ਰਾਜੀਵ ਗਾਂਧੀ ਹੱਤਿਆਕਾਂਡ: 32 ਸਾਲ ਬਾਅਦ ਰਿਹਾਅ ਹੋਈ ਨਲਿਨੀ ਦਾ ਹੁਣ ਕੀ ਮਕਸਦ ਹੈ

ਨਲਿਨੀ

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, ਸੁਪਰੀਮ ਕੋਰਟ ਨੇ ਲੰਘੇ ਹਫ਼ਤੇ ਹੀ ਇਸ ਮਾਮਲੇ ਵਿੱਚ ਉਮਰ ਕੈਦ ਦੀ ਸਜ਼ਾ ਕੱਟ ਰਹੀ ਨਲਿਨੀ ਅਤੇ ਆਰਪੀ ਰਵੀਚੰਦਰ ਸਮੇਤ ਸਾਰੇ ਦੋਸ਼ੀਆਂ ਨੂੰ ਰਿਹਾਅ ਕਰਨ ਦੇ ਆਦੇਸ਼ ਦਿੱਤੇ
    • ਲੇਖਕ, ਮੁਰਲੀਥਰਨ ਕਾਸੀ ਵਿਸ਼ਵਨਾਥ
    • ਰੋਲ, ਬੀਬੀਸੀ ਪੱਤਰਕਾਰ

ਸਾਬਕਾ ਪ੍ਰਧਾਨ ਮੰਤਰੀ ਰਾਜੀਵ ਗਾਂਧੀ ਦੇ ਕਤਲ ਦੇ ਮਾਮਲੇ 'ਚ ਸਜ਼ਾ ਕੱਟ ਚੁੱਕੇ ਨਲਿਨੀ 32 ਸਾਲ ਬਾਅਦ ਜੇਲ੍ਹ 'ਤੋਂ ਰਿਹਾਅ ਹੋਏ ਹਨ।

ਸੁਪਰੀਮ ਕੋਰਟ ਨੇ ਲੰਘੇ ਹਫ਼ਤੇ ਹੀ ਇਸ ਮਾਮਲੇ ਵਿੱਚ ਉਮਰ ਕੈਦ ਦੀ ਸਜ਼ਾ ਕੱਟ ਰਹੀ ਨਲਿਨੀ ਅਤੇ ਆਰਪੀ ਰਵੀਚੰਦਰਨ ਸਮੇਤ ਸਾਰੇ ਦੋਸ਼ੀਆਂ ਨੂੰ ਰਿਹਾਅ ਕਰਨ ਦੇ ਆਦੇਸ਼ ਦਿੱਤੇ।

ਇਹ ਆਦੇਸ਼ ਜਦੋਂ ਆਇਆ, ਉਸ ਦੇ ਇੱਕ ਘੰਟੇ ਦੇ ਅੰਦਰ ਹੀ ਹੋਰ ਦੋਸ਼ੀਆਂ ਸਹਿਤ ਨਲਿਨੀ ਵੀ ਜੇਲ੍ਹ ਤੋਂ ਬਾਹਰ ਆ ਗਏ।

ਬੀਬੀਸੀ ਨਾਲ ਖ਼ਾਸ ਗੱਲਬਾਤ ਦੌਰਾਨ, ਉਸ ਘਟਨਾ 'ਤੇ ਸਖ਼ਤ ਅਫ਼ਸੋਸ ਜ਼ਾਹਿਰ ਕਰਦੇ ਹੋਏ ਨਲਿਨੀ ਨੇ ਕਿਹਾ ਕਿ ਹੁਣ ਉਹ ਆਪਣੇ ਪਰਿਵਾਰ ਨੂੰ ਇੱਕਜੁਟ ਕਰਨ ਅਤੇ ਆਪਣੇ ਪਰਿਵਾਰਿਕ ਰਿਸ਼ਤਿਆਂ ਨੂੰ ਮਜ਼ਬੂਤ ਕਰਨ ਵੱਲ ਧਿਆਨ ਦੇਣਗੇ।

ਨਲਿਨੀ ਨੂੰ ਆਤਮਘਾਤੀ ਹਮਲੇ ਵਾਲੇ ਗੁੱਟ ਦਾ ਮੈਂਬਰ ਹੋਣ ਦਾ ਦੋਸ਼ੀ ਪਾਇਆ ਗਿਆ ਸੀ ਅਤੇ ਤਿੰਨ ਹੋਰ ਦੋਸ਼ੀਆਂ ਸਣੇ ਨਲਿਨੀ ਨੂੰ ਮੌਤ ਦੀ ਸਜ਼ਾ ਸੁਣਾਈ ਗਈ ਸੀ।

ਪਰ ਸੋਨੀਆ ਗਾਂਧੀ ਦੀ ਅਪੀਲ ਤੋਂ ਬਾਅਦ ਉਨ੍ਹਾਂ ਦੀ ਸਜ਼ਾ ਘਟਾ ਕੇ ਉਮਰ ਕੈਦ 'ਚ ਤਬਦੀਲ ਕਰ ਦਿੱਤੀ ਗਈ। ਇਸ ਤੋਂ ਬਾਅਦ ਨਲਿਨੀ ਆਪਣੀ ਰਿਹਾਈ ਲਈ ਕਾਨੂੰਨੀ ਲੜਾਈ ਲੜ ਰਹੇ ਸਨ।

ਨਲਿਨੀ

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, 21 ਮਈ, 1991 ਨੂੰ ਰਾਜੀਵ ਗਾਂਧੀ ਨੂੰ ਚੇੱਨਈ ਨੇੜੇ ਸ਼੍ਰੀਪੇਰਬੰਦੂਰ ਵਿੱਚ ਇੱਕ ਰੈਲੀ ਦੌਰਾਨ ਧਨੂ ਨਾਮ ਦੀ ਇੱਕ ਲਿੱਟੇ ਆਤਮਘਾਤੀ ਹਮਲਾਵਰ ਨੇ ਕਤਲ ਕਰ ਦਿੱਤਾ ਸੀ

ਨਲਿਨੀ ਦੱਸਦੇ ਹਨ ਕਿ ਜੇਲ੍ਹ ਜਾਣ ਤੋਂ ਪਹਿਲਾਂ ਉਨ੍ਹਾਂ ਨੂੰ ਇਨ੍ਹਾਂ ਸਾਰੀਆਂ ਚੀਜ਼ਾਂ ਬਾਰੇ ਕੁਝ ਵੀ ਨਹੀਂ ਪਤਾ ਸੀ, ''ਜਦੋਂ ਮੈਨੂੰ ਰਿਮਾਂਡ 'ਤੇ ਲਿਆ ਗਿਆ ਅਤੇ ਵੱਖਰੇ ਸੈਲ 'ਚ ਰੱਖਿਆ ਗਿਆ ਤਾਂ ਮੈਂ ਬਹੁਤ ਡਰ ਗਈ ਸੀ।”

“ਮੈਂ ਬਹੁਤ ਚੀਕੀ। ਬਹੁਤ ਹੰਗਾਮਾ ਹੋਇਆ। ਮੈਂ ਭੱਜ ਗਈ। ਅਧੀਰਾਈ ਤੇ ਮਾਂ ਲਾਗੇ ਦੇ ਸੈਲ 'ਚ ਬੰਦ ਸਨ।, ਉਹ ਵੀ ਬਹੁਤ ਡਰ ਗਏ ਸਨ। ਮੇਰੀ ਹਾਲਤ ਦੇਖ ਕੇ ਉਹ ਵੀ ਚੀਕਣ ਲੱਗੇ।”

“ਪਰ ਉਨ੍ਹਾਂ ਨੇ ਮੈਨੂੰ ਅੰਦਰ ਜਾਣ ਲਈ ਮਨਾਇਆ। ਮੈਂ ਰਾਈਫ਼ਲ ਫੜ੍ਹੇ ਸੀਆਰਪੀਐੱਫ਼ ਦੇ ਜਵਾਨਾਂ ਨੂੰ ਕਿਹਾ ਕਿ ਚੰਗਾ ਹੁੰਦਾ ਜੇ ਉਹ ਸਾਨੂੰ ਗੋਲ਼ੀ ਮਾਰ ਦਿੰਦੇ।''

ਲਾਈਨ
  • ਸਾਬਕਾ ਪ੍ਰਧਾਨ ਮੰਤਰੀ ਰਾਜੀਵ ਗਾਂਧੀ ਦੇ ਕਤਲ ਦੇ ਮਾਮਲੇ 'ਚ ਸਜ਼ਾ ਕੱਟ ਚੁੱਕੇ ਨਲਿਨੀ 32 ਸਾਲ ਬਾਅਦ ਜੇਲ੍ਹ 'ਤੋਂ ਰਿਹਾਅ ਹੋ ਗਏ ਹਨ।
  • 11 ਤਾਰੀਖ ਨੂੰ ਸੁਪ੍ਰੀਮ ਕੋਰਟ ਨੇ ਇਸ ਮਾਮਲੇ 'ਚ ਦੋਸ਼ੀ ਨਲਿਨੀ ਸ਼੍ਰੀਹਰਨ ਤੇ ਆਰ ਪੀ ਰਵਿਚੰਦਰਨ ਸਣੇ ਸਾਰੇ 7 ਦੋਸ਼ੀਆਂ ਨੂੰ ਰਿਹਾਅ ਕਰਨ ਦੇ ਹੁਕਮ ਦਿੱਤੇ।
  • 21 ਮਈ, 1991 ਨੂੰ ਰਾਜੀਵ ਗਾਂਧੀ ਨੂੰ ਚੇੱਨਈ ਨੇੜੇ ਸ਼੍ਰੀਪੇਰਬੰਦੂਰ ਵਿੱਚ ਇੱਕ ਰੈਲੀ ਦੌਰਾਨ ਧਨੂ ਨਾਮ ਦੀ ਇੱਕ ਲਿੱਟੇ ਆਤਮਘਾਤੀ ਹਮਲਾਵਰ ਨੇ ਕਤਲ ਕਰ ਦਿੱਤਾ ਸੀ।
  • ਇਸ ਹਮਲੇ 'ਚ ਰਾਜੀਵ ਗਾਂਧੀ ਤੇ ਹਮਲਾਵਰ ਧਨੂ ਸਮੇਤ 16 ਲੋਕਾਂ ਦੀ ਮੌਕੇ 'ਤੇ ਹੀ ਮੌਤ ਹੋ ਗਈ ਸੀ ਜਦਕਿ 45 ਲੋਕ ਗੰਭੀਰ ਰੂਪ ਨਾਲ ਜ਼ਖ਼ਮੀ ਹੋਏ ਸਨ।
  • ਨਲਿਨੀ ਨੂੰ ਆਤਮਘਾਤੀ ਹਮਲੇ ਵਾਲੇ ਗੁੱਟ ਦਾ ਮੈਂਬਰ ਹੋਣ ਦਾ ਦੋਸ਼ੀ ਪਾਇਆ ਗਿਆ ਸੀ ਅਤੇ 3 ਹੋਰ ਦੋਸ਼ੀਆਂ ਸਣੇ ਮੌਤ ਦੀ ਸਜ਼ਾ ਸੁਣਾਈ ਗਈ ਸੀ।
  • ਪਰ ਸੋਨੀਆ ਗਾਂਧੀ ਦੀ ਅਪੀਲ ਤੋਂ ਬਾਅਦ ਉਨ੍ਹਾਂ ਦੀ ਸਜ਼ਾ ਘਟਾ ਕੇ ਉਮਰ ਕੈਦ 'ਚ ਤਬਦੀਲ ਕਰ ਦਿੱਤੀ ਗਈ।
  • ਬੀਬੀਸੀ ਨਾਲ ਖ਼ਾਸ ਗੱਲਬਾਤ ਦੌਰਾਨ, ਉਨ੍ਹਾਂ ਨੇ ਉਸ ਘਟਨਾ 'ਤੇ ਸਖ਼ਤ ਅਫ਼ਸੋਸ ਜ਼ਾਹਿਰ ਕੀਤਾ ਤੇ ਜੇਲ੍ਹ ਦੇ ਆਪਣੇ ਅਨੁਭਵ ਬਾਰੇ ਦੱਸਿਆ।
ਲਾਈਨ

ਜੇਲ੍ਹ ਦਾ ਅਨੁਭਵ

ਉਹ ਕਹਿੰਦੇ ਹਨ, ''ਮੈਂ ਇੰਨਾਂ ਚੀਕੀ ਕਿ ਗਲ਼ੇ 'ਚੋਂ ਖੂਨ ਆਉਣ ਲੱਗਾ। ਇਹ ਬਹੁਤ ਔਖਾ ਵੇਲ਼ਾ ਸੀ। ਜਦੋਂ ਮੈਨੂੰ ਗ੍ਰਿਫ਼ਤਾਰ ਕੀਤਾ ਗਿਆ, ਪੰਜ ਦਿਨ ਤੋਂ ਮੈਨੂੰ ਬੁਖਾਰ ਸੀ, ਇੱਥੋਂ ਤੱਕ ਕਿ ਮੈਂ ਬਿਸਤਰੇ 'ਚੋਂ ਉੱਠ ਤੱਕ ਨਹੀਂ ਪਾ ਰਹੀ ਸੀ।

ਦੋ ਦਿਨਾਂ ਤੱਕ ਤਾਂ ਉਨ੍ਹਾਂ ਨੇ ਮੈਨੂੰ ਸੌਣ ਨਹੀਂ ਦਿੱਤਾ। ਮੇਰੇ ਅੰਦਰ ਇਨ੍ਹਾਂ ਹਾਲਾਤ ਦਾ ਸਾਹਮਣਾ ਕਰਨ ਦੀ ਹਿੰਮਤ ਨਹੀਂ ਸੀ। ਮੈਂ ਬਿਨਾਂ ਬੁਰਸ਼ ਕੀਤੇ ਜਾਂ ਵਾਲ਼ ਸੰਵਾਰੇ ਪਈ ਰਹਿੰਦੀ ਸੀ।

ਹਾਲਾਤ ਸੁਧਰਨ ਦੌਰਾਨ ਮੇਰੀ ਛਾਤੀ 'ਚ ਦਰਦ ਸ਼ੁਰੂ ਹੋ ਗਿਆ। ਕਈਆਂ ਨੇ ਸੋਚਿਆ ਕਿ ਮੈਂ ਨਾਟਕ ਕਰ ਰਹੀ ਹਾਂ, ਪਰ ਜਦੋਂ ਡਾਕਟਰ ਨੇ ਜਾਂਚ ਕੀਤੀ ਤੋਂ ਉਸ ਨੇ ਇਸ ਸ਼ਿਕਾਇਤ ਨੂੰ ਠੀਕ ਪਾਇਆ।

ਇਸ ਤੋਂ ਕੁਝ ਸਮੇਂ ਬਾਅਦ ਹਾਲਾਤ ਥੋੜੇ ਸੁਧਰੇ। ਉਸੇ ਸਮੇਂ ਕੋਡਿਯਾਕਰਾਇ ਸ਼ਣਮੁਰਗਮ ਦੀ ਮੌਤ ਹੋ ਗਈ।

ਜੇਲ੍ਹ ਪ੍ਰਸ਼ਾਸਨ ਨੇ ਸਾਨੂੰ ਹਥਕੜੀਆਂ ਲਗਾਉਣਾ ਸ਼ੁਰੂ ਕਰ ਦਿੱਤਾ। ਮੈਂ ਮਜ਼ਾਕ 'ਚ ਉਨ੍ਹਾਂ ਨੂੰ ਕਹਿੰਦੀ ਹੁੰਦੀ ਸੀ ਕਿ ਚੂੜੀ ਪਹਿਨਾਉਣ ਦਾ ਕੰਮ ਹੋ ਗਿਆ ਹੈ।''

ਲਾਈਨ

ਇਹ ਵੀ ਪੜ੍ਹੋ-

ਲਾਈਨ

ਟਾਡਾ ਅਦਾਲਤ ਨੇ ਜਦੋਂ 28 ਲੋਕਾਂ ਨੂੰ ਮੌਤ ਦੀ ਸਜ਼ਾ ਸੁਣਾਈ, ਜਿਸ 'ਚ ਨਲਿਨੀ ਦਾ ਨਾਮ ਸਭ ਤੋਂ ਪਹਿਲਾਂ ਸੀ ਤਾਂ ਉਹ ਹੈਰਾਨ ਰਹਿ ਗਏ। ਉਹ ਕਹਿੰਦੇ ਹਨ, ''ਅਪਰਾਧ ਕਰਨ ਬਾਰੇ ਮੈਂ ਕਦੇ ਵੀ ਹਲਫ਼ੀਆ ਬਿਆਨ ਨਹੀਂ ਦਿੱਤਾ, ਪਰ ਮੈਂ ਇਸ ਨੂੰ ਅਦਾਲਤ 'ਚ ਕਦੇ ਸਾਬਿਤ ਨਹੀਂ ਕਰ ਸਕੀ।

ਫੈਸਲੇ ਤੋਂ ਬਾਅਦ ਮੈਨੂੰ ਇੱਕ ਦੂਜੇ ਸੈਲ 'ਚ ਭੇਜ ਦਿੱਤਾ ਗਿਆ। ਉਸ ਸਾਨੂੰ ਇੰਝ ਬੰਦ ਰੱਖਦੇ ਸਨ ਜਿਵੇਂ ਮੌਤ ਦੀ ਸਜ਼ਾ ਪਾਏ ਕੈਦੀਆਂ ਨੂੰ ਰੱਖਿਆ ਜਾਂਦਾ ਹੈ। ਕੁਝ ਹੀ ਸਮੇਂ ਬਾਅਦ ਮੈਂ ਆਪਣੀ ਧੀ ਨੂੰ ਜਨਮ ਦਿੱਤਾ ਅਤੇ ਹਾਲਾਤ ਕੁਝ ਹੋਰ ਬਿਹਤਰ ਹੋ ਗਏ।

ਜਦੋਂ ਨਲਿਨੀ ਨੂੰ ਗ੍ਰਿਫ਼ਤਾਰ ਕੀਤਾ ਗਿਆ ਸੀ ਤਾਂ ਉਹ ਲਗਭਗ 2 ਮਹੀਨਿਆਂ ਦੇ ਗਰਭਵਤੀ ਸਨ। ਉਨ੍ਹਾਂ ਦੀ ਗ੍ਰਿਫ਼ਤਾਰੀ ਤੋਂ ਤੁਰੰਤ ਬਾਅਦ ਉਨ੍ਹਾਂ ਦੇ ਪਤੀ, ਮਾਂ ਅਤੇ ਛੋਟੇ ਭਰਾ ਨੂੰ ਵੀ ਗ੍ਰਿਫ਼ਤਾਰ ਕਰ ਲਿਆ ਗਿਆ ਸੀ।

ਨਲਿਨੀ ਕਹਿੰਦੇ ਹਨ ਕਿ ਉਨ੍ਹਾਂ ਦਾ ਪਰਿਵਾਰ ਆਰਥਿਕ ਤੌਰ 'ਤੇ ਮਜ਼ਬੂਤ ਨਹੀਂ ਸੀ ਅਤੇ ਇਨ੍ਹਾਂ ਹਾਲਾਤਾਂ ਨਾਲ ਸਥਿਤੀ ਹੋਰ ਵਿਗੜ ਗਈ।

ਰਾਜੀਵ ਗਾਂਧੀ ਦੇ ਕਤਲ ਦੇ ਦੌਰਾਨ 16 ਹੋਰ ਲੋਕਾਂ ਦੀ ਵੀ ਜਾਨ ਗਈ ਸੀ। ਉਨ੍ਹਾਂ ਦੇ ਰਿਸ਼ਤੇਦਾਰ ਹੁਣ ਦੋਸ਼ੀਆਂ ਦੀ ਰਿਹਾਈ ਦਾ ਕੜਾ ਵਿਰੋਧ ਕਰ ਰਹੇ ਹਨ।

ਨਲਿਨੀ

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, ਇਸ ਮਾਮਲੇ ਵਿੱਚ ਟ੍ਰਾਇਲ ਕੋਰਟ ਨੇ 26 ਦੋਸ਼ੀਆਂ ਨੂੰ ਮੌਤ ਦੀ ਸਜ਼ਾ ਸੁਣਾਈ ਸੀ

ਅਫ਼ਸੋਸ

ਨਲਿਨੀ ਦਾ ਕਹਿਣਾ ਹੈ, ''ਮੈਨੂੰ ਉਨ੍ਹਾਂ ਦੇ ਰਿਸ਼ਤੇਦਾਰਾਂ ਨੂੰ ਲੈ ਕੇ ਅਫ਼ਸੋਸ ਹੁੰਦਾ ਹੈ। ਮੈਂ ਨਹੀਂ ਜਾਣਦੀ ਕਿ ਉਨ੍ਹਾਂ ਨੂੰ ਆਪਣੇ ਲੋਕਾਂ ਨੂੰ ਗੁਆਉਣ 'ਤੇ ਕੋਈ ਆਰਥਿਕ ਮਦਦ ਮਿਲੀ ਜਾਂ ਨਹੀਂ। ਇਹ ਵਾਕਈ ਉਨ੍ਹਾਂ ਲਈ ਭਾਰੀ ਹਾਨੀ ਹੈ।

ਮੈਨੂੰ ਲੱਗਦਾ ਹੈ ਕਿ ਘਰ ਦੇ ਮੁਖੀ ਨੂੰ ਗੁਆਉਣਾ ਸੱਚਮੁੱਚ ਵੱਡੀ ਹਾਨੀ ਹੈ। ਮੈਂ ਸੋਚਦੀ ਹਾਂ ਕਿ ਉਨ੍ਹਾਂ ਨੂੰ ਸਾਡੀ ਸਥਿਤੀ ਬਾਰੇ ਸਮਝਣਾ ਚਾਹੀਦਾ ਹੈ।''

ਉਹ ਅੱਗੇ ਕਹਿੰਦੇ ਹਨ, ''ਮੈਨੂੰ ਬਹੁਤ ਬੁਰਾ ਲੱਗਦਾ ਹੈ। 17 ਲੋਕਾਂ ਨੂੰ ਮਾਰਨ ਪਿੱਛੇ ਮੇਰੀ ਕੀ ਮੰਸ਼ਾ ਹੋ ਸਕਦੀ ਹੈ? ਇਸ ਦੀ ਕੀ ਜ਼ਰੂਰਤ ਹੈ? ਕੀ ਮੀਆਂ ਪੜ੍ਹੀ-ਲਿਖੀ ਨਹੀਂ ਹਾਂ? ਕੀ ਮੈਨੂੰ ਉਨ੍ਹਾਂ ਨੂੰ ਕਤਲ ਕਰਕੇ ਆਪਣੀ ਰੋਜ਼ੀ ਚਲਾਉਣੀ ਚਾਹੀਦੀ ਹੈ?''

ਨਲਿਨੀ ਆਪਣੇ ਸਵਾਲਾਂ ਦੇ ਜਵਾਬ ਵੀ ਆਪ ਹੀ ਦਿੰਦੇ ਹਨ, ''ਅਜਿਹੀ ਕੋਈ ਗੱਲ ਨਹੀਂ। ਇੱਥੋਂ ਤੱਕ ਕਿ ਮੈਂ ਉਨ੍ਹਾਂ ਦੇ ਨਾਮ ਵੀ ਨਹੀਂ ਜਾਣਦੀ, ਪਰ ਉਨ੍ਹਾਂ ਨੂੰ ਮਾਰਨ ਦੇ ਅਪਰਾਧ ਦਾ ਦੋਸ਼ ਮੈਨੂੰ ਦਿੱਤਾ ਜਾਂਦਾ ਰਿਹਾ ਹੈ।''

''ਇਹ ਕੁਝ ਹੋਰ ਨਹੀਂ ਸਾਡੀ ਬਦਕਿਸਮਤੀ ਹੈ। ਅਸੀਂ ਉਨ੍ਹਾਂ ਨੂੰ ਕਦੇ ਦੇਖਿਆ ਤੱਕ ਨਹੀਂ। ਉਨ੍ਹਾਂ ਨੂੰ ਨੁਕਸਾਨ ਪਹੁੰਚਾਉਣ ਬਾਰੇ ਕੋਈ ਵਿਚਾਰ ਤੱਕ ਨਹੀਂ ਸੀ। ਮੈਨੂੰ ਲੱਗਦਾ ਹੈ ਕਿ ਉਨ੍ਹਾਂ ਨੂੰ ਇਸ ਗੱਲ ਨੂੰ ਸਮਝਣਾ ਚਾਹੀਦਾ ਹੈ।''

ਨਲਿਨੀ

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, ਹਾਲਾਂਕਿ, ਮਈ 1999 ਵਿੱਚ ਸੁਪਰੀਮ ਕੋਰਟ ਨੇ 19 ਲੋਕਾਂ ਨੂੰ ਬਰੀ ਕਰ ਦਿੱਤਾ ਸੀ

ਜਿਹੜੇ ਲੋਕ ਇਸ ਕਤਲ ਵਿੱਚ ਸ਼ਾਮਲ ਸਨ, ਉਨ੍ਹਾਂ ਦੀ ਜਾਣ-ਪਹਿਚਾਣ ਬਾਰੇ ਨਲਿਨੀ ਕਹਿੰਦੇ ਹਨ, "ਉਹ ਉਸ ਤਰ੍ਹਾਂ ਨਹੀਂ ਲੱਗਦੇ ਸਨ। ਤੁਸੀਂ ਕਹਿ ਸਕਦੇ ਹੋ ਕਿ ਉਸ ਸਮੇਂ ਮੈਂ ਸ਼ਾਇਦ ਇੰਨੀ ਸਮਝਦਾਰ ਨਹੀਂ ਸੀ। ਮੈਂ ਬਹੁਤ ਵਿਅਸਤ ਸੀ। ਮੈਂ ਪੜ੍ਹ ਰਹੀ ਸੀ, ਕੰਮ ਕਰ ਰਹੀ ਸੀ, ਪੜ੍ਹਨ ਲਈ ਕਲਾਸ ਜਾਂਦੀ ਸੀ।

ਕਲਾਸ ਤੋਂ ਬਾਅਦ ਆ ਕੇ ਮੈਂ ਰਾਤ 11 ਵਜੇ ਹੀ ਸੌਣ ਜਾ ਪਾਉਂਦੀ ਸੀ। ਉਸ ਰੁਟੀਨ ਵਿੱਚ ਮੈਂ ਉਸ ਤਰ੍ਹਾਂ ਕਦੇ ਨਹੀਂ ਸੋਚਿਆ।''

ਨਲਿਨੀ ਦੱਸਦੇ ਹਨ ਕਿ ਜਦੋਂ ਉਨ੍ਹਾਂ ਦੀ ਮੌਤ ਦੀ ਸਜ਼ਾ ਰੱਦ ਕਰ ਦਿੱਤੀ ਗਈ ਤਾਂ ਬਾਕੀ ਲੋਕਾਂ ਦੀ ਉਮੀਦ ਵਧ ਗਈ। ਹਾਲਾਂਕਿ ਉਸ ਤੋਂ ਪਹਿਲਾਂ ਉਨ੍ਹਾਂ ਦੀ ਫਾਂਸੀ ਨੂੰ ਲੈ ਕੇ ਸੱਤ ਵਾਰ ਐਲਾਨ ਹੋ ਚੁੱਕੇ ਸਨ।

ਇਸ ਵਿੱਚ ਚਾਰ ਵਾਰ ਤਾਂ ਤਾਰੀਖ ਵੀ ਤੈਅ ਕਰ ਦਿੱਤੀ ਗਈ ਸੀ। ਇੱਥੋਂ ਤੱਕ ਕਿ ਇੱਕ ਅੰਤਿਮ ਇੱਛਾ ਜਾਣਨ ਲਈ ਇੱਕ ਧਰਮ ਗੁਰੂ ਵੀ ਆ ਕੇ ਮਿਲ ਗਏ ਸਨ। ਸਾਰੀਆਂ ਤਿਆਰੀਆਂ ਕਰ ਲਈਆਂ ਗਈਆਂ ਹਨ।

ਫਾਂਸੀ ਦੀ ਰੱਸੀ ਵੀ ਤਿਆਰ ਕਰ ਲਈ ਗਈ, ਫਾਂਸੀ ਪਾਉਣ ਵਾਲੇ ਕੈਦੀ ਦਾ ਸੈਲ ਵੀ ਤਿਆਰ ਕਰ ਲਿਆ ਗਿਆ। ਉਨ੍ਹਾਂ ਦਾ ਵਜ਼ਨ ਵੀ ਲੈ ਲਿਆ ਗਿਆ ਅਤੇ ਉਸੇ ਵਜ਼ਨ ਦੀ ਰੇਤ ਦੀ ਬੋਰੀ ਲਟਕਾ ਕੇ ਰਿਹਰਸਲ ਵੀ ਕੀਤੀ ਗਈ।

ਨਲਿਨੀ ਕਹਿੰਦੇ ਹਨ, ''ਇਹ ਸਭ ਮੇਰੀਆਂ ਅੱਖਾਂ ਦੇ ਸਾਹਮਣੇ ਹੋਇਆ। ਪਰ ਮੈਂ ਕਦੇ ਉਮੀਦ ਨਹੀਂ ਛੱਡੀ। ਮੈਂ ਸੋਚਿਆ, ਮੈਂ ਕੁਝ ਗਲਤ ਨਹੀਂ ਕੀਤਾ ਸੀ, ਇਸ ਲਈ ਮੇਰੇ ਨਾਲ ਕੁਝ ਵੀ ਬੁਰਾ ਨਹੀਂ ਹੋਵੇਗਾ।"

ਹੁਣ ਜਦੋਂ ਰਿਹਾਈ ਤੋਂ ਬਾਅਦ ਇੱਕ ਨਵੀਂ ਜ਼ਿੰਦਗੀ ਮੁੜ ਤੋਂ ਸ਼ੁਰੂ ਕਰਨ ਦਾ ਮੌਕਾ ਮਿਲਿਆ ਹੈ, ਨਲਿਨੀ ਉਮੀਦ ਜਤਾਉਂਦੇ ਹਨ ਕਿ ''ਮੈਂ ਆਪਣੇ ਪਤੀ ਅਤੇ ਧੀ ਨਾਲ ਰਹਿਣਾ ਚਾਹੁੰਦੀ ਹਾਂ। ਮੈਂ ਪਰਿਵਾਰ ਨੂੰ ਇੱਕਜੁਟ ਕਰਨਾ ਚਾਹੁੰਦੀ ਹਾਂ, ਇਹੀ ਮੇਰੀ ਇੱਛਾ ਹੈ।"

ਨਲਿਨੀ

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, ਸਾਰੇ ਦੋਸ਼ੀ ਸਮੇਂ ਤੋਂ ਪਹਿਲਾਂ ਆਪਣੀ ਰਿਹਾਈ ਦੀ ਮੰਗ ਨੂੰ ਲੈ ਕੇ ਲੰਮੀ ਕਾਨੂੰਨੀ ਲੜਾਈ ਲੜਦੇ ਰਹੇ ਸਨ

ਨਲਿਨੀ ਦੇ ਕੇਸ ਦੀ ਟਾਈਮਲਾਈਨ

21 ਮਈ, 1991 ਨੂੰ ਰਾਜੀਵ ਗਾਂਧੀ ਨੂੰ ਤਾਮਿਲਨਾਡੂ ਵਿੱਚ ਚੇੱਨਈ ਨੇੜੇ ਸਥਿਤ ਸ਼੍ਰੀਪੇਰਬੰਦੂਰ ਵਿੱਚ ਇੱਕ ਰੈਲੀ ਦੌਰਾਨ ਧਨੂ ਨਾਮ ਦੀ ਇੱਕ ਲਿੱਟੇ ਆਤਮਘਾਤੀ ਹਮਲਾਵਰ ਨੇ ਕਤਲ ਕਰ ਦਿੱਤਾ ਸੀ।

ਇਸ ਆਤਮਘਾਤੀ ਹਮਲੇ ਵਿੱਚ ਰਾਜੀਵ ਗਾਂਧੀ ਅਤੇ ਹਮਲਾਵਰ ਧਨੂ ਸਮੇਤ 16 ਲੋਕਾਂ ਦੀ ਮੌਕੇ 'ਤੇ ਹੀ ਮੌਤ ਹੋ ਗਈ ਸੀ ਜਦਕਿ 45 ਲੋਕ ਗੰਭੀਰ ਰੂਪ ਨਾਲ ਜ਼ਖ਼ਮੀ ਹੋਏ ਸਨ।

ਇਸ ਮਾਮਲੇ ਵਿੱਚ ਟ੍ਰਾਇਲ ਕੋਰਟ ਨੇ 26 ਦੋਸ਼ੀਆਂ ਨੂੰ ਮੌਤ ਦੀ ਸਜ਼ਾ ਸੁਣਾਈ ਸੀ। ਹਾਲਾਂਕਿ, ਮਈ 1999 ਵਿੱਚ ਸੁਪਰੀਮ ਕੋਰਟ ਨੇ 19 ਲੋਕਾਂ ਨੂੰ ਬਰੀ ਕਰ ਦਿੱਤਾ ਸੀ।

ਬਚੇ ਹੋਏ ਸੱਤ ਵਿੱਚੋਂ 4 ਦੋਸ਼ੀਆਂ (ਨਲਿਨੀ, ਮੁਰੂਗਨ ਉਰਫ਼ ਸ਼੍ਰੀਹਰਨ, ਸੰਥਨ ਅਤੇ ਪੇਰਾਰਿਵਲਨ) ਨੂੰ ਮੌਤ ਦੀ ਸਜ਼ਾ ਸੁਣਾਈ ਗਈ ਅਤੇ ਬਾਕੀ (ਰਵੀਚੰਦਰਨ, ਰਾਬਰਟ ਪਾਇਸ ਅਤੇ ਰਾਜਕੁਮਾਰ) ਨੂੰ ਉਮਰਕੈਦ ਦੀ ਸਜ਼ਾ ਮਿਲੀ।

ਚਾਰਾਂ ਦੀ ਰਹਿਮ ਦੀ ਅਪੀਲ 'ਤੇ ਤਾਮਿਲ ਨਾਡੂ ਦੇ ਰਾਜਪਾਲ ਨੇ ਨਲਿਨੀ ਦੀ ਮੌਤ ਦੀ ਸਜ਼ਾ ਨੂੰ ਉਮਰ ਕੈਦ 'ਚ ਬਦਲ ਦਿੱਤਾ। ਬਾਕੀ ਦੋਸ਼ੀਆਂ ਦੀ ਰਹਿਮ ਦੀ ਅਪੀਲ ਰਾਸ਼ਟਰਪਤੀ ਨੇ 2011 ਵਿੱਚ ਰੱਦ ਕਰ ਦਿੱਤੀ ਸੀ।

ਸਾਰੇ ਦੋਸ਼ੀ ਸਮੇਂ ਤੋਂ ਪਹਿਲਾਂ ਆਪਣੀ ਰਿਹਾਈ ਦੀ ਮੰਗ ਨੂੰ ਲੈ ਕੇ ਲੰਮੀ ਕਾਨੂੰਨੀ ਲੜਾਈ ਲੜਦੇ ਰਹੇ ਸਨ।

ਤਾਮਿਲ ਨਾਡੂ ਸਰਕਾਰ ਨੇ ਵੀ ਉਨ੍ਹਾਂ ਦੀ ਸਮੇਂ ਤੋਂ ਪਹਿਲਾਂ ਰਿਹਾਈ ਲਈ ਰਾਜਪਾਲ ਨੂੰ ਸਿਫਾਰਸ਼ ਕੀਤੀ ਸੀ। ਹਾਲਾਂਕਿ, ਰਾਜਪਾਲ ਨੇ ਸਿਫ਼ਾਰਿਸ਼ ਨੂੰ ਮੰਨਣ ਤੋਂ ਇਨਕਾਰ ਕਰਦੇ ਹੋਏ ਫਾਈਲ ਰਾਸ਼ਟਰਪਤੀ ਨੂੰ ਭੇਜ ਦਿੱਤੀ ਸੀ।

ਇਸ ਤੋਂ ਪਹਿਲਾਂ ਜੂਨ ਵਿੱਚ, ਨਲਿਨੀ ਅਤੇ ਰਵੀਚੰਦਰਨ ਨੇ ਮਦਰਾਸ ਹਾਈ ਕੋਰਟ ਵਿੱਚ ਇੱਕ ਰਿੱਟ ਪਟੀਸ਼ਨ ਦਾਇਰ ਕਰਕੇ ਤਾਮਿਲਨਾਡੂ ਸਰਕਾਰ ਨੂੰ ਉਨ੍ਹਾਂ ਦੀ ਰਿਹਾਈ ਲਈ ਨਿਰਦੇਸ਼ ਦੇਣ ਦੀ ਮੰਗ ਕੀਤੀ ਸੀ।

ਇਸ ਪਟੀਸ਼ਨ ਵਿੱਚ ਕਿਹਾ ਗਿਆ ਸੀ ਕਿ ਉਨ੍ਹਾਂ ਦੀ ਰਿਹਾਈ ਲਈ ਸਤੰਬਰ 2018 ਵਿੱਚ ਕੈਬਨਿਟ ਨੇ ਜੋ ਸਿਫ਼ਾਰਿਸ਼ ਕੀਤੀ ਸੀ, ਉਸ 'ਤੇ ਰਾਜਪਾਲ ਦੀ ਪ੍ਰਵਾਨਗੀ ਤੋਂ ਬਿਨਾਂ ਅਮਲ ਹੋ ਜਾਵੇ।

18 ਮਈ ਨੂੰ ਪੇਰਾਰੀਵਲਨ ਦੀ ਰਿਹਾਈ ਹੋਈ ਅਤੇ ਇਹੀ ਨਲਿਨੀ ਦੀ ਰਿਹਾਈ ਦਾ ਆਧਾਰ ਬਣਿਆ। ਅਦਾਲਤ ਨੇ ਸੰਵਿਧਾਨ ਦੇ ਅਨੁਛੇਦ 142 ਵਿੱਚ ਦਿੱਤੀਆਂ ਗਈਆਂ ਅਸਧਾਰਨ ਸ਼ਕਤੀਆਂ ਦਾ ਹਵਾਲਾ ਦਿੰਦੇ ਹੋਏ ਪੇਰਾਰੀਵਲਨ ਨੂੰ ਰਿਹਾਅ ਕਰ ਦਿੱਤਾ ਸੀ।

ਪੇਰਾਰੀਵਲਨ, ਰਾਜੀਵ ਗਾਂਧੀ ਕਤਲ ਕੇਸ ਵਿੱਚ 30 ਸਾਲ ਉਮਰ ਕੈਦ ਦੀ ਸਜ਼ਾ ਕੱਟ ਚੁੱਕੇ ਸੀ।

ਲਾਈਨ

(ਬੀਬੀਸੀ ਪੰਜਾਬੀ ਨਾਲ FACEBOOKINSTAGRAMTWITTERਅਤੇ YouTube 'ਤੇ ਜੁੜੋ।)