ਕੈਨੇਡਾ : ਯੁਵਰਾਜ ਗੋਇਲ ਕੌਣ ਹੈ, ਜਿਸ ਦੇ ਕਤਲ ਨੂੰ ਪੁਲਿਸ 'ਟਾਰਗੈਟ ਕਿਲਿੰਗ' ਦੱਸ ਰਹੀ, ਮਾਪਿਆਂ ਦਾ ਖ਼ਦਸ਼ਾ

ਕੈਨੇਡਾ ਦੇ ਸਰੀ ਵਿੱਚ ਲੁਧਿਆਣਾ ਦੇ ਇੱਕ 28 ਸਾਲਾ ਨੌਜਵਾਨ ਦਾ ਕਤਲ ਕਰ ਦਿੱਤਾ ਗਿਆ ਹੈ।

ਮਰਹੂਮ ਯੁਵਰਾਜ ਗੋਇਲ ਸਾਲ 2019 ਵਿੱਚ ਵਿਦਿਆਰਥੀ ਵੀਜ਼ੇ ਉੱਤੇ ਕੈਨੇਡਾ ਗਏ ਸਨ ਅਤੇ ਹਾਲ ਹੀ ਵਿੱਚ ਉਨ੍ਹਾਂ ਨੂੰ ਉੱਥੋਂ ਦੀ ਸਥਾਈ ਨਾਗਰਿਕਤਾ ਮਿਲੀ ਸੀ।

ਰੌਇਲ ਕੈਨੇਡੀਅਨ ਪੁਲਿਸ ਮੁਤਾਬਕ ਇਹ ਟਾਰਗੇਟਿਡ ਕਿਲਿੰਗ ਦਾ ਮਾਮਲਾ ਹੈ, ਅਤੇ ਸ਼ੱਕੀਆਂ ਖਿਲਾਫ ਸ਼ਨਿੱਚਰਵਾਰ ਨੂੰ ਪਹਿਲੇ ਦਰਜੇ ਦੇ ਕਤਲ ਦਾ ਮਾਮਲਾ ਦਰਜ ਕਰ ਲਿਆ ਗਿਆ ਹੈ।

ਯੁਵਰਾਜ ਗੋਇਲ ਸਰੀ ਵਿੱਚ ਇੱਕ ਸੇਲਜ਼ ਐਗਜ਼ਿਕਿਊਟਵ ਵਜੋਂ ਕੰਮ ਕਰਦੇ ਸਨ। ਉਹਨਾਂ ਨੂੰ ਸ਼ੁੱਕਰਵਾਰ ਗੋਲੀਆਂ ਮਾਰ ਕੇ ਮਾਰ ਦਿੱਤਾ ਗਿਆ ਸੀ।

ਯੁਵਰਾਜ ਦੇ ਪਿਤਾ ਦਾ ਲੱਕੜ ਦੀ ਟਾਲ ਹੈ ਜਦਕਿ ਮਾਂ ਇੱਕ ਘਰੇਲੂ ਸੁਆਣੀ ਹਨ।

ਘਟਨਾ 7 ਜੂਨ ਨੂੰ ਸਥਾਨਕ ਸਮੇਂ ਮੁਤਾਬਕ ਸਵੇਰੇ ਪੌਣੇ ਨੌਂ ਵਜੇ ਵਾਪਰੀ ਜਦੋਂ ਪੁਲਿਸ ਨੂੰ ਸਰੀ ਦੀ 164 ਸੜਕ ਦੇ 900 ਬਲਾਕ ਵਿੱਚ ਗੋਲੀ ਚੱਲਣ ਦੀ ਜਾਣਕਾਰੀ ਮਿਲੀ।

ਚਾਰ ਲੋਕ ਹਿਰਾਸਤ 'ਚ ਲਏ

ਪੁਲਿਸ ਨੇ ਚਾਰ ਸ਼ੱਕੀਆਂ ਨੂੰ ਹਿਰਾਸਤ ਵਿੱਚ ਲੈ ਲਿਆ ਹੈ। ਇਨ੍ਹਾਂ ਵਿੱਚੋਂ ਤਿੰਨ ਮਨਵੀਰ ਬਸਰਾਮ (23), ਸਾਹਿਬ ਬਸਰਾ (20) ਅਤੇ ਹਰਕੀਰਤ ਝੂਤੀ (23) ਸਰੀ ਤੋਂ ਹਨ ਜਦਕਿ ਕੀਲੋਨ ਫਰੈਂਕੋਇਸ (20) ਓਂਟਾਰੀਓ ਤੋਂ ਹੈ।

ਇੰਟੀਗ੍ਰੇਟਿਡ ਹੋਮੀਸਾਈਡ ਇਨਵੈਸਟੀਗੇਸ਼ਨ (ਆਈਐੱਚਆਈਟੀ) ਦੇ ਮੀਡੀਆ ਰਿਲੇਸ਼ਨ ਅਫ਼ਸਰ ਸਾਰਜੈਂਟ ਟਿਮੋਥੀ ਪਿਰੋਟੀ ਮੁਤਾਬਕ, "ਆਈਐੱਚਆਈਟੀ ਨੇ ਮਾਮਲੇ ਦੀ ਜਾਂਚ ਆਪਣੇ ਹੱਥ ਵਿੱਚ ਲੈ ਲਈ ਹੈ ਅਤੇ ਸਰੀ ਦੀ ਰੌਇਲ ਕੈਨੇਡੀਅਨ ਮਾਊਂਟਡ ਪੁਲਿਸ ਅਤੇ ਬੀਸੀ ਦੀ ਕੰਬਾਈਨਡ ਫੋਰਸਿਜ਼ ਸਪੈਸ਼ਲ ਇਨਫੋਰਸਮੈਂਟ ਯੂਨਿਟ ਦੇ ਨਾਲ ਮਿਲ ਕੇ ਜਾਂਚ ਕੀਤੀ ਜਾ ਰਹੀ ਹੈ।"

ਪੁਲਿਸ ਦੇ ਬਿਆਨ ਮੁਤਾਬਕ ਇਤਲਾਹ ਮਿਲਣ ਤੋਂ ਤੁਰੰਤ ਮਗਰੋਂ ਹੀ ਸ਼ੱਕੀਆਂ ਦੀ ਪਛਾਣ ਕਰਕੇ ਹਿਰਾਸਤ ਵਿੱਚ ਲੈ ਲਿਆ ਗਿਆ।"

ਪੁਲਿਸ ਮੁਤਾਬਕ ਮੁਢਲੀ ਜਾਂਚ ਤੋਂ ਇਹ ਟਾਰਗੇਟਿਡ ਕਿਲਿੰਗ ਲਗਦੀ ਹੈ ਪਰ ਅਸਲ ਇਰਾਦਾ ਕਤਲ ਅਜੇ ਜਾਂਚ ਦਾ ਵਿਸ਼ਾ ਹੈ।

ਹੋਮੀਸਾਈਡ ਇਨਵੈਸਟੀਗੇਸ਼ਨ ਜਾਂਚ ਟੀਮ ਨੇ ਸਵੇਰੇ ਅੱਠ ਵਜੇ ਤੋਂ ਨੌਂ ਵਜੇ ਦੇ ਦਰਮਿਆਨ ਉੱਥੋਂ ਲੰਘਣ ਵਾਲਿਆਂ ਨੂੰ ਪੁਲਿਸ ਨਾਲ ਸਹਿਯੋਗ ਦੀ ਅਪੀਲ ਕੀਤੀ ਹੈ।

ਕਿਹਾ ਗਿਆ ਹੈ ਕਿ ਜੇ ਕਿਸੇ ਕੋਲ ਕਾਰ ਦੇ ਡੈਸ਼ਬੋਰਡ ਦੀ ਫੁਟੇਜ ਹੋਵੇ ਤਾਂ ਉਹ ਹੋਮੀਸਾਈਡ ਜਾਂਚ ਟੀਮ ਨੂੰ ਫੋਨ ਜਾਂ ਈਮੇਲ ਰਾਹੀਂ ਸੂਚਿਤ ਕਰੇ।

'ਚਿੱਤ-ਚੇਤੇ ਵੀ ਨਹੀਂ ਸੀ ਕਿ ਅਜਿਹੀ ਖ਼ਬਰ ਮਿਲੇਗੀ'

ਲੁਧਿਆਣਾ ਤੋ ਬੀਬੀਸੀ ਸਹਿਯੋਗੀ ਗੁਰਮਿੰਦਰ ਸਿੰਘ ਗਰੇਵਾਲ ਮੁਤਾਬਕ ਸ਼ਹਿਰ ਦੇ ਪੱਖੋਵਾਲ ਰੋਡ ਉੱਤੇ ਰਿਸ਼ੀ ਨਗਰ ਦੇ ਵਾਸੀ ਰਜੇਸ਼ ਗੋਇਲ ਅਤੇ ਸ਼ੁਕੁਨ ਗੋਇਲ ਆਪਣੇ ਪੁੱਤਰ ਦੀ ਮੌਤ ਨਾਲ ਡੂੰਘੇ ਸਦਮੇ ਵਿੱਚ ਹਨ।

ਪਰਿਵਾਰ ਮੁਤਾਬਕ ਯੁਵਰਾਜ ਇਸ ਵੇਲੇ ਵਾਈਟ ਰੌਕ ਵੈਨਕੂਵਰ ਨੇੜੇ ਰਹਿ ਰਹੇ ਸਨ ਅਤੇ ਉਹਨਾਂ ਦੀ ਇਕਲੌਤੀ ਸੰਤਾਨ ਸੀ।

ਯੁਵਰਾਜ ਨੇ ਦਿੱਲੀ ਯੂਨੀਵਰਸਿਟੀ ਤੋਂ ਬੀ ਕਾਮ ਦੀ ਡਿਗਰੀ ਲਈ ਸੀ ਅਤੇ ਦੋ ਸਾਲ ਭਾਰਤ ਵਿੱਚ ਨੌਕਰੀ ਕਰਨ ਉਪਰੰਤ ਉਹ 2019 ਵਿੱਚ ਮਾਸਟਰ ਡਿਗਰੀ ਕਰਨ ਲਈ ਕੈਨੇਡਾ ਚਲੇ ਗਏ ਸਨ।

ਉੱਥੇ ਯੁਵਰਾਜ ਨੇ ਪੜ੍ਹਾਈ ਦੇ ਨਾਲ-ਨਾਲ ਕੰਮ ਵੀ ਕੀਤਾ ਅਤੇ ਕੁਝ ਚਿਰ ਪਹਿਲਾਂ ਪੜ੍ਹਾਈ ਖਤਮ ਕਰਕੇ ਵਰਕ ਪਰਮਿਟ ਲਿਆ ਅਤੇ ਹੁਣ ਕੁਝ ਦਿਨ ਪਹਿਲਾਂ ਹੀ ਉਸ ਦੀ ਪੀਆਰ ਉਸਨੂੰ ਮਿਲੀ ਸੀ।

ਯੁਵਰਾਜ ਦੇ ਇੱਕ ਰਿਸ਼ਤੇਦਾਰ ਜਤਿੰਦਰ ਨੇ ਬੀਬੀਸੀ ਨਾਲ ਫੋਨ ’ਤੇ ਗੱਲਬਾਤ ਕਰਦਿਆਂ ਦੱਸਿਆ ਕਿ ਉਹਨਾਂ ਨੂੰ ਚਿੱਤ ਚੇਤੇ ਵੀ ਨਹੀਂ ਸੀ ਕਿ ਅਜਿਹੀ ਖ਼ਬਰ ਆਵੇਗੀ।

ਜਤਿੰਦਰ ਨੇ ਦੱਸਿਆ, “ਇੱਕ ਦਿਨ ਪਹਿਲਾਂ ਯੁਵਰਾਜ ਆਪਣੀ ਡਿਊਟੀ ’ਤੇ ਨਾ ਪਹੁੰਚਿਆ ਅਤੇ ਜਦੋਂ ਉਸ ਦੀ ਕੰਪਨੀ ਦੇ ਇੱਕ ਕਰਮਚਾਰੀ ਅਤੇ ਉਨ੍ਹਾਂ ਦੇ ਇੱਕ ਰਿਸ਼ਤੇਦਾਰ ਨੇ ਯੁਵਰਾਜ ਦੇ ਘਰ ਜਾ ਕੇ ਦੇਖਿਆ ਤਾਂ ਉੱਥੇ ਕਨੇਡੀਅਨ ਪੁਲਿਸ ਤਾਇਨਾਤ ਸੀ ਅਤੇ ਜਿਸ ਨੇ ਉਨ੍ਹਾਂ ਨੂੰ ਦੱਸਿਆ ਕਿ ਕਿਸੇ ਨੇ ਯੁਵਰਾਜ ਦਾ ਕਤਲ ਕਰ ਦਿੱਤਾ ਹੈ।”

‘ਕਿਸੇ ਹੋਰ ਦੇ ਭੁਲੇਖੇ ਵਿੱਚ ਹੋਇਆ ਕਤਲ’

ਰਿਸ਼ਤੇਦਾਰਾਂ ਮੁਤਾਬਕ, “ਯੂਵਰਾਜ ਦੀ ਕਿਸੇ ਨਾਲ ਕੋਈ ਦੁਸ਼ਮਣੀ ਨਹੀਂ ਸੀ ਅਤੇ ਉਹ ਘਰ ਤੋਂ ਕੰਮ ਅਤੇ ਕੰਮ ਤੋਂ ਘਰ ਆਉਂਦਾ ਜਾਂਦਾ ਸੀ।"

ਉਹ ਦੱਸਦੇ ਹਨ ਕਿ ਉਨ੍ਹਾਂ ਨੂੰ ਲੱਗਦਾ ਹੈ ਕਿ ਮਾਰਨ ਵਾਲਿਆਂ ਦਾ ਨਿਸ਼ਾਨਾ ਕੋਈ ਹੋਰ ਸੀ ਪਰੰਤੂ ਉਨ੍ਹਾਂ ਨੇ ਗਲਤੀ ਨਾਲ ਯੁਵਰਾਜ ਦੀ ਹੱਤਿਆ ਕਰ ਦਿੱਤੀ।”

ਉਹਨਾਂ ਕਿਹਾ, “ਘਟਨਾ ਤੋਂ ਕੁਝ ਸਮਾਂ ਪਹਿਲਾਂ ਹੀ ਯੁਵਰਾਜ ਦੀ ਆਪਣੀ ਮਾਤਾ ਸ਼ੁਕੁਨ ਗੋਇਲ ਨਾਲ ਫੋਨ 'ਤੇ ਗੱਲ ਹੋਈ ਸੀ ਅਤੇ ਉਸਨੇ ਦੱਸਿਆ ਸੀ ਕਿ ਉਹ ਜਿੰਮ ਤੋਂ ਵਾਪਸ ਆ ਰਿਹਾ ਹੈ ਅਤੇ ਕੁਝ ਚਿਰ ਵਿੱਚ ਹੀ ਘਰ ਪਹੁੰਚ ਜਾਵੇਗਾ। ਉਸ ਨੇ ਆਪਣੀ ਮਾਤਾ ਨੂੰ ਇਹ ਵੀ ਕਿਹਾ ਕਿ ਹੁਣ ਇੰਡੀਆ ਵਿੱਚ ਕਾਫੀ ਟਾਈਮ ਹੋ ਚੁੱਕਾ ਹੈ ਅਤੇ ਤੁਸੀਂ ਸੌਂ ਜਾਓ।“

ਜਤਿੰਦਰ ਨੇ ਦੱਸਿਆ ਕਿ ਯੁਵਰਾਜ ਦੀ ਕਥਿਤ ਕਾਤਲਾਂ ਨਾਲ ਪਹਿਲਾਂ ਤੋਂ ਕੋਈ ਜਾਣ ਪਛਾਣ ਨਹੀਂ ਸੀ।

ਉਨ੍ਹਾਂ ਨੇ ਦੱਸਿਆ ਕਿ ਕੁਝ ਚਿਰ ਪਹਿਲਾਂ ਯੁਵਰਾਜ ਦੀ ਮਾਤਾ ਸ਼ਕੁਨ ਗੋਇਲ ਆਪਣੇ ਬੇਟੇ ਕੋਲ ਜਾ ਕੇ ਆਏ ਸਨ ਅਤੇ ਸਾਰਾ ਪਰਿਵਾਰ ਬੜਾ ਖੁਸ਼ ਸੀ।

ਰਿਸ਼ਤੇਦਾਰ ਮੁਤਾਬਕ ਉਹ ਨਵੇਂ ਬਣੇ ਕੇਂਦਰੀ ਮੰਤਰੀ ਰਵਨੀਤ ਸਿੰਘ ਬਿੱਟੂ ਨਾਲ ਸੰਪਰਕ ਕਰ ਰਹੇ ਹਨ ਤਾਂ ਕਿ ਆਪਣੇ ਪੁੱਤਰ ਦੀ ਲਾਸ਼ ਨੂੰ ਕਨੇਡਾ ਤੋਂ ਭਾਰਤ ਲਿਆ ਕੇ ਸਸਕਾਰ ਕੀਤਾ ਜਾ ਸਕੇ।

ਉਹਨਾਂ ਕਿਹਾ ਕਿ ਜੇਕਰ ਇਸ ਸਬੰਧੀ ਕੋਈ ਤਸੱਲੀਬਖਸ਼ ਗੱਲ ਨਾ ਹੋਈ ਤਾਂ ਉਸਦੇ ਮਾਤਾ-ਪਿਤਾ ਕਨੇਡਾ ਜਾ ਕੇ ਉਸਦਾ ਸਸਕਾਰ ਉੱਥੇ ਹੀ ਕਰਨ ਜਾਂ ਫਿਰ ਲਾਸ਼ ਭਾਰਤ ਲਿਆਉਣ ਦੀ ਕੋਸ਼ਿਸ਼ ਕਰਨਗੇ।

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTER ਅਤੇ YouTube 'ਤੇ ਜੁੜੋ।)