ਇੰਦਰਾ ਗਾਂਧੀ ਨੂੰ ਗੋਲ਼ੀਆਂ ਲੱਗਣ ਮਗਰੋਂ ਜਦੋਂ ਹਸਪਤਾਲ ਲਿਆਂਦਾ ਗਿਆ ਤਾਂ ਕੀ ਮੰਜ਼ਰ ਸੀ, ਏਮਜ਼ ਦੀ ਤਤਕਾਲੀ ਮੁਖੀ ਦੀ ਜ਼ਬਾਨੀ ਉਸ ਦਿਨ ਦੀ ਕਹਾਣੀ

    • ਲੇਖਕ, ਅਵਤਾਰ ਸਿੰਘ
    • ਰੋਲ, ਬੀਬੀਸੀ ਪੱਤਰਕਾਰ

ਦਿੱਲੀ ਦੇ ਨਿਊ ਫਰੈਂਡਸ ਕਲੋਨੀ ਇਲਾਕੇ ਵਿੱਚ ਰਹਿੰਦੇ 95 ਸਾਲਾ ਡਾਕਟਰ ਸਨੇਹ ਭਾਰਗਵ 31 ਅਕਤੂਬਰ 1984 ਦੀ ਉਸ ਸਵੇਰ ਨੂੰ ਯਾਦ ਕਰਦਿਆਂ ਅੱਜ ਵੀ ਕੋਈ ਦ੍ਰਿਸ਼ ਨਹੀਂ ਭੁੱਲਦੇ, ਜਦੋਂ ਉਨ੍ਹਾਂ ਦਾ ਏਮਜ਼ ਵਿੱਚ ਡਾਇਰੈਕਟਰ ਦੇ ਤੌਰ 'ਤੇ ਪਹਿਲਾ ਦਿਨ ਸੀ ਅਤੇ ਅਚਾਨਕ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਨੂੰ ਹਸਪਤਾਲ ਲਿਆਂਦਾ ਗਿਆ, ਜਿਨ੍ਹਾਂ ਨੂੰ ਗੋਲ਼ੀਆਂ ਲੱਗੀਆਂ ਹੋਈਆਂ ਸਨ।

ਡਾਕਟਰ ਸਨੇਹ ਭਾਰਗਵ ਦੱਸਦੇ ਹਨ, ''ਇਹ 31 ਅਕਤੂਬਰ, 1984 ਦੀ ਇੱਕ ਆਮ ਵਰਗੀ ਰੁਝੇਵਿਆਂ ਭਰੀ ਸਵੇਰ ਸੀ। ਮੈਂ ਰੈਡੀਓਲਾਜੀ ਵਿਭਾਗ ਵਿੱਚ ਇੱਕ ਮਹੱਤਵਪੂਰਨ ਕੇਸ 'ਤੇ ਚਰਚਾ ਕਰ ਰਹੀ ਸੀ। ਪਰ ਇੱਕ ਰੇਡੀਓਗ੍ਰਾਫ਼ਰ ਭੱਜਿਆ ਹੋਇਆ ਆਇਆ ਅਤੇ ਕਹਿਣ ਲੱਗਾ ਕਿ ਪ੍ਰਧਾਨ ਮੰਤਰੀ ਕੈਜ਼ੁਐਲਿਟੀ (ਐਂਮਰਜੈਂਸੀ) ਵਿੱਚ ਆਏ ਹਨ। ਮੈਂ ਸੋਚਿਆ ਪ੍ਰਧਾਨ ਮੰਤਰੀ ਬਿਨ੍ਹਾਂ ਸੁਰੱਖਿਆ ਅਤੇ ਜਾਣਕਾਰੀ ਦੇ ਨਹੀਂ ਆ ਸਕਦੇ। ਇਹ ਪ੍ਰੋਟੋਕਾਲ ਨਹੀਂ ਹੈ। ਮੈਨੂੰ ਲੱਗਾ ਕੁਝ ਗੜਬੜ ਹੈ।''

''ਮੈਂ ਭੱਜ ਕੇ ਕੈਜ਼ੁਐਲਿਟੀ (ਵਿਭਾਗ) ਵਿੱਚ ਗਈ। ਉੱਥੇ ਦੋ ਨੌਜਵਾਨ ਡਾਕਟਰ ਘਬਰਾਏ ਹੋਏ ਬੈਠੇ ਸਨ। ਮੈਂ ਪੁੱਛਿਆ ਪ੍ਰਧਾਨ ਮੰਤਰੀ ਕਿੱਥੇ ਹਨ ਤਾਂ ਉਨ੍ਹਾਂ ਨੇ ਉਂਗਲ ਕਰਕੇ ਟਰਾਲੀ ਵੱਲ ਇਸ਼ਾਰਾ ਕੀਤਾ, ਜਿਸ ਉੱਪਰ ਇੰਦਰਾ ਗਾਂਧੀ ਬਿਨ੍ਹਾਂ ਚਾਦਰ ਦੇ ਪਏ ਸਨ।''

ਇਸ ਘਟਨਾ ਦੇ ਕਰੀਬ ਚਾਰ ਦਹਾਕਿਆਂ ਬਾਅਦ ਡਾਕਟਰ ਸਨੇਹ ਭਾਰਗਵ ਨੇ ਆਪਣੀਆਂ ਯਾਦਾਂ ਬਾਰੇ ਹਾਲ ਹੀ ਵਿੱਚ ਇੱਕ ਕਿਤਾਬ ਲਿਖੀ ਹੈ। ਇਹ ਕਿਤਾਬ 'ਦਿ ਵੂਮੈਨ ਹੂ ਰੈਨ ਏਮਜ਼' ਸਿਰਲੇਖ ਹੇਠ ਛਪੀ ਹੈ।

'ਇੰਦਰਾ ਗਾਂਧੀ ਖੂਨ ਨਾਲ ਲਥਪਥ ਸਨ'

ਪੰਜਾਬ ਦੇ ਫ਼ਿਰੋਜ਼ਪੁਰ ਵਿੱਚ 1930 ਵਿੱਚ ਜਨਮੇ ਡਾਕਟਰ ਸਨੇਹ ਭਾਰਗਵ 1984 ਤੋਂ 1990 ਤੱਕ ਏਮਜ਼ ਦੇ ਪਹਿਲੇ ਮਹਿਲਾ ਡਾਇਰੈਕਟਰ ਰਹੇ।

ਉਸ ਦਿਨ ਨੂੰ ਯਾਦ ਕਰਦਿਆਂ ਡਾਕਟਰ ਸਨੇਹ ਦੱਸਦੇ ਹਨ, ''ਇੰਦਰਾ ਗਾਂਧੀ ਖੂਨ ਨਾਲ ਲਥਪਥ ਸਨ। ਮੈਂ ਉਨ੍ਹਾਂ ਦਾ ਮੂੰਹ ਦੇਖਿਆ। ਮੈਨੂੰ ਉਨ੍ਹਾਂ ਦੇ ਥੋੜ੍ਹੇ ਜਿਹੇ ਚਿੱਟੇ ਵਾਲ ਦਿਖਾਈ ਦਿੱਤੇ, ਜੋ ਉਨ੍ਹਾਂ ਨੇ (ਖਾਸ ਤੌਰ 'ਤੇ) ਰੱਖੇ ਹੋਏ ਸਨ। ਇਹ ਪ੍ਰਧਾਨ ਮੰਤਰੀ ਦੀ ਹਾਲਤ ਸੀ। ਟਰਾਲੀ ਉੱਪਰ ਵੀ ਗੋਲੀਆਂ ਪਈਆਂ ਹੋਈਆਂ ਸਨ।''

ਭਾਰਤੀ ਫੌਜ ਨੇ ਜੂਨ 1984 ਵਿੱਚ ਸਿੱਖਾਂ ਦੇ ਕੇਂਦਰੀ ਧਾਰਮਿਕ ਅਸਥਾਨ ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਉੱਤੇ ਫੌਜੀ ਹਮਲਾ ਕੀਤਾ ਸੀ, ਜਿਸ ਨੂੰ ਆਪ੍ਰੇਸ਼ਨ ਬਲੂ ਸਟਾਰ ਕਿਹਾ ਜਾਂਦਾ ਹੈ।

ਭਾਰਤ ਸਰਕਾਰ ਦੇ ਦਾਅਵੇ ਮੁਤਾਬਕ ਇਹ ਫੌਜੀ ਕਾਰਵਾਈ ਜਰਨੈਲ ਸਿੰਘ ਭਿੰਡਰਾਂਵਾਲੇ ਅਤੇ ਉਨ੍ਹਾਂ ਦੇ ਹਥਿਆਰਬੰਦ ਸਾਥੀਆਂ ਨੂੰ ਦਰਬਾਰ ਸਾਹਿਬ ਕੰਪਲੈਕਸ ਵਿੱਚੋਂ ਬਾਹਰ ਕੱਢਣ ਲਈ ਕੀਤੀ ਗਈ ਸੀ।

ਉਸ ਦੇ ਕਰੀਬ ਪੰਜ ਮਹੀਨੇ ਬਾਅਦ 31 ਅਕਤੂਬਰ, 1984 ਨੂੰ ਮਰਹੂਮ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਦਾ ਦਿੱਲੀ ਵਿੱਚ ਉਨ੍ਹਾਂ ਦੀ ਰਿਹਾਇਸ਼ ਉੱਤੇ ਉਨ੍ਹਾਂ ਦੇ ਸਿੱਖ ਨਿੱਜੀ ਅੰਗ ਰੱਖਿਅਕਾਂ ਨੇ ਕਤਲ ਕਰ ਦਿੱਤਾ ਸੀ।

ਇੰਦਰਾ ਗਾਂਧੀ ਨੂੰ ਗੋਲੀਆਂ ਲੱਗਣ ਤੋਂ ਬਾਅਦ ਆਲ ਇੰਡੀਆ ਇੰਸਟੀਚਿਊਟ ਆਫ਼ ਮੈਡੀਕਲ ਸਾਇੰਸਜ਼ (ਏਮਜ਼) ਲਿਜਾਇਆ ਗਿਆ ਸੀ।

ਆਪ੍ਰੇਸ਼ਨ ਬਲੂ ਸਟਾਰ ਤੋਂ 5 ਮਹੀਨਿਆਂ ਬਾਅਦ ਇੰਦਰਾ ਗਾਂਧੀ ਦਾ ਕਤਲ

ਇੰਦਰਾ ਗਾਂਧੀ ਭਾਰਤ ਦੇ ਪਹਿਲੇ ਪ੍ਰਧਾਨ ਮੰਤਰੀ, ਜਵਾਹਰ ਲਾਲ ਨਹਿਰੂ ਦੇ ਧੀ ਸਨ।

ਉਨ੍ਹਾਂ ਨੇ ਜੂਨ 1975 ਤੋਂ ਮਾਰਚ 1977 ਤੱਕ 21 ਮਹੀਨਿਆਂ ਦੀ ਮਿਆਦ ਲਈ ਐਮਰਜੈਂਸੀ ਲਾਗੂ ਕੀਤੀ ਸੀ।

ਵੀਹਵੀਂ ਸਦੀ ਦੇ ਅੱਠਵੇਂ ਦਹਾਕੇ ਦੇ ਸ਼ੁਰੂਆਤੀ ਸਾਲਾਂ ਵਿੱਚ ਦਮਦਮੀ ਟਕਸਾਲ ਦੇ ਮੁਖੀ ਜਰਨੈਲ ਸਿੰਘ ਭਿੰਡਰਾਂਵਾਲੇ ਸਿੱਖਾਂ ਦੇ ਮਸਲੇ ਬੇਬਾਕੀ ਨਾਲ ਚੁੱਕਣ ਕਾਰਨ ਸਿਆਸਤ ਦੇ ਕੇਂਦਰ ਬਿੰਦੂ ਬਣ ਚੁੱਕੇ ਸਨ।

1984 ਵਿੱਚ ਇੰਦਰਾ ਗਾਂਧੀ ਨੇ ਅੰਮ੍ਰਿਤਸਰ ਵਿੱਚ ਸਿੱਖਾਂ ਦੇ ਧਾਰਮਿਕ ਸਥਾਨ ਹਰਿਮੰਦਰ ਸਾਹਿਬ ਵਿੱਚ ਜਰਨੈਲ ਸਿੰਘ ਭਿੰਡਰਾਂਵਾਲੇ ਤੇ ਉਨ੍ਹਾਂ ਦੇ ਸਾਥੀਆਂ ਵਿਰੁੱਧ ਇੱਕ ਵੱਡੀ ਫੌਜੀ ਕਾਰਵਾਈ ਦਾ ਹੁਕਮ ਦਿੱਤਾ।

ਆਪ੍ਰੇਸ਼ਨ ਬਲੂ ਸਟਾਰ ਵਜੋਂ ਜਾਣੀ ਜਾਂਦੀ ਇਸ ਫੌਜੀ ਕਾਰਵਾਈ ਦੌਰਾਨ ਲਗਭਗ 400 ਲੋਕ ਮਾਰੇ ਗਏ ਸਨ, ਜਿਨ੍ਹਾਂ ਵਿੱਚ ਫੌਜੀ ਅਤੇ ਸ਼ਰਧਾਲੂ ਸ਼ਾਮਲ ਸਨ। ਸਿੱਖ ਸਮੂਹ ਇਸ ਅੰਕੜੇ 'ਤੇ ਵਿਵਾਦ ਕਰਦੇ ਹਨ, ਅਤੇ ਦਾਅਵਾ ਕਰਦੇ ਹਨ ਕਿ ਇਸ ਕਾਰਵਾਈ ਵਿੱਚ ਹਜ਼ਾਰਾਂ ਲੋਕ ਮਾਰੇ ਗਏ ਸਨ।

ਇਸ ਕਾਰਵਾਈ ਦੇ ਕੁਝ ਮਹੀਨਿਆਂ ਦੇ ਅੰਦਰ ਹੀ ਇੰਦਰਾ ਗਾਂਧੀ ਨੂੰ ਉਨ੍ਹਾਂ ਦੇ ਸਿੱਖ ਸੁਰੱਖਿਆ ਮੁਲਾਜ਼ਮਾਂ ਵੱਲੋਂ ਕਤਲ ਕਰ ਦਿੱਤਾ ਗਿਆ ਸੀ।

ਏਮਜ਼ 'ਚ ਡਕਟਰਾਂ ਨੇ ਕੀ ਯਤਨ ਕੀਤੇ

ਡਾਕਟਰ ਸਨੇਹ ਭਾਰਗਵ ਦੱਸਦੇ ਹਨ ਕਿ ਦੋ ਮਿੰਟ ਵਿੱਚ ਦੋ ਸਰਜਨ ਬੁਲਾਏ ਗਏ ਜਿਨ੍ਹਾਂ ਨੇ ਇੰਦਰਾ ਗਾਂਧੀ ਨੂੰ ਚੈੱਕ ਕੀਤਾ।

ਉਹ ਕਹਿੰਦੇ ਹਨ, ''ਮੈਨੂੰ ਕਿਹਾ ਗਿਆ ਕਿ ਨਬਜ਼ ਤਾਂ ਇਸ ਸਮੇਂ ਨਹੀਂ ਚੱਲ ਰਹੀ ਪਰ ਜੇਕਰ ਦਿਲ ਤੇ ਫੇਫੜਿਆਂ ਦੀ ਮਸ਼ੀਨ 'ਤੇ ਰੱਖ ਦਿੱਤਾ ਜਾਵੇ ਤਾਂ ਸ਼ਾਇਦ ਕੁਝ ਹੋ ਸਕਦਾ ਹੈ। ਮੈਂ ਕਿਹਾ ਕਿ ਫਿਰ ਇੰਤਜ਼ਾਰ ਕਿਸ ਗੱਲ ਦਾ ਹੈ, ਭੱਜ ਕੇ ਜਾਓ। ਅਸੀਂ ਫਟਾਫਟ ਪ੍ਰਧਾਨ ਮੰਤਰੀ ਨੂੰ ਆਪ੍ਰੇਸ਼ਨ ਥਿਏਟਰ ਵਿੱਚ ਲਿਜਾ ਕੇ ਸਰਜਨ ਨੂੰ ਸੌਂਪ ਦਿੱਤਾ।''

ਡਾਕਟਰ ਸਨੇਹ ਦੱਸਦੇ ਕਿ ਇੰਦਰਾ ਗਾਂਧੀ ਦਾ ਬਲੱਡ ਗਰੁੱਪ ਬੀ-ਨੈਗੇਟਿਵ ਸੀ ਜੋ ਕਿ ਬਹੁਤ ਘੱਟ ਪਾਇਆ ਜਾਂਦਾ ਹੈ। ਉਨ੍ਹਾਂ ਕੋਲ ਫਰਿੱਜ ਵਿੱਚ ਬਹੁਤ ਘੱਟ ਬੋਤਲਾਂ ਸਨ। ਅਜਿਹੇ ਵਿੱਚ ਡਾਕਟਰ ਓ ਨੈਗੇਟਿਵ ਦੀ ਵਰਤੋਂ ਕਰਦੇ ਹਨ।

ਉਹ ਅੱਗੇ ਕਹਿੰਦੇ ਹਨ, ''ਮੈਡੀਕਲ ਸੁਪਰੀਟੈਂਡੈਂਟ ਨੇ ਦਿੱਲੀ ਦੇ ਸਾਰੇ ਹਸਪਤਾਲਾਂ ਵਿੱਚੋਂ ਖੂਨ ਇਕੱਠਾ ਕਰਨਾ ਸ਼ੁਰੂ ਕੀਤਾ। ਗਰਦਨ ਤੋਂ ਇੱਕ ਪਾਸੇ ਉਨ੍ਹਾਂ ਨੂੰ ਖੂਨ ਚੜ੍ਹਾ ਰਹੇ ਸੀ ਜੋ ਹੇਠਾਂ ਤੋਂ ਬਾਹਰ ਨਿਕਲੀ ਜਾ ਰਿਹਾ ਸੀ।''

ਸੋਨੀਆ ਗਾਂਧੀ ਦੀ ਕੀ ਹਾਲਤ ਸੀ?

ਜਦੋਂ ਇੰਦਰਾ ਗਾਂਧੀ ਉੱਪਰ ਗੋਲ਼ੀਆਂ ਚਲਾਈਆਂ ਗਈਆਂ ਤਾਂ ਉਸ ਸਮੇਂ ਉਨ੍ਹਾਂ ਦੇ ਪੁੱਤਰ ਰਾਜੀਵ ਗਾਂਧੀ ਪੱਛਮੀ ਬੰਗਾਲ ਵਿੱਚ ਚੋਣ ਪ੍ਰਚਾਰ ਕਰ ਰਹੇ ਸਨ।

ਜਦੋਂ ਇੰਦਰਾ ਗਾਂਧੀ ਨੂੰ ਹਸਪਤਾਲ ਲਿਆਂਦਾ ਗਿਆ ਤਾਂ ਉਨ੍ਹਾਂ ਦੇ ਪਿੱਛੇ ਰਾਜੀਵ ਗਾਂਧੀ ਦੇ ਪਤਨੀ ਸੋਨੀਆ ਗਾਂਧੀ ਅਤੇ ਉਨ੍ਹਾਂ ਦੇ ਬੱਚੇ ਵੀ ਉੱਥੇ ਪਹੁੰਚ ਗਏ ਸਨ।

ਡਾਕਟਰ ਸਨੇਹ ਭਾਰਗਵ ਦੱਸਦੇ ਹਨ, ''ਰਾਹੁਲ ਗਾਂਧੀ ਅਤੇ ਪ੍ਰਿਅੰਕਾ ਗਾਂਧੀ ਵੀ ਸੋਨੀਆ ਗਾਂਧੀ ਦੇ ਨਾਲ ਏਮਜ਼ ਆਏ ਸਨ ਪਰ ਬਾਅਦ ਵਿੱਚ ਦੋਵਾਂ ਬੱਚਿਆਂ ਨੂੰ ਤੇਜੀ ਬੱਚਨ ਦੇ ਘਰ ਭੇਜ ਦਿੱਤਾ ਗਿਆ ਅਤੇ ਸੋਨੀਆ ਗਾਂਧੀ ਉੱਥੇ ਹੀ ਬੈਠੇ ਰਹੇ। ਸੋਨੀਆ ਨੂੰ ਦਮੇ ਦਾ ਅਟੈਕ ਆ ਗਿਆ ਸੀ। ਫਿਰ ਉਨ੍ਹਾਂ ਨੂੰ ਦਵਾਈਆਂ ਦੇ ਕੇ ਠੀਕ ਕੀਤਾ ਗਿਆ। ਉਨ੍ਹਾਂ ਨੂੰ ਆਪ੍ਰੇਸ਼ਨ ਥਿਏਟਰ ਦੇ ਬਾਹਰ ਜੋ ਕਮਰੇ ਹੁੰਦੇ ਹਨ, ਉੱਥੇ ਬਿਠਾ ਦਿੱਤਾ ਗਿਆ।''

ਉਹ ਕਹਿੰਦੇ ਹਨ, ''ਮੇਰੀ ਜ਼ਿੰਮੇਵਾਰੀ ਸੀ ਕਿ ਸੋਨੀਆ ਨੂੰ ਦੇਖਾਂ। ਖ਼ਬਰ ਫੈਲਣ ਤੋਂ ਬਾਅਦ ਲੋਕ ਲਗਾਤਾਰ ਆ ਰਹੇ ਹਨ। ਮੈਂ ਸੋਨੀਆ ਤੋਂ ਪੁੱਛਦੀ ਸੀ ਕਿ ਕਿਸ ਨੂੰ ਆਉਣ ਦੇਣਾ ਹੈ ਅਤੇ ਕਿਸ ਨੂੰ ਨਹੀਂ।''

ਕੀ ਮੌਤ ਦੀ ਖ਼ਬਰ ਨਸ਼ਰ ਕਰਨ 'ਚ ਦੇਰੀ ਕੀਤੀ ਗਈ?

ਡਾਕਟਰ ਭਾਰਗਵ ਦੱਸਦੇ ਹਨ ਕਿ ਮੌਜੂਦਾ ਰਾਸ਼ਟਰਪਤੀ ਗਿਆਨੀ ਜ਼ੈਲ ਸਿੰਘ ਦੇਸ਼ ਤੋਂ ਬਾਹਰ ਸਨ। ਰਾਜੀਵ ਗਾਂਧੀ ਸਮੇਤ ਕੋਈ ਵੱਡੇ ਅਹੁਦੇਦਾਰ ਦਿੱਲੀ ਵਿੱਚ ਨਹੀਂ ਸਨ। ਹਾਲਾਂਕਿ ਇੰਦਰਾ ਗਾਂਧੀ ਦੇ ਨਿੱਜੀ ਸਕੱਤਰ ਆਰਕੇ ਧਵਨ ਅਤੇ ਰਾਜਨੀਤਿਕ ਸਲਾਹਕਾਰ ਮਾਖਨ ਲਾਲ ਫੋਟੇਦਾਰ ਹਸਪਤਾਲ ਵਿੱਚ ਪਹੁੰਚੇ ਹੋਏ ਸਨ।

ਡਾਕਟਰ ਭਾਰਗਵ ਕਹਿੰਦੇ ਹਨ, ''ਸਿਹਤ ਮੰਤਰੀ (ਬੀ. ਸ਼ੰਕਰਾਨੰਦ) ਅਤੇ ਕਾਂਗਰਸ ਦੇ ਹੋਰ ਆਗੂ ਇਕੱਠੇ ਹੋ ਕੇ ਬਹਿਸ ਕਰਦੇ ਰਹੇ। ਬਾਅਦ ਵਿੱਚ ਸਾਨੂੰ ਕਿਹਾ ਗਿਆ ਕਿ ਪਾਵਰ ਵੈਕਿਊਮ ਨਾ ਹੋਵੇ, ਇਸ ਲਈ ਤੁਸੀਂ ਐਲਾਨ ਨਹੀਂ ਕਰਨਾ ਕਿ ਉਨ੍ਹਾਂ ਦੀ ਮੌਤ ਹੀ ਗਈ ਹੈ।''

'ਗਿਆਨੀ ਜ਼ੈਲ ਸਿੰਘ ਡਰੇ ਹੋਏ ਸਨ'

ਇੰਦਰਾ ਗਾਂਧੀ ਦੀ ਮੌਤ ਦੀ ਖ਼ਬਰ ਨੇ ਦਿੱਲੀ ਅਤੇ ਦੇਸ਼ ਦੇ ਹੋਰ ਇਲਾਕਿਆਂ ਵਿੱਚ ਸਿੱਖ ਵਿਰੋਧੀ ਮਾਹੌਲ ਪੈਦਾ ਕਰ ਦਿੱਤਾ ਸੀ।

ਇਸ ਘਟਨਾ ਸਮੇਂ ਰਾਸ਼ਟਰਪਤੀ ਗਿਆਨੀ ਜ਼ੈਲ ਸਿੰਘ ਯਮਨ ਦੇਸ਼ ਦੀ ਯਾਤਰਾ 'ਤੇ ਸਨ। ਉਹ ਭਾਰਤ ਦੇ ਪਹਿਲੇ ਸਿੱਖ ਰਾਸ਼ਟਰਪਤੀ ਸਨ। ਇੰਦਰਾ ਗਾਂਧੀ ਦੀ ਮੌਤ ਦੀ ਖ਼ਬਰ ਸੁਣ ਕੇ ਉਹ ਤੁਰੰਤ ਵਾਪਿਸ ਭਾਰਤ ਪਹੁੰਚ ਗਏ।

ਡਾਕਟਰ ਭਾਰਗਵ ਆਪਣੀ ਕਿਤਾਬ ਵਿੱਚ ਲਿਖਦੇ ਹਨ ਕਿ ਗਿਆਨੀ ਜ਼ੈਲ ਸਿੰਘ ਸ਼ਾਮ 5 ਵੱਜ ਕੇ 20 ਮਿੰਟ ਦੇ ਕਰੀਬ ਹਸਪਤਾਲ ਪਹੁੰਚੇ ਸਨ, ਜੋ ਕਿ ਉਸ ਸਮੇਂ ਬਹੁਤ ਸਦਮੇ ਵਿੱਚ ਅਤੇ ਡਰੇ ਹੋਏ ਲੱਗ ਰਹੇ ਸਨ।

ਉਹ ਦੱਸਦੇ ਹਨ, ''ਜ਼ੈਲ ਸਿੰਘ ਡਰੇ ਵੀ ਹੋਏ ਸਨ ਕਿਉਂਕਿ ਇਹ ਖ਼ਬਰ ਫੈਲ ਗਈ ਸੀ ਕਿ ਸਿੱਖ ਸੁਰੱਖਿਆ ਮੁਲਾਜ਼ਮਾਂ ਨੇ ਹੀ ਗੋਲੀਆਂ ਚਲਾਈਆਂ ਹਨ। ਉਹ ਥੋੜ੍ਹੀ ਦੇਰ ਲਈ ਰੁਕੇ ਅਤੇ ਇਹ ਕਹਿ ਕੇ ਚਲੇ ਗਏ ਕਿ ਰਾਜੀਵ ਗਾਂਧੀ ਨੂੰ ਆ ਜਾਣ ਦੇਵੋ।''

ਰਾਜੀਵ ਗਾਂਧੀ ਦੀ ਕੀ ਹਾਲਤ ਸੀ?

ਇਸ ਕਿਤਾਬ ਵਿੱਚ ਡਾਕਟਰ ਸਨੇਹ ਭਾਰਗਵ ਲਿਖਦੇ ਹਨ ਕਿ ਜਦੋਂ ਰਾਜੀਵ ਗਾਂਧੀ ਹਸਪਤਾਲ ਪਹੁੰਚੇ ਤਾਂ ਉਹ ਥੋੜ੍ਹੇ ਸਮੇਂ ਲਈ ਸੋਨੀਆ ਗਾਂਧੀ ਨੂੰ ਮਿਲੇ।

ਰਾਜੀਵ ਗਾਂਧੀ ਦੀ ਹਾਲਤ ਬਾਰੇ ਉਹ ਲਿਖਦੇ ਹਨ, ''ਉਹ ਸਦਮੇ ਵਿੱਚ ਲੱਗ ਰਹੇ ਸਨ, ਪਰ ਸ਼ਾਂਤ ਨਜ਼ਰ ਆ ਰਹੇ ਸਨ।''

ਉਹ ਅੱਗੇ ਲਿਖਦੇ ਹਨ, ''ਬਾਅਦ ਵਿੱਚ, ਉਨ੍ਹਾਂ ਨੇ ਮੈਨੂੰ ਦੱਸਿਆ ਕਿ ਉਨ੍ਹਾਂ ਨੇ ਆਪਣੀ ਮਾਂ ਨੂੰ ਉਨ੍ਹਾਂ ਦੇ ਇੱਕ ਸਿੱਖ ਸੁਰੱਖਿਆ ਮੁਲਾਜ਼ਮ ਬਾਰੇ ਚੇਤਾਵਨੀ ਦਿੱਤੀ ਸੀ ਕਿਉਂਕਿ ਉਹ ਸ਼ੱਕੀ ਲੱਗ ਰਿਹਾ ਸੀ। ਉਹ ਆਪਣੀ ਮਾਂ ਦੀ ਮ੍ਰਿਤਕ ਦੇਹ ਕੋਲ ਜ਼ਿਆਦਾ ਦੇਰ ਨਹੀਂ ਰੁਕੇ।''

ਏਮਜ਼ ਦੇ ਸਿੱਖ ਸਟਾਫ਼ ਦਾ ਕੀ ਹਾਲ ਸੀ?

ਸਰਕਾਰ ਵੱਲੋਂ ਸਿੱਖ ਕਤਲੇਆਮ ਦੀ ਜਾਂਚ ਲਈ ਬਣਾਏ ਗਏ ਨਾਨਾਵਤੀ ਕਮਿਸ਼ਨ ਮੁਤਾਬਕ ਇਸ ਕਤਲੇਆਮ ਵਿੱਚ 2733 ਸਿੱਖਾਂ ਦਾ ਕਤਲ ਹੋਇਆ ਸੀ। ਹਾਲਾਂਕਿ ਸਰਕਾਰੀ ਅੰਕੜਿਆਂ ਅਤੇ ਸਿੱਖ ਜਥੇਬੰਦੀਆਂ ਦੇ ਦਾਅਵਿਆਂ ਵਿੱਚ ਫ਼ਰਕ ਹੈ।

ਡਾਕਟਰ ਭਾਰਗਵ ਆਪਣੀ ਕਿਤਾਬ ਵਿੱਚ ਲਿਖਦੇ ਹਨ ਕਿ ਬਹੁਤ ਸਾਰੇ ਲੋਕਾਂ ਨੂੰ ਅੱਗ ਕਾਰਨ ਸੜੀ ਹੋਈ ਹਾਲਤ ਵਿੱਚ ਏਮਜ਼ ਵੀ ਲਿਆਂਦਾ ਗਿਆ।

ਉਹ ਕਹਿੰਦੇ ਹਨ ਕਿ ਇੰਦਰਾ ਗਾਂਧੀ ਦੀ ਮੌਤ ਦੇ ਚੱਲਦਿਆਂ ਏਮਜ਼ ਵਿੱਚ ਕੰਮ ਕਰਦੇ ਸਿੱਖ ਕਰਮਚਾਰੀ ਵੀ ਘਬਰਾ ਗਏ ਸਨ।

ਉਹ ਦੱਸਦੇ ਹਨ, ''ਇੱਕ ਬਲੱਡ ਟ੍ਰਾਂਸਫਿਊਜ਼ਨ ਟੈਕਨੀਸ਼ੀਅਨ ਜੋ ਮਦਦ ਕਰ ਰਿਹਾ ਸੀ, ਉਹ ਵੀ ਸਿੱਖ ਸੀ। ਇਹ ਪਤਾ ਲੱਗਣ 'ਤੇ ਕਿ ਸਿੱਖਾਂ ਨੇ ਮਾਰਿਆ ਹੈ, ਉਹ ਘਬਰਾ ਗਿਆ ਅਤੇ ਇੱਕ ਦਮ ਆਪ੍ਰੇਸ਼ਨ ਥਿਏਟਰ ਤੋਂ ਭੱਜ ਗਿਆ। ਮੇਰੇ ਚੀਫ਼ ਰੇਡੀਓਗ੍ਰਾਫ਼ਰ ਵੀ ਸਰਦਾਰ ਸਨ। ਮੈਂ ਆਈਜੀ ਪੁਲਿਸ ਨੂੰ ਫੋਨ ਕੀਤਾ ਕਿ ਸਾਡੇ ਇੱਥੇ ਪੁਲਿਸ ਤਾਇਨਾਤ ਕਰ ਦੇਵੋ ਤਾਂ ਕਿ ਸਾਡਾ ਸਟਾਫ਼ ਸੁਰੱਖਿਅਤ ਮਹਿਸੂਸ ਕਰੇ।''

ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTER, WhatsApp ਅਤੇ YouTube 'ਤੇ ਜੁੜੋ।)