You’re viewing a text-only version of this website that uses less data. View the main version of the website including all images and videos.
ਅਮਰੀਕਾ ਤੋਂ ਡਿਪੋਰਟ ਭਾਰਤੀਆਂ ਸਣੇ ਲੋਕਾਂ ਨੂੰ ਪਹਿਲਾਂ ਪਨਾਮਾ ਦੇ ਹੋਟਲ 'ਚ ਰੱਖਿਆ ਤੇ ਫਿਰ ਜੰਗਲ ਭੇਜਿਆ, ਕੀ ਹੈ ਪੂਰਾ ਮਾਮਲਾ
- ਲੇਖਕ, ਸੇਸੀਲੀਆ ਬਾਰੇਈਆ, ਸੈਨਟੀਆਗੋ ਵੈਨੇਗਸ ਅਤੇ ਏਂਜਲ ਬਰਮਾਡਜ਼
- ਰੋਲ, ਬੀਬੀਸੀ ਪੱਤਰਕਾਰ
ਪਨਾਮਾ ਸਿਟੀ ਦੇ ਇੱਕ ਲਗਜ਼ਰੀ ਡੇਕਾਪੋਲਿਸ ਹੋਟਲ ਦੇ ਇੱਕ ਕਮਰੇ ਦੀ ਖਿੜਕੀ ਵਿੱਚ ਦੋ ਕੁੜੀਆਂ ਇੱਕ ਕਾਗਜ਼ ਫੜੀ ਖੜੀਆਂ ਹਨ ਜਿਸ ਉੱਤੇ ਇੱਕ ਸੁਨੇਹਾ ਹੈ, "ਕਿਰਪਾ ਕਰਕੇ ਸਾਡੀ ਮਦਦ ਕਰੋ।"
ਇਹ ਹੋਟਲ ਆਪਣੇ ਗਾਹਕਾਂ ਨੂੰ ਸੀਅ ਵਿਊ (ਸਮੁੰਦਰ ਦੇ ਦ੍ਰਿਸ਼ ਦਿਖਾਉਂਦੇ ਕਮਰੇ) ਮੁਹੱਈਆ ਕਰਵਾਉਂਦਾ ਹੈ, ਇਸ ਵਿੱਚ ਦੋ ਖ਼ਾਸ ਰੈਸਟੋਰੈਂਟ, ਇੱਕ ਸਵੀਮਿੰਗ ਪੂਲ, ਇੱਕ ਸਪਾ ਅਤੇ ਨਿੱਜੀ ਆਵਾਜਾਈ ਦਾ ਪ੍ਰਬੰਧ ਹੈ।
ਪਰ ਪਨਾਮਾ ਸਰਕਾਰ ਨੇ ਮੰਗਲਵਾਰ ਨੂੰ ਕਿਹਾ ਕਿ ਇਹ ਹੋਟਲ ਹੁਣ ਇੱਕ 'ਅਸਥਾਈ ਹਿਰਾਸਤ' ਕੇਂਦਰ ਬਣ ਗਿਆ ਹੈ ਜਿੱਥੇ ਅਮਰੀਕਾ ਤੋਂ ਦੇਸ਼ ਨਿਕਾਲਾ ਦਿੱਤੇ ਗਏ 299 ਗ਼ੈਰ-ਦਸਤਾਵੇਜ਼ੀ ਪਰਵਾਸੀਆਂ ਨੂੰ ਰੱਖਿਆ ਗਿਆ ਹੈ।
ਕੁਝ ਪਰਵਾਸੀਆਂ ਨੇ ਆਪਣੇ ਆਪ ਨੂੰ ਆਜ਼ਾਦੀ ਤੋਂ ਵਾਂਝਾ ਦਰਸਾਉਣ ਲਈ ਆਪਣੀਆਂ ਬਾਹਾਂ ਉੱਪਰ ਚੁੱਕੀਆ ਹੋਈਆਂ ਹਨ ਅਤੇ ਗੁੱਟਾਂ ਦੀ ਕੜੀ ਬਣਾਈ ਹੋਈ ਹੈ।
ਕਈਆਂ ਨੇ ਤਖ਼ਤੀਆਂ ਫ਼ੜੀਆਂ ਹੋਈਆਂ ਹਨ ਜਿਨ੍ਹਾਂ ਉੱਤੇ ਲਿਖਿਆ ਹੈ,"ਅਸੀਂ ਆਪਣੇ ਦੇਸ਼ ਵਿੱਚ ਸੁਰੱਖਿਅਤ ਨਹੀਂ ਹਾਂ।"
ਟਰੰਪ ਪ੍ਰਸ਼ਾਸਨ ਨੇ ਲੱਖਾਂ ਲੋਕ ਜੋ ਅਮਰੀਕਾ ਵਿੱਚ ਗ਼ੈਰ-ਕਾਨੂੰਨੀ ਢੰਗ ਨਾਲ ਦਾਖ਼ਲ ਹੋਏ ਸਨ, ਨੂੰ ਦੇਸ਼ ਨਿਕਾਲਾ ਦੇਣ ਦਾ ਵਾਅਦਾ ਕੀਤਾ ਹੈ।
ਪਨਾਮਾ ਦੀ ਰਾਜਧਾਨੀ ਪਨਾਮਾ ਸਿਟੀ ਦੇ ਹੋਟਲ ਵਿੱਚ ਮੌਜੂਦ ਲੋਕ ਪਿਛਲੇ ਹਫ਼ਤੇ ਤਿੰਨ ਉਡਾਣਾਂ ਰਾਹੀਂ ਇੱਥੇ ਪਹੁੰਚੇ ਸਨ।
ਜ਼ਿਕਰਯੋਗਾ ਹੈ ਕਿ ਰਾਸ਼ਟਰਪਤੀ ਜੋਸ ਰਾਉਲ ਮੁਲੀਨੋ ਨੇ ਸਹਿਮਤੀ ਦਿੱਤੀ ਕਿ ਪਨਾਮਾ ਉਨ੍ਹਾਂ ਲੋਕਾਂ ਲਈ ਪੁਲ ਦਾ ਕੰਮ ਕਰੇਗਾ ਜਿਨ੍ਹਾਂ ਨੂੰ ਦੇਸ਼ ਨਿਕਾਲਾ ਦਿੱਤਾ ਗਿਆ ਹੈ ਅਤੇ ਹਾਲੇ ਉਨ੍ਹਾਂ ਨੂੰ ਮੂਲ ਦੇਸ਼ ਵਿੱਚ ਵਾਪਸ ਭੇਜਿਆ ਜਾਣਾ ਹੈ।
ਹਾਲਾਂਕਿ, ਭਾਰਤ, ਚੀਨ, ਉਜ਼ਬੇਕਿਸਤਾਨ, ਈਰਾਨ, ਵੀਅਤਨਾਮ, ਤੁਰਕੀ, ਨੇਪਾਲ, ਪਾਕਿਸਤਾਨ, ਅਫ਼ਗਾਨਿਸਤਾਨ ਅਤੇ ਸ਼੍ਰੀਲੰਕਾ ਤੋਂ ਆਏ 299 ਗ਼ੈਰ-ਦਸਤਾਵੇਜ਼ੀ ਪ੍ਰਵਾਸੀਆਂ ਵਿੱਚੋਂ ਸਿਰਫ਼ 171 ਹੀ ਆਪਣੇ ਮੂਲ ਦੇਸ਼ਾਂ ਨੂੰ ਵਾਪਸ ਜਾਣ ਲਈ ਸਹਿਮਤ ਹੋਏ ਹਨ।
ਜੋ ਲੋਕ ਪਿੱਛੇ ਬਚ ਜਾਣਗੇ ਉਨ੍ਹਾਂ ਦਾ ਭਵਿੱਖ ਹੁਣ ਅਨਿਸ਼ਚਿਤ ਹੈ। ਪਨਾਮਾ ਦੇ ਅਧਿਕਾਰੀ ਹੀ ਇਹ ਨਿਰਧਾਰਿਤ ਕਰਨਗੇ ਕਿ ਹੁਣ ਅੱਗੇ ਕੀ ਕਰਨਾ ਹੈ।
ਸਰਕਾਰ ਦੇ ਅਨੁਸਾਰ, ਇਸ ਸਮੂਹ ਨੂੰ ਡਾਰੀਅਨ ਸੂਬੇ ਦੇ ਇੱਕ ਕੈਂਪ ਵਿੱਚ ਤਬਦੀਲ ਕੀਤਾ ਜਾਵੇਗਾ, ਜਿੱਥੇ ਜੰਗਲ ਪਾਰ ਕਰਕੇ ਅਮਰੀਕਾ ਜਾਣ ਦੀ ਕੋਸ਼ਿਸ਼ ਕਰਨ ਵਾਲੇ ਪਰਵਾਸੀਆਂ ਲਈ ਅਸਥਾਈ ਰਿਹਾਇਸ਼ਗਾਹ ਦਾ ਪ੍ਰਬੰਧ ਕੀਤਾ ਗਿਆ ਹੈ।
ਭਾਰਤ ਸਰਕਾਰ ਦਾ ਕਹਿਣਾ ਹੈ ਕਿ ਪਨਾਮਾ ਸਿਟੀ ਦੇ ਇਸ ਹੋਟਲ ਵਿੱਚ ਨਜ਼ਰਬੰਦ ਭਾਰਤੀ ਸੁਰੱਖਿਅਤ ਹਨ ਤੇ ਉਨ੍ਹਾਂ ਨੂੰ ਕੌਂਸਲਰ ਦੀ ਮਦਦ ਵੀ ਦਿੱਤੀ ਜਾ ਰਹੀ ਹੈ।
ਮਦਦ ਦੀ ਗੁਹਾਰ ਲਾਉਂਦੇ ਲੋਕ
ਇੱਕ ਆਮ ਦਿਨ ਹੋਵੇ ਤਾਂ ਸੈਲਾਨੀ ਡੇਕਾਪੋਲਿਸ ਹੋਟਲ ਵਿੱਚ ਅਰਾਮ ਨਾਲ ਦਾਖਲ ਹੋ ਸਕਦੇ ਹਨ ਅਤੇ ਉੱਥੋਂ ਜਾ ਵੀ ਸਕਦੇ ਹਨ। ਪਰ ਹੁਣ ਅਜਿਹਾ ਨਹੀਂ ਹੈ, ਪਨਾਮਾ ਨੈਸ਼ਨਲ ਏਅਰੋਨੇਵਲ ਸਰਵਿਸ ਦੇ ਸੁਰੱਖਿਆ ਕਰਮੀ ਹਥਿਆਰਾਂ ਨਾਲ ਲੈਸ ਇਮਾਰਤ ਦੇ ਅੰਦਰ ਅਤੇ ਬਾਹਰ ਤਾਇਨਾਤ ਹਨ।
ਗਲੀ ਤੋਂ, ਖਿੜਕੀ ਵਿੱਚ ਕੱਪੜੇ ਲਟਕਦੇ ਹੋਏ ਦਿਖਾਈ ਦੇ ਸਕਦੇ ਹਨ। ਇਸ ਦੇ ਨਾਲ ਹੀ ਇੱਕ ਹੋਰ ਚੀਜ਼ ਹੈ, ਇਕ ਪੀਲੀ ਲਾਸ ਏਂਜਲਸ ਲੇਕਰਜ਼ ਬਾਸਕੇਟਬਾਲ ਜਰਸੀ ਹੈ ਜਿਸ 'ਤੇ 24 ਨੰਬਰ ਹੈ। ਇਹ ਮਹਾਨ ਖਿਡਾਰੀ ਕੋਬੇ ਬ੍ਰਾਇੰਟ ਵੱਲੋਂ ਪਹਿਨੀ ਜਾਂਦੀ ਹੈ।
ਇੱਕ ਹੋਰ ਖਿੜਕੀ ਵਿੱਚ, ਬਾਲਗਾਂ ਅਤੇ ਤਿੰਨ ਬੱਚਿਆਂ ਦਾ ਇੱਕ ਸਮੂਹ ਆਪਣੇ ਅੰਗੂਠੇ ਆਪਣੀਆਂ ਹਥੇਲੀਆਂ ਵਿੱਚ ਰੱਖ ਕੇ ਆਪਣੀਆਂ ਬਾਹਾਂ ਉੱਪਰ ਚੁੱਕੀ ਖੜਾ ਹੈ। ਇਹ ਸਹਾਇਤਾ ਦੀ ਗੁਹਾਰ ਲਾਉਣ ਵਾਲਿਆਂ ਲਈ ਇੱਕ ਕੌਮਾਂਤਰੀ ਪ੍ਰਤੀਕ ਹੈ।
ਸ਼ੀਸ਼ਿਆਂ ਉੱਤੇ ਲਾਲ ਅੱਖਰਾਂ 'ਚ ਲਿਖਿਆ ਗਿਆ ਹੈ, "ਸਾਡੀ ਮਦਦ ਕਰੋ।"
ਦੋ ਬੱਚੇ ਜਿਨ੍ਹਾਂ ਦੇ ਮੂੰਹ ਢਕੇ ਹੋਏ ਹਨ, ਸ਼ੀਸ਼ੇ ਦੇ ਸਾਹਮਣੇ ਕਾਗਜ਼ ਫੜੀ ਬੈਠੇ ਹਨ। ਇਸ ਉੱਤੇ ਲਿਖਿਆ ਸੀ, "ਕ੍ਰਿਪਾ ਕਰਕੇ ਅਫ਼ਗਾਨ ਕੁੜੀਆਂ ਨੂੰ ਬਚਾਓ।"
ਹੋਟਲ ਦੇ ਅੰਦਰ ਹਾਲਾਤ
ਇੱਕ ਈਰਾਨੀ ਔਰਤ ਜੋ ਕਈ ਸਾਲਾਂ ਤੋਂ ਪਨਾਮਾ ਵਿੱਚ ਰਹਿ ਰਹੀ ਹੈ, ਨੇ ਬੀਬੀਸੀ ਨੂੰ ਦੱਸਿਆ ਕਿ ਉਹ ਹੋਟਲ ਦੇ ਅੰਦਰ ਇੱਕ ਪਰਵਾਸੀ ਦੇ ਸੰਪਰਕ ਵਿੱਚ ਸੀ। ਉਸਨੇ ਕਿਹਾ ਕਿ ਉਹ ਈਰਾਨ ਵਾਪਸ ਭੇਜੇ ਜਾਣ ਦੀ ਸੰਭਾਵਨਾ ਤੋਂ ਦਹਿਸ਼ਤ ਵਿੱਚ ਸਨ।
ਇੱਕ ਔਰਤ ਨੇ ਆਪਣਾ ਨਾਮ ਨਾ ਦੱਸਣ ਦੀ ਸ਼ਰਤ 'ਤੇ ਕਿਹਾ ਕਿ ਉਹ ਹੋਟਲ ਵਿੱਚ ਫ਼ਾਰਸੀ ਅਨੁਵਾਦਕ ਵਜੋਂ ਮਦਦ ਦੀ ਪੇਸ਼ਕਸ਼ ਕਰਨ ਗਈ ਸੀ ਪਰ ਉਸਨੂੰ ਦੱਸਿਆ ਗਿਆ ਕਿ ਉਨ੍ਹਾਂ ਕੋਲ ਪਹਿਲਾਂ ਹੀ ਇੱਕ ਅਨੁਵਾਦਕ ਹੈ।
ਹਾਲਾਂਕਿ, ਬਾਅਦ ਵਿੱਚ ਹੋਟਲ ਦੇ ਅੰਦਰ ਲੋਕਾਂ ਨੇ ਉਸ ਨੂੰ ਦੱਸਿਆ ਕਿ ਇਹ ਸੱਚ ਨਹੀਂ ਸੀ।
ਡੇਕਾਪੋਲਿਸ ਹੋਟਲ ਵਿੱਚ ਰਹਿ ਰਹੇ ਲੋਕਾਂ ਨੂੰ ਬਾਹਰ ਕਿਸੇ ਨਾਲ ਸੰਪਰਕ ਕਰਨ ਦੀ ਇਜ਼ਾਜਤ ਨਹੀਂ ਹੈ। ਇੱਕ ਇਰਾਨੀ ਔਰਤ ਜਿਸ ਨੇ ਇੱਕ ਮੋਬਾਈਲ ਜ਼ਰੀਏ ਲੁਕ ਕੇ ਸਾਡੇ ਨਾਲ ਸੰਪਰਕ ਕੀਤਾ ਨੇ ਦੱਸਿਆ ਕਿ ਹੋਟਲ ਵਿੱਚ ਕਈ ਬੱਚੇ ਵੀ ਮੌਜੂਦ ਹਨ, ਉਨ੍ਹਾਂ ਨੂੰ ਵਕੀਲ ਦੇਣ ਤੋਂ ਇਨਕਾਰ ਕਰ ਦਿੱਤਾ ਗਿਆ ਹੈ ਅਤੇ ਉਨ੍ਹਾਂ ਨੂੰ ਖਾਣਾ ਖਾਣ ਲਈ ਵੀ ਆਪਣੇ ਕਮਰਿਆਂ ਤੋਂ ਬਾਹਰ ਨਿਕਲਣ ਦੀ ਇਜਾਜ਼ਤ ਨਹੀਂ ਹੈ।
ਉਸ ਔਰਤ ਨੇ ਦੱਸਿਆ ਕਿ ਮੰਗਲਵਾਰ ਨੂੰ ਹੋਟਲ ਵਿੱਚ ਰੱਖੇ ਗਏ ਡਿਪੋਰਟ ਕੀਤੇ ਲੋਕਾਂ ਦੀ ਕਹਾਣੀ ਪਹਿਲੀ ਵਾਰ ਸਾਹਮਣੇ ਆਈ ਸੀ। ਉਸ ਤੋਂ ਬਾਅਦ ਸੁਰੱਖਿਆ ਪ੍ਰਬੰਧ ਹੋਰ ਸਖ਼ਤ ਕਰ ਦਿੱਤੇ ਗਏ ਸਨ ਅਤੇ ਪਰਵਾਸੀਆਂ ਨੂੰ ਇੰਟਰਨੈੱਟ ਤੋਂ ਵੀ ਮਰਹੂਮ ਕਰ ਦਿੱਤਾ ਗਿਆ ਸੀ।
ਬੀਬੀਸੀ ਨੇ ਇਮਾਰਤ ਦੇ ਅੰਦਰਲੇ ਹਾਲਾਤ ਬਾਰੇ ਪੁੱਛਣ ਲਈ ਡੇਕਾਪੋਲਿਸ ਹੋਟਲ ਅਤੇ ਪਨਾਮਾ ਸਰਕਾਰ ਦੋਵਾਂ ਨਾਲ ਸੰਪਰਕ ਕੀਤਾ, ਪਰ ਕੋਈ ਜਵਾਬ ਨਹੀਂ ਮਿਲਿਆ।
ਹਾਲਾਂਕਿ, ਪਨਾਮਾ ਦੇ ਜਨਤਕ ਸੁਰੱਖਿਆ ਮੰਤਰੀ ਫ਼ਰੈਂਕ ਅਬਰੇਗੋ ਨੇ ਕਿਹਾ ਕਿ ਪਰਵਾਸੀਆਂ ਨੂੰ ਹੋਟਲ ਤੋਂ ਬਾਹਰ ਜਾਣ ਦੀ ਇਜਾਜ਼ਤ ਨਹੀਂ ਹੈ ਕਿਉਂਕਿ ਉਨ੍ਹਾਂ ਦੀ ਸਰਕਾਰ ਲਈ ਪਨਾਮਾ ਵਾਸੀਆਂ ਦੀ ਸੁਰੱਖਿਆ ਅਤੇ ਸ਼ਾਂਤੀ ਯਕੀਨੀ ਬਣਾਉਣਾ ਲਾਜ਼ਮੀ ਹੈ।
ਵੀਕਐਂਡ 'ਤੇ ਸੋਸ਼ਲ ਮੀਡੀਆ 'ਤੇ ਪੋਸਟ ਸਾਂਝੀ ਕੀਤੀ ਗਈ ਸੀ। ਇਸ ਵੀਡੀਓ ਪੋਸਟ ਵਿੱਚ ਇੱਕ ਪਰਵਾਸੀ ਨੇ ਫ਼ਾਰਸੀ ਭਾਸ਼ਾ ਵਿੱਚ ਦੱਸਿਆ ਸੀ ਕਿ ਕਿਵੇਂ ਉਨ੍ਹਾਂ ਨੂੰ ਸਰਹੱਦ ਪਾਰ ਕਰਕੇ ਅਮਰੀਕਾ ਪਹੁੰਚਣ ਤੋਂ ਬਾਅਦ ਹਿਰਾਸਤ ਵਿੱਚ ਲਿਆ ਗਿਆ ਸੀ। ਉਸ ਨੇ ਇਹ ਵੀ ਦੱਸਿਆ ਸੀ ਕਿ ਅਧਿਕਾਰੀਆਂ ਨੇ ਕਿਹਾ ਸੀ ਕਿ ਸਾਰਿਆਂ ਨੂੰ ਟੈਕਸਸ ਲਿਜਾਇਆ ਜਾਵੇਗਾ, ਪਰ ਉਨ੍ਹਾਂ ਨੂੰ ਪਨਾਮਾ ਪਹੁੰਚਾ ਦਿੱਤਾ ਗਿਆ।
ਵਕੀਲਾਂ ਤੱਕ ਵੀ ਪਹੁੰਚ ਨਹੀਂ
ਵੀਡੀਓ ਵਿੱਚ ਔਰਤ ਨੇ ਕਿਹਾ ਕਿ ਜੇਕਰ ਉਹ ਇਰਾਨ ਵਾਪਸ ਜਾਂਦੀ ਹੈ ਤਾਂ ਉਸਦੀ ਜਾਨ ਨੂੰ ਖ਼ਤਰਾ ਹੋ ਸਕਦਾ ਹੈ ਕਿਉਂਕਿ ਸਰਕਾਰ ਉਸ ਤੋਂ ਬਦਲਾ ਲੈ ਸਕਦੀ ਹੈ।
ਉਸਨੇ ਕਿਹਾ ਕਿ ਉਸਦਾ ਇਰਾਦਾ ਸਿਆਸੀ ਸ਼ਰਨ ਮੰਗਣਾ ਹੈ।
ਮਾਹਰਾਂ ਮੁਤਾਬਕ ਅਜਿਹਾ ਕਰਨ ਲਈ ਵਕੀਲ ਤੱਕ ਪਹੁੰਚ ਜ਼ਰੂਰੀ ਹੈ, ਪਰ ਇਨ੍ਹਾਂ ਪਰਵਾਸੀਆਂ ਲਈ ਅਜਿਹਾ ਕਰਨਾ ਸੌਖਾ ਨਹੀਂ। ਕਿਉਂਕਿ ਪਨਾਮਾ ਸਰਕਾਰ ਨੇ ਐਲਾਨ ਕੀਤਾ ਹੈ ਕਿ ਇਹ ਦੇਸ਼ ਨਿਕਾਲਾ ਦਿੱਤੇ ਜਾਣ ਵਾਲੇ ਲੋਕਾਂ ਨੂੰ ਵਕੀਲਾਂ ਨਾਲ ਸੰਪਰਕ ਕਰਨ ਦੀ ਹਾਲੇ ਇਜ਼ਾਜਤ ਨਹੀਂ ਹੈ।
ਅਧਿਕਾਰੀਆਂ ਨੇ ਕੀ ਕਿਹਾ
ਮੰਤਰੀ ਅਬਰੇਗੋ ਨੇ ਮੰਗਲਵਾਰ ਨੂੰ ਕਿਹਾ ਕਿ ਪਰਵਾਸੀ ਦੇਸ਼ ਦੇ ਅਧਿਕਾਰੀਆਂ ਦੀ ਸੁਰੱਖਿਆ ਹੇਠ ਪਨਾਮਾ ਵਿੱਚ ਅਸਥਾਈ ਤੌਰ 'ਤੇ ਰਹਿਣਗੇ।
ਉਨ੍ਹਾਂ ਕਿਹਾ,"ਅਸੀਂ ਅਮਰੀਕੀ ਸਰਕਾਰ ਨਾਲ ਜੋ ਸਹਿਮਤ ਹੋਏ ਹਾਂ ਉਹ ਇਹ ਹੈ ਕਿ ਉਹ ਇੱਥੇ ਹਨ ਅਤੇ ਉਨ੍ਹਾਂ ਦੀ ਸੁਰੱਖਿਆ ਲਈ ਸਾਡੀ ਅਸਥਾਈ ਹਿਰਾਸਤ ਵਿੱਚ ਰਹਿਣਗੇ।" ਉਸਨੇ ਕਿਹਾ।
ਉਨ੍ਹਾਂ ਇਹ ਵੀ ਚੇਤਾਵਨੀ ਦਿੱਤੀ ਕਿ ਜਿਹੜੇ ਪਰਵਾਸੀ ਆਪਣੇ ਮੂਲ ਦੇਸ਼ ਵਾਪਸ ਨਹੀਂ ਜਾਣਾ ਚਾਹੁੰਦੇ, ਉਨ੍ਹਾਂ ਨੂੰ ਆਪਣੇ ਲਈ ਕੋਈ ਤੀਜਾ ਦੇਸ਼ ਚੁਣਨਾ ਪਵੇਗਾ।
ਉਨ੍ਹਾਂ ਕਿਹਾ ਕਿ ਅਜਿਹੀ ਸਥਿਤੀ ਵਿੱਚ ਕੌਮਾਂਤਰੀ ਪਰਵਾਸ ਸੰਗਠਨ (ਆਈਓਐੱਮ) ਅਤੇ ਸੰਯੁਕਤ ਰਾਸ਼ਟਰ ਸ਼ਰਨਾਰਥੀਆਂ ਲਈ ਹਾਈ ਕਮਿਸ਼ਨਰ (ਯੂਐੱਨਐੱਚਸੀਆਰ) ਉਨ੍ਹਾਂ ਦੀ ਵਾਪਸੀ ਲਈ ਜ਼ਿੰਮੇਵਾਰ ਹੋਣਗੇ।
ਉਨ੍ਹਾਂ ਕਿਹਾ, "ਅਸੀਂ ਪ੍ਰਭਾਵਿਤ ਲੋਕਾਂ ਦੀ ਮਦਦ ਲਈ ਸਥਾਨਕ ਅਧਿਕਾਰੀਆਂ ਨਾਲ ਮਿਲ ਕੇ ਕੰਮ ਕਰ ਰਹੇ ਹਾਂ। ਅਸੀਂ ਡਿਪੋਰਟ ਹੋਣ ਵਾਲਿਆਂ ਦੀ ਸਵੈ-ਇੱਛਤ ਵਾਪਸੀ ਦਾ ਸਮਰਥਨ ਕਰ ਰਹੇ ਹਾਂ, ਪਰ ਜੋ ਲੋਕ ਵਾਪਸਨ ਨਹੀਂ ਜਾਣਾ ਚਾਹੁੰਦੇ ਉਨ੍ਹਾਂ ਲਈ ਸੁਰੱਖਿਅਤ ਵਿਕਲਪਾਂ ਦੀ ਪਛਾਣ ਕਰ ਰਹੇ ਹਾਂ।"
ਉਨ੍ਹਾਂ ਦਾਅਵਾ ਕੀਤਾ, "ਹਾਲਾਂਕਿ ਸਾਡੀ ਪਰਵਾਸੀਆਂ ਨੂੰ ਹਿਰਾਸਤ 'ਚ ਰੱਖਣ ਜਾਂ ਉਨ੍ਹਾਂ ਦੀ ਆਵਾਜਾਈ 'ਤੇ ਪਾਬੰਦੀ ਲਾਉਣ ਵਿੱਚ ਕੋਈ ਸਿੱਧੀ ਸ਼ਮੂਲੀਅਤ ਨਹੀਂ ਹੈ, ਅਸੀਂ ਇਹ ਯਕੀਨੀ ਬਣਾਉਣ ਲਈ ਵਚਨਬੱਧ ਹਾਂ ਕਿ ਸਾਰੇ ਪਰਵਾਸੀਆਂ ਨਾਲ ਸਨਮਾਨ ਅਤੇ ਕੌਮਾਂਤਰੀ ਮਾਪਦੰਡਾਂ ਮੁਤਾਬਕ ਵਿਵਹਾਰ ਕੀਤਾ ਜਾਵੇ।"
ਅਬਰੇਗੋ ਨੇ ਇਹ ਵੀ ਕਿਹਾ ਕਿ ਪਰਵਾਸੀਆਂ ਦੀ ਰਿਹਾਇਸ਼ ਲਈ ਡੇਕਾਪੋਲਿਸ ਹੋਟਲ ਨੂੰ ਇਸ ਦੀ ਵੱਧ ਲੋਕਾਂ ਨੂੰ ਰੱਖਣ ਦੀ ਸਮਰੱਥਾ ਕਾਰਨ ਚੁਣਿਆ ਗਿਆ ਸੀ।
ਇੱਕ ਹੋਰ ਸੀਨੀਅਰ ਅਧਿਕਾਰੀ ਨੇ ਕਿਹਾ, "ਹੋਰ ਪਰਵਾਸੀਆਂ ਦੇ ਆਉਣ ਦੀ ਉਮੀਦ ਨਹੀਂ ਹੈ। ਕਿਉਂਕਿ ਅਮਰੀਕਾ ਨਾਲ ਇਸ ਤਰ੍ਹਾਂ ਦੀਆਂ ਹੋਰ ਉਡਾਣਾਂ 'ਤੇ ਸਹਿਮਤੀ ਨਹੀਂ ਬਣੀ ਹੈ।"
ਪਨਾਮਾ ਨਹਿਰ ਦੀ ਪ੍ਰਭੂਸੱਤਾ ਨੂੰ 'ਮੁੜ ਪ੍ਰਾਪਤ' ਕਰਨ ਦੀਆਂ ਟਰੰਪ ਦੀਆਂ ਧਮਕੀਆਂ 'ਤੇ ਤਣਾਅ ਵਧਣ ਕਾਰਨ ਅਮਰੀਕੀ ਵਿਦੇਸ਼ ਮੰਤਰੀ ਮਾਰਕੋ ਰੂਬੀਓ ਦੇ ਦੇਸ਼ ਦੇ ਦੌਰੇ ਤੋਂ ਬਾਅਦ ਪਨਾਮਾ ਦੇਸ਼ ਨਿਕਾਲੇ ਲਈ ਇੱਕ 'ਪੁਲֹ' ਦੇਸ਼ ਬਣਨ ਲਈ ਸਹਿਮਤ ਹੋ ਗਿਆ।
ਡਿਰੋਕਟ ਹੋਏ ਕੁਝ ਲੋਕਾਂ ਲਈ ਵਾਪਸ ਜਾਣਾ ਔਖਾ ਕਿਉਂ
ਅਮਰੀਕਾ ਦੇ ਇੱਕ ਥਿੰਕ ਟੈਂਕ ਮਾਈਗ੍ਰੇਸ਼ਨ ਪਾਲਿਸੀ ਇੰਸਟੀਚਿਊਟ ਦੇ ਇੱਕ ਸੀਨੀਅਰ ਖੋਜਕਰਤਾ ਮੁਜ਼ੱਫਰ ਚਿਸ਼ਤੀ ਨੇ ਕਿਹਾ ਕਿ ਬਹੁਤ ਸਾਰੇ ਡਿਪੋਰਟ ਹੋਏ ਲੋਕ ਉਨ੍ਹਾਂ ਦੇਸ਼ਾਂ ਤੋਂ ਆਉਂਦੇ ਹਨ ਜੋ ਅਮਰੀਕਾ ਤੋਂ ਡਿਪੋਰਟ ਕੀਤੇ ਗਏ ਨਾਗਰਿਕਾਂ ਦੀ ਵਾਪਸੀ ਨੂੰ ਸਵੀਕਾਰ ਕਰਨ ਲਈ ਤਿਆਰ ਨਹੀਂ ਹਨ।
ਉਨ੍ਹਾਂ ਨੇ ਬੀਬੀਸੀ ਨੂੰ ਦੱਸਿਆ, "ਇਸਦਾ ਅਰਥ ਹੈ ਉਨ੍ਹਾਂ ਸਰਕਾਰਾਂ ਨਾਲ ਨਿਰੰਤਰ ਕੂਟਨੀਤਕ ਗੱਲਬਾਤ ਜਾਰੀ ਰਹੇ।"
"ਉਨ੍ਹਾਂ ਨੂੰ ਪਨਾਮਾ ਭੇਜ ਕੇ, ਅਮਰੀਕਾ ਤਸਵੀਰ ਤੋਂ ਬਾਹਰ ਹੋ ਗਿਆ ਹੈ। ਇਹ ਪਨਾਮਾ ਲਈ ਸਿਰਦਰਦੀ ਹੈ ਕਿ ਉਹ ਪਰਵਾਸੀਆਂ ਨਾਲ ਗੱਲਬਾਤ ਦੀ ਜ਼ਿੰਮੇਵਾਰੀ ਸੰਭਾਲੇ ਅਤੇ ਉਨ੍ਹਾਂ ਨੂੰ ਮੂਲ ਦੇਸ਼ਾਂ ਵਿੱਚ ਵਾਪਸ ਪਹੁੰਚਾਉਣ ਲਈ ਸਹਿਮਤ ਕਰਵਾਏ।"
ਇਸ ਹਫ਼ਤੇ, ਅਮਰੀਕਾ ਤੋਂ ਡਿਪੋਰਟ ਹੋਏ ਲੋਕਾਂ ਨੂੰ ਲੈ ਕੇ ਜਾਣ ਵਾਲੀ ਇੱਕ ਉਡਾਣ ਵੀਰਵਾਰ ਨੂੰ ਕੋਸਟਾ ਰੀਕਾ ਪਹੁੰਚੀ ਸੀ, ਜੋ ਕਿ ਇੱਕ ਹੋਰ ਮੱਧ ਅਮਰੀਕੀ ਦੇਸ਼ ਹੈ ਜਿਸਨੇ ਵਾਸ਼ਿੰਗਟਨ ਨਾਲ ਡਿਪੋਰਟ ਹੋਏ ਲੋਕਾਂ ਲਈ ਇੱਕ 'ਪੁਲ' ਦਾ ਕੰਮ ਕਰਨ ਲਈ ਸਹਿਮਤੀ ਦਿੱਤੀ ਹੈ।
ਕੁਝ ਪਰਵਾਸੀਆਂ ਨੂੰ ਸੰਘਣੇ ਜੰਗਲੀ ਇਲਾਕੇ 'ਚ ਭੇਜਿਆ ਗਿਆ
ਪਨਾਮਾ ਦੇ ਸੁਰੱਖਿਆ ਮੰਤਰਾਲੇ ਨੇ ਇੱਕ ਬਿਆਨ ਜਾਰੀ ਕਰਕੇ ਦੇਸ਼ ਨਿਕਾਲਾ ਦਿੱਤੇ ਗਏ ਪਰਵਾਸੀਆਂ ਬਾਰੇ ਜਾਣਕਾਰੀ ਦਿੱਤੀ ਹੈ।
ਬਿਆਨ ਵਿੱਚ ਮੰਤਰਾਲੇ ਨੇ ਕਿਹਾ ਕਿ ਹਾਲ ਹੀ ਦੇ ਦਿਨਾਂ ਵਿੱਚ ਅਮਰੀਕਾ ਤੋਂ ਡਿਪੋਰਟ ਕੀਤੇ ਗਏ 299 ਪਰਵਾਸੀਆਂ ਵਿੱਚੋਂ, 13 ਨੂੰ ਉਨ੍ਹਾਂ ਦੇ ਮੂਲ ਦੇਸ਼ਾਂ ਵਿੱਚ ਵਾਪਸ ਭੇਜ ਦਿੱਤਾ ਗਿਆ ਸੀ, ਜਦੋਂ ਕਿ ਹੋਰ 175 ਪਨਾਮਾ ਸਿਟੀ ਦੇ ਹੋਟਲ ਵਿੱਚ ਰਹਿ ਰਹੇ ਹਨ। ਇਹ ਉਹ ਲੋਕ ਹਨ ਜੋ ਆਪਣੇ ਮੂਲ ਦੇਸ਼ ਵਾਪਸ ਜਾਣ ਲਈ ਸਹਿਮਤ ਹੋਣ ਤੋਂ ਬਾਅਦ ਅੱਗੇ ਦੀ ਯਾਤਰਾ ਦੀ ਉਡੀਕ ਕਰ ਰਹੇ ਸਨ।
ਸੁਰੱਖਿਆ ਮੰਤਰਾਲੇ ਦੇ ਬਿਆਨ ਵਿੱਚ ਕਿਹਾ ਗਿਆ ਹੈ ਕਿ 97 ਪ੍ਰਵਾਸੀਆਂ ਨੂੰ ਡੇਰੀਅਨ ਜੰਗਲ ਦੇ ਇਲਾਕੇ ਵਿੱਚ ਮੌਜੂਦ ਇੱਕ ਪਨਾਹਗਾਹ ਵਿੱਚ ਭੇਜਿਆ ਗਿਆ ਹੈ। ਇਸ ਇਲਾਕੇ ਵਿੱਚ ਸੰਘਣਾ ਜੰਗਲ ਹੈ ਜੋ ਮੱਧ ਅਮਰੀਕਾ ਨੂੰ ਦੱਖਣੀ ਅਮਰੀਕਾ ਤੋਂ ਅਲੱਗ ਕਰਦਾ ਹੈ। ਇਸ ਜੰਗਲ ਵਿੱਚ ਕਾਨੂੰਨ ਵਿਵਸਥਾ ਵੀ ਨਹੀਂ ਹੈ।
ਹਾਲ ਹੀ ਦੇ ਸਾਲਾਂ ਵਿੱਚ ਅਮਰੀਕਾ ਪਹੁੰਚਣ ਦਾ ਇਰਾਦਾ ਰੱਖਦੇ ਲੱਖਾਂ ਪਰਵਾਸੀ ਇਸ ਜੰਗਲ ਵਿੱਚ ਦੀ ਹੋ ਕੇ ਹੀ ਅਮਰੀਕਨ ਸਰਹੱਦ ਪਾਰ ਕਰਦੇ ਸਨ।
ਬਿਆਨ ਵਿੱਚ ਅੱਗੇ ਕਿਹਾ ਗਿਆ ਹੈ ਕਿ ਅੱਠ ਹੋਰ ਪਰਵਾਸੀਆਂ ਨੂੰ ਜਲਦੀ ਹੀ ਉੱਥੇ ਭੇਜਿਆ ਜਾਵੇਗਾ।
ਮਨੁੱਖੀ ਅਧਿਕਾਰ ਸਮੂਹਾਂ ਨੇ ਇਸ ਪ੍ਰਕਿਰਿਆ ਦੀ ਆਲੋਚਨਾ ਕੀਤੀ ਗਈ ਹੈ। ਉਨ੍ਹਾਂ ਨੇ ਚਿੰਤਾ ਪ੍ਰਗਟਾਈ ਹੈ ਕਿ ਉੱਥੇ ਪਰਵਾਸੀਆਂ ਨਾਲ ਦੁਰਵਿਵਹਾਰ ਕੀਤਾ ਜਾ ਸਕਦਾ ਹੈ।
ਅਲੋਚਕਾਂ ਦਾ ਕਹਿਣਾ ਹੈ ਕਿ ਜੇਕਰ ਡਿਪੋਰਟ ਹੋਏ ਲੋਕ ਜੰਗ ਪ੍ਰਭਾਵਿਤ ਦੇਸ਼ਾਂ, ਜਿਵੇਂ ਕਿ ਅਫ਼ਗਾਨਿਸਤਾਨ ਵਿੱਚ ਵਾਪਸ ਚਲੇ ਜਾਂਦੇ ਹਨ ਤਾਂ ਉਨ੍ਹਾਂ ਦੀ ਸੁਰੱਖਿਆ ਵੀ ਖ਼ਤਰੇ ਵਿੱਚ ਹੋ ਸਕਦੀ ਹੈ।
ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ