹਾਰਾਸ਼ਟਰ ਦੇ ਮੁੱਖ ਮੰਤਰੀ ਦੇਵੇਂਦਰ ਫੜਨਵੀਸ ਨੇ ਸੂਬੇ ਵਿੱਚ ਤਿੰਨ ਦਿਨਾਂ ਦੇ ਸੋਗ ਦਾ ਐਲਾਨ ਕੀਤਾ ਹੈ। ਉਨ੍ਹਾਂ ਇਹ ਵੀ ਦੱਸਿਆ ਕਿ ਅੱਜ ਸਰਕਾਰੀ ਛੁੱਟੀ ਦਾ ਐਲਾਨ ਕੀਤਾ ਗਿਆ ਹੈ।
ਪੀਐੱਮ ਮੋਦੀ ਸਣੇ ਹੋਰ ਆਗੂਆਂ ਨੇ ਪ੍ਰਗਟਾਇਆ ਦੁੱਖ
ਅਜੀਤ ਪਵਾਰ ਦੇ ਦੇਹਾਂਤ 'ਤੇ ਵੱਖ-ਵੱਖ ਪਾਰਟੀਆਂ ਦੇ ਆਗੂ ਦੁੱਖ ਪ੍ਰਗਟਾ ਰਹੇ ਹਨ।
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਐਕਸ 'ਤੇ ਲਿਖਿਆ, "ਸ਼੍ਰੀ ਅਜੀਤ ਪਵਾਰ ਜੀ ਜਨਤਾ ਦੇ ਆਗੂ ਸਨ, ਜਿਨ੍ਹਾਂ ਦਾ ਜ਼ਮੀਨੀ ਪੱਧਰ 'ਤੇ ਮਜ਼ਬੂਤ ਲਗਾਅ ਸੀ। ਮਹਾਰਾਸ਼ਟਰ ਦੀ ਜਨਤਾ ਦੀ ਸੇਵਾ ਵਿੱਚ ਮੋਹਰੀ ਰਹਿਣ ਵਾਲੇ ਇੱਕ ਮਿਹਨਤੀ ਵਿਅਕਤੀ ਵਜੋਂ ਉਨ੍ਹਾਂ ਨੂੰ ਬਹੁਤ ਸਨਮਾਨ ਪ੍ਰਾਪਤ ਸੀ। ਪ੍ਰਸ਼ਾਸਨਿਕ ਮਾਮਲਿਆਂ ਦੀ ਉਨ੍ਹਾਂ ਦੀ ਸਮਝ ਅਤੇ ਗਰੀਬ ਤੇ ਪਿਛੜੇ ਲੋਕਾਂ ਨੂੰ ਸਸ਼ਕਤ ਬਣਾਉਣ ਲਈ ਉਨ੍ਹਾਂ ਦਾ ਜਨੂੰਨ ਵੀ ਸ਼ਾਨਦਾਰ ਸੀ। ਉਨ੍ਹਾਂ ਦਾ ਅਕਾਲ ਦੇਹਾਂਤ ਬਹੁਤ ਹੈਰਾਨ ਕਰਨ ਵਾਲਾ ਅਤੇ ਦੁਖਦਾਈ ਹੈ। ਉਨ੍ਹਾਂ ਦੇ ਪਰਿਵਾਰ ਅਤੇ ਚਾਹੁਣ ਵਾਲਿਆਂ ਪ੍ਰਤੀ ਮੇਰੀਆਂ ਸੰਵੇਦਨਾਵਾਂ। ਓਮ ਸ਼ਾਂਤੀ।"

ਤਸਵੀਰ ਸਰੋਤ, @narendramodi

ਤਸਵੀਰ ਸਰੋਤ, ANI
ਸੂਬੇ ਦੇ ਮੁੱਖ ਮੰਤਰੀ ਦੇਵੇਂਦਰ ਫੜਨਵੀਸ ਨੇ ਕਿਹਾ, "ਬਹੁਤ ਹੀ ਰਹੱਸਮਈ ਹਾਲਾਤਾਂ ਵਿੱਚ ਹੋਏ ਜਹਾਜ਼ ਹਾਦਸੇ ਵਿੱਚ ਸੂਬੇ ਦੇ ਉਪ ਮੁੱਖ ਮੰਤਰੀ ਅਜੀਤਦਾ ਪਵਾਰ (ਦਾਦਾ-ਭਰਾ) ਦੀ ਦੁਖਦਾਈ ਮੌਤ ਦੀ ਖ਼ਬਰ ਸਭ ਤੱਕ ਪਹੁੰਚ ਚੁੱਕੀ ਹੈ ਅਤੇ ਪੂਰੇ ਮਹਾਰਾਸ਼ਟਰ ਵਿੱਚ ਸੋਗ ਦੀ ਲਹਿਰ ਫੈਲ ਗਈ ਹੈ।''
''ਦਰਅਸਲ, ਅਜੀਤਦਾ ਪਵਾਰ ਮਹਾਰਾਸ਼ਟਰ ਦੇ ਲੋਕਾਂ ਦੇ ਆਗੂ ਸਨ ਅਤੇ ਉਹ ਇੱਕ ਅਜਿਹੇ ਆਗੂ ਸਨ ਜੋ ਮਹਾਰਾਸ਼ਟਰ ਦੇ ਹਰ ਕੋਨੇ ਦੀਆਂ ਸਮੱਸਿਆਵਾਂ ਅਤੇ ਚਿੰਤਾਵਾਂ ਤੋਂ ਵਾਕ਼ਿਫ਼ ਸਨ। ਲੋਕਾਂ ਵਿਚ ਉਨ੍ਹਾਂ ਦੀ ਬਹੁਤ ਪਕੜ ਸੀ। ਅਜੀਤ ਦਾਦਾ ਇੱਕ ਬਹੁਤ ਹੀ ਸੰਘਰਸ਼ੀਲ ਆਗੂ ਸਨ।''
ਉਨ੍ਹਾਂ ਕਿਹਾ, ''ਅੱਜ ਮਹਾਰਾਸ਼ਟਰ ਲਈ ਬਹੁਤ ਹੀ ਮੁਸ਼ਕਲ ਦਿਨ ਹੈ। ਇਸ ਤਰ੍ਹਾਂ ਦੀ ਅਗਵਾਈ ਵਿੱਚ ਕਈ ਸਾਲ ਲੱਗਦੇ ਹਨ। ਅਜਿਹੇ ਸਮੇਂ ਉਨ੍ਹਾਂ ਦਾ ਚਲੇ ਜਾਣਾ, ਜਦੋਂ ਉਹ ਸੂਬੇ ਦੇ ਵਿਕਾਸ ਵਿੱਚ ਮਹੱਤਵਪੂਰਨ ਯੋਗਦਾਨ ਦੇ ਰਹੇ ਸਨ, ਅਵਿਸ਼ਵਾਸ਼ਯੋਗ ਅਤੇ ਦਿਲ ਤੋੜਨ ਵਾਲਾ ਹੈ। ਮੈਂ ਇੱਕ ਦਿਆਲੂ, ਮਜ਼ਬੂਤ ਦੋਸਤ ਨੂੰ ਗੁਆ ਬੈਠਾ ਹਾਂ। ਇਹ ਉਨ੍ਹਾਂ ਦੇ ਪਰਿਵਾਰ ਲਈ ਵੀ ਇੱਕ ਵੱਡਾ ਝਟਕਾ ਹੈ। ਏਕਨਾਥ ਸ਼ਿੰਦੇ ਅਤੇ ਮੈਂ ਜਲਦੀ ਹੀ ਬਾਰਾਮਤੀ ਲਈ ਰਵਾਨਾ ਹੋ ਰਹੇ ਹਾਂ।"

ਤਸਵੀਰ ਸਰੋਤ, ANI
ਮਹਾਰਾਸ਼ਟਰ ਦੇ ਉਪ ਮੁੱਖ ਮੰਤਰੀ ਏਕਨਾਥ ਸ਼ਿੰਦੇ ਨੇ ਕਿਹਾ, "ਅੱਜ ਮਹਾਰਾਸ਼ਟਰ ਲਈ ਇੱਕ ਮੰਦਭਾਗਾ ਦਿਨ ਹੈ। ਇਹ ਸਾਡੇ ਲਈ ਅਤੇ ਪੂਰੇ ਮਹਾਰਾਸ਼ਟਰ ਲਈ ਇੱਕ ਦੁਖਦਾਈ ਘਟਨਾ ਹੈ। ਅਜੀਤ ਦਾਦਾ ਆਪਣੇ ਵਚਨਾਂ ਦੇ ਖਰੇ ਸਨ। ਜਦੋਂ ਮੈਂ ਮੁੱਖ ਮੰਤਰੀ ਸੀ ਅਤੇ ਉਹ ਉਪ ਮੁੱਖ ਮੰਤਰੀ ਸਨ, ਤਾਂ ਅਸੀਂ ਇੱਕ ਟੀਮ ਵਜੋਂ ਕੰਮ ਕੀਤਾ। ਇੱਕ ਟੀਮ ਵਜੋਂ, ਅਸੀਂ ਲੜਕੀ-ਭੈਣ ਯੋਜਨਾ ਸ਼ੁਰੂ ਕੀਤੀ ਸੀ ਅਤੇ ਅਜੀਤ ਦਾਦਾ ਨੇ ਇਸ ਵਿੱਚ ਮਹੱਤਵਪੂਰਨ ਭੂਮਿਕਾ ਨਿਭਾਈ ਸੀ।"
ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਕਿਹਾ, "ਜਿਸ ਤਰ੍ਹਾਂ ਅਜੀਤ ਪਵਾਰ ਜੀ ਨੇ ਪਿਛਲੇ ਸਾਢੇ ਤਿੰਨ ਦਹਾਕਿਆਂ ਦੌਰਾਨ ਮਹਾਰਾਸ਼ਟਰ ਦੇ ਹਰ ਵਰਗ ਦੀ ਭਲਾਈ ਲਈ ਆਪਣੇ ਆਪ ਨੂੰ ਸਮਰਪਿਤ ਕੀਤਾ ਹੈ, ਉਸਨੂੰ ਸ਼ਬਦਾਂ ਵਿੱਚ ਬਿਆਨ ਨਹੀਂ ਕੀਤਾ ਜਾ ਸਕਦਾ। ਜਦੋਂ ਵੀ ਅਸੀਂ ਮਿਲਦੇ ਸੀ, ਉਨ੍ਹਾਂ ਨਾਲ ਮਹਾਰਾਸ਼ਟਰ ਦੇ ਲੋਕਾਂ ਦੀ ਭਲਾਈ ਨਾਲ ਜੁੜੇ ਵੱਖ-ਵੱਖ ਮੁੱਦਿਆਂ 'ਤੇ ਲੰਬੀ ਚਰਚਾ ਹੁੰਦੀ ਸੀ।"
"ਉਨ੍ਹਾਂ ਦਾ ਦੇਹਾਂਤ ਮੇਰੇ ਲਈ ਅਤੇ ਨਾਲ ਹੀ ਐਨਡੀਏ ਪਰਿਵਾਰ ਲਈ ਇੱਕ ਨਿੱਜੀ ਘਾਟਾ ਹੈ। ਮੈਂ ਪਵਾਰ ਪਰਿਵਾਰ ਨਾਲ ਆਪਣੀ ਡੂੰਘੀ ਸੰਵੇਦਨਾ ਪ੍ਰਗਟ ਕਰਦਾ ਹਾਂ।"
ਐਨਸੀਪੀ (ਸ਼ਰਦ ਪਵਾਰ) ਦੇ ਆਗੂ ਅਤੇ ਮਹਾਰਾਸ਼ਟਰ ਦੇ ਸਾਬਕਾ ਗ੍ਰਹਿ ਮੰਤਰੀ ਅਨਿਲ ਦੇਸ਼ਮੁਖ ਪੱਤਰਕਾਰਾਂ ਨਾਲ ਗੱਲ ਕਰਦੇ ਹੋਏ ਰੋ ਪਏ ਅਤੇ ਕੋਈ ਪ੍ਰਤੀਕਿਰਿਆ ਨਹੀਂ ਦੇ ਸਕੇ।

ਤਸਵੀਰ ਸਰੋਤ, ANI
ਕਾਂਗਰਸ ਆਗੂ ਅਤੇ ਲੋਕ ਸਭਾ ਵਿੱਚ ਵਿਰੋਧੀ ਧਿਰ ਦੇ ਆਗੂ ਰਾਹੁਲ ਗਾਂਧੀ ਨੇ ਘਟਨਾ 'ਤੇ ਦੁੱਖ ਪ੍ਰਗਟਾਉਂਦਿਆਂ ਕਿਹਾ, "ਅਜਿਤ ਪਵਾਰ ਅਤੇ ਉਨ੍ਹਾਂ ਦੇ ਸਾਥੀਆਂ ਦੇ ਜਹਾਜ਼ ਹਾਦਸੇ ਵਿੱਚ ਦੇਹਾਂਤ ਦੀ ਖ਼ਬਰ ਬਹੁਤ ਦੁਖਦਾਈ ਹੈ।"
"ਮੈਂ ਇਸ ਦੁੱਖ ਦੀ ਘੜੀ ਵਿੱਚ ਮਹਾਰਾਸ਼ਟਰ ਦੇ ਲੋਕਾਂ ਦੇ ਨਾਲ ਹਾਂ ਅਤੇ ਪੂਰੇ ਪਵਾਰ ਪਰਿਵਾਰ ਤੇ ਅਜ਼ੀਜ਼ਾਂ ਨਾਲ ਆਪਣੀ ਸੰਵੇਦਨਾ ਪ੍ਰਗਟ ਕਰਦਾ ਹਾਂ।"
ਪ੍ਰਿਯੰਕਾ ਗਾਂਧੀ ਨੇ ਵੀ ਅਜੀਤ ਪਵਾਰ ਦੀ ਮੌਤ 'ਤੇ ਦੁੱਖ ਪ੍ਰਗਟਾਉਂਦਿਆਂ ਦੱਸਿਆ ਕਿ ਉਨ੍ਹਾਂ ਨੇ ਸੁਪ੍ਰੀਆ ਸੁਲੇ ਅਤੇ ਅਜੀਤ ਪਵਾਰ ਦੇ ਪਤਨੀ ਨਾਲ ਫ਼ੋਨ 'ਤੇ ਗੱਲ ਕੀਤੀ ਹੈ।
ਕਾਂਗਰਸ ਪ੍ਰਧਾਨ ਮੱਲਿਕਾਰਜੁਨ ਖੜਗੇ ਨੇ ਕਿਹਾ ਕਿ ਅਜੀਤ ਪਵਾਰ ਦੀ ਮੌਤ ਹੈਰਾਨ ਕਰਨ ਵਾਲੀ ਹੈ। ਉਨ੍ਹਾਂ ਕਿਹਾ ਕਿ ਇਹ ਇੱਕ ਅਜਿਹੇ ਆਗੂ ਦਾ ਬੇਵਕਤੀ ਦੇਹਾਂਤ ਹੈ ਜਿਨ੍ਹਾਂ ਸਾਹਮਣੇ ਇੱਕ ਲੰਮਾ ਅਤੇ ਉਮੀਦਾਂ ਭਰਿਆ ਸਿਆਸੀ ਸਫ਼ਰ ਸੀ।
ਕਾਂਗਰਸ ਆਗੂ ਪ੍ਰਮੋਦ ਤਿਵਾਰੀ ਨੇ ਪੀਟੀਆਈ ਨੂੰ ਕਿਹਾ, "ਜਹਾਜ਼ ਹਾਦਸੇ ਦੀਆਂ ਤਸਵੀਰਾਂ ਬਹੁਤ ਹਿਲਾ ਦੇਣ ਵਾਲੀਆਂ ਹਨ। ਮੈਂ ਅਜੀਤ ਪਵਾਰ ਦੇ ਦੇਹਾਂਤ 'ਤੇ ਦੁੱਖ ਪ੍ਰਗਟ ਕਰਦਾ ਹਾਂ।"
ਸ਼ਿਵਸੇਨਾ (ਯੂਬੀਟੀ) ਦੀ ਰਾਜ ਸਭਾ ਸੰਸਦ ਮੈਂਬਰ ਪ੍ਰਿਯੰਕਾ ਚਤੁਰਵੇਦੀ ਨੇ ਖ਼ਬਰ ਏਜੰਸੀ ਏਐਨਆਈ ਨਾਲ ਗੱਲ ਕਰਦਿਆਂ ਕਿਹਾ, "ਇਹ ਬਹੁਤ ਦਰਦਨਾਕ ਖ਼ਬਰ ਹੈ। ਹਾਲਾਂਕਿ ਮੇਰੇ ਉਨ੍ਹਾਂ ਨਾਲ ਕਈ ਮੁੱਦਿਆਂ 'ਤੇ ਮਤਭੇਦ ਰਹੇ ਹਨ, ਪਰ ਉਹ ਬਹੁਤ ਹੀ ਸਮਰਪਿਤ ਅਤੇ ਕੰਮ ਨਾਲ ਕੰਮ ਰੱਖਣ ਵਾਲੇ ਵਿਅਕਤੀ ਸਨ। ਮੈਂ ਸ਼ਰਦ ਪਵਾਰ ਜੀ, ਸੁਪ੍ਰਿਆ ਜੀ ਅਤੇ ਉਨ੍ਹਾਂ ਦੇ ਪੂਰੇ ਪਰਿਵਾਰ ਪ੍ਰਤੀ ਆਪਣੀਆਂ ਸੰਵੇਦਨਾਵਾਂ ਪ੍ਰਗਟ ਕਰਦੀ ਹਾਂ।"

ਤਸਵੀਰ ਸਰੋਤ, @PTI_News
ਲੀਅਰਜੈੱਟ ਏਅਰਕਰਾਫ਼ਟ ਵਿੱਚ ਸਨ ਸਵਾਰ
ਲੀਅਰਜੈੱਟ-45 (LJ45) ਇੱਕ ਦਰਮਿਆਨੇ ਆਕਾਰ ਦਾ ਜਹਾਜ਼ ਹੈ ਜੋ ਬਿਜ਼ਨਸ ਜੈੱਟ ਜਾਂ ਚਾਰਟਰ ਫਲਾਈਟ ਵਜੋਂ ਵਰਤਿਆ ਜਾਂਦਾ ਹੈ।
ਕੈਨੇਡਾ ਦੀ ਹਵਾਈ ਜਹਾਜ਼ ਨਿਰਮਾਤਾ ਕੰਪਨੀ ਬੰਬਾਰਡੀਅਰ ਦੁਆਰਾ ਤਿਆਰ ਇਹ ਲੀਅਰਜੈੱਟ ਜਹਾਜ਼ ਬਹੁਤ ਸਾਰੀਆਂ ਚਾਰਟਰ ਕੰਪਨੀਆਂ ਦੁਆਰਾ ਵਰਤਿਆ ਜਾਂਦਾ ਹੈ।
ਇਸ ਵਿੱਚ ਦੋ ਹਨੀਵੈੱਲ TFE731-20AR/BR ਟਰਬੋਫੈਨ ਇੰਜਣ ਹੁੰਦੇ ਹਨ ਅਤੇ ਇੱਕ ਸਮੇਂ ਵਿੱਚ ਇਸ 'ਚ ਲਗਭਗ ਅੱਠ ਯਾਤਰੀ ਬੈਠ ਸਕਦੇ ਹਨ।
ਇਸਨੂੰ ਇੱਕ ਅਜਿਹੇ ਜਹਾਜ਼ ਵਜੋਂ ਜਾਣਿਆ ਜਾਂਦਾ ਹੈ ਜੋ ਲਗਭਗ ਤਿੰਨ ਹਜ਼ਾਰ ਕਿਲੋਮੀਟਰ ਦੀ ਰੇਂਜ ਦੇ ਨਾਲ ਉੱਚ ਰਫਤਾਰ ਨਾਲ ਯਾਤਰਾ ਕਰ ਸਕਦਾ ਹੈ।
ਬਾਰਾਮਤੀ ਵਿੱਚ ਹਾਦਸਾਗ੍ਰਸਤ ਹੋਇਆ ਲੀਅਰਜੈੱਟ 45 ਜਹਾਜ਼ ਸਾਲ 2010 ਤੋਂ ਸੇਵਾ ਵਿੱਚ ਸੀ, ਭਾਵ 16 ਸਾਲ ਪੁਰਾਣਾ।
ਅਜੀਤ ਪਵਾਰ ਦੇ ਨਿੱਜੀ ਜੀਵਨ ਤੇ ਸਿਆਸੀ ਸਫ਼ਰ 'ਤੇ ਇੱਕ ਝਾਤ

ਤਸਵੀਰ ਸਰੋਤ, Hindustan Times via Getty Images
''ਹਯਾਤ ਲੇ ਕੇ ਚਲੋ, ਕਾਇਨਾਤ ਲੇ ਕੇ ਚਲੋ''
ਚਲੋ ਤੋਂ ਸਾਰੇ ਜ਼ਮਾਨੇ ਕੋ ਸਾਥ ਲੇ ਕੇ ਚਲੋ''
ਮਹਾਰਾਸ਼ਟਰ ਦੇ ਉਪ ਮੁੱਖ ਮੰਤਰੀ ਅਤੇ ਨੈਸ਼ਨਲਿਸਟ ਕਾਂਗਰਸ ਪਾਰਟੀ ਦੇ ਆਗੂ ਅਜੀਤ ਪਵਾਰ ਨੇ 28 ਜੂਨ, 2024 ਨੂੰ ਬਜਟ ਸੈਸ਼ਨ ਦੌਰਾਨ ਮਖਦੂਮ ਮੁਹੀਉਦੀਨ ਦਾ ਇਹ ਸ਼ੇਯਰ ਪੜ੍ਹਿਆ ਸੀ।
ਇਹ ਸਤਰਾਂ ਉਨ੍ਹਾਂ ਦੇ ਸਿਆਸੀ ਸਫ਼ਰ ਨੂੰ ਬਾਖੂਬੀ ਦਰਸਾਉਂਦੀਆਂ ਸਨ। ਉਨ੍ਹਾਂ ਦੀ ਆਦਤ ਵੀ ਕੁਝ-ਕੁਝ ਅਜਿਹੀ ਹੀ ਰਹੀ ਕਿ ਸਿਆਸਤ ਦੇ ਚੰਗੇ ਜਾਣਕਾਰ ਵੀ ਸ਼ਾਇਦ ਹੀ ਦੱਸ ਸਕਣ ਕਿ ਅਜੀਤ ਪਵਾਰ ਦੀ ਦੁਸ਼ਮਣੀ ਕਿਸ ਨਾਲ ਸੀ।
ਉਹ ਆਪਣਿਆਂ ਨਾਲ ਵੀ ਰਹੇ ਤੇ ਗੈਰਾਂ ਨਾਲ ਵੀ।
ਅਜੀਤ ਪਵਾਰ ਇਸ ਗੱਲ 'ਤੇ ਖਰੇ ਉਤਰਦੇ ਨਜ਼ਰ ਆਏ ਕਿ 'ਸਿਆਸਤ ਵਿੱਚ ਨਾ ਤਾਂ ਸਥਾਈ ਦੋਸਤ ਹੈ ਅਤੇ ਨਾ ਹੀ ਸਥਾਈ ਦੁਸ਼ਮਣ।'
ਅਜੀਤ ਮਹਾਰਾਸ਼ਟਰ ਦੇ ਸਾਬਕਾ ਮੁੱਖ ਮੰਤਰੀ ਸ਼ਰਦ ਪਵਾਰ ਦੇ ਵੱਡੇ ਭਰਾ ਅਨੰਤਰਾਓ ਦੇ ਪੁੱਤਰ ਸਨ।

ਤਸਵੀਰ ਸਰੋਤ, ajitpawar.org
ਉਨ੍ਹਾਂ ਦਾ ਜਨਮ 22 ਜੁਲਾਈ, 1959 ਨੂੰ ਮਹਾਰਾਸ਼ਟਰ ਦੇ ਅਹਿਮਦਨਗਰ ਜ਼ਿਲ੍ਹੇ ਦੇ ਦੇਵਲਾਲੀ ਪ੍ਰਵਰਾ ਵਿੱਚ ਹੋਇਆ ਸੀ।
ਚਾਚੇ ਦੇ ਸਿਆਸਤ ਵਿੱਚ ਸਰਗਰਮ ਹੋਣ ਕਾਰਨ ਅਜੀਤ ਛੋਟੀ ਉਮਰ ਤੋਂ ਹੀ ਸਿਆਸਤ ਨਾਲ ਜੁੜੇ ਹੋਏ ਸਨ। ਉਨ੍ਹਾਂ ਨੇ ਆਪਣੇ ਚਾਚਾ ਸ਼ਰਦ ਪਵਾਰ ਦੀ ਨਿਗਰਾਨੀ ਹੇਠ ਹੀ ਸਿਆਸਤ ਦਾ ਪਾਠ ਸਿੱਖਿਆ।
ਉਨ੍ਹਾਂ ਨੇ ਬਾਰਾਮਤੀ ਦੇ ਮਹਾਰਾਸ਼ਟਰ ਐਜੂਕੇਸ਼ਨ ਸੈਕੰਡਰੀ ਹਾਈ ਸਕੂਲ ਵਿੱਚ 12ਵੀਂ ਜਮਾਤ ਤੱਕ ਪੜ੍ਹਾਈ ਕੀਤੀ।
ਉਹ 1982 ਵਿੱਚ ਸਿਆਸਤ ਵਿੱਚ ਆਏ ਜਦੋਂ ਉਹ ਇੱਕ ਸਹਿਕਾਰੀ ਖੰਡ ਮਿੱਲ ਦੇ ਬੋਰਡ ਲਈ ਚੁਣੇ ਗਏ।
1991 ਵਿੱਚ ਉਹ ਪੁਣੇ ਜ਼ਿਲ੍ਹਾ ਸਹਿਕਾਰੀ ਬੈਂਕ ਦੇ ਚੇਅਰਮੈਨ ਬਣੇ। ਅਜੀਤ ਪਵਾਰ ਪਹਿਲੀ ਵਾਰ 1991 ਵਿੱਚ ਕਾਂਗਰਸ ਦੀ ਟਿਕਟ 'ਤੇ ਬਾਰਾਮਤੀ ਤੋਂ ਸੰਸਦ ਮੈਂਬਰ ਚੁਣੇ ਗਏ ਸਨ।
ਛੇ ਵਾਰ ਉਪ ਮੁੱਖ ਮੰਤਰੀ ਰਹੇ ਅਜੀਤ ਪਵਾਰ

ਤਸਵੀਰ ਸਰੋਤ, Satish Bate/Hindustan Times via Getty Images
ਅਜੀਤ ਪਵਾਰ ਛੇ ਵਾਰ ਮਹਾਰਾਸ਼ਟਰ ਦੇ ਉਪ ਮੁੱਖ ਮੰਤਰੀ ਰਹੇ। ਉਨ੍ਹਾਂ ਨੇ ਪਹਿਲੀ ਵਾਰ 2010 ਅਤੇ 2012 ਵਿਚਕਾਰ ਉਪ ਮੁੱਖ ਮੰਤਰੀ ਵਜੋਂ ਸੇਵਾ ਨਿਭਾਈ।
ਉਪ ਮੁੱਖ ਮੰਤਰੀ ਵਜੋਂ ਉਨ੍ਹਾਂ ਦਾ ਦੂਜਾ ਕਾਰਜਕਾਲ ਪ੍ਰਿਥਵੀਰਾਜ ਚਵਹਾਣ ਸਰਕਾਰ ਵਿੱਚ ਦਸੰਬਰ 2012 ਤੋਂ ਸਤੰਬਰ 2014 ਤੱਕ ਰਿਹਾ।
ਇਸ ਤੋਂ ਬਾਅਦ, 2019 ਦੀਆਂ ਮਹਾਰਾਸ਼ਟਰ ਵਿਧਾਨ ਸਭਾ ਚੋਣਾਂ ਤੋਂ ਬਾਅਦ ਅਜੀਤ ਪਵਾਰ ਅਚਾਨਕ ਭਾਰਤੀ ਜਨਤਾ ਪਾਰਟੀ ਵਿੱਚ ਸ਼ਾਮਲ ਹੋ ਗਏ ਅਤੇ ਤੀਜੀ ਵਾਰ ਉਪ ਮੁੱਖ ਮੰਤਰੀ ਬਣੇ।
ਹਾਲਾਂਕਿ, ਉਹ ਬਾਅਦ ਵਿੱਚ ਸ਼ਰਦ ਪਵਾਰ ਨਾਲ ਆ ਗਏ ਅਤੇ ਊਧਵ ਠਾਕਰੇ ਸਰਕਾਰ ਵਿੱਚ ਉਪ ਮੁੱਖ ਮੰਤਰੀ ਬਣੇ।
ਫਿਰ ਏਕਨਾਥ ਸ਼ਿੰਦੇ ਨੇ ਸ਼ਿਵ ਸੈਨਾ ਵਿਰੁੱਧ ਬਗਾਵਤ ਕਰ ਦਿੱਤੀ ਅਤੇ ਸਰਕਾਰ ਡਿੱਗ ਗਈ। ਅਜੀਤ ਪਵਾਰ 2023 ਵਿੱਚ ਮਹਾਯੁਤੀ (ਸ਼ਿਵ ਸੈਨਾ ਸ਼ਿੰਦੇ ਧੜਾ, ਭਾਜਪਾ, ਅਤੇ ਐਨਸੀਪੀ ਅਜੀਤ ਪਵਾਰ ਧੜਾ) ਗੱਠਜੋੜ ਵਿੱਚ ਸ਼ਾਮਲ ਹੋਏ ਅਤੇ ਪੰਜਵੀਂ ਵਾਰ ਉਪ ਮੁੱਖ ਮੰਤਰੀ ਬਣੇ।
2024 ਦੀਆਂ ਵਿਧਾਨ ਸਭਾ ਚੋਣਾਂ ਤੋਂ ਬਾਅਦ ਅਜੀਤ ਛੇਵੀਂ ਵਾਰ ਉਪ ਮੁੱਖ ਮੰਤਰੀ ਬਣੇ।
ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ













