ਗੌਤਮ ਅਡਾਨੀ ’ਤੇ ਲੱਗੇ ਇਲਜ਼ਾਮ ਕਿੰਨੇ ਗੰਭੀਰ ਹਨ, ਕੌਣ ਹਨ ਸਾਗਰ ਅਡਾਨੀ, ਕੀ ਹੈ ਕੰਪਨੀ ਵਿੱਚ ਉਨ੍ਹਾਂ ਦੀ ਭੂਮਿਕਾ

ਭਾਰਤ ਦੇ ਦੂਜੇ ਸਭ ਤੋਂ ਅਮੀਰ ਵਿਅਕਤੀ ਗੌਤਮ ਅਡਾਨੀ ਇੱਕ ਵਾਰ ਫ਼ਿਰ ਮੁਸ਼ਕਿਲ ਵਿੱਚ ਫ਼ਸਦੇ ਨਜ਼ਰ ਆ ਰਹੇ ਹਨ।

ਅਡਾਨੀ ਗਰੁੱਪ ਦੇ ਚੇਅਰਮੈਨ ਗੌਤਮ ਅਡਾਨੀ, ਉਨ੍ਹਾਂ ਦੇ ਭਤੀਜੇ ਸਾਗਰ ਅਡਾਨੀ ਅਤੇ ਛੇ ਹੋਰਾਂ ਖ਼ਿਲਾਫ਼ ਨਿਊਯਾਰਕ ਦੀ ਅਦਾਲਤ ਵਿੱਚ ਇਲਜ਼ਾਮ ਆਇਦ ਕੀਤੇ ਗਏ ਹਨ।

ਇਹ ਸਾਰੇ ਅਡਾਨੀ ਗ੍ਰੀਨ ਐਨਰਜੀ ਲਿਮਿਟੇਡ ਅਤੇ ਅਜ਼ੂਰ ਪਾਵਰ ਗਲੋਬਲ ਨਾਲ ਜੁੜੇ ਹੋਏ ਹਨ।

ਯੂਐੱਸ ਸਕਿਓਰਿਟੀਜ਼ ਐਂਡ ਐਕਸਚੇਂਜ ਕਮਿਸ਼ਨ (ਐੱਸਈਸੀ) ਨੇ ਇਲਜ਼ਾਮ ਲਗਾਇਆ ਹੈ ਕਿ ਗੌਤਮ ਅਡਾਨੀ ਅਤੇ ਉਨ੍ਹਾਂ ਦੇ ਸਾਥੀਆਂ ਨੇ ਭਾਰਤ ਵਿੱਚ ਉਨ੍ਹਾਂ ਦੀ ਨਵਿਆਉਣਯੋਗ ਊਰਜਾ ਕੰਪਨੀ ਲਈ 250 ਕਰੋੜ ਡਾਲਰ ਯਾਨੀ ਤਕਰੀਬਨ ਦੋ ਹਜ਼ਾਰ ਕਰੋੜ ਰੁਪਏ ਤੋਂ ਵੱਧ ਦੀ ਰਿਸ਼ਵਤ ਦਿੱਤੀ ਅਤੇ ਇਹ ਜਾਣਕਾਰੀ ਅਮਰੀਕਾ ਵਿੱਚ ਪੂੰਜੀ ਜੁਟਾਉਂਦੇ ਸਮੇਂ ਨਿਵੇਸ਼ਕਾਂ ਤੋਂ ਛੁਪਾਈ ਗਈ ਸੀ।

ਅਸਲ ਵਿੱਚ ਇੰਡਾਈਟਮੰਟ ਕੀ ਹੈ?

ਅਮਰੀਕਾ ਵਿੱਚ, ਇੰਡਾਈਟਮੰਟ ਇੱਕ ਵਕੀਲ ਵੱਲੋਂ ਦਾਇਰ ਇੱਕ ਲਿਖਤੀ ਇਲਜ਼ਾਮ ਪੱਤਰ ਹੁੰਦਾ ਹੈ।

ਇਹ ਭਾਰਤ ਵਿੱਚ ਦਾਇਰ ਇੱਕ ਚਾਰਜਸ਼ੀਟ ਵਰਗਾ ਹੈ। ਗ੍ਰੈਂਡ ਜਿਊਰੀ ਇਸ ਨੂੰ ਉਸ ਪਾਰਟੀ ਦੇ ਖ਼ਿਲਾਫ਼ ਜਾਰੀ ਕਰਦੀ ਹੈ ਜਿਸ 'ਤੇ ਕਿਸੇ ਕਾਨੂੰਨੀ ਅਪਰਾਧ ਦੇ ਇਲਜ਼ਾਮ ਹੋਣ।

ਜਦੋਂ ਕਿਸੇ ਵਿਅਕਤੀ 'ਤੇ ਇਲਜ਼ਾਮ ਲਗਾਇਆ ਜਾਂਦਾ ਹੈ, ਤਾਂ ਉਸ ਨੂੰ ਰਸਮੀ ਨੋਟਿਸ ਦਿੱਤਾ ਜਾਂਦਾ ਹੈ ਕਿ ਉਸ ਨੇ ਅਪਰਾਧ ਕੀਤਾ ਹੈ।

ਮੁਲਜ਼ਿਮ ਵਿਅਕਤੀ ਆਪਣੇ ਵਕੀਲ ਰਾਹੀਂ ਬਚਾਅ ਵਿੱਚ ਕਦਮ ਚੁੱਕ ਸਕਦਾ ਹੈ।

ਰਿਸ਼ਵਤ ਦੇ ਇਲਜ਼ਾਮ ਭਾਰਤ ਵਿੱਚ ਤਾਂ ਅਮਰੀਕਾ ਵਿੱਚ ਇਨਡਾਈਟਮੰਟ ਕਿਉਂ?

ਭਾਰਤ ਵਿੱਚ ਸੋਸ਼ਲ ਮੀਡੀਆ ਯੂਜ਼ਰਜ਼ ਇਹ ਜਾਣਨਾ ਚਾਹੁੰਦੇ ਹਨ ਕਿ ਜਦੋਂ ਅਡਾਨੀ ਦੀ ਨਵਿਆਉਣਯੋਗ ਊਰਜਾ ਕੰਪਨੀ ਨੇ ਕਥਿਤ ਤੌਰ 'ਤੇ ਰਿਸ਼ਵਤ ਦੇ ਕੇ ਭਾਰਤ ਵਿੱਚ ਇਕਰਾਰਨਾਮਾ ਹਾਸਲ ਕਰਨ ਦੀ ਕੋਸ਼ਿਸ਼ ਕੀਤੀ, ਤਾਂ ਗੌਤਮ ਅਡਾਨੀ ਅਤੇ ਉਨ੍ਹਾਂ ਦੇ ਸਹਿਯੋਗੀਆਂ 'ਤੇ ਅਮਰੀਕਾ ਵਿੱਚ ਮੁਕੱਦਮਾ ਚਲਾਉਣ ਦੇ ਹਾਲਾਤ ਕਿਵੇਂ ਪੈਦਾ ਹੋ ਗਏ?

ਨਿਊਯਾਰਕ ਦੀ ਅਦਾਲਤ 'ਚ ਦਾਇਰ ਇੰਡਾਈਟਮੰਟ ਮੁਤਾਬਕ ਗੌਤਮ ਅਡਾਨੀ ਅਤੇ ਇਸ ਕੇਸ ਨਾਲ ਜੁੜੇ ਕੁਝ ਲੋਕਾਂ ਨੇ ‘ਰਿਸ਼ਵਤਖੋਰੀ ਸਕੀਮ’ (ਯਾਨੀ ਕੰਪਨੀ ਨੂੰ ਰਿਸ਼ਵਤ ਦੇ ਕੇ ਕੰਟਰੈਕਟ ਹਾਸਲ ਕਰਨਾ) ਦੀ ਜਾਣਕਾਰੀ ਦਿੱਤੇ ਬਿਨਾਂ ਹੀ ਅਮਰੀਕੀ ਅਤੇ ਵਿਦੇਸ਼ੀ ਨਿਵੇਸ਼ਕਾਂ ਤੋਂ ਪੈਸੇ ਇਕੱਠੇ ਕੀਤੇ ਹਨ।

ਇਲਜ਼ਾਮ ਮੁਤਾਬਕ, "ਇਹ ਅਪਰਾਧ ਅਮਰੀਕੀ ਨਿਵੇਸ਼ਕਾਂ ਦੇ ਪੈਸਿਆਂ ਦੇ ਆਧਾਰ 'ਤੇ ਕੀਤੇ ਗਏ ਸਨ।"

ਇਸ ਲਈ ਉਨ੍ਹਾਂ ਖ਼ਿਲਾਫ਼ ਭ੍ਰਿਸ਼ਟਾਚਾਰ, ਧੋਖਾਧੜੀ ਅਤੇ ਕੰਮਕਾਜ ਵਿੱਚ ਰੁਕਾਵਟ ਪਾਉਣ ਦਾ ਮਾਮਲਾ ਦਰਜ ਕੀਤਾ ਜਾਵੇਗਾ।

ਇਹ ਸਭ ਕੁਝ ਦੁਨੀਆਂ ਦੇ ਕਿਸੇ ਕੋਨੇ ਵਿੱਚ ਹੋ ਸਕਦਾ ਹੈ।

ਐੱਫ਼ਬੀਆਈ ਦੇ ਅਸਿਸਟੈਂਟ ਡਾਇਰੈਕਟਰ ਇੰਚਾਰਜ ਮੁਤਾਬਕ, “ਇਸ ਮਾਮਲੇ ਵਿੱਚ ਅਡਾਨੀ ਅਤੇ ਉਨ੍ਹਾਂ ਦੇ ਸਾਥੀਆਂ ਨੇ ਰਿਸ਼ਵਤਖੋਰੀ ਅਤੇ ਭ੍ਰਿਸ਼ਟਾਚਾਰ ਬਾਰੇ ਝੂਠੇ ਬਿਆਨਾਂ ਦੇ ਅਧਾਰ ’ਤੇ ਪੂੰਜੀ ਇਕੱਠੀ ਕੀਤੀ ਅਤੇ ਨਿਵੇਸ਼ਕਾਂ ਨੂੰ ਧੋਖਾ ਦਿੱਤਾ।”

“ਇਨ੍ਹਾਂ 'ਚੋਂ ਕੁਝ ਲੋਕਾਂ ਨੇ ਸਰਕਾਰ ਦੀ ਜਾਂਚ 'ਚ ਰੁਕਾਵਟ ਪੈਦਾ ਕਰਕੇ ਰਿਸ਼ਵਤਖੋਰੀ ਦੀ ਸਾਜ਼ਿਸ਼ ਨੂੰ ਛੁਪਾਉਣ ਦੀ ਕੋਸ਼ਿਸ਼ ਵੀ ਕੀਤੀ।”

ਸੀਈਸੀ ਕੀ ਕਾਰਵਾਈ ਕਰ ਸਕਦੀ ਹੈ, ਇਸ ਦਾ ਅਡਾਨੀ ਦੀਆਂ ਕੰਪਨੀਆਂ 'ਤੇ ਕੀ ਪ੍ਰਭਾਵ ਪਵੇਗਾ

ਅਮਰੀਕਾ ਦਾ ਸਕਿਓਰਿਟੀਜ਼ ਐਂਡ ਐਕਸਚੇਂਜ ਕਮਿਸ਼ਨ ਗੌਤਮ ਅਡਾਨੀ ਅਤੇ ਉਨ੍ਹਾਂ ਦੇ ਸਹਿਯੋਗੀਆਂ 'ਤੇ ਸਥਾਈ ਪਾਬੰਦੀ ਲਗਾ ਸਕਦਾ ਹੈ।

ਉਨ੍ਹਾਂ 'ਤੇ ਸਿਵਲ ਜੁਰਮਾਨਾ ਲਗਾਇਆ ਜਾ ਸਕਦਾ ਹੈ ਜਾਂ ਗੌਤਮ ਅਡਾਨੀ, ਸਾਗਰ ਅਡਾਨੀ ਅਤੇ ਹੋਰਾਂ 'ਤੇ ਪਾਬੰਦੀ ਲਗਾਈ ਜਾ ਸਕਦੀ ਹੈ।

ਦਰਅਸਲ, ਇਸ ਇੰਨਡਾਈਟਮੰਟ 'ਚ ਰਿਸ਼ਵਤਖੋਰੀ ਦੇ ਇਲਜ਼ਾਮ ਅਡਾਨੀ ਦੀ ਕੰਪਨੀ 'ਤੇ ਨਹੀਂ ਲੱਗੇ ਹਨ। ਇਹ ਅਡਾਨੀ ਅਤੇ ਉਨ੍ਹਾਂ ਦੇ ਸਾਥੀਆਂ ਲਈ ਨਿੱਜੀ ਝਟਕਾ ਹੈ।

ਹਾਲਾਂਕਿ ਇੰਨਡਾਈਟਮੰਟ ਦੀ ਖ਼ਬਰ ਤੋਂ ਬਾਅਦ ਵੀਰਵਾਰ ਨੂੰ ਸ਼ੁਰੂਆਤੀ ਕਾਰੋਬਾਰ 'ਚ ਅਡਾਨੀ ਗਰੁੱਪ ਦੀਆਂ ਕੰਪਨੀਆਂ ਦੇ ਸ਼ੇਅਰ 20 ਫ਼ੀਸਦੀ ਤੱਕ ਡਿੱਗ ਗਏ।

ਅਡਾਨੀ ਐਨਰਜੀ ਦੇ ਸ਼ੇਅਰ 16 ਫ਼ੀਸਦੀ ਡਿੱਗ ਗਏ। ਹਾਲਾਂਕਿ ਅਜ਼ੂਰ ਪਾਵਰ ਭਾਰਤ ਵਿੱਚ ਸੂਚੀਬੱਧ ਨਹੀਂ ਹੈ।

ਸੀਐੱਨਬੀਸੀ ਟੀਵੀ 18 ਮੁਤਾਬਕ, 2023 ਵਿੱਚ ਹਿੰਡਨਬਰਗ ਰਿਸਰਚ ਦੀ ਰਿਪੋਰਟ ਆਉਣ ਤੋਂ ਬਾਅਦ ਅਡਾਨੀ ਸਮੂਹ ਵਿੱਚ ਵੱਡੀ ਹਿੱਸੇਦਾਰੀ ਖਰੀਦਣ ਵਾਲੇ ਪਹਿਲੇ ਨਿਵੇਸ਼ਕ, ਸੀਕਯੂਜੀ ਪਾਰਟਨਰਜ਼ ਨੇ ਆਸਟਰੇਲੀਆਈ ਐਕਸਚੇਂਜਾਂ ਨੂੰ ਅਮਰੀਕੀ ਸਕਿਓਰਿਟੀਜ਼ ਐਕਸਚੇਂਜ ਕਮਿਸ਼ਨ ਅਤੇ ਅਮਰੀਕੀ ਜ਼ਿਲ੍ਹਾ ਅਦਾਲਤ ਵੱਲੋਂ ਅਡਾਨੀ ਅਤੇ ਉਨ੍ਹਾਂ ਦੇ ਸਹਿਯੋਗੀਆਂ ਖ਼ਿਲਾਫ਼ ਹੁਕਮਾਂ 'ਤੇ ਬਿਆਨ ਜਾਰੀ ਕੀਤਾ ਹੈ।

ਸੀਕਿਊਜੀ ਨੇ ਆਪਣੇ ਬਿਆਨ 'ਚ ਕਿਹਾ ਹੈ ਕਿ ਉਹ ਅਡਾਨੀ ਅਤੇ ਅਡਾਨੀ ਸਮੂਹ ਦੇ ਹੋਰ ਅਧਿਕਾਰੀਆਂ 'ਤੇ ਲਗਾਏ ਗਏ ਇਲਜ਼ਾਮਾਂ 'ਤੇ ਨਜ਼ਰ ਰੱਖ ਰਿਹਾ ਹੈ।

ਹਾਲਾਂਕਿ, ਸੀਕਿਊਜੀ ਨੇ ਕਿਹਾ ਹੈ ਕਿ ਉਹ ਆਪਣੇ ਪੋਰਟਫੋਲੀਓ ਨਿਰਮਾਣ ਦਿਸ਼ਾ-ਨਿਰਦੇਸ਼ਾਂ ਦੀ ਪੂਰੀ ਤਰ੍ਹਾਂ ਪਾਲਣਾ ਕਰ ਰਿਹਾ ਹੈ।

ਸੀਕਿਊਜੀ ਪੋਰਟਫ਼ੋਲੀਓ ਦੇ ਨਿਵੇਸ਼ਕ ਅਲੱਗ-ਅਲੱਗ ਹਨ।

ਇਸ ਦੇ ਗਾਹਕਾਂ ਦੇ 90 ਫ਼ੀਸਦੀ ਐਸੇਟ ਅਡਾਨੀ ਸਮੂਹ ਦੇ ਬਾਹਰ ਨਿਵੇਸ਼ ਕੀਤੇ ਗਏ ਹਨ।

ਭਾਰਤ 'ਚ ਅਡਾਨੀ ਦੀ ਕੰਪਨੀ 'ਤੇ ਰਿਸ਼ਵਤਖੋਰੀ ਦੇ ਕੀ ਇਲਜ਼ਾਮ ਹਨ?

ਅਮਰੀਕੀ ਵਕੀਲਾਂ ਮੁਤਾਬਕ, ‘ਭਾਰਤੀ ਊਰਜਾ ਕੰਪਨੀ’ ਅਤੇ ਨਿਵੇਸ਼ਕਾਂ ਨੂੰ ਬਾਂਡ ਜਾਰੀ ਕਰਕੇ ਪੈਸਾ ਇਕੱਠਾ ਕਰਨ ਵਾਲੀ ਅਮਰੀਕੀ ਕੰਪਨੀ ਨੇ ਭਾਰਤ ਦੀ ਸਰਕਾਰੀ ਕੰਪਨੀ ਸੋਲਰ ਐਨਰਜੀ ਕਾਰਪੋਰੇਸ਼ਨ ਆਫ਼ ਇੰਡੀਆ ਨੂੰ ਇੱਕ ਨਿਸ਼ਚਿਤ ਦਰ 'ਤੇ ਅੱਠ ਗੀਗਾਵਾਟ ਅਤੇ ਚਾਰ ਗੀਗਾਵਾਟ ਸੂਰਜੀ ਊਰਜਾ ਸਪਲਾਈ ਕਰਨ ਦਾ ਠੇਕਾ ਹਾਸਿਲ ਕੀਤਾ ਸੀ।

ਸੋਲਰ ਐਨਰਜੀ ਕਾਰਪੋਰੇਸ਼ਨ ਆਫ਼ ਇੰਡੀਆ ਨੇ ਇਹ ਬਿਜਲੀ ਦੇਸ਼ ਦੀਆਂ ਬਿਜਲੀ ਕੰਪਨੀਆਂ ਨੂੰ ਵੇਚਣੀ ਸੀ ਪਰ, ਸੋਲਰ ਐਨਰਜੀ ਕਾਰਪੋਰੇਸ਼ਨ ਨੂੰ ਕੋਈ ਖਰੀਦਦਾਰ ਨਹੀਂ ਮਿਲਿਆ।

ਇਸ ਲਈ, ਅਡਾਨੀ ਸਮੂਹ ਅਤੇ ਅਜ਼ੂਰ ਪਾਵਰ ਨਾਲ ਇਸਦਾ ਖ਼ਰੀਦ ਸਮਝੌਤਾ ਨਹੀਂ ਹੋ ਸਕਿਆ।

ਇਸ ਤੋਂ ਬਾਅਦ ਅਡਾਨੀ ਅਤੇ ਉਨ੍ਹਾਂ ਦੇ ਸਾਥੀਆਂ ਨੇ ਕੁਝ ਸੂਬਿਆਂ ਨੂੰ ਕਥਿਤ ਤੌਰ 'ਤੇ ਰਿਸ਼ਵਤ ਦਿੱਤੀ ਤਾਂ ਜੋ ਉਹ ਸੋਲਰ ਐਨਰਜੀ ਕਾਰਪੋਰੇਸ਼ਨ ਆਫ਼ ਇੰਡੀਆ ਤੋਂ ਬਿਜਲੀ ਖਰੀਦਣ ਦਾ ਸਮਝੌਤਾ ਕਰ ਸਕਣ।

ਨਿਊਯਾਰਕ ਦੇ ਪੂਰਬੀ ਜ਼ਿਲ੍ਹੇ ਦੇ ਅਟਾਰਨੀ ਦਫ਼ਤਰ ਨੇ ਬਿਆਨ ਵਿੱਚ ਕਿਹਾ, ''2020 ਤੋਂ 2024 ਤੱਕ ਅਡਾਨੀ ਅਤੇ ਉਨ੍ਹਾਂ ਦੇ ਲੋਕ ਭਾਰਤੀ ਅਧਿਕਾਰੀਆਂ ਨੂੰ ਕਥਿਤ ਤੌਰ 'ਤੇ 25 ਕਰੋੜ ਡਾਲਰ ਯਾਨੀ 2000 ਕਰੋੜ ਰੁਪਏ ਤੋਂ ਵੱਧ ਦੀ ਰਿਸ਼ਵਤ ਦੇਣ ਲਈ ਸਹਿਮਤ ਹੋਏ ਸਨ ਤਾਂ ਜੋ, ਉਹ ਸੂਰਜੀ ਊਰਜਾ ਨਾਲ ਸਬੰਧਤ ਡੀਲ ਹਾਸਿਲ ਕਰ ਸਕਣ।”

ਬਿਆਨ ਮੁਤਾਬਕ,“ਇਸ ਤੋਂ ਅਡਾਨੀ ਦੀ ਕੰਪਨੀ ਨੂੰ 20 ਸਾਲਾਂ ਦੀ ਮਿਆਦ 'ਚ ਦੋ ਅਰਬ ਡਾਲਰ ਦਾ ਮੁਨਾਫ਼ਾ ਹੋਣ ਦੀ ਉਮੀਦ ਸੀ।”

“ਗੌਤਮ ਅਡਾਨੀ ਇਸ ਮਾਮਲੇ ਨੂੰ ਲੈ ਕੇ ਕਈ ਵਾਰ ਭਾਰਤ ਦੇ ਅਧਿਕਾਰੀਆਂ ਨੂੰ ਨਿੱਜੀ ਤੌਰ 'ਤੇ ਮਿਲੇ ਸਨ।”

ਕਈ ਦੇਸ਼ਾਂ ਵਿੱਚ ਵਿਵਾਦ

ਇਹ ਵੀ ਇਲਜ਼ਾਮ ਹੈ ਕਿ ਗੌਤਮ ਅਡਾਨੀ ਨੇ ਰਿਸ਼ਵਤ ਦੀ ਰਕਮ ਦੇਣ ਲਈ ਅਜ਼ੂਰ ਪਾਵਰ ਦੇ ਅਧਿਕਾਰੀਆਂ ਨਾਲ ਮੀਟਿੰਗ ਕੀਤੀ ਸੀ।

ਅਮਰੀਕੀ ਅਟਾਰਨੀ ਬ੍ਰੇਓਨ ਪੀਸ ਨੇ ਆਪਣੇ ਬਿਆਨ 'ਚ ਕਿਹਾ ਹੈ ਕਿ ਗੌਤਮ ਅਡਾਨੀ, ਸਾਗਰ ਅਡਾਨੀ ਅਤੇ ਵਿਨੀਤ ਜੈਨ ਨੇ ਰਿਸ਼ਵਤਖੋਰੀ ਦੀ ਸਕੀਮ ਬਾਰੇ ਝੂਠ ਬੋਲਿਆ ਕਿ ਉਹ ਅਮਰੀਕਾ ਅਤੇ ਕੌਮਾਂਤਰੀ ਬਾਜ਼ਾਰਾਂ ਤੋਂ ਪੂੰਜੀ ਇਕੱਠਾ ਕਰਨਾ ਚਾਹੁੰਦਾ ਸੀ।

ਅਡਾਨੀ ਨਾਲ ਕੋਈ ਹੋਰ ਦੇਸ਼ ਵਿੱਚ ਵੀ ਵਿਵਾਦ ਜੁੜੇ ਹੋਏ ਹਨ।

2017 ਵਿੱਚ, ਅਡਾਨੀ ਇੰਟਰਪ੍ਰਾਈਜਿਜ਼ ਨੂੰ ਲੈ ਕੇ ਆਸਟ੍ਰੇਲੀਆ ਵਿੱਚ ਵੱਡਾ ਵਿਵਾਦ ਹੋਇਆ ਸੀ।

ਅਡਾਨੀ ਐਂਟਰਪ੍ਰਾਈਜ਼ਜ਼ ਨੂੰ ਕੁਈਨਜ਼ਲੈਂਡ, ਆਸਟਰੇਲੀਆ ਵਿੱਚ ਕਾਰਮਾਈਕਲ ਕੋਲ ਮਾਈਨ ਦਾ ਠੇਕਾ ਮਿਲਣਾ ਸੀ।

ਇਹ ਆਸਟ੍ਰੇਲੀਆ ਦੀ ਸਭ ਤੋਂ ਵੱਡੀ ਕੋਲੇ ਦੀ ਖਾਨ ਹੈ।

ਪਰ ਅਡਾਨੀ ਨੂੰ ਇਸਦਾ ਕੰਟਰੈਕਟ ਦੇਣ ਨੂੰ ਲੈ ਕੇ ਕਾਫੀ ਵਿਵਾਦ ਹੋਇਆ ਅਤੇ ਲੋਕ ਸੜਕਾਂ 'ਤੇ ਆ ਗਏ ਸਨ।

ਕੁਈਨਜ਼ਲੈਂਡ ਵਿੱਚ 45 ਦਿਨਾਂ ਤੱਕ ‘ਸਟਾਪ ਅਡਾਨੀ’ ਅੰਦੋਲਨ ਚੱਲਿਆ ਸੀ।

ਆਸਟ੍ਰੇਲੀਆ 'ਚ ਅਡਾਨੀ ਗਰੁੱਪ ਉੱਤੇ ਵਾਤਾਵਰਨ ਨਿਯਮਾਂ ਦੀ ਅਣਦੇਖੀ ਕਰਨ ਦੇ ਇਲਜ਼ਾਮ ਲੱਗੇ ਸਨ।

ਜੂਨ 2022 ਵਿੱਚ, ਸ਼੍ਰੀਲੰਕਾ ਦੇ ਸੀਲੋਨ ਇਲੈਕਟ੍ਰੀਸਿਟੀ ਬੋਰਡ (ਸੀਈਬੀ) ਦੇ ਚੇਅਰਮੈਨ ਨੇ ਸੰਸਦੀ ਕਮੇਟੀ ਦੇ ਸਾਹਮਣੇ ਇਹ ਬਿਆਨ ਦਿੱਤਾ ਸੀ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅਡਾਨੀ ਗਰੁੱਪ ਨੂੰ ਗੁਆਂਢੀ ਦੇਸ਼ ਵਿੱਚ ਬਿਜਲੀ ਪ੍ਰੋਜੈਕਟ ਦਿਵਾਉਣ ਲਈ ਰਾਸ਼ਟਰਪਤੀ ਗੋਟਾਬਾਯਾ ਰਾਜਪਕਸ਼ੇ 'ਤੇ 'ਦਬਾਅ' ਪਾਇਆ ਸੀ।

ਸੀਈਬੀ ਦੇ ਚੇਅਰਮੈਨ ਐੱਮਐੱਮਸੀ ਫ਼ਰਨਾਂਡੋ ਨੇ ਸ਼ੁੱਕਰਵਾਰ, ਯਾਨੀ 10 ਜੂਨ ਨੂੰ ਜਨਤਕ ਉੱਦਮਾਂ ਬਾਰੇ ਸੰਸਦ ਦੀ ਕਮੇਟੀ ਨੂੰ ਦੱਸਿਆ ਕਿ ਮੰਨਾਰ ਜ਼ਿਲ੍ਹੇ ਵਿੱਚ ਇੱਕ ਵਿੰਡ ਪਾਵਰ ਪਲਾਂਟ ਲਈ ਟੈਂਡਰ ਭਾਰਤ ਦੇ ਅਡਾਨੀ ਸਮੂਹ ਨੂੰ ਦਿੱਤਾ ਗਿਆ ਸੀ।

ਉਨ੍ਹਾਂ ਨੇ ਵੀ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਸ੍ਰੀਲੰਕਾ ਦੇ ਰਾਸ਼ਟਰਪਤੀ ਗੋਟਾਬਾਯਾ ਰਾਜਪਕਸ਼ੇ 'ਤੇ ਇਹ ਸੌਦਾ ਅਡਾਨੀ ਸਮੂਹ ਨੂੰ ਦੇਣ ਲਈ ਦਬਾਅ ਪਾਇਆ ਗਿਆ ਸੀ।

ਸਾਗਰ ਅਡਾਨੀ ਕੌਣ ਹਨ?

ਸਾਗਰ ਅਡਾਨੀ ਅਡਾਨੀ ਗ੍ਰੀਨ ਐਨਰਜੀ ਲਿਮਿਟੇਡ ਦੇ ਕਾਰਜਕਾਰੀ ਨਿਰਦੇਸ਼ਕ ਹਨ। ਉਹ ਗੌਤਮ ਅਡਾਨੀ ਦੇ ਭਰਾ ਰਾਜੇਸ਼ ਦੇ ਪੁੱਤ ਹਨ।

ਕੰਪਨੀ ਦੀ ਵੈੱਬਸਾਈਟ 'ਤੇ ਦਿੱਤੀ ਗਈ ਜਾਣਕਾਰੀ ਮੁਤਾਬਕ ਸਾਗਰ ਨੇ ਅਮਰੀਕਾ ਦੀ ਬ੍ਰਾਊਨ ਯੂਨੀਵਰਸਿਟੀ ਤੋਂ ਇਕਨਾਮਿਕਸ ਦੀ ਡਿਗਰੀ ਹਾਸਲ ਕੀਤੀ ਹੈ। ਸਾਗਰ 2015 ਤੋਂ ਅਡਾਨੀ ਗਰੁੱਪ ਨਾਲ ਜੁੜੇ ਹੋਏ ਹਨ।

ਅਡਾਨੀ ਗ੍ਰੀਨ ਐਨਰਜੀ ਦੇ ਸਾਰੇ ਸੋਲਰ ਅਤੇ ਵਿੰਡ ਪਾਵਰ ਪ੍ਰੋਜੈਕਟਾਂ ਦਾ ਸਿਹਰਾ ਸਾਗਰ ਨੂੰ ਜਾਂਦਾ ਹੈ।

ਉਹ ਕੰਪਨੀ ਦੇ ਰਣਨੀਤਕ ਅਤੇ ਵਿੱਤੀ ਮਾਮਲਿਆਂ ਨੂੰ ਸੰਭਾਲਦੇ ਹਨ ਅਤੇ ਵਿਦੇਸ਼ਾਂ ਵਿੱਚ ਸੰਗਠਨ ਸਥਾਪਤ ਕਰਦੇ ਹਨ।

ਕੰਪਨੀ ਦੀ ਸਾਲਾਨਾ ਰਿਪੋਰਟ (ਸਾਲ 2023-'24) ਦੇ ਮੁਤਾਬਕ, ਸਾਗਰ ਆਪਣੇ ਨਵਿਆਉਣਯੋਗ ਊਰਜਾ ਟੀਚਿਆਂ ਨੂੰ ਪ੍ਰਾਪਤ ਕਰਨ ਲਈ ਅਡਾਨੀ ਸਮੂਹ ਦੇ ਯਤਨਾਂ ਦੀ ਅਗਵਾਈ ਕਰਦੇ ਹਨ।

ਸਾਗਰ ਆਪਣੀ ਸ਼ੁਰੂਆਤ ਤੋਂ ਹੀ ਏਜੀਈਐੱਲ ਨਾਲ ਜੁੜੇ ਹੋਏ ਹਨ।

ਰਿਪੋਰਟ ਮੁਤਾਬਕ, ਸਾਗਰ ਕੋਲ ਵਪਾਰ, ਜੋਖਮ ਪ੍ਰਬੰਧਨ, ਵਿੱਤ, ਗਲੋਬਲ ਅਨੁਭਵ, ਤਕਨਾਲੋਜੀ ਖੋਜ, ਸਾਈਬਰ ਸੁਰੱਖਿਆ ਅਤੇ ਕਾਰਪੋਰੇਟ ਗਵਰਨੈਂਸ ਵਿੱਚ ਮੁਹਾਰਤ ਹੈ।

ਭਾਰਤੀ ਸੂਚੀਬੱਧ ਕੰਪਨੀਆਂ ਅਤੇ ਉਨ੍ਹਾਂ ਦੇ ਨਿਰਦੇਸ਼ਕਾਂ ਬਾਰੇ ਜਾਣਕਾਰੀ ਇਕੱਠੀ ਕਰਨ ਵਾਲੀ ਸੰਸਥਾ, ਟਰੈਂਡਲਾਈਨ ਦੇ ਅੰਕੜਿਆਂ ਦੇ ਮੁਤਾਬਕ, ਸਾਗਰ 2019 ਵਿੱਚ ਏਜੀਈਐੱਲ ਵਿੱਚ ਕਾਰਜਕਾਰੀ ਨਿਰਦੇਸ਼ਕ ਸਨ, ਜਦੋਂ ਉਨ੍ਹਾਂ ਨੂੰ 50 ਲੱਖ ਰੁਪਏ ਸਾਲਾਨਾ ਤਨਖ਼ਾਹ ਮਿਲਦੀ ਸੀ।

ਸਾਲ 2020 ਵਿੱਚ ਇਹ ਮਿਹਨਤਾਨਾ ਵਧ ਕੇ ਇੱਕ ਕਰੋੜ ਰੁਪਏ ਤੋਂ ਵੱਧ ਹੋ ਗਿਆ।

ਸਾਲ 2022 ਵਿੱਚ ਇਹ ਅੰਕੜਾ ਤਿੰਨ ਕਰੋੜ ਤੋਂ ਉਪਰ ਪਹੁੰਚ ਗਿਆ ਸੀ।

ਉਪਰੋਕਤ ਸਾਲਾਨਾ ਰਿਪੋਰਟ ਮੁਤਾਬਕ ਸਾਗਰ ਦੀ ਸਾਲਾਨਾ ਆਮਦਨ 4 ਕਰੋੜ ਰੁਪਏ ਹੈ। ਇਸ ਤੋਂ ਇਲਾਵਾ 40 ਲੱਖ ਰੁਪਏ ਭੱਤੇ ਵਜੋਂ ਮਿਲਦੇ ਹਨ।

ਸਾਗਰ ਦਾ ਕਾਰਜਕਾਰੀ ਨਿਰਦੇਸ਼ਕ ਵਜੋਂ ਪੰਜ ਸਾਲ ਦਾ ਕਾਰਜਕਾਲ ਅਕਤੂਬਰ 2023 'ਚ ਖ਼ਤਮ ਹੋਇਆ।

ਇਸ ਤੋਂ ਪਹਿਲਾਂ ਉਨ੍ਹਾਂ ਨੂੰ ਅਗਲੇ ਪੰਜ ਸਾਲਾਂ ਲਈ ਇਸ ਅਹੁਦੇ 'ਤੇ ਨਿਯੁਕਤ ਕੀਤਾ ਗਿਆ ਸੀ।

ਇਲਜ਼ਾਮ ਪੱਤਰ ਦੇ ਪੰਨਾ ਨੰਬਰ 34 ਮੁਤਾਬਕ 17 ਮਾਰਚ, 2023 ਨੂੰ, ਜਦੋਂ ਸਾਗਰ ਅਡਾਨੀ ਅਮਰੀਕਾ ਵਿੱਚ ਸਨ, ਐੱਫ਼ਬੀਆਈ (ਫੈਡਰਲ ਬਿਊਰੋ ਆਫ਼ ਇਨਵੈਸਟੀਗੇਸ਼ਨ) ਨੇ ਇੱਕ ਵਾਰੰਟ ਜਾਰੀ ਕੀਤਾ ਸੀ ਅਤੇ ਸਾਗਰ ਦੇ ਕਬਜ਼ੇ ਵਿੱਚੋਂ ਇਲੈਕਟ੍ਰਾਨਿਕ ਗੈਜੇਟ ਜ਼ਬਤ ਕਰ ਲਏ ਸਨ।

ਜਾਂਚ ਦੌਰਾਨ ਸਾਹਮਣੇ ਆਏ ਵੇਰਵਿਆਂ ਮੁਤਾਬਕ, ਸਾਗਰ ਨੂੰ ਇਹ ਜਾਣਕਾਰੀ ਮਿਲਦੀ ਸੀ ਕਿ ਕਿਸ ਅਧਿਕਾਰੀ ਨੂੰ ਕਿੰਨੀ ਰਿਸ਼ਵਤ ਦਿੱਤੀ ਜਾਣੀ ਹੈ, ਕੁੱਲ ਕਿੰਨੀ ਰਕਮ ਦੇਣੀ ਹੈ, ਹਰ ਸੂਬਾ (ਜਾਂ ਕੇਂਦਰ ਸ਼ਾਸਤ ਪ੍ਰਦੇਸ਼) ਕਿੰਨੀ ਰਿਸ਼ਵਤ ਬਦਲੇ ਕਿੰਨੀ ਬਿਜਲੀ ਖਰੀਦੇਗਾ।

ਸਰਕਾਰੀ ਅਧਿਕਾਰੀਆਂ ਦੇ ਨਾਮ ਨਾ ਜ਼ਾਹਰ ਕੀਤਿਆਂ ਸੰਖੇਪ ਵਿੱਚ ਇਹ ਜਾਣਕਾਰੀ ਵੀ ਸੀ ਕਿ ਕੁਝ ਮਾਮਲਿਆਂ ਵਿੱਚ ਪ੍ਰਤੀ ਮੈਗਾਵਾਟ ਰਿਸ਼ਵਤ ਤੈਅ ਕੀਤੀ ਗਈ ਸੀ।

ਸਾਗਰ 'ਤੇ ਨਿਵੇਸ਼ਕਾਂ ਨੂੰ ਗੁੰਮਰਾਹ ਕਰਨ, ਤੱਥਾਂ ਨੂੰ ਛੁਪਾਉਣ ਅਤੇ ਨਿਵੇਸ਼ਕਾਂ ਦੇ ਹਿੱਤਾਂ 'ਤੇ ਮਾੜਾ ਅਸਰ ਪਾਉਣ ਦੇ ਇਲਜ਼ਾਮ ਹਨ।

ਇਸ ਤੋਂ ਇਲਾਵਾ, ਸਾਗਰ ਅਡਾਨੀ ਵੈਂਚਰਸ, ਅਡਾਨੀ ਰੀਨਿਊਏਬਲ ਪਾਵਰ, ਅਡਾਨੀ ਟ੍ਰੇਡ ਅਤੇ ਲੌਜਿਸਟਿਕਸ ਵਰਗੀਆਂ ਭਾਈਵਾਲੀ ਕੰਪਨੀਆਂ ਵਿੱਚ ਖ਼ਾਸ ਜ਼ਿੰਮੇਵਾਰ ਨਿਭਾਉਂਦੇ ਹਨ।

ਹਿੰਡਨਬਰਗ ਦੀ ਰਿਪੋਰਟ ਨੇ ਅਡਾਨੀ ਨੂੰ ਕਿਵੇਂ ਨੁਕਸਾਨ ਪਹੁੰਚਾਇਆ?

ਜਦੋਂ ਅਡਾਨੀ ਐਂਟਰਪ੍ਰਾਈਜ਼ਿਜ਼ ਐੱਫ਼ਪੀਓ ਲਿਆਉਣ ਦੀ ਤਿਆਰੀ ਕਰ ਰਿਹਾ ਸੀ, ਤਾਂ ਸ਼ੇਅਰ ਬਾਜ਼ਾਰ ਵਿੱਚ ਅਡਾਨੀ ਸਮੂਹ ਦੇ ਸ਼ੇਅਰਾਂ ਵਿੱਚ ਵੱਡਾ ਉਛਾਲ ਸੀ ਇਸੇ ਤੇਜ਼ੀ ਦੇ ਚਲਦਿਆਂ ਗੌਤਮ ਅਡਾਨੀ ਪਹਿਲਾਂ ਭਾਰਤ ਤੇ ਫ਼ਿਰ ਏਸ਼ੀਆ ਦੇ ਸਭ ਤੋਂ ਅਮੀਰ ਸ਼ਖ਼ਸ ਬਣ ਗਏ ਸਨ।

ਸਾਲ 2022 ਤੱਕ, ਉਨ੍ਹਾਂ ਨੇ ਦੁਨੀਆ ਦੇ ਚੋਟੀ ਦੇ ਤਿੰਨ ਸਭ ਤੋਂ ਅਮੀਰ ਲੋਕਾਂ ਵਿੱਚ ਆਪਣੀ ਜਗ੍ਹਾ ਬਣਾ ਲਈ ਸੀ।

ਫਿਰ 24 ਜਨਵਰੀ, 2023 ਨੂੰ, ਨਿਊਯਾਰਕ ਦੀ ਇੱਕ ਛੋਟੀ ਜਿਹੀ ਨਿਵੇਸ਼ ਫ਼ਰਮ, ਹਿੰਡਨਬਰਗ ਰਿਸਰਚ ਨੇ ਇੱਕ ਰਿਪੋਰਟ ਪ੍ਰਕਾਸ਼ਿਤ ਕੀਤੀ।

ਇਸ ਰਿਪੋਰਟ 'ਚ ਅਡਾਨੀ ਗਰੁੱਪ 'ਤੇ ਕੰਪਨੀਆਂ ਦੇ ਸ਼ੇਅਰਾਂ 'ਚ ਨਕਲੀ ਵਾਧਾ ਅਤੇ ਹੋਰ ਵਿੱਤੀ ਬੇਨਿਯਮੀਆਂ ਦੇ ਗੰਭੀਰ ਇਲਜ਼ਾਮ ਲਗਾਏ ਗਏ ਸਨ।

ਇਸ 'ਸ਼ਾਰਟ ਸੇਲਰ' ਨੇ ਆਪਣੀ ਰਿਪੋਰਟ 'ਚ ਦਾਅਵਾ ਕੀਤਾ ਹੈ ਕਿ ਅਜਿਹਾ ਇਸ ਲਈ ਕੀਤਾ ਗਿਆ ਤਾਂ ਕਿ ਅਡਾਨੀ ਗਰੁੱਪ ਦੀਆਂ ਸੂਚੀਬੱਧ ਕੰਪਨੀਆਂ ਦੀ ਮਾਰਕੀਟ ਪੂੰਜੀ 'ਚ ‘ਭਾਰੀ ਵਾਧਾ’ ਕੀਤਾ ਜਾ ਸਕੇ।

ਅਡਾਨੀ ਨੇ ਕੁਝ ਦਿਨਾਂ ਬਾਅਦ 413 ਪੰਨਿਆਂ ਦਾ ਇੱਕ ਖੰਡਨ ਦਸਤਾਵੇਜ਼ ਜਾਰੀ ਕੀਤਾ, ਜਿਸ ਵਿੱਚ ਹਿੰਡਨਬਰਗ ਰਿਪੋਰਟ ਨੂੰ 'ਪੂਰੀ ਤਰ੍ਹਾਂ ਝੂਠ' ਅਤੇ 'ਭਾਰਤ 'ਤੇ ਗਿਣਿਆ ਗਿਆ ਹਮਲਾ' ਦੱਸਿਆ ਗਿਆ।

ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTER, WhatsApp ਅਤੇ YouTube 'ਤੇ ਜੁੜੋ।)