You’re viewing a text-only version of this website that uses less data. View the main version of the website including all images and videos.
ਗਣਤੰਤਰ ਦਿਵਸ ਪਰੇਡ 'ਚ ਪੰਜਾਬ ਦੀ ਝਾਕੀ ਨਾ ਸ਼ਾਮਲ ਕੀਤੇ ਜਾਣ ਉੱਤੇ ਵਿਵਾਦ, ਜਾਣੋ ਕਿਵੇਂ ਹੁੰਦੀ ਹੈ ਚੋਣ
- ਲੇਖਕ, ਸੁਮਨਦੀਪ ਕੌਰ
- ਰੋਲ, ਬੀਬੀਸੀ ਪੱਤਰਕਾਰ
''26 ਜਨਵਰੀ ਨੂੰ ਹਰ ਸਾਲ ਵਾਂਗ ਹੀ ਗਣਤੰਤਰ ਦਿਵਸ ਮੌਕੇ ਪੰਜਾਬ ਦੀ ਝਾਕੀ ਰਾਹੀਂ ਆਪਣਾ ਸੱਭਿਆਚਾਰ ਅਤੇ ਵਿਰਸਾ ਪੇਸ਼ ਕਰਨਾ ਸੀ। ਪਰ ਕੇਂਦਰ ਸਰਕਾਰ ਨੇ ਪੰਜਾਬ ਅਤੇ ਦਿੱਲੀ ਦੀਆਂ ਝਾਕੀਆਂ ਨੂੰ ਰੋਕ ਕੇ ਆਮ ਆਦਮੀ ਪਾਰਟੀ ਦੀਆਂ ਸਰਕਾਰਾਂ ਨਾਲ ਧੱਕਾ ਕੀਤਾ ਹੈ।''
ਇਹ ਸ਼ਬਦਾ ਪੰਜਾਬ ਦੇ ਵਿੱਤ ਮੰਤਰੀ ਹਰਪਾਲ ਚੀਮਾ ਨੇ ਕੇਂਦਰ ਸਰਕਾਰ ਨਾਲ ਰੋਸ ਵਜੋਂ ਕਹੇ।
ਚੀਮਾ ਨੇ ਦੱਸਿਆ, "ਇਸ ਵਾਰ ਪੰਜਾਬ ਨੇ ਭਾਰਤ ਦੀ ਅਜ਼ਾਦੀ ਦੀ ਲੜਾਈ ਵਿੱਚ ਪੰਜਾਬੀਆਂ ਦੀ ਭੂਮਿਕਾ ਉੱਤੇ ਝਾਕੀ ਤਿਆਰ ਕੀਤੀ ਸੀ।"
ਇੰਨਾ ਹੀ ਨਹੀਂ ਅਕਾਲੀ ਦਲ ਨੇ ਵੀ ਇੱਕ ਟਵੀਟ ਕਰਕੇ ਇਸ ਉੱਤੇ ਰੋਹ ਦਾ ਪ੍ਰਗਟਾਵਾ ਕੀਤਾ ਹੈ।
ਸ਼੍ਰੋਮਣੀ ਅਕਾਲੀ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਟਵੀਟ ਕਰਦਿਆਂ ਕਿਹਾ ਕਿ ਇਹ ਜਾਣ ਕੇ ਹੈਰਾਨ ਹਾਂ ਕਿ ਭਾਰਤ ਸਰਕਾਰ ਨੇ 74ਵੀਂ ਗਣਤੰਤਰ ਦਿਵਸ ਪਰੇਡ ਲਈ ਪੰਜਾਬ ਦੀ ਝਾਕੀ ਨੂੰ ਰੱਦ ਕਰ ਦਿੱਤਾ ਹੈ।
ਉਨ੍ਹਾਂ ਨੇ ਅੱਗੇ ਲਿਖਿਆ, "ਇਸ ਦਾ ਮਤਲਬ ਹੈ ਕਿ ਸਾਨੂੰ ਆਜ਼ਾਦੀ ਦੀ ਲੜਾਈ ਵਿੱਚ ਸਾਡੇ ਸੱਭਿਆਚਾਰ ਅਤੇ ਯੋਗਦਾਨ ਨੂੰ ਪ੍ਰਦਰਸ਼ਿਤ ਕਰਨ ਦੀ ਇਜਾਜ਼ਤ ਨਹੀਂ ਹੈ! ਭਾਰਤ ਸਰਕਾਰ ਨੂੰ ਆਪਣੇ ਫ਼ੈਸਲੇ 'ਤੇ ਨਜ਼ਰਸਾਨੀ ਕਰਨ ਦੀ ਅਪੀਲ ਕਰਦੇ ਹੋਏ, ਮੈਂ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਵੀ ਅਪੀਲ ਕਰਦਾ ਹਾਂ ਕਿ ਉਹ ਜਾਗਣ ਅਤੇ ਇਸ ਨੂੰ ਭਾਰਤ ਸਰਕਾਰ ਨਾਲ ਜ਼ੋਰਦਾਰ ਢੰਗ ਨਾਲ ਉਠਾਉਣ।"
ਦੂਜੇ ਪਾਸੇ ਭਾਜਪਾ ਆਗੂ ਹਰਜੀਤ ਸਿੰਘ ਗਰੇਵਾਲ ਨੇ ਕਿਹਾ ਇਹ ਮੰਦਭਾਗੀ ਗੱਲ ਹੈ, ਪਰ ਸੱਚ ਇਹ ਹੈ ਕਿ ਪੰਜਾਬ ਸਰਕਾਰ ਨੇ ਮੌਕੇ ਉੱਤੇ ਕੰਮ ਕਰਨਾ ਸੀ।
ਉਨ੍ਹਾਂ ਨੇ ਕਿਹਾ, "ਜੋ ਕਮੀਆਂ ਪੇਸ਼ੀਆਂ ਸਨ, ਉਹ ਦੂਰ ਕੀਤੀਆਂ ਜਾਂਦੀਆਂ ਹਨ। ਪੰਜਾਬ ਸਰਕਾਰ ਨੂੰ ਇਸ ਬਾਰੇ ਵੀ ਧਿਆਨ ਦੇਣਾ ਚਾਹੀਦਾ ਹੈ।
ਦਰਅਸਲ, ਅਜਿਹਾ 2017 ਤੋਂ ਬਾਅਦ ਹੋਇਆ ਹੈ, ਜਦੋਂ ਪੰਜਾਬ ਦੀ ਝਾਕੀ ਗਣਤੰਤਰ ਦਿਵਸ ਦੀ ਪਰੇਡ ਵਿੱਚ ਸ਼ਾਮਲ ਨਹੀਂ ਹੋਵੇਗੀ।
ਝਾਕੀਆਂ ਦੀ ਚੋਣ ਪ੍ਰਕਿਰਿਆ
- ਚੋਣ ਪ੍ਰਕਿਰਿਆ ਵਿੱਚ ਮਦਦ ਲਈ ਮਾਹਰਾਂ ਦੀ ਕਮੇਟੀ ਬਣਾਈ ਜਾਂਦੀ ਹੈ।
- ਜਿਸ ਵਿੱਚ ਚਿੱਤਰਕਲਾ, ਸੱਭਿਆਚਾਰ, ਮੂਰਤੀਕਲਾ, ਸੰਗੀਤ, ਵਾਸਤੂਕਲਾ, ਨਾਚ ਅਤੇ ਸੰਬੰਧਿਤ ਵਿਸ਼ਿਆਂ ਨੇ ਉੱਘੇ ਲੋਕ ਸ਼ਾਮਲ ਹੁੰਦੇ ਹਨ।
- ਚੋਣ ਪ੍ਰਕਿਰਿਆ ਵਿੱਚ ਝਾਕੀ ਦੀ ਥੀਮ, ਪੇਸ਼ਕਾਰੀ, ਸੁਹਜ ਅਤੇ ਤਕਨੀਕੀ ਤੱਤਾਂ 'ਤੇ ਧਿਆਨ ਦਿੱਤਾ ਜਾਂਦਾ ਹੈ।
- ਸੂਬਿਆਂ ਦੇ ਪ੍ਰਤੀਨਿਧੀਆਂ ਨਾਲ ਕਮੇਟੀ ਦੇ ਮੈਂਬਰਾਂ ਵੱਲੋਂ ਗੱਲਬਾਤ ਦੇ ਕਈ ਦੌਰ ਸ਼ਾਮਲ ਸਨ।
17 ਸੂਬੇ ਤੇ ਕੇਂਦਰ ਸ਼ਾਸਿਤ ਸੂਬਿਆਂ ਦੀਆਂ ਝਾਕੀਆਂ ਸ਼ਾਮਲ
ਖ਼ਬਰ ਏਜੰਸੀ ਏਐੱਨਆਈ ਮੁਤਾਬਕ ਰੱਖਿਆ ਮੰਤਰਾਲੇ ਨੇ ਜਾਣਕਾਰੀ ਦਿੱਤੀ ਕਿ 26 ਜਨਵਰੀ, 2023 ਨੂੰ ਗਣਤੰਤਰ ਦਿਵਸ ਪਰੇਡ ਦੌਰਾਨ 23 ਝਾਕੀਆਂ ਸ਼ਾਮਲ ਹੋਣਗੀਆਂ।
ਜਿਨ੍ਹਾਂ ਵਿੱਚ 17 ਸੂਬਿਆਂ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਦੀਆਂ ਅਤੇ 6 ਵੱਖ-ਵੱਖ ਮੰਤਰਾਲਿਆਂ ਤੇ ਵਿਭਾਗਾਂ ਸਬੰਧਿਤ ਹਨ।
ਇਨ੍ਹਾਂ ਵਿੱਚ ਅਸਮ, ਅਰੁਣਾਂਚਲ ਪ੍ਰਦੇਸ਼, ਤ੍ਰਿਪੁਰਾ, ਪੱਛਮੀ ਬੰਗਾਲ, ਜੰਮੂ-ਕਸ਼ਮੀਰ, ਲੱਦਾਖ਼, ਦਾਦਰ-ਨਾਗਰ ਹਵੇਲੀ, ਦਮਨ ਤੇ ਦਿਓ, ਗੁਜਾਰਾਤ, ਹਰਿਆਣਾ, ਉੱਤਰ ਪ੍ਰਦੇਸ਼, ਉੱਤਰਾਖੰਡ, ਮਹਾਰਾਸ਼ਟਰਾ, ਆਂਧਰਾ ਪ੍ਰਦੇਸ਼, ਤਮਿਲ ਨਾਡੂ, ਕਰਨਾਟਕਾ ਅਤੇ ਕੇਰਲਾ ਦੀਆਂ ਝਾਕੀਆਂ ਸ਼ਾਮਿਲ ਹਨ।
ਰੱਖਿਆ ਮੰਤਰਾਲੇ ਦੇ ਬਿਆਨ ਮੁਤਾਬਕ, "ਇਹ ਝਾਕੀਆਂ ਦੇਸ਼ ਦੀ ਅਮੀਰ ਸੱਭਿਆਚਾਰਕ ਵਿਰਾਸਤ, ਆਰਥਿਕ ਤਰੱਕੀ ਅਤੇ ਅੰਦਰੂਨੀ ਤੇ ਬਾਹਰੀ ਮਜ਼ਬੂਤ ਸੁਰੱਖਿਆ ਨੂੰ ਦਰਸਾਉਂਦੇ ਹੋਏ 26 ਜਨਵਰੀ, 2023 ਨੂੰ ਗਣਤੰਤਰ ਦਿਵਸ ਪਰੇਡ ਦੌਰਾਨ ਕਰਤਵਯ ਮਾਰਗ 'ਤੇ ਚੱਲਣਗੀਆਂ।"
ਕਿਵੇਂ ਹੁੰਦੀ ਹੈ ਝਾਕੀਆਂ ਦੀ ਚੋਣ
ਝਾਕੀਆਂ ਨੂੰ ਸੱਦਾ ਦੇਣ ਲਈ ਸਤੰਬਰ 2022 ਵਿੱਚ ਰੱਖਿਆ ਮੰਤਰਾਲੇ ਵੱਲੋਂ ਇੱਕ ਨੋਟੀਫਿਕੇਸ਼ਨ ਜਾਰੀ ਕੀਤਾ ਗਿਆ ਸੀ।
ਜਿਸ ਵਿੱਚ ਦੱਸਿਆ ਗਿਆ ਸੀ ਕਿ ਝਾਕੀਆਂ ਦੀ ਚੋਣ ਕਰਨ ਦੀ ਪ੍ਰਕਿਰਿਆ ਇੱਕ ਵਿਸਤ੍ਰਿਤ ਅਤੇ ਸਮਾਂ ਲੈਣ ਵਾਲੀ ਪ੍ਰਕਿਰਿਆ ਹੁੰਦੀ ਹੈ।
ਜਾਰੀ ਕੀਤੇ ਗਏ ਨੋਟਿਸ ਮੁਤਾਬਕ ਇਸ ਚੋਣ ਪ੍ਰਕਿਰਿਆ ਵਿੱਚ ਮਦਦ ਲਈ ਮਾਹਰਾਂ ਦੀ ਕਮੇਟੀ ਬਣਾਈ ਜਾਂਦੀ ਹੈ।
ਜਿਸ ਵਿੱਚ ਚਿੱਤਰਕਲਾ, ਸੱਭਿਆਚਾਰ, ਮੂਰਤੀਕਲਾ, ਸੰਗੀਤ, ਵਾਸਤੂਕਲਾ, ਨਾਚ ਅਤੇ ਸੰਬੰਧਿਤ ਵਿਸ਼ਿਆਂ ਨੇ ਉੱਘੇ ਲੋਕ ਸ਼ਾਮਲ ਹੁੰਦੇ ਹਨ।
ਚੋਣ ਪ੍ਰਕਿਰਿਆ ਵਿੱਚ ਵੱਖ-ਵੱਖ ਸੂਬਿਆਂ/ਕੇਂਦਰ ਸ਼ਾਸਿਤ ਪ੍ਰਦੇਸ਼ਾਂ ਤੋਂ ਝਾਕੀ ਦੇ ਪ੍ਰਸਤਾਵਾਂ ਦੀ ਪੜਤਾਲ ਅਤੇ ਝਾਕੀ ਦੀ ਥੀਮ, ਪੇਸ਼ਕਾਰੀ, ਸੁਹਜ ਅਤੇ ਤਕਨੀਕੀ ਤੱਤਾਂ 'ਤੇ ਸੂਬਿਆਂ ਦੇ ਪ੍ਰਤੀਨਿਧੀਆਂ ਨਾਲ ਕਮੇਟੀ ਦੇ ਮੈਂਬਰਾਂ ਵੱਲੋਂ ਗੱਲਬਾਤ ਦੇ ਕਈ ਦੌਰ ਸ਼ਾਮਲ ਸਨ।
ਇਸ ਲਈ ਮੰਤਰਾਲੇ ਵੱਲੋਂ ਦਿਸ਼ਾ ਨਿਰਦੇਸ਼ ਵੀ ਜਾਰੀ ਕੀਤੇ ਗਏ ਸਨ। ਜਿਸ 'ਤੇ ਤਹਿਤ ਇਸ ਸਾਲ ਗਣਤੰਤਰ ਦਿਵਸ ਦੀ ਝਾਕੀਆਂ ਹੇਠ ਲਿਖੇ ਮੁਤਾਬਕ ਹੋਣਗੀਆਂ
- ਭਾਰਤ@75- ਆਜ਼ਾਦੀ ਸੰਘਰਸ਼, ਵਿਚਾਰ@75, ਉਪਲਭਦੀਆਂ@75, ਐਕਸ਼ਨਸ@75 ਅਤੇ ਸੰਕਲਪ@75 ਵਿਸ਼ਿਆਂ ਉੱਪਰ ਹੋਣੀਆਂ ਚਾਹੀਦੀਆਂ ਹਨ।
- 2023- ਕੌਮਾਂਤਰੀ ਮੋਟੇ ਆਨਾਜ ਦਾ ਸਾਲ
- ਨਾਰੀ ਸ਼ਕਤੀ
ਝਾਕੀਆਂ ਦੇ ਵਿਵਾਦ ਦਾ ਮੁੱਦਾ
ਗਣਤੰਤਰ ਦਿਵਸ ਦੀ ਪਰੇਡ ਵਿੱਚ ਸੂਬਿਆਂ ਦੀ ਝਾਕੀਆਂ ਸ਼ਾਮਲ ਨਾ ਹੋਣਾ ਅਕਸਰ ਵਿਵਾਦ ਦਾ ਵਿਸ਼ਾ ਬਣਦਾ ਰਹਿੰਦਾ ਹੈ।
ਸਾਲ 2012 ਵਿੱਚ ਜਦੋਂ ਪੱਛਮੀ ਬੰਗਾਲ ਦੀ ਝਾਕੀ ਨੂੰ ਸ਼ਾਮਿਲ ਨਹੀਂ ਕੀਤਾ ਗਿਆ ਤਾਂ ਉਦੋਂ ਮੁੱਖ ਮੰਤਰੀ ਮਮਤਾ ਬੈਨਰਜੀ ਨੇ ਪੀਐੱਮ ਮੋਦੀ ਨੂੰ ਚਿੱਠੀ ਲਿਖੀ ਸੀ।
ਦੋ ਪੰਨਿਆਂ ਦੀ ਲਿਖੀ ਚਿੱਠੀ ਵਿੱਚ ਉਸ ਵੇਲੇ ਉਨ੍ਹਾਂ ਨੇ ਇਸ ਨੂੰ ਬੰਗਾਲ ਦੇ ਲੋਕਾਂ ਦਾ ਅਪਮਾਨ ਅਤੇ ਅਜ਼ਾਦੀ ਦੀ ਲੜਾਈ ਵਿੱਚ ਉਨ੍ਹਾਂ ਦੇ ਯੋਗਦਾਨ ਵਿੱਚ ਉਨ੍ਹਾਂ ਦੀ ਭੂਮਿਕਾ ਨੂੰ ਅਸਵੀਕਾਰ ਕਰਨਾ ਦੱਸਿਆ ਹੈ।
ਪਰ ਇਨ੍ਹਾਂ ਦੇ ਜਵਾਬ ਕੇਂਦਰ ਸਰਕਾਰ ਦੀਆਂ ਆਪਣੀਆਂ ਦਲੀਲਾਂ ਹੁੰਦੀਆਂ ਹਨ।
ਇਸੇ ਤਰ੍ਹਾਂ ਤਮਿਲਨਾਡੂ ਦੇ ਮੁੱਖ ਮੰਤਰੀ ਨੇ ਆਪਣੀ ਚਿੱਠੀ ਵਿੱਚ ਲਿਖਿਆ ਸੀ,''ਤਾਮਿਲਨਾਡੂ ਦੇ ਝਾਕੀ ਨੂੰ ਮਨਜ਼ੂਰੀ ਨਾ ਮਿਲਣ ਨਾਲ ਤਾਮਿਲਨਾਡੂ ਦੇ ਲੋਕਾਂ ਦੀਆਂ ਭਾਵਨਾਵਾਂ ਨੂੰ ਠੇਸ ਪਹੁੰਚੇਗੀ।”
“ਕਮੇਟੀ ਨੇ ਅਣਡਿੱਠ ਕਰਨਾ ਸਹੀ ਸਮਝਿਆ ਅਤੇ ਸੂਬੇ ਵੱਲੋਂ ਤਜਵੀਜ਼ ਸਾਰੇ ਸੱਤ ਦੇ ਸੱਤ ਡਿਜ਼ਾਈਨ ਸਿਰੇ ਤੋਂ ਰੱਦ ਕਰ ਦਿੱਤੇ। ਇਹ ਨਾਮੰਨਣਯੋਗ ਹੈ। ਇਹ ਇੱਥੋਂ ਦੇ ਲੋਕਾਂ ਲਈ ਗੰਭੀਰ ਚਿੰਤਾ ਦਾ ਵਿਸ਼ਾ ਹੈ।
ਝਾਕੀਆਂ ਨੂੰ ਗਣਤੰਤਰ ਦਿਵਸ ਪਰੇਡ ਵਿਚ ਸ਼ਾਮਲ ਨਾ ਕੀਤੇ ਜਾਣ ਦਾ ਮਸਲਾ ਕੋਈ ਨਵਾਂ ਨਹੀਂ ਹੈ।
ਇਹ ਹਰ ਸਾਲ ਚਰਚਾ ਵਿਚ ਆਉਂਦਾ ਹੈ ਅਤੇ ਖਾਸਕਰ ਉਨ੍ਹਾਂ ਸੂਬਿਆਂ ਵਲੋਂ ਰੋਸ ਜਾਹਰ ਕੀਤਾ ਜਾਂਦਾ ਹੈ, ਜਿੱਥੇ ਕੇਂਦਰ ਵਿਚ ਵਿਰੋਧੀ ਪਾਰਟੀਆਂ ਦੀਆਂ ਸਰਕਾਰਾਂ ਹੋਣ।