ਕੈਨੇਡਾ: ਭਾਰਤੀ ਵਿਦਿਆਰਥੀਆਂ ਨਾਲ ਠੱਗੀ ਮਾਰਨ ਵਾਲੇ ਏਜੰਟ ਨੂੰ ਤਿੰਨ ਸਾਲ ਦੀ ਸਜ਼ਾ, ਪੂਰਾ ਮਾਮਲਾ ਜਾਣੋ

ਭਾਰਤੀ ਮੂਲ ਦੇ ਟਰੈਵਲ ਏਜੰਟ ਬ੍ਰਿਜੇਸ਼ ਮਿਸ਼ਰਾ ਨੂੰ ਕੈਨੇਡਾ ਦੀ ਅਦਾਲਤ ਨੇ ਤਿੰਨ ਸਾਲ ਦੀ ਸਜ਼ਾ ਸੁਣਾਈ ਹੈ।

ਬ੍ਰਿਜੇਸ਼ ਮਿਸ਼ਰਾ ਨੂੰ ਕੈਨੇਡੀਅਨ ਕਾਲਜਾਂ ਦੇ ਫ਼ਰਜ਼ੀ ਆਫ਼ਰ ਲੈਟਰਾਂ ਨਾਲ ਜੁੜੇ ਹਾਈ-ਪ੍ਰੋਫ਼ਾਈਲ ਇਮੀਗ੍ਰੇਸ਼ਨ ਘੁਟਾਲੇ ਦੇ ਤਿੰਨ ਮਾਮਲਿਆਂ ਵਿੱਚ ਦੋਸ਼ੀ ਮੰਨਿਆ ਗਿਆ ਹੈ ਅਤੇ ਇਸੇ ਤਹਿਤ ਉਨ੍ਹਾਂ ਨੂੰ ਸਜ਼ਾ ਸੁਣਾਈ ਗਈ ਹੈ।

ਸੀਬੀਸੀ ਨਿਊਜ਼ ਦੇ ਮੁਤਾਬਕ ਬ੍ਰਿਜੇਸ਼ ਮਿਸ਼ਰਾ ਨੇ ਕੈਨੇਡੀਅਨ ਇਮੀਗ੍ਰੇਸ਼ਨ ਦੇ ਨਾਲ ਜੁੜੇ ਅਪਰਾਧਾਂ ਲਈ ਅਦਾਲਤ ਤੋਂ ਮੁਆਫ਼ੀ ਵੀ ਮੰਗੀ ਸੀ।

ਬ੍ਰਿਜੇਸ਼ ਮਿਸ਼ਰਾ ਨੇ ਅਦਾਲਤ ਨੂੰ ਕਿਹਾ ਸੀ ਕਿ,“ਮੈਂ ਅਤੀਤ ਨੂੰ ਨਹੀਂ ਬਦਲ ਸਕਦਾ, ਪਰ ਮੈਂ ਇਹ ਯਕੀਨੀ ਬਣਾ ਸਕਦਾ ਹਾਂ ਕਿ ਭਵਿੱਖ ਵਿੱਚ ਅਜਿਹਾ ਦੁਬਾਰਾ ਨਾ ਕਰਾਂ।"

37 ਸਾਲਾ ਬ੍ਰਿਜੇਸ਼ ਮਿਸ਼ਰਾ ਨੂੰ ਕੈਨੇਡੀਅਨ ਬਾਰਡਰ ਸਰਵਿਸਿਜ਼ ਏਜੰਸੀ ਦੀ ਜਾਂਚ ਤੋਂ ਬਾਅਦ ਜੂਨ 2023 ਵਿੱਚ ਸਰੀ, ਬੀ.ਸੀ. ਤੋਂ ਗ੍ਰਿਫ਼ਤਾਰ ਕੀਤਾ ਗਿਆ ਸੀ। ਉਹ ਟੂਰਿਸਟ ਵੀਜ਼ੇ 'ਤੇ ਕੈਨੇਡਾ ਵਿੱਚ ਦਾਖਲ ਹੋਏ ਸਨ, ਜਿਸ ਦੀ ਮਿਆਦ ਉਨ੍ਹਾਂ ਦੀ ਗ੍ਰਿਫ਼ਤਾਰੀ ਸਮੇਂ ਖ਼ਤਮ ਹੋ ਗਈ ਸੀ।

ਬ੍ਰਿਜੇਸ਼ ਮਿਸ਼ਰਾ ਦਾ ਇੱਕ ਦਫ਼ਤਰ ਪੰਜਾਬ ਦੇ ਜਲੰਧਰ ਵਿੱਚ ਸੀ ਅਤੇ ਉਨ੍ਹਾਂ ਉੱਤੇ 2016 ਅਤੇ 2020 ਦਰਮਿਆਨ ਭਾਰਤ ਦੇ ਕਈ ਵਿਦਿਆਰਥੀਆਂ ਨੂੰ ਕੈਨੇਡੀਅਨ ਕਾਲਜਾਂ ਦੇ ਆਫ਼ਰ ਲੈਟਰ ਮੁਹੱਈਆ ਕਰਵਾਉਣ ਦੇ ਇਲਜ਼ਾਮ ਸੀ। ਜਿਨ੍ਹਾਂ ਦੀ ਬਾਅਦ ਵਿੱਚ ਕੈਨੇਡਾ ਦੀਆਂ ਏਜੰਸੀਆਂ ਵੱਲੋਂ ਜਾਂਚ ਕੀਤੀ ਗਈ ਅਤੇ ਉਨ੍ਹਾਂ ਲੈਟਰਾਂ ਨੂੰ ਫ਼ਰਜ਼ੀ ਦੱਸਿਆ ਸੀ।

ਇਸ ਤੋਂ ਬਾਅਦ ਕਈ ਵਿਦਿਆਰਥੀਆਂ ਦਾ ਭਵਿੱਖ ਦਾਅ ਉੱਤੇ ਲੱਗ ਗਿਆ ਸੀ।

ਕੈਨੇਡਾ ’ਚ ਗ੍ਰਿਫ਼ਤਾਰ ਬ੍ਰਿਜੇਸ਼ ਮਿਸ਼ਰਾ ਹੈ ਕੌਣ

ਬ੍ਰਿਜੇਸ਼ ਮਿਸ਼ਰਾ ਦਾ ਪਿਛੋਕੜ ਬਿਹਾਰ ਦੇ ਦਰਭੰਗਾ ਨਾਲ ਹੈ ਅਤੇ ਉਹ ਰਾਹੁਲ ਭਾਰਗਵ ਨਾਂ ਦੇ ਵਿਅਕਤੀ ਨਾਲ ਸਾਂਝੇ ਤੌਰ ਉੱਤੇ ਐਜੂਕੇਸ਼ਨ ਐਂਡ ਮਾਈਗਰੇਸ਼ਨ ਸਰਵਿਸਿਜ਼ ਨਾਮ ਦੀ ਫ਼ਰਮ ਚਲਾਉਂਦੇ ਸੀ ਜਿਸ ਦਾ ਦਫ਼ਤਰ ਜਲੰਧਰ ਵਿੱਚ ਸੀ।

ਵਿਦਿਆਰਥੀਆਂ ਨਾਲ ਫ਼ਰਜ਼ੀ ਵਾੜੇ ਤੋਂ ਬਾਅਦ ਬ੍ਰਿਜੇਸ਼ ਮਿਸ਼ਰਾ ਅਤੇ ਉਸ ਦਾ ਸਾਥੀ ਆਪਣਾ ਦਫ਼ਤਰ ਬੰਦ ਕਰ ਕੇ ਫ਼ਰਾਰ ਹੋ ਗਿਆ ਸੀ ਜਿਸ ਤੋਂ ਬਾਅਦ 16 ਮਾਰਚ 2023 ਨੂੰ ਦੋਵਾਂ ਨੂੰ ਸੂ-ਮੋਟੋ ਨੋਟਿਸ ਜਾਰੀ ਕੀਤਾ ਗਿਆ ਸੀ।

ਜਲੰਧਰ ਪੁਲਿਸ ਮੁਤਾਬਕ ਮਿਸ਼ਰਾ ਅਤੇ ਭਾਰਗਵ ਨੇ 2014 ਵਿੱਚ ਐਜੂਕੇਸ਼ਨ ਐਂਡ ਮਾਈਗਰੇਸ਼ਨ ਫ਼ਰਮ ਰਜਿਸਟਰ ਕਰਵਾਈ ਸੀ। ਇਸ ਤੋਂ ਪਹਿਲਾਂ ਇਹ ‘ਇਜ਼ੀ ਵੇਅ’ ਨਾ ਦੀ ਇਮੀਗ੍ਰੇਸ਼ਨ ਫ਼ਰਮ ਚਲਾਉਂਦੇ ਸਨ ਅਤੇ ਮਿਸ਼ਰਾ ਉੱਤੇ ਜਾਅਲੀ ਦਸਤਾਵੇਜ਼ ਤਿਆਰ ਕਰਨ ਦੇ ਇਲਜ਼ਾਮ ਲੱਗੇ ਸਨ।

ਇਸੇ ਤਹਿਤ ਉਨ੍ਹਾਂ ਦੀ ਗ੍ਰਿਫ਼ਤਾਰੀ ਵੀ ਹੋਈ ਸੀ ਅਤੇ ਇਜ਼ੀ ਵੇਅ ਫ਼ਰਮ ਉੱਤੇ ਪਾਬੰਦੀ ਲਾ ਦਿੱਤੀ ਗਈ। ਇਸ ਘਟਨਾ ਤੋਂ ਕਰੀਬ ਇੱਕ ਸਾਲ ਬਾਅਦ ਇਨ੍ਹਾਂ ਨੇ ਨਵੇਂ ਪਤੇ ਉੱਤੇ ਨਵੀਂ ਫ਼ਰਮ ‘ਐਜੂਕੇਸ਼ਨ ਐਂਡ ਮਾਈਗਰੇਸ਼ਨ’ ਸ਼ੁਰੂ ਕਰ ਲਈ ਸੀ।

ਇਸ ਦੇ ਖ਼ਿਲਾਫ਼ ਪੰਜਾਬ ਟਰੈਵਲ ਪ੍ਰੋਫੈਸ਼ਨਲਜ਼ ਰੈਗੂਲੇਸ਼ਨ ਐਕਟ, 2014 ਦੇ ਸੈਕਸ਼ਨ 4 ਅਤੇ 6 ਤਹਿਤ ਕਾਰਵਾਈ ਕੀਤੀ ਗਈ ਹੈ ਅਤੇ ਫ਼ਰਮ ਨੂੰ ਇਮੀਗ੍ਰੇਸ਼ਨ ਨਾਲ ਜੁੜੇ ਕੰਮ ਕਰਨ ਦੇ ਅਯੋਗ ਕਰਾਰ ਦਿੱਤਾ ਗਿਆ ਹੈ।

ਵਿਦਿਆਰਥੀਆਂ ਨਾਲ ਧੋਖਾਧੜੀ ਦਾ ਮਾਮਲਾ ਕੀ ਹੈ

ਕੈਨੇਡਾ ਵਿੱਚ ਅਜਿਹੇ ਸੈਂਕੜੇ ਭਾਰਤੀ ਵਿਦਿਆਰਥੀ ਹਨ ਜਿਨ੍ਹਾਂ ’ਤੇ ਜਾਅਲੀ ਦਸਤਾਵੇਜ਼ਾਂ ਦੇ ਆਧਾਰ ਉੱਤੇ ਪਰਵਾਸ ਕਰਨ ਦੇ ਇਲਜ਼ਾਮ ਹਨ। ਇਨ੍ਹਾਂ ਵਿੱਚ ਬਹੁਤੇ ਮਾਮਲੇ 2016-17 ਦੇ ਹਨ।

ਇਨ੍ਹਾਂ ਵਿਦਿਆਰਥੀਆਂ ਨੇ ਆਪਣੇ ਆਪ ਨੂੰ ਬੇਕਸੂਰ ਦੱਸਿਆ ਸੀ। ਉਨ੍ਹਾਂ ਦਾ ਇਲਜ਼ਾਮ ਸੀ ਕਿ ਸਟੱਡੀ ਵੀਜ਼ਾ ਅਪਲਾਈ ਕਰਨ ਲਈ ਮਦਦ ਕਰਨ ਵਾਲੇ ਏਜੰਟਾਂ ਨੇ ਉਨ੍ਹਾਂ ਨਾਲ ਧੋਖਾ ਕੀਤਾ ਸੀ ਤੇ ਉਹ ਖ਼ੁਦ ਇਸ ਤੋਂ ਬਿਲਕੁਲ ਅਣਜਾਣ ਸਨ।

ਭਾਰਤੀ ਵਿਦਿਆਰਥੀਆਂ ਨੇ ਕੈਨੇਡਾ ਵਿੱਚ ਡਿਪੋਰਟ ਹੋਣ ਤੋਂ ਬਚਣ ਲਈ ਧਰਨੇ ਵੀ ਲਗਾਏ ਸਨ।

ਅਜਿਹੇ ਹੀ ਮਾਮਲਿਆਂ ਨਾਲ ਜੁੜੇ ਇੱਕ ਵਕੀਲ ਮੁਤਾਬਕ ਜਾਅਲੀ ਦਸਤਾਵੇਜ਼ਾਂ ਦੇ ਮਾਮਲੇ ਵਿੱਚ ਫ਼ਸੇ ਵਿਦਿਆਰਥੀਆਂ ਦੀ ਗਿਣਤੀ 150 ਤੋਂ 200 ਤੱਕ ਹੋ ਸਕਦੀ ਹੈ।

ਕੈਨੇਡਾ ਵਿੱਚ ਰੋਸ ਮੁਜ਼ਾਹਰਾ ਕਰ ਰਹੇ ਵਿਦਿਆਰਥੀਆਂ ਦਾ ਕਹਿਣਾ ਹੈ ਕਿ ਉਹ ਜਲੰਧਰ ਦੇ ਐਜੂਕੇਸ਼ਨ ਸਲਾਹਕਾਰ ਬ੍ਰਿਜੇਸ਼ ਮਿਸ਼ਰਾ ਦੇ ਕੀਤੇ ਕਥਿਤ ਘੋਟਾਲੇ ਦੇ ਪੀੜਤ ਹਨ।

ਜਲੰਧਰ ਪੁਲਿਸ ਮੁਤਾਬਕ ਵਿਦਿਆਰਥੀਆਂ ਨੂੰ ਸਾਲ 2017-18 ਵਿੱਚ ਟੋਰੰਟੋ ਖਿੱਤੇ ਦੇ ਮਸ਼ਹੂਰ ਕਾਲਜ ਹੰਭਰ ਵਿੱਚ ਦਾਖ਼ਲੇ ਦੇ ਜਾਅਲੀ ਪੱਤਰ ਦਿੱਤੇ ਗਏ ਸਨ।

ਇਨ੍ਹਾਂ ਦਾਖ਼ਲਾ ਪੱਤਰਾਂ ਦੇ ਅਧਾਰ ਉੱਤੇ ਇਮੀਗ੍ਰੇਸ਼ਨ ਕਰਵਾਉਣ ਲਈ ਵਿਦਿਆਰਥੀਆਂ ਤੋਂ 16-16 ਲੱਖ ਰੁਪਏ ਵਸੂਲੇ ਗਏ।

ਜਦੋਂ ਇਨ੍ਹਾਂ ਪੱਤਰਾਂ ਦੇ ਅਧਾਰ ਉੱਤੇ ਵਿਦਿਆਰਥੀ ਵੀਜ਼ਾ ਲੈ ਕੇ ਕੈਨੇਡਾ ਚਲੇ ਗਏ ਤਾਂ ਉੱਥੇ ਇਨ੍ਹਾਂ ਨੂੰ ਮਿਸ਼ਰਾ ਨੇ ਕਿਹਾ ਕਿ ਜਿਸ ਹੰਭਰ ਕਾਲਜ ਦੇ ਆਫ਼ਰ ਲੈਟਰ ਉੱਤੇ ਉਹ ਕੈਨੇਡਾ ਆਏ ਹਨ, ਉਸ ਨੇ ਇਨ੍ਹਾਂ ਦਾ ਦਾਖ਼ਲਾ ਪੱਤਰ ਰੱਦ ਕਰ ਦਿੱਤਾ ਹੈ।

ਇਸ ਲਈ ਇਨ੍ਹਾਂ ਦੀ ਕਾਲਜ ਨੂੰ ਦਿੱਤੀ ਜਾਣ ਵਾਲੀ ਫ਼ੀਸ 5-6 ਲੱਖ ਵਾਪਸ ਕਰਕੇ ਕਿਸੇ ਹੋਰ ਕਾਲਜ ਵਿੱਚ ਦਾਖ਼ਲਾ ਦੁਆ ਕੇ ਐਡਜਸਟ ਕੀਤਾ ਗਿਆ ਸੀ।

ਹੁਣ ਤੱਕ ਇਨ੍ਹਾਂ ਵਿੱਚੋਂ ਕਈਆਂ ਨੇ ਆਪਣੀ ਸਿੱਖਿਆ ਪੂਰੀ ਕਰ ਲਈ ਅਤੇ ਵਰਕ ਪਰਮਿਟ ਹਾਸਲ ਕਰ ਚੁੱਕੇ ਹਨ।

ਪਰ ਜਦੋਂ ਇਨ੍ਹਾਂ ਨੇ ਪੱਕੀ ਰਿਹਾਇਸ਼ (ਪੀਆਰ) ਲਈ ਅਪਲਾਈ ਕੀਤਾ ਤਾਂ ਕੈਨੇਡੀਅਨ ਬਾਰਡਰ ਸਕਿਊਰਿਟੀ ਏਜੰਸੀ ਨੂੰ ਇਨ੍ਹਾਂ ਦੇ ਕੈਨੇਡਾ ਆਉਣ ਸਮੇਂ ਜਾਅਲੀ ਦਾਖ਼ਲਾ ਪੱਤਰ ਹੋਣ ਦਾ ਪਤਾ ਲੱਗਿਆ।

ਕੈਨੇਡਾ ਨੇ ਬਣਾਏ ਸਨ ਕੌਮਾਂਤਰੀ ਵਿਦਿਆਰਥੀਆਂ ਲਈ ਨਵੇਂ ਨਿਯਮ

ਅਕਤੂਬਰ, 2023 ਵਿੱਚ ਕੈਨੇਡਾ ਸਰਕਾਰ ਨੇ ਕੌਮਾਂਤਰੀ ਵਿਦਿਆਰਥੀਆਂ ਨੂੰ ਧੋਖਾਧੜੀ ਤੋਂ ਬਚਾਉਣ ਲਈ ਨਵੇਂ ਨਿਯਮਾਂ ਦਾ ਐਲਾਨ ਕੀਤਾ ਸੀ।

ਕੈਨੇਡਾ ਵਿੱਚ ਇਮੀਗ੍ਰੇਸ਼ਨ, ਰਿਫ਼ਊਜੀ ਅਤੇ ਸਿਟੀਜ਼ਨਸ਼ਿਪ ਮੰਤਰੀ ਮਾਰਕ ਮਿਲਰ ਨੇ ਐਲਾਨ ਕੀਤਾ ਸੀ ਕਿ ਉਹ ਕੈਨੇਡਾ ਦੇ ਇੰਟਰਨੈਸ਼ਨਲ ਸਟੂਡੈਂਟ ਪ੍ਰੋਗਰਾਮ ਨੂੰ ਮਜ਼ਬੂਤ ਕਰਨ ਲਈ ਕੁਝ ਨਵੀਆਂ ਯੋਜਨਾਵਾਂ ਨੂੰ ਲਾਗੂ ਕਰਨਗੇ।

ਉਨ੍ਹਾਂ ਕਿਹਾ ਕਿ ਇਸ ਦਾ ਮਕਸਦ ਆਮ ਵਿਦਿਆਰਥੀਆਂ ਨੂੰ ਧੋਖਾਧੜੀ ਤੋਂ ਬਚਾਉਣਾ ਹੈ।

ਅਧਿਕਾਰਤ ਕੈਨੇਡੀਆਈ ਵੈੱਬਸਾਈਟ ਮੁਤਾਬਕ ਕੈਨੇਡਾ ਵਿਚਲੇ ਸਾਰੇ ਪੋਸਟ ਸੈਕੰਡਰੀ ਡੈਜ਼ੀਗਨੇਟਡ ਇੰਸਟੀਟਿਊਟ ਆਫ ਲਰਨਿੰਗ (ਡੀਐੱਲਆਈ) ਨੂੰ ਹਰੇਕ ਅਰਜ਼ੀਕਾਰ ਦੇ ਦਾਖ਼ਲਾ ਪੱਤਰ ਬਾਰੇ ਆਈਆਰਸੀਸੀ ਕੋਲੋਂ ਪੁਸ਼ਟੀ ਕਰਵਾਉਣੀ ਪਵੇਗੀ।

ਇਹ ਨਵੀਂ ਨੀਤੀ 1 ਦਸੰਬਰ 2023 ਤੋਂ ਲਾਗੂ ਕੀਤੀ ਗਈ ਸੀ।

ਇਸ ਤਹਿਤ ਹਰੇਕ ‘ਡੀਐੱਲਆਈ’ ਨੂੰ ਅਰਜ਼ੀਕਾਰਾਂ ਦੀ ‘ਲੈੱਟਰ ਆਫ਼ ਅਕਸੈਪਟੈਂਸ’ ਦੀ ਆਈਆਰਸੀਸੀ ਤੋਂ ਪੁਸ਼ਟੀ ਕਰਵਾਉਣੀ ਲਾਜ਼ਮੀ ਕਰ ਦਿੱਤੀ ਗਈ ਸੀ।

ਡੀਐੱਲਆਈ, ਉਨ੍ਹਾਂ ਵਿਦਿਅਕ ਕੇਂਦਰਾਂ ਨੂੰ ਕਿਹਾ ਜਾਂਦਾ ਹੈ, ਜਿੱਥੇ ਵਿਦਿਆਰਥੀ ਵੱਖੋ-ਵੱਖਰੇ ਕੋਰਸਾਂ 'ਚ ਪੜ੍ਹਾਈ ਕਰਨ ਲਈ ਦਾਖ਼ਲਾ ਲੈਂਦੇ ਹਨ ।

ਆਈਆਰਸੀਸੀ, ਉਹ ਸਰਕਾਰੀ ਮਹਿਕਮਾ ਹੈ, ਜੋ ਕੈਨੇਡਾ ਦੇ ਇਮੀਗ੍ਰੇਸ਼ਨ, ਰਿਫ਼ਊਜੀ ਅਤੇ ਨਾਗਰਿਕਤਾ ਦੇ ਮਾਮਲਿਆਂ ਦੇ ਪ੍ਰਬੰਧ ਨੂੰ ਵੇਖਦਾ ਹੈ।

ਅਰਜ਼ੀਆਂ ਨੂੰ ਪ੍ਰਮਾਣਿਤ ਕਰਨ ਵਾਲੀ ਇਸ ਨਵੀਂ ਪ੍ਰਕਿਰਿਆ ਦਾ ਮੰਤਵ ਕੈਨੇਡਾ ਵਿੱਚ ਪੜ੍ਹਨ ਲਈ ਆਉਣ ਵਾਲੇ ਵਿਦਿਆਰਥੀਆਂ ਨੂੰ ਧੋਖਾਧੜੀ ਤੋਂ ਬਚਾਉਣਾ ਲਾਜ਼ਮੀ ਕੀਤਾ ਗਿਆ।

ਇਸ ਗੱਲ ਨੂੰ ਵੀ ਯਕੀਨੀ ਬਣਾਇਆ ਜਾਵੇਗਾ ਕਿ ਸਟੱਡੀ ਪਰਮਿੱਟ ਪ੍ਰਮਾਣਿਤ ਮਨਜ਼ੂਰੀ ਪੱਤਰਾਂ ਦੀ ਬਿਨਾਅ ਉੱਤੇ ਹੀ ਜਾਰੀ ਕੀਤੇ ਜਾਣ।

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTER ਅਤੇ YouTube 'ਤੇ ਜੁੜੋ।)