ਤਸਵੀਰਾਂ ਰਾਹੀਂ ਦੇਖੋ ਸਾਲ ਦੇ ਆਖ਼ਰੀ ਸੁਪਰਮੂਨ ਦਾ ਨਜ਼ਾਰਾ, ਜਾਣੋ ਸੁਪਰਮੂਨ ਕੀ ਹੁੰਦਾ ਹੈ

ਦਸੰਬਰ ਦੀ ਪੂਰਨਮਾਸ਼ੀ ਨੂੰ ਦਿਖਾਈ ਦੇਣ ਵਾਲੇ ਚੰਦ ਨੂੰ ਸੂਪਰਮੂਨ ਜਾਂ ਕੋਲਡ ਮੂਨ ਵਜੋਂ ਜਾਣਿਆ ਜਾਂਦਾ ਹੈ, ਜੋ ਕਿ ਸਰਦੀਆਂ ਦੀ ਸ਼ੁਰੂਆਤ ਨੂੰ ਦਰਸਾਉਂਦਾ ਹੈ।

ਲੰਘੇ 4 ਦਸੰਬਰ ਨੂੰ ਦੁਨੀਆਂ ਭਰ ਦੇ ਕਈ ਦੇਸ਼ਾਂ ਦੇ ਲੋਕਾਂ ਨੇ ਅਸਮਾਨ 'ਚ ਸੁਪਰਮੂਨ ਦਾ ਨਜ਼ਾਰਾ ਦੇਖਿਆ।

ਬੀਬੀਸੀ ਵੈਦਰ (ਮੌਸਮ) ਦੇ ਅਨੁਸਾਰ, ਇਹ 2025 ਦਾ ਆਖ਼ਰੀ ਸੁਪਰਮੂਨ ਸੀ।

ਸੁਪਰਮੂਨ ਕੀ ਹੁੰਦਾ ਹੈ?

ਜਦੋਂ ਚੰਦਰਮਾ ਧਰਤੀ ਦੇ ਨੇੜੇ ਆਕਾਸ਼ ਵਿੱਚ ਵੱਡਾ ਅਤੇ ਚਮਕਦਾ ਦਿਖਾਈ ਦਿੰਦਾ ਹੈ ਤਾਂ ਇਹ ਸੁਪਰਮੂਨ ਕਹਾਉਂਦਾ ਹੈ।

ਦਸੰਬਰ ਦਾ ਪੂਰਾ ਚੰਦ ਰਵਾਇਤੀ ਤੌਰ 'ਤੇ ਠੰਢੇ ਚੰਦ ਭਾਵ ਕੋਲਡ ਮੂਨ ਦੇ ਰੂਪ ਵਿੱਚ ਜਾਣਿਆ ਜਾਂਦਾ ਹੈ।

"ਸੁਪਰ" ਦਾ ਅਰਥ ਹੈ ਕਿ ਇਹ ਅਸਮਾਨ ਵਿੱਚ ਵੱਡਾ ਦਿਖਾਈ ਦਿੰਦਾ ਹੈ।

'ਸੁਪਰਮੂਨ' ਉਹ ਹੁੰਦਾ ਹੈ ਜਦੋਂ ਚੰਦ ਧਰਤੀ ਦੇ ਸਭ ਤੋਂ ਨਜ਼ਦੀਕ ਬਿੰਦੂ 'ਤੇ (ਜਾਂ 90 ਪ੍ਰਤੀਸ਼ਤ ਦੇ ਅੰਦਰ) ਹੁੰਦਾ ਹੈ ਕਿਉਂਕਿ ਇਹ ਸਾਡੇ ਆਲੇ-ਦੁਆਲੇ ਦੇ ਅੰਡਾਕਾਰ ਦਾ ਚੱਕਰ ਲਗਾਉਂਦਾ ਹੈ।

ਦੂਜੇ ਸ਼ਬਦਾਂ ਵਿੱਚ ਚੰਦ ਇੱਕ ਪੂਰੇ ਚੱਕਰ ਵਿੱਚ ਧਰਤੀ ਦੇ ਚੱਕਰ ਨਹੀਂ ਲਗਾਉਂਦਾ। ਕਈ ਵਾਰ ਇਹ ਥੋੜ੍ਹਾ ਨੇੜੇ ਹੁੰਦਾ ਹੈ ਅਤੇ ਕਈ ਵਾਰੀ ਦੂਰ।

ਪੂਰਨਮਾਸ਼ੀ ਉਦੋਂ ਹੁੰਦੀ ਹੈ ਜਦੋਂ ਚੰਦਰਮਾ ਸੂਰਜ ਤੋਂ ਧਰਤੀ ਦੇ ਉਲਟ ਪਾਸੇ ਹੁੰਦਾ ਹੈ।

ਅਜਿਹਾ ਇਸ ਲਈ ਹੈ ਕਿਉਂਕਿ ਅਜਿਹੀ ਸਥਿਤੀ ਵਿੱਚ ਹੀ ਚੰਦਰਮਾ ਦਾ ਇੱਕ ਪਾਸਾ ਜੋ ਸਾਡੇ ਵੱਲ ਹੈ ਪੂਰੀ ਤਰ੍ਹਾਂ ਪ੍ਰਕਾਸ਼ਮਾਨ ਦਿਖਾਈ ਦਿੰਦਾ ਹੈ।

ਸੁਪਰਮੂਨ ਸਾਲ ਵਿੱਚ ਸਿਰਫ਼ ਤਿੰਨ ਜਾਂ ਚਾਰ ਵਾਰ ਹੁੰਦੇ ਹਨ ਅਤੇ ਹਮੇਸ਼ਾ ਲਗਾਤਾਰ ਦਿਖਾਈ ਦਿੰਦੇ ਹਨ।

ਦੁਨੀਆਂ ਵਿੱਚ ਭਾਵੇਂ ਕੋਈ ਵੀ ਸੱਭਿਆਚਾਰ ਹੋਵੇ, ਚੰਦਰਮਾ ਉਸ ਵਿੱਚ ਵਿਸ਼ੇਸ਼ ਮਹੱਤਵ ਰੱਖਦਾ ਹੈ। ਖਾਸ ਕਰਕੇ, ਦੁਨੀਆਂ ਭਰ ਦੇ ਬਹੁਤ ਸਾਰੇ ਸੱਭਿਆਚਾਰਾਂ ਅਤੇ ਪਰੰਪਰਾਵਾਂ ਵਿੱਚ ਪੂਰਨਮਾਸ਼ੀ ਨੂੰ ਬਹੁਤ ਮਹੱਤਵ ਦਿੱਤਾ ਜਾਂਦਾ ਹੈ।

ਨਾਸਾ ਵਿਗਿਆਨੀਆਂ ਨੇ ਕਿਹਾ ਸੀ ਕਿ ਇਸ ਵਾਰ ਚੰਨ ਧਰਤੀ ਤੋਂ ਸਿਰਫ਼ 3,63,300 ਦੂਰ ਹੋਵੇਗਾ, ਜਿਸ ਕਰਕੇ ਸਾਨੂੰ 14 ਫੀਸਦ ਵੱਡਾ ਤੇ 30 ਫੀਸਦ ਜ਼ਿਆਦਾ ਚਮਕਦਾਰ ਦਿਖਾਈ ਦੇਵੇਗਾ। ਸਾਲ 2025 ਦਾ ਇਹ ਤੀਜਾ ਸੁਪਰਮੂਨ ਹੈ ਤੇ ਚੌਥਾ ਜਨਵਰੀ 2026 ਨੂੰ ਦਿਖੇਗਾ।

ਪੂਰਨਮਾਸ਼ੀ ਨੂੰ ਲੈ ਕੇ ਕਿਹੜੀਆਂ ਮਿੱਥਾਂ ਅਤੇ ਕਥਾਵਾਂ ਹਨ

ਬੀਬੀਸੀ ਪੱਤਰਕਾਰ ਜਰਮੀ ਹੋਵੈਲ ਦੀ ਸਾਲ 2024 ਵਿੱਚ ਛਪੀ ਰਿਪੋਰਟ ਮੁਤਾਬਕ, ਯੂਰਪ ਵਿੱਚ, ਪੁਰਾਣੇ ਸਮੇਂ ਤੋਂ, ਪੂਰਨਮਾਸ਼ੀ ਨੂੰ ਕੁਝ ਲੋਕਾਂ ਵਿੱਚ ਪਾਗ਼ਲਪਨ ਪੈਦਾ ਕਰਨ ਵਾਲਾ ਦਿਨ ਮੰਨਿਆ ਜਾਂਦਾ ਰਿਹਾ ਹੈ। "ਲਿਊਨੈਸੀ" ਸ਼ਬਦ ਲੂਨਾ ਤੋਂ ਲਿਆ ਗਿਆ ਹੈ ਅਤੇ ਇਹ ਚੰਦਰਮਾ ਲਈ ਲਾਤੀਨੀ ਸ਼ਬਦ ਹੈ।

ਪੂਰਾ ਚੰਦਰਮਾ ਬੇਕਾਬੂ ਵਿਵਹਾਰ ਨੂੰ ਵਧਾਵਾ ਦੇਣ ਵਾਲੀ ਧਾਰਨਾ ਨੇ ਵੇਰਵੁਲਫਜ਼ ਦੀ ਮਿੱਥ ਨੂੰ ਜਨਮ ਦਿੱਤਾ। ਵੇਅਰਵੁਲਫ, ਇੱਕ ਅਜਿਹੇ ਸ਼ਖ਼ਸ ਜੋ ਅਣਇੱਛਤ ਰੂਪ ਵਿੱਚ ਬਘਿਆੜਾਂ ਵਿੱਚ ਬਦਲ ਜਾਂਦੇ ਹਨ ਅਤੇ ਪੂਰੇ ਚੰਦਰਮਾ ਦੀਆਂ ਰਾਤਾਂ ਨੂੰ ਆਪਣੇ ਭਾਈਚਾਰਿਆਂ ਨੂੰ ਡਰਾਉਂਦੇ ਹਨ।

ਈਸਵੀ ਪੂਰਵ ਚੌਥੀ ਸਦੀ ਵਿੱਚ, ਯੂਨਾਨੀ ਇਤਿਹਾਸਕਾਰ ਹੇਰੋਡੋਟਸ ਨੇ ਸਿਥੀਆ (ਜੋ ਹੁਣ ਰੂਸ ਵਿੱਚ ਹੈ) ਦੇ ਇੱਕ ਕਬੀਲੇ ਬਾਰੇ ਲਿਖਿਆ, ਜਿਸ ਨੂੰ ਨਿਊਰੀ ਕਿਹਾ ਜਾਂਦਾ ਹੈ ਅਤੇ ਦਾਅਵਾ ਕੀਤਾ ਕਿ ਉਹ ਹਰ ਸਾਲ ਕਈ ਦਿਨਾਂ ਤੱਕ ਬਘਿਆੜਾਂ ਵਿੱਚ ਬਦਲ ਜਾਂਦੇ ਹਨ।

ਯੂਰਪ ਵਿੱਚ, 15ਵੀਂ ਅਤੇ 17ਵੀਂ ਸਦੀ ਦੇ ਵਿਚਕਾਰ ਬਹੁਤ ਸਾਰੇ ਲੋਕਾਂ 'ਤੇ ਬਘਿਆੜ ਹੋਣ ਦਾ ਇਲਜ਼ਾਮ ਲੱਗਾ ਸੀ।

ਸਭ ਤੋਂ ਬਦਨਾਮ ਕੇਸਾਂ ਵਿੱਚੋਂ ਇੱਕ ਜਰਮਨੀ ਵਿੱਚ ਇੱਕ ਜ਼ਿਮੀਂਦਾਰ ਪੀਟਰ ਸਟੱਬੇ (ਜਾਂ ਸਟੰਪ) ਦਾ ਸੀ, ਜੋ 1589 ਵਿੱਚ ਹੋਇਆ ਸੀ।

ਸਥਾਨਕ ਸ਼ਿਕਾਰੀਆਂ ਨੇ ਦਾਅਵਾ ਕੀਤਾ ਕਿ ਉਨ੍ਹਾਂ ਨੇ ਉਸ ਨੂੰ ਇੱਕ ਬਘਿਆੜ ਤੋਂ ਮਨੁੱਖ ਵਿੱਚ ਬਦਲਦੇ ਦੇਖਿਆ ਸੀ। ਤਸੀਹੇ ਦਿੱਤੇ ਜਾਣ ਤੋਂ ਬਾਅਦ ਪੀਟਰ ਨੇ ਇੱਕ ਜਾਦੂਈ ਬੈਲਟ ਰੱਖਣ ਦਾ ਇਕਬਾਲ ਕੀਤਾ ਜਿਸ ਦੀ ਵਰਤੋਂ ਕਰ ਕੇ ਉਹ ਵੇਅਰਵੁਲਫ ਵਿੱਚ ਬਦਲ ਜਾਂਦਾ ਸੀ, ਜਿਸ ਨਾਲ ਉਹ ਲੋਕਾਂ ਦਾ ਸ਼ਿਕਾਰ ਕਰ ਸਕਦਾ ਸੀ ਅਤੇ ਉਨ੍ਹਾਂ ਨੂੰ ਖਾ ਸਕਦਾ ਸੀ।

ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTER, WhatsApp ਅਤੇ YouTube 'ਤੇ ਜੁੜੋ।)