ਆਯੂਰਵੈਦਿਕ ਇਲਾਜ ਜ਼ਰੀਏ ਗੰਜਾਪਣ ਹਟਾਉਣ ਦਾ ਦਾਅਵਾ ਕਰਨ ਵਾਲਾ ਸ਼ਖ਼ਸ ਕੌਣ ਹੈ, ਪੁਲਿਸ ਨੇ ਹੁਣ ਤੱਕ ਕੀ ਕਾਰਵਾਈ ਕੀਤੀ ਹੈ

    • ਲੇਖਕ, ਹਰਮਨਦੀਪ ਸਿੰਘ
    • ਰੋਲ, ਬੀਬੀਸੀ ਪੱਤਰਕਾਰ

ਸੰਗਰੂਰ ਦੇ ਕਾਲੀ ਮਾਤਾ ਮੰਦਰ ਵਿੱਚ ਬੀਤੇ ਦਿਨੀਂ ਗੰਜੇਪਣ ਨੂੰ ਦੂਰ ਕਰਨ ਦਾ ਦਾਅਵਾ ਕਰ ਕੇ ਲਾਏ ਗਏ ਮੁਫ਼ਤ ਕੈਂਪ ਵਿੱਚ ਲਗਭਗ 70 ਮਰੀਜ਼ਾਂ ਦੀਆਂ ਅੱਖਾਂ ਨੂੰ ਨੁਕਸਾਨ ਪਹੁੰਚਿਆ ਸੀ।

ਇਸ ਮਾਮਲੇ ਵਿੱਚ ਪੁਲਿਸ ਨੇ ਖੰਨਾ ਦੇ ਰਹਿਣ ਵਾਲੇ ਅਮਨਦੀਪ ਸਿੰਘ ਅਤੇ ਸੰਗਰੂਰ ਦੇ ਵਸਨੀਕ ਤੇਜਿੰਦਰਪਾਲ ਸਿੰਘ ਖ਼ਿਲਾਫ਼ ਕੇਸ ਦਰਜ ਕੀਤਾ ਸੀ।

ਮਰੀਜ਼ਾਂ ਮੁਤਾਬਕ ਅਮਨਦੀਪ ਸਿੰਘ ਵੱਲੋਂ ਗੰਜੇਪਣ ਦਾ ਇਲਾਜ ਕਰਨ ਦਾ ਦਾਅਵਾ ਕੀਤਾ ਜਾਂਦਾ ਹੈ ਅਤੇ ਉਸ ਨੇ ਖੁਦ ਇੱਕ ਆਯੂਰਵੈਦਿਕ ਦਵਾਈ ਤਿਆਰ ਕੀਤੀ ਹੈ। ਉਹ ਅਜਿਹੇ ਦਾਅਵੇ ਆਪਣੇ ਸੋਸ਼ਲ ਮੀਡੀਆ ਪਲੇਟਫਾਰਮਜ਼ ਉੱਤੇ ਵੀ ਕਰਦੇ ਹਨ।

ਲੋਕਾਂ ਦੇ ਸਿਰ ਉੱਤੇ ਦਵਾਈ ਲਗਾਉਣ ਵਾਲੇ ਕੈਂਪ ਸੰਗਰੂਰ ਤੋਂ ਪਹਿਲਾਂ ਲੁਧਿਆਣਾ ਜ਼ਿਲ੍ਹੇ ਦੇ ਖੰਨਾ ਸ਼ਹਿਰ ਵਿੱਚ ਵੀ ਲੱਗੇ ਸਨ।

ਮੁਲਜ਼ਮ ਦੇ ਸੋਸ਼ਲ ਮੀਡੀਆ ਖਾਤਿਆਂ ਉੱਤੇ ਪਾਈਆਂ ਵੀਡੀਓਜ਼ ਨੂੰ ਰੋਜ਼ਾਨਾ ਹਜ਼ਾਰਾਂ ਲੋਕ ਦੇਖਦੇ ਹਨ।

ਪੰਜਾਬੀ ਸੰਗੀਤ ਅਤੇ ਸਿਨੇਮਾ ਜਗਤ ਦੀਆਂ ਕੁਝ ਮਸ਼ਹੂਰ ਹਸਤੀਆਂ ਵੀ ਮੁਲਜ਼ਮ ਅਤੇ ਇਸ ਦੇ ਉਤਪਾਦਾਂ ਦਾ ਪ੍ਰਚਾਰ ਕਰਦੀਆਂ ਸਨ।

ਮੁਲਜ਼ਮ ਅਮਨਦੀਪ ਕੌਣ ਹੈ

ਪੁਲਿਸ ਦੀ ਐੱਫਆਈਆਰ ਅਤੇ ਸਿਹਤ ਵਿਭਾਗ ਦੇ ਅਧਿਕਾਰੀਆਂ ਮੁਤਾਬਕ ਮੁਲਜ਼ਮ ਅਮਨਦੀਪ ਸਿੰਘ ਖੰਨਾ ਦਾ ਵਸਨੀਕ ਹੈ ਅਤੇ ਇੱਥੇ ਉਹ 9ਐਕਸਉ ਸਟਾਈਲ ਨਾਮ ਦਾ ਸਲੂਨ ਚਲਾ ਰਿਹਾ ਸੀ।

ਹਰ ਹਫ਼ਤੇ ਸੈਂਕੜੇ ਲੋਕ ਉਸ ਕੋਲ ਗੰਜੇਪਣ ਤੋਂ ਛੁਟਕਾਰਾ ਪਵਾਉਣ ਦੀ ਆਸ ਲੈ ਕੇ ਆਉਂਦੇ ਸੀ। ਸਲੂਨ ਵਿੱਚ ਹੀ ਉਹ ਲੋਕਾਂ ਦੀ ਦਵਾਈ ਲਗਾਉਂਦਾ ਸੀ। ਉਸ ਦਾ ਸਲੂਨ ਖੰਨਾ ਸ਼ਹਿਰ ਵਿੱਚ ਹੈ।

ਜ਼ਿਲ੍ਹਾ ਆਯੂਰਵੈਦਿਕ ਅਫ਼ਸਰ ਡਾ. ਰਮਨ ਖੰਨਾ ਨੇ ਦੱਸਿਆ, "ਮੁਲਜ਼ਮ ਲਗਭਗ ਪਿਛਲੇ ਸੱਤ ਮਹੀਨਿਆਂ ਤੋਂ ਗੰਜੇਪਣ ਤੋਂ ਛੁਟਕਾਰਾ ਦਵਾਉਣ ਦਾ ਦਾਅਵਾ ਕਰਦਾ ਆ ਰਿਹਾ ਹੈ। ਉਹ ਲੋਕਾਂ ਦੇ ਸਿਰ ਉੱਤੇ ਤੇਲ ਲਾਉਣ ਦੇ ਨਾਲ-ਨਾਲ, ਸ਼ੈਂਪੂ ਵੀ ਦਿੰਦਾ ਹੈ।"

ਉਹ ਦਾਅਵਾ ਕਰਦਾ ਹੈ ਕਿ ਲੇਪ, ਸ਼ੈਂਪੂ ਅਤੇ ਤੇਲ ਉਹ ਖ਼ੁਦ ਤਿਆਰ ਕਰਦਾ ਹੈ। ਉਸ ਦਾ ਸਲੂਨ ਯੂਨੀਸੈਕਸ ਸੀ। ਜਿਸ ਵਿੱਚ ਹੇਅਰ ਕੱਟ ਤੋਂ ਲੈ ਕੇ ਦੁਲਹਨਾਂ ਦੇ ਮੇਕਅੱਪ ਵੀ ਕੀਤੇ ਜਾਂਦੇ ਸਨ।

ਮੁਲਜ਼ਮ ਦੇ ਇੰਸਟਾਗ੍ਰਾਮ ਖਾਤੇ ਉੱਤੇ ਅਪਲੋਡ ਕੀਤੀਆਂ ਵੀਡੀਊਜ਼ ਮੁਤਾਬਕ ਸ਼ੁਰੂਆਤ ਵਿੱਚ ਉਹ ਸਿਰਫ਼ ਮੁੱਛਾਂ ਅਤੇ ਦਾੜ੍ਹੀ ਦੀ ਸਾਂਭ-ਸੰਭਾਲ ਲਈ ਹੀ ਤੇਲ ਵੇਚਦਾ ਸੀ ਅਤੇ ਫਿਰ ਸਿਰ ਵਿੱਚ ਸਿੱਕਰੀ ਦੇ ਇਲਾਜ ਦੇ ਵੀ ਦਾਅਵੇ ਕਰਨ ਲੱਗ ਪਿਆ।

ਕਦੋਂ ਅਤੇ ਕਿਵੇਂ ਇਲਾਜ ਕਰਦਾ ਸੀ

ਜ਼ਿਲ੍ਹਾ ਆਯੂਰਵੈਦਿਕ ਅਫ਼ਸਰ ਡਾ. ਰਮਨ ਖੰਨਾ ਨੇ ਦੱਸਿਆ ਕਿ ਮੁਲਜ਼ਮ ਆਪਣੇ ਵੱਲੋਂ ਤਿਆਰ ਕੀਤੇ ਹੋਏ ਉਤਪਾਦਾਂ ਨਾਲ ਗੰਜੇਪਣ ਦਾ ਇਲਾਜ ਕਰਨਾ ਦਾ ਦਾਅਵਾ ਕਰਦਾ ਸੀ।

"ਉਹ ਹਫ਼ਤੇ ਵਿੱਚ ਤਿੰਨ ਦਿਨ ਮਰੀਜ਼ਾਂ ਦੇ ਦਵਾਈ ਲਗਾਉਂਦਾ ਸੀ। ਉਸ ਦੇ ਉਤਪਾਦਾਂ ਵਿੱਚ ਇੱਕ ਲੇਪਨੁਮਾ ਉਤਪਾਦ, ਸ਼ੈਂਪੂ ਅਤੇ ਤੇਲ ਹੁੰਦਾ ਸੀ।"

"ਉਹ ਗੰਜੇ ਵਿਅਕਤੀਆਂ ਦੇ ਸਿਰ ਉੱਪਰ ਲੇਪ ਲਗਾਉਂਦਾ ਸੀ ਅਤੇ ਫਿਰ ਉਨਾਂ ਨੂੰ ਸ਼ੈਂਪੂ ਅਤੇ ਤੇਲ ਲਗਾਉਣ ਦੀ ਸਲਾਹ ਦਿੰਦਾ ਸੀ। ਉਹ ਮੰਗਲਵਾਰ, ਵੀਰਵਾਰ ਅਤੇ ਸ਼ਨੀਵਾਰ ਦਵਾਈ ਲਗਾਉਂਦਾ ਹੈ।"

ਡਾ. ਖੰਨਾ ਨੇ ਦੱਸਿਆ ਕਿ ਮੁਲਜ਼ਮ ਮਰੀਜ਼ਾਂ ਦੇ ਗੰਜੇਪਣ ਨੂੰ ਦੂਰ ਕਰਨ ਲਈ ਉਨ੍ਹਾਂ ਨੂੰ ਆਪਣੇ ਉਤਪਾਦ ਵੇਚਦਾ ਸੀ ਅਤੇ ਉਨਾਂ ਤੋਂ 800 ਤੋਂ ਲੈ ਕੇ 1300 ਰੁਪਏ ਤੱਕ ਵਸੂਲਦਾ ਸੀ।

ਉਨ੍ਹਾਂ ਦੱਸਿਆ ਕਿ ਖੰਨਾ ਵਿੱਚ ਉਹ ਮਰੀਜ਼ਾਂ ਤੋਂ 800 ਰੁਪਏ ਤੱਕ ਵਸੂਲਦਾ ਸੀ ਪਰ ਸੰਗਰੂਰ ਵਿੱਚ ਲਾਏ ਕੈਂਪ ਦੌਰਾਨ ਉਸਨੇ 1300 ਰੁਪਏ ਤੱਕ ਵੀ ਵਸੂਲੇ ਹਨ।

ਸੋਸ਼ਲ ਮੀਡੀਆ ਉੱਤੇ ਕਿਵੇਂ ਕਰਦਾ ਸੀ ਪ੍ਰਚਾਰ

ਮੁਲਜ਼ਮ ਆਪਣੇ ਉਤਪਾਦਾਂ ਨੂੰ ਵੇਚਣ ਵਾਸਤੇ ਸੋਸ਼ਲ ਮੀਡੀਆ ਦੀ ਵਰਤੋਂ ਕਰਦਾ ਸੀ। ਇੰਸਟਾਗ੍ਰਾਮ ਉੱਤੇ ਉਸ ਦੇ ਸਲੂਨ ਦੇ ਅਕਾਊਂਟ ਨੂੰ ਮੌਜੂਦਾ ਸਮੇਂ 87,400 ਲੋਕ ਫੌਲੋ ਕਰ ਰਹੇ ਹਨ।

ਉਸ ਦੀ ਵੀਡੀਓ ਨੂੰ ਰੋਜ਼ਾਨਾ ਹਜ਼ਾਰਾਂ ਲੋਕ ਦੇਖਦੇ ਸਨ। ਸਲੂਨ ਦੇ ਪੇਜ਼ ਦੇ ਖਾਤੇ ਤੋਂ ਅਪਲੋਡ ਹੋਈਆਂ ਕਈ ਵੀਡੀਓਜ਼ ਲੱਖਾਂ ਲੋਕਾਂ ਤੱਕ ਵੀ ਗਈਆਂ ਹਨ।

ਉਸਦੀ ਵੀਡੀਊਜ਼ ਦੇ ਕਿਰਦਾਰ ਹਮੇਸ਼ਾ ਅਜਿਹੇ ਵਿਅਕਤੀ ਹੁੰਦੇ ਸਨ, ਜਿਹੜੇ ਦਾਅਵਾ ਕਰਦੇ ਸਨ ਕਿ ਮੁਲਜ਼ਮ ਦੇ ਉਤਪਾਦ ਵਰਤਣ ਮਗਰੋਂ ਉਨ੍ਹਾਂ ਦੇ ਸਿਰ ਉੱਤੇ ਵਾਲ ਆ ਗਏ ਹਨ। ਉਹ ਆਪਣੀਆਂ ਉਤਪਾਦ ਵਰਤਣ ਤੋਂ ਪਹਿਲਾਂ ਅਤੇ ਬਾਅਦ ਦੀਆਂ ਤਸਵੀਰਾਂ ਦਿਖਾਉਂਦੇ ਸਨ।

ਸੈਲੀਬ੍ਰਿਟੀ ਕਨੈਕਸ਼ਨ ਕੀ ਹੈ

ਆਮ ਲੋਕਾਂ ਤੋਂ ਬਿਨਾਂ 9ਐਕਸਉ ਸੈਲੂਨ ਦੀ ਚਰਚਾ ਪੰਜਾਬੀ ਸੰਗੀਤ ਅਤੇ ਸਿਨੇਮਾ ਜਗਤ ਦੀਆਂ ਕਈ ਮਸ਼ਹੂਰ ਹਸਤੀਆਂ ਵਿੱਚ ਵੀ ਸੀ।

ਮੁਲਜ਼ਮ ਦੇ ਸੈਲੂਨ ਦੇ ਇੰਸਟਾਗ੍ਰਾਮ ਅਕਾਊਂਟਸ ਮੁਤਾਬਕ ਇਹ ਮਸ਼ਹੂਰ ਹਸਤੀਆਂ ਅਕਸਰ ਉਸਦੇ ਉਤਪਾਦਾਂ ਦੀਆਂ ਸਿਫ਼ਤਾਂ ਕਰਦੀਆਂ ਸਨ ਅਤੇ ਇਹਨਾਂ ਸਿਫ਼ਤਾਂ ਦੀਆਂ ਵੀਡੀਓ ਵੀ ਅਪਲੋਡ ਕਰਦੀਆਂ ਸਨ।

ਕਈ ਹਸਤੀਆਂ ਵੱਲੋਂ ਮੁਲਜ਼ਮ ਦੇ ਉਤਪਾਦ ਵਰਤ ਕੇ ਫਾਇਦਾ ਹੋਣ ਦੇ ਦਾਅਵੇ ਵੀ ਕੀਤਾ ਗਏ ਸਨ। ਇਸ ਬਾਰੇ ਫਿਲਹਾਲ ਸੈਲੂਨ ਦੇ ਇੰਸਟਾਗ੍ਰਾਮ ਖਾਤੇ ਉੱਤੇ ਵੀਡੀਓ ਮੌਜੂਦ ਹਨ।

ਇਸ ਸੈਲੂਨ ਵੱਲੋਂ ਸੰਗਰੂਰ ਵਿੱਚ ਲਾਏ ਗਏ ਕੈਂਪ ਦਾ ਪ੍ਰਚਾਰ ਵੀ ਪੰਜਾਬੀ ਸੰਗੀਤ ਅਤੇ ਸਿਨੇਮਾ ਜਗਤ ਦੀਆਂ ਹਸਤੀਆਂ ਨੇ ਕੀਤਾ ਸੀ।

ਮਾਮਲਾ ਕੀ ਸੀ

16 ਮਾਰਚ ਨੂੰ ਸੰਗਰੂਰ ਦੇ ਕਾਲੀ ਮਾਤਾ ਮੰਦਿਰ ਵਿੱਚ ਗੰਜੇਪਣ ਨੂੰ ਦੂਰ ਕਰਨ ਦਾ ਦਾਅਵਾ ਕਰਦੇ ਹੋਏ ਮੁਫ਼ਤ ਕੈਂਪ ਲਗਾਇਆ ਗਿਆ ਸੀ, ਜਿਸ ਵਿੱਚ ਪੰਜਾਬ ਦੇ ਵੱਖ-ਵੱਖ ਹਿੱਸਿਆਂ ਤੋਂ ਆਏ ਲੋਕ ਸ਼ਾਮਲ ਹੋਏ ਸਨ।

ਇਹ ਲੋਕ ਆਪਣੇ ਗੰਜੇਪਣ ਤੋਂ ਛੁਟਕਾਰਾ ਪਾਉਣ ਦੀ ਉਮੀਦ ਨਾਲ ਕੈਂਪ ਵਿੱਚ ਆਏ ਸਨ। ਇਸ ਦੌਰਾਨ ਸਿਰ ਉੱਤੇ ਦਵਾਈ ਲਗਾਉਣ ਮਗਰੋਂ 70 ਦੇ ਲਗਭਗ ਮਰੀਜ਼ਾਂ ਦੀਆਂ ਅੱਖਾਂ ਨੂੰ ਨੁਕਸਾਨ ਪਹੁੰਚਿਆ ਸੀ।

ਇਸ ਮਗਰੋਂ ਸੰਗਰੂਰ ਦੇ ਸਿਵਲ ਹਸਪਤਾਲ ਵਿੱਚ ਅੱਖਾਂ ਦੇ ਇਨਫੈਕਸ਼ਨ ਵਾਲੇ ਮਰੀਜ਼ਾਂ ਪਹੁੰਚਣੇ ਸ਼ੁਰੂ ਹੋਏ।

ਮਰੀਜ਼ਾਂ ਮੁਤਾਬਕ ਉਨ੍ਹਾਂ ਨੂੰ ਅੱਖਾਂ ਦੇ ਵਿੱਚ ਇਨਫੈਕਸ਼ਨ ਦੀ ਦਿੱਕਤ ਆ ਰਹੀ ਸੀ ਤੇ ਕਾਫੀ ਦਰਦ ਹੋ ਰਿਹਾ ਸੀ।

ਬੀਬੀਸੀ ਸਹਿਯੋਗੀ ਚਰਨਜੀਵ ਕੌਸ਼ਲ ਨੂੰ ਸੰਗਰੂਰ ਦੇ ਸਿਵਲ ਸਰਜਨ ਸੰਜੇ ਕਾਮਰਾ ਨੇ ਦੱਸਿਆ ਸੀ ਕਿ ਕਾਲੀ ਮਾਤਾ ਮੰਦਰ ਵਿੱਚ ਕਿਸੇ ਨੇ ਗੰਜੇਪਣ ਨੂੰ ਦੂਰ ਕਰਨ ਦੀ ਦਵਾਈ ਦਿੱਤੀ ਸੀ ਤਾਂ ਲੋਕਾਂ ਨੂੰ ਉਸ ਨਾਲ ਰਿਐਕਸ਼ਨ ਹੋ ਗਿਆ।

ਉਨ੍ਹਾਂ ਨੇ ਅੱਗੇ ਕਿਹਾ ਸੀ, "ਸਾਨੂੰ ਨਹੀਂ ਪਤਾ ਕਿ ਕੈਂਪ ਕਿਸ ਨੇ ਲਗਾਇਆ ਅਤੇ ਜੋ ਜਾਣਕਾਰੀ ਮਿਲੀ ਹੈ ਉਸ ਮੁਤਾਬਕ ਇਹ ਬਿਨਾਂ ਇਜਾਜ਼ਤ ਦੇ ਲਗਾਇਆ ਗਿਆ ਸੀ। ਸਾਡੇ ਕੋਲ ਤਾਂ ਐਤਵਾਰ ਰਾਤ ਦੇ ਹੀ ਐਮਰਜੈਂਸੀ ਵਿੱਚ ਮਰੀਜ਼ ਆ ਰਹੇ ਹਨ।"

ਪੀੜਤਾਂ ਨੇ ਕੀ ਕਿਹਾ

ਸੰਗਰੂਰ ਦੇ ਭਵਾਨੀਗੜ ਦੇ ਰਹਿਣ ਵਾਲੇ ਧਰਮਵੀਰ ਸਿੰਘ ਜੋ ਕਿ ਪੰਜਾਬੀ ਕਾਮੇਡੀ ਫਿਲਮਾਂ ਵਿੱਚ ਛੋਟੇ ਰੋਲ ਕਰਦੇ ਹਨ ਉਨ੍ਹਾਂ ਨੇ ਬੀਬੀਸੀ ਸਹਿਯੋਗੀ ਚਰਨਜੀਵ ਕੌਸ਼ਲ ਨੂੰ ਜਾਣਕਾਰੀ ਦਿੱਤੀ, "ਆਪਣਾ ਗੰਜਾਪਣ ਦੂਰ ਕਰਨ ਲਈ ਮੈਂ ਵੀ ਦਵਾਈ ਲਗਵਾਈ ਸੀ।"

"ਪਰ ਮੈਂ ਆਪਣੀਆਂ ਅੱਖਾਂ ਵੀ ਗਵਾ ਦੇਣੀਆਂ ਸੀ। ਕਾਫ਼ੀ ਜਲਨ ਹੋਈ ਅਤੇ ਤੇਜ਼ ਦਰਦ ਹੋਇਆ। ਜਿਸ ਕਾਰਨ ਹਸਪਤਾਲ ਜਾ ਕੇ ਇਲਾਜ ਕਰਵਾਇਆ।"

ਉਨ੍ਹਾਂ ਦੱਸਿਆ, "ਮੇਰਾ ਪਰਿਵਾਰ ਵੀ ਘਬਰਾ ਗਿਆ ਸੀ। ਮੈਂ ਸ਼ੋਸ਼ਲ ਮੀਡੀਆ ਵੀਡੀਓ ਦੇਖ ਕੇ ਉਨ੍ਹਾਂ ਦੇ ਝਾਂਸੇ ਵਿੱਚ ਆ ਗਿਆ ਸੀ। ਉਨ੍ਹਾਂ ਲੋਕਾਂ ਨੂੰ ਅਪੀਲ ਵੀ ਕੀਤੀ ਕਿ ਕਦੇ ਵੀ ਐਵੇਂ ਸ਼ੋਸ਼ਲ ਮੀਡੀਆ ਵਾਇਰਲ ਵੀਡੀਓ 'ਤੇ ਯਕੀਨ ਕਰਕੇ ਆਪਣਾ ਨੁਕਸਾਨ ਨਾਂ ਕਰਵਾਇਓ।"

ਇੱਕ ਹੋਰ ਪੀੜਤ ਨੇ ਦੱਸਿਆ ਕਿ ਉਹ ਸੋਸ਼ਲ ਮੀਡੀਆ ਉੱਤੇ ਮੁਲਜ਼ਮ ਦੀਆਂ ਵੀਡੀਓਜ਼ ਅਤੇ ਮਸ਼ਹੂਰੀਆਂ ਤੋਂ ਪ੍ਰਭਾਵਿਤ ਹੋ ਕੇ ਕੈਂਪ ਵਿੱਚ ਗਿਆ ਸੀ।

ਪੁਲਿਸ ਵੱਲੋਂ ਕੀ ਕਾਰਵਾਈ ਕੀਤੀ ਗਈ

ਇੱਕ ਪੀੜਤ ਦੀ ਸ਼ਿਕਾਇਤ ʼਤੇ ਸੰਗਰੂਰ ਪੁਲਿਸ ਵੱਲੋਂ ਮਾਮਲਾ ਦਰਜ ਕਰ ਲਿਆ ਗਿਆ ਹੈ।

ਪੁਲਿਸ ਨੇ ਅਮਨਦੀਪ ਸਿੰਘ ਅਤੇ ਤਜਿੰਦਰ ਪਾਲ ਖ਼ਿਲਾਫ਼ ਧਾਰਾ 124 ਤਹਿਤ ਐੱਫਆਈਆਰ ਦਰਜ ਕੀਤੀ ਹੈ। ਤਜਿੰਦਰ ਪਾਲ ਸਿੰਘ ਇਸ ਕੈਂਪ ਦਾ ਸਪੌਂਸਰ ਬਣਿਆ ਸੀ ਅਤੇ ਪੁਲਿਸ ਨੇ ਉਸਨੂੰ ਗ੍ਰਿਫ਼ਤਾਰ ਕਰ ਲਿਆ ਸੀ। ਪਰ ਮੁੱਖ ਮੁਲਜ਼ਮ ਅਮਨਦੀਪ ਅਜੇ ਫਰਾਰ ਹੈ।

ਆਯੂਰਵੈਦਿਕ ਵਿਭਾਗ ਨੇ ਕੀ ਕਾਰਵਾਈ ਕੀਤੀ

ਆਯੂਰਵੈਦਿਕ ਵਿਭਾਗ ਵੱਲੋਂ ਮੁਲਜ਼ਮ ਦਾ ਖੰਨਾ ਸ਼ਹਿਰ ਵਿੱਚ ਸਥਿਤ ਸੈਲੂਨ ਸੀਲ ਕਰ ਦਿੱਤਾ ਗਿਆ ਹੈ।

ਜ਼ਿਲ੍ਹਾ ਆਯੂਰਵੈਦਿਕ ਅਫਸਰ ਡਾ. ਰਮਨ ਖੰਨਾ ਨੇ ਦੱਸਿਆ ਕਿ ਮੁਲਜ਼ਮ ਆਯੂਰਵੈਦਿਕ ਦਵਾਈ ਨਾਲ ਗੰਜੇਪਣ ਦਾ ਇਲਾਜ ਕਰਨ ਦਾ ਦਾਅਵਾ ਕਰਦਾ ਸੀ। ਇਸ ਲਈ ਇਹ ਮਾਮਲਾ ਆਯੂਰਵੈਦਿਕ ਵਿਭਾਗ ਦੇ ਅਧਿਕਾਰ ਖੇਤਰ ਵਿੱਚ ਆਉਂਦਾ ਹੈ।

"ਅਸੀਂ ਮੁਲਜ਼ਮ ਦੇ ਖੰਨਾ ਵਿੱਚ ਸਥਿਤ ਸੈਲੂਨ ਉੱਤੇ ਦੋ ਵਾਰੀ ਗਏ ਅਤੇ ਮੁਲਜ਼ਮ ਨਾਲ ਸੰਪਰਕ ਕਰਨ ਦੀ ਕੋਸ਼ਿਸ਼ ਕੀਤੀ। ਪਰ ਜਦੋਂ ਸੰਪਰਕ ਨਹੀਂ ਹੋਇਆ ਤਾਂ ਅਸੀਂ ਉਸਦੇ ਸੈਲੂਨ ਨੂੰ ਸੀਲ ਕਰ ਦਿੱਤਾ ਹੈ ਅਤੇ ਉੱਥੇ ਇੱਕ ਨੋਟਿਸ ਵੀ ਲਗਾ ਦਿੱਤਾ ਹੈ।"

"ਹੁਣ ਤੱਕ ਦੀ ਜਾਣਕਾਰੀ ਤੋਂ ਸਾਹਮਣੇ ਆਇਆ ਹੈ ਕਿ ਮੁਲਜ਼ਮ ਸੈਲੂਨ ਚਲਾਉਂਦਾ ਹੈ। ਉਹ ਕੋਈ ਡਾਕਟਰ ਨਹੀਂ ਹੈਂ। ਉਹ ਆਯੂਰਵੈਦਿਕ ਉਤਪਾਦ ਦੀ ਵਰਤੋਂ ਕਰ ਰਿਹਾ ਸੀ।"

ਉਨ੍ਹਾਂ ਦੱਸਿਆ ਕਿ ਮੁਲਜ਼ਮ ਨੇ ਡਰੱਗਜ਼ ਐਂਡ ਕੌਸਮੈਟਿਕ ਐਕਟ ਅਤੇ ਡਰੱਗਜ਼ ਮੈਜ਼ਿਕ ਰੈਮਡੀ ਐਕਟ ਦੀ ਦੁਰਵਰਤੋਂ ਕੀਤੀ ਹੈ।

ਕੀ ਅਜਿਹੀ ਕੋਈ ਦੇਸੀ ਜਾਂ ਆਯੁਰਵੈਦਿਕ ਦਵਾਈ ਗੰਜਾਪਣ ਦੂਰ ਕਰ ਸਕਦੀ ਹੈ।

ਡਾ. ਰਮਨ ਖੰਨਾ ਨੇ ਦੱਸਿਆ ਕਿ ਗੰਜੇਪਣ ਦਾ ਇਲਾਜ ਇਸ ਗੱਲ ਉੱਤੇ ਨਿਰਭਰ ਕਰਦਾ ਹੈ ਕਿ ਮਰੀਜ਼ ਦੇ ਗੰਜੇ ਹੋਣ ਦੇ ਕੀ ਕਾਰਨ ਹਨ। ਗੰਜੇ ਹੋਣ ਦੇ ਵੱਖ-ਵੱਖ ਕਾਰਨ ਹੋ ਸਕਦੇ ਹਨ।

"ਇਸ ਲਈ ਪਹਿਲਾਂ ਗੰਜੇ ਹੋਣ ਦੇ ਕਾਰਨਾਂ ਦਾ ਪਤਾ ਕਰਨਾ ਜ਼ਰੂਰੀ ਹੈ। ਉਨ੍ਹਾਂ ਕਾਰਨਾਂ ਦੇ ਮੁਤਾਬਕ ਗੰਜੇਪਣ ਦਾ ਹੱਲ ਹੁੰਦਾ ਹੈ। ਇਸ ਤੋਂ ਇਲਾਵਾ ਇੱਕ ਦਵਾਈ ਹਰ ਮਰੀਜ਼ ਉੱਤੇ ਇੱਕੋ ਜਿਹਾ ਅਸਰ ਨਹੀਂ ਕਰਦੀ।"

ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTER, WhatsApp ਅਤੇ YouTube 'ਤੇ ਜੁੜੋ।)