ਕੈਨੇਡਾ ਵਿੱਚ ਘਰਾਂ ਦਾ ਸੰਕਟ ਦੂਰ ਕਰਨ ਲਈ ਸਰਕਾਰ ਕਿਹੜੀ ਨਵੀਂ ਯੋਜਨਾ ਲੈ ਕੇ ਆਈ ਜਿਸ ਦੀ ਕਾਫੀ ਚਰਚਾ ਹੋ ਰਹੀ ਹੈ

    • ਲੇਖਕ, ਡੇਵਿਡ ਸਿਲਵਰਬਰਗ
    • ਰੋਲ, ਬੀਬੀਸੀ ਪੱਤਰਕਾਰ

ਐਂਗੇਲਾ ਜਿਆਂਗ ਕਹਿੰਦੇ ਹਨ ਕਿ ਉਹ ਇੱਕ ਬਹੁਮੰਜ਼ਿਲੀ ਇਮਾਰਤ ਵਿੱਚੋਂ ਆਪਣਾ ਘਰ ਬਦਲ ਕੇ ਖੁਸ਼ੀ ਮਹਿਸੂਸ ਕਰਦੇ ਹਨ।

ਉਹ ਡਾਊਨਟਾਊਨ ਟੋਰਾਂਟੋ ਦੇ ਇੱਕ ਰਿਹਾਇਸ਼ੀ ਟਾਵਰ ਦੀ 68ਵੀਂ ਮੰਜ਼ਿਲ ’ਤੇ ਰਹਿੰਦੇ ਸਨ ਪਰ ਪੰਜ ਸਾਲ ਪਹਿਲਾਂ ਉਹ ਫੋਰਪਲੈਕਸ ਕਹੀ ਜਾਂਦੀ ਇੱਕ ਚਾਰ ਮੰਜ਼ਿਲਾ ਇਮਾਰਤ ਵਿੱਚ ਰਹਿਣ ਆ ਗਏ ਸਨ।

ਇਹ ਟੋਰਾਂਟੋ ਦੇ ਮਿਡਟਾਊਨ ਇਲਾਕੇ ਵਿੱਚ ਸੀ।

ਫੋਰਪਲੈਕਸ ਇੱਕ ਅਜਿਹੀ ਇਮਾਰਤ ਹੁੰਦੀ ਹੈ ਜੋ ਚਾਰ ਅਪਾਰਟਮੈਂਟਸ ਵਿੱਚ ਵੰਡੀ ਹੋਈ ਹੁੰਦੀ ਹੈ।

ਇਨਵੈਸਟਮੈਂਟ ਬੈਂਕਿੰਗ ਵਿੱਚ ਕੰਮ ਕਰਨ ਵਾਲੇ ਜਿਆਂਗ ਕਹਿੰਦੇ ਹਨ, “ਮੈਨੂੰ ਇਹ ਬਹੁਤ ਚੰਗਾ ਲੱਗਾ ਕਿ ਇਲਾਕਾ ਵੱਧ ਰਿਹਾਇਸ਼ੀ ਸੀ ਅਤੇ ਮੈਨੂੰ ਲਿਫਟ ਦੀ ਬਿਲਕੁਲ ਲੋੜ ਨਹੀਂ ਪਈ ਅਤੇ ਮੇਰੇ ਘਰ ਦੀ ਬਾਲਕਨੀ ਤੱਕ ਸੂਰਜ ਦੀ ਕਾਫੀ ਰੌਸ਼ਨੀ ਪਹੁੰਚਦੀ ਹੈ।”

ਫੋਰਪਲੈਕਸਸ ਦੇ ਹਮਾਇਤੀ ਜਿਨ੍ਹਾਂ ਵਿੱਚ ਕੈਨੇਡੀਆਈ ਸਰਕਾਰ ਵੀ ਸ਼ਾਮਲ ਹੈ ਇਹ ਉਮੀਦ ਕਰਦੇ ਹਨ ਇਹ ਪੂਰੇ ਕੈਨੇਡਾ ਵਿੱਚ ਫੈਲ ਜਾਣਗੇ।

ਉਹ ਚਾਹੁੰਦੇ ਹਨ ਕਿ ਵੱਡੀਆਂ ਬਹੁਮੰਜ਼ਲੀ ਇਮਾਰਤਾਂ ਅਤੇ ਇੱਕ ਰਿਹਾਇਸ਼ ਵਾਲੇ ਘਰਾਂ ਦੇ ਵਿਚਕਾਰ ਵਾਲੇ ਘਰ ਮੁਹੱਈਆ ਕਰਵਾਏ ਜਾਣੇ ਚਾਹੀਦੇ ਹਨ।

ਫੋਰਪਲੈਕਸ ਇਸ ਸਾਲ ਪਹਿਲਾਂ ਵੀ ਸੁਰਖੀਆਂ ਵਿੱਚ ਉਦੋਂ ਆਏ ਜਦੋਂ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਇਹ ਐਲਾਨ ਕੀਤਾ ਕਿ ਫੈਡਰਲ ਸਰਕਾਰ 6 ਬਿਲੀਅਨ ਕੈਨੇਡੀਆਈ ਡਾਲਰ ਕੈਨੇਡਾ ਵਿੱਚ ਘਰਾਂ ਦੇ ਸੰਕਟ ਨੂੰ ਦੂਰ ਕਰਨ ਲਈ ਖਰਚੇਗੀ।

ਕੇਂਦਰੀ ਹਾਊਸਿੰਗ ਮੰਤਰੀ ਸ਼ੋਨ ਫਰੇਸਰ ਨੇ ਇਸ ਪੈਸੇ ਨੂੰ ਹਾਸਲ ਕਰਨ ਲਈ ਫੋਰਪਲੈਕਸ ਬਣਵਾਏ ਜਾਣ ਦੀ ਸ਼ਰਤ ਰੱਖੀ ਹੈ।

ਕਿੱਥੇ ਹੋਇਆ ਸੁਆਗਤ ਤੇ ਕਿੱਥੇ ਵਿਰੋਧ

ਇਸ ਯੋਜਨਾ ਦਾ ਕੈਨੇਡਾ ਦੇ ਬ੍ਰਿਟਿਸ਼ ਕੋਲੰਬੀਆ ਸੂਬੇ ਦੇ ਵੱਲੋਂ ਸੁਆਗਤ ਕੀਤਾ ਗਿਆ ਹੈ। ਇੱਥੋਂ ਦੀ ਸਰਕਾਰ ਨੇ ਇਹ ਕਾਨੂੰਨ ਵੀ ਪਾਸ ਕਰ ਦਿੱਤਾ ਹੈ ਜਿਸ ਮੁਤਾਬਕ 5,000 ਤੋਂ ਵੱਧ ਦੀ ਆਬਾਦੀ ਵਾਲਾ ਕੋਈ ਵੀ ਸ਼ਹਿਰ ਚਾਰ ਮੰਜ਼ਲੀ ਜਾਂ ਪੰਜ ਜਾਂ ਇੱਥੋਂ ਤੱਕ ਕੇ ਛੇ ਮੰਜ਼ਲੀ ਇਮਾਰਤਾਂ ਬਣਵਾ ਸਕਦਾ ਹੈ।

ਇਸ ਦੇ ਬਾਵਜੂਦ ਓਂਟਾਰੀਓ ਅਤੇ ਅਲਬਰਟਾ ਇਨ੍ਹਾਂ ਆਪਣੇ ਸੂਬਿਆਂ ਵਿੱਚਲੇ ਮੁਨਸੀਪਾਲੀਟੀਜ਼ ਉੱਤੇ ਚਾਰ ਮੰਜ਼ਲੀ ਇਮਾਰਤਾਂ ਬਣਾਏ ਜਾਣ ਦੀ ਇਜ਼ਾਜ਼ਤ ਦੇਣ ਲਈ ਜ਼ੋਰ ਪਾਏ ਜਾਣ ਦੇ ਖ਼ਿਲਾਫ਼ ਹੈ।

ਓਂਟਾਰੀਓ ਦੇ ਪ੍ਰੀਮਿਅਰ ਡਗ ਫੋਰ ਨੇ ਬੀਬੀਸੀ ਨੇ ਦੱਸਿਆ, “ਅਸੀਂ ਇਹ ਜਾਣਦੇ ਹਾਂ ਕਿ ਸਥਾਨਕ ਮੁਨਸੀਪਾਲਿਟੀਜ਼ ਆਪਣੇ ਆਪਣੇ ਭਾਈਚਾਰਿਆਂ ਬਾਰੇ ਕੀ ਚੰਗਾ ਹੈ ਇਹ ਜਾਣਦੀਆਂ ਹਨ ਅਤੇ ਅਸੀਂ ਇਸ ਵਿੱਚ ਯਕੀਨ ਨਹੀਂ ਰੱਖਦੇ ਕਿ ਉਨ੍ਹਾਂ ਉੱਤੇ ਕੁਝ ਥੋਪਿਆ ਨਾ ਜਾਵੇ।”

ਵਿਰੋਧੀ ਧਿਰਾਂ ਇਸ ਡਰ ਉੱਤੇ ਕੇਂਦਰਤ ਹਨ ਕਿ ਕੈਨੇਡੀਆਈ ਛੋਟੇ ਕਸਬਿਆਂ ਵਿੱਚ ਇੱਕ ਪਰਿਵਾਰ ਦੇ ਘਰਾਂ ਵਾਲੇ ਸਰੂਪ ਨਾਲ ਛੇੜਛਾੜ ਹੋਵੇਗੀ ਜੇ ਅਜਿਹੀਆਂ ਚਾਰ ਮੰਜ਼ਲੀ ਇਮਾਰਤਾਂ ਥੋਪੀਆਂ ਜਾਂਦੀਆਂ ਹਨ।

ਜਿੱਥੇ ਟੋਰਾਂਟੋ ਹੁਣ ਇਨ੍ਹਾਂ ਚਾਰ ਮੰਜ਼ਿਲਾ ਇਮਾਰਤਾਂ ਨਾਲ ਅੱਗੇ ਵੱਧ ਰਿਹਾ ਹੈ। ਇੱਥੋਂ ਦਾ ਇਤਿਹਾਸ ਇਸ ਮਾਮਲੇ ਬਾਰੇ ਕਾਫੀ ਕੁਝ ਦੱਸਦਾ ਹਨ। ਨਵੀਆਂ ਚਾਰ ਮੰਜ਼ਿਲਾ ਇਮਾਰਤਾਂ ਉੱਤੇ ਇਸ ਸ਼ਹਿਰ ਵਿੱਚ 1929 ਤੋਂ 2023 ਤੱਕ ਪਾਬੰਦੀ ਲਗਾ ਦਿੱਤੀ ਗਈ ਸੀ।

ਇਸ ਦੀ ਥਾਂ ‘ਤੇ ਪਿਛਲੇ ਜ਼ੋਨਿੰਗ ਕਾਨੂੰਨਾਂ ਤਹਿਤ ਵੱਡੇ ਰਿਹਾਇਸ਼ੀ ਇਲਾਕੇ ਇੱਕ ਪਰਿਵਾਰ ਦੀ ਰਿਹਾਇਸ਼ ਵਾਲੇ ਇੱਕ ਦੂਜੇ ਤੋਂ ਵੱਖ-ਵੱਖ ਘਰਾਂ ਲਈ ਪਾਸੇ ਰੱਖ ਦਿੱਤੇ ਗਏ ਸਨ।

ਅਜਿਹੀ ਹੈ ਅੰਗਰੇਜ਼ੀ ਬੋਲਣ ਵਾਲੇ ਹੋਰ ਕੈਨੇਡੀਆਈ ਸ਼ਹਿਰਾਂ ਵਿੱਚ ਵੀ ਹੋਇਆ।

ਇਸ ਦੀ ਥਾਂ ਮੌਂਟ੍ਰਿਅਲ ਵਿੱਚ ਚਾਰ ਮੰਜ਼ਲੀ ਇਮਾਰਥਾਂ ਜਾਂ ਹੋਰ ਛੋਟੀਆਂ ਰਿਹਾਇਸ਼ੀ ਇਮਾਰਥ ਆਮ ਰਹੀਆਂ ਹਨ।

ਐਲੈਕਸ ਬੋਜ਼ੀਕੋਵਿਕ ਨੇ ਹਾਊਸ ਡਿਵਾਇਡਿਡ : ਹਾਓ ਦਿ ਮਿਸਿੰਗ ਮਿਡਲ ਵਿੱਲ ਸੋਲਵ ਦ ਟਰਾਂਟੋ ਅਫੋਰਡੇਬਿਲਿਟੀ ਕ੍ਰਾਇਸਸ ਨਾਮ ਦੀ ਕਿਤਾਬ ਲਿਖੀ ਹੈ।

ਉਹ ਕਹਿੰਦੇ ਹਨ, “ਟੋਰਾਂਟੋ ਵਿੱਚ ਇੱਕ ਪਰਿਵਾਰ ਵਾਲੇ ਘਰਾਂ ਨੂੰ ਬਚਾਉਣ ਦੇ ਲਈ ਖ਼ਾਸ ਨਿਯਮ ਸਨ।”

ਉਹ ਕਹਿੰਦੇ ਹਨ, “ਇਸ ਵਿੱਚ ਜਮਾਤੀ ਸੋਚ ਦੀ ਭੂਮਿਕਾ ਸੀ, 1910ਵਿਆਂ ਵਿੱਚ ਅਜਿਹੀ ਨੀਤੀ ਲਿਆਂਦੀ ਗਈ ਜਿਸ ਤਹਿਤ ਅਜਿਹੀਆਂ ਥਾਵਾਂ ਵੰਡ ਦਿੱਤੀਆਂ ਗਈਆਂ ਜਿੱਥੇ ਅਪਰਾਟਮੈਂਟ ਅਤੇ ਘਰ ਬਣ ਸਕਦੇ ਹਨ, ਇਹ ਸੋਚਿਆ ਜਾਂਦਾ ਸੀ ਕਿ ਅਪਾਰਟਮੈਂਟਾਂ ਵਿੱਚ ‘ਗਲਤ’ ਕਿਸਮ ਦੇ ਲੋਕ ਰਹਿਣ ਲਈ ਆਉਂਦੇ ਹਨ, ਜਿਵੇਂ ਕਿ ਪਰਵਾਸੀ।”

ਉਹ ਕਹਿੰਦੇ ਹਨ ਕਿ ਸਰਕਾਰ ਦੇ ਦਬਾਅ ਕਾਰਨ ਮਾਹੌਲ ਬਦਲ ਰਿਹਾ ਹੈ। ਉਹ ਕਹਿੰਦੇ ਹਨ, “ਮੰਤਰੀ ਵੱਲੋਂ ਫੰਡਾਂ ਦੀ ਵਰਤੋਂ ਲਈ ਮੁਨਸੀਪਾਲਿਟੀਜ਼ ਉੱਤੇ ਲੋੜੀਂਦੇ ਬਦਲਾਅ ਕਰਨ ਲਈ ਜ਼ੋਰ ਪਾਇਆ ਜਾ ਸਕਦਾ ਹੈ ਕਿਉਂ ਸਰਕਾਰ ਇਨ੍ਹਾਂ ਨੂੰ ਇੱਥੋਂ ਦੇ ਘਰਾਂ ਦੇ ਸੰਕਟ ਲਈ ਹੱਲ ਸਮਝਦੀ ਹੈ।”

ਉਹ ਕਹਿੰਦੇ ਹਨ, “ਹੁਣ ਕੈਨੇਡਾ ਲਈ ਇਹ ਸਵਾਲ ਹੈ ‘ਕਿ ਕੀ ਇਹ ਜਵਾਬ ਹੈ’ ਜਾਂ ‘ਇਹ ਵੱਡੇ ਸੁਧਾਰਾਂ ਤੋਂ ਪਹਿਲਾਂ ਦਾ ਇੱਕ ਕਦਮ ਹੈ।’

ਇਮਾਰਤਸਾਜ਼ਾਂ ਅੱਗੇ ਕੀ ਚੁਣੌਤੀ

ਪਰ ਸਰਕਾਰ ਦਾ ਇਸ ਪ੍ਰਤੀ ਯਤਨ ਕਰਨ ਦਾ ਇਹ ਮਤਲਬ ਨਹੀਂ ਹੈ ਕਿ ਡਵੈਲਪਰ ਅਤੇ ਇਮਾਰਤਸਾਜ਼ ਇਨ੍ਹਾਂ ਨੂੰ ਬਣਾਉਣਗੇ।

ਟੋਰਾਂਟੋ ਅਧਾਰਤ ਹਾਊਸਿੰਗ ਮਾਰਕਿਟ ਇਨਵੈਸਟਮੈਂਟ ਫਰਮ ਸਲੇਟ ਐਸਟ ਮੈਨੇਜਮੈਂਟ ਦੇ ਮੈਨੇਜਿੰਗ ਡਾਇਰੈਕਟਰ ਬਰੈਂਡਨ ਡੋਨੈਲੀ ਕਹਿੰਦੇ ਹਨ, “ਜੇਕਰ ਤੁਸੀਂ ਇੱਕ ਤਜਰਬੇਕਾਰ ਵੱਡੇ ਡਵੈਲਰ ਹੋ ਤਾਂ ਤੁਹਾਡੇ ਕੋਲ ਮੌਜੂਦ ਥਾਂ ਉੱਤੇ ਵੱਡੇ ਪ੍ਰੋਜੈਕਟ ਕਰਨ ਵਿੱਚ ਹੀ ਫਾਇਦਾ ਹੈ।”

ਉਹ ਕਹਿੰਦੇ ਹਨ, “ਚਾਰ ਘਰਾਂ ਵਾਲੇ ਪ੍ਰੋਜੈਕਟ ਉੱਤੇ ਕਿਉਂ ਖਰਚਾ ਕਰਨਾ ਜਦੋਂ ਤੁਸੀਂ 150 ਘਰਾਂ ਵਾਲਾ ਪ੍ਰੋਜੈਕਟ ਕਰ ਸਕਦੇ ਹੋ।”

ਇਸੇ ਦੌਰਾਨ ਕੈਨੇਡੀਆਈ ਅਖ਼ਬਾਰ ਵਿੱਚ ਕਾਲਮਨਵੀਸ ਫ੍ਰੈਂਸਸ ਬੁਲਾ ਨੇ ਲਿਖਿਆ ਕਿ ਚਾਰ ਮੰਜ਼ਿਲਾ ਘਰ ਚੁਣੌਤੀਪੂਰਨ ਹੋਣਗੇ ਕਿਉਂ ਬੈਂਕਾਂ ਨੂੰ ਇਨ੍ਹਾਂ ਦੀ ਆਦਤ ਨਹੀਂ ਹੈ।

ਉਹ ਕਹਿੰਦੇ ਹਨ, “ਬੈਂਕਾਂ ਨੂੰ ਇਸ ਲਈ ਇੱਕ ਵੀਂ ਤਰ੍ਹਾਂ ਦਾ ਵਿੱਤੀ ਪ੍ਰੌਡਕਟ ਬਣਾਉਣਾ ਪਵੇਗਾ।”

ਉੇਹ ਕਹਿੰਦੇ ਹਨ, “ਅਤੇ ਅਸਲ ਵਿੱਚ ਚਾਰ ਮੰਜ਼ਲੀ ਇਮਾਰਤਾਂ ਦੀ ਵੱਡੇ ਪੱਧਰ ਉੱਤੇ ਉਸਾਰੀ ਲਈ ਵਿਸ਼ੇਸ਼ ਡਵੈਲਪਰ ਦੀ ਲੋੜ ਪਵੇਗੀ।”

ਟੋਰਾਂਟੋ ਵਿਚਲੇ ਇਮਾਰਤਸਾਜ਼ ਟੌਮ ਕਨੇਜ਼ਿਕ ਨੇ ਹਾਲ ਹੀ ਵਿੱਚ ਇੱਕ ਚਾਰ ਮੰਜ਼ਲੀ ਇਮਾਰਤ ਬਣਾਈ ਜੋ ਕਿ ਕਿਰਾਏ ਉੱਤੇ ਦੇ ਦਿੱਤੀ ਗਈ ਹੈ।

ਉਹ ਕਹਿੰਦੇ ਹਨ ਕਿ ਇਹ ਗਲਤ ਧਾਰਨਾ ਹੈ ਕਿ ਫੋਰਪਲੈਕਸ ਇਮਾਰਤਸਾਜ਼ੀ ਪੱਖੋਂ ਮਜ਼ੇਦਾਰ ਨਹੀਂ ਹੁੰਦੇ ਅਤੇ ਇਮਾਰਤਸਾਜ਼ ਇਸ ਦੇ ਡਿਜ਼ਾਈਨ ਪ੍ਰਤੀ ਰਚਨਾਤਮਕ ਵੀ ਹੋ ਸਕਦੇ ਹਨ।

ਉਹ ਕਹਿੰਦੇ ਹਨ, ਮਿਸਾਲ ਵਜੋਂ ਇਹ ਚਾਰ ਯੂਨਿਟ ਵੱਖ-ਵੱਖ ਆਕਾਰ ਦੇ ਵੀ ਹੋ ਸਕੇ ਹਨ ਅਤੇ ਇੱਕ ਵਿਅਕਤੀ ਦੇ ਰਹਿਣ ਲਈ ਹੋ ਸਕਦਾ ਹੈ ਅਤੇ ਦੂਜਾ ਇੱਕ ਪਰਿਵਾਰ ਦੇ ਰਹਿਣ ਲਈ।

ਕਨੇਜ਼ਿਕ ਕਹਿੰਦੇ ਹਨ ਕਿ ਉਨ੍ਹਾਂ ਨੂੰ ਉਮੀਦ ਹੈ ਕਿ ਟੋਰਾਂਟੋ ਵੀ ਵੈਨਕੂਵਰ ਦਾ ‘ਗ੍ਰੇਟ ਮਾਡਲ’ ਫਾਲੋ ਕਰ ਸਕਦੇ ਹਨ ਅਤੇ ਕਈ ਇੱਕ ਪਰਿਵਾਰ ਵਾਲੇ ਘਰਾਂ ਵੱਖਰੇ-ਵੱਖਰੇ ਅਪਰਾਟਮੈਂਟ ਵਿੱਚ ਬਦਲ ਸਕਦਾ ਹੈ।

“ਮੈਨੂੰ ਲੱਗਦਾ ਹੈ ਕਿ ਇਹ ਘਰਾਂ ਨੂੰ ਕਿਫਾਇਤੀ ਬਣਾਉਣ ਲਈ ਸਹਾਈ ਹੋ ਸਕਦਾ ਹੈ।“

ਹਾਲਾਂਕਿ ਫੋਰਪਲੈਕਸ ਕੁਝ ਲੋਕਾਂ ਦੇ ਲਈ ਕਿੰਨੇ ਖਿੱਚ ਦਾ ਕੇਂਦਰ ਹੋ ਸਕਦੇ ਹੋਣਗੇ ਪਰ ਇਨ੍ਹਾਂ ਵਿੱਚ ਵਾਧਾ ਹਾਲੇ ਨਹੀਂ ਹੋਇਆ ਹੈ। ਅਖ਼ਬਾਰੀ ਖ਼ਬਰਾਂ ਮੁਤਾਬਕ ਪਿਛਲੇ ਮਹੀਨੇ ਤੱਕ ਟੋਰਾਂਟੋ ਅਤੇ ਵੈਨਕੂਵਰ ਦੋਵਾਂ ਵਿੱਚ ਇਸ ਲਈ ਬੱਸ 100 ਅਰਜ਼ੀਆਂ ਹੀ ਸਨ।

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTER ਅਤੇ YouTube 'ਤੇ ਜੁੜੋ।)