You’re viewing a text-only version of this website that uses less data. View the main version of the website including all images and videos.
ਕੈਨੇਡਾ ’ਚ ਘੁੰਮਣ ਗਏ ਲੋਕ ਵੀ ਵਰਕ ਪਰਮਿਟ ਹਾਸਲ ਕਰ ਸਕਦੇ ਹਨ, ਜਾਣੋ ਪ੍ਰਕਿਰਿਆ ਕੀ ਹੈ
ਨਵੰਬਰ 2022 ਵਿੱਚ ਕੈਨੇਡਾ ਵੱਲੋਂ ਦੇਸ਼ ਵਿੱਚ ਕਾਮਿਆਂ ਦੀ ਗਿਣਤੀ ਵਧਾਉਣ ਦੀ ਗੱਲ ਆਖੀ ਗਈ ਸੀ ਤੇ ਹੁਣ ਵਿਜ਼ਟਰ ਵੀਜ਼ੇ ਰਾਹੀਂ ਕੈਨੇਡਾ ਪਹੁੰਚੇ ਲੋਕਾਂ ਲਈ ਵਰਕ ਪਰਮਿਟ ਲਈ ਅਪਲਾਈ ਕਰਨ ਦੇ ਸਮੇਂ ਵਿੱਚ ਦੋ ਸਾਲ ਦਾ ਵਾਧਾ ਕੀਤਾ ਗਿਆ ਹੈ।
ਵਿਜ਼ਟਰ ਵੀਜ਼ਾ ਜ਼ਰੀਏ ਕੈਨੇਡਾ ਪਹੁੰਚੇ ਲੋਕਾਂ ਲਈ ਵਰਕ ਪਰਮਿਟ ਲਈ ਅਰਜ਼ੀ ਦੀ ਮਿਤੀ ਫ਼ਰਵਰੀ ਦੇ ਆਖ਼ਰੀ ਹਫ਼ਤੇ ਤੱਕ ਸੀ। ਇਸੇ ਨੂੰ ਕੈਨੇਡਾ ਸਰਕਾਰ ਵੱਲੋਂ 28 ਫ਼ਰਵਰੀ 2025 ਤੱਕ ਵਧਾਉਣ ਦਾ ਫ਼ੈਸਲਾ ਲਿਆ ਗਿਆ ਹੈ।
ਕੈਨੇਡਾ ਸਰਕਾਰ ਦੀ ਅਧਿਕਾਰਿਤ ਵੈੱਬਸਾਈਟ ਇਮੀਗ੍ਰੇਸ਼ਨ ਰਫ਼ਿਊਜੀ ਐਂਡ ਸਿਟੀਜਨਸ਼ਿਪ ਕੈਨੇਡਾ ਮੁਤਾਬਕ ਵਿਦੇਸ਼ੀ ਨਾਗਰਿਕ ਜੋ ਕੈਨੇਡਾ ਵਿੱਚ ਸੈਰ-ਸਪਾਟੇ ਲਈ ਜਾਂ ਆਪਣੇ ਰਿਸ਼ਤੇਦਾਰਾਂ ਨੂੰ ਮਿਲਣ ਲਈ ਸੈਲਾਨੀਆਂ ਵਜੋਂ ਆਏ ਹੋਣ ਤੇ ਉਨ੍ਹਾਂ ਕੋਲ ਜੇਕਰ ਜਾਇਜ਼ ਨੌਕਰੀ ਦੀ ਪੇਸ਼ਕਸ਼ ਹੋਵੇ ਉਹ ਵਰਕ ਪਰਮਿਟ ਲਈ ਅਪਲਾਈ ਕਰਨ ਯੋਗ ਹਨ।
ਕਿਸ-ਕਿਸ ਨੂੰ ਮਿਲੇਗਾ ਲਾਭ
ਵਰਕ ਪਰਮਿਟ ਦਾ ਸਮਾਂ ਵਧਾਏ ਜਾਣ ਦਾ ਫ਼ਾਇਦਾ ਵਿਜ਼ੀਟਰ ਵੀਜ਼ਾ ਜ਼ਰੀਏ ਨਵੇਂ ਗਏ ਲੋਕਾਂ ਦੇ ਨਾਲ ਨਾਲ ਉਨ੍ਹਾਂ ਨੂੰ ਵੀ ਹੋਵੇਗਾ ਜੋ ਪਹਿਲਾਂ ਤੋਂ ਹੀ ਕੈਨੇਡਾ ਵਿੱਚ ਵਰਕ ਪਰਮਿਟ ’ਤੇ ਕੰਮ ਕਰ ਰਹੇ ਹਨ ਤੇ ਰਹਿ ਰਹੇ ਹਨ।
ਇਮੀਗ੍ਰੇਸ਼ਨ ਮੰਤਰਾਲੇ ਮੁਤਾਬਕ ਕੈਨੇਡਾ ਵਿੱਚ ਵਰਕ ਪਰਮਿਟ ਦੇ ਆਧਾਰ ’ਤੇ ਅਸਥਾਈ ਤੌਰ ’ਤੇ ਰਹਿਣ ਵਾਲੇ ਲੋਕ ਵੀ ਜਨਤਕ ਨੀਤੀ ਤਹਿਤ ਉੱਥੇ ਰਹਿੰਦਿਆਂ ਹੀ ਆਗਾਓਂ ਵੀਜ਼ੇ ਲਈ ਅਪਲਾਈ ਕਰ ਸਕਣਗੇ।
ਉਹ ਵੀ ਆਪਣੇ ਨਵੇਂ ਰੁਜ਼ਗਾਰਦਾਤਾ ਨਾਲ ਕੰਮ ਸ਼ੁਰੂ ਕਰ ਸਕਦੇ ਹਨ। ਉਨ੍ਹਾਂ ਨੂੰ ਕੰਮ ਬਦਲਣ ਲਈ ਦੇਸ਼ ਛੱਡਣ ਦੀ ਲੋੜ ਵੀ ਨਹੀਂ ਹੈ।
ਕੈਨੇਡਾ ਇਮੀਗ੍ਰੇਸ਼ਨ ਵਿਭਾਗ ਮੁਤਾਬਕ ਇਹ ਫ਼ੈਸਲਾ ਕੈਨੇਡਾ ਵਿੱਚ ਕਾਮਿਆਂ ਦੀ ਲੋੜ ਨੂੰ ਧਿਆਨ ਵਿੱਚ ਰੱਖ ਕੇ ਲਿਆ ਗਿਆ ਹੈ। ਜ਼ਿਕਰਯੋਗ ਹੈ ਕਿ ਕੈਨੇਡਾ ਮਹਾਂਮਾਰੀ ਤੋਂ ਬਾਅਦ ਕਾਮਿਆਂ ਦੀ ਘਾਟ ਨਾਲ ਜੂਝ ਰਿਹਾ ਹੈ।
ਪ੍ਰਕਿਰਿਆ ਕੀ ਰਹੇਗੀ
ਇਮੀਗ੍ਰੇਸ਼ਨ, ਰਫ਼ਿਊਜੀ ਤੇ ਸਿਟੀਜਨਸ਼ਿਪ, ਕੈਨੇਡਾ ਦਾ ਕਹਿਣਾ ਹੈ ਕਿ ਇਹ ਅਸਥਾਈ ਨੀਤੀ ਰੁਜ਼ਗਾਰ ਦੇਣ ਵਾਲਿਆਂ ਨੂੰ ਇੱਕ ਚੰਗਾ ਵਿਕਲਪ ਦੇ ਸਕੇਗੀ ਕਿਉਂਕਿ ਆਰਥਿਕ ਵਿਸਥਾਰ ਵਾਸਤੇ ਕਾਮਿਆਂ ਦੀ ਘਾਟ ਨੂੰ ਖ਼ਤਮ ਕਰਨਾ ਜ਼ਰੂਰੀ ਹੈ।
ਇਸ ਅਸਥਾਈ ਨੀਤੀ ਵਿੱਚ ਤਬਦੀਲੀ ਤੋਂ ਪਹਿਲਾਂ, ਕੈਨੇਡਾ ਵਿੱਚ ਕੰਮ ਕਰਨ ਲਈ ਅਰਜ਼ੀ ਦੇਣ ਵਾਲਿਆਂ ਨੂੰ ਆਮ ਤੌਰ 'ਤੇ ਕੈਨੇਡਾ ਆਉਣ ਤੋਂ ਪਹਿਲਾਂ ਆਪਣੇ ਸ਼ੁਰੂਆਤੀ ਵਰਕ ਪਰਮਿਟ ਲਈ ਅਰਜ਼ੀ ਦੇਣੀ ਪਵੇਗੀ।
ਇਸ ਨੀਤੀ ਤੋਂ ਪਹਿਲਾਂ ਕੈਨੇਡਾ ਜੇਕਰ ਕੋਈ ਵਿਅਕਤੀ ਵਿਜ਼ਟਰ ਵਜੋਂ ਕੈਨੇਡਾ ਪਹੁੰਚਿਆ ਸੀ ਤੇ ਇਸ ਤੋਂ ਬਾਅਦ ਨੌਕਰੀ ਮਿਲਣ ਦੀ ਸੂਰਤ ਵਿੱਚ ਵਰਕ ਪਰਮਿਟ ਉੱਤੇ ਕੰਮ ਕਰਦਾ ਸੀ ਤਾਂ ਉਸ ਲਈ ਇੱਕ ਵਾਰ ਕੈਨੇਡਾ ਛੱਡਣਾ ਲਾਜ਼ਮੀ ਸੀ।
ਪਰ ਹੁਣ ਅਜਿਹਾ ਨਹੀਂ ਹੈ ਤੇ ਕੋਈ ਵੀ ਅਸਥਾਈ ਤੌਰ ’ਤੇ ਉਥੇ ਰਹਿੰਦਿਆਂ ਹੀ ਨੌਕਰੀ ਲੱਭ ਸਕਦਾ ਹੈ ਤੇ ਜਾਇਜ਼ ਨੌਕਰੀ ਮਿਲਣ ਦੀ ਸੂਰਤ ਵਿੱਚ ਵਰਕ ਪਰਮਿਟ ਲਈ ਅਰਜ਼ੀ ਲਗਾ ਸਕਦਾ ਹੈ।
ਜ਼ਿਕਰਯੋਗ ਹੈ ਕਿ ਵਰਕ ਪਰਮਿਟ ਲਈ ਅਪਲਾਈ ਕਰਨ ਸਮੇਂ ਲੇਬਰ ਮਾਰਕਿਟ ਇੰਮਪੈਕਟ ਅਸੈਸਮੈਂਟ ਜਾਂ ਐੱਲਐੱਮਆਈਏ-ਮੁਕਤ ਰੁਜ਼ਗਾਰ ਸੰਸਥਾਂ ਵੱਲੋਂ ਵੈਦ ਠਹਿਰਾਈਆਂ ਗਈਆਂ ਨੌਕਰੀਆਂ ਵਿੱਚੋਂ ਕਿਸੇ ਦੀ ਪੇਸ਼ਕਸ਼ ਹੋਣੀ ਚਾਹੀਦੀ ਹੈ।
ਕੈਨੇਡਾ ਵਿੱਚ ਕਾਮਿਆਂ ਦੀ ਲੋੜ
ਵੱਡੀ ਉਮਰ ਦੇ ਲੋਕਾਂ ਦੀ ਸੇਵਾ ਮੁਕਤ ਹੋਣ ਕਾਰਨ ਕੈਨੇਡਾ ਦੀ ਆਰਥਿਕਤਾ ਵਿੱਚ ਖ਼ਲਾਅ ਪੈਦਾ ਹੋ ਰਿਹਾ ਹੈ।
ਕੰਮ ਦੇ ਮੌਕਿਆਂ ਦੇ ਮੁਕਾਬਕੇ ਕੰਮ ਕਰਨ ਯੋਗ ਕਾਮਿਆਂ ਦੀ ਗਿਣਤੀ ਘੱਟ ਹੈ। ਇਸ ਫ਼ਰਕ ਨੂੰ ਪੂਰਿਆਂ ਕਰਨ ਲਈ ਕੈਨੇਡਾ ਦੀ ਝਾਕ ਪਰਵਾਸੀਆਂ ਉੱਪਰ ਹੈ।
ਕੈਨੇਡਾ ਦੀ ਫ਼ੈਡਰਸ ਸਰਕਾਰ ਨੇ ਨਵੰਬਰ 2023 ਵਿੱਚ ਐਲਾਨ ਕੀਤਾ ਸੀ ਕਿ 2025 ਤੱਕ ਹਰ ਸਾਲ 5 ਲੱਖ ਪਰਵਾਸੀਆਂ ਨੂੰ ਦੇਸ਼ ਵਿੱਚ ਦਾਖ਼ਲਾ ਦਿੱਤਾ ਜਾਏਗਾ।
ਹਾਲਾਂਕਿ ਹਰ ਕੋਈ ਇਸ ਦੇ ਸਮਰਥਨ ਵਿੱਚ ਨਹੀਂ ਹੈ।
ਇਸ ਨੀਤੀ ਮੁਤਾਬਕ ਆਉਂਦੇ ਤਿੰਨ ਸਾਲਾਂ ਵਿੱਚ ਕਰੀਬ 15 ਲੱਖ ਪਰਵਾਸੀਆਂ ਦੇ ਕੈਨੇਡਾ ਪਹੁੰਚਣ ਦੀ ਸੰਭਾਵਨਾ ਹੈ।
ਇਸ ਯੋਜਨਾ ਨਾਲ ਯੂਕੇ ਦੇ ਮੁਕਾਬਲੇ ਪ੍ਰਤੀ ਅਬਾਦੀ, ਹਰ ਸਾਲ ਅੱਠ ਗੁਣਾ ਲੋਕਾਂ ਨੂੰ ਸਥਾਈ ਰਿਹਾਇਸ਼ (ਪੀਆਰ) ਦਿੱਤੀ ਜਾਏਗੀ।
ਇਹ ਯੁਨਾਈਟਿਡ ਸਟੇਟਸ ਨਾਲੋਂ ਚਾਰ ਗੁਣਾ ਵੱਧ ਹੋਵੇਗੀ।
ਪਰ ਤਾਜ਼ਾ ਸਰਵੇ ਵਿੱਚ ਸਾਹਮਣੇ ਆਇਆ ਸੀ ਕਿ ਵੱਡੀ ਗਿਣਤੀ ਵਿੱਚ ਨਵੇਂ ਲੋਕਾਂ ਨੂੰ ਲਿਆਉਣ ਬਾਰੇ ਚਿੰਤਾਵਾਂ ਵੀ ਦਰਪੇਸ਼ ਹਨ।
ਕੈਨੇਡਾ ਸਰਕਾਰੀ ਦੀ ਪਰਵਾਸੀਆਂ ਲਈ ਨੀਤੀ ਸਮਝੋ:
- ਸਰਕਾਰ ਨੇ ਐਲਾਨ ਕੀਤਾ ਕਿ 2025 ਤੱਕ ਹਰ ਸਾਲ 5 ਲੱਖ ਪਰਵਾਸੀਆਂ ਨੂੰ ਦਾਖਲਾ ਦਿੱਤਾ ਜਾਏਗਾ।
- ਕੈਨੇਡਾ ਵਿੱਚ ਵਰਕ ਪਰਮਿਟ ਲਈ ਅਰਜ਼ੀ ਦਾਖ਼ਿਲ ਕਰਨ ਦੀ ਮਿਤੀ 28 ਫ਼ਰਵਰੀ 2025 ਤੱਕ ਵਧਾ ਦਿੱਤੀ ਗਈ ਹੈ
- ਆਉਂਦੇ ਤਿੰਨ ਸਾਲਾਂ ਵਿੱਚ ਕਰੀਬ 15 ਲੱਖ ਪਰਵਾਸੀ ਕੈਨੇਡਾ ਪਹੁੰਚ ਸਕਦੇ ਹਨ।
- ਟੋਰਾਂਟੋ ਅਤੇ ਵੈਨਕੂਵਰ ਜਿਹੇ ਵੱਡੇ ਸ਼ਹਿਰ ਹਨ ਜਿੱਥੇ 10 ਫ਼ੀਸਦੀ ਅਬਾਦੀ ਰਹਿੰਦੀ ਹੈ।
- 2023 ਤੱਕ ਕੈਨੇਡਾ ਦਾ ਟੀਚਾ 76 ਹਜ਼ਾਰ ਰਫ਼ਿਊਜੀਆਂ ਦਾ ਪੁਨਰਵਾਸ ਕਰਵਾਉਣ ਦਾ ਹੈ।
ਕੈਨੇਡਾ ਦੀ ਵੱਡੀ ਯੋਜਨਾ
ਕਈ ਸਾਲਾਂ ਤੱਕ ਕੈਨੇਡਾ ਨੇ ਪਰਮਾਨੈਂਟ ਰੈਜ਼ੀਡੈਂਟਸ ਨੂੰ ਆਕਰਸ਼ਤ ਕਰਨ ਦੀ ਕੋਸ਼ਿਸ਼ ਕੀਤੀ ਹੈ।
ਇਹ ਅਜਿਹੇ ਪਰਵਾਸੀ ਹਨ ਜਿਨ੍ਹਾਂ ਨੂੰ ਅਣਮਿੱਥੇ ਸਮੇਂ ਲਈ ਕੈਨੇਡਾ ਵਿੱਚ ਰਹਿਣ ਦਾ ਹੱਕ ਹੁੰਦਾ ਹੈ ਪਰ ਉਹ ਕੈਨੇਡਾ ਦੇ ਨਾਗਰਿਕ ਨਹੀਂ ਹੁੰਦੇ। ਅਜਿਹਾ ਅਬਾਦੀ ਬਰਕਰਾਰ ਰੱਖਣ ਅਤੇ ਆਰਥਿਕਤਾ ਵਿੱਚ ਵਾਧੇ ਲਈ ਕੀਤਾ ਗਿਆ ਸੀ।
ਪਿਛਲੇ ਸਾਲ ਕੈਨੇਡਾ ਨੇ ਇਤਿਹਾਸ ਵਿੱਚ ਹੁਣ ਤੱਕ ਦੀ ਸਭ ਤੋਂ ਵੱਧ ਗਿਣਤੀ 405,000 ਲੋਕਾਂ ਨੂੰ ਸਥਾਈ ਰਿਹਾਇਸ਼ ਯਾਨੀ ਪੀਆਰ ਦਿੱਤੀ।
ਇਸ ਦਾ ਸਿੱਧਾ ਹਿਸਾਬ ਹੈ ਕਿ ਪੱਛਮੀ ਦੇਸਾਂ ਵਾਂਗ ਕੈਨੇਡਾ ਵਿੱਚ ਵੱਡੀ ਉਮਰ ਦੇ ਲੋਕਾਂ ਦੀ ਵਸੋਂ ਵੱਧ ਹੈ ਅਤੇ ਜਨਮ ਦਰ ਘੱਟ ਹੈ।
ਜੇਕਰ ਦੇਸ਼ ਅੱਗੇ ਵਧਣਾ ਚਹੁੰਦਾ ਹੈ ਤਾਂ ਪ੍ਰਵਾਸੀਆਂ ਨੂੰ ਬੁਲਾਣਾ ਪੈਣਾ।
ਕੈਨੇਡਾ ਵਿੱਚ ਕਿਰਤੀ ਲੋਕਾਂ ਦੇ ਵਾਧੇ ਵਿੱਚ ਪਰਵਾਸੀਆਂ ਦੀ ਭੂਮਿਕਾ ਪਹਿਲਾਂ ਹੀ ਹੈ ਅਤੇ ਸਰਕਾਰ ਦੇ ਨਵੇਂ ਪ੍ਰੈਸ ਰਿਲੀਜ਼ ਮੁਤਾਬਕ, ਉਮੀਦ ਕੀਤੀ ਜਾ ਰਹੀ ਹੈ ਕਿ 2032 ਤੱਕ ਦੇਸ਼ ਦੀ ਹਰ ਤਰ੍ਹਾਂ ਦੀ ਅਬਾਦੀ ਵਿੱਚ ਇਸ ਦੀ ਭੂਮਿਕਾ ਹੋਏਗੀ।
ਇਸ ਮਹੀਨੇ ਵਿੱਚ ਪਹਿਲਾਂ, ਸਰਕਾਰ ਨੇ ਐਲਾਨ ਕੀਤਾ ਕਿ 2025 ਤੱਕ ਉਹ ਹਰ ਸਾਲ 5 ਲੱਖ ਪਰਵਾਸੀਆਂ ਨੂੰ ਕੈਨੇਡਾ ਲਿਆਉਣ ਦੀ ਉਮੀਦ ਕਰ ਰਹੇ ਹਨ।
ਇਹ ਗਿਣਤੀ 2021 ਨਾਲੋਂ 25 ਫ਼ੀਸਦੀ ਵੱਧ ਹੋਏਗੀ।
ਦੁਨੀਆਂ ਵਿੱਚ ਅਨੋਖੀ ਥਾਂ
ਅੱਜ, ਚਾਰ ਵਿੱਚੋਂ ਤਿੰਨ ਕੈਨੇਡੀਅਨ ਅਜਿਹੇ ਹਨ ਜੋ ਕਿਸੇ ਵੇਲੇ ਪਰਵਾਸੀ ਬਣ ਕੇ ਕੈਨੇਡਾ ਪਹੁੰਚੇ।
ਇਹ ਜੀ7 ਦੇਸ਼ਾਂ ਦੇ ਸਮੂਹ ਵਿੱਚ ਸਭ ਤੋਂ ਜ਼ਿਆਦਾ ਗਿਣਤੀ ਹੈ।
ਅਮਰੀਕਾ ਨਾਲ ਤੁਲਨਾ ਕਰੀਏ ਤਾਂ ਉੱਥੇ ਸਿਰਫ਼ 14 ਫ਼ੀਸਦੀ ਪਰਵਾਸੀ ਹਨ।
ਯੂਕੇ ਵਿਚ ਵੀ ਪਰਵਾਸੀਆਂ ਦੀ ਅਬਾਦੀ 14 ਫ਼ੀਸਦੀ ਹੈ।
ਆਕਸਫੋਰਡ ਯੁਨੀਵਰਸਿਟੀ ਵਿੱਚ ਮਾਈਗਰੇਸ਼ਨ ਅਬਜ਼ਰਵੇਟਰੀ ਦੇ ਡਾਇਰੈਕਟਰ ਮੈਡੇਲਿਨ ਸੰਪਸ਼ਨ ਨੇ ਕਿਹਾ, “ਇਨ੍ਹਾਂ ਅੰਕੜਿਆਂ ਦਾ ਮਤਲਬ ਇਹ ਨਹੀਂ ਕਿ ਯੂਕੇ ਪਰਵਾਸ ਵਿੱਚ ਪਿੱਛੇ ਹੈ, ਪਰ ਕੈਨੇਡਾ ਜ਼ਿਆਦਾ ਹੀ ਅੱਗੇ ਹੈ।”
ਕੈਨੇਡਾ ਤੋਂ ਦੁਗਣੀ ਅਬਾਦੀ ਵਾਲੇ ਛੋਟੇ ਜਿਹੇ ਟਾਪੂ ਯੂਕੇ ਵਿੱਚ ਪਹਿਲਾਂ ਹੀ ਅਬਾਦੀ ਘਣਤਾ ਜ਼ਿਆਦਾ ਹੈ।
ਜਦਕਿ ਕੈਨੇਡਾ ਦੀ ਅਬਾਦੀ ਮਹਿਜ਼ 38 ਮਿਲੀਅਨ ਹੈ ਅਤੇ ਉਸ ਦਾ ਖੇਤਰ ਕਾਫ਼ੀ ਵੱਡਾ ਹੈ। ਇਸ ਲਈ ਉੱਥੇ ਅਬਾਦੀ ਵਾਧੇ ਲਈ ਸੰਭਾਵਨਾਵਾਂ ਹਨ।
ਉਨ੍ਹਾਂ ਨੇ ਕਿਹਾ, “ਕੈਨੇਡਾ ਦੀ ਤਰ੍ਹਾਂ ਯੂਕੇ ਦਾ ਟੀਚਾ ਅਬਾਦੀ ਵਧਾਉਣ ਦਾ ਨਹੀਂ ਰਿਹਾ।”
ਮੈਕਮਾਸਟਰ ਯੁਨੀਵਰਸਿਟੀ ਤੋਂ ਰਾਜਨੀਤੀ ਵਿਗਿਆਨ ਦੇ ਮਾਹਿਰ ਜੈਫਰੀ ਕੈਮਰਨ ਨੇ ਕਿਹਾ ਕਿ ਕਈ ਦੇਸ਼ ਜਿਵੇਂ ਕੈਨੇਡਾ ਜੋ ਕਿ ਬੱਚੇ ਪੈਦਾ ਹੋਣ ਦੀ ਘੱਟ ਦਰ ਅਤੇ ਵਧਦੀ ਉਮਰ ਵਾਲੀ ਅਬਾਦੀ ਦਾ ਸਾਹਮਣਾ ਕਰ ਰਹੇ ਹਨ, ਉੱਥੇ ਪਰਵਾਸ ਢਾਂਚੇ ਦੀ ਸਫਲਤਾ ਲੋਕਾਂ ਦੇ ਸਹਿਯੋਗ ’ਤੇ ਨਿਰਭਰ ਕਰਦੀ ਹੈ।
ਉਨ੍ਹਾਂ ਨੇ ਕਿਹਾ, “ਬਹੁਤ ਸਾਰੇ ਦੇਸ਼ਾਂ ਵਿੱਚ ਲੋਕਾਂ ਦੀ ਰਾਏ ਹੀ ਸੀਮਤ ਕਾਰਕ ਹੁੰਦੀ ਹੈ।”
ਅਮਰੀਕਾ ਵਿਚ ਜਿੱਥੇ ਦੱਖਣੀ ਸਰਹੱਦ ਜ਼ਰੀਏ ਉੱਥੇ ਪਹੁੰਚਣ ਵਾਲੇ ਪਰਵਾਸੀਆਂ ਦੀ ਗਿਣਤੀਆਂ ਹੁਣ ਤੱਕ ਦੀ ਸਭ ਤੋਂ ਵੱਧ ਹੋ ਗਈ ਹੈ, ਉੱਥੇ ਨੌਕਰੀਆਂ ਤੋਂ ਵੱਧ ਪਰਵਾਸੀਆਂ ਦੇ ਆਉਣ ਕਾਰਨ ਫ਼ਿਕਰ ਵੀ ਹੈ।
ਬਰੈਗਜ਼ਿਟ ਤੋਂ ਪਹਿਲਾਂ, ਯੂਰਪੀ ਯੁਨੀਅਨ ਦੇ ਪਰਵਾਸੀਆਂ ਵੱਲੋਂ ਪੂਰਬੀ ਯੂਰਪ ਤੋਂ ਯੂਕੇ ਆਉਣ ਦੀ ਲਹਿਰ ਨੇ ਪਰਵਾਸ ਖ਼ਿਲਾਫ਼ ਪ੍ਰਤਿਕਿਰਿਆ ਪੈਦਾ ਕੀਤੀ।
ਮੈਡੇਲਿਨ ਸੰਪਸ਼ਨ ਨੇ ਕਿਹਾ ਕਿ ਪਰ ਪਿਛਲੇ ਕੁਝ ਸਾਲਾਂ ਵਿੱਚ ਪਰਵਾਸ ਬਾਰੇ ਲੋਕਾਂ ਦੀ ਰਾਏ ਵਿੱਚ ਵਾਧਾ ਹੋਇਆ ਹੈ ਕਿਉਂਕਿ ਲੋਕਾਂ ਨੂੰ ਲਗਦਾ ਹੈ ਕਿ ਹੁਣ ਪਰਵਾਸੀਆਂ ਉੱਤੇ ਦੇਸ਼ ਦਾ ਪਹਿਲਾਂ ਨਾਲੋਂ ਬਿਹਤਰ ਕੰਟਰੋਲ ਹੈ।
ਜਦਕਿ, ਕੈਨੇਡਾ ਵਿੱਚ ਇਤਿਹਾਸਕ ਤੌਰ ’ਤੇ ਵੀ ਪਰਵਾਸ ਲਈ ਕਾਫ਼ੀ ਜ਼ਿਆਦਾ ਸਮਰਥਨ ਰਿਹਾ ਹੈ।
(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)