ਕੈਨੇਡਾ ਵਿੱਚ ਤਰਨ ਤਾਰਨ ਦੀ ਕੁੜੀ ਦੀ ਗੋਲੀ ਲੱਗਣ ਨਾਲ ਮੌਤ, ਮਾਮਲੇ ਵਿੱਚ ਹੁਣ ਤੱਕ ਕੀ ਕੁਝ ਪਤਾ ਲੱਗਿਆ

ਹਰਸਿਮਰਤ ਰੰਧਾਵਾ

ਤਸਵੀਰ ਸਰੋਤ, X/@HamiltonPolice

ਤਸਵੀਰ ਕੈਪਸ਼ਨ, ਹਰਸਿਮਰਤ ਰੰਧਾਵਾ ਕੈਨੇਡਾ ਵਿੱਚ ਪੜ੍ਹਾਈ ਕਰਨ ਗਏ ਸਨ

ਕੈਨੇਡਾ ਦੇ ਓਨਟਾਰੀਓ ਦੇ ਹੈਮਿਲਟਨ ਵਿੱਚ ਇੱਕ ਭਾਰਤੀ ਪੰਜਾਬ ਦੀ ਕੁੜੀ ਦੀ ਗੋਲ਼ੀ ਲੱਗਣ ਕਾਰਨ ਮੌਤ ਹੋ ਗਈ ਹੈ। ਕੈਨੇਡਾ ਵਿੱਚ ਭਾਰਤੀ ਕਾਊਂਸਲੇਟ ਦੇ ਅਧਿਕਾਰਿਤ ਐਕਸ ਅਕਾਊਂਟ ਰਾਹੀਂ ਇਸ ਘਟਨਾ ਦੀ ਜਾਣਕਾਰੀ ਦਿੱਤੀ ਗਈ ਹੈ।

ਜਾਣਕਾਰੀ ਮੁਤਾਬਕ, ਮ੍ਰਿਤਕ ਕੁੜੀ ਦਾ ਨਾਮ ਹਰਸਿਮਰਤ ਰੰਧਾਵਾ ਹੈ ਜੋ ਕਿ ਭਾਰਤੀ ਪੰਜਾਬ ਦੀ ਰਹਿਣ ਵਾਲੇ ਸਨ। ਹਰਸਿਮਰਤ ਇੱਕ ਬੱਸ ਸਟੈਂਡ 'ਤੇ ਖੜ੍ਹੇ ਬੱਸ ਦਾ ਇੰਤਜ਼ਾਰ ਕਰ ਰਹੇ ਸਨ, ਜਦੋਂ ਇੱਕ ਗੋਲ਼ੀ ਉਨ੍ਹਾਂ ਨੂੰ ਆ ਕੇ ਵੱਜੀ।

ਪੁਲਿਸ ਦਾ ਕਹਿਣਾ ਹੈ ਕਿ ਹੈਮਿਲਟਨ ਵਿੱਚ ਦੋ ਵਾਹਨਾਂ ਵਿੱਚ ਬੈਠੇ ਲੋਕਾਂ ਵਿਚਕਾਰ ਗੋਲੀਬਾਰੀ ਹੋ ਰਹੀ ਸੀ ਅਤੇ ਉਸੇ ਦੌਰਾਨ ਇੱਕ ਗੋਲੀ ਹਰਸਿਮਰਤ ਨੂੰ ਜਾ ਲੱਗੀ ਅਤੇ ਉਨ੍ਹਾਂ ਦੀ ਮੌਤ ਹੋ ਗਈ।

ਫਿਲਹਾਲ ਪੁਲਿਸ ਇਸ ਮਾਮਲੇ ਵਿੱਚ ਜਾਂਚ ਕਰ ਰਹੀ ਹੈ।

ਅਧਿਕਾਰੀਆਂ ਨੇ ਕੀ ਜਾਣਕਾਰੀ ਦਿੱਤੀ

ਭਾਰਤੀ ਕਾਊਂਸਲੇਟ ਦੀ ਪੋਸਟ

ਤਸਵੀਰ ਸਰੋਤ, X/@IndiainToronto

ਭਾਰਤੀ ਕਾਊਂਸਲੇਟ ਦੀ ਪੋਸਟ ਵਿੱਚ ਲਿਖਿਆ ਗਿਆ ਹੈ, ''ਸਾਨੂੰ ਓਨਟਾਰੀਓ ਦੇ ਹੈਮਿਲਟਨ ਵਿੱਚ ਭਾਰਤੀ ਵਿਦਿਆਰਥਣ ਹਰਸਿਮਰਤ ਰੰਧਾਵਾ ਦੀ ਦੁਖਦਾਈ ਮੌਤ ਦਾ ਬਹੁਤ ਅਫਸੋਸ ਹੈ। ਸਥਾਨਕ ਪੁਲਿਸ ਅਨੁਸਾਰ, ਉਹ ਇੱਕ ਮਾਸੂਮ ਪੀੜਤ ਸੀ ਅਤੇ ਦੋ ਵਾਹਨਾਂ ਵਿੱਚ ਹੋਈ ਗੋਲੀਬਾਰੀ ਦੀ ਘਟਨਾ ਦੌਰਾਨ ਇੱਕ ਗੋਲ਼ੀ ਲੱਗਣ ਨਾਲ ਉਸਦੀ ਮੌਤ ਹੋ ਗਈ।''

''ਫਿਲਹਾਲ ਇਸ ਕਤਲ ਦੀ ਜਾਂਚ ਜਾਰੀ ਹੈ। ਅਸੀਂ ਉਨ੍ਹਾਂ ਦੇ ਪਰਿਵਾਰ ਨਾਲ ਲਗਾਤਾਰ ਸੰਪਰਕ ਵਿੱਚ ਹਾਂ ਅਤੇ ਹਰ ਲੋੜੀਂਦੀ ਸਹਾਇਤਾ ਪ੍ਰਦਾਨ ਕਰ ਰਹੇ ਹਾਂ। ਇਸ ਮੁਸ਼ਕਲ ਸਮੇਂ ਦੌਰਾਨ ਸਾਡੀਆਂ ਪ੍ਰਾਰਥਨਾਵਾਂ ਸੋਗ ਵਿੱਚ ਡੁੱਬੇ ਪਰਿਵਾਰ ਦੇ ਨਾਲ ਹਨ।''

ਓਨਟਾਰੀਓ ਦੇ ਵਿਧਾਨ ਸਭਾ ਦੇ ਸਪੀਕਰ ਡੋਨਾ ਸਕੇਲੀ ਨੇ ਵੀ ਇਸ ਸਬੰਧੀ ਆਪਣੇ ਐਕਸ ਅਕਾਊਂਟ 'ਤੇ ਲਿਖਿਆ, ''ਮੇਰੀਆਂ ਪ੍ਰਾਰਥਨਾਵਾਂ ਹਰਸਿਮਰਤ ਰੰਧਾਵਾ ਦੇ ਪਰਿਵਾਰ ਨਾਲ ਹਨ, ਜੋ ਕਿ ਇੱਕ ਮਾਸੂਮ ਰਾਹਗੀਰ ਸੀ, ਜਿਸਦੀ ਵੀਰਵਾਰ ਸ਼ਾਮ ਨੂੰ ਹੈਮਿਲਟਨ ਮਾਓਂਟੇਨ 'ਤੇ ਬੱਸ ਦੀ ਉਡੀਕ ਕਰਦੇ ਸਮੇਂ ਇੱਕ ਅਵਾਰਾ ਗੋਲੀ ਲੱਗਣ ਨਾਲ ਮੌਤ ਹੋ ਗਈ ਸੀ।''

ਓਨਟਾਰੀਓ ਦੇ ਵਿਧਾਨ ਸਭਾ ਦੇ ਸਪੀਕਰ ਡੋਨਾ ਸਕੇਲੀ

ਤਸਵੀਰ ਸਰੋਤ, X/@SkellyHamilton

ਕਿਵੇਂ ਵਾਪਰੀ ਘਟਨਾ

ਸੀਬੀਸੀ ਦੀ ਰਿਪੋਰਟ ਮੁਤਾਬਕ, ਹੈਮਿਲਟਨ ਪੁਲਿਸ ਨੇ ਸ਼ੁੱਕਰਵਾਰ ਨੂੰ ਇੱਕ ਪ੍ਰੈਸ ਰਿਲੀਜ਼ ਵਿੱਚ ਕਿਹਾ ਕਿ ਹਰਸਿਮਰਤ ਮੋਹੌਕ ਕਾਲਜ ਵਿੱਚ ਪੜ੍ਹਦੇ ਸਨ ਅਤੇ ਇੱਕ "ਮਾਸੂਮ ਰਾਹਗੀਰ" ਸਨ, ਜੋ ਗੋਲੀਬਾਰੀ ਦਾ ਸ਼ਿਕਾਰ ਹੋ ਗਏ।

ਪੁਲਿਸ ਨੇ ਪ੍ਰੈੱਸ ਰਿਲੀਜ਼ ਵਿੱਚ ਕਿਹਾ ਕਿ ਜਿਸ ਸਮੇਂ ਰੰਧਾਵਾ ਆਪਣੇ ਕੰਮ 'ਤੇ ਜਾ ਰਹੇ ਸਨ ਤਾਂ ਅੱਪਰ ਜੇਮਸ ਸਟਰੀਟ ਅਤੇ ਸਾਊਥ ਬੈਂਡ ਰੋਡ ਦੇ ਨੇੜੇ ਗੋਲੀਬਾਰੀ ਸ਼ੁਰੂ ਹੋ ਗਈ। ਪੁਲਿਸ ਨੂੰ ਸ਼ਾਮ 7:30 ਵਜੇ ਦੇ ਕਰੀਬ ਗੋਲੀਬਾਰੀ ਦੀਆਂ ਰਿਪੋਰਟਾਂ ਮਿਲੀਆਂ।

ਜਦੋਂ ਅਧਿਕਾਰੀ ਮੌਕੇ 'ਤੇ ਪਹੁੰਚੇ ਤਾਂ ਉਨ੍ਹਾਂ ਨੇ ਰੰਧਾਵਾ ਨੂੰ ਜ਼ਖਮੀ ਹਾਲਤ ਵਿੱਚ ਪਾਇਆ। ਉਨ੍ਹਾਂ ਦੀ ਛਾਤੀ ਵਿੱਚ ਗੋਲੀ ਲੱਗੀ ਸੀ। ਪੈਰਾਮੈਡਿਕਸ ਉਨ੍ਹਾਂ ਨੂੰ ਹਸਪਤਾਲ ਲੈ ਗਏ, ਜਿੱਥੇ ਬਾਅਦ ਵਿੱਚ ਹਰਸਿਮਰਤ ਰੰਧਾਵਾ ਨੂੰ ਮ੍ਰਿਤਕ ਐਲਾਨ ਦਿੱਤਾ ਗਿਆ।

ਪੁਲਿਸ ਮੁਤਾਬਕ, ਘਟਨਾ ਨਾਲ ਸਬੰਧਿਤ ਵੀਡੀਓ ਜਾਂਚਣ ਤੋਂ ਬਾਅਦ ਜਾਂਚਕਰਤਾਵਾਂ ਨੇ ਦੱਸਿਆ ਕਿ ਇੱਕ ਕਾਲੇ ਰੰਗ ਦੀ ਮਰਸੀਡੀਜ਼ ਐੱਸਯੂਵੀ ਵਿੱਚ ਸਵਾਰ ਇੱਕ ਯਾਤਰੀ ਨੇ ਇੱਕ ਚਿੱਟੇ ਰੰਗ ਦੀ ਸੇਡਾਨ ਵਿੱਚ ਬੈਠੇ ਲੋਕਾਂ 'ਤੇ ਗੋਲੀਬਾਰੀ ਕੀਤੀ।

ਗੋਲੀਬਾਰੀ ਤੋਂ ਥੋੜ੍ਹੀ ਦੇਰ ਬਾਅਦ, ਚਿੱਟੀ ਸੇਡਾਨ ਅੱਪਰ ਜੇਮਸ ਸਟਰੀਟ ਦੇ ਉੱਤਰ ਵੱਲ ਚਲੀ ਗਈ ਜਦਕਿ ਮਰਸੀਡੀਜ਼ ਸਾਊਥ ਬੈਂਡ ਰੋਡ 'ਤੇ ਪੱਛਮ ਵੱਲ ਗਈ।

ਪੁਲਿਸ ਨੇ ਦੱਸਿਆ ਕਿ ਇਸ ਦੌਰਾਨ ਐਲਨਬੀ ਐਵੇਨਿਊ 'ਦੇ ਇੱਕ ਘਰ ਦੀ ਪਿਛਲੀ ਖਿੜਕੀ ਵਿੱਚ ਵੀ ਗੋਲੀਆਂ ਲੱਗੀਆਂ। ਉਸ ਵੇਲੇ ਘਰ 'ਚ ਮੌਜੂਦ ਲੋਕ ਟੀਵੀ ਦੇਖ ਰਹੇ ਸਨ ਅਤੇ ਕਿਸੇ ਕਿਸਮ ਦਾ ਜਾਨੀ ਨੁਕਸਾਨ ਨਹੀਂ ਹੋਇਆ।

ਪੰਜਾਬ ਦੇ ਤਰਨਤਾਰਨ ਦੀ ਰਹਿਣ ਵਾਲੀ ਹੈ ਕੁੜੀ

ਹਰਸਿਮਰਤ ਰੰਧਾਵਾ

ਤਸਵੀਰ ਸਰੋਤ, X/@HamiltonPolice

ਤਸਵੀਰ ਕੈਪਸ਼ਨ, ਹੈਮਿਲਟਨ ਪੁਲਿਸ ਦੇ ਅਧਿਕਾਰਿਤ ਐਕਸ ਅਕਾਊਂਟ 'ਤੇ ਸ਼ੇਅਰ ਕੀਤੀ ਗਈ ਤਸਵੀਰ

ਜਾਣਕਾਰੀ ਮੁਤਾਬਕ, 21 ਸਾਲਾ ਹਰਸਿਮਰਤ ਕੋਰ ਰੰਧਾਵਾ ਪੰਜਾਬ ਦੇ ਤਰਨ ਤਾਰਨ ਜ਼ਿਲ੍ਹੇ ਦੇ ਅਧੀਨ ਆਉਂਦੇ ਪਿੰਡ ਧੂੰਦਾ ਦੇ ਰਹਿਣ ਵਾਲੇ ਸਨ।

ਧੀ ਦੀ ਮੌਤ ਦੀ ਖ਼ਬਰ ਮਿਲਣ ਤੋਂ ਬਾਅਦ ਪਰਿਵਾਰ ਸਦਮੇ ਵਿੱਚ ਹੈ ਤੇ ਪਿੰਡ ਵਿੱਚ ਸੋਗ ਦੀ ਲਹਿਰ ਹੈ।

ਬੀਬੀਸੀ ਸਹਿਯੋਗੀ ਰਵਿੰਦਰ ਸਿੰਘ ਰੌਬਿਨ ਧੂੰਦਾ ਸਥਿਤ ਉਨ੍ਹਾਂ ਦੇ ਘਰ ਪਹੁੰਚੇ ਤਾਂ ਘਰ ਵਿੱਚ ਦੁੱਖ ਵਿੱਚ ਸ਼ਰੀਕ ਹੋਣ ਵਾਲਿਆਂ ਦਾ ਤਾਂਤਾ ਲੱਗਿਆ ਹੋਇਆ ਸੀ।

ਹਰਸਿਮਰਤ ਕੌਰ ਦੇ ਪਰਿਵਾਰਕ ਮੈਂਬਰ

ਤਸਵੀਰ ਸਰੋਤ, Ravinder Singh Robin/BBC

ਤਸਵੀਰ ਕੈਪਸ਼ਨ, ਹਰਸਿਮਰਤ ਕੌਰ ਦੇ ਪਰਿਵਾਰਕ ਮੈਂਬਰ

ਹਰਸਿਮਰਤ ਦੇ ਪਰਿਵਾਰ ਵਿੱਚ ਉਨ੍ਹਾਂ ਦੇ ਦਾਦਾ, ਦਾਦੀ, ਮਾਤਾ ਪਿਤਾ ਅਤੇ ਭੈਣ-ਭਰਾ ਹਨ।

ਹਰਸਿਰਮਤ ਦੇ ਭਰਾ ਜੈ ਸਿੰਘ ਰੰਧਾਵਾ ਨੇ ਰੋਂਦਿਆਂ ਹੈ,"ਹਰ ਪਲ ਅਸੀਂ ਸੋਚਦੇ ਹਾਂ ਕਿ ਕੋਈ ਫ਼ੋਨ ਕਰੇਗਾ ਅਤੇ ਕਹੇਗਾ ਇਹ ਖ਼ਬਰ ਝੂਠੀ ਸੀ। ਪਰ ਅੰਦਰੋਂ ਸਾਨੂੰ ਸੱਚਾਈ ਵੀ ਪਤਾ ਹੈ।"

ਮਾਪੇ ਭਾਰਤ ਅਤੇ ਕੈਨੇਡਾ ਸਰਕਾਰ ਨੂੰ ਹਰਸਿਮਰਤ ਦੀ ਮ੍ਰਿਤਕ ਦੇਹ ਭਾਰਤ ਲਿਆਉਣ ਲਈ ਮਦਦ ਦੀ ਗੁਹਾਰ ਲਾ ਰਹੇ ਹਨ ਤਾਂ ਜੋ ਆਖ਼ਰੀ ਰਸਮਾਂ ਜੱਦੀ ਪਿੰਡ ਵਿੱਚ ਨਿਭਾਈਆਂ ਜਾ ਸਕਣ।

ਉਨ੍ਹਾਂ ਦੇ ਦਾਦਾ ਸੁਖਵਿੰਦਰ ਸਿੰਘ ਨੇ ਕਿਹਾ,"ਸਾਡਾ ਬੱਚਾ ਪੰਜਾਬ ਵਿੱਚ ਸੁਰੱਖਿਅਤ ਸੀ। ਹੁਣ ਤਾਂ ਵਿਦੇਸ਼ਾਂ ਵਿੱਚ ਵੀ ਹਿੰਸਾ ਨਹੀਂ ਰੁਕਦੀ। ਨਾ ਪੰਜਾਬ ਵਿੱਚ ਅਪਰਾਧ ਰੁਕਦੇ ਹਨ ਤੇ ਨਾ ਹੀ ਕੈਨੇਡਾ ਵਿੱਚ।"

"ਸਾਡੇ ਕੋਲ ਆਪਣਾ ਦੁੱਖ ਦੱਸਣ ਲਈ ਸ਼ਬਦ ਨਹੀਂ ਹਨ"

ਜੈ ਸਿੰਘ ਆਪਣੇ ਇੱਕ ਰਿਸ਼ਤੇਦਾਰ ਨਾਲ

ਤਸਵੀਰ ਸਰੋਤ, Ravinder Singh Robin/BBC

ਤਸਵੀਰ ਕੈਪਸ਼ਨ, ਜੈ ਸਿੰਘ ਆਪਣੇ ਇੱਕ ਰਿਸ਼ਤੇਦਾਰ ਨਾਲ

ਹਰਸਿਮਰਤ ਦੇ ਭਰਾ ਜੈ ਸਿੰਘ ਰੰਧਾਵਾ ਨੇ ਕਿਹਾ,"ਸਾਨੂੰ ਕੈਨੇਡਾ ਤੋਂ ਮਾਸੀ ਜੀ ਦਾ ਫ਼ੋਨ ਆਇਆ ਅਤੇ ਇਸ ਘਟਨਾ ਬਾਰੇ ਪਤਾ ਲੱਗਿਆ।"

"ਸਾਡੇ ਹੌਲ ਪੈ ਰਹੇ ਹਨ। ਸਾਡੇ ਘਰ ਦੇ ਹਾਲਾਤ ਬਹੁਤ ਖ਼ਰਾਬ ਸੀ। ਮੇਰੀ ਭੈਣ ਦਾ ਸੁਭਾਅ ਬਹੁਤ ਵਧੀਆ ਸੀ। ਅਸੀਂ ਦੋ ਭੈਣ-ਭਰਾ ਹੀ ਹਾਂ ਪਰ ਹੁਣ ਭੈਣ ਨਹੀਂ ਰਹੀ।"

"ਮੇਰੀ ਭੈਣ ਤਾਂ ਵਿਦੇਸ਼ ਜਾਣਾ ਹੀ ਨਹੀਂ ਸੀ ਚਾਹੁੰਦੀ। ਉਸ ਨੂੰ ਅਸੀਂ ਚੰਡੀਗੜ੍ਹ ਕਾਲਜ ਵਿੱਚ ਦਾਖਲ ਵੀ ਕਰਵਾ ਦਿੱਤਾ ਸੀ। ਪਰ ਹਾਲਾਤ ਅਜਿਹੇ ਬਣ ਗਏ ਕਿ ਉਸ ਨੂੰ ਬਾਹਰ ਭੇਜ ਦਿੱਤਾ।"

ਜੈ ਸਿੰਘ ਨੇ ਕਿਹਾ, "ਅਸੀਂ ਕਿਹਾ ਸੀ ਕਿ ਪੜ੍ਹਾਈ ਕਰਕੇ ਵਾਪਸ ਆ ਜਾਵੀਂ। ਅਸੀਂ ਲੋਕਾਂ ਨਾਲ ਅਜਿਹਾ ਹੁੰਦਾ ਦੇਖਿਆ ਸੀ ਤੇ ਹੁਣ ਯਕੀਨ ਨਹੀਂ ਹੋ ਰਿਹਾ ਕਿ ਇਹ ਹਾਦਸਾ ਸਾਡੇ ਆਪ ਨਾਲ ਵਾਪਰ ਗਿਆ।"

"ਸਾਡੇ ਕੋਲ ਆਪਣਾ ਦੁੱਖ ਦੱਸਣ ਲਈ ਸ਼ਬਦ ਨਹੀਂ ਹਨ।"

ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTER, WhatsApp ਅਤੇ YouTube 'ਤੇ ਜੁੜੋ।)