'ਪੰਜਾਬ ਯਾਤਰਾ' ਸ਼ੁਰੂ ਕਰਨ ਵਾਲਾ ਇਹ ਸਰਕਾਰੀ ਅਧਿਆਪਕ ਕੌਣ ਹੈ ਜੋ ਪਿੰਡ-ਪਿੰਡ ਜਾ ਕੇ ਵਿਰਾਸਤੀ ਰੁੱਖਾਂ ਨੂੰ ਬਚਾਉਣ ਦਾ ਹੋਕਾ ਦੇ ਰਿਹਾ

- ਲੇਖਕ, ਹਰਮਨਦੀਪ ਸਿੰਘ
- ਰੋਲ, ਬੀਬੀਸੀ ਪੱਤਰਕਾਰ
"ਸਾਡੀ ਪੀੜ੍ਹੀ ਕੋਲ ਆਖ਼ਰੀ ਮੌਕਾ ਹੈ ਰੁੱਖ ਬਚਾਉਣ ਦਾ। ਹੋ ਸਕਦਾ ਹੈ ਅਗਲੀ ਪੀੜ੍ਹੀ ਨੂੰ ਇਹ ਮੌਕਾ ਹੀ ਨਾ ਮਿਲੇ।"
ਨੌਜਵਾਨ ਗੁਰਵਿੰਦਰ ਸਿੰਘ ਦੇ ਇਹ ਸ਼ਬਦ ਪੰਜਾਬ ਵਿੱਚ ਵਿਰਾਸਤੀ ਰੁੱਖਾਂ ਦੇ ਤੇਜ਼ੀ ਨਾਲ ਘੱਟਣ ਅਤੇ ਇਸ ਦੇ ਪ੍ਰਭਾਵਾਂ ਦੇ ਚਿੰਤਨ ਨੂੰ ਪ੍ਰਗਟ ਕਰਦੇ ਹਨ।
ਪੇਸ਼ੇ ਵਜੋਂ ਸਰਕਾਰੀ ਅਧਿਆਪਕ ਗੁਰਵਿੰਦਰ ਸਿੰਘ ਪਿੰਡ-ਪਿੰਡ ਵਿਰਾਸਤੀ ਰੁੱਖਾਂ ਨੂੰ ਬਚਾਉਣ ਅਤੇ ਲਗਾਉਣ ਦਾ ਹੋਕਾ ਦੇ ਰਹੇ ਹਨ।

ਪੰਜਾਬ ਦੇ ਵਿਰਾਸਤੀ ਰੁੱਖ ਜੋ ਕਦੀ ਪਿੰਡਾਂ, ਖੇਤਾਂ ਅਤੇ ਸਾਂਝੀਆਂ ਥਾਂਵਾਂ ਦਾ ਸ਼ਿੰਗਾਰ ਰਹੇ ਸਨ, ਅੱਜ ਤੇਜ਼ੀ ਨਾਲ ਪੰਜਾਬ ਵਿੱਚ ਘੱਟ ਰਹੇ ਹਨ। ਇਨ੍ਹਾਂ ਰੁੱਖਾਂ ਦੇ ਘੱਟਣ ਜਾਂ ਖ਼ਤਮ ਹੋਣ ਦੇ ਕਈ ਕਾਰਨ ਹਨ।
ਪੰਜਾਬ ਦਾ ਰਾਜ ਰੁੱਖ ਟਾਹਲੀ, ਵਿਰਾਸਤੀ ਰੁੱਖ ਦੇਸੀ ਕਿੱਕਰ ਅਤੇ ਹੋਰ ਵਿਰਾਸਤੀ ਰੁੱਖ ਪੰਜਾਬ ਦੇ ਨਕਸ਼ੇ ਤੋਂ ਤੇਜ਼ੀ ਨਾਲ ਖ਼ਤਮ ਹੋ ਰਹੇ ਹਨ। ਪਿੰਡਾਂ, ਘਰਾਂ, ਖੇਤਾਂ ਅਤੇ ਸਾਂਝੀਆਂ ਥਾਂਵਾਂ ਦਾ ਸ਼ਿੰਗਾਰ ਰਹਿਣ ਵਾਲੇ ਇਹ ਰੁੱਖ ਹੁਣ ਆਮ ਨਜ਼ਰ ਨਹੀਂ ਆਉਂਦੇ।

ਮਾਹਰਾਂ ਮੁਤਾਬਕ ਸ਼ਹਿਰੀਕਰਨ, ਮਨੁੱਖੀ ਦਖਲਅੰਦਾਜ਼ੀ, ਉਦਯੋਗੀਕਰਨ, ਲਗਾਤਾਰ ਨਿਰਮਾਣ, ਅੱਗ, ਮੌਸਮੀ ਤਬਦੀਲੀ ਅਤੇ ਹੋਰ ਕਈ ਕਾਰਨ ਇਨ੍ਹਾਂ ਦੀ ਗਿਣਤੀ ਤੇਜ਼ੀ ਨਾਲ ਘਟਾਉਣ ਪਿੱਛੇ ਜ਼ਿੰਮੇਵਾਰ ਹਨ।
ਮਾਹਰਾਂ ਦਾ ਦੱਸਣਾ ਹੈ ਕਿ ਇਨ੍ਹਾਂ ਵਿਰਾਸਤੀ ਰੁੱਖਾਂ ਵਿੱਚ ਸ਼ਾਮਲ ਟਾਹਲੀ ਅਤੇ ਦੇਸੀ ਕਿੱਕਰ ਨੂੰ ਜਲਵਾਯੂ ਤਬਦੀਲੀ ਦੀ ਮਾਰ ਵੀ ਪਈ ਹੈ। ਪੰਜਾਬ ਸਰਕਾਰ ਦੇ ਜਲਵਾਯੂ ਤਬਦੀਲੀ ਨਾਲ ਨਜਿੱਠਣ ਵਾਲੀ ਯੋਜਨਾ ਵਿੱਚ ਇਸ ਦਾ ਜ਼ਿਕਰ ਹੈ।
ਪੰਜਾਬ ਖੇਤੀਬਾੜੀ ਯੂਨੀਵਰਸਿਟੀ ਵਿੱਚ ਜੰਗਲਾਤ ਅਤੇ ਕੁਦਰਤੀ ਸੋਮੇ ਵਿਭਾਗ ਦੇ ਮੁਖੀ ਡਾਕਟਰ ਗੁਰਵਿੰਦਰ ਪਾਲ ਸਿੰਘ ਮੁਤਾਬਕ ਵੀ ਪਿਛਲੀ ਇੱਕ ਸਦੀ ਦੌਰਾਨ ਜਲਵਾਯੂ ਤਬਦੀਲੀ ਕਰਕੇ ਕਈ ਰੁੱਖ ਸੁੱਕੇ ਹਨ।
ਕਿਹੜੇ ਰੁੱਖਾਂ ਉੱਤੇ ਜਲਵਾਯੂ ਤਬਦੀਲੀ ਦੀ ਮਾਰ ਪਈ

ਪੰਜਾਬ ਸਰਕਾਰ ਦੇ ਸਾਇੰਸ, ਤਕਨਾਲੋਜੀ ਅਤੇ ਵਾਤਾਵਰਣ ਵਿਭਾਗ ਦੀ ਜਲਵਾਯੂ ਤਬਦੀਲੀ ਨਾਲ ਨਜਿੱਠਣ ਦੀ ਇੱਕ ਯੋਜਨਾ ਹੈ, ਜਿਸਦਾ ਨਾਮ 'ਪੰਜਾਬ ਸਟੇਟ ਐਕਸ਼ਨ ਪਲਾਨ ਆਨ ਕਲਾਈਮੇਟ ਚੇਂਜ 2.0' ਹੈ।
ਇਸ ਅਨੁਸਾਰ ਜਲਵਾਯੂ ਤਬਦੀਲੀ ਕਰਕੇ ਟਾਹਲੀ ਅਤੇ ਕਿੱਕਰ ਉੱਲੀ ਅਤੇ ਕੀਟਾਂ ਦਾ ਸ਼ਿਕਾਰ ਬਣ ਰਹੀ ਹੈ। ਇਹਨਾਂ ਰੁੱਖਾਂ ਦੇ ਸੁੱਕਣ ਦਾ ਇੱਕ ਕਾਰਨ ਇਹ ਵੀ ਹੈ।
ਇਸ ਯੋਜਨਾ ਮੁਤਾਬਕ ਆਰਥਿਕ ਤੌਰ ਉਤੇ ਰੁੱਖਾਂ ਦੀਆਂ ਮਹੱਤਵਪੂਰਨ ਕਿਸਮਾਂ ਜਿਵੇਂ ਕਿ ਅਕੇਸ਼ੀਆ ਨੀਲੋਟਿਕਾ (ਕਿੱਕਰ) ਅਤੇ ਡਾਲਬਰਗੀਆ ਸੀਸੂ (ਟਾਹਲੀ) ਤਾਪਮਾਨ ਅਤੇ ਸਾਪੇਖਿਕ ਨਮੀ ਵਿੱਚ ਭਿੰਨਤਾ ਦੇ ਸਾਂਝੇ ਪ੍ਰਭਾਵ ਕਾਰਨ ਤੇਜ਼ੀ ਨਾਲ ਘੱਟ ਰਹੀਆਂ ਹਨ।
ਇਹ ਪ੍ਰਭਾਵ ਉੱਲੀ ਅਤੇ ਕੀਟਾਂ ਦੇ ਵਾਧੇ ਲਈ ਅਨੁਕੂਲ ਸਥਿਤੀਆਂ ਪੈਦਾ ਕਰ ਰਹੀਆਂ ਹਨ, ਜਿਸਦੇ ਨਤੀਜੇ ਵਜੋਂ ਇਨ੍ਹਾਂ ਰੁੱਖਾਂ ਦੀ ਮੌਤ ਦਰ ਵੱਧ ਰਹੀ ਹੈ।
ਵਿਰਾਸਤੀ ਰੁੱਖਾਂ ਲਈ ਪੰਜਾਬ ਯਾਤਰਾ

ਮਾਨਸਾ ਦੇ ਪਿੰਡ ਦਿਆਲਪੁਰਾ ਦੇ ਰਹਿਣ ਵਾਲੇ 28 ਸਾਲਾ ਗੁਰਵਿੰਦਰ ਸਿੰਘ ਇਨੀਂ ਦਿਨੀਂ ਆਪਣੇ ਮੋਟਰਸਾਈਕਲ ਉੱਤੇ ਪੰਜਾਬ ਦੀ ਯਾਤਰਾ ਉੱਤੇ ਹਨ।
ਉਨ੍ਹਾਂ ਦੀ ਯਾਤਰਾ ਦਾ ਮਕਸਦ ਪੰਜਾਬ ਵਾਸੀਆਂ ਨੂੰ ਵਿਰਾਸਤੀ ਰੁੱਖਾਂ ਦੇ ਤੇਜ਼ੀ ਨਾਲ ਘਟਣ ਬਾਰੇ ਜਾਣੂ ਕਰਵਾਉਣਾ ਅਤੇ ਲੋਕਾਂ ਨੂੰ ਰੁੱਖ ਲਗਾਉਣ ਲਈ ਪ੍ਰੇਰਿਤ ਅਤੇ ਜਾਗਰੂਕ ਕਰਨਾ ਹੈ।
ਉਹ ਇੱਕ ਜੂਨ ਤੋਂ ਪੰਜਾਬ ਦੇ ਪਿੰਡਾਂ, ਸ਼ਹਿਰਾਂ, ਗਲੀਆਂ ਅਤੇ ਮੁਹੱਲਿਆਂ ਵਿੱਚ ਮੋਟਰਸਾਈਕਲ ਉੱਤੇ ਘੁੰਮਦੇ ਹੋਏ ਲੋਕਾਂ ਨੂੰ ਮਿਲ ਰਹੇ ਹਨ। ਗੁਰਵਿੰਦਰ ਆਪਣੇ ਪਿੰਡ ਦੇ ਨੇੜਲੇ ਸਰਕਾਰੀ ਸਕੂਲ ਵਿੱਚ ਅਧਿਆਪਕ ਹਨ।
ਉਹ ਕਹਿੰਦੇ ਹਨ ਜਦੋਂ ਉਹ ਸਕੂਲ ਵਿੱਚ ਛੋਟੇ ਬੱਚਿਆਂ ਨੂੰ ਪੰਛੀਆਂ ਬਾਰੇ ਪੜ੍ਹਾਉਂਦੇ ਸਨ ਤਾਂ ਉਨ੍ਹਾਂ ਨੂੰ ਅਹਿਸਾਸ ਹੋਇਆ ਕਿ ਬੱਚਿਆਂ ਨੇ ਕਈ ਪੰਛੀ ਤਾਂ ਅਸਲੀਅਤ ਵਿੱਚ ਕਦੀ ਨਹੀਂ ਦੇਖੇ।
"ਪੰਛੀਆਂ ਦੀਆਂ ਕਈ ਪ੍ਰਜਾਤੀਆਂ ਲੁਪਤ ਹੋਣ ਦੀ ਕਗਾਰ ਉੱਤੇ ਹਨ ਕਿਉਂਕਿ ਉਨ੍ਹਾਂ ਦੇ ਰਹਿਣ ਬਸੇਰੇ ਰੁੱਖ ਵੱਡੇ ਪੱਧਰ ਉੱਤੇ ਘੱਟ ਗਏ ਹਨ। ਮੈਂ ਜਿੱਥੇ ਜਗ੍ਹਾ ਮਿਲੇ ਰੁੱਖ ਲਗਾਉਣ ਦੀ ਕੋਸ਼ਿਸ਼ ਕਰਦਾ ਹਾਂ ਪਰ ਜਲਵਾਯੂ ਤਬਦੀਲੀ ਨਾਲ ਨਜਿੱਠਣ ਲਈ ਹਰ ਵਿਅਕਤੀ ਨੂੰ ਹੰਬਲਾ ਮਾਰਨਾ ਪੈਣਾ ਹੈ। ਇਸ ਲਈ ਮੈਂ ਰੁੱਖਾਂ ਨੂੰ ਬਚਾਉਣ ਲਈ ਪੰਜਾਬ ਯਾਤਰਾ ਕਰਨ ਦਾ ਫ਼ੈਸਲਾ ਕੀਤਾ।"

ਰੁੱਖਾਂ ਵਿੱਚ ਪੀੜੀ ਦਰ ਪਾੜ੍ਹਾ
ਗੁਰਵਿੰਦਰ ਸਿੰਘ ਦੱਸਦੇ ਹਨ ਕਿ ਉਨ੍ਹਾਂ ਨੇ ਪੰਜਾਬ ਦੀ ਯਾਤਰਾ ਦੌਰਾਨ ਕਈ ਅਜਿਹੇ ਖ਼ੇਤਰ ਵੀ ਦੇਖੇ ਜਿੱਥੇ ਵਿਰਾਸਤੀ ਰੁੱਖ ਨਾ ਮਾਤਰ ਹਨ। ਕੁਝ ਅਜਿਹੇ ਖ਼ੇਤਰ ਵੀ ਦੇਖੇ ਜਿੱਥੇ ਵਿਰਾਸਤੀ ਰੁੱਖ ਅਜੇ ਵੀ ਖੜ੍ਹੇ ਹਨ। ਪਰ ਇਨ੍ਹਾਂ ਵਿੱਚ 'ਜਨਰੇਸ਼ਨਲ ਗੈਪ' ਸੀ।
ਉਹ ਕਹਿੰਦੇ ਹਨ, "ਯਾਤਰਾ ਦੌਰਾਨ ਕਈ ਥਾਵਾਂ 'ਤੇ ਪਿੱਪਲ ਅਤੇ ਬੋਹੜ ਦੇ ਰੁੱਖ ਪੰਜਾਬ ਦੇ ਬਾਕੀਆਂ ਹਿੱਸਿਆਂ ਨਾਲੋਂ ਵੱਧ ਗਿਣਤੀ ਵਿੱਚ ਸਨ ਪਰ ਹੈਰਾਨੀ ਵਾਲੀ ਗੱਲ ਇਹ ਸੀ ਕਿ ਇਹ ਸਾਰੇ ਰੁੱਖ ਪੁਰਾਣੇ ਅਤੇ ਵੱਡੀ ਉਮਰ ਦੇ ਸਨ। ਕੋਈ ਵੀ ਅਜਿਹਾ ਪਿੱਪਲ ਜਾਂ ਬੋਹੜ ਨਜ਼ਰ ਨਹੀਂ ਆਇਆ ਜਿਹੜਾ ਕੁਝ ਸਾਲ ਪਹਿਲਾਂ ਉੱਗਿਆ ਹੋਵੇ ਜਾਂ ਲਗਾਇਆ ਗਿਆ ਹੋਵੇ।"

ਵਿਰਾਸਤੀ ਰੁੱਖ ਕਿਉਂ ਜ਼ਰੂਰੀ
ਟਾਹਲੀ, ਦੇਸੀ ਕਿੱਕਰ ਤੋਂ ਇਲਾਵਾ ਨਿੰਮ, ਸ਼ਰੀਂਹ, ਤੂਤ, ਡੇਕ, ਬਕੈਣ, ਲਸੂੜਾ, ਬੋਹੜ, ਪਿੱਪਲ, ਅੰਬ, ਜਾਮਨ, ਬਹੇੜਾ, ਹਰੜ, ਤੁੱਣ, ਢੱਕ, ਖੈਰ, ਅਰਜਨ, ਕਚਨਾਰ, ਬੇਰ, ਸੁਹੰਜਣ, ਜੰਡ, ਮਲ੍ਹਾ ਆਦਿ ਪੰਜਾਬ ਦੇ ਵਿਰਾਸਤੀ ਰੁੱਖ ਹਨ। ਇਹਨਾਂ ਵਿੱਚੋਂ ਬਹੁਤੇ ਰੁੱਖਾਂ ਦੀ ਗਿਣਤੀ ਵੱਡੇ ਪੱਧਰ ਉੱਤੇ ਘੱਟੀ ਹੈ।
ਗੁਰਵਿੰਦਰ ਸਿੰਘ ਕਹਿੰਦੇ ਹਨ, "ਧਰਤੀ ਦੇ ਵੱਖ-ਵੱਖ ਹਿੱਸੇ ਵੱਖ-ਵੱਖ ਕਿਸਮਾਂ ਲਈ ਢੁੱਕਵੇ ਹਨ। ਪੰਜਾਬ ਦੇ ਮੂਲ ਰੁੱਖ ਇੱਥੇ ਬਿਨ੍ਹਾਂ ਕਿਸੇ ਵਿਸ਼ੇਸ਼ ਯਤਨਾਂ ਤੋਂ ਉੱਗ ਸਕਦੇ ਹਨ। ਹੁਣ ਇੱਥੇ ਸਜਾਵਟੀ ਰੁੱਖ ਲਿਆਂਦੇ ਜਾ ਰਹੇ ਹਨ, ਜਿਨ੍ਹਾਂ ਦੀ ਨਾ ਛਾਂ ਹੈ ਅਤੇ ਨਾ ਹੀ ਲੱਕੜ। ਪੰਜਾਬ ਦੀ ਜ਼ਮੀਨ ਵੀ ਜ਼ਿਆਦਾਤਰ ਉਨ੍ਹਾਂ ਰੁੱਖਾਂ ਦੇ ਅਨੁਕੂਲ ਨਹੀਂ ਹੈ। ਅਜਿਹੇ ਰੁੱਖ ਪੰਜਾਬ ਦੇ ਮੂਲ ਪੰਛੀਆਂ ਦਾ ਰਹਿਣ ਬਸੇਰਾ ਵੀ ਨਹੀਂ ਹਨ।"

ਬਰੇਟਾ ਦੇ ਰਹਿਣ ਵਾਲੇ ਅਮਨਦੀਪ ਸਿੰਘ, ਜੋ ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਲਿਮਟਿਡ (ਪੀਐਸਪੀਸੀਐਲ) ਵਿੱਚ ਲਾਈਨਮੈਨ ਹਨ, ਵੀ ਆਪਣੀ ਨੌਕਰੀ ਦੇ ਵਿਹਲ ਮਿਲਣ ਉੱਤੇ ਪੰਜਾਬ ਯਾਤਰਾ ਦੌਰਾਨ ਗੁਰਵਿੰਦਰ ਸਿੰਘ ਦਾ ਸਾਥ ਦਿੰਦੇ ਹਨ।
ਉਹ ਦੱਸਦੇ ਹਨ ਕਿ ਉਨ੍ਹਾਂ ਯਾਤਰਾ ਦੌਰਾਨ ਲੋਕਾਂ ਨੂੰ ਮਿਲਕੇ ਰੁੱਖ ਲਗਾਉਣ ਲਈ ਪ੍ਰੇਰਿਤ ਕੀਤਾ ਅਤੇ ਬਹੁਤੀ ਗਿਣਤੀ ਵਿੱਚ ਲੋਕ ਰੁੱਖ ਲਗਾਉਣ ਲਈ ਰਾਜ਼ੀ ਵੀ ਹੋਏ।
ਉਹ ਕਹਿੰਦੇ ਹਨ, "ਰੁੱਖ ਲਗਾਉਣ ਦੀ ਸ਼ੁਰੂਆਤ ਸਾਨੂੰ ਆਪਣੇ ਆਪ ਤੋਂ ਹੀ ਕਰਨੀ ਪਵੇਗੀ।"
ਵਿਰਾਸਤੀ ਰੁੱਖਾਂ ਦੀ ਗਿਣਤੀ ਘੱਟਣ ਦੇ ਕੀ ਕਾਰਨ ਹਨ

ਡਾਕਟਰ ਗੁਰਵਿੰਦਰ ਪਾਲ ਸਿੰਘ ਕਹਿੰਦੇ ਹਨ, "ਸਮੇਂ ਦੇ ਨਾਲ ਤਾਪਮਾਨ ਅਤੇ ਮੀਂਹ ਦੇ ਪੈਟਰਨ ਵਿੱਚ ਫ਼ਰਕ ਪੈ ਰਿਹਾ ਹੈ। ਇਨ੍ਹਾਂ ਬਦਲਾਵਾਂ ਦੇ ਕਾਰਨ ਰੁੱਖਾਂ ਅਤੇ ਹੋਰ ਵਨਸਪਤੀ ਉੱਤੇ ਅਸਰ ਹੋ ਰਿਹਾ ਹੈ। ਅੱਗ ਨਾਲ ਝੁਲ਼ਸੇ ਰੁੱਖ ਵੀ ਕਮਜ਼ੋਰ ਹੋਏ ਹਨ। ਮੌਸਮੀ ਤਬਦੀਲੀ ਕਰਕੇ ਕਈ ਕੀਟ ਅਤੇ ਉੱਲੀਆਂ ਵੀ ਸਰਗਰਮ ਹੋ ਜਾਂਦੀਆਂ ਹਨ।"
"ਜਲਵਾਯੂ ਤਬਦੀਲੀ ਕਰਕੇ ਪਿਛਲੀ ਇੱਕ ਸਦੀ ਦੌਰਾਨ ਕਈ ਰੁੱਖ ਸੁੱਕੇ ਸਨ। ਕੁਝ ਬਾਅਦ ਵਿੱਚ ਹਰੇ ਵੀ ਹੋਏ ਹਨ। ਮੌਸਮੀ ਤਬਦੀਲੀ ਕਾਰਨ ਕਈ ਕਿਸਮਾਂ ਦੀ ਫਲਾਵਰਿੰਗ ਵਿੱਚ ਵੀ ਕਮੀ ਆਈ ਹੈ। ਇਸ ਤਰ੍ਹਾਂ ਰੁੱਖਾਂ ਉੱਤੇ ਬੀਜ ਨਹੀਂ ਆ ਰਿਹਾ। ਜਦੋਂ ਬੀਜ ਨਹੀਂ ਆਏਗਾ ਤਾਂ ਨਵੇਂ ਰੁੱਖ ਨਹੀਂ ਉੱਗ ਸਕਣਗੇ।"
"ਇਸ ਤੋਂ ਇਲਾਵਾ ਸ਼ਹਿਰੀਕਰਨ, ਉਦਯੋਗੀਕਰਨ ਵੀ ਰੁੱਖਾਂ ਦੇ ਘੱਟਣ ਲਈ ਜ਼ਿੰਮੇਵਾਰ ਹਨ। ਖੇਤੀਬਾੜੀ ਵਿੱਚ ਮਸ਼ੀਨੀਕਰਨ ਕਰਕੇ ਵੀ ਖੇਤਾਂ ਵਿੱਚੋਂ ਰੁੱਖ ਕੱਟੇ ਗਏ ਹਨ।"
ਉਹ ਦੱਸਦੇ ਹਨ ਕਿ ਜੰਡ, ਕਰੀਰ ਅਤੇ ਲਸੂੜਾ ਦੀ ਗਿਣਤੀ ਪੰਜਾਬ ਵਿੱਚ ਬੇਹੱਦ ਘੱਟ ਹੈ।
ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ












