ਪੰਜਾਬ ਦੇ ਹੁਸ਼ਿਆਰਪੁਰ ਵਿੱਚ 5 ਸਾਲਾ ਬੱਚੇ ਦੇ ਕਥਿਤ ਕਤਲ ਮਗਰੋਂ ਪਿੰਡਾਂ 'ਚ ਪਰਵਾਸੀਆਂ ਖਿਲਾਫ਼ ਮਤੇ ਕਿਉਂ ਪੜ੍ਹੇ ਜਾਣ ਲੱਗੇ

ਪਰਵਾਸੀ ਮਜ਼ਦੂਰ ਦਹਾਕਿਆਂ ਤੋਂ ਪੰਜਾਬ ਦੇ ਖੇਤੀ ਅਤੇ ਸਨਅਤੀ ਜਗਤ ਦਾ ਅਹਿਮ ਹਿੱਸਾ ਰਹੇ ਹਨ। ਪਰ ਬੀਤੇ ਕੁਝ ਮਹੀਨਿਆਂ ਦੌਰਾਨ ਕੁਝ ਅਜਿਹੀਆਂ ਅਣਸੁਖਾਵੀਆਂ ਘਟਨਾਵਾਂ ਹੋਈਆਂ ਕਿ ਪਰਵਾਸੀ ਮਜ਼ਦੂਰਾਂ ਨੂੰ ਲੈ ਕੇ ਪੰਜਾਬ ਦੇ ਕਈ ਪਿੰਡਾਂ ਵਿੱਚ ਮਾਹੌਲ ਤਣਾਅਪੂਰਨ ਬਣ ਗਿਆ।

ਤਾਜ਼ਾ ਘਟਨਾ 9 ਸਤੰਬਰ ਦੀ ਹੈ ਜਦੋਂ ਹੁਸ਼ਿਆਰਪੁਰ ਵਿੱਚ ਇੱਕ 5 ਸਾਲਾ ਬੱਚੇ ਦੇ ਕਥਿਤ ਕਤਲ ਦੇ ਮਾਮਲੇ ਵਿੱਚ ਇੱਕ ਪਰਵਾਸੀ ਮਜ਼ਦੂਰ ਦੀ ਗ੍ਰਿਫ਼ਤਾਰੀ ਹੋਈ।

ਇਸ ਘਟਨਾ ਤੋਂ ਬਾਅਦ ਹੁਸ਼ਿਆਰਪੁਰ ਹੀ ਨਹੀਂ ਹੋਰ ਜ਼ਿਲ੍ਹਿਆਂ ਵਿੱਚ ਵੀ ਵੱਡੀ ਗਿਣਤੀ ਲੋਕਾਂ ਨੇ ਪਰਵਾਸੀ ਮਜ਼ਦੂਰਾਂ ਉੱਤੇ ਭਰੋਸਾ ਕਰਨ ਸਬੰਧੀ ਸਵਾਲ ਖੜੇ ਕੀਤੇ। ਕਈ ਪਿੰਡਾਂ ਦੀਆਂ ਪੰਚਾਇਤਾਂ ਨੇ ਉਨ੍ਹਾਂ ਖ਼ਿਲਾਫ਼ ਮਤੇ ਪਾਏ।

ਇਨ੍ਹਾਂ ਮਤਿਆਂ ਵਿੱਚ ਪਰਵਾਸੀ ਮਜ਼ਦੂਰਾਂ ਨੂੰ ਪਿੰਡਾਂ ਦੇ ਅੰਦਰ ਰਿਹਾਇਸ਼ ਨਾ ਦੇਣ ਦੇ ਨਾਲ-ਨਾਲ ਉਨ੍ਹਾਂ ਦੇ ਸਥਾਨਕ ਅਧਾਰ ਕਾਰਡ ਅਤੇ ਵੋਟਰ ਆਈਡੀ ਕਾਰਡ ਨਾ ਬਣਵਾਉਣ ਦੇਣ ਵਰਗੇ ਮੁੱਦੇ ਸ਼ਾਮਲ ਸਨ।

ਇਸ ਰਿਪੋਰਟ ਵਿੱਚ ਜਾਣੋ ਪੰਜਾਬ ਦੀ ਆਰਥਿਕਤਾ ਵਿੱਚ ਯੂਪੀ, ਬਿਹਾਰ ਅਤੇ ਹੋਰ ਸੂਬਿਆਂ ਤੋਂ ਰੋਜ਼ੀ ਰੋਟੀ ਲਈ ਆਉਣ ਵਾਲੇ ਪਰਵਾਸੀ ਮਜ਼ਦੂਰਾਂ ਉੱਤੇ ਸੂਬੇ ਦੀ ਆਰਥਿਕਤਾ ਕਿਵੇਂ ਨਿਰਭਰ ਹੈ ਅਤੇ ਉਨ੍ਹਾਂ ਬਗ਼ੈਰ ਸਾਡੇ ਸਮਾਜਿਕ ਅਰਥਚਾਰੇ ਅਤੇ ਰੋਜ਼ਮਰਾ ਦੀ ਜ਼ਿੰਦਗੀ ਉੱਤੇ ਕੀ ਅਸਰ ਪਵੇਗਾ।

ਬੱਚੇ ਦੇ ਕਥਿਤ ਕਤਲ ਦੀ ਘਟਨਾ

ਬੀਬੀਸੀ ਸਹਿਯੋਗੀ ਪ੍ਰਦੀਪ ਕੁਮਾਰ ਮੁਤਾਬਕ ਜਲੰਧਰ ਰੇਂਜ ਦੇ ਡੀਆਈਜੀ ਨਵੀਨ ਸਿੰਗਲਾ ਨੇ ਇਸ ਘਟਨਾਕ੍ਰਮ ਬਾਰੇ ਦੱਸਿਆ ਕਿ ਉਨ੍ਹਾਂ ਕੋਲ ਇੱਕ ਬੱਚੇ ਦੇ ਗੁੰਮ ਹੋ ਜਾਣ ਦਾ ਜਾਣ ਕਾਰੀ ਆਈ ਸੀ। ਇੱਕ 5 ਸਾਲ ਦਾ ਬੱਚਾ ਹੁਸ਼ਿਆਰਪੁਰ ਦੇ ਨਿਊ ਦੀਪ ਨਗਰ ਇਲਾਕੇ ਤੋਂ ਗੁੰਮ ਸੀ।

“ਅਸੀਂ ਫ਼ੌਰਨ ਆਪਣੀ ਪੁਲਿਸ ਅਤੇ ਸੀਆਈਏ ਦੀ ਟੀਮ ਨੂੰ ਭਾਲ 'ਤੇ ਲਾਇਆ। ਸੀਸੀਟੀਵੀ ਫ਼ੁਟੇਜ਼ ਤੋਂ ਸਾਨੂੰ ਕੁਝ ਜਾਣਕਾਰੀ ਮਿਲੀ ਅਤੇ ਅਸੀਂ ਇੱਕ ਸ਼ੱਕੀ ਵਿਅਕਤੀ ਦੀ ਨਿਸ਼ਾਨਦੇਹੀ ਕਰ ਸਕੇ।”

ਖੋਜਬੀਨ ਤੋਂ ਬਾਅਦ ਬੱਚੇ ਦੀ ਮ੍ਰਿਤਕ ਦੇਹ ਹੁਸ਼ਿਆਰਪੁਰ ਦੀ ਸਬਜ਼ੀ ਮੰਡੀ ਤੋਂ ਬਰਾਮਦ ਕੀਤੀ ਗਈ ਹੈ।

ਪੁਲਿਸ ਦੀ ਐੱਫਆਈਆਰ ਮੁਤਾਬਕ ਸ਼ੱਕੀ ਵਿਅਕਤੀ ਉੱਤਰ ਪ੍ਰਦੇਸ਼ ਦੇ ਗੋਂਡਾ ਦਾ ਮੂਲ ਨਿਵਾਸੀ ਹੈ ਤੇ ਫਿਲਹਾਲ ਉਹ ਨਿਆਂਇਕ ਹਿਰਾਸਤ ਵਿੱਚ ਹੈ।

ਐੱਸਐੱਸਪੀ ਹੁਸ਼ਿਆਰਪੁਰ ਸੰਦੀਪ ਕੁਮਾਰ ਮਲਿਕ ਨੇ ਦੱਸਿਆ ਕਿ ਗ੍ਰਿਫ਼ਤਾਰ ਕੀਤੇ ਗਏ ਵਿਅਕਤੀ ਤੋਂ ਪੁੱਛਗਿਛ ਜਾਰੀ ਹੈ ਤਾਂ ਜੋ ਪਤਾ ਲਾਇਆ ਸਕੇ ਕਿ ਬੱਚੇ ਨੂੰ ਅਗਵਾ ਕਰਨ ਪਿੱਛੇ ਮਕਸਦ ਕੀ ਸੀ।

ਬੱਚੇ ਦੇ ਪਰਿਵਾਰ ਨੇ ਕੀ ਦੱਸਿਆ

ਬੱਚੇ ਦੇ ਪਿਤਾ ਅਮਨਦੀਪ ਸਿੰਘ ਨੇ ਦੱਸਿਆ ਕਿ ਉਹ ਪਰਿਵਾਰ ਨਾਲ ਭਾਮੋਕੀ ਪਿੰਡ ਵਿੱਚ ਰਹਿੰਦੇ ਹਨ ਅਤੇ ਹੁਸ਼ਿਆਰਪੁਰ ਰੋਜ਼ੀ-ਰੋਟੀ ਦੇ ਸਿਲਸਿਲੇ ਵਿੱਚ ਗਏ ਸੀ।

"ਅਸੀਂ ਤਾਂ ਉੱਥੇ ਕਮਾਈ ਲਈ ਗਏ ਸੀ ਪਰ ਵਾਪਸ ਆਪਣਾ ਸਾਰਾ ਕੁਝ ਗੁਆ ਕੇ ਆਏ ਹਾਂ।"

“ਉਸ ਦਿਨ ਤਕਰੀਬਨ ਸਾਢੇ ਪੰਜ ਵਜੇ ਮੇਰੀ ਪਤਨੀ ਨੇ ਫ਼ੋਨ ਕੀਤਾ ਕਿ ਹਰਵੀਰ ਨਹੀਂ ਲੱਭ ਰਿਹਾ। ਮੈਂ ਕੰਮ ਤੋਂ ਵਾਪਸ ਆਕੇ ਭਾਲ ਸ਼ੁਰੂ ਕੀਤੀ। ਕਿਸੇ ਮਜ਼ਦੂਰ ਨੇ ਦੱਸਿਆ ਕਿ ਕੋਈ ਵਿਅਕਤੀ ਸਕੂਟਰੀ ਉੱਤੇ ਉਸ ਨੂੰ ਲੈਕੇ ਗਿਆ ਹੈ।”

“ਫ਼ਿਰ ਅਸੀਂ ਪੁਲਿਸ ਕੋਲ ਰਿਪੋਰਟ ਕੀਤਾ ਅਤੇ ਰਾਤ ਕਰੀਬ ਸਾਢੇ 9 ਵਜੇ ਪੁਲਿਸ ਨੇ ਦੱਸਿਆ ਕਿ ਬੱਚਾ ਮ੍ਰਿਤ ਹਾਲਤ ਵਿੱਚ ਮਿਲਿਆ ਹੈ।

ਹਰਵੀਰ ਦੀ ਮਾਂ ਕੁਲਵਿੰਦਰ ਕੌਰ ਨੇ ਦੱਸਿਆ ਕਿ ਉਹ ਆਪਣੀ ਭੈਣ ਨਾਲ ਗੁਰਦੁਆਰੇ ਗਿਆ ਸੀ। ਪਰ ਵਾਪਸ ਨਹੀਂ ਆਇਆ।

ਪਰਵਾਸੀ ਮਜ਼ਦੂਰਾਂ ਖ਼ਿਲਾਫ਼ ਕਈ ਪਿੰਡਾਂ ਨੇ ਮਤੇ ਪਾਏ

ਇਸ ਘਟਨਾ ਤੋਂ ਬਾਅਦ ਕਈ ਪਿੰਡਾਂ ਵਿੱਚ ਪਰਵਾਸੀ ਮਜ਼ਦੂਰਾਂ ਦੇ ਵਿਰੁੱਧ ਮਤੇ ਪਾਏ ਗਏ ਸਨ।

ਹੁਸ਼ਿਆਰਪੁਰ ਦੇ ਪਿੰਡ ਬਜੌੜਾ ਕਲਾਂ ਸਰਪੰਚ ਰਾਜੇਸ਼ ਕੁਮਾਰ ਨੇ ਕਿਹਾ, "9 ਸਤੰਬਰ ਦੀ ਘਟਨਾ ਤੋਂ ਬਾਅਦ ਸਾਡੀ ਪੰਚਾਇਤ ਨੇ ਮਤਾ ਪਾਸ ਕੀਤਾ ਕਿ ਜਿਸ ਤਹਿਤ ਵਿਅਕਤੀ ਕੋਲ ਸਾਡੇ ਪਿੰਡ ਬਜੌੜਾ ਕਲਾਂ, ਹੁਸ਼ਿਆਰਪੁਰ ਦੇ ਵਾਸੀ ਹੋਣ ਦੀ ਕਾਨੂੰਨੀ ਸ਼ਨਾਖ਼ਤ ਨਹੀਂ ਹੈ ਉਸ ਨੂੰ ਵਾਪਸ ਪਰਤਣ ਲਈ ਕਿਹਾ ਗਿਆ ਹੈ।"

ਉਨ੍ਹਾਂ ਕਿਹਾ, "ਸਾਡੇ ਪਿੰਡ ਵਿੱਚ ਕਈ ਅਜਿਹੇ ਵੀ ਪਰਵਾਸੀ ਹਨ ਜੋ ਇੱਥੇ ਕਈ ਸਾਲਾਂ ਤੋਂ ਰਹਿ ਰਹੇ ਹਨ ਅਤੇ ਉਨ੍ਹਾਂ ਕੋਲ ਯੋਗ ਅਧਾਰ ਕਾਰਡ ਜਾਂ ਹੋਰ ਸ਼ਨਾਖ਼ਤੀ ਕਾਰਡ ਹਨ ਉਨ੍ਹਾਂ ਦੇ ਇੱਥੇ ਰਹਿਣ ਉੱਤੇ ਸਾਨੂੰ ਕੋਈ ਇਤਰਾਜ਼ ਨਹੀਂ ਹੈ।"

ਬਜੌੜਾ ਕਲਾਂ ਦੀ ਪੰਚ ਸੰਤੋਸ਼ ਕੁਮਾਰੀ ਨੇ ਕਿਹਾ ਕਿ ਇਹ ਮਤਾ 10 ਸਤੰਬਰ ਨੂੰ ਪਾਇਆ ਗਿਆ ਸੀ ਅਤੇ ਆਮ ਲੋਕਾਂ ਵੱਲੋਂ ਇਜਲਾਸ ਸੱਦਣ ਤੋਂ ਬਾਅਦ ਲਿਖਤੀ ਮਤਾ ਪਾਇਆ ਗਿਆ।

ਬੀਬੀਸੀ ਸਹਿਯੋਗੀ ਰਾਜੇਸ਼ ਕੁਮਾਰ ਨੇ ਦੱਸਿਆ ਕਿ ਬਠਿੰਡਾ ਜ਼ਿਲ੍ਹੇ ਦੇ ਪਿੰਡ ਗਹਿਰੀ ਦੇਵੀ ਨਗਰ (ਗਹਿਰੀ ਬਾਗੀ) ਦੇ ਗੁਰਦੁਆਰਾ ਸਾਹਿਬ ਤੋਂ ਪਿੰਡ ਵਾਸੀਆਂ ਨੂੰ ਇਕੱਠੇ ਹੋਣ ਲਈ ਅਨਾਉਂਸਮੈਂਟ ਕੀਤੀ ਗਈ।

ਪਿੰਡ ਦੇ ਸਰਪੰਚ ਬਲਜੀਤ ਸਿੰਘ ਸਿੱਧੂ ਨੇ ਦੱਸਿਆ ਕਿ ਮੀਟਿੰਗ ਵਿੱਚ ਪੰਚਾਇਤ ਨੇ ਲਿਖਤੀ ਮਤਾ ਪਾਇਆ ਹੈ ਜਿਸ ਮੁਤਾਬਕ ਕਿਸੇ ਵੀ ਪਰਵਾਸੀ ਮਜ਼ਦੂਰ ਨੂੰ ਪਿੰਡ ਵਿੱਚ ਮਕਾਨ ਜਾਂ ਜ਼ਮੀਨ ਲੈਣ ਦੀ ਇਜ਼ਾਜਤ ਨਹੀਂ ਹੋਵੇਗੀ। ਉਹ ਇੱਥੇ ਵੋਟ ਨਹੀਂ ਬਣਵਾ ਸਕਣਗੇ।

"ਜੋ ਵੀ ਪਰਵਾਸੀ ਮਜ਼ਦੂਰ ਪਿੰਡ ਵਿੱਚ ਕੰਮ ਲਈ ਆਉਂਦਾ ਹੈ ਉਹ ਪਿੰਡ ਤੋਂ ਬਾਹਰ ਬਣੀ ਮੋਟਰ ਜਾਂ ਹੋਰ ਥਾਂ ਉੱਤੇ ਹੀ ਰਹਿ ਸਕੇਗਾ।"

"ਜੋ ਵੀ ਪਰਵਾਸੀ ਮਜ਼ਦੂਰ ਪਿੰਡ ਵਿੱਚ ਲੰਬੇ ਸਮੇਂ ਲਈ ਕੰਮ ਵਾਸਤੇ ਆਵੇਗਾ ਉਸ ਨੂੰ ਪੁਲਿਸ ਵੇਰੀਫ਼ੀਕੇਸ਼ਨ ਕਰਵਾਉਣੀ ਪਵੇਗੀ।"

ਇਸ ਤਰ੍ਹਾਂ ਦੇ ਮਤੇ ਹੋਰ ਪਿੰਡਾਂ ਵਿੱਚ ਪਾਏ ਗਏ ਸਨ ਜਿਨ੍ਹਾਂ ਵਿੱਚ ਮੁੱਖ ਮੰਗ ਸ਼ਨਾਖ਼ਤ ਤੋਂ ਬਿਨ੍ਹਾਂ ਪਿੰਡ ਵਿੱਚ ਰਹਿਣ ਦੀ ਇਜ਼ਾਜਤ ਨਾ ਦੇਣ ਦੀ ਹੈ।

ਪਰਵਾਸੀਆਂ ਨੂੰ ਲੈ ਕੇ ਕੁਝ ਪੰਜਾਬੀਆਂ ਨੂੰ ਕੀ ਖ਼ਦਸ਼ੇ

ਪਰਵਾਸੀ ਪੰਜਾਬ ਦੀ ਖੇਤੀ ਅਤੇ ਇੰਡਸਟਰੀ ਵਿੱਚ ਅਹਿਮ ਯੋਗਦਾਨ ਪਾਉਂਦੇ ਹਨ। ਸਾਲਾਂ ਤੋਂ ਪੰਜਾਬ ਵਿੱਚ ਰਹਿ ਰਹੇ ਵੱਡੀ ਗਿਣਤੀ ਪਰਵਾਸੀ ਹੁਣ ਪੰਜਾਬ ਦੇ ਸਥਾਈ ਵਾਸੀ ਬਣ ਚੁੱਕੇ ਹਨ। ਪਰ ਹਾਲ ਦੇ ਮਹੀਨਿਆਂ ਦੀਆਂ ਕੁਝ ਘਟਨਾਵਾਂ ਨੇ ਕੁਝ ਤਬਕਿਆਂ ਵਿੱਚ ਡਰ ਦਾ ਮਾਹੌਲ ਵੀ ਪੈਦਾ ਕੀਤਾ ਹੈ।

ਬੀਬੀਸੀ ਸਹਿਯੋਗੀ ਗੁਰਮਿੰਦਰ ਸਿੰਘ ਨੇ ਦੱਸਿਆ ਹੁਸ਼ਿਆਰਪੁਰ ਦੀ ਘਟਨਾ ਦੇ ਰੋਸ ਵੱਜੋਂ ਕੁਝ ਨੌਜਵਾਨਾਂ ਨੇ ਮੋਹਾਲੀ ਦੇ ਕੁਰਾਲੀ ਵਿੱਚ ਪਰਵਾਸੀਆਂ ਖ਼ਿਲਾਫ਼ ਮੁਜ਼ਾਹਰਾ ਕੀਤਾ।

ਇਸ ਮੁਜ਼ਾਹਰੇ ਵਿੱਚ ਹਿੱਸਾ ਲੈਣ ਪਹੁੰਚੇ ਵਿੱਚ ਹਿੱਸਾ ਲੈਣ ਪਹੁੰਚੇ ਪ੍ਰਦੀਪ ਸਿੰਘ ਨੇ ਕਿਹਾ ਕਿ ਪਰਵਾਸੀਆਂ ਨੂੰ ਲੈ ਕੇ ਉਨ੍ਹਾਂ ਦੀ ਮੰਗ ਹੈ ਕਿ ਉਹ ਇੱਥੇ ਆ ਕੇ ਕੰਮ ਕਰਨ ਪਰ ਜਮੀਨਾਂ ਨਾ ਖਰੀਦਣ ਅਤੇ ਉਨ੍ਹਾਂ ਨੂੰ ਵੋਟ ਦਾ ਅਧਿਕਾਰ ਨਾ ਦਿੱਤਾ ਜਾਵੇ।

ਉਨ੍ਹਾਂ ਕਿਹਾ, "ਸਾਨੂੰ ਕਾਮਿਆਂ ਦੀ ਲੋੜ ਹੈ ਪਰ ਇਸ ਦੀ ਕੋਈ ਪ੍ਰਕਿਰਿਆ ਹੋਣੀ ਚਾਹੀਦੀ ਹੈ। ਉਨ੍ਹਾਂ ਦੀ ਸ਼ਨਾਖ਼ਤ ਦੀ ਕੋਈ ਤਸਦੀਕ ਹੋਣੀ ਚਾਹੀਦੀ ਹੈ।"

ਪ੍ਰਦੀਪ ਸਿੰਘ ਕਹਿੰਦੇ ਹਨ ਕਿ ਸਥਾਈ ਤੌਰ ਉੱਤੇ ਪੰਜਾਬ ਦੇ ਵਾਸੀ ਹੋ ਚੁੱਕੇ ਵੱਡੀ ਗਿਣਤੀ ਪਰਵਾਸੀ ਮਜ਼ਦੂਰਾਂ ਦੀਆਂ ਵੋਟਾਂ ਵੀ ਇੱਥੇ ਹੀ ਹਨ।

"ਸਾਨੂੰ ਡਰ ਹੈ ਕਿ ਉਹ ਪੰਜਾਬ ਦੇ ਸੱਭਿਆਚਾਰ, ਸਮਾਜ ਅਤੇ ਸਿਆਸਤ ਹਰ ਪੱਖ ਨੂੰ ਆਪਣੇ ਤਰੀਕੇ ਨਾਲ ਪ੍ਰਭਾਵਿਤ ਕਰ ਰਹੇ ਸਨ।"

ਪ੍ਰਦੀਪ ਸਿੰਘ ਨੇ ਕਿਹਾ ਕਿ ਵੋਟ ਬੈਂਕ ਦੀ ਸਿਆਸਤ ਤੋਂ ਪਹਿਲਾਂ ਆਮ ਲੋਕਾਂ ਦੇ ਹਿੱਤਾਂ ਦੀ ਗੱਲ ਕਰਨੀ ਚਾਹੀਦੀ ਹੈ।

ਮਾਹਰ ਇਸ ਬਾਰੇ ਕੀ ਦੱਸਦੇ ਹਨ

ਰਾਜਨੀਤੀ ਸ਼ਾਸਤਰ ਦੇ ਪ੍ਰੋਫ਼ੈਸਰ ਭੁਪਿੰਦਰ ਸਿੰਘ ਬਰਾੜ ਨੇ ਬੀਬੀਸੀ ਸਹਿਯੋਗੀ ਨਵਜੋਤ ਕੌਰ ਨਾਲ ਗੱਲਬਾਤ ਵਿੱਚ ਕਿਹਾ, "ਪਰਵਾਸੀ ਮਜ਼ਦੂਰਾਂ ਪ੍ਰਤੀ ਵਿਰੋਧੀ ਭਾਵਨਾ ਪੰਜਾਬ ਵਿੱਚ ਅੱਜ ਦੀ ਨਹੀਂ ਹੈ ਬਲਕਿ ਇਹ ਪਿਛਲੇ ਕੁਝ ਦਹਾਕਿਆਂ ਵਿੱਚ ਹੌਲੀ-ਹੌਲੀ ਵਧੀ ਹੈ।"

"ਵਿਰੋਧ ਦਾ ਪ੍ਰਗਟਾਵਾ ਚਾਹੇ ਸਮਾਜਿਕ ਜਾਂ ਸਿਆਸੀ ਤੌਰ ਉੱਤੇ ਹੋ ਰਿਹਾ ਹੈ ਪਰ ਅਸਲ ਮੁਖ਼ਾਲਫ਼ਤ ਦਾ ਕਾਰਨ ਆਰਥਿਕ ਹੈ।"

"ਪਰਵਾਸੀ ਮਜ਼ਦੂਰਾਂ ਦੀ ਪੰਜਾਬ ਵਿੱਚ ਆਮਦ ਵੀ ਹਰੀ ਕ੍ਰਾਂਤੀ ਦੇ ਦੌਰ ਵਿੱਚ ਹੋਈ। ਹਰੀ ਕ੍ਰਾਂਤੀ ਵਿੱਚ ਵਿੱਚ ਆਰਥਿਕ ਖ਼ੁਸ਼ਹਾਲੀ ਲੈ ਕੇ ਆਈ, ਮਜ਼ਦੂਰਾਂ ਦੀ ਕਮੀ ਅਤੇ ਪੰਜਾਬ ਦੇ ਕਿਸਾਨਾਂ ਨੇ ਹੋਰ ਸੂਬਿਆਂ ਤੋਂ ਆਉਣ ਵਾਲੇ ਖੇਤ ਮਜ਼ਦੂਰਾਂ ਦਾ ਖ਼ੁੱਲ੍ਹ ਕੇ ਸਵਾਗਤ ਕੀਤਾ।"

ਬਰਾੜ ਨੇ ਕਿਹਾ, "ਮੌਜੂਦਾ ਸਥਿਤੀ ਕੁਝ ਬਦਲ ਗਈ ਹੈ। ਹੁਣ ਪਰਵਾਸੀ ਮਜ਼ਦੂਰਾਂ ਨੂੰ ਇੱਥੇ ਰੱਖਣ ਦੇ ਆਰਥਿਕ ਕਾਰਨ ਓਨੇਂ ਨਹੀਂ ਰਹੇ ਹਨ। ਅਤੇ ਉਨ੍ਹਾਂ ਦੀ ਵੱਧਦੀ ਗਿਣਤੀ ਸਾਨੂੰ ਚੁਭਦੀ ਹੈ।"

ਉਨ੍ਹਾਂ ਕਿਹਾ ਕਿ ਇਹ ਵਰਤਾਰਾ ਹਰ ਥਾਂ ਵਾਪਰਦਾ ਹੈ। ਉਨ੍ਹਾਂ ਕੈਨੇਡਾ, ਅਮਰੀਕਾ ਵਰਗੇ ਮੁਲਕਾਂ ਵਿੱਚ ਪਰਵਾਸ ਕਰਕੇ ਗਏ ਪੰਜਾਬੀਆਂ ਦਾ ਹਵਾਲਾ ਦਿੱਤਾ।

"ਜਦੋਂ ਯੂਰਪੀਅਨ ਮੁਲਕਾਂ ਨੂੰ ਸਸਤੀ ਲੇਬਰ ਦੀ ਲੋੜ ਸੀ ਤਾਂ ਉਨ੍ਹਾਂ ਨੂੰ ਪੰਜਾਬੀ ਚੰਗੇ ਲੱਗਦੇ ਸੀ। ਉਨ੍ਹਾਂ ਨੂੰ ਸਹੂਲਤਾ ਦਿੱਤੀਆਂ ਗਈਆਂ ਪਰ ਹੁਣ ਆਰਥਿਕ ਕਾਰਨਾਂ ਕਰਕੇ ਹੀ ਇਹ ਮੁਲਕ ਪਰਵਾਸ ਪ੍ਰਤੀ ਸਖ਼ਤ ਰੁਖ਼ ਅਪਣਾ ਰਹੇ ਹਨ।"

ਇਹ ਪੁੱਛੇ ਜਾਣ ਉੱਤੇ ਕਿ ਪੰਜਾਬ ਵਰਗੇ ਸੂਬੇ ਨੂੰ ਪਰਵਾਸੀ ਮਜ਼ਦੂਰਾਂ ਦੀ ਕਿੰਨੀ ਲੋੜ ਹੈ।

ਪ੍ਰੋਫ਼ੈਸਰ ਬਰਾੜ ਨੇ ਕਿਹਾ,"ਹਾਲਾਤ ਤਾਂ ਇਹ ਹਨ ਕਿ ਜੇ ਪਰਵਾਸੀ ਮਜ਼ਦੂਰ ਨਾ ਹੋਣ ਤਾਂ ਸਾਡੀ ਆਰਥਿਕਤਾ ਠੱਪ ਹੋ ਜਾਵੇਗੀ।"

"ਹੁਣ ਸਥਿਤੀ ਇਹ ਹੈ ਕਿ ਪਰਵਾਸੀ ਮਜ਼ਦੂਰਾਂ ਦੀ ਲੋੜ ਪੰਜਾਬ ਦੇ ਪੇਂਡੂ ਖੇਤਰ ਨਾਲੋਂ ਜ਼ਿਆਦਾ ਸ਼ਹਿਰੀ ਖੇਤਰ ਵਿੱਚ। ਸਬਜ਼ੀਆਂ ਵੇਚਣ ਤੋਂ ਲੈ ਕੇ ਪਲੰਬਰ, ਮਿਸਤਰੀ, ਬਿਲਜੀ ਮਕੈਨਿਕ ਸਭ ਖੇਤਰ ਪਰਵਾਸੀ ਮਜ਼ਦੂਰਾਂ ਉੱਤੇ ਨਿਰਭਰ ਹਨ।"

ਉਨ੍ਹਾਂ ਕਿਹਾ ਕਿ ਪੰਜਾਬ ਦਾ ਅਰਥਚਾਰਾ ਪਰਵਾਸੀ ਮਜ਼ਦੂਰਾਂ ਉੱਤੇ ਇੰਨਾ ਨਿਰਭਰ ਹੈ ਕਿ ਹੁਣ ਉਹ ਇਨ੍ਹਾਂ ਤੋਂ ਬਿਨ੍ਹਾਂ ਚੱਲ ਨਹੀਂ ਸਕੇਗਾ।

ਪੰਜਾਬ ਵਿੱਚ ਪਰਵਾਸੀ ਮਜ਼ਦੂਰਾ ਦੀ ਗਿਣਤੀ

ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੇ ਇੱਕ ਅਧਿਐਨ ਮੁਤਾਬਕ ਪੰਜਾਬ ਵਿੱਚ ਇਨ੍ਹਾਂ ਦੀ ਆਮਦ 1977-78 ਦੌਰਾਨ ਸ਼ੁਰੂ ਹੋਈ। ਜਦੋਂ ਪੰਜਾਬ ਦਾ ਖੇਤੀ ਸੈਕਟਰ ਹਰੇ ਇਨਕਲਾਬ ਦੀ ਅੰਗੜਾਈ ਲੈ ਰਿਹਾ ਸੀ।

ਭਾਵੇਂ ਕਿ ਪਰਵਾਸੀ ਮਜ਼ਦੂਰਾਂ ਦੀ ਪੰਜਾਬ ਵਿੱਚ ਮੌਜੂਦਗੀ ਦਾ ਕੋਈ ਤਾਜ਼ਾ ਤੇ ਪੁਖ਼ਤਾ ਅੰਕੜਾ ਮੌਜੂਦ ਨਹੀਂ ਹੈ, ਪਰ 2015 ਦੇ ਸਰਵੇਖਣ ਮੁਤਾਬਕ ਉਦੋਂ ਇਨ੍ਹਾਂ ਦੀ ਆਬਾਦੀ 37 ਲੱਖ ਦੇ ਕਰੀਬ ਸੀ।

ਕੋਵਿਡ ਦੌਰਾਨ 18 ਲੱਖ ਪਰਵਾਸੀ ਮਜ਼ਦੂਰਾਂ ਨੇ ਪੰਜਾਬ ਤੋਂ ਆਪੋ-ਆਪਣੇ ਸੂਬਿਆਂ ਨੂੰ ਵਾਪਸ ਜਾਣ ਲਈ ਰਜਿਸਟਡ ਕੀਤਾ ਸੀ।

ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTER, WhatsApp ਅਤੇ YouTube 'ਤੇ ਜੁੜੋ।)