ਗ਼ੈਰ-ਕਾਨੂੰਨੀ ਪਰਵਾਸ ਲਈ ਉਭਰਦਾ ਨਵਾਂ ਰਾਹ, ʻਧਮਕੀਆਂ ਤੇ ਖ਼ਤਰੇ ਨਾਲ ਭਰਿਆ ਰਸਤਾ ਤੇ ਸਫ਼ਲਤਾ ਦੀ ਫਿਰ ਵੀ ਕੋਈ ਗਾਰੰਟੀ ਨਹੀਂʼ

    • ਲੇਖਕ, ਐਂਡਰਿਓ ਹਾਰਡਿੰਗ, ਖੂਈ ਲੂ ਅਤੇ ਪੈਟ੍ਰਿਕ ਕਲਾਹੇਨ
    • ਰੋਲ, ਬੀਬੀਸੀ ਪੱਤਰਕਾਰ

ਵੀਅਤਨਾਮੀ ਮਨੁੱਖੀ ਤਸਕਰ ਉੱਤਰੀ ਫਰਾਂਸ ਤੱਟਰੇਖਾ ਦੇ ਨੇੜੇ ਇੱਕ ਸੰਘਣੇ ਜੰਗਲ ਦੇ ਪਰਛਾਵੇਂ ਵਿੱਚੋਂ ਝਿਜਕਦਾ ਹੋਇਆ ਬਾਹਰ ਨਿਕਲਿਆ।

“ਦੂਜਿਆਂ ਤੋਂ ਦੂਰ ਚਲੇ ਜਾਓ। ਇਸ ਪਾਸੇ ਆ ਜਾਓ, ਜਲਦੀ, ”ਉਸ ਨੇ ਸਾਡੀ ਟੀਮ ਦੇ ਇੱਕ ਮੈਂਬਰ ਨੂੰ ਇੱਕ ਅਣਵਰਤੀ ਰੇਲਵੇ ਲਾਈਨ ਦੇ ਪਾਰੋਂ ਇਸ਼ਾਰਾ ਕਰਦਿਆਂ ਕਿਹਾ।

ਇਹ ਮੈਂਬਰ ਉਸ ਦਾ ਇੱਕ ਸੰਭਾਵੀ ਗਾਹਕ ਸੀ, ਜਿਸ ਨੇ ਗੁਪਤ ਢੰਗ ਨਾਲ ਕਈ ਹਫ਼ਤੇ ਬਿਤਾਏ ਸਨ।

ਕੁਝ ਸਮੇਂ ਬਾਅਦ ਚਮਕੀਲੇ ਵਾਲ ਤੇ ਲੰਬੀ ਕੱਦ ਕਾਠੀ ਵਾਲਾ ਤਸਕਰ, ਅਚਾਨਕ ਮੁੜਿਆ ਅਤੇ ਜੰਗਲ ਵਿੱਚ ਇੱਕ ਤੰਗ ਵੱਟ ਤੋਂ ਹੁੰਦਾ ਹੋਇਆ ਗਾਇਬ ਹੋ ਗਿਆ।

ਇਸ ਸਾਲ ਦੀ ਸ਼ੁਰੂਆਤ ਵਿੱਚ ਵੀਅਤਨਾਮ, ਅਚਾਨਕ ਛੋਟੀਆਂ ਬੇੜੀਆਂ ਰਾਹੀਂ ਚੈਨਲ ਪਾਰ ਕਰ ਕੇ ਯੂਕੇ ਜਾਣ ਵਾਲੇ ਪਰਵਾਸੀਆਂ ਦਾ ਸਭ ਤੋਂ ਵੱਡਾ ਸਰੋਤ ਬਣ ਗਿਆ ਹੈ।

ਸਾਲ 2023 ਵਿੱਚ, ਪੂਰੇ ਸਾਲ ਦੌਰਾਨ 1306 ਅਤੇ ਸਾਲ 2024 ਦੀ ਪਹਿਲੀ ਤਿਮਾਹੀ ਦੌਰਾਨ 2248 ਪਰਵਾਸੀ ਇੱਥੇ ਪੁੱਜੇ।

ਸਾਡੀ ਖੋਜ ਤੋਂ ਪਤਾ ਲੱਗਦਾ ਹੈ ਕਿ ਕਿਵੇਂ ਵੀਅਤਨਾਮੀ ਪਰਵਾਸੀ ਚੱਲ ਰਹੇ ਰੇਟਾਂ ਨਾਲੋਂ ʻਕੁਲੀਨʼ ਤਸਕਰੀ ਬੇੜੀਆਂ ਲਈ ਦੁਗਣਾ ਪੈਸਾ ਦੇ ਰਿਹਾ ਹੈ, ਜੋ ਤੇਜ਼ ਅਤੇ ਵਧੇਰੇ ਵਿਵਸਥਿਤ ਹੈ।

ਸਾਡੀ ਖੋਜ ਵਿੱਚ ਵੀਅਕਤਨਾਮੀ ਤਸਕਰਾਂ ਅਤੇ ਗਾਹਕਾਂ, ਫਰਾਂਸੀਸੀ ਪੁਲਿਸ, ਵਕੀਲਾਂ ਅਤੇ ਚੈਰਿਟੀ ਨਾਲ ਗੱਲਬਾਤ ਸ਼ਾਮਲ ਹੈ।

ਜਿਵੇਂ ਇਸ ਸਾਲ ਚੈਨਲ ਪਾਰ ਕਰਨ ਵੇਲੇ ਹੋਈਆਂ ਮੌਤਾਂ ਦਾ ਅੰਕੜਾ ਰਿਕਾਰਡ ਪੱਧਰ ʼਤੇ ਪਹੁੰਚ ਗਿਆ ਹੈ ਤਾਂ ਅਜਿਹੇ ਵਿੱਚ ਇਹ ਸੰਕੇਤ ਦਿੰਦਾ ਹੈ ਕਿ ਇਹ ਕੁਝ ਸੁਰੱਖਿਅਤ ਹੋ ਸਕਦਾ ਹੈ।

ਵੀਡੀਓ: ਜਰਮਨ ਸ਼ਹਿਰ ਜਿੱਥੇ ਡੰਕੀ ਲਈ ਵਰਤੀ ਜਾਣ ਵਾਲੀਆਂ ਬੇੜੀਆਂ ਵਿਕਦੀਆਂ ਹਨ

ਵੀਅਤਨਾਮੀ ਆਪਰੇਸ਼ਨ ਨੂੰ ਨੇੜਿਓਂ ਜਾਣਨ ਦੇ ਹਿੱਸੇ ਵਜੋਂ ਅਸੀਂ ਇੱਕ ਤਜਰਬੇਕਾਰ ਤਸਕਰ ਨੂੰ ਵੀ ਮਿਲੇ। ਤਸਕਰ ਯੂਕੇ ਵਿੱਚ ਕੰਮ ਕਰ ਰਿਹਾ ਸੀ ਅਤੇ ਯੂਰਪ ਪਹੁੰਚਣ ਦੀ ਇੱਛਾ ਰੱਖਣ ਵਾਲੇ ਲੋਕਾਂ ਲਈ ਜਾਅਲੀ ਦਸਤਾਵੇਜ਼ ਬਣਾ ਰਿਹਾ ਸੀ।

ਇਸੇ ਵਿਚਾਲੇ ਸਾਡੇ ਅੰਡਰਕਵਰ ਰਿਪੋਰਟਰ ਨੇ, ਵੀਅਤਨਾਮੀ ਪਰਵਾਸੀ ਵਜੋਂ ਫੋਨ ਅਤੇ ਸੰਦੇਸ਼ਾਂ ਰਾਹੀਂ ਡੰਕਰਕ ਦੇ ਜੰਗਲਾਂ ਵਿੱਚ ਕੰਮ ਕਰ ਰਹੇ ਗਿਰੋਹ ਨਾਲ ਸੰਪਰਕ ਕੀਤਾ ਤਾਂ ਜੋ ਇਹ ਪਤਾ ਲਗਾਇਆ ਜਾ ਸਕੇ ਕਿ ਇਹ ਪ੍ਰਕਿਰਿਆ ਕਿਵੇਂ ਕੰਮ ਕਰਦੀ ਹੈ।

ਬੈਕ ਨਾਮ ਦੇ ਇੱਕ ਤਸਕਰ ਨੇ ਸੰਦੇਸ਼ ਦਾ ਜਵਾਬ ਦਿੱਤਾ, "ਇੱਕ ਛੋਟੀ ਬੇੜੀ ਲਈ 2600 ਯੂਰੋ ਲੱਗਦੇ ਹਨ। ਭੁਗਤਾਨ ਯੂਰਪ ਪਹੁੰਚਣ ʼਤੇ ਕਰਨਾ ਹੈ।"

ਸਾਨੂੰ ਹੋਰਨਾਂ ਨੇ ਵੀ ਇੰਨਾ ਹੀ ਰੇਟ ਦੱਸਿਆ ਸੀ। ਸਾਨੂੰ ਲੱਗਾ ਕਿ ਯੂਕੇ ਅਧਾਰਿਤ ਗਿਰੋਹ ਵਿੱਚ ਬੈਕ ਸ਼ਾਇਦ ਸੀਨੀਅਰ ਬੰਦਾ ਹੈ ਅਤੇ ਜੰਗਲ ਵਿੱਚ ਚਮਕੀਲੇ ਵਾਲਾਂ ਵਾਲੇ ਤਸਕਰ ਟੋਨੀ ਦਾ ਬੌਸ ਹੈ।

ਉਨ੍ਹਾਂ ਨੇ ਸਾਨੂੰ ਯੂਰਪ ਤੋਂ ਯੂਕੇ ਦੀ ਯਾਤਰਾ ਬਾਰੇ ਹਦਾਇਤਾਂ ਦਿੱਤੀਆਂ। ਉਨ੍ਹਾਂ ਨੇ ਦੱਸਿਆ, ਪਰਵਾਸੀ ਕਿਵੇਂ ਪਹਿਲਾਂ ਵੀਅਤਨਾਮ ਤੋਂ ਹੰਗਰੀ ਗਏ, ਜਿੱਥੇ ਸਮਝਿਆ ਜਾਂਦਾ ਹੈ ਕਿ ਕਾਨੂੰਨ ਵਰਕ ਵੀਜ਼ਾ ਹਾਸਿਲ ਕਰਨਾ ਸੌਖਾ ਹੈ, ਜਿਸ ਨੂੰ ਅਕਸਰ ਜਾਅਲੀ ਦਸਤਾਵੇਜ਼ਾਂ ਦੇ ਸਹਾਰੇ ਹਾਸਿਲ ਕੀਤਾ ਜਾਂਦਾ ਹੈ।

ਬੈਕ ਨੇ ਅੱਗੇ ਦੱਸਿਆ ਕਿ ਉਥੋਂ ਪਰਵਾਸੀ ਪੈਰਿਸ ਅਤੇ ਫਿਰ ਡੰਕਰਕ ਗਏ।

ਸੰਦੇਸ਼ ਵਿੱਚ ਉਨ੍ਹਾਂ ਨੇ ਦੱਸਿਆ, "ਡੰਕਰਕ ਸਟੇਸ਼ਨ ਪਹੁੰਚਣ ʼਤੇ ਤੁਹਾਨੂੰ ਟੋਨੀ ਮਿਲੇਗਾ।"

ਵੀਅਤਨਾਮੀ ਪਰਵਾਸੀਆਂ ਨੂੰ ਤਸਕਰੀ ਕਰਨ ਵਾਲੇ ਗਿਰੋਹਾਂ ਦੇ ਨੈੱਟਵਰਕ ਲਈ ਵਿਆਪਕ ਤੌਰ ʼਤੇ ਅਸੁਰੱਖਿਅਤ ਮੰਨਿਆ ਜਾਂਦਾ ਹੈ।

ʻਦੂਜਿਆਂ ਨਾਲੋਂ ਵਧੇਰੇ ਸਾਵਧਾਨʼ

ਇਹ ਗਿਰੋਹ ਉਨ੍ਹਾਂ ਨੂੰ ਕਰਜ਼ ਵਿੱਚ ਡੁਬਾਉਣ ਦੀ ਕੋਸ਼ਿਸ਼ ਕਰ ਸਕਦੇ ਹਨ ਅਤੇ ਯੂਕੇ ਵਿੱਚ ਉਨ੍ਹਾਂ ਨੂੰ ਭੰਗ ਦੇ ਖੇਤਾਂ ਅਤੇ ਹੋਰਨਾਂ ਕਾਰੋਬਾਰ ਵਿੱਚ ਕੰਮ ਕਰਾ ਕੇ ਉਨ੍ਹਾਂ ਨੂੰ ਇਹ ਕਰਜ਼ ਉਤਾਰਨ ਲਈ ਮਜਬੂਰ ਕਰ ਸਕਦੇ ਹਨ।

ਡੰਕਰਕ ਅਤੇ ਕੈਲੇ ਦੇ ਨੇੜਲੇ ਕੈਂਪਾਂ ਦੇ ਹਾਲ ਦੇ ਕਈ ਦੌਰਿਆਂ ਤੋਂ ਇਹ ਸਪੱਸ਼ਟ ਹੁੰਦਾ ਹੈ ਵੀਅਤਨਾਮੀ ਗਿਰੋਹ ਅਤੇ ਉਨ੍ਹਾਂ ਦੇ ਗਾਹਕ ਹੋਰਨਾਂ ਸਮੂਹਾਂ ਨਾਲੋਂ ਵੱਖ ਹੋ ਕੇ ਕੰਮ ਕਰਦੇ ਹਨ।

ਡੰਕਰਕ ਵਿੱਚ ਪਰਵਾਸੀਆਂ ਦੀ ਮਦਦ ਕਰਨ ਵਾਲੇ ਐੱਨਜੀਓ ਦੇ ਕਾਰਕੁੰਨ ਕਲੇਅਰ ਮਿਲਟ ਦੱਸਦੇ ਹਨ, "ਉਹ ਆਪਣੇ-ਆਪ ਵਿੱਚ ਹੀ ਰਹਿੰਦੇ ਹਨ ਅਤੇ ਦੂਜਿਆਂ ਦੇ ਮੁਕਾਬਲੇ ਵਧੇਰੇ ਸਾਵਧਾਨ ਰਹਿੰਦੇ ਹਨ। ਅਸੀਂ ਉਨ੍ਹਾਂ ਨੂੰ ਬਹੁਤ ਘੱਟ ਦੇਖਦੇ ਹਾਂ।"

ਇੱਕ ਹੋਰ ਚੈਰਿਟੀ ਦੇ ਕਾਰਕੁੰਨ ਨੇ ਸਾਨੂੰ ਦੱਸਿਆ ਕਿ ਹਾਲ ਹੀ ਵਿੱਚ ਉਨ੍ਹਾਂ ਨੇ ਡੰਕਰਕ ਵਿੱਚ ਸਥਿਤ ਡਿਕੈਥੇਲੋਨ (ਸਪੋਰਟਸ ਦੇ ਸਮਾਨ ਦੀ ਦੁਕਾਨ) ਤੋਂ 30 ਵੀਅਤਨਾਮੀਆਂ ਨੂੰ ਲਾਈਵ ਜੈਕਟਾਂ ਖਰੀਦਦੇ ਦੇਖਿਆ ਗਿਆ।

ਇਸ ਤੋਂ ਇਲਾਵਾ ਵੀਅਤਨਾਮੀ ਗਿਰੋਹਾਂ ਦੇ ਕੈਂਪਾਂ ਵਿੱਚ ਸੁਚਾਰੂ ਸੇਵਾ ਮੁਤਾਬਕ ਬਹੁਤ ਘੱਟ ਇੰਤਜ਼ਾਰ ਕਰਨਾ ਵੀ ਸ਼ਾਮਲ ਹੈ।

ਕਈ ਅਫਰੀਕੀ ਅਤੇ ਮੱਧ ਪੱਛਮੀ ਪਰਵਾਸੀ ਫਰਾਂਸ ਦੇ ਤੱਟ ਉੱਤੇ ਗੰਭੀਰ ਹਾਲਾਤ ਵਿੱਚ ਹਫ਼ਤੇ ਜਾਂ ਮਹੀਨੇ ਬਿਤਾਉਂਦੇ ਹਨ।

ਕਈਆਂ ਕੋਲ ਛੋਟੀਆਂ ਬੇੜੀਆਂ ਲਈ ਭੁਗਤਾਨ ਕਰਨ ਲਈ ਲੋੜੀਂਦੀ ਰਾਸ਼ੀ ਨਹੀਂ ਹੁੰਦੀ ਅਤੇ ਉਹ ਤਸਕਰੀ ਕਰਨ ਵਾਲੇ ਗਿਰੋਹ ਲਈ ਕੰਮ ਕਰ ਕੇ ਪੈਸੇ ਕਮਾਉਣ ਦੀ ਕੋਸ਼ਿਸ਼ ਕਰਦੇ ਹਨ।

ਫਰਾਂਸ ਪੁਲਿਸ ਵੱਲੋਂ ਕਈਆਂ ਨੂੰ ਬੀਚਾਂ ʼਤੇ ਰੋਕ ਲਿਆ ਜਾਂਦਾ ਹੈ ਅਤੇ ਚੈਨਲ ਨੂੰ ਸਫ਼ਲ ਢੰਗ ਨਾਲ ਪਾਰ ਕਰਨ ਲਈ ਉਨ੍ਹਾਂ ਨੂੰ ਕਈ ਕੋਸ਼ਿਸ਼ਾਂ ਕਰਨੀਆਂ ਪੈਂਦੀਆਂ ਹਨ।

ਹਾਲ ਹੀ ਦੇ ਦੌਰੇ ਦੌਰਾਨ ਅਸੀਂ ਇਰਾਕ, ਈਰਾਨ, ਸੀਰੀਆ, ਏਰੀਟ੍ਰੀਆ ਅਤੇ ਹੋਰ ਥਾਵਾਂ ਤੋਂ ਕਈ ਥੱਕੇ ਹੋਏ ਪਰਿਵਾਰਾਂ ਨੂੰ ਇੱਕ ਚਿੱਕੜ ਵਾਲੀ ਥਾਂ 'ਤੇ ਇਕੱਠੇ ਹੁੰਦੇ ਦੇਖਿਆ ਜਿੱਥੇ ਉਨ੍ਹਾਂ ਨੂੰ ਮਾਨਵਤਾਵਾਦੀ ਸਮੂਹ ਰੋਜ਼ਾਨਾ ਭੋਜਨ ਅਤੇ ਡਾਕਟਰੀ ਸਹਾਇਤਾ ਪ੍ਰਦਾਨ ਕਰਦੇ ਹਨ।

ਕਈ ਮਾਪਿਆਂ ਨੇ ਸਾਨੂੰ ਦੱਸਿਆ ਕਿ ਉਨ੍ਹਾਂ ਨੇ ਇੱਕ ਚਾਰ ਮਹੀਨਿਆਂ ਦੇ ਕੁਰਦ ਮੁੰਡੇ ਬਾਰੇ ਸੁਣਿਆ ਹੈ ਜੋ ਕਿ ਲੰਘੀ ਰਾਤ ਚੈਨਲ ਪਾਰ ਕਰਨ ਦੀ ਕੋਸ਼ਿਸ਼ ਦੌਰਾਨ ਬੇੜੀ ਪਲਟ ਜਾਣ ਕਾਰਨ ਡੁੱਬ ਗਿਆ ਸੀ।

ਉਨ੍ਹਾਂ ਵਿੱਚੋਂ ਕਿਸੇ ਨੇ ਇਹ ਕਬੂਲ ਨਹੀਂ ਕੀਤਾ ਕਿ ਮੌਤ ਉਨ੍ਹਾਂ ਨੂੰ ਚੈਨਲ ਪਾਰ ਕਰਨ ਦੀ ਕੋਸ਼ਿਸ਼ ਦੀ ਹਿੰਮਤ ਨੂੰ ਢਾਹ ਸਕਦੀ ਹੈ।

ਉੱਥੇ ਕੋਈ ਵੀਅਤਨਾਮੀ ਨਜ਼ਰ ਨਹੀਂ ਆਏ। ਇਹ ਸਪੱਸ਼ਟ ਜਾਪਦਾ ਹੈ ਕਿ ਵੀਅਤਨਾਮੀ ਤਸਕਰ ਆਪਣੇ ਗਾਹਕਾਂ ਨੂੰ ਉੱਤਰੀ ਫਰਾਂਸ ਦੇ ਕੈਂਪਾਂ ਵਿੱਚ ਉਦੋਂ ਲੈ ਕੇ ਆਉਣ ਦੀ ਕੋਸ਼ਿਸ਼ ਕਰਦੇ ਹਨ ਜਦੋਂ ਮੌਸਮ ਪਹਿਲਾਂ ਹੀ ਵਧੀਆ ਲੱਗ ਰਿਹਾ ਹੋਵੇ ਅਤੇ ਕਰਾਸਿੰਗ ਨੇੜੇ ਹੈ।

ਵੀਅਤਨਾਮੀ ਪਰਵਾਸੀਆਂ ਦੀ ਆਮਦ

ਅਸੀਂ ਇਸ ਸਾਲ ਦੇ ਸ਼ੁਰੂ ਵਿੱਚ ਜਦੋਂ ਡੰਕਰਕ ਦੇ ਇੱਕ ਕੈਂਪ ਪਹੁੰਚੇ ਤਾਂ ਅਸੀਂ ਵੀਅਤਨਾਮੀ ਪਰਵਾਸੀਆਂ ਦੀ ਨਵੀਂ ਆਮਦ ਦੇਖੀ।

ਇਹ ਦੂਜੇ ਪਰਵਾਸੀ ਕੈਂਪਾਂ ਨਾਲੋਂ ਕਾਫ਼ੀ ਸਾਫ਼-ਸੁਥਰਾ ਅਤੇ ਵਧੇਰੇ ਸੁਚਾਰੂ ਜਾਪਦਾ ਸੀ, ਇੱਥੇ ਸਿੱਧੀ ਕਤਾਰ ਵਿੱਚ ਲੱਗੇ ਟੈਂਟ ਅਤੇ ਇੱਕ ਸਮੂਹ ਲਸਣ, ਪਿਆਜ਼ ਅਤੇ ਵਿਅਤਨਾਮੀ ਮਸਾਲਿਆਂ ਦੀ ਵਰਤੋਂ ਕਰ ਭੋਜਨ ਪਕਾ ਰਿਹਾ ਸੀ।

ਆਪਣੇ ਇਲਾਕੇ ਵਿੱਚ ਗ਼ੈਰ-ਕਾਨੂੰਨੀ ਪਰਵਾਸੀਆਂ ਦੀ ਆਮਦ ਵਿਰੁੱਧ ਕਾਰਵਾਈ ਕਰ ਰਹੇ ਫਰਾਂਸ ਦੇ ਪੁਲਿਸ ਦੇ ਮੁਖੀ ਮੈਥਾਲਿਡੇ ਪੋਟਲ ਦਾ ਕਹਿਣਾ ਹੈ, "ਉਹ ਬਹੁਤ ਸੁਚਾਰੂ ਢੰਗ ਨਾਲ ਅਤੇ ਇਕੱਠੇ ਕੈਂਪਾਂ ਵਿੱਚ ਰਹਿੰਦੇ ਸਨ।"

"ਇਹ ਕਾਫ਼ੀ ਕੁਝ ਹੈ, ਜਦੋਂ ਉਹ ਤੱਟ 'ਤੇ ਪਹੁੰਚਦੇ ਹਨ ਤਾਂ ਅਸੀਂ ਜਾਣਦੇ ਹਾਂ ਕਿ ਇੱਕ ਕਰਾਸਿੰਗ ਬਹੁਤ ਤੇਜ਼ੀ ਨਾਲ ਕੀਤੀ ਜਾਵੇਗੀ। ਇਹ ਸੰਭਾਵਤ ਤੌਰ 'ਤੇ ਉਹ ਲੋਕ ਹਨ ਜਿਨ੍ਹਾਂ ਕੋਲ ਦੂਜਿਆਂ ਨਾਲੋਂ ਜ਼ਿਆਦਾ ਪੈਸਾ ਹੈ।"

ਵੀਅਤਨਾਮੀ ਖ਼ੁਦ ਛੋਟੀ ਬੇੜੀ ਦੇ ਕਰਾਸਿੰਗ ਨੂੰ ਕੰਟ੍ਰੋਲ ਨਹੀਂ ਕਰਦੇ ਹਨ, ਇਨ੍ਹਾਂ ਦੀ ਨਿਗਰਾਨੀ ਵੱਡੇ ਪੱਧਰ 'ਤੇ ਕੁਝ ਕੁ ਇਰਾਕੀ ਕੁਰਦ ਗਿਰੋਹ ਕਰਦੇ ਹਨ। ਬਜਾਏ ਇਸ ਦੀ ਉਹ ਪਹੁੰਚਣ ਅਤੇ ਸਮੇਂ ਬਾਰੇ ਗੱਲਬਾਤ ਕਰਦੇ ਹਨ।

ਯੂਕੇ ਵਿੱਚ ਰਹਿਣ ਵਾਲੇ ਇੱਕ ਹੋਰ ਵੀਅਤਨਾਮੀ ਤਸਕਰ ਮੁਤਾਬਕ, “ਵੀਅਤਨਾਮੀਆਂ ਨੂੰ ਪ੍ਰਕਿਰਿਆ ਦੇ ਉਸ ਹਿੱਸੇ (ਕਰਾਸਿੰਗ) ਨੂੰ ਛੂਹਣ ਦੀ ਇਜਾਜ਼ਤ ਨਹੀਂ ਹੈ। ਅਸੀਂ ਸਿਰਫ਼ ਗਾਹਕਾਂ ਨੂੰ ਕੁਰਦਿਸ਼ ਗਿਰੋਹਾਂ ਤੱਕ ਪਹੁੰਚਾਉਂਦੇ ਹਾਂ।”

ਉਹ ਅੱਗੇ ਦੱਸਦਾ ਹੈ ਕਿ ਵਾਧੂ ਨਕਦੀ ਨਾਲ ਉਨ੍ਹਾਂ ਦੇ ਵੀਅਤਨਾਮੀ ਗਾਹਕਾਂ ਲਈ ਛੋਟੀ ਬੇੜੀ ਤੱਕ ਪਹਿਲ ਯਕੀਨੀ ਕੀਤੀ ਜਾਂਦੀ ਹੈ।

ਜਦਕਿ ਸੰਬੰਧਿਤ ਖਰਚੇ ਸਪੱਸ਼ਟ ਹਨ, ਸੁਰੱਖਿਆ ਦਾ ਮੁੱਦਾ ਵਧੇਰੇ ਅਸਪੱਸ਼ਟ ਹੈ। ਇਹ ਇੱਕ ਤੱਥ ਹੈ ਕਿ 2024 ਦੇ ਪਹਿਲੇ ਨੌਂ ਮਹੀਨਿਆਂ ਦੌਰਾਨ, ਇੱਕ ਵੀ ਵੀਅਤਨਾਮੀ ਉਨ੍ਹਾਂ ਦਰਜਨਾਂ ਪਰਵਾਸੀਆਂ ਵਿੱਚੋਂ ਨਹੀਂ ਸੀ ਜਿਨ੍ਹਾਂ ਦੀ ਮੌਤ ਚੈਨਲ ਨੂੰ ਪਾਰ ਕਰਨ ਦੀ ਕੋਸ਼ਿਸ਼ ਦੌਰਾਨ ਹੋਈ ਸੀ।

ਪਰ ਅਕਤੂਬਰ ਵਿੱਚ, ਇੱਕ ਵੀਅਤਨਾਮੀ ਪਰਵਾਸੀ ਦੀ ਇੱਕ ਘਟਨਾ ਵਿੱਚ ਮੌਤ ਹੋ ਗਈ ਸੀ।

ਇਹ ਸੰਭਵ ਹੈ ਕਿ ਵਾਧੂ ਭੁਗਤਾਨ ਕਰਕੇ ਵੀਅਤਨਾਮੀ ਘੱਟ ਭੀੜ ਵਾਲੀਆਂ ਬੇੜੀਆਂ ਤੱਕ ਪਹੁੰਚ ਸਕਦੇ ਹਨ, ਜਿਸ ਕਾਰਨ ਡੁੱਬਣ ਦੀ ਸੰਭਾਵਨਾ ਘੱਟ ਹੁੰਦੀ ਹੈ। ਪਰ ਅਸੀਂ ਇਸਦੀ ਪੁਸ਼ਟੀ ਨਹੀਂ ਕਰ ਸਕੇ ਹਾਂ।

ਜੋ ਗੱਲ ਸਾਫ਼ ਜਾਪਦੀ ਹੈ ਉਹ ਇਹ ਹੈ ਕਿ ਵੀਅਤਨਾਮੀ ਤਸਕਰ ਖ਼ਰਾਬ ਮੌਸਮ ਵਿੱਚ ਆਪਣੇ ਗਾਹਕਾਂ ਨੂੰ ਬੇੜੀਆਂ 'ਤੇ ਭੇਜਣ ਲਈ ਵਧੇਰੇ ਸਾਵਧਾਨ ਰਹਿੰਦੇ ਹਨ।

ਬੈਕ ਤੋਂ ਸਾਡੇ ਅੰਡਰਕਵਰ ਰਿਪੋਰਟਰ ਨੂੰ ਭੇਜੇ ਗਏ ਸੰਦੇਸ਼ ਵਿੱਚ ਕੈਂਪ ਦੀ ਯਾਤਰਾ ਅਤੇ ਪਹੁੰਚਣ ਲਈ ਸਭ ਤੋਂ ਵਧੀਆ ਦਿਨ ਬਾਰੇ ਖ਼ਾਸ ਸੁਝਾਅ ਵੀ ਸ਼ਾਮਲ ਸਨ।

ਬੈਕ ਨੇ ਸੰਦੇਸ਼ ਕੀਤਾ, “ਛੋਟੀ ਬੇੜੀ ਦੀ ਯਾਤਰਾ ਮੌਸਮ 'ਤੇ ਨਿਰਭਰ ਕਰਦੀ ਹੈ। ਉਸ ਲਈ ਛੋਟੀਆਂ ਲਹਿਰਾਂ ਦੀ ਲੋੜ ਹੁੰਦੀ ਹੈ ਅਤੇ ਇਹ ਸੁਰੱਖਿਅਤ ਹੋਣੀ ਚਾਹੀਦੀ ਹੈ... ਸਾਡੇ ਕੋਲ ਇਸ ਹਫ਼ਤੇ ਦੇ ਸ਼ੁਰੂ ਵਿੱਚ ਮੌਸਮ ਚੰਗਾ ਸੀ ਅਤੇ ਬਹੁਤ ਸਾਰੀਆਂ ਬੇੜੀਆਂ ਬਚੀਆਂ ਸਨ...।"

"ਇਹ ਚੰਗਾ ਹੋਵੇਗਾ ਜੇਕਰ ਤੁਸੀਂ ਕੱਲ ਡੰਕਰਕ ਵਿੱਚ ਆ ਸਕਦੇ ਹੋ ਤਾਂ, ਮੈਂ ਵੀਰਵਾਰ ਸਵੇਰੇ ਇੱਕ ਚੈਨਲ ਕਰਾਸ ਕਰਨ ਦੀ ਯੋਜਨਾ ਬਣਾ ਰਿਹਾ ਹਾਂ।"

ਇਸ ਮਹੀਨੇ ਦੇ ਸ਼ੁਰੂ ਵਿੱਚ ਡੰਕਰਕ ਦੇ ਨੇੜੇ ਜੰਗਲ ਵਿੱਚ ਦੋ ਵੱਖ-ਵੱਖ ਕੈਂਪਾਂ ਵਿੱਚ ਆਪਣੇ ਤੰਬੂਆਂ ਦੇ ਬਾਹਰ ਬੈਠੇ ਦੋ ਨੌਜਵਾਨਾਂ ਨੇ ਸਾਨੂੰ ਉਨ੍ਹਾਂ ਘਟਨਾਵਾਂ ਬਾਰੇ ਲਗਭਗ ਇੱਕੋ ਜਿਹੀਆਂ ਕਹਾਣੀਆਂ ਸੁਣਾਈਆਂ ਜਿਨ੍ਹਾਂ ਨੇ ਉਨ੍ਹਾਂ ਨੂੰ ਨਵੇਂ ਭਵਿੱਖ ਦੀ ਆਸ ਵਿੱਚ ਵੀਅਤਨਾਮ ਛੱਡਣ ਲਈ ਪ੍ਰੇਰਿਆ।

26 ਸਾਲਾ ਤੂ ਨੇ ਦੱਸਿਆ, “ਵੀਅਤਨਾਮ ਵਿੱਚ ਜ਼ਿੰਦਗੀ ਮੁਸ਼ਕਲ ਹੋ ਗਈ ਹੈ। ਮੈਨੂੰ ਕੋਈ ਵਧੀਆ ਨੌਕਰੀ ਨਹੀਂ ਮਿਲੀ। ਮੈਂ ਦੁਕਾਨ ਖੋਲ੍ਹਣ ਦੀ ਕੋਸ਼ਿਸ਼ ਕੀਤੀ, ਪਰ ਉਹ ਵੀ ਅਸਫ਼ਲ ਰਿਹਾ। ਮੇਰੇ ਸਿਰ ʼਤੇ ਕਰਜ਼ਾ ਚੜ੍ਹ ਗਿਆ। ਇਸ ਲਈ ਮੈਂ ਪੈਸੇ ਕਮਾਉਣ ਦਾ ਕੋਈ ਤਰੀਕਾ ਲੱਭਣਾ ਚਾਹੁੰਦਾ ਹਾਂ।"

"ਮੈਂ ਜਾਣਦਾ ਹਾਂ ਕਿ ਇਹ ਗ਼ੈਰ-ਕਾਨੂੰਨੀ ਹੈ ਪਰ ਮੇਰੇ ਕੋਲ ਹੋਰ ਕੋਈ ਬਦਲ ਨਹੀਂ ਹੈ। ਮੇਰੇ ʼਤੇ 50,000 ਵੀਅਤਨਾਮੀ ਯੂਰੋ ਦਾ ਕਰਜ਼ਾ ਹੈ। ਮੈਂ ਆਪਣਾ ਘਰ ਵੇਚ ਦਿੱਤਾ ਪਰ ਕਰਜ਼ਾ ਨਹੀਂ ਉਤਰਿਆ।"

ਇੱਕ ਹੋਰ 27 ਸਾਲਾ ਪਰਵਾਸੀ ਨੇ ਦੱਸਿਆ ਕਿ ਉਹ ਕਿਵੇਂ ਚੀਨ ਰਾਹੀਂ ਕਦੇ ਪੈਦਲ ਤੁਰ ਕੇ ਅਤੇ ਕਦੇ ਟਰੱਕਾਂ ਰਾਹੀਂ ਯੂਰੋਪ ਪਹੁੰਚਿਆ।

ਆਪਣਾ ਨਾਮ ਨਾ ਦੱਸਣ ਦੀ ਸ਼ਰਤ ਨੇ ਉਸ ਨੇ ਦੱਸਿਆ, "ਮੈਂ ਯੂਕੇ ਵਿੱਚ ਰਹਿੰਦੇ ਆਪਣੇ ਦੋਸਤਾਂ ਕੋਲੋਂ ਸੁਣਿਆ ਸੀ ਕਿ ਉੱਥੇ ਜ਼ਿੰਦਗੀ ਬਿਹਤਰ ਹੈ ਅਤੇ ਮੈਂ ਉੱਥੇ ਪੈਸੇ ਕਮਾਉਣ ਲਈ ਕੋਈ ਹੀਲਾ ਲੱਭ ਸਕਦਾ ਹਾਂ।"

ਕੀ ਇਹ ਲੋਕ ਤਸਕਰੀ ਦੇ ਸ਼ਿਕਾਰ ਹਨ?

ਇਹ ਗੱਲ ਅਜੇ ਸਪੱਸ਼ਟ ਨਹੀਂ ਹੈ। ਅਸੀਂ ਜਿੰਨੇ ਵੀ ਵੀਅਤਨਾਮੀ ਪਰਵਾਸੀਆਂ ਨਾਲ ਗੱਲ ਕੀਤੀ ਉਨ੍ਹਾਂ ਨੇ ਕਿਹਾ ਕਿ ਉਹ ਕਰਜ਼ੇ ਵਿੱਚ ਨਹੀਂ ਸਨ।

ਜੇ ਉਹ ਆਪਣੀ ਯਾਤਰਾ ਦਾ ਭੁਗਤਾਨ ਕਰਨ ਅਤੇ ਆਪਣੇ ਕਰਜ਼ਿਆਂ ਦੀ ਅਦਾਇਗੀ ਕਰਨ ਲਈ ਯੂਕੇ ਵਿੱਚ ਤਸਕਰੀ ਕਰਨ ਵਾਲੇ ਗਿਰੋਹਾਂ ਲਈ ਕੰਮ ਕਰਨਾ ਬੰਦ ਕਰ ਦਿੰਦੇ ਹਨ ਤਾਂ ਉਦੋਂ ਅਸਲ ਵਿੱਚ ਉਨ੍ਹਾਂ ਦੀ ਤਸਕਰੀ ਹੋਵੇਗੀ।

ਅਸੀਂ ਵੀਅਤਨਾਮੀ ਤਸਕਰ ਟੋਨੀ ਨੂੰ ਜੰਗਲ ਵਿੱਚੋਂ ਕੱਢ ਕੇ ਕਿਸੇ ਹੋਰ ਇਲਾਕੇ ਵਿੱਚ ਲੈ ਕੇ ਆਉਣਾ ਚਾਹੁੰਦੇ ਸੀ ਕਿਉਂਕਿ ਉਸ ਦੇ ਗਿਰੋਹ ਦੇ ਸੰਭਾਵੀ ਤੌਰ ʼਤੇ ਹਥਿਆਰਬੰਦ ਲੋਕ ਹੋ ਸਕਦੇ ਸਨ।

ਸਾਡਾ ਮਕਸਦ ਉਸ ਨੂੰ ਇੱਕ ਦਿਲਚਸਪ ਅਤੇ ਜੋਖ਼ਮ ਭਰੇ ਕਾਰੋਬਾਰ ਵਿੱਚ ਉਸ ਸ਼ਮੂਲੀਅਤ ਬਾਰੇ ਦੱਸਣਾ ਸੀ।

ਪਰ ਲਗਾਤਾਰ ਆਪਣੀ ਜਗ੍ਹਾ ਛੱਡਣ ਤੋਂ ਕਤਰਾਉਂਦਾ ਰਿਹਾ ਅਤੇ ਪਰਵਾਸੀ ਵਜੋਂ ਮੌਜੂਦ ਸਾਡੇ ਇੱਕ ਸਹਿਯੋਗੀ ਨੇ ਉਸ ਨਾਲ ਜਾਣ ਤੋਂ ਇਨਕਾਰ ਕਰ ਦਿੱਤਾ ਤਾਂ ਉਹ ਹੋਰ ਗੁੱਸੇ ਵਿੱਚ ਆ ਗਿਆ।

ਟੋਨੀ ਨੇ ਕਿਹ, "ਤੁਸੀਂ ਇੱਥੇ ਕਿਉਂ ਖੜ੍ਹੇ ਹੋ, ਮੇਰੇ ਪਿੱਛੇ ਆਓ। ਜਲਦੀ ਤੁਰੋ, ਛੇਤੀ।"

ਇਸ ਤੋਂ ਬਾਅਦ ਬਿਲਕੁਲ ਖ਼ਾਮੋਸ਼ੀ ਛਾ ਜਾਂਦੀ ਹੈ ਅਤੇ ਪੰਛੀਆਂ ਦੀ ਆਵਾਜ਼ਾਂ ਵੀ ਸਪੱਸ਼ਟ ਸੁਣਾਈ ਦਿੰਦੀਆਂ ਹਨ।

ਤਸਕਰ ਨੇ ਫਿਰ ਪੁੱਛਿਆ, "ਤੁਸੀਂ ਬੇਕਵੂਫ਼ ਹੋ, ਕੀ ਤੁਸੀਂ ਇੱਥੇ ਹੀ ਖੜ੍ਹੇ ਰਹਿਣਾ ਹੈ ਅਤੇ ਪੁਲਿਸ ਦੇ ਹੱਥੇ ਚੜ੍ਹਨਾ ਹੈ।"

ਉਹ ਮੁੜਿਆ ਅਤੇ ਜੰਗਲ ਵਿੱਚ ਚਲਾ ਗਿਆ।

ਜੇਕਰ ਸਾਡੀ ਸਹਿਯੋਗੀ ਸੱਚਮੁੱਚ ਦੀ ਪਰਵਾਸੀ ਹੁੰਦੀ ਤਾਂ ਟੋਨੀ ਦਾ ਪਿੱਛਾ ਕਰਦੀ।

ਸਾਨੂੰ ਕੈਂਪ ਵਿੱਚ ਦੂਜੇ ਸਰੋਤਾਂ ਤੋਂ ਪਤਾ ਲੱਗਾ ਸੀ ਕਿ ਤਸਕਰ ਉਦੋਂ ਤੱਕ ਪਰਵਾਸੀ ਨੂੰ ਜਾਣ ਨਹੀਂ ਦਿੰਦੇ ਜਦੋਂ ਤੱਕ ਉਹ ਉਨ੍ਹਾਂ ਹਜ਼ਾਰਾਂ ਡਾਲਕ ਨਾਲ ਦੇ ਦੇਣ।

ਇਹ ਵੀਅਤਨਾਮੀ ਗਿਰੋਹ ਬੇਸ਼ੱਕ ਪਰਵਾਸੀਆਂ ਨੂੰ ਯੂਕੇ ਲਈ ਸੁਰੱਖਿਅਤ ਅਤੇ ਛੇਤੀ ਪਹੁੰਚਾਉਣ ਦਾ ਵਾਅਦਾ ਕਰਦੇ ਹੋਣ ਪਰ ਅਸਲ ਵਿੱਚ ਇਹ ਕਿਤੇ ਭਿਆਨਕ ਹੈ।

ਇਹ ਇੱਕ ਅਪਰਾਧਿਕ ਕਾਰੋਬਾਰ ਹੈ, ਧਮਕੀਆਂ ਨਾਲ ਭਰਿਆ ਹੋਇਆ, ਜਿਸ ਵਿੱਚ ਜਾਨ ਦਾ ਜੋਖ਼ਮ ਸ਼ਾਮਲ ਹੈ ਅਤੇ ਸਫ਼ਲਤਾ ਦੀ ਫਿਰ ਵੀ ਕੋਈ ਗਾਰੰਟੀ ਨਹੀਂ ਹੈ।

ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTER, WhatsApp ਅਤੇ YouTube 'ਤੇ ਜੁੜੋ।)