You’re viewing a text-only version of this website that uses less data. View the main version of the website including all images and videos.
ਔਰਤਾਂ 'ਚ ਬੱਚੇਦਾਨੀ ਕੈਂਸਰ ਦੇ ਇਲਾਜ ਵਿੱਚ ਦੋ ਦਹਾਕਿਆਂ ਦੌਰਾਨ ਸਭ ਤੋਂ ਵੱਡੀ ਕਾਮਯਾਬੀ, ਜਾਣੋ ਕਾਰਨ ਤੇ ਲੱਛਣ
- ਲੇਖਕ, ਮਿਸ਼ੇਲ ਰੌਬਰਟਸ
- ਰੋਲ, ਹੈਲਥ ਐਡੀਟਰ, ਬੀਬੀਸੀ ਨਿਊਜ਼
ਵਿਗਿਆਨੀਆਂ ਦਾ ਕਹਿਣਾ ਹੈ ਕਿ ਉਨ੍ਹਾਂ ਨੇ ਸਰਵੀਕਲ ਕੈਂਸਰ ( ਬੱਚੇਦਾਨੀ ਦਾ ਕੈਂਸਰ) ਦੇ ਇਲਾਜ ਵਿੱਚ ਪਿਛਲੇ 20 ਸਾਲਾਂ ਵਿੱਚ ਸਭ ਤੋਂ ਵੱਡੀ ਸਫ਼ਲਤਾ ਹਾਸਲ ਕੀਤੀ ਹੈ।
ਇਹ ਇਲਾਜ ਪਹਿਲਾਂ ਤੋਂ ਹੀ ਮੌਜੂਦ ਸਸਤੀ ਦਵਾਈ ਨਾਲ ਹੋਵੇਗਾ। ਇਹ ਇਲਾਜ ਰੇਡੀਓਥੇਰੈਪੀ ਟ੍ਰੀਟਮੈਂਟ ਤੋਂ ਪਹਿਲਾਂ ਹੋਵੇਗਾ।
ਯੂਰਪੀਨ ਸੋਸਾਇਟੀ ਫਾਰ ਮੈਡੀਕਲ ਓਨਕਾਲਜੀ ਕਾਨਫਰੰਸ (ਈਐੱਸਐੱਮਓ) ਵਿਖੇ ਜਾਰੀ ਕੀਤੇ ਗਏ ਅਧਿਐਨ ਦੇ ਨਤੀਜਿਆਂ ਵਿੱਚ ਇਹ ਸਾਹਮਣੇ ਆਇਆ ਕਿ ਇਸ ਤਰੀਕੇ ਇਲਾਜ ਕਰਨ ਨਾਲ ਇਸ ਕੈਂਸਰ ਕਾਰਨ ਔਰਤਾਂ ਦੀ ਮੌਤ ਦਾ ਖਤਰਾ ਅਤੇ ਕੈਂਸਰ ਮੁੜ ਹੋਣ ਦਾ ਖਤਰਾ 35 ਫ਼ੀਸਦ ਘੱਟ ਜਾਂਦਾ ਹੈ।
ਕੈਂਸਰ ਰਿਸਰਚ ਯੂਕੇ ਮੁਤਾਬਕ ਇਹ ਨਤੀਜੇ ਬਹੁਤ ਮਹੱਤਵਪੂਰਨ ਹਨ। ਇਸ ਸੰਸਥਾ ਵੱਲੋਂ ਅਧਿਐਨ ਦਾ ਖਰਚਾ ਚੁੱਕਿਆ ਗਿਆ ਸੀ।
ਸੰਸਥਾ ਨੂੰ ਉਮੀਦ ਹੈ ਕਿ ਡਾਕਟਰੀ ਕੇਂਦਰ ਇਸ ਨੂੰ ਮਰੀਜ਼ਾਂ ਦੇ ਇਲਾਜ ਲਈ ਵਰਤਣਾ ਸ਼ੁਰੂ ਕਰ ਦੇਣਗੇ।
ਸਰਵੀਕਲ ਕੈਂਸਰ ਤੋਂ ਯੂਕੇ ਵਿੱਚ ਹਰ ਸਾਲ ਹਜ਼ਾਰਾਂ ਔਰਤਾਂ ਪ੍ਰਭਾਵਿਤ ਹੁੰਦੀਆਂ ਹਨ। ਇਨ੍ਹਾਂ ਵਿੱਚੋਂ ਕਈ ਔਰਤਾਂ ਦੀ ਉਮਰ 30 ਸਾਲ ਦੇ ਕਰੀਬ ਹੁੰਦੀ ਹੈ।
'ਕੈਂਸਰ ਦੇ ਵਾਪਸ ਆਉਣ ਦੀ ਸੰਭਾਵਨਾ ਘਟੇਗੀ'
ਰੇਡੀਓਥੇਰੈਪੀ ਰਾਹੀਂ ਇਲਾਜ ਵਿੱਚ ਵਿਕਾਸ ਹੋਣ ਤੋਂ ਬਾਅਦ ਵੀ, ਇੱਕ ਤਿਹਾਈ ਮਰੀਜ਼ਾਂ ਨੂੰ ਮੁੜ ਕੈਂਸਰ ਹੋ ਜਾਂਦਾ ਹੈ, ਇਸ ਲਈ ਨਵੇਂ ਇਲਾਜ ਲੱਭਣਾ ਬਹੁਤ ਜ਼ਰੂਰੀ ਹੋ ਜਾਂਦਾ ਹੈ।
ਕੈਂਸਰ ਰਿਸਰਚ ਯੂਕੇ ਵਿੱਚ ਕੰਮ ਕਰਦੇ ਡਾ. ਲੈਨ ਫੂਲਕਸ ਕਹਿੰਦੇ ਹਨ, “ਜਦੋਂ ਤੁਸੀਂ ਕੈਂਸਰ ਦਾ ਇਲਾਜ ਕਰਦੇ ਹੋ ਤਾਂ ਟਾਈਮਿੰਗ(ਸਮਾਂ) ਹੀ ਸਭ ਕੁਝ ਹੁੰਦਾ ਹੈ।
“ਸਾਹਮਣੇ ਆ ਰਹੇ ਤੱਥ ਇਹ ਦਰਸਾ ਰਹੇ ਹਨ ਕਿ ਕੈਂਸਰ ਦੀਆਂ ਹੋਰ ਕਿਸਮਾਂ ਦੇ ਇਲਾਜ ਲਈ ਸਰਜਰੀ ਅਤੇ ਰੇਡੀਥੇਰੈਪੀ ਤੋਂ ਪਹਿਲਾਂ ਕੀਮੋਥੇਰੈਪੀ ਦਾ ਬਹੁਤ ਮਹੱਤਵ ਹੈ।”
ਇਹ ਸਿਰਫ਼ ਕੈਂਸਰ ਦੇ ਦੁਬਾਰਾ ਵਾਪਸ ਆਉਣ ਦੀ ਸੰਭਾਵਨਾ ਨੂੰ ਘਟਾਉਂਦਾ ਹੀ ਨਹੀਂ ਹੈ ਬਲਕਿ ਇਹ ਪਹਿਲਾਂ ਤੋਂ ਹੀ ਮੌਜੂਦ ਸਸਤੀਆਂ ਦਵਾਈਆਂ ਰਾਹੀਂ ਸੰਭਵ ਹੈ।”
“ਅਸੀਂ ਇਸ ਅਧਿਐਨ ਦੇ ਸਰਵੀਕਲ ਕੈਂਸਰ ਦੇ ਇਲਾਜ ਵਿੱਚ ਹੋਣ ਵਾਲੇ ਵਿਕਾਸ ਬਾਰੇ ਬਹੁਤ ਖੁਸ਼ ਹਾਂ ਅਤੇ ਇੰਡਕਸ਼ਨ ਕੀਮੋਥੇਰੈਪੀ ਦੇ ਛੋਟੇ ਕੋਰਸ ਡਾਕਟਰੀ ਕੇਂਦਰਾਂ ਵਿੱਚ ਸ਼ੁਰੂ ਹੋਣਗੇ।”
ਇੰਡਕਸ਼ਨ ਕੀਮੋਥੇਰੈਪੀ ਵਿੱਚ ਦਵਾਈ ਰਾਹੀਂ ਕੈਂਸਰ ਸੈੱਲ ਨਸ਼ਟ ਕੀਤੇ ਜਾਂਦੇ ਹਨ।
ਇਸ ਅਧਿਐਨ ਵਿੱਚ ਸਰਵੀਕਲ ਕੈਂਸਰ ਨਾਲ ਪ੍ਰਭਾਵਿਤ 250 ਔਰਤਾਂ ਦਾ ਇਸ ਤਰੀਕੇ ਨਾਲ ਇਲਾਜ ਕੀਤਾ ਗਿਆ। ਉਨ੍ਹਾਂ ਨੂੰ ਛੇ ਹਫ਼ਤਿਆਂ ਲਈ ਕਾਰਬੋਪਲੇਟਿਨ ਅਤੇ ਪੈਕਲੀਟੈਕਸਲ ਕੀਮੋਥੇਰੈਪੀ ਦਿੱਤੀ ਗਈ।
ਇਸ ਤੋਂ ਬਾਅਦ ਉਨ੍ਹਾਂ ਦਾ ਰੇਡੀਓਥੇਰੈਪੀ ਰਾਹੀਂ ਅਤੇ ਹਫ਼ਤੇਵਾਰੀ ਸਿਸਪਲੇਟਨਿ ਅਤੇ ਬਰੈਕੀਥੇਰੈਪੀ, ਜਿਸਨੂੰ ਕੀਮੋਰੇਡੀਏਸ਼ਨ ਵਜੋਂ ਜਾਣਿਆ ਜਾਂਦਾ ਹੈ, ਇਲਾਜ ਜਾਰੀ ਰੱਖਿਆ ਗਿਆ।
ਬਾਕੀ 250 ਔਰਤਾਂ ਨੂੰ ਦਾ ਇਲਾਜ ਕੇਵਲ ਕੀਮੋਰੇਡੀਏਸ਼ਨ ਰਾਹੀਂ ਚੱਲਿਆ।
ਪੰਜ ਸਾਲਾਂ ਬਾਅਦ ਜਿਨ੍ਹਾਂ ਔਰਤਾਂ ਦਾ ਇਲਾਜ ਨਵੇਂ ਤਰੀਕੇ ਰਾਹੀਂ ਕੀਤਾ ਗਿਆ ਉਨ੍ਹਾਂ ਵਿੱਚੋਂ 80 ਫ਼ੀਸਦ ਔਰਤਾਂ ਜ਼ਿੰਦਾ ਹਨ ਅਤੇ 73 ਫ਼ੀਸਦ ਔਰਤਾਂ ਦਾ ਕੈਂਸਰ ਵਾਪਸ ਨਹੀਂ ਆਇਆ ਅਤੇ ਨਾ ਹੀ ਫੈਲਿਆ।
ਇਸਦੇ ਮੁਕਾਬਲੇ ਵਿੱਚ ਜਿਨ੍ਹਾਂ ਦਾ ਇਲਾਜ ਰਵਾਇਤੀ ਢੰਗ ਨਾਲ ਹੋਇਆ ਉਨ੍ਹਾਂ ਵਿੱਚੋਂ 72 ਫ਼ੀਸਦ ਔਰਤਾਂ ਜ਼ਿੰਦਾ ਸਨ ਅਤੇ 64 ਫ਼ੀਸਦ ਔਰਤਾਂ ਦਾ ਕੈਂਸਰ ਨਹੀਂ ਵਾਪਸ ਆਇਆ ਅਤੇ ਨਹੀਂ ਫੈਲਿਆ।
‘ਪਿਛਲੇ 20 ਸਾਲਾਂ ’ਚ ਵੱਡਾ ਨਤੀਜਾ’
ਯੂਨੀਵਰਸਿਟੀ ਕਾਲਜ ਲੰਡਨ (ਯੂਸੀਐੱਲ), ਕੈਂਸਰ ਇੰਸਟੀਟਊਟ ਅਤੇ ਯੂਨੀਵਰਸਿਟੀ ਕਾਲਜ ਲੰਡਨ ਹਸਪਤਾਲ ਐੱਐੱਚਐੱਸ ਫਾਊਂਡੇਸ਼ਨ ਟਰਸਟ ਨਾਲ ਜੁੜੇ ਡਾ ਮੈਰੀ ਮਕੋਰਮੈਕ ਨੇ ਇਸ ਜਾਂਚ ਵਿੱਚ ਮੋਹਰੀ ਭੂਮਿਕਾ ਨਿਭਾਈ।
ਉਹ ਦੱਸਦੇ ਹਨ, “ਸਾਡੇ ਅਧਿਐਨ ਵਿੱਚ ਇਹ ਸਾਹਮਣੇ ਆਇਆ ਕਿ ਇਲਾਜ ਵਿੱਚ ਕੀਮੋਰੇਡੀਓਥੇਰੈਪੀ ਤੋਂ ਪਹਿਲਾਂ ਅਡਿਸ਼ਨਲ ਕੀਮੋਥੇਰੈਪੀ ਸ਼ਾਮਲ ਕਰਨ ਨਾਲ ਕੈਂਸਰ ਦੇ ਮੁੜ ਆਉਣ ਅਤੇ ਕੈਂਸਰ ਨਾਲ ਮੌਤ ਦਾ ਖਤਰਾ 35 ਫ਼ੀਸਦ ਤੱਕ ਘੱਟ ਸਕਦਾ ਹੈ।”
“ਇਹ ਪਿਛਲੇ 20 ਸਾਲਾਂ ਵਿੱਚ ਇਸ ਕੈਂਸਰ ਦੇ ਇਲਾਜ ਦੇ ਅਧਿਐਨ ਵਿੱਚ ਆਇਆ ਸਭ ਤੋਂ ਵੱਡਾ ਨਤੀਜਾ ਹੈ।”
ਉਨ੍ਹਾਂ ਨੇ ਬੀਬੀਸੀ ਦੇ ਰੇਡੀਓ ਪ੍ਰੋਗਰਾਮ ਉੱਤੇ ਦੱਸਿਆ, “ਇੱਥੇ ਮਹੱਤਵਪੂਰਨ ਗੱਲ ਇਹ ਹੈ ਕਿ ਜੇਕਰ ਮਰੀਜ਼ ਜ਼ਿੰਦਾ ਹਨ ਅਤੇ ਚੰਗੀ ਹਾਲਤ ਵਿੱਚ ਹਨ ਉਹ ਵੀ ਬਗੈਰ ਕੈਂਸਰ ਦੇ ਵਾਪਸ ਆਏ, ਤਾਂ ਉਨ੍ਹਾਂ ਦਾ ਇਲਾਜ ਬਹੁਤ ਸੰਭਵ ਹੈ, ਇਹ ਇੱਕ ਵੱਡੀ ਗੱਲ ਹੈ।”
ਕਿਉਂਕਿ ਕੀਮੋਥੇਰੈਪੀ ਦੀਆਂ ਦੋ ਦਵਾਈਆਂ ਸਸਤੀਆਂ ਹਨ ਅਤੇ ਸੌਖਿਆਂ ਪ੍ਰਾਪਤ ਕੀਤੀਆਂ ਜਾ ਸਕਦੀਆਂ ਹਨ ਅਤੇ ਨਾਲ ਹੀ ਮਰੀਜ਼ਾਂ ਦੇ ਵਿੱਚ ਵਰਤੋਂ ਲਈ ਪ੍ਰਵਾਨਤ ਹਨ, ਮਾਹਰਾਂ ਦਾ ਕਹਿਣਾ ਹੈ ਕਿ ਇਲਾਜ ਵਿੱਚ ਇਸ ਤਰੀਕੇ ਦੀ ਵਰਤੋਂ ਜਲਦੀ ਸ਼ੁਰੂ ਹੋ ਸਕਦੀ ਹੈ।
ਇਸਦੇ ਨਾਲ ਹੀ ਉਹ ਇਹ ਵੀ ਕਹਿੰਦੇ ਹਨ ਕਿ ਸਰਵੀਕਲ ਕੈਂਸਰ ਨਾਲ ਪ੍ਰਭਾਵਿਤ ਹਰ ਔਰਤ ਨੂੰ ਇਸਦਾ ਫਾਇਦਾ ਹੋਵੇ, ਇਹ ਜ਼ਰੂਰੀ ਨਹੀਂ ਹੈ।
ਇਸ ਅਧਿਐਨ ਵਿੱਚ ਅਜਿਹੀਆਂ ਕਈ ਔਰਤਾਂ ਸ਼ਾਮਲ ਸਨ ਜਿਨ੍ਹਾਂ ਦੇ ਹੋਰ ਅੰਗਾਂ ਵਿੱਚ ਕੈਂਸਰ ਦਾ ਫੈਲਾਅ ਸ਼ੁਰੂ ਨਹੀਂ ਹੋਇਆ ਸੀ।
ਇਹ ਹਾਲੇ ਸਪੱਸ਼ਟ ਨਹੀਂ ਹੈ ਕਿ ਜਿਨ੍ਹਾਂ ਔਰਤਾਂ ਵਿੱਚ ਇਹ ਕੈਂਸਰ ਵੱਧ ਚੁੱਕਿਆਂ ਹੈ ਉਨ੍ਹਾਂ ਦੇ ਲਈ ਇਹ ਇਲਾਜ ਕਿਵੇਂ ਕੰਮ ਕਰੇਗਾ।
ਇਨ੍ਹਾਂ ਦਵਾਈਆਂ ਨਾਲ ਕਈ ਮਾੜੇ ਪ੍ਰਭਾਵ ਵੀ ਹੋ ਸਕਦੇ ਹਨ ਜਿਵੇਂ ਬੀਮਾਰ ਰਹਿਣਾ, ਉਲਟੀ ਆਉਣਾ ਅਤੇ ਵਾਲਾਂ ਦਾ ਝੜਨਾ ।
ਕਿਵੇਂ ਹੁੰਦਾ ਹੈ ਬੱਚੇਦਾਨੀ ਦੇ ਮੂੰਹ ਦਾ ਕੈਂਸਰ
ਲੁਧਿਆਣਾ ਦੀ ਇਸਤਰੀ ਰੋਗ ਮਾਹਰ ਡਾ. ਸ਼ਿਵਾਨੀ ਗਰਗ ਨੇ ਬੀਬੀਸੀ ਪੰਜਾਬੀ ਨਾਲ ਗੱਲਬਾਤ ਦੌਰਾਨ ਬੱਚੇਦਾਨੀ ਦੇ ਕੈਂਸਰ ਅਤੇ ਇਸ ਤੋਂ ਬਚਣ ਦੇ ਤਰੀਕਿਆਂ ਬਾਰੇ ਦੱਸਿਆ ਸੀ।
ਡਾ ਸ਼ਿਵਾਨੀ ਗਰਗ ਮੁਤਾਬਕ ਬੱਚੇਦਾਨੀ ਦੇ ਮੂੰਹ ਦਾ ਕੈਂਸਰ ਇੱਕ ਵਾਇਰਸ ਦੇ ਨਾਲ ਹੁੰਦਾ ਹੈ ਜਿਸ ਨੂੰ ਕਿ ਐੱਚਪੀਵੀ (Human papillomavirus) ਕਿਹਾ ਜਾਂਦਾ ਹੈ। ਇਹ ਵਾਇਰਸ ਜਿਣਸੀ ਸੰਬੰਧ ਬਣਾਉਣ ਸਮੇਂ ਸਰੀਰ 'ਚ ਦਾਖਲ ਹੁੰਦਾ ਹੈ।
ਜੇਕਰ ਸਾਡੇ ਸਰੀਰ 'ਚ ਰਿਸਕ ਫੈਕਟਰ ਮੌਜੂਦ ਹੋਣ ਤਾਂ ਇਹ ਕੈਂਸਰ 10-15 ਸਾਲ ਤੱਕ ਹੌਲੀ-ਹੌਲੀ ਵੱਧਦਾ ਜਾਂਦਾ ਹੈ ਅਤੇ ਅੰਤ 'ਚ ਭਿਆਨਕ ਕੈਂਸਰ ਦਾ ਰੂਪ ਲੈ ਲੈਂਦਾ ਹੈ।ਰਿਸਕ ਫੈਕਟਰ ਕੀ ਹਨ?
ਬੱਚੇਦਾਨੀ ਦੇ ਮੂੰਹ ਦੇ ਕੈਂਸਰ ਦਾ ਸਭ ਤੋਂ ਵੱਡਾ ਅਤੇ ਆਮ ਕਾਰਨ ਜਾਂ ਰਿਸਕ ਫੈਕਟਰ ਇਹ ਹੈ ਕਿ ਜਿੰਨ੍ਹੇ ਜ਼ਿਆਦਾ ਸੈਕਸ਼ੁਅਲ ਪਾਰਟਨਰ ਭਾਵ ਮਲਟੀਪਲ ਸੈਕਸ਼ੁਅਲ ਪਾਰਟਨਰ ਹੋਣਗੇ ਉਨਾਂ ਹੀ ਇਸ ਬਿਮਾਰੀ ਦੇ ਹੋਣ ਦਾ ਖ਼ਤਰਾ ਵਧ ਜਾਂਦਾ ਹੈ।
ਇਸ ਦੇ ਨਾਲ ਹੀ ਜੀਵਨ 'ਚ ਜਿੰਨ੍ਹੀ ਛੇਤੀ ਸੈਕਸ਼ੁਅਲ ਗਤੀਵਿਧੀਆਂ ਦੀ ਸ਼ੁਰੂਆਤ ਹੁੰਦੀ ਹੈ, ਉਸ ਦੇ ਨਾਲ ਵੀ ਬੱਚੇਦਾਨੀ ਦੇ ਮੂੰਹ ਦੇ ਕੈਂਸਰ ਦਾ ਖ਼ਤਰਾ ਵਧ ਜਾਂਦਾ ਹੈ।
ਜੇਕਰ ਤੁਹਾਨੂੰ ਐੱਚਆਈਵੀ ਜਾਂ ਅਜਿਹੀ ਬਿਮਾਰੀ ਹੈ ਜਿਸ ਨਾਲ ਕਿ ਤੁਹਾਡੀ ਰੋਗ ਪ੍ਰਤੀਰੋਧਕ ਸ਼ਕਤੀ ਬਹੁਤ ਕਮਜ਼ੋਰ ਹੈ ਤਾਂ ਉਸ ਕਰਕੇ ਵੀ ਬੱਚੇਦਾਨੀ ਦੇ ਮੂੰਹ ਦੇ ਕੈਂਸਰ ਦਾ ਜੋਖਮ ਵਧ ਜਾਂਦਾ ਹੈ।
ਇਸ ਤੋਂ ਇਲਾਵਾ ਕੁਝ ਹੋਰ ਵੀ ਕਾਰਨ ਜਾਂ ਖ਼ਤਰੇ ਹਨ ਜਿੰਨ੍ਹਾਂ ਕਰਕੇ ਇਹ ਬਿਮਾਰੀ ਹੋ ਸਕਦੀ ਹੈ, ਜਿਵੇਂ ਕਿ ਜੇਕਰ ਤੁਹਾਡੀਆਂ ਤਿੰਨ ਤੋਂ ਵਧੇਰੇ ਡਿਲੀਵਰੀਆਂ ਹੋਈਆਂ ਹਨ ਜਾਂ ਤੁਸੀਂ ਤਿੰਨ ਤੋਂ ਵਧੇਰੇ ਵਾਰ ਗਰਭਧਾਰਨ ਕੀਤਾ ਹੈ।
ਜੇਕਰ ਤੁਸੀਂ ਵਧੇਰੇ ਸਿਗਰਟ ਪੀਂਦੇ ਹੋ (ਸਮੋਕਿੰਗ) ਜਾਂ ਫਿਰ ਤੁਹਾਡੇ ਖਾਣ-ਪੀਣ 'ਚ ਫਲ-ਸਬਜ਼ੀਆਂ ਦੀ ਤਾਦਾਦ ਬਹੁਤ ਘੱਟ ਹੈ ਅਤੇ ਤੁਹਾਡਾ ਭੋਜਨ ਪੌਸ਼ਟਿਕ ਨਹੀਂ ਹੈ ਤਾਂ ਵੀ ਬੱਚੇਦਾਨੀ ਦੇ ਮੂੰਹ ਦੇ ਕੈਂਸਰ ਦਾ ਖ਼ਤਰਾ ਵਧ ਜਾਂਦਾ ਹੈ।
ਇਸ ਬਿਮਾਰੀ ਦੇ ਲੱਛਣ ਕੀ ਹਨ ?
ਬੱਚੇਦਾਨੀ ਦੇ ਮੂੰਹ ਦੇ ਕੈਂਸਰ ਦੇ ਲੱਛਣਾਂ 'ਚੋਂ ਸਭ ਤੋਂ ਗੰਭੀਰ ਲੱਛਣ ਬੱਚੇਦਾਨੀ 'ਚੋਂ ਗੰਦੇ ਪਾਣੀ ਜਾਂ ਬਦਬੂਦਾਰ ਪਾਣੀ ਦਾ ਪੈਣਾ ਹੈ।
ਇਸ ਤੋਂ ਬਾਅਦ ਜੋ ਲੱਛਣ ਸਭ ਤੋਂ ਆਮ ਹੈ, ਉਹ ਹੈ ਪੋਸਟਮੀਨੋਪੋਜ਼ ਬਲੀਡਿੰਗ, ਮਤਲਬ ਕਿ ਤੁਹਾਡੀ ਉਮਰ 45 ਤੋਂ 50 ਸਾਲ ਹੈ ਅਤੇ ਤੁਹਾਡੇ ਪੀਰੀਅਡਜ਼ ਇੱਕ ਵਾਰ ਬੰਦ ਹੋ ਚੁੱਕੇ ਹਨ ਅਤੇ ਇਸ ਨੂੰ ਇੱਕ ਸਾਲ ਤੋਂ ਵੱਧ ਦਾ ਸਮਾਂ ਹੋ ਗਿਆ ਹੈ ਪਰ ਫਿਰ ਅਚਾਨਕ ਬਲੀਡਿੰਗ ਸ਼ੁਰੂ ਹੁੰਦੀ ਹੈ ਤਾਂ ਇਹ ਆਮ ਨਹੀਂ ਹੈ।
ਇਸ ਤੋਂ ਇਲਾਵਾ ਜੇਕਰ ਤੁਹਾਨੂੰ ਅਨਿਯਮਤ ਖੂਨ ਪੈਂਦਾ ਹੈ ਭਾਵ ਕਿ ਇੱਕ ਮਹੀਨੇ 'ਚ ਤੁਹਾਨੂੰ 2-3 ਵਾਰ ਪੀਰੀਅਡਜ਼ ਆ ਰਹੇ ਹਨ ਜਾਂ ਲਗਾਤਾਰ ਪੀਰੀਅਡਜ਼ ਆ ਰਹੇ ਹੋਣ ਤਾਂ ਉਹ ਵੀ ਬੱਚੇਦਾਨੀ ਦੇ ਮੂੰਹ ਦੇ ਕੈਂਸਰ ਦਾ ਲੱਛਣ ਹੋ ਸਕਦਾ ਹੈ।
ਇਸ ਤੋਂ ਇਲਾਵਾ ਢਿੱਡ ਦੇ ਹੇਠਲੇ ਹਿੱਸੇ 'ਚ ਦਰਦ ਹੋਣਾ ਜਾਂ ਪੇਸ਼ਾਬ ਨਾਲ ਸਬੰਧਤ ਕੋਈ ਨਾ ਕੋਈ ਸਮੱਸਿਆ ਹੋਣਾ ਵੀ ਬੱਚੇਦਾਨੀ ਦੇ ਮੂੰਹ ਦੇ ਕੈਂਸਰ ਦਾ ਲੱਛਣ ਹੋ ਸਕਦਾ ਹੈ।