You’re viewing a text-only version of this website that uses less data. View the main version of the website including all images and videos.
ਪੰਜਾਬੀ ਅਮਰੀਕਾ ਜਾਣ ਲਈ ਲੱਖਾਂ ਰੁਪਏ ਦਾ ਕਰਜ਼ਾ ਕਿਉਂ ਚੁੱਕਦੇ ਹਨ, ਡਿਪੋਰਟ ਹੋਏ ਕਰਜ਼ਾਈ ਨੌਜਵਾਨਾਂ ਦਾ ਸਮਾਜ 'ਤੇ ਕੀ ਅਸਰ
- ਲੇਖਕ, ਡਿੰਕਲ ਪੋਪਲੀ
- ਰੋਲ, ਬੀਬੀਸੀ ਪੱਤਰਕਾਰ
"ਲੱਖਾਂ-ਕਰੋੜਾਂ ਦਾ ਕਰਜ਼ਾ ਚੁੱਕਿਆ ਉਹ ਵੀ ਗ਼ੈਰ-ਕਾਨੂੰਨੀ ਤੌਰ 'ਤੇ ਬਾਹਰ ਜਾਣ ਲਈ, ਇਸ ਤੋਂ ਚੰਗਾ ਪੈਸਾ ਲਗਾ ਕੇ ਇੱਥੇ ਹੀ ਕੋਈ ਕਾਰੋਬਾਰ ਸ਼ੁਰੂ ਕਰ ਲੈਂਦੇ।'
ਜਿੰਨੀ ਵਾਰ ਅਮਰੀਕਾ ਤੋਂ ਦੇਸ਼ ਨਿਕਾਲਾ ਦਿੱਤੇ ਗਏ ਗੈਰ-ਕਾਨੂੰਨੀ ਪਰਵਾਸੀ ਭਾਰਤੀਆਂ ਦਾ ਜ਼ਿਕਰ ਹੁੰਦਾ ਹੈ ਤਾਂ ਇਹ ਟਿੱਪਣੀ ਅਕਸਰ ਗੱਲਬਾਤ ਦਾ ਹਿੱਸਾ ਬਣ ਜਾਂਦੀ ਹੈ।
ਹੁਣ ਤੱਕ ਅਮਰੀਕਾ ਨੇ ਆਪਣੇ ਤਿੰਨ ਜਹਾਜ਼ਾਂ ਰਾਹੀਂ ਇਨ੍ਹਾਂ ਗੈਰ-ਕਾਨੂੰਨੀ ਪਰਵਾਸੀ ਭਾਰਤੀਆਂ ਨੂੰ ਵਾਪਸ ਭੇਜਿਆ ਹੈ।
ਇਸ ਦੇ ਨਾਲ ਹੀ ਦੇਸ਼ ਨਿਕਾਲਾ ਦਿੱਤੇ ਗਏ ਭਾਰਤੀਆਂ ਦੀ ਕੁੱਲ ਗਿਣਤੀ ਹੁਣ ਤੱਕ 332 ਤੱਕ ਪਹੁੰਚ ਗਈ ਹੈ। ਇਸ ਗਿਣਤੀ ਦਾ ਇੱਕ-ਤਿਹਾਈ ਹਿੱਸਾ ਪੰਜਾਬੀਆਂ ਦਾ ਹੈ।
ਇਨ੍ਹਾਂ ਪੰਜਾਬੀਆਂ 'ਚੋ ਜ਼ਿਆਦਾਤਰ ਲੋਕ ਕਰਜ਼ਾ ਚੁੱਕ ਕੇ ਅਮਰੀਕਾ ਨੂੰ ਗਏ ਸਨ। ਕਿਸੇ ਨੇ ਆਪਣੀ ਗੱਡੀ ਵੇਚੀ, ਕਿਸੇ ਨੇ ਜ਼ਮੀਨ, ਕਿਸੇ ਨੇ ਘਰ ਗਿਰਵੀ ਰੱਖਿਆ ਤੇ ਕਿਸੇ ਨੇ ਗਹਿਣੇ।
ਪਰ ਕੀ ਪੰਜਾਬ 'ਚ ਰੁਜ਼ਗਾਰ ਹਾਸਲ ਕਰਨਾ ਇੰਨਾ ਔਖਾ ਹੋ ਗਿਆ ਹੈ ਕਿ ਕਰਜ਼ਾ ਲੈ ਕੇ, ਜਾਨ ਖ਼ਤਰੇ 'ਚ ਪਾ ਕੇ, ਗ਼ੈਰ-ਕਨੂੰਨੀ ਰਾਹ ਰਾਹੀਂ ਬਾਹਰਲੇ ਮੁਲਕ ਜਾਣਾ ਪਵੇ?
ਕਿਉਂ ਉਨ੍ਹਾਂ ਨੇ ਇੱਥੇ ਰਹਿ ਕੇ ਕਾਰੋਬਾਰ ਕਰਨ ਦੀ ਨਹੀਂ ਸੋਚੀ ? ਜਦੋਂ ਹੁਣ ਉਨ੍ਹਾਂ ਦੀ ਜ਼ਮੀਨ ਹੀ ਚਲੀ ਗਈ ਤਾਂ ਘਰ ਦਾ ਗੁਜ਼ਾਰਾ ਕਿਵੇਂ ਹੋਵੇਗਾ ?
ਇਹ ਲੱਖਾਂ ਦਾ ਕਰਜ਼ਾ ਹੁਣ ਕੌਣ ਉਤਾਰੇਗਾ ? ਇਸ ਕਰਜ਼ੇ ਦਾ ਉਨ੍ਹਾਂ ਦੀ ਨਿੱਜੀ ਜ਼ਿੰਦਗੀ ਅਤੇ ਸਮਾਜ 'ਤੇ ਕੀ ਅਸਰ ਪਵੇਗਾ ?
ਇਨ੍ਹਾਂ ਸਾਰਿਆਂ ਸਵਾਲਾਂ ਦਾ ਜਵਾਬ ਲੱਭਣ ਲਈ ਬੀਬੀਸੀ ਪੰਜਾਬੀ ਨੇ ਕੁੱਝ ਡਿਪੋਰਟ ਹੋਏ ਪੰਜਾਬੀਆਂ ਅਤੇ ਆਰਥਿਕ ਮਾਹਰਾਂ ਨਾਲ ਗੱਲ ਕੀਤੀ ਹੈ।
"2019 'ਚ ਪਿਤਾ ਵੀ ਹੋਏ ਸਨ ਅਮਰੀਕਾ ਤੋਂ ਡਿਪੋਰਟ"
ਘਰ ਦੀ ਗ਼ਰੀਬੀ ਤੋਂ ਤੰਗ ਹਰਪ੍ਰੀਤ ਸਿੰਘ ਨੇ ਘਰ ਗਿਰਵੀ ਪਾ ਕੇ ਅਮਰੀਕਾ ਜਾਣ ਦਾ ਫ਼ੈਸਲਾ ਲਿਆ ਸੀ।
21 ਸਾਲਾ ਹਰਪ੍ਰੀਤ ਨੇ 2022 'ਚ ਆਪਣੀ ਬਾਰ੍ਹਵੀਂ ਦੀ ਪੜ੍ਹਾਈ ਪੂਰੀ ਕੀਤੀ।
ਉਨ੍ਹਾਂ ਦੱਸਿਆ ਕਿ ਅਮਰੀਕਾ ਜਾਣ ਲਈ ਉਨ੍ਹਾਂ ਨੇ ਆਪਣੇ ਏਜੰਟ ਨੂੰ 50 ਲੱਖ ਰੁਪਏ ਦੀ ਰਕਮ ਅਦਾ ਕੀਤੀ ਸੀ।
"ਘਰ ਦੀ ਗ਼ਰੀਬੀ ਨੂੰ ਖ਼ਤਮ ਕਰਨ ਦੇ ਇਰਾਦੇ ਨਾਲ ਪਹਿਲਾਂ ਮੇਰੇ ਪਿਤਾ 2017 'ਚ ਇਸੇ ਤਰ੍ਹਾਂ ਅਮਰੀਕਾ ਗਏ ਸਨ। ਇੱਕ ਸਾਲ ਕੈਂਪ 'ਚ ਰਹਿਣ ਤੋਂ ਬਾਅਦ ਸਾਲ 2019 ਵਿੱਚ ਉਨ੍ਹਾਂ ਨੂੰ ਦੇਸ਼ ਨਿਕਾਲਾ ਦੇ ਦਿੱਤਾ ਗਿਆ।"
ਹਰਪ੍ਰੀਤ ਨੇ ਅੱਗੇ ਦੱਸਿਆ, "ਉਨ੍ਹਾਂ ਦੇ ਜਾਣ 'ਤੇ ਵੀ 30-40 ਲੱਖ ਰੁਪਏ ਦਾ ਖ਼ਰਚਾ ਆਇਆ ਸੀ।"
ਹਰਪ੍ਰੀਤ ਦੇ ਪਿਤਾ ਵੀ ਕਰਜ਼ਾ ਚੁੱਕ ਕੇ ਹੀ ਗਏ ਸਨ ਅਤੇ ਉਨ੍ਹਾਂ ਦੇ ਏਜੰਟ ਨੇ ਉਨ੍ਹਾਂ ਨੂੰ ਕੋਈ ਰਕਮ ਵਾਪਸ ਨਹੀਂ ਕੀਤੀ। ਹਰਪ੍ਰੀਤ ਨੂੰ ਵੀ ਉਮੀਦ ਨਹੀਂ ਹੈ ਕਿ ਉਸ ਦੇ ਪੈਸੇ ਵਾਪਸ ਆਉਣਗੇ।
ਇਸ ਵੇਲੇ ਹਰਪ੍ਰੀਤ ਦੇ ਪਿਤਾ ਹਰਜਿੰਦਰ ਸਿੰਘ ਇੱਕ ਸਕਿਊਰਿਟੀ ਗਾਰਡ ਦੀ ਨੌਕਰੀ ਕਰਦੇ ਹਨ।
ਉਨ੍ਹਾਂ ਦੀ 10,000 ਰੁਪਏ ਪ੍ਰਤੀ ਮਹੀਨੇ ਦੀ ਤਨਖ਼ਾਹ ਨਾਲ ਹੀ ਘਰ ਦਾ ਗੁਜ਼ਾਰਾ ਚੱਲਦਾ ਹੈ।
ਹਾਲਾਂਕਿ ਹਰਪ੍ਰੀਤ ਦਾ ਕਹਿਣਾ ਹੈ ਕਿ ਉਨ੍ਹਾਂ ਵੱਲੋਂ ਪਿਤਾ ਦੇ ਅਮਰੀਕਾ ਜਾਣ ਲਈ ਲਿਆ ਗਿਆ ਕਰਜ਼ਾ ਉਤਾਰ ਦਿੱਤਾ ਗਿਆ ਹੈ ਪਰ ਉਨ੍ਹਾਂ ਦੇ ਆਪਣੇ ਵਿਦੇਸ਼ ਜਾਣ ਲਈ ਲਿਆ ਗਿਆ 50 ਲੱਖ ਦਾ ਕਰਜ਼ਾ ਹਾਲੇ ਬਕਾਇਆ ਹੈ।
"ਇੱਥੇ ਮੁਕਾਬਲਾ ਬਹੁਤ ਹੈ, ਪੜ੍ਹਾਈ ਨਾਲ ਵੀ ਕੁਝ ਨਹੀਂ ਬਣਦਾ"
ਗੁਰਦਸਪੂਰ ਦੇ ਰਹਿਣ ਵਾਲੇ 21 ਸਾਲਾ ਹਰਜੋਤ ਸਿੰਘ ਦੱਸਦੇ ਕਿ ਉਨ੍ਹਾਂ ਨੇ ਅਮਰੀਕਾ ਜਾਣ ਲਈ ਆਪਣਾ ਸਭ ਕੁਝ ਵੇਚ ਦਿੱਤਾ।
"ਇੱਕ ਕਿੱਲਾ ਪੈਲ਼ੀ ਵੇਚੀ, ਇੱਕ ਪਲਾਟ ਵੇਚਿਆ, ਇੱਕ ਕਿੱਲਾ ਗਿਰਵੀ ਰੱਖ ਕੇ 12 ਲੱਖ ਦਾ ਕਰਜ਼ ਲਿਆ। ਆਪਣੀ ਇੱਕ ਗੱਡੀ ਵੇਚੀ ਅਤੇ 7 ਲੱਖ ਹੋਰ ਰਿਸ਼ੇਤਦਾਰ-ਦੋਸਤਾਂ ਤੋਂ ਲਏ।"
ਹਰਜੋਤ ਦੱਸਦੇ ਹਨ ਕਿ ਉਨ੍ਹਾਂ ਨੇ ਅਮਰੀਕਾ ਭੇਜਣ ਲਈ ਏਜੰਟ ਨੂੰ 42 ਲੱਖ 50 ਹਾਜ਼ਰ ਰੁਪਏ ਦਿੱਤੇ ਸਨ।
ਉਹ ਏਜੰਟ ਹੁਣ ਡਿਪੋਰਟ ਹੋ ਕੇ ਆਏ ਹਰਜੋਤ ਦਾ ਫੋਨ ਨਹੀਂ ਚੁੱਕ ਰਹੇ।
ਹਰਜੋਤ ਦੇ ਪਿਤਾ ਓਮਾਨ ਦੇ ਸ਼ਹਿਰ ਮਸਕਟ ਵਿੱਚ ਰਹਿੰਦੇ ਹਨ। ਉਹ ਪਰਿਵਾਰ ਦੇ ਇਕੱਲੇ ਕਮਾਉਣ ਵਾਲੇ ਹਨ ਅਤੇ ਹਰ ਮਹੀਨੇ ਘਰ 20 ਤੋਂ 30 ਹਜ਼ਾਰ ਭੇਜਦੇ ਹਨ।
ਹਰਜੋਤ ਪੰਜਾਬ 'ਚ ਆਪਣੀ ਮਾਤਾ ਅਤੇ ਛੋਟੀ ਭੈਣ ਨਾਲ ਰਹਿੰਦੇ ਹਨ।
ਅਮਰੀਕਾ ਜਾਣ ਦਾ ਫ਼ੈਸਲਾ ਲੈਣ ਬਾਰੇ ਹਰਜੋਤ ਦੱਸਦੇ ਹਨ, "ਇੱਥੇ ਕੰਪੀਟੀਸ਼ਨ ਬਹੁਤ ਹੈ। ਜੇ ਮੈਂ ਇੱਥੇ ਪੜ੍ਹਾਈ 'ਤੇ ਵੀ ਪੈਸੇ ਲਗਾਉਂਦਾ ਤਾਂ ਵੀ ਕੋਈ ਸਰਕਾਰੀ ਨੌਕਰੀ ਨਹੀਂ ਮਿਲਣੀ ਸੀ।"
"ਮੈਂ ਆਪ ਤਾਂ 2024 'ਚ ਹੀ ਬਾਰ੍ਹਵੀਂ ਕੀਤੀ ਹੈ, ਪਰ ਮੇਰੇ ਇੱਕ ਭਰਾ ਨੇ ਕਮਰਸ ਦੀ ਡਿਗਰੀ ਕੀਤੀ ਸੀ ਪਰ ਉਸ ਨੂੰ ਕੋਈ ਫਾਇਦਾ ਨਹੀਂ ਹੋਇਆ। ਇੱਥੇ ਨੌਕਰੀ ਨਹੀਂ ਮਿਲੀ ਤੇ ਫਿਰ ਹਾਰ ਕੇ ਉਸ ਨੂੰ ਵਿਦੇਸ਼ ਮਸਕਟ ਹੀ ਜਾਣਾ ਪਿਆ।"
"ਫੇਰ ਉਹਨੂੰ ਵੇਖ ਕੇ ਲੱਗਾ ਕਿ ਜੇ ਉਨ੍ਹਾਂ ਦਾ ਕੁਝ ਨਹੀਂ ਬਣਿਆ ਤਾਂ ਸਾਡਾ ਵੀ ਇਹੋ ਹਾਲ ਹੋਣਾ। ਇਸੇ ਕਰਕੇ ਫਿਰ ਮੈਂ ਵੀ ਵਿਦੇਸ਼ ਜਾਣ ਦਾ ਫ਼ੈਸਲਾ ਲਿਆ।"
ਕਰਜ਼ਾ ਮੋੜਨ ਦੇ ਸਵਾਲ 'ਤੇ ਹਰਜੋਤ ਨੇ ਕਿਹਾ, "ਹੁਣ ਇੱਥੇ ਹੀ ਔਖੇ-ਸੋਖੇ ਗੁਜ਼ਾਰਾ ਕਰਨਾ ਪੈਣਾ ਹੈ।"
"ਖੇਤ ਵੇਚ ਕੇ ਮੁੰਡੇ ਅਮਰੀਕਾ ਭੇਜੇ, ਹੁਣ ਡਰਾਈਵਰੀ ਕਰਦਾ ਹਾਂ"
ਪਟਿਆਲਾ ਦੇ ਇੱਕੋ ਪਰਿਵਾਰ ਦੇ ਦੋ ਮੁੰਡਿਆਂ ਨੂੰ ਅਮਰੀਕਾ ਭੇਜਣ ਲਈ ਖੇਤ ਦੇ 3 ਕਿੱਲੇ ਵੇਚ ਕੇ ਏਜੰਟ ਨੂੰ 1 ਕਰੋੜ 20 ਲੱਖ ਦੀ ਅਦਾਇਗੀ ਕੀਤੀ ਗਈ ਸੀ।
25 ਸਾਲਾ ਪ੍ਰਦੀਪ ਸਿੰਘ ਅਤੇ 30 ਸਾਲਾ ਸੰਦੀਪ ਸਿੰਘ ਚਾਚੇ-ਤਾਏ ਦੇ ਮੁੰਡੇ ਹਨ।
ਉਨ੍ਹਾਂ ਨੇ ਗ਼ਰੀਬੀ ਜਾਂ ਬੇਰੁਜ਼ਗਾਰੀ ਕਰ ਕੇ ਨਹੀਂ, ਬਲਕਿ ਪੁਲਿਸ ਕੇਸ ਤੋਂ ਬਚਣ ਲਈ ਬਾਹਰ ਜਾਣ ਦਾ ਫ਼ੈਸਲਾ ਕੀਤਾ ਸੀ।
ਪ੍ਰਦੀਪ ਦੇ ਪਿਤਾ ਸਤਨਾਮ ਸਿੰਘ ਨੇ ਦੱਸਿਆ, "ਉਨ੍ਹਾਂ ਦੀ ਇੱਥੇ ਲੜਾਈ ਹੋ ਗਈ ਸੀ, ਜਿਸ ਕਰਕੇ ਉਹ ਦੋਵੇਂ ਪੁਲਿਸ ਕੇਸ 'ਚ ਫੱਸ ਗਏ ਸਨ।"
"ਸਾਨੂੰ ਏਜੰਟ ਨੇ ਕਿਹਾ ਕਿ ਉਹ 1 ਮੈਂਬਰ ਦੇ 60 ਲੱਖ ਰੁਪਏ ਲੈ ਕੇ ਕਾਨੂੰਨੀ ਤੌਰ 'ਤੇ ਉਸ ਨੂੰ ਅਮਰੀਕਾ ਪਹੁੰਚਾ ਦੇਣਗੇ। ਪਰ ਉਨ੍ਹਾਂ ਵੱਲੋਂ ਦੋਹਾਂ ਨੂੰ ਦੁਬਈ ਲੈ ਜਾ ਕੇ ਹੋਰ ਕਿਸੇ ਦੇ ਹਵਾਲੇ ਕਰ ਦਿੱਤਾ ਗਿਆ, ਜੋ ਉਨ੍ਹਾਂ ਦੋਵਾਂ ਨੂੰ ਜੰਗਲਾਂ 'ਚੋਂ ਕੁੱਟਮਾਰ ਕਰਦਾ ਹੋਇਆ ਅਮਰੀਕਾ ਲੈ ਗਿਆ।"
ਉਨ੍ਹਾਂ ਅੱਗੇ ਕਿਹਾ, "ਪਹਿਲਾਂ ਤਾਂ ਅਸੀਂ ਖੇਤੀਬਾੜੀ ਕਰਦੇ ਸੀ, ਤਾਂ ਗੁਜ਼ਾਰਾ ਵਧੀਆ ਹੋ ਜਾਂਦਾ ਸੀ। ਹੁਣ ਮੈਂ 13 ਹਜ਼ਾਰ ਰੁਪਏ ਮਹੀਨੇ 'ਤੇ ਡਰਾਈਵਰੀ ਕਰਦਾ ਹਾਂ। ਸੰਦੀਪ ਦੇ ਪਿਤਾ ਅਪਾਹਜ਼ ਹਨ, ਜਿਸ ਕਰ ਕੇ ਉਹ ਕੋਈ ਕੰਮ ਨਹੀਂ ਕਰ ਸਕਦੇ।"
ਸੰਦੀਪ ਅਤੇ ਪ੍ਰਦੀਪ 2023 ਵਿੱਚ ਦਰਜ ਕੀਤੇ ਇੱਕ ਕਤਲ ਕੇਸ ਵਿੱਚ ਨਾਮਜ਼ਦ ਸਨ। ਅਮਰੀਕਾ ਤੋਂ ਡਿਪੋਰਟ ਕੀਤੇ ਗਏ ਗੈਰ-ਕਾਨੂੰਨੀ ਪਰਵਾਸੀਆਂ ਵਿੱਚ ਸੰਦੀਪ ਤੇ ਪ੍ਰਦੀਪ ਵੀ ਸ਼ਾਮਲ ਸਨ।
ਅਮਰੀਕਾ ਤੋਂ 16 ਫਰਵਰੀ ਨੂੰ ਅੰਮ੍ਰਿਤਸਰ ਦੇ ਹਵਾਈ ਅੱਡੇ 'ਤੇ ਗੈਰ-ਕਾਨੂੰਨੀ ਪਰਵਾਸੀਆਂ ਨੂੰ ਲੈ ਕੇ ਜਹਾਜ਼ ਪਹੁੰਚਿਆ, ਜਿੱਥੋ ਪੁਲਿਸ ਨੇ ਇਨ੍ਹਾਂ ਦੋਵਾਂ ਨੂੰ ਗ੍ਰਿਫ਼ਤਾਰ ਕਰ ਲਿਆ ਸੀ।
ਪਟਿਆਲਾ ਦੇ ਐੱਸਐੱਸਪੀ ਨਾਨਕ ਸਿੰਘ ਮੁਤਾਬਕ ਦੋਵਾਂ ਨੂੰ ਲੈਂਡ ਹੁੰਦਿਆਂ ਹੀ ਗ੍ਰਿਫ਼ਤਾਰ ਕਰ ਲਿਆ ਸੀ। ਉਨ੍ਹਾਂ ਨੂੰ ਅਦਾਲਤ ਵਿੱਚ ਪੇਸ਼ ਕਰ ਕੇ ਪੁਲਿਸ ਰਿਮਾਂਡ ਲਿਆ ਗਿਆ ਹੈ। ਦੋਵੇਂ ਕਤਲ ਮਾਮਲੇ ਵਿੱਚ ਨਾਮਜ਼ਦ ਹਨ।
ਤਿੰਨ ਪੀੜ੍ਹੀਆਂ 'ਤੇ ਪਵੇਗਾ ਕਰਜ਼ੇ ਦਾ ਅਸਰ
ਪੰਜਾਬ ਯੂਨੀਵਰਸਿਟੀ ਦੇ ਸਾਬਕਾ ਪ੍ਰੋਫੈਸਰ ਅਤੇ ਆਰਥਿਕ ਮਾਮਲਿਆਂ ਦੇ ਜਾਣਕਾਰ ਰਣਜੀਤ ਸਿੰਘ ਘੁੰਮਣ ਦਾ ਕਹਿਣਾ ਹੈ ਕਿ ਕਰਜ਼ਾਈ ਹੋਏ ਇਨ੍ਹਾਂ ਪਰਿਵਾਰਾਂ ਦਾ ਅਸਰ ਸਿਰਫ਼ ਉਨ੍ਹਾਂ ਦੀ ਨਿੱਜੀ ਜ਼ਿੰਦਗੀ 'ਤੇ ਹੀ ਨਹੀਂ ਬਲਕਿ ਸਮਾਜ 'ਤੇ ਵੀ ਪਵੇਗਾ।
ਉਹ ਦੱਸਦੇ ਹਨ, "ਕੋਈ ਆਮ ਵਿਅਕਤੀ ਇੱਕ ਨੰਬਰ ਦੀ ਕਮਾਈ ਨਾਲ ਇੰਨਾ ਕਰਜ਼ਾ ਨਹੀਂ ਉਤਾਰ ਸਕਦਾ। ਇਸ ਦਾ ਅਸਰ ਤਿੰਨ ਪੀੜ੍ਹੀਆਂ 'ਤੇ ਹੋਵੇਗਾ। ਜੋ ਡਿਪੋਰਟ ਹੋ ਕੇ ਆਏ ਹਨ, ਉਨ੍ਹਾਂ ਦੇ ਮਾਪਿਆਂ 'ਤੇ, ਉਨ੍ਹਾਂ ਦੇ ਖੁਦ ਉਪਰ ਅਤੇ ਫਿਰ ਉਨ੍ਹਾਂ ਦੀ ਆਉਣ ਵਾਲੀ ਪੀੜ੍ਹੀ 'ਤੇ।"
"ਇਸ ਦਾ ਅਸਰ ਸਾਡੇ ਸਮਾਜ 'ਤੇ ਵੀ ਆਵੇਗਾ। ਬੇਰੁਜ਼ਗਾਰ ਨੌਜਵਾਨਾਂ 'ਚ ਮਾਨਸਿਕ ਤਣਾਅ ਵਧੇਗਾ, ਜੋ ਕਿ ਸਮਾਜ 'ਤੇ ਵੱਡਾ ਅਸਰ ਪਾਵੇਗਾ।"
"ਉਮੀਦ ਹੈ ਨੌਜਵਾਨ ਸੰਭਲ ਜਾਣ"
ਰਣਜੀਤ ਸਿੰਘ ਘੁੰਮਣ ਕਹਿੰਦੇ ਹਨ ਕਿ ਪੰਜਾਬ ਦੇ ਨੌਜਵਾਨਾਂ ਵਿੱਚ ਸਮਾਜ ਦੀ ਸਮੂਹਿਕ ਸੋਚ ਕਾਰਨ ਇੱਕ ਝਿਜਕ ਹੈ। ਉਹ ਸਬਜ਼ੀ ਦੀ ਰੇਹੜੀ ਲਗਾਉਣ ਵਰਗੇ ਕੰਮ ਨੂੰ ਛੋਟਾ ਮੰਨਦੇ ਹਨ।
"ਬਾਹਰ ਜਾ ਕੇ ਕਿਸੇ ਵੀ ਤਰੀਕੇ ਦਾ ਕੰਮ ਕਰ ਲੈਣਗੇ ਪਰ ਇੱਥੇ ਉਹੀ ਕੰਮ ਨੂੰ ਛੋਟਾ ਗਿਣਦੇ ਹਨ। ਉਹ ਦੂਜਿਆਂ ਦੀ ਚਮਕ ਵੇਖ ਕੇ ਬਾਹਰ ਚਲੇ ਜਾਂਦੇ ਹਨ ਪਰ ਇੱਥੇ ਰਹਿ ਕੇ ਮਿਹਨਤ ਕਰਨ ਬਾਰੇ ਨਹੀਂ ਸੋਚਦੇ।"
"ਪਰ ਸ਼ਾਇਦ ਇਸ ਦਾ ਚੰਗਾ ਅਸਰ ਵੀ ਹੋਵੇਗਾ, ਉਮੀਦ ਹੈ ਕਿ ਹੁਣ ਨੌਜਵਾਨ ਸੰਭਲ ਜਾਣਗੇ ਅਤੇ ਇੱਥੇ ਹੀ ਕੰਮ ਦੀ ਤਲਾਸ਼ ਕਰਨਗੇ।"
ਸਰਕਾਰ ਦੀ ਅਸਫ਼ਲਤਾ
ਕੇਸਰ ਸਿੰਘ ਭੰਗੂ, ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਸਾਬਕਾ ਪ੍ਰੋਫੈਸਰ ਅਤੇ ਆਰਥਿਕ ਮਾਮਲਿਆਂ ਦੇ ਮਾਹਰ ਹਨ। ਉਨ੍ਹਾਂ ਦਾ ਮੰਨਣਾ ਹੈ ਕਿ ਚੰਗੀ ਸਿਖਲਾਈ ਅਤੇ ਰੁਜ਼ਗਾਰ ਦੀ ਘਾਟ ਕਾਰਨ ਪੰਜਾਬ ਦੇ ਲੋਕ ਇਹ ਰਾਹ ਚੁਣ ਰਹੇ ਹਨ।
"ਜੋ ਲੋਕ ਸਮਝਦੇ ਹਨ ਕਿ ਇਹ ਨੌਜਵਾਨ ਬਾਹਰ ਜਾਣ ਨਾਲੋਂ ਇੱਥੇ ਕਾਰੋਬਾਰ ਕਰ ਲੈਂਦੇ, ਉਹ ਅਸਲੀਅਤ ਤੋਂ ਵਾਕਿਫ਼ ਨਹੀਂ ਹਨ।"
"ਜਿਹੜੇ ਬੱਚੇ ਅਜਿਹੇ ਰਸਤੇ ਅਪਣਾਉਂਦੇ ਹਨ ਨਾ ਤਾਂ ਉਨ੍ਹਾਂ ਕੋਲ ਬਹੁਤੀ ਵਿਦਿਅਕ ਯੋਗਤਾ ਹੁੰਦੀ ਹੈ ਅਤੇ ਨਾ ਹੀ ਕੋਈ ਹੁਨਰ। ਉਹ ਵਿਦੇਸ਼ਾ 'ਚ ਜਾ ਕੇ ਵੀ ਛੋਟੇ-ਛੋਟੇ ਕੰਮ ਹੀ ਕਰ ਸਕਦੇ ਹਨ। ਇੱਥੋ ਦੀ ਸਿੱਖਿਆ ਪ੍ਰਣਾਲੀ ਸਕਿੱਲ ਜਾਂ ਹੁਨਰ 'ਤੇ ਕੰਮ ਨਹੀਂ ਕਰਦੀ, ਜਿਸ ਕਰ ਕੇ ਬੱਚੇ ਆਪਣਾ ਕਾਰੋਬਾਰ ਚਲਾਉਣ ਬਾਰੇ ਸੋਚਦੇ ਵੀ ਨਹੀਂ।"
ਕੇਸਰ ਸਿੰਘ ਭੰਗੂ ਅੱਗੇ ਦੱਸਦੇ ਹਨ ਕਿ ਸਰਕਰੀ ਨੌਕਰੀਆਂ 'ਚ ਵੀ ਲੰਬੇ ਸਮੇਂ ਤੱਕ ਪੱਕੇ ਨਾ ਕੀਤਾ ਜਾਣਾ ਅਤੇ ਹੋਰ ਰੁਜ਼ਗਾਰ ਦੇ ਮੌਕੇ ਪੈਦਾ ਕਰਨ 'ਚ ਅਸਫ਼ਲ ਰਹੀਆਂ ਸਰਕਾਰਾਂ ਵੀ ਇਸ ਦੇ ਪਿੱਛੇ ਜ਼ਿੰਮੇਵਾਰ ਹਨ।
ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ