ਭਾਜਪਾ ਵੱਲੋਂ ਆਤਿਸ਼ੀ ਉੱਤੇ ਗੁਰੂ ਤੇਗ ਬਹਾਦਰ ਬਾਰੇ ਕਥਿਤ ਟਿੱਪਣੀ ਦਾ ਇਲਜ਼ਾਮ, ਕਿਵੇਂ ਪੈਦਾ ਹੋਇਆ ਸਾਰਾ ਵਿਵਾਦ

    • ਲੇਖਕ, ਨਵਜੋਤ ਕੌਰ
    • ਰੋਲ, ਬੀਬੀਸੀ ਸਹਿਯੋਗੀ

ਦਿੱਲੀ ਭਾਜਪਾ ਨੇ ਵਿਧਾਨ ਸਭਾ ਵਿੱਚ ਵਿਰੋਧੀ ਧਿਰ ਦੀ ਆਗੂ ਤੇ ਸਾਬਕਾ ਮੁੱਖ ਮੰਤਰੀ ਆਤਿਸ਼ੀ ਉੱਤੇ ਗੁਰੂ ਤੇਗ ਬਹਾਦਰ ਜੀ ਨਾਲ ਸਬੰਧਤ ਇੱਕ ਕਥਿਤ ਵਿਵਾਦਤ ਟਿੱਪਣੀ ਕਰਨ ਦਾ ਇਲਜ਼ਾਮ ਲਗਾਇਆ। ਜਿਸ ਤੋਂ ਬਾਅਦ ਦਿੱਲੀ ਤੇ ਸਿਆਸਤ ਭਖ ਗਈ ਹੈ।

ਉੱਧਰ ਆਤਿਸ਼ੀ ਨੇ ਆਪਣੇ ਉੱਤੇ ਲੱਗੇ ਇਲਜ਼ਾਮਾਂ ਨੂੰ ਸਿਰੇ ਤੋਂ ਨਿਕਾਰਿਆ ਅਤੇ ਭਾਜਪਾ ਉੱਤੇ ਨਫਰਤ ਦੀ ਸਿਆਸਤ ਕਰਨ ਦਾ ਇਲਜ਼ਾਮ ਲਾਇਆ ਹੈ।

ਹਾਲਾਂਕਿ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਵੀ ਐਕਸ ਉੱਤੇ ਪੋਸਟ ਪਾ ਕੇ ਆਤਿਸ਼ੀ ਦਾ ਸਮਰਥਨ ਕੀਤਾ ਹੈ ਅਤੇ ਭਾਜਪਾ ਆਗੂਆਂ ਦੇ ਇਲਜ਼ਾਮਾਂ ਦੀ ਨਿਖੇਧੀ ਕੀਤੀ ਹੈ।

ਆਤਿਸ਼ੀ ਦਿੱਲੀ ਦੇ ਸਾਬਕਾ ਮੁੱਖ ਮੰਤਰੀ ਹਨ ਅਤੇ ਹੁਣ ਉਹ ਦਿੱਲੀ ਦੇ ਕਾਲਕਾ ਜੀ ਹਲਕੇ ਤੋਂ ਆਮ ਆਦਮੀ ਪਾਰਟੀ ਦੇ ਵਿਧਾਇਕ ਅਤੇ ਵਿਧਾਨ ਸਭਾ ਵਿੱਚ ਵਿਰੋਧੀ ਧਿਰ ਦੇ ਆਗੂ ਹਨ।

ਕਿਉਂ ਹੋਇਆ ਵਿਵਾਦ?

ਤਾਜ਼ਾ ਵਿਵਾਦ ਦਿੱਲੀ ਵਿਧਾਨ ਸਭਾ ਦੇ ਚੱਲ ਰਹੇ ਸਰਦ ਰੁੱਤ ਇਜਲਾਸ ਦੌਰਾਨ ਹੋਇਆ ਹੈ। ਦਿੱਲੀ ਅਸੈਂਬਲੀ ਦੇ ਫੇਸਬੁੱਕ ਪੇਜ ਉੱਤੇ ਦਿੱਲੀ ਵਿਧਾਨ ਸਭਾ ਦੇ ਸਰਦ ਰੁੱਤ ਇਜਲਾਸ ਦੇ ਲਾਈਵ ਪ੍ਰਸਾਰਣ ਦੀ ਵੀਡੀਓ ਅਨੁਸਾਰ 6 ਜਨਵਰੀ 2025 ਨੂੰ ਦਿੱਲੀ ਵਿਧਾਨ ਸਭਾ ਦੇ ਸਪੀਕਰ ਵਿਜੇਂਦਰ ਗੁਪਤਾ ਨੇ ਰਾਜਪਾਲ ਦੇ ਭਾਸ਼ਣ ਉੱਤੇ ਧੰਨਵਾਦ ਭਾਸ਼ਣ ਦੇਣ ਦਾ ਐਲਾਨ ਕੀਤਾ।

ਇਸ ਦੌਰਾਨ ਵਿਰੋਧੀ ਧਿਰ ਆਮ ਆਦਮੀ ਪਾਰਟੀ ਵੱਲੋਂ ਸਦਨ ਵਿੱਚ ਪ੍ਰਦੂਸ਼ਣ ਦੇ ਮੁੱਦੇ ਉੱਤੇ ਚਰਚਾ ਕਰਨ ਦੀ ਮੰਗ ਕੀਤੀ ਗਈ। ਜਿਸ ਤੋਂ ਬਾਅਦ ਕੁਝ ਮਿੰਟਾਂ ਲਈ ਸਦਨ ਵਿੱਚ ਬਹਿਸ ਸ਼ੁਰੂ ਹੋ ਗਈ। ਇਸ ਦੌਰਾਨ ਸਪੀਕਰ ਵਿਜੇਂਦਰ ਗੁਪਤਾ ਦੋਵੇਂ ਧਿਰਾਂ ਨੂੰ ਇਹ ਕਹਿੰਦੇ ਸੁਣਾਈ ਦਿੱਤੇ ਕਿ ਪ੍ਰਦੂਸ਼ਣ ਦੇ ਉੱਤੇ ਚਰਚਾ ਕੱਲ੍ਹ ਹੋਵੇਗੀ।

ਕੁਝ ਮਿੰਟ ਬਾਅਦ ਹੀ ਭਾਜਪਾ ਆਗੂ ਅਤੇ ਦਿੱਲੀ ਦੇ ਕੈਬਨਿਟ ਮੰਤਰੀ ਮਨਜਿੰਦਰ ਸਿੰਘ ਸਿਰਸਾ ਇਹ ਕਹਿੰਦੇ ਸੁਣਾਈ ਦਿੱਤੇ ਕਿ ਆਤਿਸ਼ੀ ਜੀ ਗੁਰੂਆਂ ਬਾਰੇ ਜੋ ਬੋਲ ਰਹੇ ਹਨ ਉਹ ਸਹੀ ਨਹੀਂ ਹੈ। ਮਨਜਿੰਦਰ ਸਿਰਸਾ ਆਪਣੀ ਸੀਟ ਤੋਂ ਖੜ੍ਹੇ ਹੋ ਕੇ ਬੋਲ ਰਹੇ ਸਨ, "ਉਨ੍ਹਾਂ ਨੇ ਗੁਰੂਆਂ ਦੇ ਖ਼ਿਲਾਫ਼ ਬੋਲਿਆ ਹੈ।"

ਹਾਲਾਂਕਿ ਇਸ ਦੌਰਾਨ ਸਦਨ ਕਾਰਵਾਈ ਦੀ ਆਵਾਜ਼ ਮਾਈਕ ਰਾਹੀਂ ਨਹੀਂ ਆ ਰਹੀ ਸੀ। ਲਾਈਵ ਪ੍ਰਸਾਰਣ ਵਿੱਚ ਮਨਜਿੰਦਰ ਸਿਰਸਾ ਅਤੇ ਆਤਿਸ਼ੀ ਆਪਣੀ ਸੀਟ ਤੋਂ ਖੜ੍ਹੇ ਹੋ ਕੇ ਬੋਲਦੇ ਦਿਖਾਈ ਦੇ ਰਹੇ ਹਨ।

ਇਸ ਤੋਂ ਬਾਅਦ ਸਦਨ ਵਿੱਚ ਹੰਗਾਮਾ ਸ਼ੁਰੂ ਹੋ ਗਿਆ ਤੇ ਸਦਨ ਦੀ ਕਾਰਵਾਈ ਨੂੰ ਮੁਅੱਤਲ ਕਰ ਦਿੱਤਾ ਗਿਆ।

ਇਸ ਤੋਂ ਬਾਅਦ ਭਾਜਪਾ ਆਗੂਆਂ ਨੇ ਇਲਜ਼ਾਮ ਲਾਇਆ ਕਿ ਆਤਿਸ਼ੀ ਨੇ ਆਪਣੇ ਭਾਸ਼ਣ ਦੌਰਾਨ ਗੁਰੂ ਤੇਗ ਬਹਾਦਰ ਜੀ ਦਾ ਜ਼ਿਕਰ ਕਰਦਿਆਂ ਅਜਿਹੇ ਸ਼ਬਦ ਵਰਤੇ ਜੋ ਬਹੁਤ ਅਪਮਾਨਜਨਕ ਸਨ ਅਤੇ ਉਨ੍ਹਾਂ ਨੂੰ ਦੁਹਰਾਇਆ ਨਹੀਂ ਜਾ ਸਕਦਾ, ਇਸ ਨਾਲ ਸਿੱਖ ਭਾਵਨਾਵਾਂ ਨੂੰ ਠੇਸ ਪਹੁੰਚੀ ਹੈ।

ਭਾਜਪਾ ਆਗੂ ਮਨਜਿੰਦਰ ਸਿਰਸਾ ਨੇ ਆਪਣੇ ਐਕਸ ਅਕਾਊਂਟ ਉੱਤੇ ਵਿਧਾਨ ਸਭਾ ਕਾਰਵਾਈ ਦੀ ਇੱਕ ਵੀਡੀਓ ਪਾ ਕੇ ਸਾਬਕਾ ਮੁੱਖ ਮੰਤਰੀ ਆਤਿਸ਼ੀ ਉੱਤੇ ਸਿੱਖਾਂ ਗੁਰੂਆਂ ਦਾ ਅਪਮਾਨ ਕਰਨ ਦੇ ਇਲਜ਼ਾਮ ਲਾਏ।

ਸਿਰਸਾ ਨੇ ਇੱਕ ਪ੍ਰੈੱਸ ਕਾਨਫਰੰਸ ਦੌਰਾਨ ਕਿਹਾ, "ਆਤਿਸ਼ੀ ਨੇ ਗੁਰੂ ਤੇਗ ਬਹਾਦਰ ਬਾਰੇ ਬਹੁਤ ਅਪਮਾਨਜਨਕ ਭਾਸ਼ਾ ਵਰਤੀ ਹੈ, ਜੋ ਅੱਜ ਤੱਕ ਕਦੇ ਨਹੀਂ ਵਰਤੀ ਗਈ। ਸਪੀਕਰ ਵਿਧਾਨ ਸਭਾ ਨੂੰ ਆਪਣੀਆਂ ਸ਼ਕਤੀਆਂ ਦੀ ਵਰਤੋਂ ਕਰਕੇ ਆਤਿਸ਼ੀ ਖ਼ਿਲਾਫ਼ ਕੇਸ ਦਰਜ ਕਰਨਾ ਚਾਹੀਦਾ ਹੈ, ਉਨ੍ਹਾਂ ਦੀ ਮੈਂਬਰਸ਼ਿਪ ਰੱਦ ਕਰਨੀ ਚਾਹੀਦੀ ਹੈ ਅਤੇ ਜੇਲ੍ਹ ਭੇਜਣਾ ਚਾਹੀਦਾ ਹੈ।"

ਮਨਜਿੰਦਰ ਸਿਰਸਾ ਅਤੇ ਹੋਰ ਦਿੱਲੀ ਭਾਜਪਾ ਆਗੂਆਂ ਨੇ ਦਿੱਲੀ ਵਿਧਾਨ ਸਭਾ ਸਪੀਕਰ ਨੂੰ ਇੱਕ ਪੱਤਰ ਲਿਖ ਕੇ ਆਤਿਸ਼ੀ ਖ਼ਿਲਾਫ਼ ਕਾਰਵਾਈ ਕਰਨ ਦੀ ਵੀ ਅਪੀਲ ਕੀਤੀ।

ਪੱਤਰ ਵਿੱਚ ਲਿਖਿਆ ਸੀ, "ਡਾ. ਅਤਿਸ਼ੀ ਨੇ ਗੁਰੂ ਤੇਗ ਬਹਾਦਰ ਜੀ ਦੇ ਬਾਰੇ ਜੋ ਕਿਹਾ ਉਹ ਸ਼ਰਮਨਾਕ ਹੈ, ਜਿਸ ਨੂੰ ਅਸੀਂ ਲਿਖ ਵੀ ਨਹੀਂ ਸਕਦੇ। ਇਸ ਮਾਮਲੇ ਵਿੱਚ ਡਾ. ਆਤਿਸ਼ੀ ਦੇ ਵਿਰੁੱਧ ਮੁਕੱਦਮਾ ਦਰਜ ਹੋਣਾ ਚਾਹੀਦਾ ਹੈ ਅਤੇ ਉਨ੍ਹਾਂ ਦੀ ਵਿਧਾਨ ਸਭਾ ਦੀ ਮੈਂਬਰਸ਼ਿਪ ਰੱਦ ਹੋਣੀ ਚਾਹੀਦੀ ਹੈ।"

ਹਾਲਾਂਕਿ ਆਤਿਸ਼ੀ ਨੇ ਇਨ੍ਹਾਂ ਇਲਜ਼ਾਮਾਂ ਨੂੰ ਪੂਰੀ ਤਰ੍ਹਾਂ ਨਕਾਰਿਆ ਹੈ।

ਆਤਿਸ਼ੀ ਨੇ ਦਾਅਵਾ ਕੀਤਾ ਕਿ ਉਹ ਪ੍ਰਦੂਸ਼ਣ 'ਤੇ ਚਰਚਾ ਤੋਂ ਭੱਜਣ ਅਤੇ ਆਵਾਰਾ ਕੁੱਤਿਆਂ ਦੇ ਮੁੱਦੇ 'ਤੇ ਵਿਧਾਨ ਸਭਾ 'ਚ ਭਾਜਪਾ ਦੇ ਵਿਰੋਧ ਪ੍ਰਦਰਸ਼ਨ ਬਾਰੇ ਗੱਲ ਕਰ ਰਹੀ ਸੀ। ਉਨ੍ਹਾਂ ਦਾਅਵਾ ਕੀਤਾ ਕਿ ਭਾਜਪਾ ਨੇ ਜਾਣਬੁਝ ਕੇ ਇੱਕ ਗ਼ਲਤ ਟਾਈਟਲ ਜੋੜਿਆ ਅਤੇ ਇਸ ਵਿੱਚ ਗੁਰੂ ਤੇਗ ਬਹਾਦਰ ਜੀ ਦਾ ਨਾਮ ਪਾ ਦਿੱਤਾ।

ਆਤਿਸ਼ੀ ਨੇ ਐਕਸ ਉੱਤੇ ਸਦਨ ਕਾਰਵਾਈ ਦੌਰਾਨ ਦੀ ਆਪਣੀ ਵੀਡੀਓ ਪਾ ਕੇ ਲਿਖਿਆ, "ਵੀਡੀਓ ਵਿੱਚ, ਮੈਂ ਭਾਜਪਾ ਵੱਲੋਂ ਪ੍ਰਦੂਸ਼ਣ 'ਤੇ ਚਰਚਾ ਕਰਨ ਤੋਂ ਬਚਣ ਅਤੇ ਅਵਾਰਾ ਕੁੱਤਿਆਂ ਦੇ ਮੁੱਦੇ 'ਤੇ ਹੋਏ ਪ੍ਰਦਰਸ਼ਨ ਦੀ ਗੱਲ ਕੀਤੀ ਸੀ 'ਤਾਂ, ਤੁਸੀਂ ਕਰੋ ਨਾ ਚਰਚਾ ਕਿਉਂ ਸਵੇਰ ਤੋਂ ਭੱਜ ਰਹੇ ਹੋ, ਤੁਸੀਂ ਕਹਿ ਰਹੇ ਹੋ, 'ਕੁੱਤਿਆਂ ਦਾ ਸਤਿਕਾਰ ਕਰੋ! ਕੁੱਤਿਆਂ ਦਾ ਸਤਿਕਾਰ ਕਰੋ! ਸਪੀਕਰ, ਕਿਰਪਾ ਕਰਕੇ ਇਸ 'ਤੇ ਚਰਚਾ ਕਰੋ।' ਪਰ ਭਾਜਪਾ ਨੇ ਝੂਠੇ ਸਿਰਲੇਖ ਲਗਾ ਕੇ ਗੁਰੂ ਤੇਗ ਬਹਾਦਰ ਜੀ ਦਾ ਨਾਮ ਪਾ ਦਿੱਤਾ।"

ਆਤਿਸ਼ੀ ਨੇ ਇਹ ਵੀ ਲਿਖਿਆ, "ਭਾਜਪਾ ਸਿੱਖਾਂ ਨਾਲ ਇੰਨੀ ਨਫ਼ਰਤ ਕਿਉਂ ਕਰਦੀ ਹੈ ਕਿ ਉਹ ਗੁਰੂ ਤੇਗ ਬਹਾਦਰ ਜੀ ਦਾ ਨਾਮ ਝੂਠੇ ਢੰਗ ਨਾਲ ਖਿੱਚ ਰਹੀ ਹੈ?"

"ਮੈਂ ਇੱਕ ਅਜਿਹੇ ਪਰਿਵਾਰ ਤੋਂ ਹਾਂ ਜਿੱਥੇ ਪੀੜ੍ਹੀਆਂ ਤੋਂ ਵੱਡੇ ਪੁੱਤਰ ਨੇ ਸਿੱਖ ਧਰਮ ਅਪਣਾਇਆ ਹੈ। ਮੈਂ ਆਪਣੀ ਜਾਨ ਦੇ ਸਕਦੀ ਹਾਂ ਪਰ ਮੈਂ ਗੁਰੂ ਸਾਹਿਬ ਦਾ ਅਪਮਾਨ ਨਹੀਂ ਕਰ ਸਕਦੀ।"

ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ 7 ਜਨਵਰੀ ਨੂੰ ਇਸ ਮੁੱਦੇ ਉੱਤੇ ਟਵੀਟ ਕਰਕੇ ਦਾਅਵਾ ਕੀਤਾ ਕਿ ਅਤਿਸ਼ੀ ਨੇ ਅਜਿਹੀਆਂ ਟਿੱਪਣੀਆਂ ਕਦੇ ਕੀਤੀਆਂ ਹੀ ਨਹੀਂ।

ਸੀਐੱਮ ਭਗਵੰਤ ਮਾਨ ਆਤਿਸ਼ੀ ਦੇ ਸਮਰਥਨ 'ਚ ਬੋਲੇ

ਸੀਐੱਮ ਮਾਨ ਨੇ ਭਾਜਪਾ 'ਤੇ ਪੰਜਾਬ ਵਿਰੋਧੀ ਅਤੇ ਸਿੱਖ ਵਿਰੋਧੀ ਹੋਣ ਦਾ ਇਲਜ਼ਾਮ ਲਾਇਆ।

ਮਾਨ ਨੇ ਐਕਸ 'ਤੇ ਇੱਕ ਪੋਸਟ ਵਿੱਚ ਲਿਖਿਆ, "ਅੱਜ ਭਾਜਪਾ ਦਾ ਪੰਜਾਬ ਵਿਰੋਧੀ ਅਤੇ ਸਿੱਖ ਵਿਰੋਧੀ ਚਿਹਰਾ ਇੱਕ ਵਾਰ ਫਿਰ ਨੰਗਾ ਹੋ ਗਿਆ ਹੈ। ਉਨ੍ਹਾਂ ਨੇ ਆਤਿਸ਼ੀ ਦੀ ਇੱਕ ਵੀਡੀਓ ਵਿੱਚ ਗੁਰੂ ਸਾਹਿਬ ਦਾ ਨਾਮ ਜੋੜ ਕੇ ਉਨ੍ਹਾਂ ਦਾ ਅਪਮਾਨ ਕੀਤਾ ਹੈ, ਜਦਕਿ ਆਤਿਸ਼ੀ ਨੇ ਉਹ ਸ਼ਬਦ ਕਦੇ ਬੋਲੇ ਹੀ ਨਹੀਂ ਸਨ।"

"ਭਾਜਪਾ ਨੂੰ ਇਸ ਸ਼ਰਮਨਾਕ ਕਾਰਵਾਈ ਲਈ ਸਿੱਖ ਕੌਮ ਅਤੇ ਪੰਜਾਬ ਦੇ ਲੋਕਾਂ ਤੋਂ ਮੁਆਫ਼ੀ ਮੰਗਣੀ ਚਾਹੀਦੀ ਹੈ। ਭਾਜਪਾ ਨੇ ਹਮੇਸ਼ਾ ਧਰਮ ਅਤੇ ਨਫ਼ਰਤ ਦੀ ਰਾਜਨੀਤੀ ਕੀਤੀ ਹੈ, ਪਰ ਇਹ ਪੰਜਾਬ ਵਿੱਚ ਨਹੀਂ ਚੱਲੇਗੀ।"

ਦਿੱਲੀ ਵਿਧਾਨ ਸਭਾ ਦੀ ਕਾਰਵਾਈ ਹੋਈ ਪ੍ਰਭਾਵਿਤ

6 ਜਨਵਰੀ ਨੂੰ ਹੋਏ ਇਸ ਹੰਗਾਮੇ ਤੋਂ ਬਾਅਦ 7 ਜਨਵਰੀ ਨੂੰ ਦਿੱਲੀ ਦੇ ਭਾਜਪਾ ਵਿਧਾਇਕਾਂ ਨੇ ਦਿੱਲੀ ਵਿਧਾਨ ਸਭਾ ਦੀ ਕਾਰਵਾਈ ਦੌਰਾਨ ਆਤਿਸ਼ੀ ਦੀ ਮੈਂਬਰਸ਼ਿਪ ਰੱਦ ਕਰਨ ਦੀ ਮੰਗ ਕੀਤੀ ਅਤੇ ਸਦਨ ਵਿੱਚ ਨਾਅਰੇਬਾਜ਼ੀ ਕੀਤੀ। ਦਿੱਲੀ ਦੀ ਮੁੱਖ ਮੰਤਰੀ ਰੇਖਾ ਗੁਪਤਾ ਨੇ ਵੀ ਸਪੀਕਰ ਵਿਜੇਂਦਰ ਗੁਪਤਾ ਨੂੰ ਆਤਿਸ਼ੀ ਵਿਰੁੱਧ ਕਾਰਵਾਈ ਕਰਨ ਦੀ ਅਪੀਲ ਕੀਤੀ।

ਹਾਲਾਂਕਿ ਮਨਜਿੰਦਰ ਸਿਰਸਾ ਵੱਲੋਂ ਸਾਂਝੀ ਕੀਤੀ ਗਈ ਇੱਕ ਹੋਰ ਵੀਡੀਓ ਵਿੱਚ ਆਮ ਆਦਮੀ ਪਾਰਟੀ ਦੇ ਆਗੂ ਗੋਪਾਲ ਰਾਏ ਸਦਨ ਦੇ ਅੰਦਰ ਹੀ ਆਗੂਆਂ ਨੇ ਇਹ ਸਮਝਾਉਣ ਦੀ ਕੋਸ਼ਿਸ਼ ਕਰ ਰਹੇ ਹਨ ਕਿ ਆਤਿਸ਼ੀ ਨੇ ਗੁਰੂਆਂ ਬਾਰੇ ਕੁਝ ਨਹੀਂ ਕਿਹਾ।

ਪੰਜਾਬ ਦੀਆਂ ਵਿਰੋਧੀ ਪਾਰਟੀਆਂ ਨੇ ਘੇਰੀ ਆਮ ਆਦਮੀ ਪਾਰਟੀ

ਪੰਜਾਬ ਕਾਂਗਰਸ ਦੇ ਵਿਧਾਇਕ ਸੁਖਪਾਲ ਸਿੰਘ ਖਹਿਰਾ ਨੇ ਵੀ ਇਸ ਮਾਮਲੇ ਵਿੱਚ ਆਤਿਸ਼ੀ 'ਤੇ ਕਾਰਵਾਈ ਕਰਨ ਦੀ ਮੰਗ ਕੀਤੀ।

ਸੁਖਪਾਲ ਖਹਿਰਾ ਨੇ ਟਵੀਟ ਕਰਕੇ ਲਿਖਿਆ, "ਇਹ ਦੇਖ ਕੇ ਬਹੁਤ ਹੈਰਾਨੀ ਹੋਈ ਕਿ ਆਤਿਸ਼ੀ ਨੇ ਕੱਲ੍ਹ ਵਿਧਾਨ ਸਭਾ ਵਿੱਚ ਸਾਡੇ ਗੁਰੂਆਂ ਵਿਰੁੱਧ ਬਹੁਤ ਹੀ ਅਪਮਾਨਜਨਕ ਅਤੇ ਦੁਖਦਾਈ ਟਿੱਪਣੀਆਂ ਕੀਤੀਆਂ। ਅਰਵਿੰਦ ਕੇਜਰੀਵਾਲ ਕੋਲ ਸਿੱਖ ਗੁਰੂਆਂ ਪ੍ਰਤੀ ਥੋੜ੍ਹਾ ਜਿਹਾ ਵੀ ਸਤਿਕਾਰ ਹੈ ਤਾਂ ਉਨ੍ਹਾਂ ਨੂੰ ਤੁਰੰਤ ਆਤਿਸ਼ੀ ਨੂੰ ਆਮ ਆਦਮੀ ਪਾਰਟੀ ਤੋਂ ਬਾਹਰ ਕੱਢ ਦੇਣਾ ਚਾਹੀਦਾ ਹੈ।"

ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਆਤਿਸ਼ੀ ਵਿਰੁੱਧ ਮਾਮਲਾ ਦਰਜ ਕਰਨ ਦੀ ਮੰਗ ਕੀਤੀ।

ਸੁਖਬੀਰ ਬਾਦਲ ਨੇ ਆਪਣੇ ਐਕਸ ਅਕਾਊਂਟ ਉੱਤੇ ਲਿਖਿਆ, "ਅਸੀਂ ਮੰਗ ਕਰਦੇ ਹਾਂ ਕਿ ਸਾਡੀਆਂ ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਲਈ ਬੀਐੱਨਐੱਸ ਦੀ ਧਾਰਾ 299 ਦੇ ਤਹਿਤ ਆਤਿਸ਼ੀ ਵਿਰੁੱਧ ਤੁਰੰਤ ਮਾਮਲਾ ਦਰਜ ਕੀਤਾ ਜਾਵੇ ਅਤੇ ਦਿੱਲੀ ਵਿਧਾਨ ਸਭਾ ਤੋਂ ਉਸਦੀ ਮੈਂਬਰਸ਼ਿਪ ਰੱਦ ਕੀਤੀ ਜਾਵੇ।"

ਉੱਧਰ ਆਮ ਆਦਮੀ ਪਾਰਟੀ ਦੇ ਸੀਨੀਅਰ ਆਗੂ ਮਨੀਸ਼ ਸਿਸੋਦੀਆ ਨੇ ਟਵੀਟ ਕਰਕੇ ਭਾਜਪਾ 'ਤੇ ਗ਼ਲਤ ਖ਼ਬਰ ਫੈਲਾਉਣ ਦਾ ਇਲਜ਼ਾਮ ਲਾਇਆ।

ਸਿਸੋਦੀਆ ਨੇ ਲਿਖਿਆ, "ਦਿੱਲੀ ਵਿਧਾਨ ਸਭਾ ਵਿੱਚ ਵਿਰੋਧੀ ਧਿਰ ਦੇ ਨੇਤਾ ਆਤਿਸ਼ੀ ਦੇ ਬਿਆਨ ਨੂੰ ਜਾਣਬੁਝ ਕੇ ਕੱਟ ਕੇ ਅਤੇ ਜ਼ਹਿਰੀਲੇ ਇਰਾਦੇ ਨਾਲ ਐਡਿਟ ਕਰਕੇ ਇੱਕ ਨਵਾਂ ਝੂਠ ਘੜਿਆ ਗਿਆ ਹੈ। ਇਹ ਕੋਈ ਗ਼ਲਤੀ ਨਹੀਂ ਹੈ। ਇਹ ਇੱਕ ਯੋਜਨਾਬੱਧ ਜਾਅਲੀ ਖ਼ਬਰਾਂ ਦੀ ਫੈਕਟਰੀ ਦੀ ਪੈਦਾਵਾਰ ਹੈ।"

ਕੌਣ ਕਰਵਾ ਸਕਦਾ ਹੈ ਵੀਡੀਓ ਦੀ ਜਾਂਚ

ਇਸ ਮਸਲੇ ਬਾਰੇ ਗੱਲ ਕਰਦਿਆਂ ਪੰਜਾਬ ਯੂਨੀਵਰਿਸਟੀ ਚੰਡੀਗੜ੍ਹ ਵਿੱਚ ਰਾਜਨੀਤੀ ਸ਼ਾਸਤਰ ਦੇ ਪ੍ਰੋਫੈਸਰ ਰਹਿ ਚੁੱਕੇ ਮੁਹੰਮਦ ਖ਼ਾਲਿਦ ਕਹਿੰਦੇ ਹਨ, "ਸਭ ਤੋਂ ਪਹਿਲਾਂ ਚੁਣੌਤੀ ਇਹ ਸਾਬਿਤ ਕਰਨਾ ਹੈ ਕਿ ਕੀ ਆਤਿਸ਼ੀ ਵੱਲੋਂ ਗੁਰੂਆਂ ਬਾਰੇ ਅਜਿਹੇ ਸ਼ਬਦ ਵਰਤੇ ਗਏ ਹਨ ਜਾਂ ਨਹੀਂ। ਹੁਣ ਦੋਵੇਂ ਪਾਰਟੀਆਂ ਆਪਣੇ-ਆਪਣੇ ਦਾਅਵੇ ਕਰ ਰਹੀਆਂ ਹਨ।"

ਪ੍ਰੋ. ਖ਼ਾਲਿਦ ਅੱਗੇ ਕਹਿੰਦੇ ਹਨ, "ਅਜਿਹੀ ਸਥਿਤੀ ਵਿੱਚ ਦਿੱਲੀ ਵਿਧਾਨ ਸਭਾ ਵਿੱਚ ਵਿਸ਼ੇਸ਼ ਅਧਿਕਾਰ ਮਤਾ ਪਾਸ ਕੀਤਾ ਜਾ ਸਕਦਾ ਹੈ ਜਿਸ ਨੂੰ ਵਿਧਾਨ ਸਭਾ ਦੀ ਵਿਸ਼ੇਸ਼ ਅਧਿਕਾਰ ਕਮੇਟੀ ਕੋਲ ਭੇਜਿਆ ਜਾਵੇ ਅਤੇ ਕਮੇਟੀ ਦੀ ਰਿਪੋਰਟ ਉੱਤੇ ਇਹ ਸਾਬਿਤ ਕੀਤਾ ਜਾਵੇ ਕਿ ਦੋਵੇਂ ਧਿਰਾਂ ਦੇ ਦਾਅਵੇ ਕਿੰਨੇ ਕੁ ਸੱਚੇ ਹਨ। ਉਸ ਵਿੱਚ ਜੋ ਵੀ ਤੱਥ ਸਾਹਮਣੇ ਆਉਣਗੇ ਉਸ ਅਨੁਸਾਰ ਸਪੀਕਰ ਕਾਰਵਾਈ ਕਰ ਸਕਦਾ ਹੈ।"

ਪ੍ਰੋ. ਖ਼ਾਲਿਦ ਦੱਸਦੇ ਹਨ ਵਿਸ਼ੇਸ਼ ਅਧਿਕਾਰ ਪ੍ਰਸਤਾਵ ਸਦਨ ਦੇ ਵਿਸ਼ੇਸ਼ ਅਧਿਕਾਰਾਂ ਦੀ ਉਲੰਘਣਾ ਨਾਲ ਨਜਿੱਠਣ ਦੀ ਇੱਕ ਵਿਧੀ ਹੈ, ਜਿਸਦੀ ਵਰਤੋਂ ਸਦਨ ਦਾ ਮਾਣ ਬਣਾਈ ਰੱਖਣ ਲਈ ਕੀਤੀ ਜਾਂਦੀ ਹੈ। ਜੇਕਰ ਕਿਸੇ ਵੀ ਮੈਂਬਰ ਖ਼ਿਲਾਫ਼ ਇਹ ਇਲਜ਼ਾਮ ਸਾਬਿਤ ਹੋ ਜਾਣ ਕਿ ਉਸਨੇ ਸਦਨ ਵਿੱਚ ਗ਼ਲਤ ਸ਼ਬਦਾਵਲੀ ਵਰਤੀ ਹੈ ਤਾਂ ਸਪੀਕਰ ਉਸ ਖ਼ਿਲਾਫ਼ ਕਾਰਵਾਈ ਕਰ ਸਕਦਾ ਹੈ।"

ਹਾਲਾਂਕਿ ਪ੍ਰੋ. ਖ਼ਾਲਿਦ ਇਹ ਵੀ ਕਹਿੰਦੇ ਹਨ ਕਿ ਆਮ ਆਦਮੀ ਪਾਰਟੀ ਪੰਜਾਬ ਜਿੱਥੇ ਉਹ ਸੱਤਾ ਵਿੱਚ ਹੈ, ਉੱਥੋਂ ਦੇ ਲੋਕਾਂ ਦੀਆਂ ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਦਾ ਜੋਖ਼ਮ ਨਹੀਂ ਲੈ ਸਕਦੀ।"

ਹਾਲਾਂਕਿ ਇਸ ਮਾਮਲੇ 'ਤੇ ਸੀਨੀਅਰ ਪੱਤਰਕਾਰ ਜਸਪਾਲ ਸਿੰਘ ਸਿੱਧੂ ਦੋਵਾਂ ਪਾਰਟੀਆਂ ਨੂੰ ਸਿਆਸਤ ਨਾ ਕਰਨ ਦੀ ਸਲਾਹ ਦਿੰਦੇ ਹਨ। ਉਹ ਕਹਿੰਦੇ ਹਨ, "ਆਤਿਸ਼ੀ ਨੇ ਅਜਿਹਾ ਕਿਹਾ ਹੈ ਜਾਂ ਨਹੀਂ, ਇਹ ਜਾਂਚ ਦਾ ਵਿਸ਼ਾ ਹੈ ਪਰ ਭਾਜਪਾ ਨੂੰ ਵੀ ਇਸ ਮਾਮਲੇ ਉੱਤੇ ਸਿਆਸਤ ਨਹੀਂ ਕਰਨੀ ਚਾਹੀਦੀ।"

"ਜੇ ਵਿਰੋਧੀ ਧਿਰ ਪ੍ਰਦੂਸ਼ਣ 'ਤੇ ਚਰਚਾ ਕਰਨ ਦੀ ਮੰਗ ਕਰ ਰਹੀ ਸੀ ਤਾਂ ਉਸ ਮੁੱਦੇ ਨੂੰ ਭਟਕਾਇਆ ਨਹੀਂ ਜਾਣਾ ਚਾਹੀਦਾ। ਪਰ ਜੇਕਰ ਆਤਿਸ਼ੀ ਨੇ ਅਜਿਹੇ ਸ਼ਬਦ ਵਰਤੇ ਹਨ ਤਾਂ ਸਪੀਕਰ ਉਨ੍ਹਾਂ ਨੂੰ ਆਪਣੀ ਸ਼ਕਤੀਆਂ ਦੀ ਵਰਤੋਂ ਕਰਕੇ ਕਾਰਵਾਈ ਕਰ ਸਕਦਾ ਹੈ ਜਾਂ ਆਤਿਸ਼ੀ ਨੂੰ ਮੁਆਫ਼ੀ ਮੰਗ ਲੈਣੀ ਚਾਹੀਦੀ ਹੈ ਪਰ ਇਸ ਮੁੱਦੇ ਨੂੰ ਸਿਆਸੀ ਨਹੀਂ ਬਣਾਉਣਾ ਚਾਹੀਦਾ।"

ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTER, WhatsApp ਅਤੇ YouTube 'ਤੇ ਜੁੜੋ।)