ਵਿਸ਼ਵ ਕੱਪ ਫਾਈਨਲ ਵਿੱਚ ਭਾਰਤੀ ਟੀਮ ਦੇ ਹਾਰਨ ਦੇ ਸੱਤ ਕਾਰਨ ਕਿਹੜੇ ਹੋ ਸਕਦੇ ਹਨ

    • ਲੇਖਕ, ਸੰਜੈ ਕਿਸ਼ੋਰ
    • ਰੋਲ, ਸੀਨੀਅਰ ਖੇਡ ਪੱਤਰਕਾਰ, ਬੀਬੀਸੀ ਹਿੰਦੀ ਲਈ

ਅਹਿਮਦਾਬਾਦ ਦੇ ਨਰਿੰਦਰ ਮੋਦੀ ਸਟੇਡੀਅਮ ਵਿੱਚ ਐਤਵਾਰ ਨੂੰ ਉਹ ਨਹੀਂ ਹੋ ਸਕਿਆ ਜਿਸਦੀ ਉਮੀਦ 140 ਕਰੋੜ ਦੀ ਅਬਾਦੀ ਵਾਲੇ ਮੁਲਕ ਨੂੰ ਸੀ।

ਕਰੋੜਾਂ ਦੇ ਦਿਲ ਟੁੱਟੇ ਅਤੇ ਅੱਖਾਂ ਭਿੱਜ ਗਈਆਂ।

ਕਈ ਲੋਕ ਮੰਨਦੇ ਹਨ ਕਿ ਭਾਰਤ ਦੀ ਸਭਿਆਚਾਰਕ ਅਤੇ ਧਾਰਮਿਕ ਵੱਖਰਤਾ ਨੂੰ ਕ੍ਰਿਕਟ ਜੋੜਦਾ ਹੈ, ਅਜਿਹੇ ਵਿੱਚ ਭਾਰਤ ਤੀਜੀ ਵਾਰੀ ਵਿਸ਼ਵ ਕੱਪ ਜਿੱਤ ਜਾਂਦਾ ਹੈ ਤਾਂ ਇਹ ਵੱਡੀ ਸਫ਼ਲਤਾ ਹੋਣੀ ਸੀ।

ਕਪਤਾਨ ਰੋਹਿਤ ਸ਼ਰਮਾ, ਵਿਰਾਟ ਕੋਹਲੀ, ਮੁਹੰਮਦ ਸ਼ਮੀ, ਅਤੇ ਰਵਿਚੰਦਰਨ ਅਸ਼ਵਿਨ ਜਿਹੇ ਖਿਡਾਰੀਆਂ ਦੇ ਲਈ ਸ਼ਾਇਦ ਇਹ ਆਖ਼ਰੀ ਵਿਸ਼ਵ ਕੱਪ ਸੀ।

ਉਨ੍ਹਾਂ ਦੇ ਲਈ ਇਹ ਟੀਸ ਕਦੇ ਨਾ ਭੁੱਲਣ ਵਾਲੀ ਹੈ। ਉਹ ਵਿਸ਼ਵ ਕੱਪ ਦੇ ਇੰਨੀ ਨੇੜੇ ਹੁੰਦਿਆਂ ਵੀ ਦੂਰ ਹੋ ਗਏ।

ਵੀਹ ਸਾਲ ਪਹਿਲਾਂ ਦੇ ਵਾਂਗ ਹੀ ਇਹ ਫਾਈਨਲ ਵੀ ਇੱਕਪਾਸੜ ਸਾਬਤ ਹੋਇਆ।

ਹਾਲੇ ਪਾਰੀ ਦੀਆਂ 42 ਗੇਂਦਾਂ ਰਹਿੰਦੀਆਂ ਸਨ ਜਦੋਂ ਆਸਟ੍ਰੇਲੀਆ ਨੇ ਭਾਰਤ ਨੂੰ ਛੇ ਵਿਕਟਾਂ ਨਾਲ ਹਰਾ ਕੇ 6ਵੀਂ ਵਾਰੀ ਵਿਸ਼ਵ ਕੱਪ ਦਾ ਖ਼ਿਤਾਬ ਜਿੱਤ ਲਿਆ।

ਮੈਚ ਤੋਂ ਬਾਅਦ ਸਾਬਕਾ ਭਾਰਤੀ ਕਪਤਾਨ ਸੁਨੀਲ ਗਾਵਸਕਰ ਨੇ ਕਿਹਾ, “ਮਜ਼ਬੂਤ ਟੀਮ ਤੋਂ ਹਾਰਨ ਵਿੱਚ ਕੋਈ ਸ਼ਰਮ ਨਹੀਂ, ਅੱਜ ਆਸਟ੍ਰੇਲੀਆ ਦਾ ਪ੍ਰਦਰਸ਼ਨ ਭਾਰਤ ਤੋਂ ਬਿਹਤਰ ਰਿਹਾ।”

ਕਹਿੰਦੇ ਹਨ ਕਿ ਇਤਿਹਾਸ ਆਪਣੇ ਆਪ ਨੂੰ ਦੁਹਰਾਉਂਦਾ ਹੈ, 20 ਸਾਲ ਪਹਿਲਾਂ 2003 ਵਿੱਚ ਜੋਹਾਨਸਬਰਗ ਵਿੱਚ ਰਿੱਕੀ ਪੌਂਟਿੰਗ ਦੀ ਟੀਮ ਨੇ ਸੌਰਵ ਗਾਂਗੁਲੀ ਦੀ ਟੀਮ ਨੁੰ ਹਰਾ ਕੇ ਤੀਜੀ ਵਾਰੀ ਵਿਸ਼ਵ ਕੱਪ ਜਿੱਤਿਆ ਸੀ।

ਰੋਹਿਤ ਸ਼ਰਮਾ ਦੀ ਟੀਮ ਦੇ ਲਈ ਉਸ ਹਾਰ ਦਾ ਬਦਲਾ ਲੈ ਕੇ ਇਤਿਹਾਸ ਪਲਟਣ ਦਾ ਮੌਕਾ ਸੀ। 1983 ਅਤੇ 2011 ਤੋਂ ਬਾਅਦ ਤੀਜੀ ਵਾਰੀ ਵਿਸ਼ਵ ਚੈਂਪੀਅਨ ਬਣਨ ਦਾ ਮੌਕਾ ਸੀ।

2003 ਦੀ ਆਸਟ੍ਰੇਲੀਆਈ ਟੀਮ ਦੇ ਵਾਂਗ, ਫਾਈਨਲ ਤੱਕ ਇਸ ਵਾਰੀ ਭਾਰਤੀ ਟੀਮ ਬਿਨਾ ਕਿਸੇ ਹਾਰ ਦੇ ਪਹੁੰਚੀ।

ਆਖ਼ਰ ਕੀ ਕਾਰਨ ਰਹੇ, ਜਿਨ੍ਹਾਂ ਦੇ ਚਲਦਿਆਂ ਪੂਰੇ ਟੂਰਨਾਮੈਂਟ ਵਿੱਚ ਸ਼ਾਨਦਾਰ ਪ੍ਰਦਰਸ਼ਨ ਦੇ ਬਾਵਜੂਦ ਵੀ ਭਾਰਤ ਖ਼ਿਤਾਬ ਨਹੀਂ ਜਿੱਤ ਸਕਿਆ।

ਇਹੀ ਨਹੀਂ ਭਾਰਤੀ ਕ੍ਰਿਕਟ ਟੀਮ ਪਿਛਲੇ 10 ਸਾਲਾਂ ਤੋਂ ਆਈਸੀਸੀ ਦਾ ਕੋਈ ਵੀ ਖ਼ਿਤਾਬ ਨਹੀਂ ਜਿੱਤ ਸਕੀ ਹੈ।

ਪਿੱਚ ਦੀ ਪਰਖ ਨਹੀਂ ਕਰ ਸਕੀ ਟੀਮ ਇੰਡੀਆ

ਅਹਿਮਦਾਬਾਦ ਵਿੱਚ ਫਾਈਨਲ ਦੀ ਪਿੱਚ ਥੋੜ੍ਹੀ ਹੌਲੀ ਅਤੇ ਸੁੱਕੀ ਹੋਈ ਸੀ।

ਟੌਸ ਜਿੱਤਕੇ ਆਸਟ੍ਰੇਲੀਆਈ ਗੇਂਦਬਾਜ਼ਾਂ ਨੇ ਪਿੱਚ ਦਾ ਪੂਰਾ ਲਾਹਾ ਲਿਆ।

ਕਪਤਾਨ ਪੈਟ ਕਮਿੰਸ ਨੇ ਇੱਕ ਤੋਂ ਬਾਅਦ ਇੱਕ ਤੇਜ਼ (ਕਟਰ) ਗੇਂਦਾਂ ਪਾ ਕੇ ਭਾਰਤੀ ਬੱਲੇਬਾਜ਼ਾਂ ਨੂੰ ਬਹੁਤ ਪਰੇਸ਼ਾਨ ਕੀਤਾ।

ਡੈੱਥ ਓਵਰਸ ਵਿੱਚ ਜੋਸ ਹੇਜ਼ਲਵੁੱਡ ਅਤੇ ਕਮਿੰਸ ਨੇ ਹੌਲੀ ਗੇਂਦਬਾਜ਼ੀ ਕਰਕੇ ਭਾਰਤੀ ਟੀਮ ਦਾ ਰਨ ਰੇਟ ਵਧਣ ਨਹੀਂ ਦਿੱਤਾ ਅਤੇ ਲਗਾਤਾਰ ਵਿਕਟਾਂ ਲੈਂਦੇ ਰਹੇ।

ਜਦੋਂ ਆਸਟ੍ਰੇਲੀਆਈ ਟੀਮ ਬੱਲੇਬਾਜ਼ੀ ਕਰਨ ਉੱਤਰੀ ਤਾਂ ਪਿੱਚ ਪੱਧਰੀ ਹੋ ਚੁਕੀ ਸੀ। ਧੁੰਦ ਦੇ ਕਾਰਨ ਭਾਰਤੀ ਗੇਂਦਬਾਜ਼ਾਂ ਦੇ ਹੱਥੋਂ ਗੇਂਦ ਤਿਲਕ ਰਹੀ ਸੀ। ਆਊਟਫੀਲਡ ਵੀ ਪਹਿਲੀ ਪਾਰੀ ਦੇ ਮੁਕਾਬਲੇ ਵਿੱਚ ਤੇਜ਼ ਹੋ ਗਿਆ ਸੀ।

ਹਾਲਾਂਕਿ ਕਪਤਾਨ ਰੋਹਿਤ ਸ਼ਰਮਾ ਨੇ ਟੌਸ ਤੋਂ ਬਾਅਦ ਕਿਹਾ ਸੀ ਕਿ ਉਹ ਟੌਸ ਜਿੱਤਕੇ ਵੀ ਪਹਿਲਾਂ ਬੱਲੇਬਾਜ਼ੀ ਹੀ ਕਰਦੇ, ਜ਼ਾਹਿਰ ਹੈ ਭਾਰਤੀ ਟੀਮ ਮੈਨੇਜਮੈਂਟ ਪਿੱਚ ਨੂੰ ਪੜ੍ਹ ਨਹੀਂ ਸਕੀ ਅਤੇ ਉਨ੍ਹਾਂ ਦੇ ਅਨੁਸਾਰ ਯੋਜਨਾ ਨਹੀਂ ਬਣਾ ਸਕੀ।

ਮਾਨਸਿਕ ਮਜ਼ਬੂਤੀ ਵਿੱਚ ਕੰਗਾਰੂ ਅੱਗੇ

ਵੱਡੇ ਮੈਚ ਦੇ ਲਈ ਜੋਸ਼ ਨਾਲੋਂ ਜ਼ਿਆਦਾ ਅਨੁਭਵੀ ਖਿਡਾਰੀਆਂ ਦੀ ਜ਼ਰੂਰਤ ਹੁੰਦੀ ਹੈ। ਸ਼ੁਭਮਨ ਗਿੱਲ ਅਤੇ ਸ਼੍ਰੇਅਸ ਅੱਈਅਰ ਫਾਈਨਲ ਨੇ ਦਬਾਅ ਅੱਗੇ ਇੱਕਦਮ ਖਿੰਡ ਗਏ।

ਰੋਹਿਤ ਸ਼ਰਮਾ ਨੇ ਆਪਣੇ ਤਰੀਕੇ ਖੇਡ ਖੇਡਣ ਦੀ ਕੋਸ਼ਿਸ਼ ਕੀਤੀ ਪਰ ਵੱਡਾ ਸਕੋਰ ਨਹੀਂ ਬਣਾ ਸਕੇ।

81 ਦੌੜਾਂ ਉੱਤੇ ਤਿੰਨ ਵਿਕਟਾਂ ਗੁਆਉਣ ਤੋਂ ਬਾਅਦ ਵਿਰਾਟ ਕੋਹਲੀ ਅਤੇ ਕੇਐੱਲ ਰਾਹੁਲ ਵੀ ਆਪਣੇ ਸੁਭਾਵਿਕ ਤਰੀਕੇ ਖੇਡ ਖੇਡ ਸਕਣਗੇ।

ਭਾਰਤੀ ਟੀਮ ਦਾ ਦਬਾਅ ਹਾਵੀ ਹੁੰਦਾ ਚਲਾ ਗਿਆ। ਧਿਆਨ ਕੰਮ ਕਰਨ ਤੋਂ ਭਟਕ ਕੇ ਨਤੀਜੇ ਉੱਤੇ ਚਲਾ ਜਾਵੇ ਤਾਂ ਮੁਸ਼ਕਲਾਂ ਵੱਧ ਜਾਂਦੀਆਂ ਹਨ।

ਆਸਟ੍ਰੇਲੀਆ ਦੀ ਬਿਹਤਰ ਫੀਲਡਿੰਗ

ਦੋਵਾਂ ਟੀਮਾਂ ਦੇ ਵਿੱਚ ਸਭ ਤੋਂ ਵੱਡਾ ਫ਼ਰਕ ਫੀਲਡਿੰਗ ਦਾ ਰਿਹਾ। ਆਸਟ੍ਰੇਲੀਆ ਦੀ ਚੁਸਤ ਫੀਲਡਿੰਗ ਦੇ ਅਸਰ ਨਾਲ ਭਾਰਤ ਦੇ ਦਮਦਾਰ ਬੱਲੇਬਾਜ਼ੀ ਉੱਤੇ ਰੋਕ ਲੱਗ ਗਈ।

ਗਲੈੱਨ ਮੈਕਸਵੈੱਲ ਦੀ ਗੇਂਦ ਉੱਤੇ ਟ੍ਰੈਵਿਸ ਹੈੱਡ ਨੇ ਜੋ ਰੋਹਿਤ ਸ਼ਰਮਾ ਦਾ ਜਿਹੜਾ ਕੈਚ ਫੜਿਆ ਉਹ ਚਮਤਕਾਰੀ ਸੀ।

ਇਸ ਵਿਸ਼ਵ ਕੱਪ ਦਾ ਸ਼ਾਇਦ ਇਹ ਪਹਿਲਾ ਮੈਚ ਹੋਵੇ ਜਿਸ ਵਿੱਚ 24 ਓਵਰਾਂ ਵਿੱਚ ਸਿਰਫ਼ ਇੱਕ ਚੌਕਾ ਲੱਗਾ।

ਸੋਸ਼ਲ ਮੀਡੀਆ ਉੱਤੇ ਚਰਚਾ ਹੋ ਰਹੀ ਸੀ ਕਿ ਆਸਟ੍ਰੇਲੀਆਈ ਟੀਮ ਨੇ ਕਿਤੇ 15 ਫੀਲਡਰ ਤਾਂ ਨਹੀਂ ਉਤਾਰ ਦਿੱਤੇ।

ਇੱਕ ਦੋ ਮੌਕਿਆਂ ਨੂੰ ਛੱਡ ਕੇ ਪੂਰੇ ਟੂਰਨਾਮੈਂਟ ਵਿੱਚ ਭਾਰਤੀ ਬੱਲੇਬਾਜ਼ਾਂ ਦਾ ਕੋਈ ਵੀ ਟੀਮ ਔਖਾ ਇਮਤਿਹਾਨ ਨਹੀਂ ਲੈ ਸਕੀ ਸੀ।

ਆਸਟ੍ਰੇਲੀਆ ਦੀ ਰਣਨੀਤੀ ਬਿਹਤਰ

ਇਹ ਤਾਂ ਮੰਨਣਾ ਹੀ ਪਵੇਗਾ ਕਿ ਆਸਟ੍ਰੇਲੀਆ ਹਮੇਸ਼ਾ ਬਿਹਤਰ ਤਿਆਰੀ ਨਾਲ ਖੇਡਦਾ ਹੈ।

ਰੋਹਿਤ ਸ਼ਰਮਾ ਦੀ ਤੇਜ਼ ਸ਼ੁਰੂਆਤ ਦੇ ਬਾਵਜੂਦ ਆਸਟ੍ਰੇਲੀਆਈ ਗੇਂਦਬਾਜ਼ ਲਾਈਨ ਅਤੇ ਲੈਂਥ ਬਣਾਕੇ ਰੱਖਣ।

ਪੈਟ ਕਮਿੰਸ ਵਿਚਕਾਰਲੇ ਓਵਰਾਂ ਵਿੱਚ ਆਪਣੇ ਸਭ ਤੋਂ ਸਫ਼ਲ ਗੇਂਦਬਾਜ਼ ਐਡਮ ਜ਼ੰਪਾ ਨੂੰ ਲੈ ਕੇ ਆਉਣਾ ਬੇਹੱਦ ਸਮਝਦਾਰੀ ਵਾਲਾ ਫ਼ੈਸਲਾ ਰਿਹਾ।

ਜਦੋਂ ਕੋਹਲੀ ਅਤੇ ਰਾਹੁਲ ਪਾਰੀ ਨੂੰ ਠੋਸ ਰੂਪ ਦੇਣ ਦੀ ਕੋਸ਼ਿਸ਼ ਕਰ ਰਹੇ ਸਨ ਤਾਂ ਪਾਰਟ ਟਾਈਮ ਗੇਂਦਬਾਜ਼ਾਂ ਨੂੰ ਅਜ਼ਮਾਉਣਾ ਵੀ ਸਹੀ ਨਿਰਣਾ ਰਿਹਾ।

ਦੂਜੇ ਪਾਸੇ ਅਹਿਮਦਾਬਾਦ ਦੀ ਪਿੱਚ ਦੇਖਣ ਤੋਂ ਬਾਅਦ ਕਈ ਜਾਣਕਾਰ ਰਵੀਚੰਦਰ ਅਸ਼ਵਿਨ ਨੂੰ ਖਿਡਾਏ ਜਾਣ ਦੀ ਗੱਲ ਕਰ ਰਹੇ ਸੀ ਪਰ ਟੀਮ ਨੇ ਬਦਲਾਅ ਕਰਨ ਦਾ ਜੋਖ਼ਮ ਨਹੀਂ ਲਿਆ।

ਹੁਣ ਤੱਕ ਵਿੱਚ ਵਾਲੇ ਓਵਰਾਂ ਵਿੱਚ ਰਵਿੰਦਰ ਜਡੇਜਾ ਅਤੇ ਕੁਲਦੀਪ ਯਾਦਵ ਕਾਮਯਾਬ ਰਹੇ ਸਨ।

ਫਾਈਨਲ ਵਿੱਚ ਦੋਵੇਂ ਗੇਂਦਬਾਜ਼ ਫਿੱਕੇ ਸਾਬਤ ਹੋਏ। ਜਡੇਜਾ ਖੱਬੇ ਹੱਥ ਦੇ ਬੱਲੇਬਾਜ਼ ਟ੍ਰੈਵਿਸ ਹੈੱਡ ਨੂੰ ‘ਵਿਕਟ ਟੂ ਵਿਕਟ’ ਗੇਂਦਬਾਜ਼ੀ ਕਰ ਰਹੇ ਸਨ।

ਜਾਣਕਾਰ ਇਸਨੂੰ ਰੱਖਿਆਤਕ ਅਪ੍ਰੋਚ ਕਹਿੰਦੇ ਹਨ। ਕੁਲਦੀਪ ਅਤੇ ਜਡੇਜਾ ਨੇ ਰਲਕੇ ਆਪਣੇ 20 ਓਵਰਾਂ ਵਿੱਚ 99 ਦੌੜਾਂ ਦਿੱਤੀਆਂ ਅਤੇ ਇੱਕ ਵੀ ਵਿਕਟ ਨਹੀਂ ਲੈ ਸਕੇ।

ਆਸਟ੍ਰੇਲੀਆ ਦੀ ਹਮਲਾਵਰ ਸ਼ੁਰੂਆਤ

ਭਾਰਤ ਨੇ ਆਸਟ੍ਰੇਲੀਆ ਨੂੰ ਸਿਰਫ਼ 241 ਦੌੜਾਂ ਦਾ ਟੀਚਾ ਦਿੱਤਾ ਸੀ।

ਛੋਟੇ ਟਾਰਗੇਟ ਦੇ ਬਾਵਜੂਦ ਵੀ ਆਸਟ੍ਰੇਲੀਆਈ ਸਲਾਮੀ ਬੱਲੇਬਾਜ਼ਾਂ ਨੇ ਬੇਹੱਦ ਤੇਜ਼ ਸ਼ੁਰੂਆਤ ਕੀਤੀ ਅਤੇ ਪਹਿਲੇ ਹੀ ਦੋ ਓਵਰਾਂ ਵਿੱਚ 28 ਦੌੜਾਂ ਬਣਾ ਲਈਆਂ।

ਇਸ ਨਾਲ ਭਾਰਤੀ ਗੇਂਦਬਾਜ਼ਾਂ ਨੂੰ ਆਪਣਾ ਦਬਾਅ ਬਣਾਉਣ ਦਾ ਮੌਕਾ ਨਹੀਂ ਮਿਲ ਸਕਿਆ। ਵੈਸੇ ਵੀ ਆਸਟ੍ਰੇਲੀਆਈ ਬੱਲੇਬਾਜ਼ੀ ਕਦੇ ਵੀ ਤਾਸ਼ ਦੇ ਪੱਤਿਆਂ ਦੇ ਵਾਂਗ ਨਹੀਂ ਡਿੱਗਦੀ।

ਇਹ ਟੀਮ ਆਖ਼ਰੀ ਦਮ ਤੱਕ ਹਾਰ ਨਹੀਂ ਮੰਨਦੀ।

ਅਫ਼ਗਾਨਿਸਤਾਨ ਦੇ ਖ਼ਿਲਾਫ਼ 91 ਦੌੜਾਂ ਉੱਤੇ 7 ਵਿਕਟਾਂ ਗਵਾਉਣ ਤੋਂ ਬਾਅਦ ਵੀ ਟੀਮ ਜਿੱਤ ਜਾਵੇ ਤਾਂ ਇਹ ਟੀਮ ਦੀ ਇੱਛਾਸ਼ਕਤੀ ਨੂੰ ਦਰਸਾਉਂਦਾ ਹੈ।

ਫਾਈਨਲ ਵਿੱਚ 47 ਦੌੜਾਂ ਉੱਤੇ ਤਿੰਨ ਵਿਕਟਾਂ ਡਿੱਗ ਜਾਣ ਤੋਂ ਬਾਅਦ ਮਾਰਨਸ ਲਾਬੁਸ਼ੇਨ ਅਤੇ ਟ੍ਰੈਵਿਸ ਹੈੱਡ ਨੇ ਆਪਣੀ ਯੋਜਨਾਬੱਧ ਬੱਲੇਬਾਜ਼ੀ ਨਾਲ ਬਾਜ਼ੀ ਪਲਟਣ ਨਹੀਂ ਦਿੱਤੀ।

ਕਪਤਾਨ ਰੋਹਿਤ ਸ਼ਰਮਾ ਨੇ ਪਾਵਰਪਲੇ ਤੋਂ ਬਾਅਦ ਛੇ ਓਵਰ ਜਡੇਜਾ ਅਤੇ ਕੁਲਦੀਪ ਕੋਲੋਂ ਪੁਆਏ।

ਹੈੱਡ ਅਤੇ ਲਾਬੁਸ਼ੇਨ ਨੂੰ ਪਿੱਚ ਉੱਤੇ ਟਿਕਣ ਦਾ ਮੌਕਾ ਮਿਲ ਗਿਆ। ਦੋਵਾਂ ਨੇ ਵੱਡੀ ਸਾਂਝੇਦਾਰੀ ਕਰਕੇ ਮੁਕਾਬਲਾ ਆਸਟ੍ਰੇਲੀਆ ਦੇ ਪੱਖ ਵਿੱਚ ਕਰ ਦਿੱਤਾ।

ਘਰੇਲੂ ਦਰਸ਼ਕਾਂ ਦਾ ਦਬਾਅ

ਆਪਣੇ ਦਰਸ਼ਕਾਂ ਦੇ ਵਿੱਚ ਖੇਡਣਾ ਕਈ ਵਾਰੀ ਪੁੱਠਾ ਪੈ ਜਾਂਦਾ ਹੈ। ਮੈਦਾਨ ਵਿੱਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਸਣੇ ਕਈ ਵੱਡੀਆਂ ਸ਼ਖ਼ਸੀਅਤਾਂ ਦਾ ਹੋਣਾ ਅਤੇ ਸਵਾ ਲੱਖ ਦਰਸ਼ਕਾਂ ਦੇ ਸ਼ੋਰ ਦੇ ਵਿੱਚ ਖਿਡਾਰੀ ਖੇਡ ਤੋਂ ਜ਼ਿਆਦਾ ਨਤੀਜੇ ਬਾਰੇ ਸੋਚਣ ਲੱਗਦੇ ਹਨ।

ਮੀਡੀਆ ਉਮੀਦਾਂ ਨੂੰ ਆਸਮਾਨ ਤੱਕ ਪਹੁੰਚਾ ਦਿੰਦਾ ਹੈ। ਇਸਦਾ ਦਬਾਅ ਤਾਂ ਬਣਦਾ ਹੀ ਹੈ।

ਆਸਟ੍ਰੇਲੀਆ ਦੀ ਟੀਮ ਖੇਡ ਨੂੰ ਖੇਡ ਦੇ ਵਾਂਗ ਖੇਡਦੀ ਹੈ। ਜਿੱਤ ਅਤੇ ਹਾਰ ਨੂੰ ਲੈ ਕੇ ਉਨ੍ਹਾਂ ਉੱਤੇ ਭਾਰਤ ਦੇ ਵਾਂਗ ਦਬਾਅ ਨਹੀਂ ਰਹਿੰਦਾ।

ਨਿੱਜੀ ਪ੍ਰਦਰਸ਼ਨ ਵੱਲ ਵੱਧ ਖਿਆਲ

ਆਸਟ੍ਰੇਲੀਆ ਇਸ ਵਾਰੀ ਇੱਕ ਟੀਮ ਦੇ ਵਾਂਗ ਖੇਡਿਆ।

ਕਪਤਾਨ ਰੋਹਿਤ ਸ਼ਰਮਾ, ਵਿਰਾਟ ਕੋਹਲੀ, ਸ਼੍ਰੇਅਸ ਅੱਈਅਰ ਅਤੇ ਕੇਐੱਲ ਰਾਹੁਲ ਜ਼ਬਰਦਰਸਤ ਪ੍ਰਦਰਸ਼ਨ ਕਰ ਰਹੇ ਸਨ।

ਟੂਰਨਾਮੈਂਟ ਵਿੱਚ ਸਭ ਤੋਂ ਵੱਧ ਦੌੜਾਂ 765 ਕੋਹਲੀ ਨੇ ਬਣਾਈਆਂ ਜਦਕਿ ਰੋਹਿਤ 597 ਦੂਜੇ ਨੰਬਰ ਉੱਤੇ ਰਹੇ। ਉੱਥੇ ਹੀ ਚੋਟੀ ਦੇ ਪੰਜ ਖਿਡਾਰੀਆਂ ਵਿੱਚ ਆਸਟ੍ਰੇਲੀਆ ਦਾ ਕੋਈ ਬੱਲੇਬਾਜ਼ ਨਹੀਂ ਸੀ।

ਡੇਵਿਡ ਵਾਰਨਰ ਛੇਵੇਂ ਨੰਬਰ ਉੱਤੇ ਰਹੇ।

ਗੱਲ ਕਰੀਏ 2003 ਵਿਸ਼ਵ ਕੱਪ ਦੀ ਤਾਂ ਸਭ ਤੋਂ ਵੱਧ ਦੌੜਾਂ ਸਚਿਨ ਤੇਂਦੁਲਕਰ ਨੇ ਬਣਾਈਆਂ।

ਦੂਜੇ ਨੰਬਰ ਉੱਤੇ ਸੌਰਵ ਗਾਂਗੁਲੀ ਸਨ, ਜਿਨ੍ਹਾਂ ਨੇ 465 ਦੋੜਾਂ ਬਣਾਈਆਂ ਸਨ, ਤੀਜੇ ਨੰਬਰ ਉੱਤੇ ਸਨ ਰਿੱਕੀ ਪੌਂਟਿੰਗ ਜਿਨ੍ਹਾਂ ਨੇ 415 ਦੌੜਾਂ ਬਣਾਈਆਂ ਸਨ।

ਗੇਂਦਬਾਜ਼ੀ ਦੀ ਵੀ ਲਗਭਗ ਇਹੀ ਕਹਾਣੀ ਰਹੀ। ਚੋਟੀ ਦੇ ਪੰਜ ਗੇਂਦਬਾਜ਼ਾਂ ਵਿੱਚ ਮੁਹੰਮਦ ਸ਼ਮੀ ਅਤੇ ਜਸਪ੍ਰੀਤ ਬੁਮਰਾਹ ਸ਼ਾਮਲ ਸਨ ਜਦਕਿ ਆਸਟ੍ਰੇਲੀਆ ਦੇ ਸਿਰਫ਼ ਐਡਮ ਜ਼ੰਪਾ।

ਦੋਵੇਂ ਵਾਰੀ ਆਸਟ੍ਰੇਲੀਆਂ ਚੈਂਪੀਅਨ ਬਣਿਆ ਕਿਉਂਕਿ ਟੀਮ ਵਿੱਚ ਇੱਕ ਜਾਂ ਦੋ ਹੀਰੋ ਨਹੀਂ ਸਨ, ਕਾਮਯਾਬੀ ਵਿੱਚ ਪੂਰੀ ਟੀਮ ਸ਼ਾਮਲ ਸੀ।

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTER ਅਤੇ YouTube 'ਤੇ ਜੁੜੋ।)