You’re viewing a text-only version of this website that uses less data. View the main version of the website including all images and videos.
ਰਵਨੀਤ ਬਿੱਟੂ: ਬੇਅੰਤ ਸਿੰਘ ਦੇ ਪੋਤੇ ਦਾ 'ਰਾਹੁਲ ਗਾਂਧੀ ਦੀ ਪਸੰਦ' ਤੋਂ ਮੋਦੀ ਦੇ ਵਜ਼ੀਰ ਬਣਨ ਦਾ ਸਫ਼ਰ
ਪੰਜਾਬ ਤੋਂ ਤਿੰਨ ਵਾਰ ਲੋਕ ਸਭਾ ਮੈਂਬਰ ਰਹਿ ਚੁੱਕੇ ਰਵਨੀਤ ਸਿੰਘ ਬਿੱਟੂ ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਵਜ਼ਾਰਤ ਵਿੱਚ ਰਾਜ ਮੰਤਰੀ ਵੱਜੋਂ ਸਹੁੰ ਚੱਕਣ ਦਾ ਸੱਦਾ ਦਿੱਤਾ ਗਿਆ ਹੈ।
ਨਰਿੰਦਰ ਮੋਦੀ ਤੀਜੀ ਵਾਰ ਪ੍ਰਧਾਨ ਮੰਤਰੀ ਵਜੋਂ ਸਹੁੰ ਚੁੱਕ ਰਹੇ ਹਨ।
ਮੀਡੀਆ ਰਿਪੋਰਟਾਂ ਵਿੱਚ ਰਵਨੀਤ ਬਿੱਟੂ ਨੂੰ ਮੋਦੀ ਕੈਬਟਿਨ ਵਿੱਚ ‘ਪੰਜਾਬ ਦਾ ਸਿੱਖ ਚਿਹਰਾ’ ਵੀ ਕਿਹਾ ਜਾ ਰਿਹਾ ਹੈ।
ਰਵਨੀਤ ਬਿੱਟੂ ਨੂੰ ਪੰਜਾਬ ਵਿੱਚ ਭਾਜਪਾ ਦੇ ਮੋਹਰੀ ਉਮੀਦਵਾਰਾਂ ਵਿੱਚੋਂ ਚੁਣਿਆ ਗਿਆ ਹੈ।
ਭਾਰਤ ਦੇ ਅਮਰੀਕਾ ਵਿੱਚ ਰਾਜਦੂਤ ਰਹੇ ਤਰਨਜੀਤ ਸਿੰਘ ਸੰਧੂ ਅਮ੍ਰਿਤਸਰ ਤੋਂ, ਸਾਬਕਾ ਆਈਐੱਸ ਪਰਮਪਾਲ ਕੌਰ ਬਠਿੰਡਾ ਤੋਂ ਅਤੇ ਦਿੱਲੀ ਤੋਂ ਲੋਕ ਸਭਾ ਮੈਂਬਰ ਰਹਿ ਚੁੱਕੇ ਪੰਜਾਬੀ ਗਾਇਕ ਹੰਸ ਰਾਜ ਹੰਸ ਵੀ ਭਾਜਪਾ ਦੇ 13 ਲੋਕ ਸਭਾ ਉਮੀਦਵਾਰਾਂ ਵਿੱਚ ਸ਼ਾਮਲ ਸਨ।
ਜ਼ਿਕਰਯੋਗ ਹੈ ਕਿ ਕਰੀਬ ਦੋ ਦਹਾਕਿਆਂ ਬਾਅਦ ਪੰਜਾਬ ਵਿੱਚ ਬਿਨਾ ਗਠਜੋੜ ਦੇ ਚੋਣ ਮੈਦਾਨ ਵਿੱਚ ਉੱਤਰੀ ਭਾਜਪਾ ਇੱਕ ਵੀ ਸੀਟ ’ਤੇ ਜਿੱਤ ਨਹੀਂ ਦਰਜ ਕਰ ਸਕੀ।
ਰਵਨੀਤ ਸਿੰਘ ਬਿੱਟੂ ਮਾਰਚ 2024 ਵਿੱਚ ਕਾਂਗਰਸ ਛੱਡ ਕੇ ਭਾਜਪਾ ਵਿੱਚ ਸ਼ਾਮਲ ਹੋ ਗਏ ਸਨ।
ਇਸ ਐਲਾਨ ਤੋਂ ਬਾਅਦ ਰਵਨੀਤ ਸਿੰਘ ਬਿੱਟੂ ਨੇ ਕਿਹਾ ਹੈ, “ਚਾਹੇ ਉਹ ਨਿੱਝਰ ਦਾ ਮੁੱਦਾ ਹੋਵੇ, ਅਮ੍ਰਿਤਪਾਲ ਦਾ ਮੁੱਦਾ ਹੋਵੇ, ਚਾਹੇ ਪਾਕਿਸਤਾਨ ਦਾ ਮੁੱਦੇ ਹੋਵੇ ਜਾਂ ਕਿਸਾਨਾਂ ਦਾ ਮੈਂ ਭਾਜਪਾ ’ਚ ਜਾ ਕੇ ਸਾਰੇ ਮੁੱਦੇ ਹੱਲ ਕਰਵਾਵਾਂਗਾ।”
ਉਨ੍ਹਾਂ ਕਿਹਾ, “ਮੈਨੂੰ ਹਾਰਨ ਤੋਂ ਬਾਅਦ ਚੁਣਿਆ ਗਿਆ ਹੈ, ਮੇਰੇ ਉੱਤੇ ਵਿਸ਼ਵਾਸ ਕੀਤਾ ਗਿਆ ਹੈ ਕਿ ਇਹ ਬੰਦਾ ਚੰਗੇ ਦਿਨ ਲਿਆ ਸਕਦਾ ਹੈ।”
ਉਨ੍ਹਾਂ ਕਿਹਾ, “ਮੇਰਾ ਕੰਮ ਪੁਲ਼ ਬਣਨ ਦਾ ਕੰਮ ਹੈ।”
20,000 ਦੇ ਫ਼ਰਕ ਨਾਲ ਐੱਮਪੀ ਬਣਨੋਂ ਖੁੰਝੇ
ਦੋ ਵਾਰੀ ਲੁਧਿਆਣਾ ਤੋਂ ਲੋਕ ਸਭਾ ਮੈਂਬਰ ਬਣ ਚੁੱਕੇ ਬਿੱਟੂ ਇਸ ਵਾਰੀ ਵੱਖਰੇ ਚੋਣ ਨਿਸ਼ਾਨ ਨਾਲ ਚੋਣ ਮੈਦਾਨ ਵਿੱਚ ਉੱਤਰੇ ਸਨ।
ਭਾਜਪਾ ਵੱਲੋਂ ਰਵਨੀਤ ਸਿੰਘ ਬਿੱਟੂ ਦਾ ਚੋਣ ਪ੍ਰਚਾਰ ਜ਼ੋਰਾਂ ਸ਼ੋਰਾਂ ਨਾਲ ਕੀਤਾ ਗਿਆ, ਜਿਸ ਦੀ ਬਦੌਲਤ ਉਹ ਕਰੀਬ 3 ਲੱਖ ਵੋਟਾਂ ਲੈਣ ਵਿੱਚ ਸਫ਼ਲ ਰਹੇ।
ਉਹ 20,942 ਵੋਟਾਂ ਦੇ ਫ਼ਰਕ ਨਾਲ ਚੋਣ ਜਿੱਤਣ ਤੋਂ ਖੁੰਝ ਗਏ ਸਨ।
ਉਨ੍ਹਾਂ ਦੇ ਮੁਕਾਬਲੇ ਵਿੱਚ ਗਿੱਦੜਬਾਹਾ ਹਲਕੇ ਤੋਂ ਵਿਧਾਇਕ ਅਤੇ ਕਾਂਗਰਸ ਪਾਰਟੀ ਦੀ ਪੰਜਾਬ ਇਕਾਈ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਸਨ।
ਅਮਰਿੰਦਰ ਸਿੰਘ ਰਾਜਾ ਵੜਿੰਗ ਨੂੰ ਕੁਲ 3 ਲੱਖ 22 ਹਜ਼ਾਰ ਵੋਟਾਂ ਪਈਆਂ।
ਕਾਂਗਰਸ ਪਾਰਟੀ ਵੱਲੋਂ ਦਲ ਬਦਲੀ ਲਈ ਉਨ੍ਹਾਂ ਨੂੰ ਨਿਸ਼ਾਨਾ ਬਣਾਏ ਜਾਣ ਦੇ ਬਾਵਜੂਦ ਬਿੱਟੂ ਲੁਧਿਆਣਾ ਦੇ ਸ਼ਹਿਰੀ ਹਲਕਿਆਂ ਵਿੱਚ ਚੰਗੀ ਲੀਡ ਲੈਣ ਵਿੱਚ ਕਾਮਯਾਬ ਰਹੇ ਸਨ।
‘ਮੈਂ ਬਿੱਟੂ ਨੂੰ ਵੱਡਾ ਬੰਦਾ ਬਣਾਵਾਂਗਾ’
ਰਵਨੀਤ ਬਿੱਟੂ ਦੇ ਚੋਣ ਪ੍ਰਚਾਰ ਲਈ ਭਾਜਪਾ ਦੇ ਵੱਡੇ ਹੋਰ ਵੱਡੇ ਚਿਹਰਿਆਂ ਦੇ ਨਾਲ-ਨਾਲ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਵੀ ਲੁਧਿਆਣਾ ਆਏ ਸਨ।
ਉਨ੍ਹਾਂ ਨੇ ਮੰਚ ਤੋਂ ਬੋਲਦਿਆਂ ਇਹ ਕਿਹਾ ਸੀ ਕਿ ਉਹ ਰਵਨੀਤ ਸਿੰਘ ਬਿੱਟੂ ਨੂੰ ਵੱਡਾ ਬੰਦਾ ਬਣਾਉਣਗੇ।
ਉਨ੍ਹਾਂ ਨੇ ਆਪਣੇ ਸੰਬੋਧਨ ਦੌਰਾਨ ਕਿਹਾ ਸੀ, “ਇਹ ਰਵਨੀਤ ਬਿੱਟੂ ਮੇਰਾ ਦੋਸਤ ਹੈ, 5 ਸਾਲਾਂ ਤੋਂ ਮੇਰਾ ਦੋਸਤ ਬਣਿਆ ਹੈ, ਇਸ ਨੂੰ ਲੁਧਿਆਣਾ ਤੋਂ ਦਿੱਲੀ ਦੀ ਸੰਸਦ ਵਿੱਚ ਭੇਜੋ, ਇਸ ਨੂੰ ਵੱਡਾ ਬੰਦਾ ਬਣਾਉਣ ਦਾ ਕੰਮ ਮੈਂ ਕਰੂੰਗਾ।”
ਰਵਨੀਤ ਬਿੱਟੂ ਦਾ ਸਿਆਸੀ ਸਫ਼ਰ
ਰਵਨੀਤ ਸਿੰਘ ਬਿੱਟੂ ਦਾ ਸਿਆਸੀ ਸਫ਼ਰ ਸਾਲ 2008 ਵਿੱਚ ਸ਼ੁਰੂ ਹੋਇਆ ਸੀ।
ਉਹ ਲੋਕਤੰਤਰੀ ਢੰਗ ਨਾਲ ਪੰਜਾਬ ਯੂਥ ਕਾਂਗਰਸ ਦੇ ਪ੍ਰਧਾਨ ਬਣਨ ਵਾਲੇ ਪਹਿਲੇ ਪ੍ਰਧਾਨ ਸਨ।
ਰਵਨੀਤ ਸਿੰੰਘ ਬਿੱਟੂ ਨੇ ਸਾਲ 2009 ਵਿੱਚ ਸ੍ਰੀ ਆਨੰਦਪੁਰ ਸਾਹਿਬ ਲੋਕ ਸਭਾ ਹਲਕੇ ਤੋਂ ਕਾਂਗਰਸ ਪਾਰਟੀ ਦੀ ਟਿਕਟ ਉੱਤੇ ਲੋਕ ਸਭਾ ਮੈਂਬਰ ਦੀ ਚੋਣ ਲੜੀ ਸੀ।
ਉਨ੍ਹਾਂ ਦੀ ਸਿਆਸੀ ਸਫ਼ਲਤਾ ਵਿੱਚ ਰਾਹੁਲ ਗਾਂਧੀ ਦੀ ਵੱਡੀ ਭੂਮਿਕਾ ਦੱਸੀ ਜਾਂਦੀ ਹੈ।
ਇਸ ਚੋਣ ਵਿੱਚ ਉਨ੍ਹਾਂ ਨੇ ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਪ੍ਰੋਫ਼ੈਸਰ ਪ੍ਰੇਮ ਸਿੰਘ ਚੰਦੂਮਾਜਰਾ ਨੂੰ ਹਰਾਇਆ ਸੀ।
ਕਾਂਗਰਸ ਪਾਰਟੀ ਵੱਲੋਂ ਰਵਨੀਤ ਸਿ ਬਿੱਟੂ ਨੂੰ ਇਸ ਤੋਂ ਬਾਅਦ ਸਾਲ 2014 ਵਿੱਚ ਲੁਧਿਆਣਾ ਤੋਂ ਲੋਕ ਸਭਾ ਦੀ ਟਿਕਟ ਦਿੱਤੀ ਗਈ ਸੀ।
ਉਨ੍ਹਾਂ ਨੇ 19,000 ਵੋਟਾਂ ਦੇ ਫ਼ਰਕ ਨਾਲ ਆਮ ਆਦਮੀ ਪਾਰਟੀ ਦੇ ਉਮੀਦਵਾਰ ਹਰਿੰਦਰ ਸਿੰਘ ਫੂਲਕਾ ਨੂੰ ਹਰਾਇਆ ਸੀ।
ਆਪਣੀ ਜਿੱਤ ਦੇ ਇਸ ਸਿਲਸਿਲੇ ਨੂੰ ਜਾਰੀ ਰੱਖਦਿਆਂ ਰਵਨੀਤ ਸਿੰਘ ਬਿੱਟੂ ਨੇ ਸਾਲ 2019 ਦੀਆਂ ਲੋਕ ਸਭਾ ਚੋਣਾਂ ਵਿੱਚ ਲੁਧਿਆਣਾ ਹਲਕੇ ਤੋਂ ਹੀ ਕਾਂਗਰਸ ਪਾਰਟੀ ਦੀ ਟਿਕਟ ਉੱਤੇ ਚੋਣ ਲੜੀ ਸੀ।
ਇਸ ਮੌਕੇ ਉਨ੍ਹਾਂ ਨੇ ਅਕਾਲੀ-ਭਾਜਪਾ ਗਠਜੋੜ ਦੇ ਉਮੀਦਵਾਰ ਮਹੇਸ਼ਇੰਦਰ ਸਿੰਘ ਗਰੇਵਾਲ ਅਤੇ ਲੋਕ ਇਨਸਾਫ਼ ਪਾਰਟੀ ਤੇ ਆਗੂ ਸਿਮਰਜੀਤ ਸਿੰਘ ਬੈਂਸ ਨੂੰ ਹਰਾਇਆ ਸੀ।
ਸਿਆਸੀ ਮਾਹਰ ਮੰਨਦੇ ਹਨ ਕਿ ਲਗਾਤਾਰ ਤਿੰਨ ਵਾਰੀ ਚੋਣ ਜਿੱਤੇ ਕੇ ਰਵਨੀਤ ਸਿੰਘ ਬਿੱਟ ਨੇ ਆਪਣੇ ਆਪ ਨੂੰ ਪੰਜਾਬ ਦੇ ਸਿਆਸੀ ਮੈਦਾਨ ਵਿੱਚ ਇੱਕ ਸਫ਼ਲ ਸਿਆਸਤਦਾਨ ਵਜੋਂ ਸਥਾਪਤ ਕਰ ਲਿਆ ਸੀ।
ਰਵਨੀਤ ਸਿੰਘ ਬਿੱਟੂ ਦਾ ਪਰਿਵਾਰਕ ਪਿਛੋਕੜ ਅਤੇ ਸਿਆਸਤ
ਰਵਨੀਤ ਬਿੱਟੂ ਦਾ ਜਨਮ ਸਤੰਬਰ 1975 ਵਿੱਚ ਲੁਧਿਆਣਾ ਜ਼ਿਲ੍ਹੇ ਦੀ ਪਾਇਲ ਤਹਿਸੀਲ ‘ਚ ਪੈਂਦੇ ਕੋਟਲਾ ਅਫ਼ਗਾਨਾ ‘ਚ ਹੋਇਆ ਸੀ।
ਉਨ੍ਹਾਂ ਦੇ ਚੋਣ ਹਲਫ਼ਨਾਮੇ ਮੁਤਾਬਕ ਉਨ੍ਹਾਂ ਨੇ ਬਾਰ੍ਹਵੀਂ ਤੱਕ ਦੀ ਪੜ੍ਹਾਈ ਕੀਤੀ ਹੋਈ ਹੈ।
ਰਵਨੀਤ ਸਿੰਘ ਬਿੱਟੂ ਦੇ ਦਾਦਾ ਮਰਹੂਮ ਬੇਅੰਤ ਸਿੰਘ ਕਾਂਗਰਸ ਸਰਕਾਰ ਵਿੱਚ ਪੰਜਾਬ ਦੇ ਮੁੱਖ ਮੰਤਰੀ ਸਨ।
ਉਨ੍ਹਾਂ ਦੀ 31 ਅਗਸਤ 1995 ਵਿੱਚ ਚੰਡੀਗੜ੍ਹ ਵਿੱਚ ਹੋਏ ਇੱਕ ਬੰਬ ਧਮਾਕੇ ਵਿੱਚ ਮੌਤ ਹੋ ਗਈ ਸੀ। ਇਸ ਵੇਲੇ ਰਵਨੀਤ ਬਿੱਟੂ ਦੀ ਉਮਰ 20 ਸਾਲ ਸੀ।
ਇਸ ਧਮਾਕੇ ਦੀ ਜ਼ਿੰਮੇਵਾਰੀ ‘ਵੱਖਵਾਦੀ ਸੰਗਠਨ’ ਬੱਬਰ ਖਾਲਸਾ ਇੰਟਰਨੈਸ਼ਨਲ ਨੇ ਲਈ ਸੀ।
ਰਵਨੀਤ ਸਿੰਘ ਬਿੱਟੂ ਜਦੋਂ 10 ਸਾਲ ਦੇ ਸਨ ਤਾਂ ਉਨ੍ਹਾਂ ਦੇ ਪਿਤਾ ਸਵਰਨਜੀਤ ਸਿੰਘ ਦੀ ਸੜਕ ਹਾਦਸੇ ਵਿੱਚ ਮੌਤ ਹੋ ਗਈ ਸੀ।
ਰਵਨੀਤ ਬਿੱਟੂ ਦੇ ਚਾਚਾ ਤੇਜਪ੍ਰਕਾਸ਼ ਨੂੰ ਬੇਅੰਤ ਸਿੰਘ ਦੀ ਮੋਤ ਤੋਂ ਬਾਅਦ ਕੈਬਨਿਟ ਮੰਤਰੀ ਬਣਾਇਆ ਗਿਆ ਸੀ।
ਤੇਜ ਪ੍ਰਕਾਸ਼ ਕਾਂਗਰਸ ਪਾਰਟੀ ਦੀ ਟਿਕਟ ਉੱਤੇ ਵਿਧਾਇਕ ਰਹੇ ਗੁਰਕੀਰਤ ਕੋਟਲੀ ਦੇ ਪਿਤਾ ਹਨ।
ਰਵਨੀਤ ਸਿੰਘ ਬਿੱਟੂ ਪੰਜਾਬ ਵਿੱਚ ਸਿੱਖ ਵੱਖਵਾਦ ਦੱਸੀ ਜਾਂਦੀ ਸਿਆਸਤ ਦੀ ਸਖ਼ਤ ਮੁਖ਼ਾਲਫ਼ਤ ਕਰਨ ਕਰਕੇ ਚਰਚਾ ਵਿੱਚ ਵੀ ਰਹਿੰਦੇ ਹਨ।
ਉਹ ਬੇਅੰਤ ਸਿੰਘ ਦੇ ਕਤਲ ਵਿੱਚ ਵਿੱਚ ਸ਼ਾਮਲ ਰਹੇ ਬਲਵੰਤ ਸਿੰਘ ਰਾਜੋਆਣਾ ਦੀ ਰਿਹਾਈ ਦੇ ਖ਼ਿਲਾਫ਼ ਵੀ ਬਿਆਨ ਦਿੰਦੇ ਰਹੇ।