You’re viewing a text-only version of this website that uses less data. View the main version of the website including all images and videos.
'ਪਨਾਹ ਅਸੀਂ ਦਿੱਤੀ, ਤਿੰਨ ਨਸਲਾਂ ਇੱਥੇ ਪਾਲ ਕੇ ਜਵਾਨ ਕੀਤੀਆਂ, ਇਹ ਹੁਣ ਸਾਡੇ ਨਾਲ ਹੀ ਦੁਸ਼ਮਣੀ ਲਾਈ ਬੈਠੇ'- ਮੁਹੰਮਦ ਹਨੀਫ਼ ਦਾ ਵਲੌਗ
- ਲੇਖਕ, ਮੁਹੰਮਦ ਹਨੀਫ
- ਰੋਲ, ਪਾਕਿਸਤਾਨ ਦੇ ਸੀਨੀਅਰ ਪੱਤਰਕਾਰ ਅਤੇ ਲੇਖਕ
ਸਾਨੂੰ ਹਮੇਸ਼ਾ ਤੋਂ ਇਹ ਦੱਸਿਆ ਗਿਆ ਹੈ ਵੀ ਸਾਡੇ ਪਾਕਿਸਤਾਨੀਆਂ ਦਾ ਇਮਾਨ ਥੋੜ੍ਹਾ ਕਮਜ਼ੋਰ ਹੈ।
ਇਹ ਕਿਹਾ ਗਿਆ ਹੈ ਵੀ ਤੁਹਾਡੇ ਗੁਆਂਢ ਜਿਹੜੇ ਅਫਗਾਨ ਬੈਠੇ ਨੇ ਇਨ੍ਹਾਂ ਨੂੰ ਵੇਖੋ ਇੰਝ ਦੇ ਹੁੰਦੇ ਨੇ ਮੁਸਲਮਾਨ।
ਇਨ੍ਹਾਂ ਦੀਆਂ ਪੱਗਾਂ ਵੇਖੋ, ਇਨ੍ਹਾਂ ਦੀਆਂ ਨੂਰਾਨੀ ਦਾੜ੍ਹੀਆਂ ਤੇ ਇਨ੍ਹਾਂ ਦੇ ਜਜ਼ਬੇ ਵੇਖੋ ਇਹ ਗਾਰਾਂ ਵਿੱਚ ਰਹਿ ਲੈਂਦੇ ਨੇ, ਪੱਥਰਾਂ 'ਤੇ ਸੌਂ ਜਾਂਦੇ ਨੇ, ਲੇਕਿਨ ਕਿਸੇ ਗੈਰ ਨੂੰ ਆਪਣੇ ਮੁਲਕ 'ਤੇ ਰਾਜ ਨਹੀਂ ਕਰਨ ਦਿੰਦੇ।
ਇਨ੍ਹਾਂ ਨੇ ਸੋਵੀਅਤ ਯੂਨੀਅਨ ਦੇ ਟੋਟੇ-ਟੋਟੇ ਕਰ ਛੱਡੇ।
ਅਮਰੀਕਾ ਤੇ ਨੇਟੋ ਦੀਆਂ ਦੌੜਾਂ ਲਵਾ ਦਿੱਤੀਆਂ।
ਸਾਡੇ ਮੋਢੇ ਦੇ ਨਾਲ ਹਮੇਸ਼ਾ ਮੋਢਾ ਲਾ ਕੇ ਖਲੋਂਦੇ ਨੇ।
ਪਹਿਲੇ ਅਸੀਂ ਮੁਜਾਹਦੀਨ ਭਰਾ ਬਣਾਏ ਸਨ, ਫਿਰ ਉਨ੍ਹਾਂ ਦੇ ਬੱਚੇ ਪਾਕਿਸਤਾਨ ਦੇ ਮਦਰੱਸਿਆਂ ਵਿੱਚ ਪੜ੍ਹ ਕੇ ਵੱਡੇ ਹੋ ਗਏ, ਅਫਗਾਨਿਸਤਾਨ ਵਾਪਸ ਪਰਤੇ ਤੇ ਅਸੀਂ ਉਨ੍ਹਾਂ ਨੂੰ ਪੁੱਤਰ ਬਣਾ ਲਿਆ।
ਉਨ੍ਹਾਂ ਨੇ ਉੱਥੇ ਭਾਵੇਂ ਆਪਣਾ ਅਮੀਰੁਲ ਮੋਮਨੀਨ ਚੁਣਿਆ ਹੋਵੇ, ਪਾਕਿਸਤਾਨ ਦੀ ਇਸਟੈਬਲਿਸ਼ਮੈਂਟ ਉਨ੍ਹਾਂ ਨੂੰ ਹਮੇਸ਼ਾ ਆਪਣਾ ਬੱਚਾ ਹੀ ਸਮਝਦੀ ਸੀ।
ਹੁਣ ਕੁਝ ਸਾਲ ਪਹਿਲੇ ਅਮਰੀਕਾ ਅਫਗਾਨਿਸਤਾਨ ਵਿੱਚੋਂ ਨੱਸ ਗਿਆ ਤੇ ਅੱਲਾਹ ਹੂ ਅਕਬਰ ਦੇ ਨਾਅਰੇ ਪਾਕਿਸਤਾਨ ਵਿੱਚ ਵੱਜੇ।
ਕਾਬੁਲ 'ਤੇ ਕਬਜ਼ਾ ਤਾਲਿਬਾਨ ਨੇ ਕੀਤਾ, ਪਰ ਸਾਡੇ ਉਦੋਂ ਦੇ ਆਈਐੱਸਆਈ ਚੀਫ ਜਨਰਲ ਫੈਜ਼ ਹਮੀਦ ਸਾਹਿਬ ਨੇ ਇੰਟਰਕੋਟੀਨੈਂਟਲ ਕਾਬੁਲ ਵਿੱਚ ਖਲੋ ਕੇ ਸਾਰੀ ਦੁਨੀਆਂ ਨੂੰ ਦੱਸਿਆ ਕਿ "ਨਾਓ ਆਲ ਵਿੱਲ ਬੀ ਵੈੱਲ"।
ਉਹ ਪਤਾ ਨਹੀਂ ਕਿਹੜਾ ਮਨਹੂਸ ਵੇਲਾ ਸੀ ਕਿਉਂਕਿ ਜਨਰਲ ਫੈਜ਼ ਸਾਹਿਬ ਹੁਣ ਕੋਰਟ ਮਾਰਸ਼ਲ ਦਾ ਸਾਹਮਣਾ ਕਰ ਰਹੇ ਨੇ ਤੇ ਜਿਹੜੇ ਤਾਲਿਬਾਨ ਅਸੀਂ ਭਰਾ ਬਣਾਏ ਸਨ, ਉਹ ਹੁਣ ਅਜ਼ਲੀ ਦੁਸ਼ਮਨ ਇੰਡੀਆ ਦੇ ਨਾਲ ਬਹਿ ਕੇ ਸਾਨੂੰ ਲਲਕਾਰ ਰਹੇ ਨੇ।
ਜਿਨ੍ਹਾਂ ਨੂੰ ਅਸੀਂ ਅਕੋੜਾ ਖੱਟਕ ਵਰਗੇ ਮਦਰੱਸਿਆਂ 'ਚ ਪੜ੍ਹਾ ਕੇ ਵੱਡਾ ਕੀਤਾ ਸੀ, ਉਹ ਹੁਣ ਦਿਓਬੰਦ ਦੇ ਪ੍ਰਾਹੁਣੇ ਨੇ ਉੱਥੇ ਬਹਿ ਕੇ ਵੀ ਸਾਨੂੰ ਯਰਕਾਈ ਜਾ ਰਹੇ ਨੇ।
ਹੁਣ ਸਾਨੂੰ ਇਹ ਦੱਸਿਆ ਜਾ ਰਿਹਾ ਹੈ ਵੀ ਅਫਗਾਨ ਤੇ ਹਮੇਸ਼ਾ ਤੋਂ ਹੈ ਹੀ ਨਮਕ ਹਰਾਮ।
ਪਨਾਹਵਾਂ ਅਸੀਂ ਦਿੱਤੀਆਂ, ਬਾਲ ਇਨ੍ਹਾਂ ਦੇ ਅਸੀਂ ਪੜ੍ਹਾਏ, ਤਿੰਨ ਨਸਲਾਂ ਇੱਥੇ ਪਾਲ ਕੇ ਜਵਾਨ ਕੀਤੀਆਂ—ਇਹ ਹੁਣ ਸਾਡੇ ਨਾਲ ਹੀ ਦੁਸ਼ਮਣੀ ਲਾਈ ਬੈਠੇ ਨੇ।
ਤਾਲਿਬਾਨ ਵੀ ਅੱਗੋਂ ਸੀਨੇ 'ਤੇ ਹੱਥ ਮਾਰ ਕੇ ਆਂਦੇ ਨੇ ਵੀ ਅਸੀਂ ਇਨ੍ਹਾਂ ਪਾਕਿਸਤਾਨੀਆਂ ਨੂੰ ਚੰਗੀ ਤਰ੍ਹਾਂ ਜਾਣਦੇ ਆਂ।
ਇਨ੍ਹਾਂ ਦਾ ਕੋਈ ਦੀਨ ਇਮਾਨ ਨਹੀਂ, ਜਿਹੜਾ ਡਾਲਰ ਦੇਵੇ ਉਹਦੀ ਗੋਦੀ ਵਿੱਚ ਜਾ ਕੇ ਬਹਿ ਜਾਂਦੇ ਨੇ।
ਸਾਡਾ ਜਿਹਦੇ ਨਾਲ ਦਿਲ ਕਰੇਗਾ ਉਹਦੇ ਨਾਲ ਯਾਰੀ ਲਾਵਾਂਗੇ। ਇਹ ਸਾਡੇ ਮੁਫਤ ਦੇ ਮਾਮੇ ਕਿਉਂ ਬਣਦੇ ਨੇ?
ਅੱਗੋਂ ਪਾਕਿਸਤਾਨ ਇਹ ਤਾਅਨਾ ਮਾਰਦਾ ਹੈ ਵੀ ਤੁਸੀਂ ਐਡੇ ਇਸਲਾਮ ਦੇ ਠੇਕੇਦਾਰ ਹੋ, ਤੇ ਕਦੀ ਇੰਡੀਆ ਵਿੱਚ ਆਪਣੇ ਮੁਸਲਮਾਨ ਭਰਾਵਾਂ ਦਾ ਹਾਲ ਵੇਖਿਆ ਜੇ?
ਕੱਲ੍ਹ ਇਹ ਦਿੱਲੀ ਵਾਲੇ ਤੁਹਾਨੂੰ ਕਹਿਣਗੇ ਵੀ ਜੈ ਸ਼੍ਰੀ ਰਾਮ ਦਾ ਨਾਅਰਾ ਮਾਰੋ, ਤੇ ਤੁਸੀਂ ਉਹ ਵੀ ਮਾਰ ਛੱਡਣਾ ਹੈ।
ਗੱਲ ਹੁਣ ਤਾਅਨਿਆਂ ਮਿਹਣਿਆਂ ਤੋਂ ਅੱਗੇ ਵਧ ਗਈ ਹੈ, ਕੁਝ ਦਿਨ ਜੰਗ ਹੋਈ, ਹੁਣ ਸੀਜ਼ਫਾਇਰ ਹੋ ਗਿਆ, ਲੇਕਿਨ ਪਾਕਿਸਤਾਨ ਕਹੀ ਜਾ ਰਿਹਾ ਹੈ ਵੀ ਇਹ ਹੁਣ ਇੰਡੀਆ ਦੀ ਪ੍ਰੌਕਸੀ ਬਣ ਗਏ ਨੇ, ਤੇ ਅਸੀਂ ਇਨ੍ਹਾਂ ਦੇ ਨਾਲ ਉਹੀ ਕਰਾਂਗੇ ਜੋ ਇੰਡੀਆ ਨਾਲ ਕੀਤਾ ਸੀ।
ਇੰਡੀਆ ਵਿੱਚ ਸਾਡੇ ਭਗਤ ਭਰਾ ਵੀ ਇਹ ਸੋਚਦੇ ਹੋਣਗੇ ਕਿ ਅਜੇ ਤੇ ਸਾਨੂੰ ਇੰਡੀਆ ਦੇ ਜਿਹੜੇ ਮਹਾਤੜ ਮੁਸਲਮਾਨ ਨੇ ਉਨ੍ਹਾਂ ਕੋਲੋਂ ਡਰਾ ਰਹੇ ਸਨ, ਲਵ ਜਿਹਾਦ ਦੇ ਨਾਅਰੇ ਮਾਰ ਰਹੇ ਸਨ, ਅਜੇ ਤੇ ਅਸੀਂ ਤਾਰੀਖ ਵਿੱਚ ਵੜ ਕੇ ਔਰੰਗਜ਼ੇਬ ਕੋਲੋਂ ਹਿਸਾਬ ਲੈਣਾ ਸੀ, ਤਾਜ ਮਹਿਲ ਨੂੰ ਮੰਦਿਰ ਸਾਬਿਤ ਕਰਨਾ ਸੀ, ਤੇ ਇਹ ਮੰਦਿਰ ਢਾਹੁਣ ਵਾਲੇ ਮਹਿਮੂਦ ਗਜ਼ਨਵੀ ਦੀਆਂ ਔਲਾਦਾਂ ਸਾਡੇ ਮਿੱਤਰ ਕਿਵੇਂ ਬਣ ਗਏ ਨੇ?
ਪਾਕਿਸਤਾਨ ਨੂੰ ਜਿਹੜੀ ਗੱਲ ਸਮਝ ਆਈ ਹੈ, ਉਹਦੇ ਬਾਰੇ 'ਚ ਬਚਪਨ 'ਚ ਉਰਦੂ ਦਾ ਇੱਕ ਸ਼ੇਅਰ ਸੁਣਿਆ ਸੀ
"ਅਪਣੇ ਹਾਥੋਂ ਸੇ ਤਰਾਸ਼ੇ ਹੂਏ ਪੱਥਰ ਕੇ ਸਨਮ ਆਜ ਬੁਤਖਾਨੇ ਮੇਂ ਭਗਵਾਨ ਬਨੇ ਬੈਠੇ ਹੈਂ।"
ਇੰਡੀਆ ਨੂੰ ਸ਼ਾਇਦ ਇੱਕ ਦਿਨ ਉਹ ਗੱਲ ਸਮਝ ਆਏਗੀ ਜਿਹੜੇ ਪੰਜਾਬੀ ਬਾਬੇ ਸਾਨੂੰ ਬਚਪਨ ਤੋਂ ਦੱਸਦੇ ਰਹੇ ਨੇ ਵੀ ਟੁੱਟੀਆਂ ਬਾਹਵਾਂ ਹਮੇਸ਼ਾ ਆਪਣੇ ਗਲ ਨੂੰ ਪੈਂਦੀਆਂ ਨੇ।
ਰੱਬ ਰਾਖਾ।
ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ