You’re viewing a text-only version of this website that uses less data. View the main version of the website including all images and videos.
ਕਬੂਤਰਖਾਨਿਆਂ ਨੂੰ ਇਸ ਸੂਬੇ ਵਿੱਚ ਬੰਦ ਕਿਉਂ ਕੀਤਾ ਜਾ ਰਿਹਾ ਹੈ? ਕੀ ਕਬੂਤਰ ਮਨੁੱਖੀ ਸਿਹਤ ਲਈ ਖ਼ਤਰਨਾਕ ਹਨ
- ਲੇਖਕ, ਦੀਪਾਲੀ ਜਗਤਾਪ
- ਰੋਲ, ਬੀਬੀਸੀ ਪੱਤਰਕਾਰ
ਕਬੂਤਰਖਾਨਿਆਂ ਨੂੰ ਬੰਦ ਕਰਨ ਦੇ ਮਾਮਲੇ ਸਬੰਧੀ ਪੰਛੀ ਪ੍ਰੇਮੀ ਸੜਕਾਂ 'ਤੇ ਉਤਰ ਆਏ ਹਨ ਅਤੇ ਇਸ ਕਾਰਵਾਈ ਦਾ ਵਿਰੋਧ ਕਰ ਰਹੇ ਹਨ।
ਦਰਅਸਲ ਮਹਾਰਾਸ਼ਟਰ ਸਰਕਾਰ ਨੇ ਕੁਝ ਦਿਨ ਪਹਿਲਾਂ ਮੁੰਬਈ ਵਿੱਚ ਕਬੂਤਰਖਾਨਿਆਂ ਖਿਲਾਫ਼ ਕਾਰਵਾਈ ਦੇ ਨਿਰਦੇਸ਼ ਜਾਰੀ ਕੀਤੇ ਸੀ। ਇਸ ਸਬੰਧੀ ਬੰਬੇ ਹਾਈਕੋਰਟ ਵਿੱਚ ਸੁਣਵਾਈ ਵੀ ਚੱਲ ਰਹੀ ਹੈ।
ਮੁੰਬਈ ਨਗਰ ਨਿਗਮ ਨੇ 2 ਅਗਸਤ ਦੀ ਦੇਰ ਰਾਤ ਮੱਧ ਮੁੰਬਈ ਦੇ ਦਾਦਰ ਰੇਲਵੇ ਸਟੇਸ਼ਨ ਨੇੜੇ ਸਥਿਤ ਮਸ਼ਹੂਰ ਕਬੂਤਰਖਾਨੇ 'ਤੇ ਕਾਰਵਾਈ ਕੀਤੀ। ਨਿਗਮ ਪ੍ਰਸ਼ਾਸਨ ਨੇ ਪੂਰੇ ਕਬੂਤਰਖਾਨੇ ਨੂੰ ਤਿਰਪਾਲ ਨਾਲ ਢੱਕ ਦਿੱਤਾ। ਹਾਲਾਂਕਿ ਕੁਝ ਸਥਾਨਕ ਲੋਕ ਇਸ ਦਾ ਵਿਰੋਧ ਕਰ ਰਹੇ ਹਨ।
ਕਬੂਤਰਾਂ ਜਾਂ ਉਨ੍ਹਾਂ ਦੇ ਮਲ-ਮੂਤਰ ਨਾਲ ਮਨੁੱਖੀ ਸਿਹਤ 'ਤੇ ਅਸਰ ਪੈ ਰਿਹਾ ਹੈ ਅਤੇ ਕੁਝ ਦਿਨ ਪਹਿਲਾਂ ਹੋਏ ਮੌਨਸੂਨ ਸੈਸ਼ਨ ਵਿੱਚ ਮੰਗ ਕੀਤੀ ਗਈ ਸੀ ਕਿ ਮੁੰਬਈ ਸਣੇ ਸੂਬੇ ਵਿੱਚ ਅਜਿਹੇ ਸਾਰੇ ਕਬੂਤਰਖਾਨੇ ਤੁਰੰਤ ਬੰਦ ਕਰ ਦਿੱਤੇ ਜਾਣ।
ਮਾਹਿਮ ਵਿੱਚ ਕਬੂਤਰਾਂ ਨੂੰ ਦਾਣਾ ਪਾਉਣ ਦੇ ਇਲਜ਼ਾਮ ਵਿੱਚ ਇੱਕ ਅਣਪਛਾਤੇ ਵਿਅਕਤੀ ਖ਼ਿਲਾਫ਼ ਐੱਫਆਈਆਰ ਵੀ ਦਰਜ ਕੀਤੀ ਗਈ ਹੈ।
13 ਜੁਲਾਈ ਤੋਂ 3 ਅਗਸਤ ਦੇ ਵਿੱਚ ਕਬੂਤਰਾਂ ਨੂੰ ਦਾਣਾ ਪਾਉਣ ਦੇ ਇਲਜ਼ਾਮ ਹੇਠ 142 ਵਿਅਕਤੀਆਂ ਕੋਲੋਂ ਕੁੱਲ 68,700 ਰੁਪਏ ਜੁਰਮਾਨਾ ਵਸੂਲਿਆ ਗਿਆ।
ਕਬੂਤਰਖਾਨੇ ਬੰਦ ਕਰਨ ਦਾ ਵਿਰੋਧ ਕਿਉਂ ਹੋ ਰਿਹਾ ਹੈ?
ਮੁੰਬਈ ਵਿੱਚ ਕੁੱਲ 51 ਕਬੂਤਰਖਾਨੇ ਹਨ। ਮੰਤਰੀ ਉਦੈ ਸਾਮੰਤ ਨੇ ਮਾਨਸੂਨ ਸੈਸ਼ਨ ਦੌਰਾਨ ਨਿਰਦੇਸ਼ ਦਿੱਤੇ ਸਨ ਕਿ ਕਬੂਤਰਖਾਨੇ ਤੁਰੰਤ ਬੰਦ ਕਰ ਦਿੱਤੇ ਜਾਣ। ਇਸ ਤੋਂ ਬਾਅਦ ਕਾਰਵਾਈ ਵੀ ਸ਼ੁਰੂ ਕਰ ਦਿੱਤੀ ਗਈ।
ਇਸ ਵਿਚਾਲੇ 2 ਅਗਸਤ ਨੂੰ ਦਾਦਰ ਸਥਿਤ ਕਬੂਤਰਖਾਨੇ ਨੂੰ ਨਗਰ ਨਿਗਮ ਨੇ ਬੰਦ ਕਰ ਦਿੱਤਾ। ਇਸ ਖ਼ਿਲਾਫ਼ ਸਥਾਨਕ ਲੋਕਾਂ ਦਾ ਵਿਰੋਧ ਦੇਖਣ ਨੂੰ ਵੀ ਮਿਲਿਆ।
ਇਸ ਤੋਂ ਇਲਾਵਾ 3 ਅਗਸਤ ਨੂੰ ਦੱਖਣੀ ਮੁੰਬਈ ਵਿੱਚ ਪੰਛੀ ਪ੍ਰੇਮੀਆਂ ਅਤੇ ਜੈਨ ਭਾਈਚਾਰੇ ਵੱਲੋਂ ਵਿਰੋਧ ਪ੍ਰਦਰਸ਼ਨ ਕੀਤਾ ਗਿਆ। ਇਸ ਵਿੱਚ ਜੈਨ ਮੁਨੀਆਂ ਨੇ ਵੀ ਭਾਗ ਲਿਆ।
ਮੀਡੀਆ ਨਾਲ ਗੱਲ ਕਰਦੇ ਹੋਏ ਉਨ੍ਹਾਂ ਨੇ ਕਿਹਾ, "ਹੁਣ ਤੱਕ ਪੂਰਾ ਸਮਾਜ ਸੋ ਰਿਹਾ ਹੈ। ਮੁੰਬਈ ਨਗਰ ਨਿਗਮ ਦਾ ਫ਼ੈਸਲਾ ਗਲਤ ਹੈ। ਇਹ ਸਾਡੇ ਧਰਮ ਦੇ ਖ਼ਿਲਾਫ਼ ਹੈ। ਦੇਖਦੇ ਹਾਂ 7 ਤਰੀਕ ਨੂੰ ਮੁੰਬਈ ਹਾਈ ਕੋਰਟ ਕੀ ਫੈਸਲਾ ਸੁਣਾਉਂਦਾ ਹੈ। ਅੱਜ ਅਸੀਂ ਕਬੂਤਰਾਂ ਦੇ ਲਈ ਪਰਮਾਤਮਾ ਤੋਂ ਪ੍ਰਾਥਨਾ ਕਰ ਰਹੇ ਹਾਂ।"
ਜੈਨ ਮੁਨੀ ਨੇ ਕਿਹਾ, "ਜੇ 7 ਤਰੀਕ ਤੱਕ ਕੋਈ ਫ਼ੈਸਲਾ ਨਹੀਂ ਲਿਆ ਗਿਆ ਤਾਂ ਅਸੀਂ 10 ਤਰੀਕ ਤੱਕ ਸੂਬਾ ਪੱਧਰੀ ਅੰਦੋਲਨ ਸ਼ੁਰੂ ਕਰਾਂਗੇ। ਜੈਨ ਧਰਮ ਦੇ ਸਿਧਾਂਤਾਂ ਅਨੁਸਾਰ ਲੱਖਾਂ ਕਬੂਤਰ ਮਰ ਰਹੇ ਹਨ। ਉਨ੍ਹਾਂ ਦੇ ਕੋਲ ਨਾ ਭੋਜਨ ਹੈ ਤੇ ਨਾ ਹੀ ਪਾਣੀ। ਅਸੀਂ ਬੀਐੱਮਸੀ ਦਾ ਵਿਰੋਧ ਕਰ ਰਹੇ ਹਾਂ।"
ਦਾਦਰ ਕਬੂਤਰਖਾਨੇ ਕੋਲ ਰਹਿਣ ਵਾਲੇ ਇੱਕ ਸਥਾਨਕ ਵਾਸੀ ਨੇ ਕਿਹਾ ਕਿ ਨਗਰ ਨਿਗਮ ਦੇ ਅਧਿਕਾਰੀ ਕਬੂਤਰਾਂ ਨੂੰ ਖਾਣਾ ਖਿਲਾਉਣ ਦੇ ਖ਼ਿਲਾਫ਼ ਹਨ ਪਰ ਕੀ ਉਨ੍ਹਾਂ ਨੂੰ ਜਿਉਣ ਦਾ ਅਧਿਕਾਰ ਨਹੀਂ ਹੈ?
ਇੱਕ ਹੋਰ ਸਥਾਨਕ ਵਿਅਕਤੀ ਨੇ ਕਿਹਾ, "ਹਾਈ ਕੋਰਟ ਨੇ ਆਦੇਸ਼ ਦਿੱਤਾ ਹੈ ਪਰ ਕਬੂਤਰਾਂ ਨੂੰ ਖਾਣਾ ਨਹੀਂ ਮਿਲ ਰਿਹਾ, ਇਸ ਲਈ ਉਹ ਸੜਕਾਂ 'ਤੇ ਆ ਰਹੇ ਹਨ ਅਤੇ ਗੱਡੀਆਂ ਹੇਠਾਂ ਆ ਰਹੇ ਹਨ। ਕੀ ਸਾਨੂੰ ਇਸ ਬਾਰੇ ਨਹੀਂ ਸੋਚਣਾ ਚਾਹੀਦਾ? ਕਬੂਤਰਖਾਨੇ ਕਿਉਂ ਬੰਦ ਹੋਣ? ਮੈਡੀਕਲ ਰਿਪੋਰਟ 7 ਤਰੀਕ ਨੂੰ ਆਉਣੀ ਹੈ। ਸਾਨੂੰ ਉਦੋਂ ਤੱਕ ਇੰਤਜ਼ਾਰ ਕਰਨਾ ਚਾਹੀਦਾ ਸੀ। ਅਸੀਂ ਕੋਰਟ ਦੇ ਆਦੇਸ਼ ਖ਼ਿਲਾਫ਼ ਨਹੀਂ ਜਾ ਰਹੇ। ਪਰ ਸੱਚ ਕੋਰਟ ਵਿੱਚ ਪੇਸ਼ ਹੋਣਾ ਚਾਹੀਦਾ। ਜੇ ਤੁਹਾਡੇ ਬੱਚਿਆਂ ਨੂੰ ਅੱਠ ਦਿਨ ਖਾਣਾ ਨਾ ਮਿਲੇ ਤਾਂ ਕੀ ਹੋਵੇਗਾ? ਸਾਡੇ ਚਾਰੇ ਪਾਸੇ ਕਬੂਤਰ ਮਰ ਰਹੇ ਹਨ।"
"ਇਸ ਨੂੰ ਰੋਕੋ, ਲੋਕ ਸ਼ਰਾਬ, ਸਿਗਰਟ ਅਤੇ ਗੁੱਟਕਾ ਖਾਣ ਨਾਲ ਮਰਦੇ ਹਨ। ਰੇਹੜੀ-ਫੜ੍ਹੀ ਵਾਲਿਆਂ ਨੂੰ ਬੈਠਣ ਦੀ ਇਜਾਜ਼ਤ ਨਾ ਦੇਣਾ ਵੀ ਅਦਾਲਤ ਦਾ ਫ਼ੈਸਲਾ ਹੈ ਤਾਂ ਉਨ੍ਹਾਂ ਦੇ ਖ਼ਿਲਾਫ਼ ਕੋਈ ਕਾਰਵਾਈ ਕਿਉਂ ਨਹੀਂ ਹੋ ਰਹੀ ਹੈ? ਨਿਯਮਾਂ ਮੁਤਾਬਕ ਤੁਸੀਂ ਸੜਕਾਂ 'ਤੇ ਸਿਗਰਟ ਜਾਂ ਸ਼ਰਾਬ ਨਹੀਂ ਪੀ ਸਕਦੇ ਪਰ ਕਈ ਲੋਕ ਪੀਂਦੇ ਹਨ ਤਾਂ ਉਨ੍ਹਾਂ ਖ਼ਿਲਾਫ਼ ਕਾਰਵਾਈ ਕਿਉਂ ਨਹੀ ਹੋ ਰਹੀ?"
ਬੰਬੇ ਹਾਈ ਕੋਰਟ ਨੇ ਕੀ ਕਿਹਾ?
ਬੰਬੇ ਹਾਈ ਕੋਰਟ ਵਿੱਚ ਕਬੂਤਰਖਾਨਿਆਂ ਖ਼ਿਲਾਫ਼ ਕਾਰਵਾਈ ਅਤੇ ਉਨ੍ਹਾਂ ਦੇ ਭੋਜਨ ਨੂੰ ਬੰਦ ਕਰਨ ਦੀ ਮੰਗ ਨੂੰ ਲੈ ਕੇ ਇੱਕ ਪਟੀਸ਼ਨ ਪਾਈ ਗਈ ਸੀ। ਇਸ 'ਤੇ 30 ਜੁਲਾਈ ਨੂੰ ਸੁਣਵਾਈ ਹੋਈ ਸੀ। ਹੁਣ 7 ਅਗਸਤ ਨੂੰ ਫਿਰ ਤੋਂ ਸੁਣਵਾਈ ਹੋਵੇਗੀ।
ਪਟੀਸ਼ਨਕਰਤਾ ਸਨੇਹਾ ਵਿਸਾਰਿਆ ਨੇ ਦਾਅਵਾ ਕੀਤਾ ਹੈ ਕਿ ਸਰਕਾਰ ਨੇ ਕੋਈ ਸਬੂਤ ਜਾਂ ਠੋਸ ਡਾਟਾ ਉਪਲਬਧ ਨਹੀਂ ਕਰਵਾਇਆ ਹੈ ਕਿ ਕਬੂਤਰਾਂ ਦਾ ਸਿਹਤ 'ਤੇ ਕੀ ਅਸਰ ਪੈਂਦਾ ਹੈ।
ਬੀਬੀਸੀ ਨਾਲ ਗੱਲ ਕਰਦੇ ਹੋਏ ਉਨ੍ਹਾਂ ਕਿਹਾ, "ਕਹਿੰਦੇ ਹਨ ਕਿ ਕਬੂਤਰ ਸਿਹਤ 'ਤੇ ਅਸਰ ਪਾਉਂਦੇ ਹਨ ਪਰ ਸਰਕਾਰ ਦੇ ਕੋਲ ਇਸ ਦਾ ਕੋਈ ਸਬੂਤ ਨਹੀਂ ਹੈ। ਅਸੀਂ ਨੇ ਹੁਣ ਤੱਕ 20 ਆਰਟੀਆਈ ਦਾਇਰ ਕੀਤੀਆਂ ਹਨ ਪਰ ਸਾਨੂੰ ਇਸ ਬਾਰੇ ਕੋਈ ਜਾਣਕਾਰੀ ਨਹੀਂ ਮਿਲ ਸਕੀ।"
ਵਿਸਾਰਿਆ ਨੇ ਕਿਹਾ, "ਕਬੂਤਰਖਾਨਿਆਂ ਤੋਂ ਸੰਕੇਤ ਮਿਲਦੇ ਹਨ ਕਿ 60-65 ਫੀਸਦ ਅਤਿਸੰਵੇਦਨਸ਼ੀਲ ਨਿਮੋਨੀਆ ਇਸੇ ਕਾਰਨ ਹੁੰਦਾ ਹੈ ਪਰ ਇਸ ਦਾ ਕੋਈ ਸਬੂਤ ਜਾਂ ਅਧਿਐਨ ਪੇਸ਼ ਨਹੀਂ ਕੀਤਾ ਗਿਆ ਹੈ। ਹਾਲਾਂਕਿ ਕਬੂਤਰ ਅਜਿਹੇ ਮਾਮਲਿਆਂ ਵਿੱਚ ਇੱਕ ਕਾਰਨ ਹੈ ਪਰ ਪ੍ਰਦੂਸ਼ਣ ਅਤੇ ਸਿਗਰਟਨੋਸ਼ੀ ਮੁੱਖ ਕਾਰਨ ਹਨ। ਜੇ ਅਜਿਹਾ ਹੁੰਦਾ ਤਾਂ ਬਹੁਤ ਸਾਰੇ ਲੋਕ ਹਾਲੇ ਵੀ ਐੱਚਪੀ ਤੋਂ ਪੀੜਤ ਹੁੰਦੇ।"
ਉਨ੍ਹਾਂ ਇਹ ਵੀ ਦਾਅਵਾ ਕੀਤਾ ਕਿ ਆਪਰੇਸ਼ਨ ਸ਼ੁਰੂ ਹੋਣ ਤੋਂ ਬਾਅਦ ਲਗਭਗ 50,000 ਕਬੂਤਰ ਮਰ ਚੁੱਕੇ ਹਨ। ਉਨ੍ਹਾਂ ਇਹ ਵੀ ਕਿਹਾ ਕਿ ਮੁੰਬਈ ਵਿੱਚ ਦਾਦਰ ਅਤੇ ਮਾਟੁੰਗਾ ਵਰਗੇ ਕਈ ਕਬੂਤਰਖਾਨੇ 100 ਸਾਲ ਪੁਰਾਣੇ ਹਨ ਅਤੇ ਵਿਰਾਸਤੀ ਸਥਾਨ ਹਨ।
30 ਜੁਲਾਈ ਨੂੰ ਹੋਈ ਸੁਣਵਾਈ ਵਿੱਚ ਬੰਬੇ ਹਾਈ ਕੋਰਟ ਨੇ ਕਿਹਾ ਕਿ ਨਗਰ ਨਿਗਮ ਨੂੰ ਸ਼ਹਿਰ ਦੇ ਵੱਖ-ਵੱਖ ਕਬੂਤਰਖਾਨਿਆਂ ਵਿੱਚ ਕਬੂਤਰਾਂ ਦੀ ਭੀੜ ਨੂੰ ਰੋਕਣ ਦੇ ਲਈ ਸਾਰੇ ਜ਼ਰੂਰੀ ਕਦਮ ਚੁੱਕਣੇ ਚਾਹੀਦੇ ਹਨ ਅਤੇ ਜੋ ਵੀ ਸਹੀ ਲੱਗੇ, ਸਖ਼ਤ ਉਪਾਅ ਲਾਗੂ ਕਰਨੇ ਚਾਹੀਦੇ ਹਨ।
ਜਿੱਥੇ ਵੀ ਜ਼ਰੂਰੀ ਹੋਵੇ, ਉੱਥੇ ਅਤਿਅਧੁਨਿਕ ਸੀਸੀਟੀਵੀ ਕੈਮਰੇ ਲਗਾਏ ਜਾਣ ਅਤੇ ਉਨ੍ਹਾਂ ਸਾਰੇ ਸਥਾਨਾਂ 'ਤੇ ਮਾਰਸ਼ਲ/ਨਗਰਪਾਲਿਕਾ ਅਧਿਕਾਰੀ ਨਿਯੁਕਤ ਕੀਤੇ ਜਾਣੇ ਚਾਹੀਦੇ ਹਨ, ਜਿੱਥੇ ਹਾਲੇ ਵੀ ਕਬੂਤਰਾਂ ਨੂੰ ਦਾਣਾ ਪਾਇਆ ਜਾ ਰਿਹਾ ਹੈ।
ਮਾਰਸ਼ਲਾਂ/ਅਧਿਕਾਰੀਆਂ ਨੂੰ ਇਹ ਵੀ ਨਿਸ਼ਚਿਤ ਕਰਨਾ ਚਾਹੀਦਾ ਕਿ ਖੇਤਰ ਵਿੱਚ ਰਹਿਣ ਵਾਲੇ ਲੋਕ ਆਪਣੇ ਘਰਾਂ ਜਾਂ ਸੰਪਤੀਆਂ ਤੋਂ ਅਨਾਜ ਜਾਂ ਪੰਛੀਆਂ ਦਾ ਚਾਰਾ ਨਾ ਪਾਉਣ।
ਕਬੂਤਰਾਂ ਦਾ ਸਿਹਤ 'ਤੇ ਕੀ ਪ੍ਰਭਾਵ ਪੈਂਦਾ?
ਮੁੰਬਈ ਨਗਰ ਨਿਗਮ ਨੇ ਦਾਦਰ ਸਥਿਤ ਕਬੂਤਰਖਾਨਾ ਵਿੱਚ ਇੱਕ ਨੋਟਿਸ ਬੋਰਡ ਲਗਾਇਆ ਹੈ। ਇਸ 'ਤੇ ਲਿਖਿਆ ਹੈ, "ਸਾਰੇ ਨਾਗਰਿਕਾਂ ਨੂੰ ਸੂਚਿਤ ਕੀਤਾ ਜਾਂਦਾ ਹੈ ਕਿ ਇਸ ਸਥਾਨ 'ਤੇ ਜਾਨਵਰਾਂ ਅਤੇ ਪੰਛੀਆਂ ਨੂੰ ਖਾਣਾ ਖਵਾਉਣਾ ਸਖ਼ਤ ਮਨਾਂ ਹੈ। ਜਨਤਕ ਸਥਾਨਾਂ 'ਤੇ ਖੁੱਲ੍ਹੇ ਵਿੱਚ ਪੰਛੀਆਂ ਨੂੰ ਖਾਣਾ ਖਵਾਉਣ ਨਾਲ ਫੰਗਲ ਇਨਫੈਕਸ਼ਨ ਹੋ ਸਕਦੀ ਹੈ। ਇਸ ਨਾਲ ਨਾਗਰਿਕਾਂ ਵਿੱਚ ਸਾਹ ਸਬੰਧੀ ਬਿਮਾਰੀਆਂ ਹੋ ਸਕਦੀਆਂ ਹਨ। ਮੁੰਬਈ ਨਗਰ ਨਿਗਮ ਦੇ ਸੈਨੀਟੇਸ਼ਨ ਅਤੇ ਸਿਹਤ ਉਪ-ਨਿਯਮ ਤਹਿਤ 500 ਰੁਪਏ ਦਾ ਜੁਰਮਾਨਾ ਲਗਾਇਆ ਜਾਵੇਗਾ।"
ਜੀਵ ਵਿਗਿਆਨ ਦੀ ਪ੍ਰੋਫੈਸਰ ਅਤੇ ਵਿਧਾਇਕ ਮਨੀਸ਼ਾ ਕਾਯੰਦੇ ਨੇ ਵੀ ਦੱਸਿਆ, "ਕਬੂਤਰਾਂ ਦੇ ਸੂਖਮ ਖੰਭ ਅੱਖਾਂ ਤੋਂ ਦਿਖਾਈ ਨਹੀਂ ਦਿੰਦੇ। ਇਹ ਨੱਕ ਰਾਹੀਂ ਸਰੀਰ ਵਿੱਚ ਦਾਖਲ ਹੋ ਸਕਦੇ ਹਨ। ਇਸ ਨਾਲ ਅਤਿਸੰਵੇਦਨਸ਼ੀਲਤਾ ਨਿਮੋਨੀਆ ਹੋ ਸਕਦਾ ਹੈ। ਕੋਈ ਵੀ ਬਿਮਾਰ ਹੋ ਸਕਦਾ ਹੈ। ਲੋਕਾਂ ਨੂੰ ਪਤਾ ਹੀ ਨਹੀਂ ਹੈ ਕਿ ਸਾਨੂੰ ਸਾਹ ਲੈਣ ਵਿੱਚ ਦਿੱਕਤ ਕਿਉਂ ਹੁੰਦੀ ਹੈ।"
ਇਸ ਵਿਚਾਲੇ ਨਾਨਾਵਤੀ ਹਸਪਤਾਲ ਦੇ ਛਾਤੀ ਰੋਗ ਮਾਹਰ ਡਾ. ਸਲਿਲ ਬੇਂਦਰੇ ਨੇ ਬੀਬੀਸੀ ਨੂੰ ਦੱਸਿਆ, "ਜੇ ਕਬੂਤਰ ਦਾ ਮਲ ਮੂਤਰ ਜਾਂ ਖੰਭਾਂ ਦੀ ਧੂੜ ਸਾਹ ਰਾਹੀਂ ਫੇਫੜਿਆਂ ਵਿੱਚ ਚਲੀ ਜਾਵੇ ਅਤੇ ਲੰਬੇ ਸਮੇਂ ਤੱਕ ਰਹੇ ਤਾਂ ਫੇਫੜਿਆਂ ਵਿੱਚ ਫਾਈਬ੍ਰੋਸਿਸ ਦੀ ਪ੍ਰਕਿਰਿਆ ਸ਼ੁਰੂ ਹੋ ਜਾਂਦੀ ਹੈ। ਫੇਫੜਿਆਂ ਦੇ ਕੁਝ ਹਿੱਸੇ ਅਜਿਹੇ ਹੁੰਦੇ ਹਨ, ਜਿੱਥੇ ਇਸ ਦਾ ਲਚਕੀਲਾਪਣ ਘੱਟ ਹੋ ਜਾਂਦਾ ਹੈ। ਇਸ ਕਾਰਨ ਮਰੀਜ਼ ਨੂੰ ਸੁੱਕੀ ਖੰਘ, ਚੱਲਦੇ ਸਮੇਂ ਸਾਹ ਫੁੱਲਣਾ ਅਤੇ ਪੌੜੀਆਂ ਚੜ੍ਹਦੇ ਸਮੇਂ ਸਾਹ ਫੁੱਲਣਾ ਵਰਗੇ ਲੱਛਣ ਦਿਖਾਈ ਦਿੰਦੇ ਹਨ।"
ਡਾ. ਬੇਂਦਰੇ ਕਹਿੰਦੇ ਹਨ, "ਫੇਫੜਿਆਂ ਵਿੱਚ ਫਾਈਬ੍ਰੋਸਿਸ ਕਬੂਤਰਾਂ ਦਾ ਇੱਕ ਆਮ ਕਾਰਨ ਹੈ। ਇਸ ਲਈ ਇਸ ਦਾ ਇੱਕ ਉਪਾਅ ਇਸ ਤੋਂ ਦੂਰ ਰਹਿਣਾ ਜਾਂ ਇਸ ਤੋਂ ਬਚਣਾ ਹੈ। ਕਿਉਂਕਿ ਇੱਕ ਵਾਰ ਫਾਈਬਰੋਸਿਸ ਦੀ ਪ੍ਰਕਿਰਿਆ ਸ਼ੁਰੂ ਹੋ ਜਾਂਦੀ ਹੈ ਤਾਂ ਅਸੀਂ ਪਿੱਛੇ ਨਹੀਂ ਹਟ ਸਕਦੇ। ਇਹ ਹੌਲੀ-ਹੌਲੀ ਅੱਗੇ ਵਧਦਾ ਹੈ।"
ਡਾ. ਬੇਂਦਰੇ ਦਾ ਇਹ ਵੀ ਕਹਿਣਾ ਹੈ ਕਿ ਇਸ ਦੇ ਲਈ ਕੋਈ ਉਮਰ ਸੀਮਾ ਨਹੀਂ ਹੈ।
ਉਨ੍ਹਾਂ ਨੇ ਕਿਹਾ, "ਇਹ ਸਿਰਫ ਬਜ਼ੁਰਗਾਂ ਨੂੰ ਹੀ ਨਹੀਂ ਹੁੰਦਾ। ਕਬੂਤਰ ਦੇ ਮਲ-ਮੂਤਰ ਜਾਂ ਉਸਦੇ ਸੰਪਰਕ ਵਿੱਚ ਆਉਣ ਨਾਲ ਨੌਜਵਾਨਾਂ ਨੂੰ ਵੀ ਇਹ ਬਿਮਾਰੀ ਹੋ ਸਕਦੀ ਹੈ। ਫਾਈਬਰੋਸਿਸ ਦੀ ਇੱਕ ਭਾਰਤੀ ਰਜਿਸਟਰੀ ਹੈ, ਜੋ ਦਰਸਾਉਂਦੀ ਹੈ ਕਿ ਅਤਿ ਸੰਵੇਦਨਸ਼ੀਲਤਾ ਨਿਊਮੋਨਾਈਟਿਸ ਕਬੂਤਰਾਂ ਵਿੱਚ ਫਾਈਬਰੋਸਿਸ ਦੀ ਸਭ ਤੋਂ ਆਮ ਕਿਸਮ ਹੈ। ਇਸ ਲਈ ਇਸ ਬਾਰੇ ਜਾਗਰੂਕਤਾ ਜ਼ਰੂਰੀ ਹੈ।"
ਉਨ੍ਹਾਂ ਨੇ ਇਹ ਵੀ ਕਿਹਾ ਕਿ ਕਬੂਤਰਾਂ ਨੂੰ ਦਾਣਾ ਪਾਉਣ ਤੋਂ ਬਚਣਾ ਚਾਹੀਦਾ। ਇਹ ਬਿਮਾਰੀ ਉਦੋਂ ਹੀ ਕੰਟਰੋਲ ਵਿੱਚ ਰਹੇਗੀ, ਜਦੋਂ ਰਿਹਾਇਸ਼ੀ ਇਲਾਕਿਆਂ ਵਿੱਚ ਇਸ ਦਾ ਵਿਰੋਧ ਨਾ ਹੋਵੇ।
ਇਸ ਬਿਮਾਰੀ ਦੇ ਲੱਛਣ ਦੱਸਦੇ ਹੋਏ ਉਨ੍ਹਾਂ ਨੇ ਕਿਹਾ, "ਸ਼ੁਰੂਆਤ ਵਿੱਚ ਸੁੱਕੀ ਖੰਘ ਸ਼ੁਰੂ ਹੁੰਦੀ ਹੈ। ਫਿਰ ਸਾਹ ਫੁੱਲਣਾ ਜਾਂ ਚੱਲਦੇ ਸਮੇਂ ਸਾਹ ਫੁੱਲਣਾ ਵਰਗੇ ਲੱਛਣ ਦਿਖਾਈ ਦਿੰਦੇ ਹਨ।"
ਡਾ. ਬੇਂਦਰੇ ਕਹਿੰਦੇ ਹਨ, "ਇਸ ਦੇ ਵੀ ਦੋ ਪ੍ਰਕਾਰ ਹੁੰਦੇ ਹਨ। ਇੱਕ ਨੂੰ ਤੀਬਰ ਅਤਿ ਸੰਵੇਦਨਸ਼ੀਲਤਾ ਨਿਊਮੋਨਾਈਟਿਸ ਕਿਹਾ ਜਾਂਦਾ ਹੈ। ਕੁਝ ਕਿਸਮਾਂ ਪੁਰਾਣੀਆਂ ਹੁੰਦੀਆਂ ਹਨ। ਯਾਨੀ ਜੇ ਲੰਬੇ ਸਮੇਂ ਤੱਕ ਸੰਪਰਕ ਵਿੱਚ ਰਹੇ ਤਾਂ ਬਿਮਾਰੀ ਸ਼ੁਰੂ ਹੋ ਜਾਂਦੀ ਹੈ। ਪਰ ਅਜਿਹਾ ਨਹੀਂ ਹੈ ਕਿ ਇਹ ਬਿਮਾਰੀ ਸਿਰਫ ਕਈ ਮਹੀਨੇ ਜਾਂ ਕਈ ਸਾਲਾਂ ਤੱਕ ਕਬੂਤਰਾਂ ਦੇ ਸੰਪਰਕ ਵਿੱਚ ਰਹਿਣ 'ਤੇ ਹੀ ਹੋ ਸਕਦੀ ਹੈ।"
"ਕਬੂਤਰ ਦੇ ਖੰਭਾਂ ਜਾਂ ਉਨ੍ਹਾਂ ਵਿੱਚ ਮੌਜੂਦ ਧੂੜ ਨਾਲ ਵੀ ਐਲਰਜੀ ਹੋ ਸਕਦੀ ਹੈ। ਹਵਾ ਪ੍ਰਦੂਸ਼ਣ, ਕੁੱਤੇ, ਬਿੱਲੀ ਅਤੇ ਇੱਥੋਂ ਤੱਕ ਕਿ ਕਬੂਤਰ ਦੇ ਖੰਭਾਂ ਵਿੱਚ ਮੌਜੂਦ ਧੂੜ ਨਾਲ ਵੀ ਐਲਰਜੀ ਹੋ ਸਕਦੀ ਹੈ। ਇਸ ਨਾਲ ਦਮਾ ਦੇ ਲੱਛਣ ਪੈਦਾ ਹੋ ਸਕਦੇ ਹਨ। ਜੁਕਾਮ, ਛਿੱਕ ਅਤੇ ਖੰਘ ਵਰਗੇ ਲੱਛਣ ਦਿਖਾਈ ਦੇ ਸਕਦੇ ਹਨ।"
ਉਨ੍ਹਾਂ ਨੇ ਅੱਗੇ ਕਿਹਾ, "ਜੇ ਕੋਈ ਵਿਅਕਤੀ ਕਬੂਤਰਾਂ ਨੂੰ ਦਾਣਾ ਨਹੀਂ ਪਾਉਂਦਾ ਪਰ ਉਸ ਇਲਾਕੇ ਵਿੱਚ ਰਹਿੰਦਾ ਹੈ ਤਾਂ ਵੀ ਲੋਕ ਬਿਮਾਰ ਹੋ ਸਕਦੇ ਹਨ। ਇਸ ਇਲਾਕੇ ਵਿੱਚ ਧੂੜ ਦੇ ਕਣ ਜ਼ਿਆਦਾ ਫੈਲੇ ਹੋਣਗੇ, ਜਿਸ ਨਾਲ ਅਜਿਹੇ ਇਲਾਕੇ ਵਿੱਚ ਰਹਿਣ ਵਾਲੇ ਲੋਕ ਵੀ ਬਿਮਾਰ ਹੋ ਸਕਦੇ ਹਨ।"
ਇਸ ਤੋਂ ਇਲਾਵਾ ਹਾਈ ਕੋਰਟ ਦੇ 30 ਜੁਲਾਈ ਦੇ ਆਦੇਸ਼ ਵਿੱਚ ਵੀ ਮੈਡੀਕਲ ਰਿਪੋਰਟ ਦਾ ਜ਼ਿਕਰ ਹੈ। ਇਸ ਵਿੱਚ ਇੱਕ ਪਿਛਲੀ ਮੈਡੀਕਲ ਰਿਪੋਰਟ ਦਾ ਜ਼ਿਕਰ ਹੈ।
ਇਸ ਵਿੱਚ ਕਿਹਾ ਗਿਆ, "ਅਦਾਲਤ ਨੇ 21 ਜੂਨ 2018 ਦੇ ਆਪਣੇ ਫ਼ੈਸਲੇ ਵਿੱਚ ਮੈਡੀਕਲ ਰਿਪੋਰਟ ਨੂੰ ਸਵੀਕਾਰ ਕਰ ਲਿਆ ਸੀ, ਜਿਸ ਵਿੱਚ ਸਪੱਸ਼ਟ ਰੂਪ ਵਿੱਚ ਕਿਹਾ ਗਿਆ ਸੀ ਕਿ ਮੁੰਬਈ ਵਿੱਚ ਖੁੱਲ੍ਹੇ ਕਬੂਤਰਾਂ ਦੇ ਦਾਣਾ-ਪਾਣੀ ਵਾਲੇ ਇਲਾਕਿਆਂ ਨੂੰ ਹਟਾਉਣਾ ਜ਼ਰੂਰੀ ਹੈ।"
ਮਾਹਿਰਾਂ ਦੁਆਰਾ ਪੇਸ਼ ਕੀਤੀ ਗਈ ਰਿਪੋਰਟ ਵਿੱਚ ਕਿਹਾ ਗਿਆ ਹੈ ਕਿ ਕਬੂਤਰਾਂ ਅਤੇ ਉਨ੍ਹਾਂ ਦੇ ਮਲ-ਮੂਤਰ ਦੇ ਸੰਪਰਕ ਵਿੱਚ ਆਉਣ ਨਾਲ ਬੱਚਿਆਂ ਅਤੇ ਬਾਲਗਾਂ ਦੇ ਫੇਫੜਿਆਂ 'ਤੇ ਗੰਭੀਰ ਪ੍ਰਭਾਵ ਪੈ ਸਕਦੇ ਹਨ। 'ਹਾਈਪਰਸੈਂਸੀਟਿਵ ਨਿਊਮੋਨਾਈਟਿਸ' ਨਾਮਕ ਸਥਿਤੀ ਸਾਹ ਲੈਣ ਵਿੱਚ ਗੰਭੀਰ ਤਕਲੀਫ਼ ਦਾ ਕਾਰਨ ਬਣਦੀ ਹੈ ਅਤੇ ਕਬੂਤਰਾਂ ਤੋਂ ਦੂਰ ਰਹਿਣ ਨਾਲ ਲੱਛਣਾਂ ਵਿੱਚ ਸੁਧਾਰ ਹੋ ਸਕਦਾ ਹੈ ਅਤੇ ਫੇਫੜੇ ਸਿਹਤਮੰਦ ਹੋ ਸਕਦੇ ਹਨ।
ਇਸ ਤੋਂ ਇਲਾਵਾ ਲੋਕਾਂ ਨੂੰ ਇਸ ਸਥਿਤੀ ਬਾਰੇ ਦੇਰ ਨਾਲ ਪਤਾ ਚੱਲਦਾ ਹੈ, ਜਦੋਂ ਬਿਮਾਰੀ ਗੰਭੀਰ ਹੋ ਜਾਂਦੀ ਹੈ ਅਤੇ ਫੇਫੜਿਆਂ ਵਿੱਚ ਫਾਈਬਰੋਸਿਸ ਹੋ ਜਾਂਦਾ ਹੈ। ਦੁਨੀਆ ਵਿੱਚ ਫਾਈਬਰੋਸਿਸ ਦਾ ਕੋਈ ਅਜਿਹਾ ਇਲਾਜ ਉਪਲਬਧ ਨਹੀਂ ਹੈ, ਜੋ ਇਸ ਬਿਮਾਰੀ ਨੂੰ ਠੀਕ ਕਰ ਸਕੇ।
ਜਿਵੇਂ-ਜਿਵੇਂ ਬਿਮਾਰੀ ਵਧਦੀ ਹੈ, ਕਈ ਰੋਗੀਆਂ ਨੂੰ ਘਰ ਵਿੱਚ ਆਕਸੀਜਨ ਦੀ ਜ਼ਰੂਰਤ ਹੁੰਦੀ ਹੈ ਅਤੇ ਅੰਤ ਇਹ ਰੋਗੀ ਵੈਂਟੀਲੇਟਰ 'ਤੇ ਮਰ ਜਾਂਦੇ ਹਨ ਜਾਂ ਫੇਫੜਿਆਂ ਦੇ ਟਰਾਂਸਪਲਾਂਟ ਦੀ ਉਡੀਕ ਕਰਦੇ ਹਨ, ਜੋ ਅਜੇ ਤੱਕ ਮੁੰਬਈ ਵਿੱਚ ਉਪਲਬਧ ਨਹੀਂ ਹੈ ਤੇ ਬਹੁਤ ਮਹਿੰਗਾ ਹੈ।
ਕਬੂਤਰਖਾਨਿਆਂ ਨੂੰ ਬੰਦ ਕਰਨ ਦੀ ਮੰਗ ਕਿਉਂ ਹੋ ਰਹੀ ਹੈ?
ਜੁਲਾਈ ਦੇ ਪਹਿਲੇ ਹਫ਼ਤੇ ਵਿੱਚ ਮੌਨਸੂਨ ਸੈਸ਼ਨ ਦੌਰਾਨ ਸ਼ਿਵਸੈਨਾ (ਸ਼ਿੰਦੇ ਗੁੱਟ) ਦੀ ਵਿਧਾਇਕ ਮਨੀਸ਼ਾ ਕਾਯੰਦੇ ਨੇ ਵਿਧਾਨ ਪਰਿਸ਼ਦ ਵਿੱਚ ਮੁੰਬਈ 'ਚ ਕਬੂਤਰ ਫਾਰਮਾਂ ਅਤੇ ਕਬੂਤਰਾਂ ਤੋਂ ਮਨੁੱਖੀ ਸਿਹਤ 'ਤੇ ਪੈਣ ਵਾਲੇ ਪ੍ਰਭਾਵ ਦਾ ਮੁੱਦਾ ਉਠਾਇਆ ਸੀ।
ਉਨ੍ਹਾਂ ਨੇ ਕਿਹਾ, "ਜਨ ਸਿਹਤ ਦੇ ਦ੍ਰਿਸ਼ਟੀਕੋਣ ਤੋਂ ਕਈ ਸ਼ਹਿਰਾਂ ਵਿੱਚ ਇੱਕ ਬਹੁਤ ਹੀ ਗੰਭੀਰ ਸਮੱਸਿਆ ਪੈਦਾ ਹੋ ਰਹੀ ਹੈ। ਕਈ ਥਾਵਾਂ 'ਤੇ ਅਣਅਧਿਕਾਰਤ ਕਬੂਤਰਖਾਨੇ ਵਧ ਰਹੇ ਹਨ। ਕੁਝ ਥਾਵਾਂ 'ਤੇ ਇਨ੍ਹਾਂ ਨੂੰ ਹਟਾਇਆ ਵੀ ਗਿਆ ਹੈ ਪਰ ਕੁਝ ਲੋਕਾਂ ਨੂੰ ਲੱਗਦਾ ਹੈ ਕਿ ਕਬੂਤਰਾਂ ਨੂੰ ਖਾਣ ਖਵਾਉਣਾ ਚਾਹੀਦਾ। ਇਸ ਲਈ ਕੁਝ ਲੋਕ ਫੁਟਪਾਥ 'ਤੇ ਵੀ ਆ ਕੇ ਕਬੂਤਰਖਾਨਾ ਸ਼ੁਰੂ ਕਰ ਦਿੰਦੇ ਹਨ।"
ਕਾਯੰਦੇ ਨੇ ਕਿਹਾ, "ਹਾਲਾਂਕਿ ਦਾਦਰ ਸਥਿਤ ਕਬੂਤਰਖਾਨਾ ਸੰਭਾਲ ਸ਼੍ਰੇਣੀ 2 ਵਿੱਚ ਸੂਚੀਬੱਧ ਹੈ ਪਰ ਉੱਥੇ ਕਬੂਤਰਖਾਨਾ ਬਣਾਇਆ ਗਿਆ ਹੈ ਅਤੇ ਉੱਥੋਂ ਦੇ ਸਥਾਨਕ ਲੋਕ ਕਈ ਸਾਲਾਂ ਤੋਂ ਸਾਹ ਸਬੰਧੀ ਸਮੱਸਿਆਵਾਂ ਤੋਂ ਪੀੜਤ ਹਨ।"
ਇਸ ਦੌਰਾਨ ਮਨੀਸ਼ਾ ਕਾਯੰਦੇ ਨੇ 'ਇੰਡੀਅਨ ਜਨਰਲ ਆਫ ਐਲਰਜੀ, ਦਮਾ ਐਂਡ ਇਮਊਨੋਲੋਜੀ' ਅਤੇ ਕਈ ਸੋਧ ਪੱਤਰਾਂ ਦਾ ਹਵਾਲਾ ਦਿੰਦੇ ਹੋਏ ਕਿਹਾ, "ਕਬੂਤਰਾਂ ਦਾ ਮਲ ਮੂਤਰ ਸਮੱਸਿਆ ਪੈਦਾ ਕਰ ਸਕਦਾ ਹੈ। ਕਬੂਤਰਾਂ ਦੇ ਸੂਖਮ ਖੰਭ ਹੁੰਦੇ ਹਨ, ਜੋ ਕੇਵਲ ਮਾਈਕ੍ਰੋਸਕੋਪ ਨਾਲ ਹੀ ਦਿਖਦੇ ਹਨ। ਇਹ ਤੁਹਾਡੀ ਸਾਹ ਪ੍ਰਣਾਲੀ ਵਿੱਚ ਚਲੇ ਜਾਂਦੇ ਹਨ ਅਤੇ ਇਨ੍ਹਾਂ ਵਿੱਚ ਮੌਜੂਦ ਪ੍ਰੋਟੀਨ ਐਲਰਜੀ ਦਾ ਕਾਰਨ ਬਣਦੇ ਹਨ।"
ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ