ਪੰਜਾਬਣ ਕਮਲ ਖਹਿਰਾ ਦਾ ਕੀ ਹੈ ਪਿਛੋਕੜ, ਜਿਨ੍ਹਾਂ ਨੂੰ ਕੈਨੇਡਾ ਵਿੱਚ ਬਣਾਇਆ ਗਿਆ ਸਿਹਤ ਮੰਤਰੀ

ਕਮਲ ਖਹਿਰਾ

ਤਸਵੀਰ ਸਰੋਤ, kamal khera/fb

ਤਸਵੀਰ ਕੈਪਸ਼ਨ, ਕਮਲ ਖਹਿਰਾ 10 ਸਾਲ ਦੀ ਉਮਰ ਵਿੱਚ ਕੈਨੇਡਾ ਜਾ ਕੇ ਵੱਸ ਗਏ ਸਨ

ਪੰਜਾਬੀ ਪਰਿਵਾਰ ਨਾਲ ਸਬੰਧਤ ਦਿੱਲੀ 'ਚ ਜੰਮੇ ਕਮਲ ਖਹਿਰਾ ਨੂੰ ਕੈਨੇਡਾ ਦਾ ਸਿਹਤ ਮੰਤਰੀ ਬਣਾਇਆ ਗਿਆ ਹੈ।

ਉਨ੍ਹਾਂ ਨੂੰ ਡਾਇਵਰਸਿਟੀ, ਇਨਕਲੂਜ਼ਨ ਅਤੇ ਪਰਸਨਜ਼ ਆਫ਼ ਡਿਸਅਬਿਲਟੀ ਮੰਤਰਾਲਾ ਸੌਂਪਿਆ ਗਿਆ ਹੈ।

ਇਹ ਜਾਣਕਾਰੀ ਕੈਨੇਡੀਅਨ ਪ੍ਰਧਾਨ ਮੰਤਰੀ ਮਾਰਕ ਕਾਰਨੀ ਨੇ ਆਪਣੀ ਅਧਿਕਾਰਿਤ ਵੈੱਬਸਾਈਟ ਉੱਤੇ ਦਿੱਤੀ ਹੈ।

ਕਮਲ ਛੋਟੀ ਉਮਰੇ ਹੀ ਦਿੱਲੀ ਤੋਂ ਕੈਨੇਡਾ ਜਾ ਕੇ ਵਸੇ ਸਨ ਤੇ ਪਹਿਲੀ ਪੀੜ੍ਹੀ ਦੇ ਪਰਵਾਸੀ ਹਨ। ਉੱਥੇ ਜਾ ਕੇ ਉਨ੍ਹਾਂ ਨੇ ਵਿਗਿਆਨ ਤੇ ਮਨੋਵਿਗਿਆਨ ਵਿੱਚ ਉਚੇਰੀ ਪੜ੍ਹਾਈ ਕੀਤੀ।

ਮੰਤਰੀ ਕਮਲ ਖਹਿਰਾ ਸੰਸਦ ਲਈ ਚੁਣੀਆਂ ਗਈਆਂ ਸਭ ਤੋਂ ਛੋਟੀ ਉਮਰ ਦੀਆਂ ਔਰਤਾਂ ਵਿੱਚੋਂ ਇੱਕ ਹੈ।

ਮਾਰਕ ਕਾਰਨੀ ਨੇ ਕਮਲ ਬਾਰੇ ਕੀ ਕਿਹਾ

ਮਾਰਕ ਕਾਰਨੀ

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, ਮਾਰਕ ਕਾਰਨੀ ਨੇ 14 ਮਾਰਚ ਨੂੰ ਪ੍ਰਧਾਨ ਮੰਤਰੀ ਦੇ ਅਹੁਦੇ ਦੀ ਸਹੁੰ ਚੁੱਕੀ ਹੈ

ਮਾਰਕ ਕਾਰਨੀ ਦੇ ਹਵਾਲੇ ਨਾਲ ਕੈਨੇਡੀਅਨ ਪ੍ਰਧਾਨ ਮੰਤਰੀ ਦੀ ਅਧਿਕਾਰਿਤ ਵੈੱਬਸਾਈਟ ਉੱਤੇ ਕਮਲ ਖਹਿਰਾ ਬਾਰੇ ਜਾਣਕਾਰੀ ਦਿੰਦਿਆਂ ਲਿਖਿਆ ਗਿਆ," ਸੱਚਮੁੱਚ ਇਹ ਵਿਸ਼ਵਾਸ ਰੱਖਦੇ ਹੋਏ ਕਿ ਵਿਭਿੰਨਤਾ ਸਾਡੀ ਤਾਕਤ ਹੈ, ਮੰਤਰੀ ਖਹਿਰਾ ਸਾਰੇ ਕੈਨੇਡੀਅਨਾਂ ਲਈ ਇੱਕ ਬਿਹਤਰ ਵਰਤਮਾਨ ਅਤੇ ਭਵਿੱਖ ਬਣਾਉਣ ਪ੍ਰਤੀ ਸਮਰਪਿਤ ਹਨ।"

ਉਨ੍ਹਾਂ ਲਿਖਿਆ ਕਿ ਕਮਲ ਇੱਕ ਰਜਿਸਟਰਡ ਨਰਸ, ਕਮਿਊਨਿਟੀ ਵਲੰਟੀਅਰ ਅਤੇ ਸਿਆਸੀ ਕਾਰਕੁਨ ਹੋਣ ਨਾਤੇ ਆਪਣੇ ਆਲੇ ਦੁਆਲੇ ਦੇ ਲੋਕਾਂ ਦੇ ਜੀਵਨ ਨੂੰ ਬਿਹਤਰ ਬਣਾਉਣ ਦੀ ਸੋਚ ਰੱਖਦੇ ਹਨ।

ਕਮਲ ਖਹਿਰਾ ਦਾ ਸਿਆਸੀ ਸਫ਼ਰ

ਮਾਰਕ ਕਾਰਨੀ

ਤਸਵੀਰ ਸਰੋਤ, Kamal Khera/X

ਤਸਵੀਰ ਕੈਪਸ਼ਨ, ਮਾਰਕ ਕਾਰਨੀ ਆਪਣੇ ਨਵੇਂ ਮੰਤਰੀਆਂ ਨਾਲ

ਕਮਲ ਖਹਿਰਾ ਪਹਿਲੀ ਵਾਰ 2015 ਵਿੱਚ ਬਰੈਂਪਟਨ ਵੈਸਟ ਤੋਂ ਸੰਸਦ ਮੈਂਬਰ ਚੁਣੇ ਗਏ ਸਨ।

ਉਹ ਪਹਿਲਾਂ ਮਿਨੀਸਟਰ ਆਫ਼ ਸੀਨੀਅਰਜ਼, ਅੰਤਰਰਾਸ਼ਟਰੀ ਵਿਕਾਸ ਮੰਤਰੀ ਦੇ ਸੰਸਦੀ ਸਕੱਤਰ, ਰਾਸ਼ਟਰੀ ਮਾਲ ਮੰਤਰੀ ਦੇ ਸੰਸਦੀ ਸਕੱਤਰ ਅਤੇ ਸਿਹਤ ਮੰਤਰੀ ਦੇ ਸੰਸਦੀ ਸਕੱਤਰ ਵਜੋਂ ਸੇਵਾਵਾਂ ਨਿਭਾ ਚੁੱਕੇ ਹਨ।

ਸੀਬੀਸੀ ਦੀ ਰਿਪੋਰਟ ਮੁਤਾਬਕ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਦੀ ਕੈਬਨਿਟ ਵਿੱਚ ਉਹ ਸਭ ਤੋਂ ਛੋਟੀ ਉਮਰ ਦੇ ਮੈਂਬਰ ਸਨ ਅਤੇ ਉਨ੍ਹਾਂ ਨੂੰ ਸੀਨੀਅਰ ਮੰਤਰੀ ਵਜੋਂ ਕੈਨੇਡਾ ਦੀ ਬਜ਼ੁਰਗ ਆਬਾਦੀ ਦੀ ਦੇਖਭਾਲ ਕਰਨ ਦਾ ਕੰਮ ਸੌਂਪਿਆ ਗਿਆ ਸੀ।

ਟਰੂਡੋ ਨੇ ਖਹਿਰਾ ਦੀ ਨਿਯੁਕਤੀ ਦਾ ਐਲਾਨ ਕਰਨ ਤੋਂ ਬਾਅਦ ਕਿਹਾ ਸੀ,"ਉਹ ਆਪਣੇ ਤਜਰਬੇ, ਸੇਵਾ ਕਰਨ ਦੇ ਜਨੂੰਨ, ਦੂਜਿਆਂ ਦੀ ਦੇਖਭਾਲ ਕਰਨ ਦੇ ਜਨੂੰਨ ਨੂੰ ਇੱਕ ਨਰਸ ਅਤੇ ਇੱਕ ਸੰਸਦ ਮੈਂਬਰ ਦੇ ਤੌਰ 'ਤੇ ਹਮੇਸ਼ਾ ਲਿਆਉਂਦੀ ਆਈ ਹੈ ਅਤੇ ਇਸ ਜ਼ਿੰਮੇਵਾਰੀ ਵਿੱਚ ਵੀ ਲਿਆਵੇਗੀ।"

ਕੋਵਿਡ-19 ਦੌਰਾਨ ਨਿਭਾਈਆਂ ਸੇਵਾਵਾਂ

ਕਮਲ ਖਹਿਰਾ

ਤਸਵੀਰ ਸਰੋਤ, Kamal Khera/X

ਤਸਵੀਰ ਕੈਪਸ਼ਨ, ਕਮਲ ਖਹਿਰਾ ਪਹਿਲੀ ਵਾਰ 2015 ਵਿੱਚ ਬਰੈਂਪਟਨ ਵੈਸਟ ਤੋਂ ਸੰਸਦ ਮੈਂਬਰ ਚੁਣੇ ਗਏ ਸਨ।

ਮਾਰਚ, 2020 ਵਿੱਚ ਕੋਵਿਡ ਮਹਾਂਮਾਰੀ ਦੌਰਾਨ ਬਰੈਂਪਟਨ ਵੈਸਟ ਤੋਂ ਜਿਹੜੇ ਲਿਬਰਲ ਸੰਸਦ ਮੈਂਬਰ ਮਹਾਂਮਾਰੀ ਦੀ ਜਕੜ ਵਿੱਚ ਆਏ ਉਨ੍ਹਾਂ ਵਿੱਚ ਕਮਲ ਇੱਕ ਸਨ।

ਸੀਬੀਸੀ ਦੀ ਰਿਪੋਰਟ ਮੁਤਾਬਕ ਉਸੇ ਸਾਲ ਉਨ੍ਹਾਂ ਦੇ ਪਿਤਾ ਅਤੇ ਚਾਚੇ ਦੀ ਕੁਝ ਹਫ਼ਤਿਆਂ ਦੇ ਅੰਦਰ-ਅੰਦਰ ਮੌਤ ਹੋ ਗਈ।

ਇਸ ਮਗਰੋਂ ਇੱਕ ਰਜਿਸਟਰਡ ਨਰਸ ਦੇ ਤੌਰ 'ਤੇ, ਖਹਿਰਾ ਨੇ ਆਪਣੀਆਂ ਫਰੰਟ ਲਾਈਨ 'ਤੇ ਆਪਣੀਆਂ ਸੇਵਾਵਾਂ ਦੇਣ ਦਾ ਫ਼ੈਸਲਾ ਲਿਆ।

ਸਿਆਸਤ ਵਿੱਚ ਆਉਣ ਤੋਂ ਪਹਿਲਾਂ, ਉਨ੍ਹਾਂ ਨੇ ਟੋਰਾਂਟੋ ਦੇ ਸੇਂਟ ਜੋਸਫ਼ ਹੈਲਥ ਸੈਂਟਰ ਵਿੱਚ ਓਨਕੋਲੋਜੀ ਯੂਨਿਟ ਵਿੱਚ ਇੱਕ ਨਰਸ ਵਜੋਂ ਕੰਮ ਕੀਤਾ ਸੀ, ਜਿੱਥੇ ਉਨ੍ਹਾਂ ਨੇ ਸਿਹਤ ਅਤੇ ਤੰਦਰੁਸਤੀ ਨਾਲ ਜੁੜੇ ਮੁੱਦਿਆਂ ਦੀ ਡੂੰਘੀ ਸਮਝ ਬਣਾਈ।

ਖਹਿਰਾ ਨੇ ਸਾਲ 2021 ਵਿੱਚ ਸੀਬੀਸੀ ਨਿਊਜ਼ ਨੂੰ ਦਿੱਤੇ ਇੰਟਰਵਿਊ ਵਿੱਚ ਕਿਹਾ ਸੀ, 'ਇੱਕ ਨਰਸ ਹੋਣਾ ਹਮਦਰਦੀ ਸਿਖਾਉਂਦਾ ਹੈ। ਇੱਕ ਗੁਣ ਜੋ ਕਈ ਵਾਰ ਸਿਆਸਤ ਵਿੱਚ ਪਿੱਛੇ ਰਹਿ ਜਾਂਦਾ ਹੈ।''

"ਮੈਨੂੰ ਲੱਗਦਾ ਹੈ ਕਿ ਦਿਆਲਤਾ ਅਤੇ ਦਿਆ ਸੇਵਾ ਕਰਨ ਵਿੱਚ ਬਹੁਤ ਮਦਦਗਾਰ ਹੁੰਦੇ ਹਨ ਅਤੇ ਇਹ ਉਹ ਚੀਜ਼ ਹੈ ਜੋ ਮੇਰੇ ਦਿਲ ਦੇ ਬਹੁਤ ਨੇੜੇ ਹੈ।"

ਜ਼ਿਕਰਯੋਗ ਹੈ ਕਿ ਜਦੋਂ ਓਨਟਾਰੀਓ ਦੀ ਰਜਿਸਟਰਡ ਨਰਸ ਐਸੋਸੀਏਸ਼ਨ ਨੇ ਕੋਵਿਡ ਦੀ ਪਹਿਲੀ ਲਹਿਰ ਦੌਰਾਨ ਸਟਾਫ਼ ਦੀ ਘਾਟ ਦੇ ਚਲਦਿਆਂ ਸੇਵਾਮੁਕਤ ਅਤੇ ਸਾਬਕਾ ਨਰਸਾਂ ਨੂੰ ਕੰਮ 'ਤੇ ਵਾਪਸ ਆਉਣ ਦਾ ਸੱਦਾ ਦਿੱਤਾ, ਤਾਂ ਖਹਿਰਾ ਅੱਗੇ ਆਏ ਸਨ।

ਉਨ੍ਹਾਂ ਕਿਹਾ ਸੀ, "ਮੈਂ ਉਹੀ ਕੀਤਾ ਜੋ ਉਸ ਸਮੇਂ ਮੈਨੂੰ ਸਹੀ ਲੱਗਿਆ ਸੀ।"

ਕੈਨੇਡਾ ਦੇ ਬਜ਼ੁਰਗਾਂ ਲਈ ਕੰਮ ਕਰਨ ਦੀ ਇੱਛਾ

ਕਮਲ ਖਹਿਰਾ

ਤਸਵੀਰ ਸਰੋਤ, Kamal Khera/X

ਤਸਵੀਰ ਕੈਪਸ਼ਨ, ਕੋਵਿਡ ਮਹਾਂਮਾਰੀ ਦੌਰਾਨ ਕਮਲ ਖਹਿਰਾ ਵਲੋਂ ਸਾਂਝੀ ਕੀਤੀ ਗਈ ਇੱਕ ਪੋਸਟ

ਖਹਿਰਾ ਨੇ ਸੀਬੀਸੀ ਨਿਊਜ਼ ਨੂੰ ਦੱਸਿਆ ਸੀ ਕਿ ਮੰਤਰੀ ਬਣਨ ਤੋਂ ਬਾਅਦ ਉਹ ਬਜ਼ੁਰਗਾਂ ਲਈ ਆਮਦਨ ਸਹਾਇਤਾ ਨੂੰ ਮਜ਼ਬੂਤ ਕਰਨਾ ਚਾਹੁੰਦੇ ਹਨ ਅਤੇ ਇਹ ਯਕੀਨੀ ਬਣਾਉਣ ਲਈ ਕੰਮ ਕਰਨਾ ਚਾਹੁੰਦੇ ਹਨ ਕਿ ਉਹ ਆਪਣੇ ਘਰਾਂ ਵਿੱਚ ਲੰਬੇ ਸਮੇਂ ਤੱਕ ਰਹਿ ਸਕਣ।

ਉਨ੍ਹਾਂ ਕਿਹਾ ਸੀ, "ਕੈਨੇਡਾ ਦੇ ਬਜ਼ੁਰਗਾਂ ਨੇ ... ਇਸਨੂੰ ਧਰਤੀ 'ਤੇ ਸਭ ਤੋਂ ਮਹਾਨ ਦੇਸ਼ ਬਣਨ ਵਿੱਚ ਅਹਿਮ ਯੋਗਦਾਨ ਪਾਇਆ ਹੈ।"

"ਹੁਣ ਸਾਡੀ ਵਾਰੀ ਹੈ ਕਿ ਅਸੀਂ ਇਹ ਯਕੀਨੀ ਬਣਾਈਏ ਕਿ ਅਸੀਂ ਉਨ੍ਹਾਂ ਸੇਵਾਵਾਂ ਅਤੇ ਸਹਾਇਤਾ ਨੂੰ ਬਿਹਤਰ ਬਣਾਈਏ ਜੋ ਉਨ੍ਹਾਂ ਨੂੰ ਮਿਲਦੀਆਂ ਹਨ ਅਤੇ ਜਿਨ੍ਹਾਂ 'ਤੇ ਉਹ ਨਿਰਭਰ ਕਰਦੇ ਹਨ।"

ਪਰਿਵਾਰਕ ਪਿਛੋਕੜ

ਕਮਲ ਖਹਿਰਾ

ਤਸਵੀਰ ਸਰੋਤ, Kamal Khera/X

ਤਸਵੀਰ ਕੈਪਸ਼ਨ, ਕਮਲ ਖਹਿਰਾ ਆਪਣੇ ਪਰਿਵਾਰ ਨਾਲ

ਬੀਬੀਸੀ ਪੱਤਰਕਾਰ ਖੁਸ਼ਹਾਲ ਲਾਲੀ ਨੇ ਕੈਨੇਡਾ ਵਸੇ ਹੋਏ ਸੀਨੀਅਰ ਪੱਤਰਕਾਰ ਸ਼ਮੀਲ ਨਾਲ ਕਮਲ ਖਹਿਰਾ ਦੇ ਪਿਛੋਕੜ ਬਾਰੇ ਗੱਲ ਕੀਤੀ।

ਸ਼ਮੀਲ ਨੇ ਦੱਸਿਆ ਕਿ ਕਮਲ ਖਹਿਰਾ ਦਾ ਪਰਿਵਾਰਕ ਪਿਛੋਕੜ ਪੰਜਾਬ ਤੋਂ ਹੈ, ਉਨ੍ਹਾਂ ਦੇ ਪਿਤਾ ਹਰਮਿੰਦਰ ਸਿੰਘ ਡਿਫੈਂਸ ਰਿਸਰਚ ਐਂਡ ਡਿਵੈਲਪਮੈਂਟ ਆਰਗੇਨਾਈਜੇਸ਼ਨ (ਡੀਆਰਡੀਓ) ਵਿੱਚ ਨੌਕਰੀ ਕਰਦੇ ਸਨ।

ਉਨ੍ਹਾਂ ਦੀ ਡਿਊਟੀ ਦਿੱਲੀ ਵਿੱਚ ਸੀ ਜਿਸ ਕਾਰਨ ਪਰਿਵਾਰ ਪੰਜਾਬ ਤੋਂ ਦਿੱਲੀ ਆ ਕੇ ਰਹਿਣ ਲੱਗਿਆ।

ਕਮਲ ਦੇ ਪਿਤਾ ਦਾ 2020 ਵਿੱਚ ਦੇਹਾਂਤ ਹੋ ਗਿਆ ਸੀ।

ਕਮਲ ਖਹਿਰਾ ਦੀ ਮਾਂ ਦਾ ਨਾਂ ਗੁਰਸ਼ਰਨ ਕੌਰ ਹੈ ਅਤੇ ਉਹ ਸੇਵਾਮੁਕਤ ਅਧਿਆਪਕਾ ਹਨ।

ਖਹਿਰਾ ਦਾ ਜਨਮ ਨਵੀਂ ਦਿੱਲੀ ਵਿੱਚ ਹੋਇਆ ਸੀ ਅਤੇ ਉਹ ਤਕਰੀਬਨ 10 ਸਾਲ ਦੀ ਉਮਰ ਵਿੱਚ ਕੈਨੇਡਾ ਆ ਗਏ ਸਨ।

ਸੀਬੀਸੀ ਨਾਲ ਗੱਲਬਾਤ ਦੌਰਾਨ ਕਮਲ ਨੇ ਦੱਸਿਆ ਸੀ ਕਿ ਉਨ੍ਹਾਂ ਦੇ ਪਰਿਵਾਰ ਨੇ ਹੀ ਉਨ੍ਹਾਂ ਨੂੰ ਸੇਵਾ ਭਾਵਨਾ ਅਤੇ ਸਖ਼ਤ ਮਿਹਨਤ ਕਰਨੀ ਸਿਖਾਈ।

ਕਮਲ ਨੇ ਕਿਹਾ ਕਿ ਉਨ੍ਹਾਂ ਦੀ ਕਹਾਣੀ ਵੀ ਕੈਨੇਡਾ ਵਿੱਚ ਆ ਕੇ ਵਸਣ ਵਾਲੇ ਬਹੁਤ ਸਾਰੇ ਪਰਵਾਸੀਆਂ ਵਰਗੀ ਹੀ ਹੈ।

ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTER, WhatsApp ਅਤੇ YouTube 'ਤੇ ਜੁੜੋ।)