ਪਹਿਲਗਾਮ ਹਮਲਾ: 'ਦੋਵਾਂ ਪੰਜਾਬਾਂ ਦਾ ਬੀਜਿਆ ਮੁਹੱਬਤ ਦਾ ਬੀਜ ਪੁੰਗਰੇਗਾ ਜਾਂ ਨਹੀਂ'

ਤਸਵੀਰ ਸਰੋਤ, Ali Usman Bajwa
- ਲੇਖਕ, ਰਾਜਵੀਰ ਕੌਰ ਗਿੱਲ
- ਰੋਲ, ਬੀਬੀਸੀ ਪੱਤਰਕਾਰ
"ਦੋਵੇਂ ਦੇਸ਼ ਆਪਣੀ ਹੱਦ ਤੋਂ ਵੱਧ ਰਹੇ ਹਨ, ਜਦਕਿ ਲੋੜ ਨਹੀਂ ਹੈ ਅਜਿਹਾ ਕਰਨ ਦੀ।" ਪਾਕਿਸਤਾਨੀ ਸ਼ਾਇਰਾ ਕੀਸ਼ਵਰ ਨੌਹੀਰ ਪਹਿਲਗਾਮ ਹਮਲੇ ਤੋਂ ਬਾਅਦ ਪੈਦਾ ਹੋਏ ਤਣਾਅ ਨੂੰ ਲੈ ਕੇ ਫ਼ਿਕਰਮੰਦ ਹੈ।
ਬਜ਼ੁਰਗ ਸ਼ਾਇਰਾ ਨੂੰ ਲੱਗਦਾ ਹੈ ਸ਼ਾਇਦ ਹੁਣ ਉਹ ਕਦੇ ਭਾਰਤ ਨਹੀਂ ਜਾ ਸਕਣਗੇ ਅਤੇ ਨਾ ਹੀ ਉਨ੍ਹਾਂ ਨੂੰ ਕੋਈ ਭਾਰਤ ਤੋਂ ਮਿਲਣ ਆਵੇਗਾ।
ਭਾਰਤ ਸਰਕਾਰ ਵੱਲੋਂ 22 ਅਪ੍ਰੈਲ ਨੂੰ ਜੰਮੂ-ਕਸ਼ਮੀਰ ਦੇ ਪਹਿਲਗਾਮ ਵਿੱਚ ਹੋਏ ਅੱਤਵਾਦੀ ਹਮਲੇ ਤੋਂ ਬਾਅਦ ਭਾਰਤ-ਪਾਕਿਸਤਾਨ ਦੀ ਅਟਾਰੀ-ਵਾਹਗਾ ਪੋਸਟ ਨੂੰ ਵੀ ਬੰਦ ਕੀਤੇ ਜਾਣ ਦਾ ਫ਼ੈਸਲਾ ਲਿਆ ਗਿਆ ਹੈ।
ਭਾਰਤ ਘੁੰਮਣ ਆਏ ਪਾਕਿਸਤਾਨ ਦੇ ਨਾਗਰਿਕ 24 ਅਪ੍ਰੈਲ ਤੋਂ ਹੀ ਚਿੰਤਾ ਵਿੱਚ ਵਾਹਗੇ ਤੋਂ ਤੇਜ਼ੀ ਨਾਲ ਸਰਹੱਦ ਪਾਰ ਜਾ ਰਹੇ ਹਨ। ਚਿੰਤਾ ਸਿਰਫ਼ ਸਰਹੱਦ ਪਾਰ ਕਰਨ ਦੀ ਨਹੀਂ ਬਲਕਿ ਆਪਣਿਆਂ ਨੂੰ ਮਿਲਣ ਦੇ ਰਾਹ ਬੰਦ ਹੋਣ ਦੀ ਵੀ ਹੈ।
ਬੀਤੇ ਸਾਲਾਂ ਵਿੱਚ ਭਾਰਤ-ਪਾਕਿਸਤਾਨ ਵਿੱਚ ਚੜ੍ਹਦੇ-ਲਹਿੰਦੇ ਪੰਜਾਬ ਦਰਮਿਆਨ ਸਾਂਝ ਦੇ ਪ੍ਰਤੀਕ ਕਈ ਸਮਾਗਮ ਹੋਏ।
ਕਈ ਸਾਹਿਤਕ ਤਕਰੀਬਾਂ ਅਜਿਹੀਆਂ ਸਨ ਜਿਨ੍ਹਾਂ ਵਿੱਚ ਦੋਵਾਂ ਪੰਜਾਬਾਂ ਦੇ ਸਾਹਿਤਕਾਰਾਂ ਨੇ ਸ਼ਿਰਕਤ ਕੀਤੀ।
ਕਰਤਾਰਪੁਰ ਲਾਂਘਾ ਖੁੱਲ੍ਹਣ ਤੋਂ ਬਾਅਦ ਵੰਡ ਦੌਰਾਨ ਵਿਛੜੇ ਕਈ ਪਰਿਵਾਰ ਦਹਾਕਿਆਂ ਬਾਅਦ ਆਪਣਿਆਂ ਨੂੰ ਭਾਲ ਸਕੇ ਅਤੇ ਮਿਲਣ ਵਿੱਚ ਕਾਮਯਾਬ ਵੀ ਹੋਏ।
ਮੌਜੂਦਾ ਮਾਹੌਲ ਬਾਰੇ ਪਾਕਿਸਤਾਨ ਦੇ ਸ਼ਾਇਰ ਅਫ਼ਜ਼ਲ ਸਾਹਿਰ ਕਹਿੰਦੇ ਹਨ ਕਿ ਦਿਲਾਂ ਵਿੱਚ ਦਹਿਲ ਤਾਂ ਪੈਦਾ ਕਰ ਹੀ ਦਿੱਤਾ ਹੈ ਕਿ ਦੋਵਾਂ ਪੰਜਾਬਾਂ ਦੇ ਬਾਸ਼ਿੰਦਿਆਂ ਵੱਲੋਂ ਬੀਜਿਆ ਗਿਆ ਮੁਹੱਬਤ ਦਾ ਬੀਜ ਪੁੰਗਰੇਗਾ ਵੀ ਜਾਂ ਨਹੀਂ।
ਉਹ ਕਹਿੰਦੇ ਹਨ ਕਿ ਦੋਵਾਂ ਪੰਜਾਬਾਂ ਦੇ ਲੋਕਾਂ ਦੇ ਰਾਬਤੇ ਚਾਹੇ ਸਰਕਾਰਾਂ ਦੀਆਂ ਪਹਿਲਕਦਮੀਆਂ ਕਰਕੇ ਹੀ ਹੋਏ ਸਨ, ਪਰ ਚੜ੍ਹਦੇ ਤੇ ਲਹਿੰਦੇ ਪੰਜਾਬ ਦੇ ਲੋਕਾਂ ਨੇ ਵੀ ਇੱਕ ਦੂਜੇ ਨੂੰ ਬਹੁਤ ਖ਼ੁੱਲਦਿਲੀ ਨਾਲ ਸਵਿਕਾਰਿਆ ਸੀ।
‘ਬੰਦਾ ਬੰਦੇ ਦਾ ਵੈਰੀ ਹੋ ਗਿਆ’

ਤਸਵੀਰ ਸਰੋਤ, Kishwar Nauheer
ਕੀਸ਼ਵਰ ਨੌਹੀਰ ਕਈ ਵਾਰ ਭਾਰਤ ਆਏ, ਦਿੱਲੀ ਵਿੱਚ ਕਈ ਕਵੀ ਦਰਬਾਰਾਂ ਦਾ ਹਿੱਸਾ ਰਹੇ।
ਉਹ ਕਹਿੰਦੇ ਹਨ,"ਇਤਿਹਾਸਿਕ ਹਵਾਲੇ ਦੇਖੋ ਆਪਣਾਪਨ ਅਤੇ ਮੁਹੱਬਤ ਭਾਰਤ ਦੀ ਸ਼ਾਨ ਸੀ ਵਿਰਾਸਤ ਜੋ ਅਸੀਂ ਆਜ਼ਾਦੀ ਦੀ ਵੰਡ ਤੋਂ ਬਾਅਦ ਗੁਆ ਦਿੱਤੀ।"
ਉਹ ਭਾਰਤ-ਪਾਕਿਸਤਾਨ ਦੇ ਆਮ ਲੋਕਾਂ ਦੀ ਗੱਲ ਕਰਦਿਆਂ ਕਹਿੰਦੇ ਹਨ, "ਅਸੀਂ ਵੰਡ ਝੱਲੀ ਸੀ, ਸਾਡੇ ਦੁੱਖ ਇੱਕੋ ਜਿਹੇ ਸਨ ਤਾਂ ਸਾਨੂੰ ਇੱਕ-ਦੂਜੇ ਨਾਲ ਹਮਦਰਦੀ ਪਿਆਰ ਸੀ।"
"ਪਰ ਦੋਵਾਂ ਦੇਸ਼ਾਂ ਨੇ ਆਉਣ ਵਾਲੀਆਂ ਨਸਲਾਂ ਨੂੰ ਮਜ਼ਹਬੀ ਨਫ਼ਰਤ ਸਿਖਾਉਣ ਦੀ ਕੋਸ਼ਿਸ਼ ਕੀਤੀ। ਜਦਕਿ ਸਾਡਾ ਇਤਿਹਾਸ ਕੁਝ ਹੋਰ ਸਿਖਾਉਂਦਾ ਹੈ।"
ਉਹ ਕਹਿੰਦੇ ਹਨ ਕਿ ਜੋ ਲੋਕ ਪਿਛਲੇ ਸਾਲਾਂ ਵਿੱਚ ਇੱਕ ਦੂਜੇ ਨੂੰ ਮਿਲਦੇ ਰਹੇ ਹਨ, ਚਾਹੇ ਅਜਿਹਾ ਸਬੱਬ ਸਾਲ ਵਿੱਚ ਇੱਕ ਵਾਰ ਹੀ ਬਣਦਾ ਸੀ।
ਕੀਸ਼ਵਰ ਕਹਿੰਦੇ ਹਨ,"ਅਸੀਂ ਇੱਕ ਦੂਜੇ ਨੂੰ ਫ਼ੋਨ ਕਰਕੇ ਦੁੱਖ ਦਾ ਪ੍ਰਗਟਾਵਾ ਕੀਤਾ।"
"ਮਾਮਲਾ ਆਮ ਲੋਕਾਂ ਦੇ ਹੱਥ ਵਿੱਚ ਨਹੀਂ ਹੈ। ਇਹ ਸਰਕਾਰਾਂ ਦੇ ਹੱਥ ਹੈ, ਫ਼ੌਜ ਦੇ ਹੱਥ ਹੈ।"
ਉਹ ਕਹਿੰਦੇ ਹਨ,"ਜਦੋਂ ਬੰਦਾ ਬੰਦੇ ਦਾ ਵੈਰੀ ਹੋ ਜਾਵੇ ਤਾਂ ਕੁਝ ਬਾਕੀ ਨਹੀਂ ਬਚਦਾ।"
'ਦੋਵਾਂ ਪੰਜਾਬਾਂ ਦਾ ਸਬੰਧ ਕੁਝ ਵੱਖਰਾ ਹੈ'

ਤਸਵੀਰ ਸਰੋਤ, Gurtej Kuharwala
ਪੰਜਾਬੀ ਲੇਖਕ ਗੁਰਤੇਜ ਕੁਹਾਰਵਾਲਾ ਕਹਿੰਦੇ ਹਨ,"ਪਹਿਲਗਾਮ ਹਮਲਾ ਮੰਦਭਾਗਾ ਹੈ। ਇਸ ਤੋਂ ਬਾਅਦ ਦੇ ਹਾਲਾਤ ਜੋ ਵੀ ਹੋਣ ਦੋਵਾਂ ਦੇਸ਼ਾਂ ਦੇ ਲੋਕ ਆਪੋ-ਆਪਣੀਆਂ ਸਰਕਾਰਾਂ ਦੀਆਂ ਹਦਾਇਤਾਂ ਮੁਤਾਬਕ ਹੀ ਚੱਲ ਸਕਦੇ ਹਨ।"
"ਚੜ੍ਹਦੇ ਤੇ ਲਹਿੰਦੇ ਦੋਵਾਂ ਪੰਜਾਬਾਂ ਦੇ ਲੋਕ ਕਿਸੇ ਔਖੀ ਸਥਿਤੀ ਵਿੱਚ ਵੀ ਪਹਿਲਾਂ ਸਾਂਝ ਦੀ ਸੰਭਵਾਨਾ ਨੂੰ ਤਲਾਸ਼ਦੇ ਹਨ।"
"ਦੁਸ਼ਮਣ ਮੁਲਕ ਵਾਲਾ ਬਿਰਤਾਂਤ ਸਿਆਸੀ ਸਰੋਕਾਰਾਂ ਦੀ ਦੇਣ ਹੈ। ਪਰ ਮੈਂ ਕਰੀਬ ਚਾਰ ਵਾਰ ਪਾਕਿਸਤਾਨ ਗਿਆ ਪਰ ਉੱਥੇ ਜਾ ਕੇ ਕਿਸੇ ਵੀ ਕਿਸਮ ਦਾ ਨਫ਼ਰਤ ਦਾ ਭਾਵ ਨਜ਼ਰ ਨਹੀਂ ਆਉਂਦਾ।"
"ਪਰ ਅਸੀਂ ਇਸਲਾਮਾਬਾਦ ਅਤੇ ਦਿੱਲੀ ਦੀਆਂ ਸਰਕਾਰਾਂ ਦੇ ਅਧੀਨ ਹੀ ਹਾਂ। ਜਿਹੜੀਆਂ ਵੀ ਖੁੱਲ੍ਹਾਂ ਸਰਕਾਰਾਂ ਦੇਣ ਤੇ ਜਿਹੜੀਆਂ ਵੀ ਪਾਬੰਦੀਆਂ ਲਾਉਣ ਦੋਵਾਂ ਦੇਸ਼ਾਂ ਦੇ ਲੋਕ ਉਨ੍ਹਾਂ ਨੂੰ ਮੰਨਣ ਲਈ ਪਾਬੰਦ ਹਨ।"
" ਪਾਬੰਦੀ ਜ਼ਰੂਰ ਹੈ ਪਰ ਆਪਸੀ ਭਾਈਚਾਰੇ ਦੀ ਭਾਵਨਾ ਖ਼ਤਮ ਨਹੀਂ ਹੋਵੇਗੀ।"
ਗੁਰਤੇਜ ਕਹਿੰਦੇ ਹਨ ਕਿ ਬੇਸ਼ੱਕ ਹੁਣ ਦੋਵਾਂ ਦੇਸ਼ਾਂ ਦੇ ਕਲਾਕਾਰ ਸਰਹੱਦ ਪਾਰ ਕਰ ਕਰਕੇ ਨਹੀਂ ਆ ਸਕਦੇ ਪਰ ਹੋ ਸਕਦਾ ਹੈ ਆਉਣ ਵਾਲੇ ਸਾਲਾਂ ਵਿੱਚ ਵਸੀਲਿਆਂ ਦੇ ਆਧਾਰ ਉੱਤੇ ਕਿਸੇ ਤੀਜੇ ਮੁਲਕ ਵਿੱਚ ਸਾਂਝਾ ਕੰਮ ਕਰ ਸਕਣ।
ਜ਼ਿਕਰਯੋਗ ਹੈ ਕਿ ਹਾਲ ਹੀ ਦੇ ਸਾਲਾਂ ਵਿੱਚ ਕਈ ਭਾਰਤੀ ਪੰਜਾਬੀ ਫ਼ਿਲਮਾਂ ਵਿੱਚ ਵੀ ਪਾਕਿਸਤਾਨੀ ਕਲਾਕਾਰ ਕੰਮ ਕਰ ਚੁੱਕੇ ਹਨ। ਇਨ੍ਹਾਂ ਫ਼ਿਲਮਾਂ ਦੀ ਸ਼ੂਟਿੰਗ ਭਾਰਤ ਜਾਂ ਪਾਕਿਸਤਾਨ ਦੀ ਬਜਾਇ ਯੂਕੇ, ਕੈਨੇਡਾ ਜਾਂ ਕਿਸੇ ਹੋਰ ਦੇਸ਼ ਵਿੱਚ ਕੀਤੀ ਗਈ ਸੀ।
'ਭਾਰਤ ਆਉਣ ਲਈ ਆਪਣੇ ਦੋਸਤਾਂ ਨੂੰ ਕਿਹਾ'

ਤਸਵੀਰ ਸਰੋਤ, Ali Usman Bajwa
ਅਲੀ ਉਸਮਾਨ ਬਾਜਵਾ ਲਾਹੌਰ ਦੇ ਵਸਨੀਕ ਹਨ। ਉਹ 'ਪਿਲਗਰਿਮ ਵੀਜ਼ਾ' ਲੈ ਕੇ ਪਾਕਿਸਤਾਨੀ ਜੱਥੇ ਦੇ ਨਾਲ 12 ਅਪ੍ਰੈਲ ਨੂੰ ਅਟਾਰੀ-ਵਾਹਗਾ ਸਰਹੱਦ ਪਾਰ ਕਰ ਭਾਰਤ ਦੀ ਜੂਹਾਂ ਵਿੱਚ ਪਹੁੰਚੇ।
ਅੰਮ੍ਰਿਤਸਰ ਤੋਂ ਸ਼ਤਾਬਦੀ ਰੇਲ ਗੱਡੀ ਦਾ ਸਫ਼ਰ ਕਰਕੇ ਦਿੱਲੀ ਪਹੁੰਚੇ ਅਤੇ 18 ਅਪ੍ਰੈਲ ਤੱਕ ਭਾਰਤ ਦੀ ਰਾਜਧਾਨੀ ਦਿੱਲੀ ਵਿੱਚ ਹੀ ਰਹੇ।
ਉਨ੍ਹਾਂ ਦੀ ਇਹ ਭਾਰਤ ਦੀ ਯਾਤਰਾ 18 ਅਪ੍ਰੈਲ ਨੂੰ ਮੁਕੰਮਲ ਹੋਈ ਸੀ ਤੇ ਉਹ ਪਹਿਲਗਾਮ ਅੱਤਵਾਦੀ ਹਮਲੇ ਤੋਂ ਪਹਿਲਾਂ ਪਾਕਿਸਤਾਨ ਵਾਪਸ ਚਲੇ ਗਏ ਸਨ।
ਅਲੀ ਨੇ ਬੀਬੀਸੀ ਪੱਤਰਕਾਰ ਨਵਜੋਤ ਕੌਰ ਨਾਲ ਗੱਲ ਕਰਦਿਆਂ ਦੱਸਿਆ ਕਿ ਉਹ ਇੱਕ ਲੇਖਕ ਅਤੇ ਸਾਹਿਤ ਦੇ ਵਿਦਿਆਰਥੀ ਹਨ। ਉਹ ਪਹਿਲੀ ਵਾਰ ਪਾਕਿਸਤਾਨ ਤੋਂ ਭਾਰਤ ਆਏ ਸਨ।"
ਉਹ ਕਹਿੰਦੇ ਹਨ, "ਦਿੱਲੀ ਲਾਹੌਰ ਵਰਗੀ ਹੀ ਹੈ, ਮੈਂ ਇੱਥੋਂ ਦੀਆਂ ਸਾਰੀਆਂ ਇਤਿਹਾਸਕ ਥਾਵਾਂ ਲਾਲ ਕਿਲ੍ਹਾ, ਇੰਡੀਆ ਗੇਟ, ਕੁਤੁਬ ਮੀਨਾਰ, ਹਿਮਾਊਂ ਦਾ ਮਕਬਰਾ, ਗਾਲਿਬ ਦੀ ਮਜ਼ਾਰ ਦੇਖੀ।"
"ਦਿੱਲੀ ਵਿੱਚ ਪੂਰੇ ਭਾਰਤ ਦੇ ਲੋਕ ਆਉਂਦੇ ਹਨ, ਮੈਂ ਉਨ੍ਹਾਂ ਵਿੱਚੋਂ ਕਈਆਂ ਨਾਲ ਮੁਲਾਕਾਤ ਕੀਤੀ, ਕਿਸੇ ਵੀ ਸੂਬੇ ਦੇ ਬੰਦੇ ਨੇ ਮੈਨੂੰ ਪਾਕਿਸਤਾਨ ਹੋਣ ਨਾਤੇ ਨਫ਼ਰਤ ਦੀ ਨਿਗ੍ਹਾ ਨਾਲ ਨਹੀਂ ਦੇਖਿਆ। ਦੱਖਣੀ ਭਾਰਤੀ ਖਾਣਾ ਡੋਸਾ ਅਤੇ ਸਾਂਭਰ ਵੀ ਖਾਧਾ ਜੋ ਪਾਕਿਸਤਾਨ ਵਿੱਚ ਨਹੀਂ ਮਿਲਦਾ।"
ਪਹਿਲਗਾਮ ਹਮਲੇ ਬਾਰੇ ਗੱਲ ਕਰਦਿਆਂ ਉਹ ਕਹਿੰਦੇ ਹਨ, "ਹਮਲੇ ਬਾਰੇ ਸੁਣ ਕੇ ਮੈਨੂੰ ਬਹੁਤ ਬੁਰਾ ਲੱਗਿਆ। ਇਹ ਹਮਲਾ ਮਨੁੱਖਤਾ ਉੱਤੇ ਹੋਇਆ ਹਮਲਾ ਹੈ। ਭਾਰਤ ਅਤੇ ਪਾਕਿਸਤਾਨ ਦੋਵੇਂ ਅਮਨ ਪਸੰਦ ਮੁਲਕ ਹਨ ਅਤੇ ਸਾਨੂੰ ਇਸੇ ਪਾਸੇ ਪਹਿਲ ਕਰਨੀ ਚਾਹੀਦੀ ਹੈ।"
ਹਾਲਾਂਕਿ ਅਲੀ ਭਾਰਤ-ਪਾਕਿਸਤਾਨ ਵਿਚਾਲੇ ਮੁੜ ਪੈਦਾ ਹੋਏ ਤਣਾਅ ਬਾਰੇ ਗੱਲ ਕਰਦਿਆਂ ਕਹਿੰਦੇ ਹਨ ਕਿ ਦੋਵਾਂ ਦੇਸ਼ਾਂ ਦੇ ਲੋਕਾਂ ਵਿਚਾਲੇ ਰਾਬਤਾ ਬੰਦ ਨਹੀਂ ਹੋਣਾ ਚਾਹੀਦਾ। ਦਹਿਸ਼ਤਗਰਦੀ ਦਾ ਸਾਹਮਣਾ ਦੋਵੇਂ ਮੁਲਕ ਕਰ ਰਹੇ ਹਨ, ਇਸਦੇ ਪਿੱਛੇ ਕਿਸੇ ਇੱਕ ਦੇਸ਼ ਨੂੰ ਕਸੂਰਵਾਰ ਨਹੀਂ ਠਹਿਰਾਇਆ ਜਾ ਸਕਦਾ।"
ਉਹ ਕਹਿੰਦੇ ਹਨ, "ਮੈਂ ਹੁਣ ਮੁੜ ਭਾਰਤ ਆਵਾਂਗਾ ਇਸ ਬਾਰੇ ਕੁਝ ਨਹੀਂ ਕਹਿ ਸਕਦਾ ਪਰ ਮੈਂ ਆਪਣੇ ਦੋਸਤਾਂ ਨੂੰ ਜ਼ਰੂਰ ਕਿਹਾ ਸੀ ਕਿ ਭਾਰਤ ਸੋਹਣਾ ਹੈ ਸਾਨੂੰ ਉੱਥੇ ਜਾਂਦੇ ਰਹਿਣਾ ਚਾਹੀਦਾ ਹੈ।"
‘ਸਾਡੀ ਮਿਹਨਤ ਦਾ ਮੁੱਲ ਘੱਟ ਪਿਆ’

ਤਸਵੀਰ ਸਰੋਤ, Afzal Sahir
ਪਾਕਿਸਤਾਨ ਵਿੱਚ ਭਾਰਤ ਦੇ ਅਦੀਬਾਂ ਲਈ ਹੋਈਆਂ ਕਈ ਕਾਨਫ਼ਰੰਸਾਂ ਦਾ ਹਿੱਸਾ ਰਹੇ, ਅਫ਼ਜ਼ਲ ਸਾਹਿਰ ਕਹਿੰਦੇ ਹਨ,"ਅਸੀਂ ਪਿਛਲੇ ਦਸ- ਬਾਰਾਂ ਸਾਲਾਂ ਤੋਂ ਨਫ਼ਰਤ ਖ਼ਤਮ ਕਰਨ ਦੀ ਕੋਸ਼ਿਸ਼ ਕਰ ਰਹੇ ਸੀ। ਦੋਵਾਂ ਪੰਜਾਬਾਂ ਦੇ ਲੋਕ ਇੱਕ-ਦੂਜੇ ਪ੍ਰਤੀ ਆਪਣੇਪਨ ਨੂੰ ਜ਼ਾਹਰ ਕਰ ਰਹੇ ਸਨ।"
"ਬੇਸ਼ੱਕ ਭਾਰਤ ਦਾ ਵੀਜ਼ਾ ਬਹੁਤ ਸੌਖਿਆਂ ਨਹੀਂ ਸੀ ਮਿਲਦਾ ਪਰ ਪਾਕਿਸਤਾਨ ਦਾ ਵੀਜ਼ਾ ਲੈ ਕੇ ਚੜਦੇ ਪੰਜਾਬ ਤੋਂ ਕਈ ਸੱਜਣ ਬੀਤੇ ਸਾਲਾਂ ਵਿੱਚ ਪਾਕਿਸਤਾਨ ਮਿਲਣ ਆਏ।"
"ਹੁਣ ਅਸੀਂ ਸਾਰੇ ਪਾਸੇ ਸ਼ਾਂਤੀ ਦੀ ਆਸ ਕਰ ਰਹੇ ਸੀ ਅਤੇ ਭਾਰਤੀ ਪੰਜਾਬ ਵਿੱਚ ਵਸਦੇ ਕਲਾਕਾਰਾਂ ਵੱਲੋਂ ਵੀ ਅਜਿਹੇ ਪ੍ਰੋਗਰਾਮ ਉਲੀਕੇ ਜਾ ਰਹੇ ਸਨ ਜਿਨ੍ਹਾਂ ਵਿੱਚ ਅਸੀਂ ਪਹੁੰਚ ਪਾਉਂਦੇ।"
"ਇੰਝ ਲੱਗਦਾ ਹੈ ਜਿਵੇਂ ਸਾਡੀ ਪੱਕੀ ਫ਼ਸਲ ਨੂੰ ਅੱਗ ਪੈ ਗਈ ਹੋਵੇ। ਵਿਓਂਤਬੰਦੀਆਂ ਬਣੀਆਂ ਬਣਾਈਆਂ ਰਹਿ ਗਈਆਂ। ਦੁੱਖ ਹੈ ਕਿ ਦੂਜੇ ਪਾਸੇ ਦਾ ਰਾਹ ਮੁਕੰਮਲ ਖੁੱਲ੍ਹਣ ਦੀ ਬਜਾਇ ਜੋ ਰਾਹ ਖੁੱਲ੍ਹੇ ਸੀ ਉਹ ਵੀ ਬੰਦ ਹੋ ਗਏ।"
ਅਫ਼ਜ਼ਲ ਕਹਿੰਦੇ ਹਨ,"ਹੈਰਾਨੀ ਦੀ ਗੱਲ ਹੈ ਕਿ ਜਦੋਂ ਦੁਨੀਆਂ ਤਰੱਕੀ ਦੀ ਗੱਲ ਕਰ ਰਹੀ ਹੈ ਤਾਂ ਅਸੀਂ ਹਾਲੇ ਵੀ ਆਂਢ-ਗੁਆਂਢ ਨਾਲ ਸਕੂਨ ਨਾਲ ਰਹਿਣਾ ਨਹੀਂ ਸਿੱਖ ਸਕੇ।"
"ਇਹ ਇਸੇ ਤਰ੍ਹਾਂ ਹੈ ਜੇ ਗੁਆਂਢ ਵਿੱਚ ਰੋਜ਼ ਦਾ ਰੌਲਾ ਹੋਵੇ ਤਾਂ ਘਰ ਵਿੱਚ ਵੀ ਸ਼ਾਂਤੀ ਨਹੀਂ ਰਹਿ ਸਕਦੀ।"
ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ












