ਕੈਨੇਡਾ ਨੂੰ ਅਮਰੀਕਾ ਦਾ ਹਿੱਸਾ ਕਿਉਂ ਬਣਾਉਣਾ ਚਾਹੁੰਦੇ ਹਨ ਟਰੰਪ, ਟਰੂਡੋ ਨੇ ਇਸ ਦਾ ਕੀ ਦਿੱਤਾ ਜਵਾਬ

ਅਮਰੀਕਾ ਦੇ ਨਵੇਂ ਚੁਣੇ ਗਏ ਰਾਸ਼ਟਰਪਤੀ ਡੌਨਲਡ ਟਰੰਪ ਨੇ ਚੋਣਾਂ ਜਿੱਤਣ ਤੋਂ ਬਾਅਦ ਕੈਨੇਡਾ ਅਤੇ ਗ੍ਰੀਨਲੈਂਡ ਨੂੰ ਅਮਰੀਕੀ ਰਾਜ ਬਣਾਉਣ ਦੀ ਗੱਲ ਕੀਤੀ ਹੈ।

ਉਨ੍ਹਾਂ ਦੇ ਇਸ ਬਿਆਨ 'ਤੇ ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਟਰੰਪ ਦੇ ਬਿਆਨ ਦਾ ਜਵਾਬ ਦਿੱਤਾ ਹੈ।

ਟਰੂਡੋ ਨੇ ਸੋਸ਼ਲ ਮੀਡੀਆ ਵੈੱਬਸਾਈਟ ਐਕਸ 'ਤੇ ਲਿਖਿਆ ਹੈ ਕਿ ਇਹ ਸੰਭਵ ਨਹੀਂ ਹੈ ਕਿ ਕੈਨੇਡਾ ਅਮਰੀਕਾ ਦਾ ਹਿੱਸਾ ਬਣ ਜਾਵੇ।

ਉਨ੍ਹਾਂ ਆਪਣੀ ਪੋਸਟ 'ਚ ਅੱਗੇ ਲਿਖਿਆ, "ਸਾਡੇ ਦੋਹਾਂ ਦੇਸ਼ਾਂ ਦੇ ਮਜ਼ਦੂਰਾਂ ਅਤੇ ਭਾਈਚਾਰਿਆਂ ਨੂੰ ਸਾਡੇ ਵਿਚਾਲੇ ਹੋਣ ਵਾਲੇ ਵਪਾਰ ਅਤੇ ਸੁਰੱਖਿਆ ਭਾਈਵਾਲੀ ਦਾ ਫਾਇਦਾ ਹੁੰਦਾ ਹੈ।"

ਜਸਟਿਨ ਟਰੂਡੋ ਨੇ ਜਿਵੇਂ ਹੀ ਇਹ ਪੋਸਟ ਕੀਤੀ ਤਾਂ ਉਸ ਦੇ ਕੁਝ ਘੰਟਿਆਂ ਬਾਅਦ ਡੌਨਲਡ ਟਰੰਪ ਨੇ ਇਸ ਮੁੱਦੇ ਉੱਤੇ ਫਿਰ ਤੋਂ ਤਨਜ਼ ਕੱਸਦਿਆਂ ਆਪਣੀ ਸੋਸ਼ਲ ਮੀਡੀਆ ਵੈਬਸਾਈਟ ਟਰੂੱਥ ਉੱਤੇ ਉੱਤਰੀ ਅਮਰੀਕਾ ਦੇ ਦੋ ਨਕਸ਼ੇ ਸਾਂਝੇ ਕੀਤੇ ਅਤੇ ਇਨ੍ਹਾਂ ਵਿੱਚੋਂ ਇੱਕ ਨਕਸ਼ੇ ਵਿੱਚ ਉਤਰੀ ਅਮਰੀਕਾ ਸੰਯੁਕਤ ਰਾਜ ਅਮਰੀਕਾ ਦੇ ਝੰਡੇ ਨਾਲ ਰੰਗਿਆ ਦਿਖਾਇਆ।

ਵਿਰੋਧੀ ਧਿਰ ਦੇ ਨੇਤਾ ਨੇ ਟਰੂਡੋ 'ਤੇ ਨਿਸ਼ਾਨਾ ਸਾਧਿਆ

ਕੈਨੇਡਾ ਦੀ ਮੁੱਖ ਵਿਰੋਧੀ ਧਿਰ ਕੰਜ਼ਰਵੇਟਿਵ ਪਾਰਟੀ ਦੇ ਆਗੂ ਪੀਅਰ ਪੋਲੀਐਵ ਨੇ ਵੀ ਟਰੰਪ ਦੇ ਬਿਆਨ ਨੂੰ ਰੱਦ ਕਰਦਿਆਂ ਕਿਹਾ ਕਿ ਕੈਨੇਡਾ ਕਦੇ ਵੀ ਅਮਰੀਕਾ ਦਾ 51ਵਾਂ ਸੂਬਾ ਨਹੀਂ ਬਣ ਸਕਦਾ।

ਹਾਲਾਂਕਿ ਇਸ ਪੋਸਟ ਦੇ ਬਹਾਨੇ ਉਨ੍ਹਾਂ ਟਰੂਡੋ ਦੀ ਅਗਵਾਈ ਵਾਲੀ ਲਿਬਰਲ ਸਰਕਾਰ ਦੀ ਨਿੰਦਾ ਵੀ ਕੀਤੀ।

ਪੀਅਰ ਨੇ ਟਵਿੱਟਰ 'ਤੇ ਲਿਖਿਆ, "ਅਸੀਂ ਇੱਕ ਮਹਾਨ ਅਤੇ ਆਜ਼ਾਦ ਦੇਸ਼ ਹਾਂ। ਅਸੀਂ ਅਮਰੀਕਾ ਦੇ ਸਭ ਤੋਂ ਚੰਗੇ ਦੋਸਤ ਹਾਂ। ਅਸੀਂ 9/11 ਦੇ ਹਮਲੇ ਤੋਂ ਬਾਅਦ ਅਲ-ਕਾਇਦਾ ਨਾਲ ਲੜਨ ਵਿੱਚ ਅਮਰੀਕੀਆਂ ਦੀ ਮਦਦ ਕਰਨ ਲਈ ਅਰਬਾਂ ਡਾਲਰ ਅਤੇ ਸੈਂਕੜੇ ਜਾਨਾਂ ਦਿੱਤੀਆਂ ਹਨ।"

ਇਸ ਤੋਂ ਬਾਅਦ ਕੈਨੇਡਾ ਦੇ ਪ੍ਰਮੁੱਖ ਵਿਰੋਧੀ ਧਿਰ ਦੇ ਨੇਤਾ ਪੀਅਰ ਨੇ ਪ੍ਰਧਾਨ ਮੰਤਰੀ ਦੇ ਅਹੁਦੇ ਤੋਂ ਅਸਤੀਫਾ ਦੇਣ ਵਾਲੀ ਜਸਟਿਨ ਟਰੂਡੋ ਦੀ ਐਨਡੀਪੀ-ਲਿਬਰਲ ਸਰਕਾਰ ਨੂੰ ਕਮਜ਼ੋਰ ਦੱਸਿਆ।

ਉਨ੍ਹਾਂ ਨੇ ਲਿਖਿਆ, "ਸਾਡੀ ਕਮਜ਼ੋਰ ਐਨਡੀਪੀ-ਲਿਬਰਲ ਸਰਕਾਰ ਇਹ ਸਪੱਸ਼ਟ ਨੁਕਤੇ ਦੱਸਣ ਵਿੱਚ ਅਸਫਲ ਰਹੀ ਹੈ। ਮੈਂ ਕੈਨੇਡਾ ਲਈ ਲੜਾਂਗਾ। ਜਦੋਂ ਮੈਂ ਪ੍ਰਧਾਨ ਮੰਤਰੀ ਬਣਾਂਗਾ, ਅਸੀਂ ਆਪਣੀ ਫੌਜ ਦਾ ਮੁੜ ਨਿਰਮਾਣ ਕਰਾਂਗੇ ਅਤੇ ਸਰਹੱਦ ਦਾ ਕਬਜ਼ਾ ਲਵਾਂਗੇ ਤਾਂ ਜੋ ਕੈਨੇਡਾ-ਅਮਰੀਕਾ ਸੁਰੱਖਿਅਤ ਰਹਿਣ। ਅਸੀਂ ਮੁੜ ਆਰਕਟਿਕ ਦਾ ਵੀ ਕੰਟਰੋਲ ਲੈ ਲਵਾਂਗੇ ਤਾਂ ਕਿ ਰੂਸ ਅਤੇ ਚੀਨ ਨੂੰ ਇਸ ਤੋਂ ਬਾਹਰ ਰੱਖਿਆ ਜਾ ਸਕੇ।"

"ਅਸੀਂ ਟੈਕਸਾਂ ਵਿੱਚ ਕਟੌਤੀ ਕਰਾਂਗੇ, ਅਫ਼ਸਰਸ਼ਾਹੀ ਦੀ ਦਖਲਅੰਦਾਜ਼ੀ ਨੂੰ ਘੱਟ ਕਰਾਂਗੇ ਅਤੇ ਮਜ਼ਦੂਰੀ-ਉਤਪਾਦਨ ਦੇ ਸਰੋਤ ਪ੍ਰੋਜੈਕਟਾਂ ਨੂੰ ਤੇਜ਼ੀ ਨਾਲ ਵਧਾਵਾਂਗੇ। ਦੂਜੇ ਸ਼ਬਦਾਂ ਵਿੱਚ, ਅਸੀਂ ਹਮੇਸ਼ਾ ਕੈਨੇਡਾ ਨੂੰ ਪਹਿਲ ਦੇਵਾਂਗੇ।"

ਜਗਮੀਤ ਸਿੰਘ ਨੇ ਵੀ ਜ਼ਾਹਰ ਕੀਤੀ ਨਾਰਾਜ਼ਗੀ

ਟਰੂਡੋ ਦੀ ਸਰਕਾਰ ਤੋਂ ਸਮਰਥਨ ਵਾਪਸ ਲੈਣ ਵਾਲੇ ਐੱਨਡੀਪੀ ਨੇਤਾ ਜਗਮੀਤ ਸਿੰਘ ਨੇ ਵੀ ਡੌਨਲਡ ਟਰੰਪ ਦੀ ਨਿੰਦਾ ਕੀਤੀ ਹੈ।

ਉਨ੍ਹਾਂ ਨੇ ਐਕਸ 'ਤੇ ਲਿਖਿਆ, "ਬੱਸ ਕਰੋ, ਡੌਨਲਡ । ਕੋਈ ਵੀ ਕੈਨੇਡੀਅਨ ਤੁਹਾਡੇ ਨਾਲ ਜੁੜਨਾ ਨਹੀਂ ਚਾਹੁੰਦਾ। ਸਾਨੂੰ ਕੈਨੇਡੀਅਨ ਹੋਣ 'ਤੇ ਮਾਣ ਹੈ। ਸਾਨੂੰ ਇਸ ਗੱਲ 'ਤੇ ਮਾਣ ਹੈ ਕਿ ਅਸੀਂ ਇਕ ਦੂਜੇ ਦੀ ਦੇਖਭਾਲ ਕਰਦੇ ਹਾਂ ਅਤੇ ਆਪਣੇ ਦੇਸ਼ ਦੀ ਰੱਖਿਆ ਕਰਦੇ ਹਾਂ।"

"ਤੁਹਾਡੇ ਬਿਆਨੀ ਹਮਲੇ ਸਰਹੱਦ ਦੇ ਦੋਵਾਂ ਪਾਸਿਆਂ ਦੀਆਂ ਨੌਕਰੀਆਂ ਨੂੰ ਪ੍ਰਭਾਵਤ ਕਰਨਗੇ। ਜੇਕਰ ਤੁਸੀਂ ਕੈਨੇਡੀਅਨ ਨੌਕਰੀਆਂ ਨੂੰ ਖੋਂਦੇ ਹੋ, ਤਾਂ ਅਮਰੀਕਾ ਨੂੰ ਇਸਦੀ ਕੀਮਤ ਚੁਕਾਉਣੀ ਪਵੇਗੀ।"

ਇਸ ਤੋਂ ਬਾਅਦ ਜਗਮੀਤ ਸਿੰਘ ਨੇ ਆਪਣੀ ਇੱਕ ਵੀਡੀਓ ਪੋਸਟ ਕੀਤੀ ਜਿਸ 'ਚ ਉਨ੍ਹਾਂ ਨੇ ਕਿਹਾ, "ਟਰੰਪ ਅਮਰੀਕਾ ਦੇ ਰਾਸ਼ਟਰਪਤੀ ਦੀ ਤਰ੍ਹਾਂ ਨਹੀਂ, ਸਗੋਂ ਇੰਟਰਨੇਟ ਦੇ ਟ੍ਰੋਲ ਦੀ ਤਰ੍ਹਾਂ ਬਰਤਾਵ ਕਰ ਰਹੇ ਹਨ। ਯਕੀਨਨ ਦੂਜੇ ਦੇਸ਼ਾਂ ਨਾਲ ਪੇਸ਼ ਆਉਣ ਦਾ ਇਹ ਤਰੀਕਾ ਬਿਲਕੁਲ ਗਲਤ ਹੈ। ਮੈਂ ਸਾਰੀ ਉਮਰ ਗੁੰਡਾਗਰਦੀ ਦਾ ਸਾਹਮਣਾ ਕੀਤਾ ਹੈ। ਅਜਿਹੇ ਲੋਕ ਸਿਰਫ਼ ਤਾਕਤ ਦੇ ਜ਼ੋਰ ਨੂੰ ਮੰਨਦੇ ਹਨ। ਇਸ ਲਈ ਸਾਨੂੰ ਇਹ ਯਕੀਨੀ ਕਰਨਾ ਪਵੇਗਾ ਕਿ ਅਸੀਂ ਉਨ੍ਹਾਂ ਦਾ ਸਾਹਮਣਾ ਕਰੀਏ। ਇਹ ਦੱਸਣਾ ਪਵੇਗਾ ਕਿ ਜੇ ਤੁਸੀਂ ਸਾਡੇ ਨਾਲ ਲੜਦੇ ਹੋ, ਤਾਂ ਤੁਹਾਨੂੰ ਵੀ ਅਜਿਹਾ ਕਰਨਾ ਭਾਰੀ ਪਵੇਗਾ।"

"ਮੈਂ ਤੁਹਾਡੇ ਸ਼ੋਅ 'ਤੇ ਇੱਕ ਚੁਣੌਤੀ ਦੇਣਾ ਚਾਹੁੰਦਾ ਹਾਂ - ਜੇਕਰ ਸੰਯੁਕਤ ਰਾਜ ਅਮਰੀਕਾ ਟੈਰਿਫ ਲਗਾਉਂਦਾ ਹੈ, ਤਾਂ ਮੈਂ ਵੀ ਕੈਨੇਡਾ ਦੁਆਰਾ ਟੈਰਿਫ ਲਗਾਉਣ ਲਈ ਵਚਨਬੱਧ ਹਾਂ। ਇਸ ਤਰ੍ਹਾਂ ਦੀ ਧੱਕੇਸ਼ਾਹੀ ਦਾ ਜਵਾਬ ਜ਼ੋਰ ਨਾਲ ਹੀ ਦਿੱਤਾ ਜਾਂਦਾ ਹੈ। ਕੈਨੇਡੀਅਨ ਲੋਕਾਂ ਦੀਆਂ ਨੌਕਰੀਆਂ ਬਚਾਉਣ ਲਈ ਸਾਨੂੰ ਅੱਗ ਨਾਲ ਅੱਗ ਹੋ ਕੇ ਲੜਨਾ ਪਵੇਗਾ।"

ਟਰੰਪ ਨੇ ਫਿਰ ਕੈਨੇਡਾ ਨੂੰ ਅਮਰੀਕਾ ਦਾ ਹਿੱਸਾ ਦਿਖਾਇਆ

ਜਿਵੇਂ ਹੀ ਜਸਟਿਨ ਟਰੂਡੋ ਨੇ ਬੁੱਧਵਾਰ ਦੇ ਤੜਕੇ ਇਹ ਪੋਸਟ ਕੀਤਾ, ਇਸ ਤੋਂ ਕੁਝ ਘੰਟਿਆਂ ਬਾਅਦ ਹੀ ਟਰੰਪ ਨੇ ਇਸ ਮੁੱਦੇ 'ਤੇ ਫਿਰ ਇੱਕ ਚੁਟਕੀ ਲਈ।

ਉਨ੍ਹਾਂ ਨੇ ਆਪਣੀ ਸੋਸ਼ਲ ਮੀਡੀਆ ਵੈੱਬਸਾਈਟ ਟਰੂਥ ਸੋਸ਼ਲ 'ਤੇ ਉੱਤਰੀ ਅਮਰੀਕਾ ਦੇ ਦੋ ਨਕਸ਼ੇ ਪੋਸਟ ਕੀਤੇ।

ਇਨ੍ਹਾਂ ਵਿੱਚੋਂ ਇੱਕ ਨਕਸ਼ੇ 'ਚ ਉੱਤਰੀ ਅਮਰੀਕਾ ਪੂਰਾ ਹੀ ਅਮਰੀਕਾ ਦੇ ਝੰਡੇ ਵਿੱਚ ਰੰਗਿਆ ਹੋਇਆ ਦਿਖਾਇਆ ਗਿਆ ਹੈ ਅਤੇ ਇਸ ਦੇ ਨਾਲ ਲਿਖਿਆ ਹੈ 'ਓ ਕੈਨੇਡਾ।'

ਦੂਜੀ ਪੋਸਟ ਵਿੱਚ ਉੱਤਰੀ ਅਮਰੀਕਾ ਦੇ ਨਕਸ਼ੇ 'ਤੇ ਲਿਖਿਆ ਹੋਇਆ ਹੈ - ਸੰਯੁਕਤ ਰਾਜ।

ਮੰਗਲਵਾਰ ਨੂੰ ਜਸਟਿਨ ਟਰੂਡੋ ਨੇ ਕੈਨੇਡਾ ਦੇ ਪ੍ਰਧਾਨ ਮੰਤਰੀ ਦੇ ਅਹੁਦੇ ਤੋਂ ਅਸਤੀਫਾ ਦੇ ਦਿੱਤਾ ਸੀ।

ਇਸ ਤੋਂ ਬਾਅਦ ਡੌਨਲਡ ਟਰੰਪ ਨੇ ਫਲੋਰੀਡਾ ਦੇ ਮਾਰ-ਏ-ਲਾਗੋ 'ਚ ਪ੍ਰੈੱਸ ਕਾਨਫਰੰਸ 'ਚ ਕਿਹਾ, "ਤੁਸੀਂ ਉਸ ਨਕਲੀ ਤੌਰ 'ਤੇ ਖਿੱਚੀ ਗਈ ਲਕੀਰ ਤੋਂ ਛੁਟਕਾਰਾ ਪਾਓ ਅਤੇ ਦੇਖੋ ਕਿ ਇਹ ਅਸਲ 'ਚ ਕਿਸ ਤਰ੍ਹਾਂ ਦੀ ਦਿਖਾਈ ਦਿੰਦੀ ਹੈ ਅਤੇ ਇਹ ਰਾਸ਼ਟਰੀ ਸੁਰੱਖਿਆ ਲਈ ਵੀ ਬਿਹਤਰ ਹੋਵੇਗਾ।"

ਟਰੰਪ ਨੇ ਕਿਹਾ ਕਿ ਜੇਕਰ ਅਮਰੀਕਾ ਅਤੇ ਕੈਨੇਡਾ ਇਕੱਠੇ ਹੁੰਦੇ ਹਨ ਤਾਂ ਇਹ ਸੱਚਮੁੱਚ ਵੱਡੀ ਗੱਲ ਹੋਵੇਗੀ।

ਹਾਲਾਂਕਿ ਇਹ ਪਹਿਲੀ ਵਾਰ ਨਹੀਂ ਹੈ ਜਦੋਂ ਟਰੰਪ ਨੇ ਅਜਿਹੀ ਗੱਲ ਕਹੀ ਹੋਵੇ, ਇਸ ਤੋਂ ਪਹਿਲਾਂ ਉਹ ਵਿਸਥਾਰ ਨਾਲ ਆਪਣੇ ਵਿਚਾਰ ਪ੍ਰਗਟ ਕਰ ਚੁੱਕੇ ਹਨ।

ਆਖਿਰ ਇਸ ਧਮਕੀ ਦਾ ਕਾਰਨ ਕੀ ਹੈ?

ਡੌਨਲਡ ਟਰੰਪ ਪਹਿਲਾਂ ਹੀ ਕੈਨੇਡਾ ਨੂੰ ਧਮਕੀ ਦੇ ਚੁੱਕੇ ਹਨ ਕਿ ਉਹ ਅਮਰੀਕਾ ਨਾਲ ਲੱਗਦੀ ਆਪਣੀ ਸਰਹੱਦ 'ਤੇ ਸੁਰੱਖਿਆ ਵਧਾਵੇ ਨਹੀਂ ਤਾਂ ਉਹ ਕੈਨੇਡੀਅਨ ਸਮਾਨ 'ਤੇ ਟੈਰਿਫ ਲੱਗਾ ਦੇਣਗੇ।

ਟੈਰਿਫ ਦੀ ਇਹ ਧਮਕੀ, ਕੈਨੇਡਾ ਵਿੱਚ ਚੱਲਦੇ ਸਿਆਸੀ ਸੰਕਟ ਦੇ ਵਿਚਾਲੇ ਆਈ।

ਟਰੂਡੋ ਨੇ ਪੀਐੱਮ ਅਹੁਦੇ ਤੋਂ ਅਸਤੀਫਾ ਦੇ ਦਿੱਤਾ ਹੈ ਪਰ ਲਿਬਰਲ ਪਾਰਟੀ ਦੇ ਅਗਲੇ ਨੇਤਾ ਦੀ ਚੋਣ ਹੋਣ ਤੱਕ ਉਹ ਇਸ ਅਹੁਦੇ 'ਤੇ ਬਣੇ ਰਹਿਣਗੇ।

ਲਿਬਰਲ ਪਾਰਟੀ ਦਾ ਨਵਾਂ ਆਗੂ ਮਾਰਚ ਦੇ ਅੰਤ ਤੱਕ ਚੁਣਿਆ ਜਾਵੇਗਾ ਅਤੇ ਇਸ ਸਾਲ ਦੇਸ਼ ਵਿੱਚ ਚੋਣਾਂ ਵੀ ਹੋਣੀਆਂ ਹਨ। ਇਸ ਕਾਰਨ ਕੈਨੇਡਾ ਦੀ ਸੰਸਦ ਨੂੰ 24 ਮਾਰਚ ਤੱਕ ਮੁਲਤਵੀ ਕਰ ਦਿੱਤਾ ਗਿਆ ਹੈ।

ਅਰਥਸ਼ਾਸਤਰੀ ਚੇਤਾਵਨੀ ਦੇ ਰਹੇ ਹਨ ਕਿ ਜੇਕਰ ਟਰੰਪ ਨੇ 20 ਜਨਵਰੀ ਨੂੰ ਰਾਸ਼ਟਰਪਤੀ ਵਜੋਂ ਸਹੁੰ ਚੁੱਕਣ ਤੋਂ ਬਾਅਦ ਟੈਰਿਫ ਲਗਾਇਆ ਤਾਂ ਇਸ ਨਾਲ ਕੈਨੇਡਾ ਦੀ ਆਰਥਿਕਤਾ ਨੂੰ ਭਾਰੀ ਨੁਕਸਾਨ ਹੋਵੇਗਾ।

ਕੈਨੇਡੀਅਨ ਸਰਕਾਰ ਦੇ ਅੰਕੜਿਆਂ ਅਨੁਸਾਰ, ਸਾਲ 2023 ਵਿੱਚ, ਦੋਵਾਂ ਦੇਸ਼ਾਂ ਦੀਆਂ ਸਰਹੱਦਾਂ ਦੇ ਪਾਰ ਰੋਜ਼ਾਨਾ 2.5 ਬਿਲੀਅਨ ਡਾਲਰ ਦਾ ਵਪਾਰ ਹੁੰਦਾ ਹੈ।

ਮਾਰ-ਏ-ਲਾਗੋ ਵਿੱਚ ਪ੍ਰੈਸ ਕਾਨਫਰੰਸ ਦੌਰਾਨ ਟਰੰਪ ਨੇ ਇੱਕ ਵਾਰ ਫਿਰ ਆਪਣੀ ਚਿੰਤਾ ਨੂੰ ਦੁਹਰਾਇਆ ਕਿ ਡਰੱਗ ਮੈਕਸੀਕੋ ਅਤੇ ਕੈਨੇਡਾ ਰਾਹੀਂ ਅਮਰੀਕਾ ਆ ਰਹੀ ਹੈ।

ਉਨ੍ਹਾਂ ਕੈਨੇਡਾ ਵਾਂਗ ਮੈਕਸੀਕੋ 'ਤੇ ਵੀ 25 ਫੀਸਦੀ ਟੈਰਿਫ ਲਗਾਉਣ ਦੀ ਚਿਤਾਵਨੀ ਦਿੱਤੀ ਹੈ।

ਅਮਰੀਕਾ ਦੇ ਅੰਕੜਿਆਂ ਮੁਤਾਬਕ ਅਮਰੀਕਾ-ਕੈਨੇਡਾ ਦੀ ਸਰਹੱਦ 'ਤੇ ਜ਼ਬਤ ਕੀਤੇ ਗਏ ਨਸ਼ੀਲੇ ਪਦਾਰਥਾਂ ਦੀ ਮਾਤਰਾ ਮੈਕਸੀਕੋ ਨਾਲ ਲੱਗਦੀ ਸਰਹੱਦ ਦੇ ਮੁਕਾਬਲੇ ਬੇਹੱਦ ਘੱਟ ਹੈ।

ਹਾਲਾਂਕਿ ਕੈਨੇਡਾ ਨੇ ਵਾਅਦਾ ਕੀਤਾ ਹੈ ਕਿ ਉਹ ਸਰਹੱਦ 'ਤੇ ਸੁਰੱਖਿਆ ਵਧਾਉਣ ਲਈ ਨਵੇਂ ਤਰੀਕੇ ਅਪਣਾਏਗਾ।

ਟਰੰਪ ਨੇ ਮੰਗਲਵਾਰ ਨੂੰ ਕਿਹਾ ਸੀ ਕਿ ਉਹ ਕੈਨੇਡਾ ਨੂੰ ਅਮਰੀਕਾ ਦਾ ਹਿੱਸਾ ਬਣਾਉਣ ਲਈ ਫੌਜੀ ਤਾਕਤ ਦੀ ਵਰਤੋਂ ਕਰਨ 'ਤੇ ਵਿਚਾਰ ਨਹੀਂ ਕਰ ਰਹੇ ਹਨ, ਪਰ ਉਨ੍ਹਾਂ ਨੇ ਫੌਜ 'ਤੇ ਕੈਨੇਡਾ ਕਰਕੇ ਹੋ ਰਹੇ ਖਰਚੇ 'ਤੇ ਚਿੰਤਾ ਜ਼ਾਹਰ ਕੀਤੀ ਸੀ।

ਟਰੰਪ ਨੇ ਕਦੋਂ ਕੀ ਕਿਹਾ?

ਨਵੰਬਰ 'ਚ ਚੋਣਾਂ ਜਿੱਤਣ ਤੋਂ ਬਾਅਦ ਅਮਰੀਕਾ ਦੇ ਨਵੇਂ ਚੁਣੇ ਗਏ ਰਾਸ਼ਟਰਪਤੀ ਡੌਨਲਡ ਟਰੰਪ ਕੈਨੇਡਾ ਦੀ ਪ੍ਰਭੂਸੱਤਾ ਨੂੰ ਲਗਾਤਾਰ ਖੁੱਲ੍ਹ ਕੇ ਚੁਣੌਤੀ ਦੇ ਰਹੇ ਸਨ ਪਰ ਟਰੂਡੋ ਚੁੱਪ ਸਨ।

ਪਿਛਲੇ ਸਾਲ ਦਸੰਬਰ 'ਚ ਟਰੰਪ ਨੇ ਕਈ ਵਾਰ ਕੈਨੇਡਾ ਨੂੰ ਅਮਰੀਕਾ ਦਾ 51ਵਾਂ ਰਾਜ ਅਤੇ ਟਰੂਡੋ ਨੂੰ ਇਸ ਦਾ ਗਵਰਨਰ ਦੱਸਿਆ ਸੀ। ਇੱਥੋਂ ਤੱਕ ਕਿ ਉਨ੍ਹਾਂ ਨੇ ਆਪਣੇ ਕ੍ਰਿਸਮਸ ਦੇ ਸੁਨੇਹੇ ਵਿੱਚ ਵੀ ਟਰੂਡੋ ਨੂੰ ਕੈਨੇਡਾ ਦਾ ਗਵਰਨਰ ਕਿਹਾ ਸੀ।

26 ਦਸੰਬਰ ਨੂੰ ਟਰੰਪ ਨੇ ਟਰੂਥ ਸੋਸ਼ਲ 'ਤੇ ਲਿਖਿਆ, "ਕੈਨੇਡਾ ਦੇ ਗਵਰਨਰ ਜਸਟਿਨ ਟਰੂਡੋ ਦੇ ਨਾਗਰਿਕਾਂ ਨੂੰ ਬਹੁਤ ਜ਼ਿਆਦਾ ਟੈਕਸ ਦੇਣਾ ਪੈਂਦਾ ਹੈ। ਪਰ ਜੇਕਰ ਕੈਨੇਡਾ ਅਮਰੀਕਾ ਦਾ 51ਵਾਂ ਰਾਜ ਬਣ ਜਾਂਦਾ ਹੈ, ਤਾਂ ਟੈਕਸ 60 ਫੀਸਦੀ ਤੋਂ ਵੀ ਘੱਟ ਹੋ ਸਕਦੇ ਹਨ, ਇੱਥੋਂ ਦਾ ਵਪਾਰ ਵੀ ਤੁਰੰਤ ਦੁੱਗਣਾ ਹੋ ਜਾਵੇਗਾ ਅਤੇ ਨਾਲ ਹੀ ਫੌਜੀ ਸੁਰੱਖਿਆ ਦੁਨੀਆ ਦੇ ਕਿਸੇ ਵੀ ਦੇਸ਼ ਨਾਲੋਂ ਮਜ਼ਬੂਤ ​​ਹੋਵੇਗੀ।"

ਇਸ ਤੋਂ ਪਹਿਲਾਂ ਵੀ ਟਰੰਪ ਨੇ ਟਰੂਥ ਸੋਸ਼ਲ 'ਤੇ ਕਿਹਾ ਸੀ, ''ਜ਼ਿਆਦਾਤਰ ਕੈਨੇਡੀਅਨ ਚਾਹੁੰਦੇ ਹਨ ਕਿ ਕੈਨੇਡਾ ਅਮਰੀਕਾ ਦਾ 51ਵਾਂ ਰਾਜ ਬਣੇ। ਜੇਕਰ ਅਜਿਹਾ ਹੁੰਦਾ ਹੈ ਤਾਂ ਕੈਨੇਡਾ ਦੇ ਲੋਕਾਂ ਨੂੰ ਭਾਰੀ ਟੈਕਸਾਂ ਤੋਂ ਰਾਹਤ ਮਿਲੇਗੀ ਅਤੇ ਉਨ੍ਹਾਂ ਦੀ ਫੌਜੀ ਸੁਰੱਖਿਆ ਵੀ ਮਜ਼ਬੂਤ ​​ਹੋ ਜਾਵੇਗੀ।"

ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTER, WhatsApp ਅਤੇ YouTube 'ਤੇ ਜੁੜੋ।)