ਅਮਰੀਕਾ ਦੇ ਡੰਕੀ ਰੂਟ 'ਤੇ ਮਹੀਨਿਆਂ ਤੱਕ ਤਸੀਹੇ ਝੱਲਣ ਵਾਲਾ ਪੰਜਾਬੀ, 'ਮੈਂ ਤਾਂ ਜਿਉਣ ਦੀ ਉਮੀਦ ਹੀ ਛੱਡ ਚੁੱਕਾ ਸੀ ਪਰ ਅਚਾਨਕ ਮੌਕਾ ਮਿਲਿਆ'

ਬਲਵਿੰਦਰ ਸਿੰਘ
ਤਸਵੀਰ ਕੈਪਸ਼ਨ, 5 ਮਹੀਨੇ ਤਸੀਹੇ ਝੱਲ ਕੇ ਬਚਿਆ ਬਲਵਿੰਦਰ ਸਿੰਘ
    • ਲੇਖਕ, ਸਰਬਜੀਤ ਸਿੰਘ ਧਾਲੀਵਾਲ
    • ਰੋਲ, ਬੀਬੀਸੀ ਪੱਤਰਕਾਰ

"ਰੀਲਾਂ ਅਤੇ ਗਾਣਿਆਂ ਵਿੱਚ ਸੁਣਿਆ ਸੀ ਕਿ ਡੰਕੀ ਰਾਹੀਂ ਅਮਰੀਕਾ ਜਾਣਾ ਸੌਖਾ ਹੈ, ਬੱਸ ਮੈਕਸੀਕੋ-ਅਮਰੀਕਾ ਬਾਰਡਰ ਪਾਰ ਕਰ ਕੇ ਜਿੱਤ ਦਾ ਨਿਸ਼ਾਨ ਹੀ ਬਣਾਉਣਾ ਹੈ, ਪਰ ਜਦੋਂ ਮੈਂ ਉਸ ਰਸਤੇ ਉੱਤੇ ਗਿਆ ਤਾਂ ਪਤਾ ਲੱਗਿਆ ਜ਼ਮੀਨੀ ਹਕੀਕਤ ਕੁਝ ਹੋਰ ਹੈ।"

ਇਹ ਸ਼ਬਦ ਹਨ, ਕਪੂਰਥਲਾ ਦੇ ਨੌਜਵਾਨ ਬਲਵਿੰਦਰ ਸਿੰਘ ਦੇ ਹਨ, ਜੋ ਗ਼ੈਰ-ਕਾਨੂੰਨੀ ਟਰੈਵਲ ਏਜੰਟਾਂ ਦੀ ਧੋਖਾਧੜੀ ਦਾ ਸ਼ਿਕਾਰ ਹੋ ਕੇ ਕੋਲੰਬੀਆ ਤੋਂ ਹੁਣ ਵਾਪਸ ਦੇਸ਼ ਪਰਤਿਆ ਹੈ।

23 ਸਾਲਾ ਬਲਵਿੰਦਰ ਸਿੰਘ ਦਾ ਸੁਪਨਾ ਅਮਰੀਕਾ ਜਾਣ ਦਾ ਸੀ ਪਰ ਰਸਤੇ ਵਿੱਚ ਹੀ ਉਹ ਮਨੁੱਖੀ ਤਸਕਰਾਂ ਦੇ ਗਿਰੋਹ ਦੇ ਧੱਕੇ ਚੜ ਗਏ ਅਤੇ ਕਰੀਬ ਇੱਕ ਸਾਲ ਤੱਕ ਕੋਲੰਬੀਆ ਵਿੱਚ ਮਨੁੱਖੀ ਤਸਕਰਾਂ ਦੇ ਤਸੀਹੇ, ਭੁੱਖਾ ਪਿਆਸਾ ਰਹਿਣ ਤੋਂ ਬਾਅਦ ਭਾਰਤੀ ਵਿਦੇਸ਼ ਮੰਤਰਾਲੇ ਦੇ ਯਤਨਾਂ ਨਾਲ ਹੁਣ ਦੇਸ਼ ਪਰਤੇ ਹਨ।

ਕਪੂਰਥਲਾ ਦੇ ਬਾਜਪੁਰ ਪਿੰਡ ਦੇ ਰਹਿਣ ਵਾਲੇ ਬਲਵਿੰਦਰ ਸਿੰਘ ਬਾਹਰਵੀਂ ਪਾਸ ਹਨ, ਪਰਿਵਾਰ ਦੀ ਆਮਦਨ ਦਾ ਇੱਕ ਮਾਤਰਾ ਸਹਾਰਾ ਖੇਤੀਬਾੜੀ ਹੈ।

ਚੰਗੇ ਭਵਿੱਖ ਲਈ ਉਨ੍ਹਾਂ ਦਾ ਸੁਪਨਾ ਅਮਰੀਕਾ ਜਾਣ ਦਾ ਸੀ ਅਤੇ ਇਸ ਲਈ ਉਨ੍ਹਾਂ ਨੇ ਇੱਕ ਏਜੰਟ ਨਾਲ 32 ਲੱਖ ਰੁਪਏ ਵਿੱਚ ਗੱਲ ਕੀਤੀ। ਬਲਵਿੰਦਰ ਸਿੰਘ ਦੱਸਦੇ ਹਨ, "ਜ਼ਮੀਨ ਵੇਚ ਕੇ ਅਤੇ ਕੁਝ ਕਰਜ਼ਾ ਲੈ ਕੇ ਅਸੀਂ 28 ਲੱਖ ਰੁਪਏ ਭਾਰਤ ਵਿੱਚ ਏਜੰਟ ਨੂੰ ਦਿੱਤੇ ਅਤੇ ਬਾਕੀ ਪੈਸੇ ਅਮਰੀਕਾ ਪਹੁੰਚਣ ਉੱਤੇ ਦੇਣ ਸੀ।"

ਬਲਵਿੰਦਰ ਸਿੰਘ ਆਪਣੀ ਸ਼ਿੰਦਰ ਕੌਰ ਨਾਲ
ਤਸਵੀਰ ਕੈਪਸ਼ਨ, ਬਲਵਿੰਦਰ ਸਿੰਘ ਭਾਰਤੀ ਵਿਦੇਸ਼ ਮੰਤਰਾਲੇ ਦੀ ਮਦਦ ਨਾਲ ਵਾਪਸ ਆਏ ਹਨ

ਕੀ ਸੀ ਬਲਵਿੰਦਰ ਦਾ ਅਮਰੀਕਾ ਜਾਣ ਦਾ ਰੂਟ

ਬਲਵਿੰਦਰ ਸਿੰਘ ਨੇ ਦੱਸਿਆ, "18 ਜੁਲਾਈ 2024 ਨੂੰ ਉਹ ਘਰੋਂ ਅਮਰੀਕਾ ਲਈ ਨਿਕਲੇ ਸਨ। ਸਭ ਤੋਂ ਪਹਿਲਾਂ ਦਿੱਲੀ ਤੋਂ ਮੁੰਬਈ ਪਹੁੰਚਿਆ ਅਤੇ ਇੱਥੋਂ ਨੀਦਰਲੈਂਡ ਪਹੁੰਚਿਆ। ਨੀਦਰਲੈਂਡ ਤੋਂ, ਸੂਰੀ ਨੇਮ, ਘਾਨਾ ਅਤੇ ਐਮੇਜ਼ਨ ਦੇ ਜੰਗਲ ਵਿਚੋਂ ਹੁੰਦੇ ਹੋਏ ਮੈਂ ਬ੍ਰਾਜ਼ੀਲ ਪਹੁੰਚਿਆ ਤੇ ਫਿਰ ਅੱਗੇ ਬੋਲੀਵੀਆ, ਪੇਰੂ ਅਤੇ ਇਕੁਆਡੋਰ ਰਾਹੀਂ ਅਖ਼ੀਰ ਵਿੱਚ ਕੋਲੰਬੀਆ ਪਹੁੰਚਿਆ, ਜਿੱਥੇ ਮੈਨੂੰ ਮਨੁੱਖੀ ਤਸਕਰਾਂ ਨੇ ਕਾਬੂ ਕਰ ਲਿਆ।"

ਬਲਵਿੰਦਰ ਸਿੰਘ ਨੇ ਦੱਸਿਆ ਕਿ ਕੋਲੰਬੀਆ ਪਹੁੰਚਣ 'ਤੇ ਤਸਕਰਾਂ ਨੇ ਪਾਸਪੋਰਟ, ਫ਼ੋਨ ਅਤੇ ਉਨ੍ਹਾਂ ਦਾ ਹੋਰ ਨਿੱਜੀ ਸਮਾਨ ਖੋਹ ਲਿਆ ਅਤੇ ਉਨ੍ਹਾਂ ਨੂੰ ਇੱਕ ਕਮਰੇ 'ਚ ਬੰਦ ਕਰ ਦਿੱਤਾ, ਇੱਥੋਂ ਹੀ ਉਨ੍ਹਾਂ ਦੀਆਂ ਅਸਲ ਦਿੱਕਤਾਂ ਸ਼ੁਰੂ ਹੋ ਗਈਆਂ।

ਤਸਕਰਾਂ ਵੱਲੋਂ ਕੁੱਟਮਾਰ ਅਤੇ ਰੋਜ਼ਾਨਾ ਦਾ ਤਸ਼ੱਦਦ ਅਤੇ ਪੈਸਿਆਂ ਦੀ ਮੰਗ ਕੀਤੀ ਜਾਣ ਲੱਗੀ। ਕੁੱਟਮਾਰ ਤੋਂ ਤੰਗ ਆ ਕੇ ਉਨ੍ਹਾਂ ਨੇ ਘਰ ਫ਼ੋਨ ਕੀਤਾ ਜਿਸ ਤੋਂ ਬਾਅਦ ਘਰਵਾਲ਼ਿਆਂ ਨੇ ਦੋ ਲੱਖ ਰੁਪਏ ਤਸਕਰਾਂ ਨੂੰ ਭੇਜੇ ਪਰ ਉਨ੍ਹਾਂ ਵੱਲੋਂ ਹੋਰ ਪੈਸਿਆਂ ਦੀ ਮੰਗ ਜਾਰੀ ਰਹੀ।

ਬਲਵਿੰਦਰ ਸਿੰਘ ਦੱਸਦੇ ਹਨ, "ਹਾਲਾਤ ਕਾਰਨ ਮੈਂ ਜਿਊਣ ਦੀ ਉਮੀਦ ਛੱਡ ਦਿੱਤੀ ਸੀ ਪਰ ਅਚਾਨਕ ਇੱਕ ਦਿਨ ਮੌਕਾ ਦੇਖ ਕੇ ਮੈਂ ਤਸਕਰਾਂ ਦੇ ਚੁੰਗਲ ਵਿੱਚੋਂ ਬਚ ਕੇ ਨਿਕਲਿਆ। ਸਥਾਨਕ ਲੋਕਾਂ ਦੀ ਮਦਦ ਨਾਲ ਮੈਂ ਨੇੜਲੇ ਸ਼ਹਿਰ ਪਹੁੰਚਿਆ ਜਿੱਥੇ ਮੈਂ ਪੰਜ ਮਹੀਨਿਆਂ ਬਾਅਦ ਘਰ ਵਾਲਿਆਂ ਨਾਲ ਗੱਲ ਕੀਤੀ ਅਤੇ ਆਪਣੇ ਹੋਈ ਘਟਨਾ ਬਾਰੇ ਸੂਚਿਤ ਕੀਤਾ।"

ਬਲਵਿੰਦਰ ਸਿੰਘ ਨੇ ਦੱਸਿਆ ਕਿ ਕੋਲੰਬੀਆ ਸਥਿਤ ਭਾਰਤੀ ਐਬੰਸੀ ਪਹੁੰਚ ਕੇ ਉਨ੍ਹਾਂ ਨੇ ਮਦਦ ਮੰਗੀ ਅਤੇ ਦੂਜੇ ਪਾਸੇ ਬਲਵਿੰਦਰ ਸਿੰਘ ਦੇ ਮਾਪਿਆਂ ਨੇ ਰਾਜ ਸਭਾ ਮੈਂਬਰ ਬਲਵੀਰ ਸਿੰਘ ਸੀਚੇਵਾਲ ਤੋਂ ਮਦਦ ਮੰਗੀ ਜਿੰਨਾ ਨੇ ਇਹ ਮਸਲਾ ਭਾਰਤੀ ਵਿਦੇਸ਼ ਮੰਤਰਾਲੇ ਨਾਲ ਸਾਂਝਾ ਕੀਤਾ।

ਬਲਵਿੰਦਰ ਸਿੰਘ ਦੱਸਦੇ ਹਨ, "ਜਿਸ ਤਰੀਕੇ ਦੀ ਜ਼ਿੰਦਗੀ ਮੈਂ ਪਿਛਲੇ ਇੱਕ ਸਾਲ ਦੌਰਾਨ ਵੇਖੀ ਉਸ ਨੂੰ ਮੈਂ ਭੁੱਲ ਨਹੀਂ ਸਕਦਾ ਅਤੇ ਹੁਣ ਮੈਂ ਕਦੇ ਵੀ ਵਿਦੇਸ਼ ਨਹੀਂ ਜਾਵਾਂਗਾ ਅਤੇ ਪੰਜਾਬ ਰਹਿ ਕੇ ਕੰਮ ਕਰਾਂਗਾ।"

ਉਨ੍ਹਾਂ ਆਖਿਆ ਕਿ ਗ਼ੈਰ-ਕਾਨੂੰਨੀ ਤਰੀਕੇ ਨਾਲ ਅਮਰੀਕਾ ਜਾਣਾ ਬਹੁਤ ਖ਼ਤਰਨਾਕ ਹੈ, ਜੰਗਲ, ਨਦੀਆਂ ਪਾਰ ਕਰ ਕੇ ਇੱਕ ਦੇਸ਼ ਤੋਂ ਦੂਜਾ ਦੇਸ਼ ਵਿੱਚ ਗ਼ੈਰ-ਕਾਨੂੰਨੀ ਤਰੀਕੇ ਨਾਲ ਦਾਖ਼ਲ ਹੋ ਕੇ ਮੈਕਸੀਕੋ ਜਾਣਾ ਹੁੰਦਾ ਹੈ ਅਤੇ ਇਸ ਤੋਂ ਅੱਗੇ ਅਮਰੀਕਾ।

ਸ਼ਿਦਰ ਕੌਰ

ਮੀਂਹ ਦਾ ਪਾਣੀ ਪੀ ਕੇ ਬੁਝਾਈ ਪਿਆਸ

ਬਲਵਿੰਦਰ ਸਿੰਘ ਦਾ ਕਹਿਣਾ ਹੈ, "ਜਦੋਂ ਮੈਂ ਤਸਕਰਾਂ ਦੇ ਚੁੰਗਲ ਵਿੱਚ ਸੀ ਤਾਂ ਉਹ ਮੈਨੂੰ ਮਾਰਨ ਦੀ ਧਮਕੀ ਦਿੰਦੇ ਸਨ। ਇਸ ਤੋਂ ਬਾਆਦ ਮੈਂ ਮਨ ਵਿੱਚ ਧਾਰਿਆ ਕਿ ਮਰਨਾ ਤਾਂ ਹੈ, ਕਿਉਂ ਨਾ ਮਰਨ ਤੋਂ ਪਹਿਲਾ ਇੱਕ ਵਾਰ ਬਚਣ ਦੀ ਕੋਸ਼ਿਸ਼ ਕੀਤੀ ਜਾਵੇ ਅਤੇ ਕੋਸ਼ਿਸ਼ ਸਫਲ ਰਹੀ।"

ਬਲਵਿੰਦਰ ਸਿੰਘ ਕਹਿੰਦੇ ਹਨ ਕਿ ਕੋਲੰਬੀਆ ਦੇ ਜੰਗਲਾਂ ਵਿੱਚ ਭੱਜਣ ਸਮੇਂ ਨਾ ਤਾਂ ਉਨ੍ਹਾਂ ਕੋਲ ਫ਼ੋਨ ਸੀ ਅਤੇ ਨਾ ਹੀ ਕੋਈ ਪੈਸਾ। ਉਨ੍ਹਾਂ ਨੇ ਆਪਣੀ ਪਿਆਸ ਮੀਂਹ ਦੇ ਪਾਣੀ ਨਾਲ ਬੁਝਾਈ ਅਤੇ ਭੁੱਖ ਲੱਗਣ 'ਤੇ ਦਰਖ਼ਤਾਂ ਉੱਤੇ ਲੱਗੇ ਫ਼ਲ ਖਾ ਕੇ ਉਸ ਨੇ ਡੰਗ ਸਾਰਿਆ।

ਬਲਵਿੰਦਰ ਸਿੰਘ ਮੁਤਾਬਕ ਉਨ੍ਹਾਂ ਦੇ ਕੱਪੜੇ ਫੱਟ ਗਏ ਸਨ ਅਤੇ ਬਹੁਤ ਹੀ ਤਰਸਯੋਗ ਹਾਲਤ ਵਿੱਚ ਲੋਕਾਂ ਤੋਂ ਲਿਫ਼ਟ ਲੈ ਕੇ ਕਰੀਬ 600 ਕਿੱਲੋ ਮੀਟਰ ਦਾ ਪੈਂਡਾ ਤੈਅ ਕਰਨ ਤੋਂ ਬਾਅਦ ਉਹ ਕੋਲੰਬੀਆ ਦੇ ਸ਼ਹਿਰ ਬੋਗੋਟਾ ਪਹੁੰਚੇ ਜਿੱਥੇ ਉਨ੍ਹਾਂ ਨੇ ਭਾਰਤੀ ਦੂਤਾਵਾਸ ਵਿੱਚ ਸ਼ਰਨ ਲਈ।

ਬਲਵਿੰਦਰ ਸਿੰਘ ਦੱਸਦੇ ਹਨ, "ਤਸਕਰ ਸਪੇਨਿਸ਼ ਭਾਸ਼ਾ ਵਿੱਚ ਹੀ ਗੱਲ ਕਰਦੇ ਸਨ ਅਤੇ ਮੈਂ ਹੌਲੀ-ਹੋਲੀ ਉਨ੍ਹਾਂ ਦੀ ਭਾਸ਼ਾ ਸਿੱਖਣੀ ਸ਼ੁਰੂ ਕਰ ਦਿੱਤੀ ਅਤੇ ਜਦੋਂ ਮੈਂ ਜੰਗਲ ਵਿੱਚ ਭੱਜਿਆ ਤਾਂ ਇਹੀ ਭਾਸ਼ਾ ਕੰਮ ਆਈ ਕਿਉਂਕਿ ਸਥਾਨਕ ਲੋਕ ਸਪੇਨਿਸ਼ ਹੀ ਜਾਣਦੇ ਸਨ।"

ਗੈਰ ਕਾਨੂੰਨੀ ਰਸਤੇ
ਤਸਵੀਰ ਕੈਪਸ਼ਨ, ਅਮਰੀਕਾ ਜਾਣ ਲਈ ਅਪਨਾਏ ਜਾਂਦੇ ਗ਼ੈਰ-ਕਾਨੂੰਨੀ ਰਾਹ

‘ਪੁੱਤ ਦਾ ਦੂਜਾ ਜਨਮ ਹੋਇਆ’

ਬਲਵਿੰਦਰ ਸਿੰਘ ਦੀ ਮਾਤਾ ਸ਼ਿੰਦਰ ਕੌਰ ਕਹਿੰਦੇ ਹਨ, "ਪੁੱਤਰ ਨੂੰ ਵਿਦੇਸ਼ ਇਸ ਕਰ ਕੇ ਭੇਜਿਆ ਸੀ ਕਿ ਘਰ ਦੀ ਗ਼ਰੀਬੀ ਦੂਰ ਹੋ ਜਾਵੇਗੀ ਪਰ ਜੋ ਕੁਝ ਹੋਇਆ ਕਦੇ ਕਲਪਨਾ ਵੀ ਨਹੀਂ ਸੀ ਕੀਤੀ।"

ਉਨ੍ਹਾਂ ਆਖਿਆ ਕਿ ਜੋ ਕੁਝ ਪੁੱਤਰ ਨਾਲ ਹੋਇਆ ਹੈ ਉਹ ਇੱਕ ਤਰਾਂ ਨਾਲ ਉਸ ਦਾ ਦੂਜਾ ਜਨਮ ਹੈ।

ਸ਼ਿੰਦਰ ਕੌਰ ਕਹਿੰਦੇ ਹਨ ਕਿ ਪੁੱਤਰ ਨੂੰ ਅਮਰੀਕਾ ਵੇਚਣ ਦੇ ਲਈ ਪੈਸੇ ਇਕੱਠੇ ਕਰਨ ਲਈ ਉਨ੍ਹਾਂ ਨੂੰ ਜ਼ਮੀਨ ਅਤੇ ਘਰ ਵੀ ਵੇਚਣਾ ਪਿਆ ਅਤੇ ਹੁਣ ਉਹ ਕਿਰਾਏ ਦੇ ਮਕਾਨ 'ਚ ਰਹਿੰਦੇ ਹਨ। ਬਲਵਿੰਦਰ, ਦੋ ਭੈਣਾਂ ਦਾ ਇਕਲੌਤਾ ਭਰਾ ਹੈ ਅਤੇ ਉਨ੍ਹਾਂ ਦੇ ਪਿਤਾ ਲੰਬੇ ਸਮੇਂ ਤੋਂ ਬਿਮਾਰ ਹਨ।

ਗੈਰ ਕਾਨੂੰਨੀ ਰਸਤੇ
ਤਸਵੀਰ ਕੈਪਸ਼ਨ, ਅਮਰੀਕਾ ਜਾਣ ਲਈ ਅਪਨਾਏ ਜਾਂਦੇ ਗ਼ੈਰ-ਕਾਨੂੰਨੀ ਰਾਹ

ਕੌਣ ਹੈ ਧੋਖਾਧੜੀ ਕਰਨ ਵਾਲਾ ਏਜੰਟ

ਕਪੂਰਥਲਾ ਦੇ ਐੱਸਐੱਸਪੀ ਨੂੰ ਉਨ੍ਹਾਂ ਨਾਲ ਹੋਈ ਧੋਖਾਧੜੀ ਦੇ ਸਬੰਧ ਵਿੱਚ ਸ਼ਿਕਾਇਤ ਵੀ ਪਰਿਵਾਰ ਵੱਲੋਂ ਦਰਜ ਕਰਵਾਈ ਗਈ ਹੈ। ਸ਼ਿੰਦਰ ਕੌਰ ਦੱਸਦੇ ਹਨ ਕਿ ਏਜੰਟ ਉਨ੍ਹਾਂ ਦੇ ਨੇੜਲੇ ਪਿੰਡ ਦਾ ਬਲਵਿੰਦਰ ਸਿੰਘ ਨਾਮ ਦਾ ਵਿਅਕਤੀ ਹੈ।

ਬੀਬੀਸੀ ਪੰਜਾਬੀ ਨੇ ਏਜੰਟ ਬਲਵਿੰਦਰ ਸਿੰਘ ਨਾਲ ਫ਼ੋਨ ਰਾਹੀਂ ਜਦੋਂ ਰਾਬਤਾ ਕੀਤਾ ਤਾਂ ਉਨ੍ਹਾਂ ਦੀ ਪਤਨੀ ਹਰਬੰਸ ਕੌਰ ਨੇ ਫ਼ੋਨ ਚੁੱਕਿਆ ਅਤੇ ਦੱਸਿਆ ਕਿ ਬਲਵਿੰਦਰ ਸਿੰਘ ਘਰ ਨਹੀਂ ਹਨ। ਉਹ ਕੰਮ ਲਈ ਬਾਹਰ ਗਏ ਹੋਏ ਹਨ।

ਪਤੀ ਵਿਰੁੱਧ ਧੋਖਾਧੜੀ ਦੀ ਪੁਲਿਸ ਸ਼ਿਕਾਇਤ ਹੋਣ ਸਬੰਧੀ ਉਨ੍ਹਾਂ ਆਖਿਆ ਕਿ ਇਸ ਬਾਰੇ ਉਨ੍ਹਾਂ ਨੂੰ ਕੁਝ ਵੀ ਨਹੀਂ ਪਤਾ। ਉਨ੍ਹਾਂ ਦੱਸਿਆ ਕਿ ਬਲਵਿੰਦਰ ਸਿੰਘ ਖੇਤੀਬਾੜੀ ਕਰਦੇ ਹਨ।

ਸ਼ਿੰਦਰ ਕੌਰ ਨੇ ਜੋ ਪੁਲਿਸ ਨੂੰ ਸ਼ਿਕਾਇਤ ਦਿੱਤੀ ਹੈ ਉਸ ਵਿੱਚ ਬਲਵਿੰਦਰ ਸਿੰਘ ਤੋਂ ਇਲਾਵਾ ਸੋਨੂੰ ਸਿੰਘ, ਹਰਭਜਨ ਸਿੰਘ ਅਤੇ ਮਲਕੀਤ ਸਿੰਘ ਦਾ ਨਾਮ ਸ਼ਾਮਲ ਹੈ।

ਕਪੂਰਥਲਾ ਪੁਲਿਸ ਦੇ ਜਾਂਚ ਅਫਸਰ ਡੀਐੱਸਪੀ ਉਪਕਾਰ ਸਿੰਘ ਮੁਤਾਬਕ ਮਾਮਲੇ ਦੀ ਜਾਂਚ ਜਾਰੀ ਹੈ ਅਤੇ ਕਾਨੂੰਨ ਮੁਤਾਬਕ ਕਾਰਵਾਈ ਕੀਤੀ ਜਾ ਰਹੀ ਹੈ।

ਆਕਾਸ਼ਵੀਰ ਸਿੰਘ ਕੰਗ
ਤਸਵੀਰ ਕੈਪਸ਼ਨ, ਆਕਾਸ਼ਵੀਰ ਸਿੰਘ ਕੰਗ ਕੁਝ ਸਮਾਂ ਅਮਰੀਕਾ ਵਿੱਚ ਬਿਤਾਉਣ ਤੋਂ ਬਾਅਦ ਵਾਪਸ ਪਰਤ ਆਏ ਹਨ

ਅਮਰੀਕਾ ਦੇ ਨਾਮ ਉੱਤੇ ਇੱਕ ਹੋਰ ਪਰਿਵਾਰ ਨਾਲ ਕਰੋੜਾਂ ਦੀ ਠੱਗੀ

ਵਰਕ ਪਰਮਿਟ 'ਤੇ ਅਮਰੀਕਾ ਭੇਜਣ ਦੇ ਬਹਾਨੇ ਡੰਕੀ ਰੂਟ ਰਾਹੀਂ ਅਮਰੀਕਾ ਭੇਜਣ 'ਤੇ 1.40 ਕਰੋੜ ਰੁਪਏ ਠੱਗਣ ਦਾ ਇਲਜ਼ਾਮ ਲੁਧਿਆਣਾ ਦੇ ਇੱਕ ਨੌਜਵਾਨ ਨੇ ਲਗਾਇਆ ਹੈ।

ਇਸ ਸਬੰਧ ਵਿੱਚ ਲੁਧਿਆਣਾ ਪੁਲਿਸ ਨੇ ਪੀੜਤ ਆਕਾਸ਼ਵੀਰ ਸਿੰਘ ਕੰਗ ਦੀ ਸ਼ਿਕਾਇਤ ਉੱਤੇ ਏਜੰਟ ਅਤੇ ਉਨ੍ਹਾਂ ਦੇ ਸਾਥੀਆਂ ਖ਼ਿਲਾਫ਼ ਐੱਫਆਈਆਰ ਦਰਜ ਕਰ ਲਈ ਹੈ।

ਪੁਲਿਸ ਨੇ ਕਾਰਵਾਈ ਕਰਦਿਆਂ ਏਜੰਟ ਦੇ ਭਰਾ ਸਰਬਜੀਤ ਸਿੰਘ, ਜੋ ਕਿ ਪੰਜਾਬ ਪੁਲਿਸ ਵਿੱਚ ਏਐੱਸਆਈ ਵਜੋਂ ਕੰਮ ਕਰਦਾ ਹੈ, ਨੂੰ ਕਪੂਰਥਲਾ ਤੋਂ ਗ੍ਰਿਫ਼ਤਾਰ ਕਰ ਲਿਆ ਹੈ।

ਪੀੜਤ ਆਕਾਸ਼ਵੀਰ ਸਿੰਘ ਨੇ ਦੱਸਿਆ ਕਿ ਉਹ ਆਪਣੀ ਪਤਨੀ ਅਤੇ ਦੋ ਬੱਚਿਆਂ (ਕ੍ਰਮਵਾਰ 2 ਸਾਲ ਅਤੇ 5 ਸਾਲ) ਨਾਲ ਅਮਰੀਕਾ ਕਾਨੂੰਨੀ ਤਰੀਕੇ ਨਾਲ ਜਾਣਾ ਚਾਹੁੰਦਾ ਸੀ, ਇਸ ਲਈ ਉਨ੍ਹਾਂ ਨੇ ਕਪੂਰਥਲਾ ਜ਼ਿਲੇ ਨਾਲ ਸਬੰਧਤ ਏਜੰਟ ਦਲਜੀਤ ਸਿੰਘ ਉਰਫ਼ ਡੋਨ ਨਾਲ ਗੱਲ ਕੀਤੀ।

ਆਕਾਸ਼ਵੀਰ ਸਿੰਘ ਨੂੰ ਗੱਲਬਾਤ ਦੌਰਾਨ ਵਰਕ ਪਰਮਿਟ ਦਿਵਾਉਣ ਦਾ ਝਾਂਸਾ ਦਿੱਤਾ ਅਤੇ ਬਦਲੇ ਵਿੱਚ 90 ਲੱਖ ਰੁਪਏ ਵਿੱਚ ਪੂਰੇ ਪਰਿਵਾਰ ਨੂੰ ਅਮਰੀਕਾ ਭੇਜਣ ਦੀ ਗੱਲ ਆਖੀ ਅਤੇ ਪੈਸੇ ਸਰਬਜੀਤ ਸਿੰਘ ਨੂੰ ਨਕਦੀ ਦਿੱਤੇ।

ਆਕਾਸ਼ਵੀਰ ਸਿੰਘ ਦੱਸਦੇ ਹਨ, "ਮੈਨੂੰ ਨਹੀਂ ਸੀ ਪਤਾ ਸਰਬਜੀਤ ਸਿੰਘ ਪੰਜਾਬ ਪੁਲਿਸ ਵਿੱਚ ਕੰਮ ਕਰਦੇ ਹਨ ਅਤੇ ਇਸ ਦਾ ਖੁਲਾਸਾ ਉਸ ਦੀ ਗ੍ਰਿਫ਼ਤਾਰੀ ਤੋਂ ਬਾਅਦ ਹੋਇਆ।"

ਆਕਾਸ਼ਵੀਰ ਸਿੰਘ ਦੱਸਦੇ ਹਨ, "ਅਗਸਤ 2023 ਵਿੱਚ ਪੂਰੇ ਪਰਿਵਾਰ ਨੂੰ ਦੁਬਈ ਲਈ ਫਲਾਈਟ ਵਿੱਚ ਬਿਠਾ ਦਿੱਤਾ ਗਿਆ ਅਤੇ ਫਿਰ ਅਸਲੀ ਖੇਡ ਸ਼ੁਰੂ ਹੋਈ।"

ਏਜੰਟ ਨੇ ਆਕਾਸ਼ਵੀਰ ਸਮੇਤ ਉਸ ਦੇ ਪੂਰੇ ਪਰਿਵਾਰ ਨੂੰ ਦੁਬਈ ਤੋਂ 'ਅੱਲ ਸਲਵਾਡੋਰ' ਭੇਜ ਦਿੱਤਾ ਇਥੋਂ ਉਹ ਮੈਕਸੀਕੋ ਪਹੁੰਚੇ।

ਆਕਾਸ਼ਵੀਰ ਸਿੰਘ ਕਹਿੰਦੇ ਹਨ ਕਿ ਮੈਕਸੀਕੋ ਪਹੁੰਚਣ ਉੱਤੇ ਏਜੰਟ ਨੇ 50 ਲੱਖ ਰੁਪਏ ਦੀ ਹੋਰ ਮੰਗ ਕੀਤੀ ਅਤੇ ਪੈਸੇ ਨਾ ਦੇਣ ਦੀ ਸੂਰਤ ਵਿੱਚ ਜਾਨੋਂ ਮਾਰਨ ਦੀਆਂ ਧਮਕੀਆਂ ਦੇਣੀਆਂ ਸ਼ੁਰੂ ਕਰ ਦਿੱਤੀਆਂ।

ਮਜ਼ਬੂਰੀ ਕਾਰਨ ਆਕਾਸ਼ਵੀਰ ਸਿੰਘ ਦੇ ਪਰਿਵਾਰਕ ਮੈਂਬਰ ਨੇ 50 ਲੱਖ ਰੁਪਏ ਏਜੰਟ ਨੂੰ ਹੋਰ ਦਿੱਤੇ ਅਤੇ ਫਿਰ ਉਹ ਮੈਕਸੀਕੋ ਦੀ ਕੰਧ ਟੱਪ ਕੇ ਗ਼ੈਰ-ਕਾਨੂੰਨੀ ਤਰੀਕੇ ਨਾਲ ਅਮਰੀਕਾ ਵਿੱਚ ਦਾਖ਼ਲ ਹੋਏ ਅਤੇ ਜਿੱਥੇ ਕੁਝ ਮਹੀਨੇ ਰਹਿਣ ਮਗਰੋਂ ਉਹ ਵਾਪਸ ਪਰਤ ਆਏ।

ਆਕਾਸ਼ਵੀਰ ਸਿੰਘ ਦੀ ਸ਼ਿਕਾਇਤ ਉੱਤੇ ਕਾਰਵਾਈ ਕਰਦਿਆਂ ਲੁਧਿਆਣਾ ਪੁਲਿਸ ਨੇ ਦਲਜੀਤ ਸਿੰਘ ਉਰਫ਼ ਡੌਨ, ਪੰਜਾਬ ਪੁਲਿਸ ਦੇ ਏਐੱਸਆਈ ਸਰਬਜੀਤ ਸਿੰਘ ਅਤੇ ਹੋਰਨਾਂ ਖ਼ਿਲਾਫ਼ ਕੇਸ ਦਰਜ ਕਰ ਲਿਆ ਹੈ।

ਅਮਰੀਕਾ ਤੋਂ ਡਿਪਰੋਟ ਹੋਏ ਭਾਰਤੀਆਂ ਦੀ ਸੂਚੀ

ਅਮਰੀਕਾ ਤੋਂ ਡਿਪੋਰਟ ਹੋਣ ਵਾਲੇ ਭਾਰਤੀਆਂ ਦੇ ਅੰਕੜੇ

ਗ਼ੈਰ-ਕਾਨੂੰਨੀ ਤਰੀਕੇ ਨਾਲ ਅਮਰੀਕਾ ਵਿੱਚ ਦਾਖ਼ਲ ਹੋਣ ਵਾਲਿਆਂ ਖ਼ਿਲਾਫ਼ ਅਮਰੀਕੀ ਪ੍ਰਸ਼ਾਸਨ ਨੇ ਸਖ਼ਤ ਰੁਖ਼ ਅਖ਼ਤਿਆਰ ਕੀਤਾ ਹੋਇਆ ਹੈ। ਇਸ ਤਹਿਤ ਪਰਵਾਸੀਆਂ ਨੂੰ ਦੇਸ਼ ਨਿਕਾਲਾ ਦਿੱਤਾ ਜਾ ਰਿਹਾ ਹੈ ਜਿਸ ਵਿੱਚ ਭਾਰਤੀ ਵੀ ਸ਼ਾਮਲ ਹਨ। ਬਹੁਤ ਸਾਰੇ ਭਾਰਤੀਆਂ ਨੂੰ ਅਮਰੀਕਾ ਵੱਲੋਂ ਪਿਛਲੇ ਦਿਨੀ ਡਿਪੋਰਟ ਕੀਤਾ ਗਿਆ ਹੈ।

ਭਾਰਤੀ ਵਿਦੇਸ਼ ਮੰਤਰਾਲੇ ਦੇ ਬੁਲਾਰੇ ਰਣਧੀਰ ਜੈਸਵਾਲ ਮੁਤਾਬਕ, "ਜਨਵਰੀ ਤੋਂ ਹੁਣ ਤੱਕ 1563 ਭਾਰਤੀਆਂ ਨੂੰ ਅਮਰੀਕਾ ਤੋਂ ਡਿਪੋਰਟ ਕੀਤਾ ਜਾ ਚੁੱਕਾ ਹੈ।"

ਯਾਦ ਰਹੇ ਕਿ ਇਹ ਅੰਕੜਾ ਉਸ ਦਿਨ ਤੋਂ ਸ਼ੁਰੂ ਹੁੰਦਾ ਹੈ ਜਦੋਂ ਡੌਨਲਡ ਟਰੰਪ ਨੇ ਅਮਰੀਕਾ ਦੇ ਰਾਸ਼ਟਰਪਤੀ ਵਜੋਂ ਆਪਣਾ ਦੂਜਾ ਕਾਰਜਕਾਲ ਸੰਭਾਲਿਆ।

ਭਾਰਤੀ ਵਿਦੇਸ਼ ਮੰਤਰਾਲੇ ਅਨੁਸਾਰ, "ਜ਼ਿਆਦਾਤਰ ਭਾਰਤੀ ਨਾਗਰਿਕ ਕਮਰਸ਼ੀਅਲ ਫਲਾਈਟਾਂ ਰਾਹੀਂ ਵਾਪਸ ਆਏ ਹਨ। ਅਮਰੀਕੀ ਅਧਿਕਾਰੀਆਂ ਨੇ ਡਿਪੋਰਟ ਕੀਤੇ ਜਾਣ ਵਾਲੇ ਵਿਅਕਤੀਆਂ ਦੀ ਸੂਚੀ ਭਾਰਤੀ ਅਧਿਕਾਰੀਆਂ ਨੂੰ ਦਿੱਤੀ, ਜਿਸ ਤੋਂ ਬਾਅਦ ਉਨ੍ਹਾਂ ਦੀ ਨਾਗਰਿਕਤਾ ਦੀ ਪੁਸ਼ਟੀ ਕੀਤੀ ਗਈ।"

ਭਾਰਤੀ ਵਿਦੇਸ਼ ਮੰਤਰਾਲੇ ਦੇ ਮੁਤਾਬਕ, "2021 ਵਿੱਚ 805 ਭਾਰਤੀ, 2022 ਵਿੱਚ 862 ਭਾਰਤੀ, 2023 ਵਿੱਚ 670 ਭਾਰਤੀ, 2024 ਵਿੱਚ 1368 ਭਾਰਤੀ ਅਤੇ ਸਾਲ 2025 ਵਿੱਚ ਹੁਣ ਤੱਕ 1563 ਭਾਰਤੀ ਨਾਗਰਿਕਾਂ ਨੂੰ ਡਿਪੋਰਟ ਕੀਤਾ ਜਾ ਚੁੱਕਾ ਹੈ।"

ਦੂਜੇ ਪਾਸੇ ਇਸ ਮਾਮਲੇ ਵਿੱਚ ਐੱਨਆਈਏ (ਕੌਮੀ ਸੁਰੱਖਿਆ ਏਜੰਸੀ) ਨੇ ਸਖ਼ਤ ਰੁਖ਼ ਅਖ਼ਤਿਆਰ ਕੀਤਾ ਹੋਇਆ ਹੈ।

'ਡੰਕੀ' ਰੂਟ ਰਾਹੀਂ ਭਾਰਤੀਆਂ ਨੂੰ ਅਮਰੀਕਾ ਭੇਜਣ ਦੇ ਇਲਜ਼ਾਮਾਂ ਵਿੱਚ ਦੋ ਏਜੰਟਾਂ ਨੂੰ ਪਿਛਲੇ ਦਿਨੀਂ ਗ੍ਰਿਫ਼ਤਾਰ ਕੀਤਾ ਹੈ।

ਐੱਨਆਈਏ ਵੱਲੋਂ ਜਾਰੀ ਕੀਤੀ ਗਈ ਸੂਚਨਾ ਮੁਤਾਬਕ ਗ੍ਰਿਫ਼ਤਾਰ ਕੀਤੇ ਗਏ ਵਿਅਕਤੀਆਂ ਵਿੱਚ ਸੰਨੀ ਉਰਫ਼ ਸੰਨੀ ਡੋਨਕਰ ਵਾਸੀ ਧਰਮਸ਼ਾਲਾ, ਹਿਮਾਚਲ ਪ੍ਰਦੇਸ਼ ਅਤੇ ਸ਼ੁਭਮ ਸੰਧਲ ਉਰਫ਼ ਦੀਪ ਹੁੰਡੀ ਵਾਸੀ ਰੋਪੜ, ਪੰਜਾਬ, ਜੋ ਕਿ ਬਾਹਰੀ ਦਿੱਲੀ ਦੇ ਪੀਰਾਗੜ੍ਹੀ ਵਿੱਚ ਰਹਿ ਰਿਹਾ ਸੀ, ਨੂੰ ਗ੍ਰਿਫ਼ਤਾਰ ਕੀਤਾ ਗਿਆ ਸੀ।

ਐੱਨਆਈਏ ਅਨੁਸਾਰ ਦੋਵੇਂ ਮੁਲਜ਼ਮ ਗਗਨਦੀਪ ਸਿੰਘ ਉਰਫ਼ ਗੋਲਡੀ ਦੇ ਸਾਥੀ ਸਨ, ਜਿਸ ਨੂੰ ਮਾਰਚ ਵਿੱਚ ਇੱਕ ਪੀੜਤ ਦੀ ਸ਼ਿਕਾਇਤ 'ਤੇ ਗ੍ਰਿਫਤਾਰ ਕੀਤਾ ਗਿਆ ਸੀ, ਜਿਸ ਨੂੰ 'ਡੰਕੀ ਰੂਟ' ਦੀ ਵਰਤੋਂ ਕਰ ਕੇ ਅਮਰੀਕਾ ਭੇਜਿਆ ਗਿਆ ਸੀ ਜਿੱਥੋਂ ਉਸ ਨੂੰ ਡਿਪੋਰਟ ਕਰ ਦਿੱਤਾ ਗਿਆ ਸੀ।

ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTER, WhatsApp ਅਤੇ YouTube 'ਤੇ ਜੁੜੋ।)