ਸਰਬਜੀਤ ਸਿੰਘ ਖ਼ਾਲਸਾ : ਦੋ ਵਾਰ ਚੋਣਾਂ ਹਾਰਨ ਤੋਂ ਬਾਅਦ ਫਰੀਦਕੋਟ ਵਿੱਚ ਇਸ ਵਾਰ ਜਿੱਤ ਦਾ ਕੀ ਅਧਾਰ ਬਣਿਆ

    • ਲੇਖਕ, ਸੁਰਿੰਦਰ ਸਿੰਘ ਮਾਨ
    • ਰੋਲ, ਬੀਬੀਸੀ ਸਹਿਯੋਗੀ

ਫਰੀਦਕੋਟ ਲੋਕ ਸਭਾ ਹਲਕੇ ਤੋਂ ਆਜ਼ਾਦ ਉਮੀਦਵਾਰ ਸਰਬਜੀਤ ਸਿੰਘ ਖਾਲਸਾ ਜੇਤੂ ਐਲਾਨੇ ਗਏ ਹਨ।

ਉਨ੍ਹਾਂ ਨੇ ਆਮ ਆਦਮੀ ਪਾਰਟੀ ਦੇ ਕਰਮਜੀਤ ਅਨਮੋਲ ਨੂੰ 70 ਹਜ਼ਾਰ ਤੋਂ ਵੱਧ (70,053) ਵੋਟਾਂ ਦੇ ਫ਼ਰਕ ਨਾਲ ਹਰਾਇਆ ਹੈ।

ਸਰਬਜੀਤ ਸਿੰਘ ਖਾਲਸਾ 31 ਅਕਤੂਬਰ 1984 ਨੂੰ ਭਾਰਤ ਦੀ ਤਤਕਾਲੀ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਨੂੰ ਕਤਲ ਕਰਨ ਵਾਲੇ ਬੇਅੰਤ ਸਿੰਘ ਦੇ ਪੁੱਤਰ ਹਨ।

ਸਰਬਜੀਤ ਸਿੰਘ ਖਾਲਸਾ ਆਪਣੇ ਚੋਣ ਜਲਸਿਆਂ ਵਿੱਚ ਆਪਣੇ ਪਿਤਾ ਬੇਅੰਤ ਸਿੰਘ ਵੱਲੋਂ 'ਆਪਰੇਸ਼ਨ ਬਲੂ ਸਟਾਰ" ਦਾ ਬਦਲਾ ਲੈਣ ਦੀ ਗੱਲ ਅਕਸਰ ਕਰਦੇ ਸਨ।

ਫ਼ਰੀਦਕੋਟ ਹਲਕੇ ਵਿੱਚ ਚੋਣ ਲੜਨ ਵਾਲੇ ਉਮੀਦਵਾਰਾਂ ਨੇ ਜਿੱਥੇ ਆਪਣੇ ਵੱਲੋਂ ਕੀਤੇ ਗਏ ਕੰਮਾਂ ਦੇ ਦਾਅਵੇ ਅਤੇ ਭਵਿੱਖ ਵਿੱਚ ਕੀਤੇ ਜਾਣ ਵਾਲੇ ਕੰਮਾਂ ਦੇ ਵਾਅਦੇ ਕੀਤੇ, ਉੱਥੇ ਸਰਬਜੀਤ ਸਿੰਘ ਖਾਲਸਾ ਨੇ ਪੰਥਕ ਮੁੱਦਿਆਂ ਨੂੰ ਉਭਾਰਿਆ ਸੀ।

ਲੋਕ ਸਭਾ ਹਲਕਾ ਫ਼ਰੀਦਕੋਟ ਦੀ ਚੋਣ ਵਿੱਚ ਇਹ ਦੂਸਰਾ ਮੌਕਾ ਹੈ ਜਦੋਂ ਪੰਥਕ ਏਜੰਡੇ ਉੱਪਰ ਚੋਣ ਲੜ ਕੇ ਵੱਡੀ ਜਿੱਤ ਦਰਜ ਕੀਤੀ ਗਈ ਹੋਵੇ।

ਇਸ ਤੋਂ ਪਹਿਲਾਂ ਸਾਲ 1989 ਵਿੱਚ ਜਥੇਦਾਰ ਜਗਦੇਵ ਸਿੰਘ ਖੁੱਡੀਆਂ ਨੇ ਸ਼੍ਰੋਮਣੀ ਅਕਾਲੀ ਦਲ (ਅੰਮਿਤਸਰ) ਦੀ ਟਿਕਟ ਉੱਤੇ ਚੋਣ ਲੜਦਿਆਂ ਵੱਡੀ ਜਿੱਤ ਦਰਜ ਕੀਤੀ ਸੀ।

ਇਸ ਹਲਕੇ ਤੋਂ ਆਮ ਆਦਮੀ ਪਾਰਟੀ ਨੇ ਫ਼ਿਲਮ ਅਦਾਕਾਰ ਕਰਮਜੀਤ ਅਨਮੋਲ ਅਤੇ ਭਾਰਤੀ ਜਨਤਾ ਪਾਰਟੀ ਨੇ ਉੱਘੇ ਗਾਇਕ ਹੰਸ ਰਾਜ ਹੰਸ ਨੂੰ ਉਮੀਦਵਾਰ ਬਣਾਇਆ ਸੀ।

ਇਨ੍ਹਾਂ ਦੋਵਾਂ ਉਮੀਦਵਾਰਾਂ ਦੇ ਮੈਦਾਨ ਵਿੱਚ ਆਉਣ ਤੋਂ ਬਾਅਦ ਅਜਿਹਾ ਲੱਗ ਰਿਹਾ ਸੀ ਕਿ ਇਸ ਸੀਟ ਉੱਪਰ ਦਿਲਚਸਪ ਮੁਕਾਬਲਾ ਦੇਖਣ ਨੂੰ ਮਿਲੇਗਾ।

ਇਸੇ ਤਰ੍ਹਾਂ ਸ਼੍ਰੋਮਣੀ ਅਕਾਲੀ ਦਲ ਨੇ ਸਿਆਸੀ ਪਿਛੋਕੜ ਵਾਲੇ ਰਾਜਵਿੰਦਰ ਸਿੰਘ ਧਰਮਕੋਟ ਅਤੇ ਕਾਂਗਰਸ ਨੇ ਅਮਰਜੀਤ ਕੌਰ ਸਾਹੋਕੇ ਨੂੰ ਮੈਦਾਨ ਵਿੱਚ ਉਤਾਰਿਆ ਸੀ।

ਜਦੋਂ ਇਨ੍ਹਾਂ ਚਾਰਾਂ ਉਮੀਦਵਾਰਾਂ ਨੇ ਆਪਣੀ ਚੋਣ ਮੁਹਿੰਮ ਪੂਰੀ ਤਰ੍ਹਾਂ ਨਾਲ ਭਖ਼ਾ ਦਿੱਤੀ ਸੀ ਤਾਂ ਠੀਕ ਉਸ ਵੇਲੇ ਸਰਬਜੀਤ ਸਿੰਘ ਖਾਲਸਾ ਨੇ ਇੱਥੋਂ ਆਜ਼ਾਦ ਉਮੀਦਵਾਰ ਵਜੋਂ ਚੋਣ ਲੜਨ ਦਾ ਐਲਾਨ ਕੀਤਾ ਸੀ।

ਸ਼ੁਰੂਆਤੀ ਦੌਰ ਵਿੱਚ ਕਿਸੇ ਵੀ ਸਿਆਸੀ ਧਿਰ ਨੇ ਸਰਬਜੀਤ ਸਿੰਘ ਖਾਲਸਾ ਦੀ ਇਸ ਸੀਟ ਉੱਪਰ ਆਮਦ ਦਾ ਕੋਈ ਬਹੁਤਾ ਨੋਟਿਸ ਨਹੀਂ ਲਿਆ ਸੀ।

ਪਰ ਬਾਅਦ ਵਿੱਚ ਜਿਵੇਂ ਹੀ ਸਰਬਜੀਤ ਸਿੰਘ ਖਾਲਸਾ ਦੇ ਚੋਣ ਜਲਸਿਆਂ ਵਿੱਚ ਭਾਰੀ ਇਕੱਠ ਹੋਣ ਲੱਗਾ ਤਾਂ ਇੱਥੋਂ ਚੋਣ ਲੜਨ ਵਾਲੀਆਂ ਸਮੁੱਚੀ ਸਿਆਸੀ ਧਿਰਾਂ ਦੇ ਕੰਨ ਖੜ੍ਹੇ ਹੋ ਗਏ ਸਨ।

ਸਰਬਜੀਤ ਸਿੰਘ ਖਾਲਸਾ ਦੀ ਚੋਣ ਮੁਹਿੰਮ ਵਿੱਚ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੀ ਬਰਗਾੜੀ ਵਿਖੇ ਹੋਈ ਬੇਅਦਬੀ, ਬਹਿਬਲ ਕਲਾਂ ਵਿੱਚ ਪੁਲਿਸ ਗੋਲੀ ਨਾਲ ਮਾਰੇ ਗਏ ਦੋ ਸਿੱਖਾਂ ਅਤੇ ਨਸ਼ੇ ਦੇ ਮੁੱਦੇ ਭਾਰੂ ਰਹੇ।

ਇਸ ਸਥਿਤੀ ਦੇ ਚਲਦੇ ਨੌਜਵਾਨਾਂ ਵਿੱਚ ਸਰਬਜੀਤ ਸਿੰਘ ਖਾਲਸਾ ਬਾਰੇ ਜਾਨਣ ਦੀ ਜਗਿਆਸਾ ਤੇਜ਼ ਹੋ ਗਈ।

ਇਸ ਦਾ ਕਾਰਨ ਇਹ ਸੀ ਕਿ ਸਰਬਜੀਤ ਸਿੰਘ ਖਾਲਸਾ ਦੇ ਚੋਣ ਜਲਸਿਆਂ ਵਿੱਚ ਮਰਹੂਮ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਦੇ ਕਤਲ ਦਾ ਜ਼ਿਕਰ ਹੋਣ ਲੱਗਿਆ ਸੀ।

ਕੌਣ ਹਨ ਸਰਬਜੀਤ ਸਿੰਘ ਖਾਲਸਾ

ਸਰਬਜੀਤ ਸਿੰਘ ਮਲੋਆ ਚੰਡੀਗੜ੍ਹ ਦੇ ਪਿੰਡ ਮਲੋਆ ਦੇ ਰਹਿਣ ਵਾਲੇ ਹਨ।

ਸਾਲ 1984 ਵਿਚ ਉਨਾਂ ਦੇ ਪਿਤਾ ਬੇਅੰਤ ਸਿੰਘ ਦਿੱਲੀ ਪੁਲਿਸ ਵਿੱਚ ਬਤੌਰ ਸਬ-ਇੰਸਪੈਕਟਰ ਸਨ।

31 ਅਕਤੂਬਰ 1984 ਵਾਲੇ ਦਿਨ ਬੇਅੰਤ ਸਿੰਘ ਨੇ ਆਪਣੇ ਸਾਥੀ ਪੁਲਿਸ ਕਰਮਚਾਰੀ ਸਤਵੰਤ ਸਿੰਘ ਨਾਲ ਮਿਲ ਕੇ ਇੰਦਰਾ ਗਾਂਧੀ ਨੂੰ ਉਹਨਾਂ ਦੀ ਰਿਹਾਇਸ਼ ਉੱਤੇ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਸੀ।

ਇਸ ਮਗਰੋਂ ਮੌਕੇ ਉੱਪਰ ਹੋਈ ਗੋਲੀਬਾਰੀ ਵਿੱਚ ਬੇਅੰਤ ਸਿੰਘ ਦੀ ਜਾਨ ਚਲੀ ਗਈ ਸੀ। ਜਦੋਂ ਕਿ ਉਹਨਾਂ ਦੇ ਸਾਥੀ ਸਤਵੰਤ ਸਿੰਘ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਸੀ।

ਇਸ ਤੋਂ ਬਾਅਦ ਸਰਬਜੀਤ ਸਿੰਘ ਖਾਲਸਾ ਦਾ ਪਰਿਵਾਰ ਸਿਆਸਤ ਵਿੱਚ ਦਾਖ਼ਲਾ ਹੋ ਗਿਆ ਸੀ।

ਸਾਲ 1989 ਵਿੱਚ ਹੋਈਆਂ ਲੋਕ ਸਭਾ ਦੀਆਂ ਚੋਣਾਂ ਵਿੱਚ ਸਰਬਜੀਤ ਸਿੰਘ ਖਾਲਸਾ ਦੇ ਦਾਦਾ ਸੁੱਚਾ ਸਿੰਘ ਮਲੋਆ ਨੇ ਬਠਿੰਡਾ ਲੋਕ ਸਭਾ ਹਲਕੇ ਤੋਂ ਜਿੱਤ ਦਰਜ ਕੀਤੀ ਸੀ।

ਇਸੇ ਚੋਣ ਵਿੱਚ ਸਰਬਜੀਤ ਸਿੰਘ ਖਾਲਸਾ ਦੇ ਮਾਤਾ ਬਿਮਲ ਕੌਰ ਖਾਲਸਾ ਰੋਪੜ ਹਲਕੇ ਤੋਂ ਜਿੱਤ ਕੇ ਲੋਕ ਸਭਾ ਵਿੱਚ ਪਹੁੰਚੇ ਸਨ।

1989 ਦੀਆਂ ਲੋਕ ਸਭਾ ਚੋਣਾਂ ਵਿੱਚ ਸੰਯੁਕਤ ਅਕਾਲੀ ਦਲ ਦੇ ਕਾਰਜਕਾਰੀ ਪ੍ਰਧਾਨ ਬਾਬਾ ਜੋਗਿੰਦਰ ਸਿੰਘ ਨੇ ਸੁੱਚਾ ਸਿੰਘ ਮਲੋਆ ਅਤੇ ਬਿਮਲ ਕੌਰ ਖਾਲਸਾ ਨੂੰ ਟਿਕਟ ਦਿੱਤੀ ਸੀ।

ਸਰਬਜੀਤ ਸਿੰਘ ਖਾਲਸਾ ਨੇ ਪਹਿਲਾਂ ਕਿਹੜੀ ਚੋਣ ਲੜੀ

ਸਰਬਜੀਤ ਸਿੰਘ ਖਾਲਸਾ ਪਹਿਲੀ ਵਾਰ ਲੋਕ ਸਭਾ ਦੀ ਚੋਣ ਨਹੀਂ ਲੜੇ ਸਨ।

ਇਸ ਤੋਂ ਪਹਿਲਾਂ ਉਨ੍ਹਾਂ ਨੇ ਸਾਲ 2004 ਵਿੱਚ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਦੀ ਟਿਕਟ ਉੱਪਰ ਬਠਿੰਡਾ ਲੋਕ ਸਭਾ ਹਲਕੇ ਤੋਂ ਚੋਣ ਲੜੀ ਸੀ।

ਇਸ ਚੋਣ ਵਿੱਚ ਉਨਾਂ ਨੂੰ ਇਕ ਲੱਖ ਤੋਂ ਵੱਧ ਵੋਟਾਂ ਹਾਸਲ ਹੋਈਆਂ ਸਨ, ਪਰ ਉਹ ਹਾਰ ਗਏ ਸਨ।

ਇਸ ਤੋਂ ਬਾਅਦ ਉਨਾਂ ਨੇ ਸਾਲ 2007 ਵਿੱਚ ਭਦੌੜ ਵਿਧਾਨ ਸਭਾ ਹਲਕੇ ਤੋਂ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਦੀ ਟਿਕਟ ਉੱਪਰ ਚੋਣ ਹੀ ਲੜੀ ਸੀ, ਪਰ ਉਹ ਸਫ਼ਲ ਨਹੀਂ ਹੋ ਸਕੇ ਸਨ।

ਸਰਬਜੀਤ ਸਿੰਘ ਖਾਲਸਾ ਨੇ ਸਾਲ 2014 ਦੀ ਲੋਕ ਸਭਾ ਚੋਣ ਫਤਿਹਗੜ੍ਹ ਸਾਹਿਬ ਹਲਕੇ ਤੋਂ ਲੜੀ ਸੀ। ਇਹ ਚੋਣ ਉਹਨਾਂ ਨੇ ਬਹੁਜਨ ਸਮਾਜ ਪਾਰਟੀ ਦੀ ਟਿਕਟ ਉੱਪਰ ਲੜੀ ਸੀ।

ਸਰਬਜੀਤ ਸਿੰਘ ਖਾਲਸਾ ਦੇ ਚੋਣ ਮੁੱਦੇ ਕੀ ਸਨ

ਬਲਵਿੰਦਰ ਸਿੰਘ ਬਾਵਾ ਫਰੀਦਕੋਟ ਲੋਕ ਸਭਾ ਹਲਕਾ (ਰਾਖਵਾਂ) ਤੋਂ ਚੋਣ ਜਿੱਤੇ ਸਰਬਜੀਤ ਸਿੰਘ ਖਾਲਸਾ ਦੀ ਚੋਣ ਪ੍ਰਚਾਰ ਮੁਹਿੰਮ ਦਾ ਅਹਿਮ ਹਿੱਸਾ ਸਨ।

ਸਰਬਜੀਤ ਸਿੰਘ ਖਾਲਸਾ ਨੇ ਆਪਣੀ ਚੋਣ ਮੁਹਿੰਮ ਦਾ ਆਗਾਜ਼ ਪਿੰਡ ਰੋਡੇ ਤੋਂ ਦਮਦਮੀ ਟਕਸਾਲ ਦੇ ਮੁਖੀ ਰਹੇ ਜਰਨੈਲ ਸਿੰਘ ਭਿੰਡਰਾਂਵਾਲੇ ਦੀ ਯਾਦ ਵਿੱਚ ਬਣੇ ਗੁਰਦੁਆਰਾ ਸਾਹਿਬ ਤੋਂ ਕੀਤੀ ਸੀ।

ਬਲਵਿੰਦਰ ਸਿੰਘ ਬਾਵਾ ਕਹਿੰਦੇ ਹਨ ਕਿ ਸਾਲ 2015 ਵਿਚ ਬਰਗਾੜੀ ਵਿਖੇ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਹੋਈ ਬੇਅਦਬੀ ਦਾ ਮੁੱਦਾ ਸਰਬਜੀਤ ਸਿੰਘ ਖਾਲਸਾ ਦੀ ਚੋਣ ਮੁਹਿੰਮ ਦਾ ਅਹਿਮ ਹਿੱਸਾ ਸੀ।

ਉਹ ਕਹਿੰਦੇ ਹਨ, "ਇਸ ਦੇ ਨਾਲ ਅਸੀਂ ਬਹਿਬਲ ਕਲਾਂ ਵਿੱਚ ਪੁਲਿਸ ਦੀ ਗੋਲੀ ਨਾਲ ਸ਼ਹੀਦ ਹੋਏ ਦੋ ਸਿੱਖਾਂ ਦੇ ਮਾਮਲੇ ਵਿੱਚ ਇਨਸਾਫ਼ ਨਾ ਮਿਲਣ ਦਾ ਮੁੱਦਾ ਵੀ ਚੁੱਕਿਆ ਸੀ।"

"ਅਸੀਂ ਰਵਾਇਤੀ ਪਾਰਟੀਆਂ ਵਾਂਗ ਗਲੀਆਂ ਨਾਲਿਆਂ ਦੀ ਗੱਲ ਆਪਣੇ ਚੋਣ ਪ੍ਰਚਾਰ ਵਿੱਚ ਨਹੀਂ ਕੀਤੀ ਸੀ। ਇਸ ਦੇ ਉਲਟ ਸਮਾਜ ਵਿੱਚ ਫੈਲੇ ਨਸ਼ਿਆਂ ਦਾ ਮੁੱਦਾ ਸਾਡੇ ਲਈ ਕਾਫ਼ੀ ਅਹਿਮ ਹੈ।"

ਨਸ਼ੇ ਬਾਰੇ ਹਲਕੇ ਦੇ ਵੋਟਰਾਂ ਨੇ ਕੀ ਕਿਹਾ

ਚਰਨਜੀਤ ਕੌਰ ਜ਼ਿਲਾ ਮੋਗਾ ਅਧੀਨ ਪੈਂਦੇ ਪਿੰਡ ਰੋਡੇ ਦੇ ਵਸਨੀਕ ਹਨ ਅਤੇ ਉਹ ਪਿੰਡ ਦੇ ਸਾਬਕਾ ਸਰਪੰਚ ਹਨ।

ਉਹ ਕਹਿੰਦੇ ਹਨ, "ਪਿਛਲੇ ਸਮੇਂ ਦੌਰਾਨ ਕਾਂਗਰਸ, ਸ਼੍ਰੋਮਣੀ ਅਕਾਲੀ ਦਲ ਅਤੇ ਹੁਣ ਆਮ ਆਦਮੀ ਪਾਰਟੀ ਨੇ ਸਮਾਜ ਵਿੱਚੋਂ ਨਸ਼ਿਆਂ ਦੇ ਖਾਤਮੇ ਦੇ ਠੋਕਵੇਂ ਵਾਅਦੇ ਕੀਤੇ ਹਨ, ਪਰ ਨਸ਼ਿਆਂ ਨੂੰ ਠੱਲ ਨਹੀਂ ਪਈ ਹੈ।"

"ਹਰ ਰੋਜ਼ ਨੌਜਵਾਨ ਨਸ਼ਿਆਂ ਨਾਲ ਮਰ ਰਹੇ ਹਨ। ਹਾਲੇ ਕੱਲ੍ਹ ਹੀ ਸਾਡੇ ਪਿੰਡ 25 ਸਾਲਾਂ ਦੇ ਨੌਜਵਾਨ ਦੀ ਨਸ਼ੇ ਦਾ ਟੀਕਾ ਲਗਾਉਣ ਕਾਰਨ ਮੌਤ ਹੋਈ ਹੈ।"

"ਸਾਨੂੰ ਸਰਕਾਰਾਂ ਦਾ 1000 ਰੁਪਏ ਜਾਂ ਆਟਾ ਦਾਲ ਨਹੀਂ ਚਾਹੀਦੀ। ਜਦੋਂ ਸਾਡੇ ਘਰਾਂ ਵਿੱਚ ਸਾਡੇ ਪੁੱਤ ਹੀ ਨਾ ਰਹੇ ਫਿਰ ਅਸੀਂ ਆਟਾ ਦਾਲ ਕੀ ਕਰਨਾ ਹੈ।"

"ਸਾਨੂੰ ਆਸ ਸਿਰਫ ਇਸੇ ਕਰਕੇ ਹੈ ਕੇ ਸਰਬਜੀਤ ਸਿੰਘ ਖਾਲਸਾ ਦੀ ਚੋਣ ਮੁਹਿੰਮ ਪੰਥਕ ਰਹੀ ਹੈ। ਗੁਰੂ ਦੇ ਓਟ ਆਸਰੇ ਨਾਲ ਹੀ ਨਸ਼ਾ ਖਤਮ ਹੋ ਸਕਦਾ ਹੈ, ਇਹ ਸਾਡਾ ਸਮਝਣਾ ਹੈ।"

ਸਰਬਜੀਤ ਸਿੰਘ ਖਾਲਸਾ ਹੱਥੋਂ ਹਾਰਨ ਵਾਲੇ ਸੱਤਾਧਾਰੀ ਆਮ ਆਦਮੀ ਪਾਰਟੀ ਦੇ ਉਮੀਦਵਾਰ ਕਰਮਜੀਤ ਅਨਮੋਲ ਦੀ ਚੋਣ ਮੁਹਿੰਮ ਕਾਫੀ ਦਿਲਚਸਪ ਰਹੀ ਸੀ।

ਇੱਕ ਪਾਸੇ ਜਿੱਥੇ ਸਰਬਜੀਤ ਸਿੰਘ ਖਾਲਸਾ ਨੇ ਪੰਥਕ ਏਜੰਡੇ ਹੇਠ ਚੋਣ ਲੜੀ, ਉਥੇ ਦੂਜੇ ਪਾਸੇ ਕਰਮਜੀਤ ਅਨਮੋਲ ਦੀ ਚੋਣ ਮੁਹਿੰਮ ਵਿੱਚ ਪੰਜਾਬੀ ਗਾਇਕਾਂ ਅਤੇ ਫ਼ਿਲਮ ਅਦਾਕਾਰਾਂ ਨੇ ਹਾਜ਼ਰੀ ਭਰੀ।

ਅਕਾਲ ਤਖਤ ਸਾਹਿਬ ਦੇ ਸਾਬਕਾ ਜਥੇਦਾਰ ਭਾਈ ਜਸਬੀਰ ਸਿੰਘ ਰੋਡੇ ਨੇ 'ਬੀਬੀਸੀ' ਨਾਲ ਗੱਲਬਾਤ ਕਰਦਿਆਂ ਕਿਹਾ ਜਿਸ ਦਿਨ ਸਰਬਜੀਤ ਸਿੰਘ ਖਾਲਸਾ ਨੇ ਪਿੰਡ ਰੋਡੇ ਤੋਂ ਅਰਦਾਸ ਕਰਕੇ ਚੋਣ ਮੁਹਿਮ ਸ਼ੁਰੂ ਕੀਤੀ ਸੀ ਉਸ ਦਿਨ ਸਿਰਫ ਉਨ੍ਹਾਂ ਨਾਲ ਪੰਜ ਜਣੇ ਹੀ ਹਾਜ਼ਰ ਸਨ।

ਸਰਬਜੀਤ ਸਿੰਘ ਖਾਲਸਾ ਦੀ ਚੋਣ ਮੁਹਿੰਮ ਵਿੱਚ ਨੌਜਵਾਨਾਂ ਨੇ ਆਪਣੇ ਪੱਧਰ ’ਤੇ ਹੀ ਟੀਮਾਂ ਬਣਾ ਕੇ ਵੋਟਾਂ ਮੰਗੀਆਂ ਸਨ। ਖਾਲਸਾ ਦੇ ਹੱਕ ਵਿੱਚ ਕੱਢੇ ਗਏ ਰੋਡ ਸ਼ੋ ਵੀ ਆਪ ਮੁਹਾਰੇ ਹੀ ਸਨ।

ਭਾਈ ਜਸਬੀਰ ਸਿੰਘ ਰੋਡੇ ਕਹਿੰਦੇ ਹਨ, "ਵਿਧਾਨ ਸਭਾ ਹਲਕਾ ਰਾਮਪੁਰਾ ਫੂਲ ਅਧੀਨ ਪੈਂਦੇ ਇਤਿਹਾਸਕ ਪਿੰਡ ਦੀਨਾ ਕਾਂਗੜ ਤੋਂ ਪਿੰਡ ਮਹਿਰਾਜ ਤੱਕ ਸਰਬਜੀਤ ਸਿੰਘ ਖਾਲਸਾ ਵੱਲੋਂ ਕੱਢਿਆ ਗਿਆ ਰੋਡ ਸ਼ੋਅ ਇਕੱਠ ਪੱਖੋਂ ਇੱਕ ਮਿਸਾਲ ਬਣ ਗਿਆ ਸੀ।"

"ਦੀਨਾ ਕਾਂਗੜ ਸਿੱਖ ਧਰਮ ਦਾ ਉਹ ਮੁਕੱਦਸ ਅਸਥਾਨ ਹੈ, ਜਿੱਥੋਂ ਦਸਵੇਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਹਿੰਦ ਹਕੂਮਤ ਦੇ ਉਸ ਵੇਲੇ ਦੇ ਬਾਦਸ਼ਾਹ ਔਰੰਗਜ਼ੇਬ ਨੂੰ ਜ਼ਫ਼ਰਨਾਮਾ ਲਿਖ ਕੇ ਭੇਜਿਆ ਸੀ।"

ਫਰੀਦਕੋਟ ਲੋਕ ਸਭਾ ਹਲਕੇ ਅਧੀਨ ਪੈਂਦੇ ਨੌਂ ਵਿਧਾਨ ਸਭਾ ਹਲਕਿਆਂ ਵਿੱਚ ਕਈ ਰੋਡ ਸ਼ੋ ਅਜਿਹੇ ਵੀ ਕੱਢੇ ਗਏ ਜਿੰਨਾਂ ਵਿੱਚ ਸਰਬਜੀਤ ਸਿੰਘ ਖਾਲਸਾ ਅਤੇ ਉਨਾਂ ਦੇ ਪਰਿਵਾਰਕ ਮੈਂਬਰ ਵੀ ਹਾਜ਼ਰ ਨਹੀਂ ਸਨ।

ਬਲਵਿੰਦਰ ਸਿੰਘ ਕਹਿੰਦੇ ਹਨ, "ਅਸਲ ਵਿੱਚ ਸਰਬਜੀਤ ਸਿੰਘ ਖਾਲਸਾ ਦੀ ਚੋਣ ਮੁਹਿੰਮ 20 ਮਈ ਤੋਂ 30 ਮਈ ਤੱਕ ਅਜਿਹੀ ਚੱਲੀ ਕੇ ਉਹਨਾਂ ਦੇ ਹੱਕ ਵਿੱਚ ਵੋਟਰਾਂ ਦੀ ਹਨੇਰੀ ਝੁੱਲ ਗਈ।"

ਪੰਜਾਬ ਦੇ ਜਿਨਾਂ ਪ੍ਰਮੁੱਖ ਕਲਾਕਾਰਾਂ ਨੇ ਕਰਮਜੀਤ ਅਨਮੋਲ ਦੀ ਚੋਣ ਮੁਹਿੰਮ ਵਿੱਚ ਆਪਣੀ ਕਲਾ ਦਿਖਾ ਕੇ ਵੋਟਾਂ ਮੰਗੀਆਂ ਉਹਨਾਂ ਵਿੱਚ ਗੁਰਪ੍ਰੀਤ ਘੁੱਗੀ, ਬੀਨੂ ਢਿੱਲੋਂ, ਗਿੱਪੀ ਗਰੇਵਾਲ, ਸੋਨੀਆ ਮਾਨ, ਰੁਪਿੰਦਰ ਰੂਪੀ ਅਤੇ ਨਿਸ਼ਾ ਬਾਨੋ ਆਦਿ ਸ਼ਾਮਲ ਹਨ।

ਇਸ ਤੋਂ ਇਲਾਵਾ ਉਨਾਂ ਦੇ ਹੱਕ ਵਿੱਚ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਤਿੰਨ ਵੱਡੇ ਰੋਡ ਸ਼ੋਅ ਵੀ ਫ਼ਰੀਦਕੋਟ ਹਲਕੇ ਵਿੱਚ ਕੀਤੇ ਸਨ।

ਫ਼ਰੀਦਕੋਟ ਤੋਂ ਆਪਣਾ ਸਿਆਸੀ ਸਫ਼ਰ ਸ਼ੁਰੂ ਕਰਨ ਵਾਲੇ ਚਿਹਰੇ

ਭਾਰਤੀ ਚੋਣ ਕਮਿਸ਼ਨ ਵੱਲੋਂ ਸਾਲ 1977 ਵਿੱਚ ਫਰੀਦਕੋਟ ਨੂੰ ਲੋਕ ਸਭਾ ਹਲਕੇ ਦਾ ਦਰਜਾ ਦਿੱਤਾ ਗਿਆ ਸੀ।

ਫਰੀਦਕੋਟ ਹਲਕਾ ਅਜਿਹਾ ਹਲਕਾ ਹੈ ਜਿੱਥੋਂ ਕਈ ਸਿਆਸਤ ਦੇ ਵੱਡੇ ਦਿੱਗਜਾਂ ਨੇ ਆਪਣੀ ਸਿਆਸੀ ਪਾਰੀ ਦੀ ਸ਼ੁਰੂਆਤ ਕੀਤੀ ਅਤੇ ਕਾਮਯਾਬ ਹੋਏ।

ਭਾਰਤ ਦੇ ਮਰਹੂਮ ਰਾਸ਼ਟਰਪਤੀ ਗਿਆਨੀ ਜ਼ੈਲ ਸਿੰਘ ਲੋਕ ਸਭਾ ਹਲਕਾ ਫਰੀਦਕੋਟ ਅਧੀਨ ਪੈਂਦੇ ਪਿੰਡ ਸੰਧਵਾਂ ਦੇ ਜੰਮਪਲ ਸਨ।

ਪੰਜਾਬ ਦੇ ਮਰਹੂਮ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੇ ਸਾਲ 1977 ਵਿੱਚ ਇਸ ਹਲਕੇ ਤੋਂ ਚੋਣ ਲੜੀ ਅਤੇ ਜਿੱਤ ਹਾਸਲ ਕੀਤੀ।

ਪੰਜਾਬ ਦੇ ਸਾਬਕਾ ਮੁੱਖ ਮੰਤਰੀ ਹਰਚਰਨ ਸਿੰਘ ਬਰਾੜ ਵੀ ਇਸੇ ਲੋਕ ਸਭਾ ਹਲਕੇ ਨਾਲ ਸਬੰਧਤ ਸਨ।

ਸ਼੍ਰੋਮਣੀ ਅਕਾਲੀ ਦਲ ਦੇ ਮੌਜੂਦਾ ਪ੍ਰਧਾਨ ਸੁਖਬੀਰ ਸਿੰਘ ਬਾਦਲ ਇਸ ਹਲਕੇ ਤੋਂ ਲੋਕ ਸਭਾ ਮੈਂਬਰ ਰਹਿ ਚੁੱਕੇ ਹਨ।

ਇਸੇ ਤਰ੍ਹਾਂ ਕਾਂਗਰਸ ਪਾਰਟੀ ਦੇ ਉੱਘੇ ਆਗੂ ਰਹੇ ਜਗਮੀਤ ਸਿੰਘ ਬਰਾੜ ਵੀ ਫਰੀਦਕੋਟ ਤੋਂ ਚੋਣ ਲੜੇ ਅਤੇ ਉਹਨਾਂ ਨੇ ਜਿੱਤ ਪ੍ਰਾਪਤ ਕੀਤੀ ਸੀ।

1977 ਤੋਂ ਲੈ ਕੇ ਸਾਲ 2009 ਤੱਕ ਫਰੀਦਕੋਟ ਲੋਕ ਸਭਾ ਹਲਕੇ ਦੀ ਸਿਆਸੀ ਤੌਰ ਉੱਪਰ ਕਾਫ਼ੀ ਪੁੱਛ-ਗਿੱਛ ਰਹੀ ।

ਭਾਰਤ ਦੇ ਚੋਣ ਕਮਿਸ਼ਨ ਵੱਲੋਂ ਸਾਲ 2009 ਵਿੱਚ ਫਰੀਦਕੋਟ ਲੋਕ ਸਭਾ ਹਲਕੇ ਨੂੰ ਰਾਖਵਾਂ ਕਰਾਰ ਦੇ ਦਿੱਤਾ ਗਿਆ।

ਇਸ ਰਾਖਵੇਂ ਹਲਕੇ ਤੋਂ ਪੰਜਾਬੀ ਦੇ ਉੱਘੇ ਗਾਇਕ ਮੁਹੰਮਦ ਸਦੀਕ ਸਾਲ 2019 ਦੀਆਂ ਲੋਕ ਸਭਾ ਚੋਣਾਂ ਵਿੱਚ ਕਾਂਗਰਸ ਪਾਰਟੀ ਵੱਲੋਂ ਇਥੋਂ ਲੋਕ ਸਭਾ ਮੈਂਬਰ ਬਣੇ ਸਨ।

ਇਸ ਰਿਜ਼ਰਵ ਹਲਕੇ ਤੋਂ ਸ਼੍ਰੋਮਣੀ ਅਕਾਲੀ ਦਲ ਦੇ ਆਗੂ ਰਹੇ ਪਰਮਜੀਤ ਕੌਰ ਗੁਲਸ਼ਨ ਅਤੇ ਆਮ ਆਦਮੀ ਪਾਰਟੀ ਦੇ ਪ੍ਰੋਫੈਸਰ ਸਾਧੂ ਸਿੰਘ ਵੀ ਜਿੱਤ ਚੁੱਕੇ ਹਨ।

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTER ਅਤੇ YouTube 'ਤੇ ਜੁੜੋ।)