ਜ਼ੀਰਾ ਵਿੱਚ ਧਰਨਾ: ਡਾਂਗਾਂ-ਸੋਟੇ ਚੱਲਣ ਮਗਰੋਂ ਫੈਕਟਰੀ ਖਿਲਾਫ ਮੁਜ਼ਾਹਰਿਆਂ ਦੀ ਗੱਲ ਹੁਣ ਕਿੱਥੇ ਪਹੁੰਚੀ

    • ਲੇਖਕ, ਸੁਰਿੰਦਰ ਮਾਨ
    • ਰੋਲ, ਬੀਬੀਸੀ ਸਹਿਯੋਗੀ

ਪੰਜਾਬ ਦੇ ਜ਼ਿਲ੍ਹਾ ਫਿਰੋਜ਼ਪੁਰ ਅਧੀਨ ਪੈਂਦੇ ਪਿੰਡ ਮਨਸੂਰਵਾਲ ਕਲਾਂ 'ਚ ਲੱਗੀ ਇੱਕ ਸ਼ਰਾਬ ਫੈਕਟਰੀ ਲੋਕਾਂ ਵੱਲੋਂ ਕੀਤੇ ਜਾ ਰਹੇ ਵਿਰੋਧ ਤਿੱਖਾ ਹੋ ਗਿਆ ਹੈ।

ਸੰਯੁਕਤ ਕਿਸਾਨ ਮੋਰਚਾ ਕਈ ਮਹੀਨਿਆਂ ਤੋਂ ਧਰਨਾ ਦੇ ਰਹੇ ਲੋਕਾਂ ਦਾ ਸਾਥ ਦੇਣ ਪਹੁੰਚਿਆ ਸੀ। ਧਰਨੇ ਵਾਲੀ ਥਾਂ ਤੱਕ ਪਹੁੰਚਣ ਤੋਂ ਰੋਕਣ ਲਈ ਪੁਲਿਸ ਨੇ ਪ੍ਰਬੰਧ ਕੀਤੇ ਸਨ ਪਰ ਪੁਲਿਸ ਅਤੇ ਪ੍ਰਦਰਸ਼ਨਕਾਰੀਆਂ ਵਿਚਾਲੇ ਜ਼ਬਰਦਸਤ ਝੜਪ ਹੋਈ।

ਤਹਿਸੀਲ ਜ਼ੀਰਾ ਨਾਲ ਸੰਬੰਧਤ ਕਰੀਬ 40 ਪਿੰਡਾਂ ਦੇ ਲੋਕਾਂ ਤੋਂ ਇਲਾਵਾ ਵੱਖ-ਵੱਖ ਕਿਸਾਨ ਸੰਗਠਨਾਂ ਦੇ ਕਾਰਕੁੰਨ ਇਸ ਗੱਲ 'ਤੇ ਅੜੇ ਹੋਏ ਹਨ ਕਿ ਸ਼ਰਾਬ ਫੈਕਟਰੀ ਨੂੰ ਬੰਦ ਕੀਤਾ ਜਾਵੇ।

ਇਸ ਮਾਮਲੇ ਵਿੱਚ ਅਦਾਲਤ ਨੂੰ ਫੈਕਟਰੀ ਨੇ ਕਿਹਾ ਹੈ ਕਿ ਇਹ ਯੂਨਿਟ ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ ਤੇ ਭਾਰਤ ਸਰਕਾਰ ਦੇ ਵਾਤਾਵਰਨ ਮੰਤਰਾਲੇ ਤੋਂ ਮਿਲੀ ਮਨਜ਼ੂਰੀ ਤੋਂ ਬਾਅਦ ਹੀ ਲਗਾਈ ਗਈ ਸੀ ਤੇ ਫੈਕਟਰੀ ਵੱਲੋਂ ਕੋਈ ਪ੍ਰਦੂਸ਼ਣ ਨਹੀਂ ਫੈਲਾਇਆ ਜਾ ਰਿਹਾ ਹੈ।

ਅਸਲ ਵਿੱਚ ਇਸ ਫੈਕਟਰੀ ਸੰਬੰਧੀ ਵਿਵਾਦ ਉਸ ਵੇਲੇ ਪੈਦਾ ਹੋਇਆ, ਜਦੋਂ ਕਰੀਬ 6 ਮਹੀਨੇ ਪਹਿਲਾਂ ਨੇੜਲੇ ਪਿੰਡ ਮਹੀਆਂਵਾਲਾ ਵਿੱਚ ਬੋਰ ਕਰਦੇ ਸਮੇਂ ਉਸ ਵਿੱਚੋਂ ਕਾਲੇ ਰੰਗ ਦਾ ਦੂਸ਼ਤ ਪਾਣੀ ਨਿਕਲਣ ਲੱਗਾ।

ਪੁਲਿਸ ਨੇ ਕੀਤਾ ਲਾਠੀਚਾਰਜ

ਕਿਸਾਨਾਂ ਵੱਲੋਂ ਪੁਲਿਸ ਵੱਲੋਂ ਲਗਾਏ ਗਏ ਬੈਰੀਕੇਡ ਤੋੜ ਦਿੱਤੇ ਗਏ। ਪੁਲਿਸ ਨੇ ਜਵਾਬੀ ਕਾਰਵਾਈ ਕਰਦਿਆਂ ਪ੍ਰਦਰਸ਼ਨਕਾਰੀ ਕਿਸਾਨਾਂ ਉੱਤੇ ਲਾਠੀਚਾਰਜ ਕੀਤਾ। ਕਿਸਾਨਾਂ ਵੱਲੋਂ ਵੀ ਡਾਂਗਾਂ ਦਾ ਇਸਤੇਮਾਲ ਕੀਤਾ ਗਿਆ।

ਪੁਲਿਸ ਵੱਲੋਂ ਵੀ ਫੈਕਟਰੀ ਦੀ ਸੁਰੱਖਿਆ ਨੂੰ ਹੋਰ ਵੀ ਪੁਖਤਾ ਕਰ ਦਿੱਤਾ ਗਿਆ ਹੈ। ਫੈਕਟਰੀ ਦੇ ਆਲੇ-ਦੁਆਲੇ ਵੱਡੀ ਗਿਣਤੀ ਵਿੱਚ ਪੁਲਿਸ ਮੁਲਾਜ਼ਮਾਂ ਦੀ ਤਾਇਨਾਤੀ ਕੀਤੀ ਹੋਈ ਹੈ।

ਅਦਾਲਤ ਵਿੱਚ ਕੀ ਹੋਇਆ?

ਇਸ ਮਾਮਲੇ ਬਾਰੇ ਪੰਜਾਬ ਹਰਿਆਣਾ ਹਾਈ ਕੋਰਟ ਵਿੱਚ ਵੀ ਸੁਣਵਾਈ ਹੋਈ। ਅਦਾਲਤ ਨੇ ਪ੍ਰਦਰਸ਼ਨਕਾਰੀਆਂ ਨੂੰ ਕਿਹਾ ਕਿ ਉਹ ਮੁਜ਼ਾਹਰੇ ਵਾਲੀ ਥਾਂ ਛੇਤੀ ਤੋਂ ਛੇਤੀ ਖਾਲੀ ਕਰਨ।

ਬੀਬੀਸੀ ਪੱਤਰਕਾਰ ਸਰਬਜੀਤ ਸਿੰਘ ਧਾਲੀਵਾਲ ਮੁਤਾਬਕ ਹਾਈ ਕੋਰਟ ਨੇ ਕਿਹਾ ਕਿ ਨਵੀਂ ਕਮੇਟੀ ਤਾਂ ਬਣੇਗੀ ਪਰ ਪਹਿਲਾਂ ਉਸ ਥਾਂ ਨੂੰ ਖਾਲੀ ਕੀਤਾ ਜਾਵੇ।

ਸਰਕਾਰ ਨੇ ਇਸ ਮਾਮਲੇ ਵਿੱਚ ਹਾਈ ਕੋਰਟ ਵਿੱਚ ਕਿਹਾ ਕਿ ਕਈ ਲੋਕਾਂ ਦੇ ਖਿਲਾਫ਼ ਐੱਫਆਈਆਰ ਦਰਜ ਕੀਤੀ ਗਈ ਹੈ।

ਸਰਕਾਰ ਨੇ ਕਿਹਾ ਕਿ ਜੇ ਫੈਕਟਰੀ ਮਾਲਿਕ ਵੱਲੋਂ ਕਿਸੇ ਤਰੀਕੇ ਦੀ ਵਾਤਾਵਰਨ ਸਬੰਧੀ ਉਲੰਘਣਾ ਕੀਤੀ ਜਾਂਦੀ ਹੈ ਤਾਂ ਉਸ ਸਬੰਧ ਵਿੱਚ ਵੀ ਹਾਈ ਕੋਰਟ ਸਾਹਮਣੇ ਰਿਪੋਰਟ ਰੱਖੀ ਜਾਵੇਗੀ।

ਮੁੱਖ ਬਿੰਦੂ

  • ਮਨਸੂਰਵਾਲ ਕਲਾਂ 'ਚ ਲੱਗੀ ਇਕ ਸ਼ਰਾਬ ਫੈਕਟਰੀ ਲੋਕਾਂ ਵੱਲੋਂ ਕੀਤੇ ਜਾ ਰਹੇ ਵਿਰੋਧ ਕਾਰਨ ਚਰਚਾ ਵਿੱਚ ਹੈ।

ਲੋਕਾਂ ਦੀ ਮੰਗ ਹੈ ਕਿ ਸ਼ਰਾਬ ਫੈਕਟਰੀ ਨੂੰ ਬੰਦ ਕੀਤਾ ਜਾਵੇ।

  • ਕਰੀਬ 6 ਮਹੀਨੇ ਪਹਿਲਾਂ ਨੇੜਲੇ ਪਿੰਡ ਮਹੀਆਂਵਾਲਾ ਵਿੱਚ ਬੋਰ ਕਰਦੇ ਸਮੇਂ ਉਸ ਵਿੱਚੋਂ ਕਾਲੇ ਰੰਗ ਦਾ ਦੂਸ਼ਤ ਪਾਣੀ ਨਿਕਲਣ ਲੱਗਾ।
  • 40 ਪਿੰਡਾਂ ਦੀਆਂ ਪੰਚਾਇਤਾਂ ਨੇ ਪੰਜਾਬ ਦੇ ਮੁੱਖ ਮੰਤਰੀ ਨੂੰ ਇਕ ਪੱਤਰ ਵੀ ਭੇਜਿਆ ਸੀ।
  • ਨੈਸ਼ਨਲ ਗ੍ਰੀਨ ਟ੍ਰਿਬਿਊਨਲ ਨੇ ਧਰਤੀ ਹੇਠਲੇ ਪਾਣੀ ਅਤੇ ਮਿੱਟੀ ਨੂੰ ਦੂਸ਼ਿਤ ਕਰਨ ਦੇ ਮੁੱਦੇ ਨੂੰ ਲੈ ਕੇ ਪੰਜਾਬ ਦੇ ਮੁੱਖ ਸਕੱਤਰ ਨੂੰ ਨੋਟਿਸ ਜਾਰੀ ਕਰਕੇ ਜਵਾਬ ਤਲਬੀ ਕੀਤੀ ਸੀ।
  • ਧਰਨੇ ਦੇ ਖ਼ਿਲਾਫ਼ ਸ਼ਰਾਬ ਫੈਕਟਰੀ ਦੇ ਪ੍ਰਬੰਧਕ ਪੰਜਾਬ ਹਰਿਆਣਾ ਹਾਈਕੋਰਟ ਵਿੱਚ ਗਏ ਸਨ।
  • ਜਿਸ ਤੋਂ ਬਾਅਦ ਅਦਾਲਤ ਨੇ ਪੰਜਾਬ ਸਰਕਾਰ ਨੂੰ ਕਰੀਬ 15 ਕਰੋੜ ਰੁਪਏ ਦਾ ਜੁਰਮਾਨਾ ਲਗਾਇਆ ਹੈ।ਇਹ ਫੈਕਟਰੀ ਸਾਲ 2006 ਵਿੱਚ ਜ਼ੀਰਾ ਨੇੜਲੇ ਪਿੰਡ ਮਨਸੂਰਵਾਲ ਕਲਾਂ 'ਚ ਲਗਾਈ ਗਈ ਸੀ।

ਫੈਕਟਰੀ ਦਾ ਕੀ ਪੱਖ ਹੈ

ਹਾਈ ਕੋਰਟ ਵਿੱਚ ਫੈਕਟਰੀ ਦੇ ਵਕੀਲ ਪੁਨੀਤ ਬਾਲੀ ਨੇ ਕਿਹਾ, “ਹਾਈ ਕੋਰਟ ਵੱਲੋਂ 2-3 ਵਾਰ ਆਰਡਰ ਦਿੱਤੇ ਜਾ ਚੁੱਕੇ ਹਨ ਤੇ ਹਾਈ ਕੋਰਟ ਦਾ ਇਹ ਮੰਨਣਾ ਸੀ ਕਿ ਇਹ ਪ੍ਰਦਰਸ਼ਨ ਬਿਲਕੁਲ ਬੇਬੁਨਿਆਦ ਹੈ।”

“ਪਹਿਲਾਂ ਸੂਬੇ ਦੇ ਪ੍ਰਦੂਸ਼ਣ ਕੰਟਰੋਲ ਬੋਰਡ ਨੇ ਆਪਣੀ ਰਿਪੋਰਟ ਦਿੱਤੀ ਜੋ ਪ੍ਰਦਰਸ਼ਨਕਾਰੀਆਂ ਨੇ ਨਹੀਂ ਮੰਨੀ। ਫ਼ਿਰ ਨੈਸ਼ਨਲ ਗ੍ਰੀਨ ਟ੍ਰਿਬਿਊਨਲ ਨੇ ਰਿਪੋਰਟ ਦਿੱਤੀ ਅਤੇ ਕਿਹਾ ਕਿ ਕੁਝ ਪ੍ਰਦੂਸ਼ਣ ਹੈ ਪਰ ਇਹ ਫ਼ੈਕਟਰੀ ਨਾਲ ਸਬੰਧਤ ਨਹੀਂ ਹੈ।”

ਤਣਾਅ ਘਟਾਉਣ ਬਾਰੇ ਬਣੀ ਸਹਿਮਤੀ - ਆਈਜੀ

ਆਈਜੀ ਜਸਕਰਨ ਸਿੰਘ ਨੇ ਕਿਹਾ ਹੈ ਕਿ ਪ੍ਰਸ਼ਾਸਨ ਦੀ ਕਿਸਾਨਾਂ ਤੇ ਪ੍ਰਦਰਸ਼ਨਕਾਰੀਆਂ ਨਾਲ ਬੜੇ ਹੀ ਚੰਗੀ ਮਾਹੌਲ ਵਿੱਚ ਗੱਲਬਾਤ ਹੋਈ ਹੈ।

ਉਨ੍ਹਾਂ ਕਿਹਾ, “ਅਸੀਂ ਕਿਸਾਨ ਯੂਨੀਅਨਾਂ ਤੇ ਪ੍ਰਦਰਸ਼ਨਕਾਰੀਆਂ ਨਾਲ ਬੜੇ ਚੰਗੇ ਮਾਹੌਲ ਵਿੱਚ ਗੱਲ ਕੀਤੀ ਹੈ। ਅਸੀਂ ਉਨ੍ਹਾਂ ਦੇ ਮੁੱਦਿਆਂ ਨੂੰ ਸੁਣਿਆ। ਅਸੀਂ ਇਹ ਵੀ ਦੱਸਿਆ ਕਿ ਮੁੱਖ ਮੰਤਰੀ ਵੱਲੋਂ ਕਿਸ ਤਰੀਕੇ ਨਾਲ ਕਮੇਟੀਆਂ ਇਸ ਮਸਲੇ ਬਾਰੇ ਤਿਆਰ ਕੀਤੀਆਂ ਗਈਆਂ ਹਨ।”

“ਅੱਜ ਜੋ ਥੋੜ੍ਹੀ-ਬਹੁਤੀ ਤਲਖੀ ਹੋਈ ਹੈ ਉਸ ਬਾਰੇ ਵੀ ਅਸੀਂ ਗੱਲ ਕੀਤੀ ਹੈ। ਇਸ ਬਾਰੇ ਵੀ ਸਹਿਮਤੀ ਹੋਈ ਹੈ ਕਿ ਤਣਾਅ ਨੂੰ ਘਟਾਇਆ ਜਾਵੇ।”

ਆਈਜੀ ਜਸਕਰਨ ਸਿੰਘ ਨੇ ਦੱਸਿਆ ਕਿ ਅੱਜ ਹੋਏ ਤਣਾਅ ਵਿੱਚ 7-8 ਪੁਲਿਸ ਮੁਲਾਜ਼ਮ ਜ਼ਖ਼ਮੀ ਹੋਏ ਹਨ ਜਿਨ੍ਹਾਂ ਦਾ ਇਲਾਜ ਜਾਰੀ ਹੈ।

‘ਅਸੀਂ ਧਰਤੀ ਨੂੰ ਬਚਾਉਣ ਦੀ ਲੜਾਈ ਲੜ ਰਹੇ ਹਾਂ’

ਸੰਯੁਕਤ ਕਿਸਾਨ ਮੋਰਚੇ ਅਤੇ ਪੁਲਿਸ ਪ੍ਰਸਾਸ਼ਨ ਦਰਮਿਆਨ ਫਿਰੋਜ਼ਪੁਰ ਜ਼ਿਲ੍ਹੇ ਦੇ ਕਸਬਾ ਮਖੂ ਵਿਖੇ 4 ਘੰਟੇ ਮੀਟਿੰਗ ਚੱਲੀ। ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਦੇ ਸੂਬਾ ਜਨਰਲ ਸਕੱਤਰ ਸੁਖਦੇਵ ਸਿੰਘ ਕੋਕਰੀ ਨੇ ਕਿਹਾ ਕਿ ਸਰਕਾਰ ਕਿਸਾਨਾਂ ਦੇ ਖਿਲਾਫ ਦਰਜ ਕੀਤੇ ਮਾਮਲੇ ਤੁਰੰਤ ਰੱਦ ਕਰੇ।

ਉਨ੍ਹਾਂ ਕਿਹਾ ਕਿ ਕਿਸਾਨਾਂ ਦੇ ਘਰਾਂ 'ਚ ਰੇਡ ਕਰਨ ਸਮੇਂ ਸੀਸੀਟੀਵੀ ਦੀ ਕੀਤੀ ਗਈ ਭੰਨ ਤੋੜ ਤੇ ਪ੍ਰਦਰਸ਼ਨ ਕਰ ਰਹੇ ਕਿਸਾਨਾਂ ਦੇ ਸਮਾਨ ਦੀ ਕੀਤੀ ਗਈ ਭੰਨ ਤੋੜ ਦਾ ਮੁਆਵਜਾ ਦਿੱਤਾ ਜਾਵੇ। ਸ਼ਰਾਬ ਫੈਕਟਰੀ ਲਈ ਬਣਾਈਆਂ ਗਈਆਂ ਕਮੇਟੀਆਂ ਦੀ ਰਿਪੋਰਟ ਲੈ ਕੇ ਫੈਕਟਰੀ ਨੂੰ ਬੰਦ ਕੀਤਾ ਜਾਵੇ।

ਕਿਸਾਨ ਆਗੂ ਕਰਮਵੀਰ ਕੌਰ ਕਹਿੰਦੇ, “ਅਸੀਂ ਸਰਕਾਰ ਨੂੰ ਕਹਿੰਦੇ ਹਾਂ ਕਿ ਅੱਜ ਤੁਹਾਡੇ ਘਰ ਵਿੱਚ ਲੋਕ ਬੈਠੇ ਹਨ ਤੇ ਇਸ ਧਰਤੀ ਨੂੰ ਬਚਾਉਣ ਦੀ ਲੜਾਈ ਲੜ ਰਹੇ ਹਨ, ਪਾਣੀ ਨੂੰ ਬਚਾਉਣ ਦੀ ਲੜਾਈ ਲੜ ਰਹੇ ਹਨ।”

(ਬੀਬੀਸੀ ਪੰਜਾਬੀ ਨਾਲ FACEBOOKINSTAGRAMTWITTERਅਤੇ YouTube 'ਤੇ ਜੁੜੋ।)