ਭਾਰਤੀ ਫੌਜ ਦੇ ਕਰਨਲ ਦੀ ਪੰਜਾਬ ਪੁਲਿਸ ਦੇ ਮੁਲਾਜ਼ਮਾਂ ਵੱਲੋਂ ਕਥਿਤ ਕੁੱਟਮਾਰ ਦਾ ਕੀ ਮਾਮਲਾ ਹੈ, ਕਰਨਲ ਦਾ ਪਰਿਵਾਰ ਰੋਹ ਵਿੱਚ ਕਿਉਂ ਹੈ

    • ਲੇਖਕ, ਜਸਪਾਲ ਸਿੰਘ
    • ਰੋਲ, ਬੀਬੀਸੀ ਪੱਤਰਕਾਰ

"ਮੇਰੇ ਪਤੀ ਤੇ ਮੇਰੇ ਪੁੱਤਰ ਨੂੰ ਬਹੁਤ ਸੱਟਾਂ ਲੱਗੀਆਂ ਹਨ ਪਰ ਜਿਸ ਦਰਦ ਵਿੱਚੋਂ ਅਸੀਂ ਲੰਘ ਰਹੇ ਹਾਂ, ਉਹ ਦਰਦ ਇਨ੍ਹਾਂ ਸੱਟਾਂ ਦੇ ਦਰਦ ਦੇ ਮੁਕਾਬਲੇ ਕਾਫੀ ਘੱਟ ਹੈ। ਸੱਟਾਂ ਦਾ ਦਰਦ ਤਾਂ ਦੂਰ ਹੋ ਜਾਵੇਗਾ ਪਰ ਦਿਲ ਦਾ ਦਰਦ ਕਿਵੇਂ ਦੂਰ ਹੋਵੇਗਾ।"

ਇਹ ਸ਼ਬਦ ਜਸਵਿੰਦਰ ਕੌਰ ਬਾਠ ਦੇ ਹਨ ਜਿਨ੍ਹਾਂ ਦੇ ਪਤੀ ਕਰਨਲ ਪੁਸ਼ਪਿੰਦਰ ਸਿੰਘ ਬਾਠ ਤੇ ਉਨ੍ਹਾਂ ਦੇ ਪੁੱਤਰ ਨੂੰ ਕੁੱਟਣ ਦੇ ਇਲਜ਼ਾਮ ਪੰਜਾਬ ਪੁਲਿਸ ਦੇ ਮੁਲਾਜ਼ਮਾਂ ਉੱਤੇ ਲੱਗੇ ਹਨ।

ਪੰਜਾਬ ਸਰਕਾਰ ਦੇ ਗ੍ਰਹਿ ਮੰਤਰਾਲੇ ਵੱਲੋਂ ਇਸ ਮਾਮਲੇ ਦੀ ਮਜਿਸਟ੍ਰੇਟ ਜਾਂਚ ਦੇ ਹੁਕਮ ਜਾਰੀ ਕਰ ਦਿੱਤੇ ਗਏ ਹਨ। ਪੀੜਤ ਪਰਿਵਾਰ ਜੁਡੀਸ਼ੀਅਲ ਜਾਂਚ ਲਈ ਸਹਿਮਤ ਨਹੀਂ ਹੈ ਤੇ ਉਹ ਸੀਬੀਆਈ ਜਾਂਚ ਦੀ ਮੰਗ ਕਰ ਰਹੇ ਹਨ।

ਭਾਰਤੀ ਫੌਜ ਦੇ ਸਾਬਕਾ ਅਫਸਰਾਂ ਨੇ ਇਸ ਪੂਰੀ ਘਟਨਾ ਨੂੰ ਅਫਸੋਸਜਨਕ ਕਰਾਰ ਦਿੱਤਾ ਹੈ ਤੇ ਸਖ਼ਤ ਕਾਰਵਾਈ ਦੀ ਮੰਗ ਕੀਤੀ ਹੈ। ਸਭ ਤੋਂ ਪਹਿਲਾਂ ਜਾਣਦੇ ਹਾਂ ਕਿ ਆਖਿਰ ਮਾਮਲਾ ਕੀ ਹੈ।

ਮਾਮਲਾ ਕੀ ਹੈ, ਪੀੜਤ ਧਿਰ ਦੇ ਕੀ ਇਲਜ਼ਾਮ ਹਨ

ਇਹ ਘਟਨਾ 13-14 ਮਾਰਚ ਦੀ ਦਰਮਿਆਨੀ ਰਾਤ ਦੀ ਦੱਸੀ ਜਾ ਰਹੀ ਹੈ। ਜਦੋਂ ਭਾਰਤੀ ਫੌਜ ਦੇ ਕਰਨਲ ਪੁਸ਼ਪਿੰਦਰ ਸਿੰਘ ਬਾਠ ਆਪਣੇ ਪੁੱਤਰ ਨਾਲ ਪਟਿਆਲਾ ਦੇ ਸਰਕਾਰੀ ਰਾਜਿੰਦਰਾ ਹਸਪਤਾਲ ਦੇ ਨੇੜੇ ਪਹੁੰਚੇ ਸਨ।

ਕਰਨਲ ਪੁਸ਼ਪਿੰਦਰ ਬਾਠ ਦੇ ਪਰਿਵਾਰ ਦਾ ਇਲਜ਼ਾਮ ਹੈ ਕਿ ਪੰਜਾਬ ਪੁਲਿਸ ਦੇ ਮੁਲਾਜ਼ਮਾਂ ਨੇ ਪੁਸ਼ਪਿੰਦਰ ਸਿੰਘ ਤੇ ਉਨ੍ਹਾਂ ਦੇ ਪੁੱਤਰ ਨਾਲ ਬੇਵਜ੍ਹਾ ਕੁੱਟਮਾਰ ਕੀਤੀ।

ਪੁਸ਼ਪਿੰਦਰ ਸਿੰਘ ਬਾਠ ਦੇ ਪਤਨੀ ਜਸਵਿੰਦਰ ਕੌਰ ਬਾਠ ਨੇ ਬੀਬੀਸੀ ਪੰਜਾਬੀ ਦੇ ਪੱਤਰਕਾਰ ਨਵਜੋਤ ਕੌਰ ਨਾਲ ਗੱਲਬਾਤ ਕੀਤੀ।

ਜਸਵਿੰਦਰ ਕੌਰ ਬਾਠ ਨੇ ਦੱਸਿਆ ਕਿ ਉਨ੍ਹਾਂ ਦੇ ਪਤੀ ਪੁਸ਼ਪਿੰਦਰ ਸਿੰਘ ਫੌਜ ਵਿੱਚ ਪਰਿਵਾਰ ਦੀ ਪੰਜਵੀ ਪੀੜੀ ਹਨ। ਉਨ੍ਹਾਂ ਦੇ ਪਰਿਵਾਰ ਦੇ ਮੈਂਬਰ ਪਹਿਲੀ ਵਿਸ਼ਵ ਜੰਗ, ਦੂਜੀ ਵਿਸ਼ਵ ਜੰਗ ਤੇ ਸੰਯੁਕਤ ਰਾਸ਼ਟਰ ਦੇ ਮਿਸ਼ਨਾਂ ਵਿੱਚ ਹਿੱਸਾ ਲੈ ਚੁੱਕੇ ਹਨ।

ਘਟਨਾ ਬਾਰੇ ਜਸਵਿੰਦਰ ਕੌਰ ਬਾਠ ਕਹਿੰਦੇ ਹਨ, "ਮੇਰੇ ਪਤੀ ਪੁਸ਼ਪਿੰਦਰ ਸਿੰਘ ਭਾਰਤੀ ਫੌਜ ਵਿੱਚ ਕਰਨਲ ਵਜੋਂ ਦਿੱਲੀ ਵਿੱਚ ਤਾਇਨਾਤ ਹਨ। ਉਹ ਹੋਲੀ ਦੀ ਛੁੱਟੀ ਲਈ 13 ਮਾਰਚ ਨੂੰ ਦਿੱਲੀ ਤੋਂ ਪਟਿਆਲਾ ਲਈ ਰਵਾਨਾ ਹੋਏ। ਰਾਤ ਨੂੰ ਉਹ ਕੁਝ ਖਾਣ ਲਈ ਘਰ ਤੋਂ ਪੰਜ ਮਿੰਟ ਦੀ ਦੂਰੀ ਉੱਤੇ ਇੱਕ ਢਾਬੇ ਉੱਤੇ ਰੁਕੇ।"

"ਪੰਜਾਬ ਪੁਲਿਸ ਦੇ ਮੁਲਾਜ਼ਮ ਕੁਝ ਗੱਡੀਆਂ ਵਿੱਚ ਉੱਥੇ ਪਹੁੰਚੇ ਤੇ ਮੇਰੇ ਪਤੀ ਨੂੰ ਗਾਲ਼ਾਂ ਕੱਢਦੇ ਹੋਏ ਗੱਡੀ ਹਟਾਉਣ ਲਈ ਕਿਹਾ। ਜਦੋਂ ਮੇਰੇ ਪਤੀ ਨੇ ਉਨ੍ਹਾਂ ਦੇ ਇਸ ਵਤੀਰੇ ਦਾ ਵਿਰੋਧ ਕੀਤਾ ਤਾਂ ਉਨ੍ਹਾਂ ਨੇ ਮੇਰੇ ਪਤੀ ਨਾਲ ਬੁਰੇ ਤਰੀਕੇ ਨਾਲ ਕੁੱਟਮਾਰ ਕੀਤੀ ਤੇ ਉਨ੍ਹਾਂ ਦਾ ਪਛਾਣ ਪੱਤਰ ਵੀ ਖੋਹ ਲਿਆ।"

"ਜਦੋਂ ਮੇਰੇ ਬੇਟੇ ਨੇ ਬਚਾਉਣ ਦੀ ਕੋਸ਼ਿਸ਼ ਕੀਤੀ ਤਾਂ ਉਸ ਨਾਲ ਵੀ ਕੁੱਟਮਾਰ ਕੀਤੀ ਗਈ। ਉਨ੍ਹਾਂ ਦੋਹਾਂ ਨੂੰ ਬਹੁਤ ਸੱਟਾਂ ਲੱਗੀਆਂ ਤੇ ਫਿਰ ਅਸੀਂ ਉਨ੍ਹਾਂ ਨੂੰ ਜ਼ਖਮੀ ਹਾਲਤ ਵਿੱਚ ਹਸਪਤਾਲ ਵਿੱਚ ਭਰਤੀ ਕਰਵਾਇਆ ਤੇ ਪੁਲਿਸ ਕੰਟੋਰਲ ਰੂਮ ਉੱਤੇ ਜਾਣਕਾਰੀ ਵੀ ਦਿੱਤੀ।"

ਜਸਵਿੰਦਰ ਕੌਰ ਬਾਠ ਨੇ ਇਹ ਵੀ ਇਲਜ਼ਾਮ ਲਗਾਇਆ ਕਿ ਉਨ੍ਹਾਂ ਉੱਤੇ ਸਮਝੌਤਾ ਕਰਨ ਦਾ ਦਬਾਅ ਬਣਾਇਆ ਗਿਆ ਸੀ।

ਪੰਜਾਬ ਪੁਲਿਸ ਨੇ ਘਟਨਾ ਬਾਰੇ ਕੀ ਦੱਸਿਆ

ਪਟਿਆਲਾ ਦੇ ਐੱਸਐੱਸਪੀ ਨਾਨਕ ਸਿੰਘ ਨੇ 17 ਮਾਰਚ ਨੂੰ ਮੀਡੀਆ ਨੂੰ ਦੱਸਿਆ, "13-14 ਮਾਰਚ ਨੂੰ ਫੌਜ ਦੇ ਕਰਨਲ ਨਾਲ ਪੁਲਿਸ ਮੁਲਾਜ਼ਮਾਂ ਦੀ ਝੜਪ ਹੋਈ ਹੈ। ਇਸ ਦਾ ਸਾਨੂੰ ਬੇਹੱਦ ਅਫ਼ਸੋਸ ਹੈ। ਅਸੀਂ ਇਸ ਲਈ ਮਾਫੀ ਮੰਗਦੇ ਹਾਂ। ਇਹ ਘਟਨਾ ਨਹੀਂ ਵਾਪਰਨੀ ਚਾਹੀਦੀ ਸੀ। ਪੰਜਾਬ ਪੁਲਿਸ ਭਾਰਤੀ ਫੌਜ ਦਾ ਬਹੁਤ ਸਨਮਾਨ ਕਰਦੀ ਹੈ।"

"ਇਸ ਮਾਮਲੇ ਵਿੱਚ ਐੱਫਆਈਆਰ ਦਰਜ ਕਰ ਲਈ ਗਈ ਹੈ। ਮਸਲਾ ਅਨੁਸ਼ਾਸਨਹੀਣਤਾ ਦਾ ਵੀ ਹੈ ਇਸ ਲਈ ਪੰਜਾਬ ਪੁਲਿਸ ਵੱਲੋਂ 12 ਪੁਲਿਸ ਮੁਲਾਜ਼ਮਾਂ ਨੂੰ ਸਸਪੈਂਡ ਵੀ ਕੀਤਾ ਗਿਆ ਹੈ। ਸਸਪੈਂਡ ਕੀਤੇ ਮੁਲਾਜ਼ਮਾਂ ਵਿੱਚ ਇੰਸਪੈਕਟਰ, ਅਸਿਸਟੈਂਟ ਸਬ ਇੰਸਪੈਕਟਰ, ਹੈੱਡ ਕਾਂਸਟੇਬਲ ਤੇ ਕਾਂਸਟੇਬਲ ਸ਼ਾਮਲ ਹਨ।"

ਐੱਸਐੱਸਪੀ ਨਾਨਕ ਸਿੰਘ ਨੇ ਕਿਹਾ ਹੈ ਕਿ ਇਨ੍ਹਾਂ ਸਸਪੈਂਡ ਮੁਲਾਜ਼ਮਾਂ ਖਿਲਾਫ਼ ਵਿਭਾਗੀ ਜਾਂਚ ਦੇ ਹੁਕਮ ਦਿੱਤੇ ਗਏ ਹਨ ਜਿਸ ਨੂੰ 45 ਦਿਨਾਂ ਵਿੱਚ ਮੁਕੰਮਲ ਕਰ ਲਿਆ ਜਾਵੇਗਾ।

ਜਦੋਂ ਐੱਸਐੱਸਪੀ ਨਾਨਕ ਸਿੰਘ ਨੂੰ ਕਰਨਲ ਦੇ ਪਰਿਵਾਰ ਵੱਲੋਂ ਲਾਏ ਗਏ ਇਲਜ਼ਾਮਾਂ ਬਾਰੇ ਪੁੱਛਿਆ ਗਿਆ ਤਾਂ ਉਨ੍ਹਾਂ ਨੇ ਕਿਹਾ, "ਇਸ ਮਾਮਲੇ ਵਿੱਚ ਦੋਹਾਂ ਪਾਸਿਆਂ ਵੱਲੋਂ ਆਪਣੇ ਦਾਅਵੇ ਕੀਤੇ ਗਏ ਹਨ। ਦੋਵਾਂ ਪਾਸਿਆਂ ਦੇ ਦਾਅਵਿਆਂ ਬਾਰੇ ਨਿਰਪੱਖ ਜਾਂਚ ਕੀਤੀ ਜਾਵੇਗੀ। ਸਾਰੇ ਸਬੂਤਾਂ ਦੀ ਪੜਤਾਲ ਹੋਵੇਗੀ ਤੇ ਇਹ ਦੇਖਿਆ ਜਾਵੇਗਾ ਕਿ ਕਿਹੜੇ ਹਾਲਾਤ ਵਿੱਚ ਇਹ ਘਟਨਾ ਵਾਪਰੀ।"

ਇਸ ਮਾਮਲੇ ਸਬੰਧੀ ਅੱਜ ਯਾਨੀ ਸ਼ਨਿਚਰਵਾਰ ਨੂੰ ਪੀੜਤ ਪਰਿਵਾਰ ਦੀ ਹਮਾਇਤ ਵਿੱਚ ਸਾਬਕਾ ਫੌਜੀਆਂ ਅਤੇ ਹੋਰ ਸਮਾਜਿਕ ਜਥੇਬੰਦੀਆਂ ਵੱਲੋਂ ਪਟਿਆਲਾ ਦੇ ਡਿਪਟੀ ਕਮਿਸ਼ਨਰ ਦੇ ਦਫ਼ਤਰ ਦੇ ਬਾਹਰ ਰੋਸ ਪ੍ਰਦਰਸ਼ਨ ਕੀਤਾ ਗਿਆ।

ਕਰਨਲ ਪੁਸ਼ਪਿੰਦਰ ਸਿੰਘ ਬਾਠ ਦੀ ਪਤਨੀ ਜਸਵਿੰਦਰ ਕੌਰ ਬਾਠ ਵੱਲੋਂ ਇਸ ਮਾਮਲੇ ਵਿੱਚ ਮੁਲਜ਼ਮਾਂ ਨੂੰ ਗਿਰਫ਼ਤਾਰ ਕੀਤੇ ਜਾਣ ਦੀ ਮੰਗ ਕੀਤੀ ਜਾ ਰਹੀ ਹੇ

ਕਰਨਲ ਪੁਸ਼ਪਿੰਦਰ ਦੇ ਪਰਿਵਾਰ ਨੇ ਜਾਂਚ 'ਤੇ ਕੀ ਸਵਾਲ ਚੁੱਕੇ

ਪੰਜਾਬ ਸਰਕਾਰ ਦੇ ਗ੍ਰਹਿ ਮੰਤਰਾਲੇ ਵੱਲੋਂ ਵੀਰਵਾਰ ਨੂੰ ਇਸ ਮਾਮਲੇ ਦੀ ਮਜਿਸਟ੍ਰੇਟ ਜਾਂਚ ਦੇ ਹੁਕਮ ਦਿੱਤੇ ਹਨ।

ਗ੍ਰਹਿ ਮੰਤਰਾਲੇ ਵੱਲੋਂ ਕਿਹਾ ਗਿਆ ਹੈ, "ਪਟਿਆਲਾ ਦੇ ਰਾਜਿੰਦਰਾ ਹਸਪਤਾਲ ਨੇੜੇ 13 ਮਾਰਚ ਨੂੰ ਪੰਜਾਬ ਪੁਲਿਸ ਦੇ ਮੁਲਾਜ਼ਮਾਂ ਵੱਲੋਂ ਕਥਿਤ ਤੌਰ ਉੱਤੇ ਭਾਰਤੀ ਫੌਜ ਦੇ ਕਰਨਲ ਪੁਸ਼ਪਿੰਦਰ ਬਾਠ ਦੀ ਕੁੱਟਮਾਰ ਕੀਤੀ ਗਈ ਹੈ। ਇਸ ਕੇਸ ਦੀ ਜਾਂਚ ਉੱਤੇ ਕਰਨਲ ਪੁਸ਼ਪਿੰਦਰ ਦੇ ਪਰਿਵਾਰ ਵੱਲੋਂ ਸੰਤੁਸ਼ਟੀ ਪ੍ਰਗਟ ਨਹੀਂ ਕੀਤੀ ਗਈ ਹੈ।"

"ਪੰਜਾਬ ਸਰਕਾਰ ਭਾਰਤੀ ਫੌਜ ਦੇ ਅਫ਼ਸਰਾਂ ਦਾ ਪੂਰਾ ਸਤਿਕਾਰ ਕਰਦੀ ਹੈ। ਇਸ ਮਾਮਲੇ ਦੀ ਮਜਿਸਟ੍ਰੇਟ ਜਾਂਚ ਲਈ ਆਈਏਐੱਸ ਪਰਮਵੀਰ ਸਿੰਘ ਨੂੰ ਜਾਂਚ ਅਫ਼ਸਰ ਵਜੋਂ ਨਿਯੁਕਤ ਕੀਤਾ ਗਿਆ ਹੈ। ਉਹ ਇਸ ਮਾਮਲੇ ਦੀ ਜਾਂਚ ਰਿਪੋਰਟ ਤਿੰਨ ਹਫ਼ਤਿਆਂ ਵਿੱਚ ਸੌਂਪਣਗੇ।"

ਜਸਵਿੰਦਰ ਕੌਰ ਬਾਠ ਨੇ ਕਿਹਾ ਹੈ ਕਿ ਉਹ ਪੰਜਾਬ ਸਰਕਾਰ ਵੱਲੋਂ ਮਜਿਸਟ੍ਰੇਟ ਜਾਂਚ ਤੋਂ ਸੰਤੁਸ਼ਟ ਨਹੀਂ ਹਨ। ਉਨ੍ਹਾਂ ਨੇ ਇਸ ਮਾਮਲੇ ਦੀ ਸੀਬੀਆਈ ਜਾਂਚ ਦੀ ਮੰਗ ਕੀਤੀ ਹੈ।

ਵੀਰਵਾਰ ਨੂੰ ਜਸਵਿੰਦਰ ਕੌਰ ਨੇ ਪੰਜਾਬ ਦੇ ਰਾਜਪਾਲ ਨਾਲ ਵੀ ਇਸ ਮਸਲੇ ਉੱਤੇ ਮੁਲਾਕਾਤ ਕੀਤੀ। ਉਸ ਮਗਰੋਂ ਉਨ੍ਹਾਂ ਨੇ ਪੰਜਾਬ ਪੁਲਿਸ ਨੂੰ ਨਿਸ਼ਾਨੇ ਉੱਤੇ ਲਿਆ।

ਉਨ੍ਹਾਂ ਕਿਹਾ, "ਸਸਪੈਂਡ ਕੀਤੇ ਪੁਲਿਸ ਮੁਲਾਜ਼ਮਾਂ ਵਿੱਚ ਐੱਸਐੱਚਓ ਸ਼ਮਿੰਦਰ ਸਿੰਘ ਸਣੇ ਉਹ ਅਫ਼ਸਰ ਨਹੀਂ ਹਨ ਜੋ ਇਸ ਘਟਨਾ ਵਿੱਚ ਸਿੱਧੇ ਤੌਰ ਉੱਤੇ ਸ਼ਾਮਲ ਸਨ। ਇਸ ਦੇ ਨਾਲ ਹੀ ਅਸੀਂ ਇਹ ਵੀ ਮੰਗ ਕਰਦੇ ਹਾਂ ਕਿ ਐੱਫਆਈਆਰ ਕਰਨਲ ਪੁਸ਼ਪਿੰਦਰ ਸਿੰਘ ਦੇ ਬਿਆਨ ਉੱਤੇ ਦਰਜ ਹੋਣੀ ਚਾਹੀਦੀ ਹੈ।"

ਪੰਜਾਬ ਪੁਲਿਸ ਨੇ ਨਵੀਂ ਐੱਫਆਈਆਰ ਦਰਜ ਕੀਤੀ ਹੈ

ਇਸ ਮਾਮਲੇ ਵਿੱਚ ਕਰਨਲ ਬਾਠ ਦੇ ਬਿਆਨ ਦੇ ਆਧਾਰ 'ਤੇ ਪਟਿਆਲਾ ਵਿੱਚ ਇੱਕ ਨਵੀਂ ਐਫਆਈਆਰ ਦਰਜ ਕੀਤੀ ਗਈ ਹੈ।

ਪੁਲਿਸ ਵੱਲੋਂ ਜਾਰੀ ਪ੍ਰੈਸ ਨੋਟ ਮੁਤਾਬਕ ,"ਇਸ ਵਿੱਚ ਉਨ੍ਹਾਂ ਪੁਲਿਸ ਅਧਿਕਾਰੀਆਂ ਦੇ ਨਾਮ ਸ਼ਾਮਿਲ ਹਨ, ਜਿਨ੍ਹਾਂ ਨੇ ਹਮਲਾ ਕੀਤਾ ਸੀ ਅਤੇ ਕਰਨਲ ਬਾਠ ਵਲੋਂ ਆਪਣੇ ਬਿਆਨ ਵਿੱਚ ਉਕਤ ਹਮਲੇ ਵਿੱਚ ਸ਼ਾਮਲ ਹਰੇਕ ਵਿਅਕਤੀ ਦੀ ਭੂਮਿਕਾ ਵੀ ਦੱਸੀ ਗਈ ਹੈ।"

ਇਹ ਘਟਨਾ ਬਾਰੇ ਪੰਜਾਬ ਦੇ ਸਪੈਸ਼ਲ ਡੀਜੀਪੀ ਅਰਪਿਤ ਸ਼ੁਲਕਾ ਨੇ ਕਿਹਾ ਕਿ, "ਪੀੜਤ ਕਰਨਲ ਦੇ ਬਿਆਨ ਦੇ ਆਧਾਰ 'ਤੇ ਇਸ ਮਾਮਲੇ ਵਿੱਚ ਪਟਿਆਲਾ ਪੁਲਿਸ ਸਟੇਸ਼ਨ ਵਿਖੇ ਇੱਕ ਨਵੀਂ ਐਫਆਈਆਰ ਦਰਜ ਕੀਤੀ ਗਈ ਹੈ। ਉਨ੍ਹਾਂ ਨੇ ਆਪਣੇ ਬਿਆਨ ਵਿੱਚ ਘਟਨਾ ਵਿੱਚ ਸ਼ਾਮਲ ਪੁਲਿਸ ਅਧਿਕਾਰੀਆਂ ਦੇ ਨਾਮ ਲਏ ਹਨ।''

''ਇਸਦੀ ਜਾਂਚ ਲਈ ਇੱਕ ਉੱਚ ਪੱਧਰੀ ਐਸਆਈਟੀ ਦਾ ਗਠਨ ਕੀਤਾ ਗਿਆ ਹੈ। ਏਡੀਜੀਪੀ ਕਾਨੂੰਨ ਅਤੇ ਵਿਵਸਥਾ ਐਸਪੀਐਸ ਪਰਮਾਰ ਅਤੇ ਮਨਪ੍ਰੀਤ ਐਸਪੀ ਸਿਟੀ ਮੋਹਾਲੀ ਅਤੇ ਐਸਐਸਪੀ ਹੁਸਿਆਰਪੁਰ ਐਸਆਈਟੀ ਦੇ ਮੈਂਬਰ ਹੋਣਗੇ, ਅਤੇ ਉਹ ਰੋਜ਼ਾਨਾ ਦੇ ਆਧਾਰ 'ਤੇ ਮਾਮਲੇ ਦੀ ਜਾਂਚ ਕਰਨਗੇ। ਜਿਨ੍ਹਾਂ ਪੁਲਿਸ ਅਧਿਕਾਰੀਆਂ ਵਿਰੁੱਧ ਐਫਆਈਆਰ ਦਰਜ ਕੀਤੀ ਗਈ ਹੈ, ਉਨ੍ਹਾਂ ਨੂੰ ਨਿਰਪੱਖ ਜਾਂਚ ਲਈ ਜ਼ਿਲ੍ਹੇ ਤੋਂ ਬਾਹਰ ਤਬਦੀਲ ਕੀਤਾ ਜਾਵੇਗਾ।''

ਪੰਜਾਬ ਪੁਲਿਸ ਦੇ ਇੱਕ ਬੁਲਾਰੇ ਨੇ ਦੱਸਿਆ ਕਿ ਸਾਰੇ 12 ਸਬੰਧਤ ਪੁਲਿਸ ਅਧਿਕਾਰੀਆਂ/ਕਰਮਚਾਰੀਆਂ ਨੂੰ ਮੁਅੱਤਲ ਕਰ ਦਿੱਤਾ ਗਿਆ ਹੈ ਅਤੇ ਉਨ੍ਹਾਂ ਵਿਰੁੱਧ ਸਜ਼ਾ ਲਈ ਵਿਭਾਗੀ ਕਾਰਵਾਈ ਵੀ ਸ਼ੁਰੂ ਕਰ ਦਿੱਤੀ ਗਈ ਹੈ।

ਫੌਜ ਵੱਲੋਂ ਕੀ ਬਿਆਨ ਆਇਆ

ਭਾਰਤੀ ਫੌਜ ਦੀ ਪੱਛਮੀ ਕਮਾਂਡ ਵੱਲੋਂ ਇਸ ਮਾਮਲੇ ਉੱਤੇ ਬਿਆਨ ਆਇਆ ਹੈ। ਐਕਸ ਉੱਤੇ ਜਾਰੀ ਬਿਆਨ ਵਿੱਚ ਉਨ੍ਹਾਂ ਕਿਹਾ, "13-14 ਮਾਰਚ ਨੂੰ ਪਟਿਆਲਾ ਵਿੱਚ ਇੱਕ ਫੌਜੀ ਅਫ਼ਸਰ 'ਤੇ ਪੁਲਿਸ ਮੁਲਾਜ਼ਮਾਂ ਵਿਚਾਲੇ ਝੜਪ ਦੀ ਮੰਦਭਾਗੀ ਘਟਨਾ ਵਾਪਰੀ ਹੈ। ਇਸ ਮਸਲੇ ਉੱਤੇ ਪੱਛਮੀ ਕਮਾਂਡ ਤੇ ਪੰਜਾਬ ਪੁਲਿਸ ਦੇ ਸੀਨੀਅਰ ਅਫ਼ਸਰ ਇੱਕ ਦੂਜੇ ਦੇ ਸੰਪਰਕ ਵਿੱਚ ਹਨ।"

ਸਿਆਸੀ ਗਲਿਆਰਿਆਂ ਵਿੱਚ ਮੁੱਦਾ ਉੱਠਿਆ

ਸ਼ੁੱਕਰਵਾਰ ਨੂੰ ਲੋਕ ਸਭਾ ਦੇ ਪਰਿਸਰ ਵਿੱਚ ਕਾਂਗਰਸ ਦੇ ਲੋਕ ਸਭਾ ਮੈਂਬਰਾਂ ਨੇ ਇਸ ਮਸਲੇ ਉੱਤੇ ਤਖ਼ਤੀਆਂ ਲਗਾ ਕੇ ਪ੍ਰਦਰਸ਼ਨ ਕੀਤਾ।

ਇਸ ਪ੍ਰਦਰਸ਼ਨ ਵਿੱਚ ਕਾਂਗਰਸ ਐੱਮਪੀ ਚਰਨਜੀਤ ਸਿੰਘ ਚੰਨੀ, ਗੁਰਜੀਤ ਸਿੰਘ ਔਜਲਾ, ਧਰਮਵੀਰ ਗਾਂਧੀ ਮੌਜੂਦ ਸਨ।

ਉਨ੍ਹਾਂ ਨੇ ਨਾਅਰੇਬਾਜ਼ੀ ਕਰਦੇ ਹੋਏ ਮਾਮਲੇ ਦੀ ਸੀਬੀਆਈ ਜਾਂਚ ਦੇ ਨਾਲ- ਨਾਲ ਮੁਲਜ਼ਮ ਪੁਲਿਸ ਮੁਲਾਜ਼ਮਾਂ ਖਿਲਾਫ਼ ਕਾਨੂੰਨੀ ਕਾਰਵਾਈ ਦੀ ਮੰਗ ਕੀਤੀ। ਪੰਜਾਬ ਵਿਧਾਨ ਸਭਾ ਦੇ ਬਾਹਰ ਵੀ ਕਾਂਗਰਸ ਦੇ ਵਿਧਾਇਕਾਂ ਨੇ ਇਨਸਾਫ਼ ਦੀ ਮੰਗ ਕਰਦੇ ਹੋਏ ਪ੍ਰਦਰਸ਼ਨ ਕੀਤਾ।

ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTER, WhatsApp ਅਤੇ YouTube 'ਤੇ ਜੁੜੋ।)