ਰਿੰਕੂ ਸਿੰਘ: ਪੋਚਾ ਲਗਾਉਣ ਦੀ ਨੌਕਰੀ ਤੋਂ ਆਈਪੀਐੱਲ ਦੇ ਆਖਰੀ ਓਵਰ 'ਚ 5 ਛੱਕੇ ਮਾਰਨ ਤੱਕ

ਸ਼ਾਹਰੁਖ ਖਾਨ ਦੇ ਨਾਲ ਰਿੰਕੂ ਸਿੰਘ

ਤਸਵੀਰ ਸਰੋਤ, TWITTER/KKR

ਤਸਵੀਰ ਕੈਪਸ਼ਨ, ਰਿੰਕੂ ਸਾਲ 2018 ਤੋਂ ਕੋਲਕਾਤਾ ਟੀਮ ਦਾ ਹਿੱਸਾ ਸਨ
    • ਲੇਖਕ, ਅਭਿਜੀਤ ਸ਼੍ਰੀਵਾਸਤਵ ਅਤੇ ਪ੍ਰਦੀਪ ਕੁਮਾਰ
    • ਰੋਲ, ਬੀਬੀਸੀ ਪੱਤਰਕਾਰ

"ਯਕੀਨ ਸੀ ਕਿ ਮੈਂ ਕਰ ਸਕਦਾ ਹਾਂ ਕਿਉਂਕਿ ਪਿਛਲੇ ਸਾਲ ਵੀ ਇੱਕ ਮੈਚ ਵਿੱਚ ਕੁਝ ਅਜਿਹਾ ਹੀ ਹੋਇਆ ਸੀ। ਪਰ ਮੈਂ ਅਜਿਹਾ ਨਹੀਂ ਸੋਚਿਆ ਸੀ ਕਿ ਮੈਂ ਪੰਜ ਛੱਕੇ ਲਗਾ ਸਕਦਾ ਹਾਂ। ਜਿਵੇਂ ਜਿਵੇਂ ਗੇਂਦ ਆਉਂਦੀ ਰਹੀ, ਮੈਂ ਸ਼ਾਟ ਮਾਰਦਾ ਰਿਹਾ।"

ਗੁਜਰਾਤ ਟਾਈਟਨਸ ਦੇ ਖ਼ਿਲਾਫ਼ ਆਖਰੀ ਓਵਰ ਵਿੱਚ ਲਗਾਤਾਰ ਪੰਜ ਛੱਕੇ ਲਗਾ ਕੇ ਕੋਲਕਾਤਾ ਨਾਈਟ ਰਾਈਡਰਜ਼ ਨੂੰ ਜਿੱਤ ਦਿਵਾਉਣ ਵਾਲੇ ਅਤੇ ਇਤਿਹਾਸ ਰਚਣ ਲਈ ਵਾਲੇ ਰਿੰਕੂ ਸਿੰਘ ਨੇ ਆਪਣੀ ਸ਼ਾਨਦਾਰ ਪਾਰੀ ਤੋਂ ਬਾਅਦ ਇਹ ਗੱਲ ਕਹੀ।

ਅਜਿਹੀ ਪਾਰੀ ਕ੍ਰਿਕਟ ਵਿੱਚ ਪਹਿਲਾਂ ਨਹੀਂ ਖੇਡੀ ਗਈ ਸੀ ਕਿਉਂਕਿ ਰਿੰਕੂ ਸਿੰਘ ਤੋਂ ਪਹਿਲਾਂ ਆਖਰੀ ਓਵਰ ਵਿੱਚ ਪੰਜ ਛੱਕੇ ਮਾਰਨ ਦਾ ਕਾਰਨਾਮਾ ਕਿਸੇ ਨੇ ਨਹੀਂ ਕੀਤਾ ਸੀ।

ਗੁਜਰਾਤ ਟਾਈਟਨਜ਼ ਆਈਪੀਐਲ 2023 ਵਿੱਚ ਆਪਣੀ ਲਗਾਤਾਰ ਤੀਜੀ ਜਿੱਤ ਦੇ ਬਿਲਕੁਲ ਨੇੜੇ ਸੀ, ਪਰ ਕੋਲਕਾਤਾ ਨਾਈਟ ਰਾਈਡਰਜ਼ ਦੇ ਰਿੰਕੂ ਸਿੰਘ ਨੇ ਉਨ੍ਹਾਂ ਦੇ ਮੂੰਹ 'ਚੋਂ ਇਹ ਜਿੱਤ ਖੋਹ ਲਈ।

ਰਿੰਕੂ ਸਾਲ 2018 ਤੋਂ ਕੋਲਕਾਤਾ ਟੀਮ ਦਾ ਹਿੱਸਾ ਸਨ ਅਤੇ ਉਨ੍ਹਾਂ ਨੇ ਪਿਛਲੇ ਸਾਲ ਵੀ ਇੱਕ ਅਜਿਹੀ ਹੀ ਪਾਰੀ ਖੇਡੀ ਸੀ।

25 ਸਾਲਾ ਰਿੰਕੂ ਆਈਪੀਐਲ ਦੇ ਸਟਾਰ ਬਣ ਗਏ ਹਨ ਅਤੇ ਉਨ੍ਹਾਂ ਦੀ ਕਾਮਯਾਬੀ ਦੱਸਦੀ ਹੈ ਕਿ ਜੇ ਇਰਾਦੇ ਪੱਕੇ ਹੋਣ ਤੇ ਹੌਂਸਲੇ ਬੁਲੰਦ ਹੋਣ ਤਾਂ ਸਭ ਕੁਝ ਹਾਸਿਲ ਕੀਤਾ ਜਾ ਸਕਦਾ ਹੈ।

ਰਿੰਕੂ ਦੀ ਪੂਰੀ ਕਹਾਣੀ ਜਾਣ ਕੇ ਤੁਹਾਨੂੰ ਵੀ ਅਜਿਹਾ ਹੀ ਲੱਗੇਗਾ। ਪਰ ਪਹਿਲਾਂ ਇੱਕ ਵਾਰ ਕੱਲ੍ਹ ਦੇ ਮੈਚ 'ਤੇ ਇੱਕ ਨਜ਼ਰ:

ਰਿੰਕੂ ਸਿੰਘ

ਤਸਵੀਰ ਸਰੋਤ, ANI

ਤਸਵੀਰ ਕੈਪਸ਼ਨ, ਉਨ੍ਹਾਂ ਨੇ ਗੁਜਰਾਤ ਟਾਈਟਨਸ ਦੇ ਖ਼ਿਲਾਫ਼ ਆਖਰੀ ਓਵਰ ਵਿੱਚ ਲਗਾਤਾਰ ਪੰਜ ਛੱਕੇ ਲਗਾ ਕੇ ਕੋਲਕਾਤਾ ਨਾਈਟ ਰਾਈਡਰਜ਼ ਨੂੰ ਜਿੱਤ ਦਿਵਾਈ

ਆਖ਼ਰੀ ਓਵਰਾਂ ਦਾ ਰੋਮਾਂਚ

ਗੁਜਰਾਤ ਟਾਈਟਨਜ਼ ਅਤੇ ਕੋਲਕਾਤਾ ਨਾਈਟ ਰਾਈਡਰਜ਼ ਵਿਚਕਾਰ ਖੇਡੇ ਗਏ ਇਸ ਮੈਚ ਵਿੱਚ ਗੁਜਰਾਤ ਟੀਮ ਨੇ ਪਹਿਲਾਂ ਬੱਲੇਬਾਜ਼ੀ ਕਰਦੇ ਹੋਏ ਕੋਲਕਾਤਾ ਟੀਮ ਨੂੰ 205 ਦੌੜਾਂ ਦਾ ਟੀਚਾ ਦਿੱਤਾ ਸੀ।

ਇਸ ਟੀਚੇ ਨੂੰ ਪੂਰਾ ਕਰਦੇ ਹੋਏ ਜਦੋਂ ਕੋਲਕਾਤਾ ਟੀਮ ਦੇ ਸਾਰੇ ਦਿੱਗਜ ਖਿਡਾਰੀ ਪਵੇਲਿਅਨ ਪਰਤ ਗਏ ਤਾਂ ਰਿੰਕੂ ਸਿੰਘ ਨੇ ਮੋਰਚਾ ਸੰਭਾਲ ਲਿਆ ਤੇ ਆਪਣੀ ਟੀਮ ਨੂੰ ਜਿੱਤ ਦਿਵਾਈ।

ਆਖਰੀ ਓਵਰ ਤੋਂ ਠੀਕ ਪਹਿਲਾਂ ਰਿੰਕੂ ਨੇ ਇੱਕ ਛੱਕਾ ਅਤੇ ਇੱਕ ਚੌਕਾ ਲਗਾਇਆ। ਫਿਰ ਵੀ ਆਖਰੀ ਓਵਰ ਵਿੱਚ ਕੋਲਕਾਤਾ ਨਾਈਟ ਰਾਈਡਰਜ਼ ਨੂੰ ਜਿੱਤ ਲਈ 29 ਦੌੜਾਂ ਦੀ ਲੋੜ ਸੀ।

ਇਸ ਓਵਰ ਦੀ ਪਹਿਲੀ ਗੇਂਦ 'ਤੇ ਉਮੇਸ਼ ਯਾਦਵ ਨੇ ਸਿੰਗਲ ਲਿਆ। ਹੁਣ ਪੰਜ ਗੇਂਦਾਂ ਵਿੱਚ 28 ਦੌੜਾਂ ਬਣਾਉਣੀਆਂ ਸਨ। ਗੇਂਦ ਯਸ਼ ਦਿਆਲ ਦੇ ਹੱਥ ਵਿੱਚ ਸੀ ਅਤੇ ਰਿੰਕੂ ਸਿੰਘ ਸਾਹਮਣੇ ਬੱਲੇਬਾਜ਼ੀ ਕਰ ਰਹੇ ਸਨ।

ਰਿੰਕੂ ਨੇ ਓਵਰ ਦੀ ਦੂਜੀ ਗੇਂਦ 'ਤੇ ਲਾਂਗ ਆਫ 'ਤੇ ਛੱਕਾ ਲਗਾਇਆ। ਇਸ ਤੋਂ ਬਾਅਦ ਇਸ ਓਵਰ ਦਾ ਦੂਜਾ ਛੱਕਾ ਸਕਵਾਇਰ ਲੇਗ 'ਤੇ ਬਾਊਂਡਰੀ ਪਾਰ ਗਿਆ। ਤੀਜਾ ਛੱਕਾ ਲਾਂਗ ਆਫ਼ ਤੋਂ ਬਾਹਰ, ਚੌਥਾ ਛੱਕਾ ਲਾਂਗ ਆਨ 'ਤੇ ਮਾਰਿਆ ਅਤੇ ਫਿਰ ਆਖਰੀ ਗੇਂਦ 'ਤੇ ਲਾਂਗ ਆਨ ਦੇ ਬਾਹਰ ਛੱਕਾ ਜੜ ਕੇ ਕੋਲਕਾਤਾ ਨੂੰ ਰੋਮਾਂਚਕ ਯਾਦਗਾਰ ਜਿੱਤ ਦਿਵਾਈ।

ਰਿੰਕੂ ਸਿੰਘ

ਤਸਵੀਰ ਸਰੋਤ, ANI

ਤਸਵੀਰ ਕੈਪਸ਼ਨ, ਉਨ੍ਹਾਂ ਨੇ 21 ਗੇਂਦਾਂ ਵਿੱਚ ਕੁੱਲ 48 ਦੌੜਾਂ ਬਣਾਈਆਂ, ਜਿਨ੍ਹਾਂ ਵਿੱਚ ਛੇ ਛੱਕੇ ਤੇ ਇੱਕ ਚੌਕਾ ਵੀ ਸ਼ਾਮਲ ਹਨ

ਇਹ ਉਹੀ ਰਿੰਕੂ ਸਿੰਘ ਹਨ, ਜਿਨ੍ਹਾਂ ਨੇ ਇਸ ਮੈਚ ਵਿੱਚ ਬਹੁਤ ਹੌਲੀ ਸ਼ੁਰੂਆਤ ਕੀਤੀ ਸੀ। ਪਹਿਲੀਆਂ ਛੇ ਗੇਂਦਾਂ 'ਤੇ ਉਨ੍ਹਾਂ ਦੇ ਬੱਲੇ ਤੋਂ ਸਿਰਫ਼ ਤਿੰਨ ਦੌੜਾਂ ਹੀ ਆਈਆਂ ਸਨ।

ਅਜਿਹੇ ਸਮੇਂ ਜਦੋਂ ਕੋਲਕਾਤਾ ਦੇ ਸੱਤ ਖਿਡਾਰੀ ਪੈਵੇਲੀਅਨ ਪਰਤ ਗਏ ਸਨ ਅਤੇ ਜਿੱਤ ਲਈ ਆਖਰੀ ਓਵਰ ਵਿੱਚ 29 ਦੌੜਾਂ ਦੀ ਲੋੜ ਸੀ, ਰਿੰਕੂ ਨੇ ਆਪਣਾ ਕਮਾਲ ਦਿਖਾਇਆ ਤੇ ਕੋਲਕਾਤਾ ਟੀਮ ਇਹ ਮੈਚ ਜਿੱਤ ਗਈ।

ਉਨ੍ਹਾਂ ਨੇ 21 ਗੇਂਦਾਂ ਵਿੱਚ ਕੁੱਲ 48 ਦੌੜਾਂ ਬਣਾਈਆਂ, ਜਿਨ੍ਹਾਂ ਵਿੱਚ ਛੇ ਛੱਕੇ ਤੇ ਇੱਕ ਚੌਕਾ ਵੀ ਸ਼ਾਮਲ ਹਨ।

ਰਿੰਕੂ ਸਿੰਘ

ਤਸਵੀਰ ਸਰੋਤ, IPL/Twitter

ਰਿੰਕੂ ਵਰਗਾ ਕਾਰਨਾਮਾ ਕਿਸੇ ਨੇ ਨਹੀਂ ਕੀਤਾ

ਰਿੰਕੂ ਤੋਂ ਪਹਿਲਾਂ ਆਖਰੀ ਓਵਰ ਵਿੱਚ ਪੰਜ ਛੱਕੇ ਮਾਰਨ ਦਾ ਕਾਰਨਾਮਾ ਕਿਸੇ ਨੇ ਨਹੀਂ ਕੀਤਾ ਸੀ।

ਯੁਵਰਾਜ ਸਿੰਘ, ਗੈਰੀ ਸੋਬਰਸ, ਰਵੀ ਸ਼ਾਸਤਰੀ ਵਰਗੇ ਕ੍ਰਿਕਟਰਾਂ ਨੇ ਇੱਕ ਓਵਰ ਵਿੱਚ ਛੇ ਛੱਕੇ ਮਾਰਨ ਦਾ ਕਾਰਨਾਮਾ ਕੀਤਾ ਹੈ, ਜਦਕਿ ਰਿਤੂਰਾਜ ਗਾਇਕਵਾੜ ਨੇ ਇੱਕ ਓਵਰ ਵਿੱਚ ਸੱਤ ਛੱਕੇ (ਨੋ ਬਾਲ ਸਮੇਤ) ਜੜੇ ਸਨ, ਪਰ ਉਨ੍ਹਾਂ ਵਿੱਚੋਂ ਇੱਕ ਨੇ ਵੀ ਅਜਿਹਾ ਆਖਰੀ ਓਵਰ ਵਿੱਚ ਨਹੀਂ ਕੀਤਾ ਸੀ।

ਇਸੇ ਤਰ੍ਹਾਂ 2016 ਦੇ ਟੀ-20 ਕ੍ਰਿਕਟ ਵਿਸ਼ਵ ਕੱਪ ਦੇ ਫਾਈਨਲ ਵਿੱਚ, ਕਾਰਲੋਸ ਬ੍ਰੈਥਵੇਟ ਨੇ ਲਗਾਤਾਰ ਚਾਰ ਛੱਕੇ ਲਗਾ ਕੇ ਵੈਸਟਇੰਡੀਜ਼ ਨੂੰ ਟਰਾਫੀ ਜ਼ਰੂਰ ਦਿਵਾਈ ਸੀ, ਪਰ ਰਿੰਕੂ ਨੇ ਹੋਰ ਅੱਗੇ ਵਧ ਕੇ ਪੰਜ ਛੱਕੇ ਜੜੇ ਹਨ।

ਲਾਈਨ
  • ਅਲੀਗੜ੍ਹ ਦੇ ਰਹਿਣ ਵਾਲੇ ਰਿੰਕੂ ਸਿੰਘ ਸਾਲ 2018 ਤੋਂ ਕੋਲਕਾਤਾ ਨਾਈਟ ਰਾਈਡਰਜ਼ ਟੀਮ ਦਾ ਹਿੱਸਾ ਹਨ
  • 9 ਅਪ੍ਰੈਲ ਨੂੰ ਗੁਜਰਾਤ ਖ਼ਿਲਾਫ਼ ਆਈਪੀਐਲ ਮੈਚ ਖੇਡਦੇ ਹੋਏ ਉਨ੍ਹਾਂ ਨੇ ਆਖ਼ਰੀ ਓਵਰ 'ਚ 5 ਛੱਕੇ ਜੜੇ
  • ਆਖ਼ਰੀ ਓਵਰ ਤੋਂ ਪਹਿਲੇ ਓਵਰ ਦੀਆਂ ਆਖ਼ਰੀ 2 ਗੇਂਦਾਂ 'ਤੇ ਉਨ੍ਹਾਂ ਨੇ 1 ਚੌਕਾ ਤੇ 1 ਛੱਕਾ ਲਗਾਇਆ
  • ਰਿੰਕੂ ਸਿੰਘ ਤੋਂ ਪਹਿਲਾਂ ਆਖਰੀ ਓਵਰ ਵਿੱਚ ਪੰਜ ਛੱਕੇ ਮਾਰਨ ਦਾ ਕਾਰਨਾਮਾ ਕਿਸੇ ਨੇ ਨਹੀਂ ਕੀਤਾ ਸੀ
  • ਉਨ੍ਹਾਂ ਨੇ 21 ਗੇਂਦਾਂ ਵਿੱਚ ਕੁੱਲ 48 ਦੌੜਾਂ ਬਣਾਈਆਂ, ਭਾਵ ਸੱਤ ਗੇਂਦਾਂ 'ਤੇ 4, 6, 6, 6, 6, 6, 6 ਸ਼ਾਟ
ਲਾਈਨ

ਸੋਸ਼ਲ ਮੀਡੀਆ 'ਤੇ ਟ੍ਰੈਂਡ ਕਰਨ ਲੱਗੇ ਰਿੰਕੂ

ਅਜਿਹਾ ਧਮਾਕਾ ਕ੍ਰਿਕਟ 'ਚ ਪਹਿਲਾਂ ਨਹੀਂ ਦੇਖਿਆ ਗਿਆ। ਇਸ ਸੀਜ਼ਨ 'ਚ ਵੀ ਕਈ ਖਿਡਾਰੀਆਂ ਨੇ ਸ਼ਾਨਦਾਰ ਪਾਰੀਆਂ ਖੇਡੀਆਂ ਤੇ ਦੌੜਾਂ ਬਣਾਈਆਂ ਪਰ ਰਿੰਕੂ ਸਿੰਘ ਨੇ ਆਖਰੀ ਓਵਰ ਵਿੱਚ ਪੰਜ ਛੱਕੇ ਲਗਾ ਕੇ ਇਤਿਹਾਸ ਰਚ ਦਿੱਤਾ।

ਰਿੰਕੂ ਸਿੰਘ ਨੇ ਆਖਰੀ ਸੱਤ ਗੇਂਦਾਂ 'ਤੇ 4, 6, 6, 6, 6, 6, 6 ਸ਼ਾਟ ਜੜੇ। ਇਸ ਤਰ੍ਹਾਂ ਉਨ੍ਹਾਂ ਨੇ ਸੱਤ ਗੇਂਦਾਂ ਵਿੱਚ 40 ਦੌੜਾਂ ਬਣਾਈਆਂ।

ਸ਼ਾਹਰੁਖ ਖਾਨ ਦਾ ਵਧਾਈ ਸੰਦੇਸ਼ "ਝੂਮੇ ਜੋ ਰਿੰਕੂ" ਸੋਸ਼ਲ ਮੀਡੀਆ 'ਤੇ ਟ੍ਰੈਂਡ ਕਰਨ ਲੱਗਾ। ਰਿੰਕੂ ਨੇ ਵੀ ਉਨ੍ਹਾਂ ਨੂੰ ਲਗਾਤਾਰ ਸਹਿਯੋਗ ਦੇਣ ਲਈ ਧੰਨਵਾਦ ਕੀਤਾ।

ਸਚਿਨ ਤੇਂਦੁਲਕਰ ਨੇ ਲਿਖਿਆ, "ਇਹ ਮੈਚ ਬਦਲਦਾ ਰਿਹਾ। ਅਸੀਂ ਸੋਚਿਆ ਸੀ ਕਿ ਰਾਸ਼ਿਦ ਖਾਨ ਦੀ ਹੈਟ੍ਰਿਕ ਗੇਮ ਚੇਂਜਰ ਹੋਵੇਗੀ ਪਰ ਰਿੰਕੂ ਦੀ ਪਾਵਰ ਹਿਟਿੰਗ ਜ਼ਬਰਦਸਤ ਸੀ। ਆਖਰੀ ਪਲਾਂ 'ਚ ਖੂਬ ਮਜ਼ਾ ਆਇਆ। ਇਹ ਮੈਚ ਸਾਨੂੰ ਸਿਖਾਉਂਦਾ ਹੈ ਕਿ ਜਦੋਂ ਤੱਕ ਓਵਰ ਖ਼ਤਮ ਨਾ ਜੋ ਜਾਣ, ਮੈਚ ਖ਼ਤਮ ਨਹੀਂ ਹੁੰਦਾ।''

ਪਾਵਰ ਹਿਟਿੰਗ ਲਈ ਮਸ਼ਹੂਰ ਸਾਬਕਾ ਕ੍ਰਿਕਟਰ ਵਰਿੰਦਰ ਸਹਿਵਾਗ ਨੇ ਲਿਖਿਆ, "ਆਖਰੀ ਓਵਰ 'ਚ ਪੰਜ ਛੱਕੇ। ਟੀਚੇ ਦਾ ਪਿੱਛਾ ਕਰਦੇ ਹੋਏ ਤੁਸੀਂ ਆਖਰੀ ਓਵਰ 'ਚ ਅਜਿਹਾ ਕਦੇ ਨਹੀਂ ਦੇਖਿਆ ਹੋਵੇਗਾ।"

ਭਾਰਤੀ ਮਹਿਲਾ ਕ੍ਰਿਕਟ ਟੀਮ ਦੀ ਸਾਬਕਾ ਕਪਤਾਨ ਝੂਲਨ ਗੋਸਵਾਮੀ ਨੇ ਲਿਖਿਆ, "ਜਦੋਂ ਲੱਗਦਾ ਸੀ ਕਿ ਮੈਚ ਹੋਰ ਬਿਹਤਰ ਨਹੀਂ ਹੋ ਸਕਦਾ, ਤਾਂ ਕੇਕੇਆਰ ਨੇ ਸਾਨੂੰ ਗਲਤ ਸਾਬਤ ਕਰ ਦਿੱਤਾ। ਰਿੰਕੂ ਸਿੰਘ ਨੂੰ ਉਨ੍ਹਾਂ ਦੇ ਅਸਾਧਾਰਨ ਪ੍ਰਦਰਸ਼ਨ ਲਈ ਪ੍ਰਣਾਮ।"

ਰਿੰਕੂ ਸਿੰਘ

ਤਸਵੀਰ ਸਰੋਤ, BCCI/IPL

ਤਸਵੀਰ ਕੈਪਸ਼ਨ, ਅਲੀਗੜ੍ਹ ਦੇ ਰਹਿਣ ਵਾਲੇ ਰਿੰਕੂ ਕਈ ਮੁਸ਼ਕਲ ਹਾਲਾਤਾਂ ਦਾ ਸਾਹਮਣਾ ਕਰ ਕੇ ਇੱਥੋਂ ਤੱਕ ਪਹੁੰਚੇ ਹਨ

ਇੱਕ ਆਮ ਜਿਹੇ ਮੁੰਡੇ ਦੇ ਸਟਾਰ ਬਣਨ ਦੀ ਕਹਾਣੀ

ਅਸਲ ਵਿੱਚ ਰਿੰਕੂ ਸਿੰਘ ਦੀ ਕਹਾਣੀ ਸਮਾਜ ਦੇ ਉਸ ਵਰਗ ਦੇ ਇੱਕ ਨੌਜਵਾਨ ਦੀ ਕਹਾਣੀ ਹੈ, ਜਿਸਨੂੰ ਗਰੀਬੀ ਦੇ ਦਿਨਾਂ ਵਿੱਚ ਇਹ ਅਹਿਸਾਸ ਹੋ ਗਿਆ ਹੋਵੇ ਕਿ ਕਿਵੇਂ ਇੱਕ ਚੀਜ਼ ਕਿਸਮਤ ਬਦਲ ਸਕਦੀ ਹੈ, ਰਿੰਕੂ ਸਿੰਘ ਨੂੰ ਵੀ ਛੋਟੀ ਉਮਰ ਵਿੱਚ ਇਹ ਪਤਾ ਲੱਗ ਗਿਆ ਸੀ ਕਿ ਕ੍ਰਿਕਟ ਦੀ ਖੇਡ ਉਨ੍ਹਾਂ ਦੀ ਕਿਸਮਤ ਬਦਲ ਸਕਦੀ ਹੈ।

ਅਲੀਗੜ੍ਹ ਵਿੱਚ ਗੈਸ ਸਿਲੰਡਰ ਡਿਲਿਵਰ ਕਰਨ ਵਾਲੇ ਇੱਕ ਸ਼ਖਸ ਦੇ ਪੰਜ ਪੁੱਤਰਾਂ ਵਿੱਚੋਂ ਇੱਕ ਰਿੰਕੂ ਸਿੰਘ ਨੇ ਆਪਣੇ ਸਕੂਲ ਦੇ ਦਿਨਾਂ ਤੋਂ ਹੀ ਕ੍ਰਿਕਟ ਖੇਡਣ ਦਾ ਮਜ਼ਾ ਲੈਣਾ ਸ਼ੁਰੂ ਕਰ ਦਿੱਤਾ ਸੀ ਪਰ ਹਾਲਾਤ ਵੱਖਰੇ ਸਨ।

ਕੋਲਕਾਤਾ ਨਾਈਟ ਰਾਈਡਰਜ਼ ਦੀ ਵੈੱਬਸਾਈਟ 'ਤੇ ਉਨ੍ਹਾਂ ਦੇ ਇਕ ਵੀਡੀਓ ਦੇ ਮੁਤਾਬਕ, "ਪਿਤਾ ਜੀ ਨਹੀਂ ਚਾਹੁੰਦੇ ਸਨ ਕਿ ਮੈਂ ਖੇਡ 'ਚ ਸਮਾਂ ਬਰਬਾਦ ਕਰਾਂ। ਇਸ ਲਈ ਬਹੁਤ ਕੁੱਟ ਪੈਂਦੀ ਸੀ। ਉਹ ਡੰਡਾ ਲੈ ਕੇ ਇੰਤਜ਼ਾਰ ਕਰਦੇ ਸਨ ਕਿ ਘਰ ਕਦੋਂ ਆਵੇਗਾ। ਪਰ ਭਰਾਵਾਂ ਨੇ ਸਾਥ ਦਿੱਤਾ ਅਤੇ ਹਰ ਮੌਕੇ 'ਤੇ ਕ੍ਰਿਕਟ ਖੇਡਦਾ ਸੀ।ਗੇਂਦ ਖਰੀਦਣ ਲਈ ਵੀ ਪੈਸੇ ਨਹੀਂ ਹੁੰਦੇ ਸਨ ਪਰ ਇਸ ਦੌਰਾਨ ਕੁਝ ਲੋਕਾਂ ਨੇ ਮਦਦ ਵੀ ਕੀਤੀ।

ਇੱਕ ਟੂਰਨਾਮੈਂਟ ਅਜਿਹਾ ਵੀ ਆਇਆ ਜਦੋਂ ਰਿੰਕੂ ਸਿੰਘ ਨੂੰ ਉਨ੍ਹਾਂ ਦੇ ਸ਼ਾਨਦਾਰ ਪ੍ਰਦਰਸ਼ਨ ਦੇ ਇਨਾਮ ਵਜੋਂ ਮੋਟਰਸਾਈਕਲ ਮਿਲੀ। ਪੁੱਤਰ ਨੇ ਉਹ ਮੋਟਰਸਾਈਕਲ ਆਪਣੇ ਪਿਤਾ ਨੂੰ ਭੇਟ ਕਰ ਦਿੱਤੀ।

ਪਿਤਾ ਨੇ ਇਹ ਵੀ ਮਹਿਸੂਸ ਕੀਤਾ ਕਿ ਉਨ੍ਹਾਂ ਦੇ ਪੁੱਤਰ ਦੀ ਕ੍ਰਿਕੇਟ ਨੇ ਉਨ੍ਹਾਂ ਨੂੰ ਉਹ ਮੋਟਰਸਾਈਕਲ ਦਿਵਾਇਆ ਹੈ ਜੋ ਉਹ ਕਈ ਸਾਲਾਂ ਤੱਕ ਅਲੀਗੜ੍ਹ ਦੇ ਵਪਾਰੀਆਂ ਦੇ ਘਰਾਂ ਅਤੇ ਕੋਠੀਆਂ ਵਿੱਚ ਗੈਸ ਸਿਲੰਡਰ ਪਹੁੰਚਾਉਣ ਦੇ ਬਾਅਦ ਵੀ ਨਹੀਂ ਖਰੀਦ ਸਕੇ ਸਨ, ਨਤੀਜੇ ਵਜੋਂ ਰਿੰਕੂ ਨੂੰ ਕੁੱਟ ਪੈਂਦਾ ਬੰਦ ਹੋ ਗਈ।

ਪਰ ਅਜੇ ਵੀ ਪਰਿਵਾਰ ਦੇ ਸਾਹਮਣੇ ਆਰਥਿਕ ਚੁਣੌਤੀਆਂ ਖੜ੍ਹੀਆਂ ਸਨ।

ਰਿੰਕੂ ਸਿੰਘ

ਤਸਵੀਰ ਸਰੋਤ, IPL/BCCI

ਤਸਵੀਰ ਕੈਪਸ਼ਨ, ਰਿੰਕੂ ਦੀ ਇਸ ਸ਼ਾਨਦਾਰ ਪਾਰੀ ਲਈ ਸੋਸ਼ਲ ਮੀਡੀਆ 'ਤੇ ਉਨ੍ਹਾਂ ਦੀ ਬਹੁਤ ਪ੍ਰਸ਼ੰਸਾ ਹੋ ਰਹੀ ਹੈ

ਪੋਚਾ ਲਗਾਉਣ ਦਾ ਕੰਮ ਮਿਲਿਆ

ਇਸੇ ਤਰ੍ਹਾਂ, ਇੱਕ ਦਿਨ ਰਿੰਕੂ ਸਿੰਘ ਨੂੰ ਕੰਮ ਦੀ ਤਲਾਸ਼ ਵਿੱਚ ਨੌਕਰੀ ਮਿਲ ਗਈ। ਉਨ੍ਹਾਂ ਦੱਸਿਆ, "ਮੈਨੂੰ ਪੋਚਾ ਲਗਾਉਣ ਦਾ ਕੰਮ ਮਿਲਿਆ। ਮੈਂ ਇੱਕ ਕੋਚਿੰਗ ਸੈਂਟਰ ਵਿੱਚ ਪੋਚਾ ਲਗਾਉਣਾ ਸੀ।''

''ਉਸ ਨੇ ਮੈਨੂੰ ਸਵੇਰੇ ਜਲਦੀ ਆ ਕੇ ਆਪਣਾ ਕੰਮ ਕਰਨ ਲਈ ਕਿਹਾ। ਕੰਮ ਭਰਾ ਨੇ ਲਗਵਾਇਆ ਸੀ, ਪਰ ਮੈਂ ਨਹੀਂ ਕਰ ਸਕਿਆ। ਮੈਂ ਨੌਕਰੀ ਛੱਡ ਦਿੱਤੀ। ਮੈਨੂੰ ਚੰਗਾ ਨਹੀਂ ਲੱਗਿਆ। ਪੜ੍ਹਾਈ ਵੀ ਮੇਰੇ ਨਾਲ ਨਹੀਂ ਸੀ। ਉਦੋਂ ਮੈਨੂੰ ਲੱਗਾ ਕਿ ਮੈਨੂੰ ਸਿਰਫ਼ ਕ੍ਰਿਕਟ 'ਤੇ ਹੀ ਧਿਆਨ ਦੇਣਾ ਚਾਹੀਦਾ ਹੈ। ਮੈਨੂੰ ਲੱਗਾ ਕਿ ਸਿਰਫ਼ ਕ੍ਰਿਕਟ ਹੀ ਮੈਨੂੰ ਅੱਗੇ ਲੈ ਕੇ ਜਾ ਸਕਦੀ ਹੈ, ਮੇਰੇ ਕੋਲ ਹੋਰ ਕੋਈ ਚਾਰਾ ਨਹੀਂ ਸੀ।"

ਰਿੰਕੂ ਸਿੰਘ

ਤਸਵੀਰ ਸਰੋਤ, IPL/BCCI

ਤਸਵੀਰ ਕੈਪਸ਼ਨ, ਰਿੰਕੂ ਸਿੰਘ, 2016 ਤੋਂ ਉੱਤਰ ਪ੍ਰਦੇਸ਼ ਲਈ ਫਰਸਟ ਕਲਾਸ ਕ੍ਰਿਕਟ ਖੇਡ ਰਹੇ ਹਨ

ਕਿਸ ਕਿਸ ਨੇ ਕੀਤੀ ਮਦਦ

ਪਰ ਉਨ੍ਹਾਂ ਲਈ ਕ੍ਰਿਕਟ ਦਾ ਰਾਹ ਇੱਥੋਂ ਹੀ ਨਹੀਂ ਖੁੱਲ੍ਹਿਆ। ਰਿੰਕੂ ਸਿੰਘ ਨੂੰ ਪਤਾ ਨਹੀਂ ਸੀ ਕਿ ਅੰਡਰ-16 ਦੇ ਟਰਾਇਲਾਂ ਵਿੱਚ ਕੀ ਕਰਨਾ ਹੈ, ਦੋ ਵਾਰ ਉਹ ਪਹਿਲੇ ਰਾਊਂਡ ਵਿੱਚੋਂ ਹੀ ਬਾਹਰ ਹੋ ਗਏ। ਅਜਿਹੇ 'ਚ ਅਲੀਗੜ੍ਹ ਦੇ ਮੁਹੰਮਦ ਜੀਸ਼ਾਨ ਉਨ੍ਹਾਂ ਦੀ ਮਦਦ ਲਈ ਅੱਗੇ ਆਏ।

ਸ਼ੁਰੂਆਤੀ ਦਿਨਾਂ ਤੋਂ ਹੀ ਰਿੰਕੂ ਸਿੰਘ ਨੂੰ ਅਲੀਗੜ੍ਹ 'ਚ ਮਸੂਦ ਅਮੀਨ ਦੀ ਕੋਚਿੰਗ ਮਿਲੀ ਅਤੇ ਉਹ ਅੱਜ ਵੀ ਉਨ੍ਹਾਂ ਦੇ ਕੋਚ ਬਣੇ ਹੋਏ ਹਨ, ਜਦਕਿ ਮੁਹੰਮਦ ਜ਼ੀਸ਼ਾਨ ਤੋਂ ਮਿਲੀ ਮਦਦ 'ਤੇ ਰਿੰਕੂ ਸਿੰਘ ਦਾ ਕਹਿਣਾ ਹੈ ਕਿ ਉਨ੍ਹਾਂ ਦੀ ਮਦਦ ਅਤੇ ਮਾਰਗਦਰਸ਼ਨ ਦਾ ਅਹਿਮ ਯੋਗਦਾਨ ਸੀ।

ਇਸ ਤੋਂ ਬਾਅਦ ਸ਼ਾਹਰੁਖ ਖਾਨ ਦੀ ਕੋਲਕਾਤਾ ਨਾਈਟ ਰਾਈਡਰਜ਼ ਨੇ ਉਨ੍ਹਾਂ ਨੂੰ 2018 ਵਿੱਚ ਆਈਪੀਐਲ ਲਈ 80 ਲੱਖ ਰੁਪਏ ਵਿੱਚ ਸਾਈਨ ਕੀਤਾ, ਉਹ ਵੀ ਉਦੋਂ ਜਦੋਂ ਕੋਈ ਰਿੰਕੂ ਸਿੰਘ ਨੂੰ ਨਹੀਂ ਜਾਣਦਾ ਸੀ, ਹਾਲਾਂਕਿ ਉੱਤਰ ਪ੍ਰਦੇਸ਼ ਲਈ ਘਰੇਲੂ ਕ੍ਰਿਕਟ ਵਿੱਚ ਉਨ੍ਹਾਂ ਦਾ ਪ੍ਰਦਰਸ਼ਨ ਨਿਖਰਣ ਲੱਗ ਪਿਆ ਸੀ।

ਰਿੰਕੂ ਸਿੰਘ ਮੁਤਾਬਕ, "ਮੈਂ ਅਲੀਗੜ੍ਹ ਤੋਂ ਆਈਪੀਐੱਲ 'ਚ ਪਹੁੰਚਣ ਵਾਲਾ ਪਹਿਲਾ ਖਿਡਾਰੀ ਬਣਿਆ। ਮੈਨੂੰ ਇੰਨਾ ਪੈਸਾ ਮਿਲਿਆ ਕਿ ਪਰਿਵਾਰ 'ਚ ਕਿਸੇ ਨੇ ਵੀ ਨਹੀਂ ਦੇਖਿਆ ਸੀ। ਘਰ ਦੀਆਂ ਸਾਰੀਆਂ ਮੁਸ਼ਕਲਾਂ ਦੂਰ ਹੋ ਗਈਆਂ। ਜ਼ਮੀਨ ਲਾਇ ਕੇ ਘਰ ਬਣਵਾਇਆ, ਕਰਜ਼ੇ ਸੀ ਉਹ ਵੀ ਚੁਕਾ ਦਿੱਤੇ।''

ਇਹ ਸਭ ਕੁਝ ਹੋ ਚੁੱਕਾ ਸੀ ਪਰ ਅਸਲ ਚਮਤਕਾਰ ਅਜੇ ਹੋਣਾ ਬਾਕੀ ਸੀ। ਉਨ੍ਹਾਂ ਨੇ ਆਈਪੀਐੱਲ 'ਚ ਆਪਣੀ ਖੇਡ ਨਾਲ ਲੋਕਾਂ ਨੂੰ ਹੈਰਾਨ ਕਰਨਾ ਸੀ ਪਰ ਇਸ ਦੇ ਇੰਤਜ਼ਾਰ 'ਚ ਸੀਜ਼ਨ ਲੰਘਦਾ ਜਾ ਰਿਹਾ ਸੀ ਅਤੇ ਰਿੰਕੂ ਨੂੰ ਜੋ ਮੌਕੇ ਮਿਲ ਰਹੇ ਸਨ, ਉਹ ਉਸ 'ਚ ਜ਼ਿਆਦਾ ਕੁਝ ਨਹੀਂ ਕਰ ਪਾ ਰਹੇ ਸਨ।

ਪਰ ਲੱਗਦਾ ਹੈ ਕਿ ਹੁਣ ਰਿੰਕੂ ਸਿੰਘ ਉਹੀ ਚਮਤਕਾਰ ਕਰਨ ਲਈ ਤਿਆਰ ਹਨ। ਖੱਬੇ ਹੱਥ ਦੇ ਬੱਲੇਬਾਜ਼ ਅਤੇ ਸੱਜੇ ਹੱਥ ਦੇ ਆਫ ਬ੍ਰੇਕ ਗੇਂਦਬਾਜ਼ ਰਿੰਕੂ ਦਾ ਸੁਪਨਾ ਇਕ ਦਿਨ ਭਾਰਤ ਲਈ ਕ੍ਰਿਕਟ ਖੇਡਣ ਦਾ ਹੈ ਪਰ ਇਸ ਦੇ ਲਈ ਉਨ੍ਹਾਂ ਨੂੰ ਆਈਪੀਐੱਲ ਅਤੇ ਘਰੇਲੂ ਕ੍ਰਿਕਟ ਦੀਆਂ ਆਪਣੀਆਂ ਉਪਯੋਗੀ ਪਾਰੀਆਂ ਨੂੰ ਵਿਸਫੋਟਕ ਪਾਰੀਆਂ ਵਿਚ ਬਦਲਣਾ ਹੋਵੇਗਾ।

ਰਿੰਕੂ ਸਿੰਘ, 2016 ਤੋਂ ਉੱਤਰ ਪ੍ਰਦੇਸ਼ ਲਈ ਫਰਸਟ ਕਲਾਸ ਕ੍ਰਿਕਟ ਖੇਡ ਰਹੇ ਹਨ ਅਤੇ ਉਨ੍ਹਾਂ ਨੇ ਪੰਜ ਸੈਂਕੜੇ ਅਤੇ 16 ਅਰਧ ਸੈਂਕੜਿਆਂ ਦੀ ਮਦਦ ਨਾਲ 2307 ਦੌੜਾਂ ਬਣਾਈਆਂ ਹਨ।

ਲਾਈਨ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTER ਅਤੇ YouTube 'ਤੇ ਜੁੜੋ।)