You’re viewing a text-only version of this website that uses less data. View the main version of the website including all images and videos.
ਲੁਧਿਆਣਾ: 'ਸੋਨੇ ਦਾ ਚੁਬਾਰਾ' ਗੀਤ ਨਾਲ ਵਾਇਰਲ ਹੋਣ ਵਾਲੀ ਜੋਤਹੀਣ ਪਲਕ ਕਿਵੇਂ ਬਣੀ 'ਪੇਸ਼ੇਵਰ ਗਾਇਕਾ'
- ਲੇਖਕ, ਹਰਮਨਦੀਪ ਸਿੰਘ
- ਰੋਲ, ਬੀਬੀਸੀ ਪੱਤਰਕਾਰ
ਲੁਧਿਆਣਾ ਦੀ 12 ਸਾਲ਼ਾ ਨੇਤਰਹੀਣ ਪਲਕ ਮਿੱਤਲ ਅੱਜ ਕੱਲ੍ਹ ਸੋਸ਼ਲ ਮੀਡੀਆ 'ਤੇ ਆਪਣੀ ਮਿੱਠੀ ਆਵਾਜ਼ ਕਾਰਨ ਵਾਇਰਲ ਹੈ।
ਪਲਕ ਅਤੇ ਉਸ ਦੀ ਵੱਡੀ ਭੈਣ ਭਾਵਨਾ ਮਿੱਤਲ (14) ਭਾਵੇਂ ਜੋਤਹੀਣ ਹਨ ਪਰ ਇਸ ਦੁਨੀਆਂ ਨੂੰ ਨਾ ਦੇਖ ਸਕਣ ਦੀ ਅਸਮਰੱਥਤਾ, ਉਨ੍ਹਾਂ ਨੂੰ ਸੁਪਨੇ ਦੇਖਣ ਤੋਂ ਨਹੀਂ ਰੋਕ ਸਕੀ।
ਪਲਕ ਹੁਣ ਲੁਧਿਆਣਾ ਦੀਆਂ ਗਲ਼ੀਆਂ 'ਚੋਂ ਉੱਠ ਕੇ ਸੰਗੀਤਕਾਰਾਂ ਦੇ ਸਟੂਡੀਓ ਵਿੱਚ ਪਹੁੰਚ ਗਈ ਹੈ।
ਦਰਅਸਲ ਪਲਕ ਦੀ ਗੀਤ ਗਾਉਂਦਿਆਂ ਦੀ ਇਕ ਵੀਡੀਓ ਪਿਛਲੇ ਦਿਨੀਂ ਵਾਇਰਲ ਹੋਈ ਸੀ ਅਤੇ ਲੋਕਾਂ ਵੱਲੋਂ ਪਲਕ ਦੀ ਆਵਾਜ਼ ਨੂੰ 'ਬੇਹੱਦ ਪਸੰਦ' ਕੀਤਾ ਗਿਆ।
ਹੁਣ ਪ੍ਰਸਿੱਧ ਅਤੇ ਪੇਸ਼ੇਵਰ ਸੰਗੀਤ ਨਿਰਮਾਤਾ ਤੇ ਗੀਤਕਾਰ ਬੰਟੀ ਬੈਂਸ ਵੱਲੋਂ ਇਨ੍ਹਾਂ ਦੋਵਾਂ ਭੈਣਾਂ ਦਾ ਗੀਤ ਰਿਕਾਰਡ ਕੀਤਾ ਗਿਆ ਹੈ।
ਇਸ ਗੀਤ ਨੂੰ ਰਿਕਾਰਡ ਕਰਨ ਵਿੱਚ ਲੁਧਿਆਣਾ ਪ੍ਰਸ਼ਾਸਨ ਵੱਲੋਂ ਪਰਿਵਾਰ ਦੀ ਮਦਦ ਕੀਤੀ ਗਈ ਹੈ।
ਹੁਣ ਦੋਵਾਂ ਭੈਣਾਂ ਦੇ ਸੁਪਨਿਆਂ ਨੂੰ ਖੰਭ ਲੱਗਣ ਦੀ ਆਸ ਬੱਝੀ ਹੈ। ਪਲਕ ਅਤੇ ਭਾਵਨਾ ਪੰਜਾਬੀ ਗਾਇਕ ਸਤਿੰਦਰ ਸਰਤਾਜ ਦੇ ਵਾਂਗ ਸੰਗੀਤ ਦੀ ਦੁਨੀਆਂ ਵਿੱਚ ਪ੍ਰਸਿੱਧ ਹੋਣਾ ਚਾਹੁੰਦੀਆਂ ਹਨ।
ਮੁਸ਼ਕਿਲਾਂ ਭਰੀ ਜ਼ਿੰਦਗੀ
ਦੋਵਾਂ ਭੈਣਾਂ ਦੀ ਮਾਂ ਹੁਣ ਦੁਨੀਆਂ ਵਿੱਚ ਨਹੀਂ ਹੈ। ਉਨ੍ਹਾਂ ਦੇ ਪਿਤਾ ਇਕੱਲਿਆ ਹੀ ਉਨ੍ਹਾਂ ਦਾ ਪਾਲਣ ਪੋਸ਼ਣ ਕਰਦੇ ਹਨ।
ਇਨ੍ਹਾਂ ਬੱਚੀਆਂ ਦੇ ਪਿਤਾ ਮਨੀਸ਼ ਮਿੱਤਲ ਇੱਕ ਨਿੱਜੀ ਕੰਪਨੀ ਵਿੱਚ ਨੌਕਰੀ ਕਰਕੇ ਭਾਵਨਾ ਅਤੇ ਪਲਕ ਦੀ ਦੇਖ਼ਭਾਲ ਕਰਦੇ ਹਨ।
ਇਸ ਤੋਂ ਇਲਾਵਾ ਇਕ ਹਾਦਸੇ ਵਿੱਚ ਦੋਵਾਂ ਭੈਣਾਂ ਦੀਆਂ ਲੱਤਾਂ ਵੀ ਟੁੱਟ ਗਈਆਂ ਸਨ।
ਮਨੀਸ਼ ਮਿੱਤਲ ਨੇ ਦੱਸਿਆ ਕਿ ਉਸ ਦੀਆਂ ਦੋਵੇਂ ਧੀਆਂ ਜੋਤਹੀਣ ਹਨ। 12 ਸਾਲਾ ਪਲਕ ਜਨਮ ਤੋਂ ਹੀ ਨੇਤਰਹੀਣ ਹੈ ਜਦਕਿ ਭਾਵਨਾ ਜਨਮ ਸਮੇਂ ਸਿਰਫ਼ ਇੱਕ ਅੱਖ ਨਾਲ ਦੇਖ ਸਕਦੀ ਸੀ ਪਰ ਅੱਠ ਸਾਲ ਦੀ ਉਮਰ ਵਿੱਚ ਉਸ ਦੀ ਦੂਜੀ ਅੱਖ ਦੀ ਰੌਸ਼ਨੀ ਵੀ ਚਲੀ ਗਈ ਸੀ।
ਮਨੀਸ਼ ਨੇ ਦੱਸਿਆ ਕਿ ਪਹਿਲਾਂ ਉਹ ਆਪਣੀ ਪਤਨੀ ਨਾਲ ਮਿਲ ਕੇ ਆਪਣੀਆਂ ਦੋਵਾਂ ਧੀਆਂ ਦੀ ਦੇਖਭਾਲ ਕਰਦਾ ਸੀ। ਪਰ ਤਿੰਨ ਸਾਲ ਪਹਿਲਾਂ ਇੱਕ ਸੜਕ ਹਾਦਸੇ ਵਿੱਚ ਉਨ੍ਹਾਂ ਦੀ ਪਤਨੀ ਦੀ ਮੌਤ ਹੋ ਗਈ ਸੀ।
ਮਨੀਸ਼ ਕਹਿੰਦੇ ਹਨ, "ਇਸ ਹਾਦਸੇ ਵਿੱਚ ਪਲਕ ਅਤੇ ਭਾਵਨਾ ਦੀਆਂ ਲੱਤਾਂ ਵੀ ਟੁੱਟ ਗਈਆਂ ਸਨ। ਜਿਸ ਮਗਰੋਂ ਡੇਢ ਮਹੀਨੇ ਦੋਵਾਂ ਦਾ ਪੀਜੀਆਈ ਵਿੱਚ ਇਲਾਜ ਚੱਲਦਾ ਰਿਹਾ। ਹਸਪਤਾਲ ਵਿੱਚ ਇਲਾਜ ਪਿੱਛੋਂ ਘਰ ਆਉਣ ਤੋਂ ਬਾਅਦ ਦੋਵਾਂ ਭੈਣਾਂ ਦੀ ਜ਼ਿੰਦਗੀ ਹੋਰ ਮੁਸ਼ਕਿਲਾਂ ਭਰੀ ਹੋ ਗਈ ਸੀ ਕਿਉਂਕਿ ਇੱਕ ਤਾਂ ਉਹਨਾਂ ਨੇ ਆਪਣੀ ਮਾਂ ਨੂੰ ਗੁਆ ਦਿੱਤਾ ਸੀ ਦੂਜਾ ਪਰਿਵਾਰ ਦੀ ਮਦਦ ਕਰਨ ਵਾਲਾ ਕੋਈ ਨਹੀਂ ਸੀ।"
"ਇਸ ਲਈ ਇਨ੍ਹਾਂ ਦੀ ਦੇਖਭਾਲ ਸ਼ੁਰੂਆਤ ਵਿੱਚ ਮੈਨੂੰ ਇਕੱਲੇ ਹੀ ਕਰਨੀ ਪਈ। ਪਰ ਹੁਣ ਕਿਰਾਏਦਾਰ ਮੇਰੀ ਮਦਦ ਕਰ ਦਿੰਦੇ ਹਨ।"
ਗਾਉਣਾ ਕਿਵੇਂ ਸਿੱਖਿਆ
ਮਨੀਸ਼ ਦੱਸਦੇ ਹਨ ਕਿ ਉਨ੍ਹਾਂ ਦੀਆਂ ਧੀਆਂ ਨੂੰ ਗਾਉਣ ਦੇ ਗੁਰ ਉਨ੍ਹਾਂ ਦੀ ਮਾਂ ਕੋਲੋਂ ਮਿਲੇ।
ਮਨੀਸ਼ ਕਹਿੰਦੇ ਹਨ, "ਮੇਰੀ ਪਤਨੀ ਨੂੰ ਸੰਗੀਤ ਦਾ ਬਹੁਤ ਸ਼ੌਕ ਸੀ ਅਤੇ ਮਰਨ ਤੋਂ ਪਹਿਲਾਂ ਉਹ ਆਪਣੇ ਗੁਣ ਧੀਆਂ ਨੂੰ ਦੇ ਗਏ। ਮੇਰੀ ਪਤਨੀ ਘਰ ਵਿੱਚ ਰਿਆਜ਼ ਕਰਦੀ ਸੀ। ਇਸ ਦਾ ਬੱਚਿਆਂ ਉਪਰ ਬਹੁਤ ਪ੍ਰਭਾਵ ਪਿਆ।"
ਪਲਕ ਕਹਿੰਦੀ ਹੈ ਕਿ ਉਸ ਨੂੰ ਬਚਪਨ ਤੋਂ ਹੀ ਗਾਉਣ ਦਾ ਸ਼ੌਂਕ ਸੀ।
ਪਲਕ ਨੇ ਕਿਹਾ, "ਬਚਪਨ ਵਿੱਚ ਜਦੋਂ ਟੀਵੀ ਉੱਤੇ ਗਾਣਾ ਚੱਲਦਾ ਸੀ ਤਾਂ ਮੈਂ ਗਾਣਾ ਸੁਣ ਕੇ ਉਸ ਨੂੰ ਯਾਦ ਕਰਦੀ ਸੀ। ਫਿਰ ਉਸੇ ਤਰ੍ਹਾਂ ਹੀ ਗਾਉਂਦੀ ਸੀ। ਇਸੇ ਤਰ੍ਹਾਂ ਮੈਂ ਗਾਉਣਾ ਸਿੱਖ ਗਈ।"
ਕਾਮਯਾਬ ਗਾਇਕ ਬਣਨ ਦਾ ਸੁਪਨਾ
ਪਲਕ ਕਹਿੰਦੀ ਹੈ ਕਿ ਉਸ ਦਾ ਸੁਪਨਾ ਹੈ ਕਿ ਉਹ ਕਾਮਯਾਬ ਗਾਇਕਾ ਬਣੇ। ਆਪਣੇ ਪਿਤਾ ਦਾ ਨਾਮ ਰੌਸ਼ਨ ਕਰੇ ਅਤੇ ਉਨ੍ਹਾਂ ਦੀ ਦੇਖਭਾਲ ਕਰੇ।
"ਜ਼ਿੰਦਗੀ ਵਿੱਚ ਮੇਰਾ ਉਦੇਸ਼ ਹੈ ਕਿ ਪਹਿਲਾਂ ਪੜ੍ਹਾਈ ਪੂਰੀ ਕਰਨੀ ਹੈ। ਫਿਰ ਮੈਂ ਇੱਕ ਗਾਇਕ ਬਣਨਾ ਚਾਹੁੰਦੀ ਹਾਂ। ਸਰਤਾਜ ਮੇਰਾ ਮਨ-ਪਸੰਦ ਦਾ ਗਾਇਕ ਹੈ ਅਤੇ ਮੈਂ ਵੀ ਉਸੇ ਤਰ੍ਹਾਂ ਹੀ ਸਫ਼ਲ ਹੋਣਾ ਚਾਹੁੰਦੀ ਹਾਂ। ਮੈਨੂੰ ਖੁਸ਼ੀ ਹੈ ਕਿ ਸਾਡਾ ਗੀਤ ਰਿਕਾਰਡ ਹੋਇਆ ਹੈ। ਮੇਰੀ ਇੱਛਾ ਹੈ ਕਿ ਮੈਂ ਗਾਇਕ ਬਣਾ ਤੇ ਮੇਰੇ ਨਾਲ ਮੇਰੇ ਪਿਤਾ ਦਾ ਵੀ ਨਾਮ ਰੋਸ਼ਨ ਹੋਵੇ।"
"ਇਸ ਤੋਂ ਇਲਾਵਾ ਮੈਂ ਆਪਣੇ ਪਿਤਾ ਦੀ ਦੇਖਭਾਲ ਕਰਨੀ ਚਾਹੁੰਦੀ ਹਾਂ। ਜਿਵੇਂ ਉਹ ਸਾਡੀ ਦੇਖਭਾਲ ਕਰਦੇ ਹਨ, ਮੈਂ ਵੀ ਉਨ੍ਹਾਂ ਦੀ ਉਵੇਂ ਹੀ ਦੇਖਭਾਲ ਕਰਨਾ ਚਾਹੁੰਦੀ ਹਾਂ ਤਾਂ ਕਿ ਉਹਨਾਂ ਨੂੰ ਕੋਈ ਸਮੱਸਿਆ ਨਾ ਆਵੇ।"
ਭਾਵਨਾ ਨੇ ਕਿਹਾ ਕਿ ਉਸ ਨੂੰ ਵੀ ਬਚਪਨ ਤੋਂ ਹੀ ਗਾਉਣ ਦਾ ਸ਼ੌਂਕ ਹੈ। ਪਲਕ ਵਾਂਗ ਉਸ ਦਾ ਮਨ ਪਸੰਦੀਦਾ ਗਾਇਕ ਸਤਿੰਦਰ ਸਰਤਾਜ ਹੀ ਹੈ। ਉਹ ਵੀ ਚਾਹੁੰਦੀ ਹੈ ਕਿ ਉਹ ਇੱਕ ਸਫ਼ਲ ਗਾਇਕ ਬਣੇ ਅਤੇ ਫਿਰ ਬੁਢਾਪੇ ਵਿੱਚ ਆਪਣੇ ਪਿਤਾ ਦੀ ਦੇਖਭਾਲ ਕਰੇ।
ਪ੍ਰਸ਼ਾਸਨ ਨੇ ਬਾਂਹ ਫੜੀ
ਲੁਧਿਆਣਾ ਪ੍ਰਸ਼ਾਸਨ ਵੱਲੋਂ 'ਪ੍ਰਤਿਭਾ ਦੀ ਖੋਜ' ਨਾਮ ਦੀ ਇੱਕ ਪਹਿਲ ਦੀ ਸ਼ੁਰੂਆਤ ਕੀਤੀ ਗਈ ਹੈ। ਇਸ ਪਹਿਲ ਤਹਿਤ ਪ੍ਰਸ਼ਾਸਨ ਵੱਲੋਂ ਬਾਲ ਕਲਾਕਾਰਾਂ ਦਾ ਹੁਨਰ ਨਿਖਾਰਨ ਵਾਸਤੇ ਸਰਕਾਰੀ ਅਦਾਰੇ ਇਸ਼ਮੀਤ ਸਿੰਘ ਸੰਗੀਤ ਇੰਸਟੀਟਿਊਟ ਵਿੱਚ ਪੇਸ਼ੇਵਰ ਕਲਾਕਾਰਾਂ ਰਾਹੀਂ ਮਦਦ ਕਰਨ ਦਾ ਫ਼ੈਸਲਾ ਕੀਤਾ ਹੈ।
ਇਸੇ ਪਹਿਲ ਤਹਿਤ ਹੀ ਦੋਵਾਂ ਭੈਣਾਂ ਦਾ ਗੀਤ ਰਿਕਾਰਡ ਕਰਵਾਇਆ ਗਿਆ ਹੈ।
ਡਿਪਟੀ ਕਮਿਸ਼ਨਰ ਜਤਿੰਦਰ ਜੋਰਵਾਲ ਨੇ ਦੱਸਿਆ, "ਸਰਕਾਰੀ ਇੰਸਟੀਚਿਊਟ ਫਾਰ ਬਲਾਇੰਡ ਵਿੱਚ ਚੈਕਿੰਗ ਦੌਰਾਨ ਮੈਨੂੰ ਪਤਾ ਲੱਗਿਆ ਕਿ ਪਲਕ ਬਹੁਤ ਸੁਰੀਲਾ ਗਾਉਂਦੀ ਹੈ। ਮੈਂ ਪਲਕ ਦੇ ਗੀਤ ਸੁਣਨ ਦੀ ਇੱਛਾ ਪ੍ਰਗਟ ਕੀਤੀ। ਇਸ ਦੌਰਾਨ ਜਦੋਂ ਪਲਕ ਗੀਤ ਗਾ ਰਹੀ ਸੀ ਤਾਂ ਸਕੂਲ ਦੇ ਅਧਿਆਪਕਾਂ ਵੱਲੋਂ ਇਸ ਦਾ ਵੀਡੀਓ ਰਿਕਾਰਡ ਕਰ ਲਿਆ ਗਿਆ। ਇਹ ਵੀਡੀਓ ਸੋਸ਼ਲ ਮੀਡੀਆ ਉੱਤੇ ਕਾਫੀ ਵਾਇਰਲ ਹੋਇਆ ਅਤੇ ਲੋਕਾਂ ਵੱਲੋਂ ਪਸੰਦ ਕੀਤਾ ਗਿਆ।"
"ਵੀਡੀਉ ਵਾਇਰਲ ਮਗਰੋਂ ਹੁਣ ਬੰਟੀ ਬੈਂਸ ਨੇ ਪਲਕ ਦੀ ਮਦਦ ਕਰਨ ਵਾਸਤੇ ਪ੍ਰਸ਼ਾਸਨ ਕੋਲ ਪਹੁੰਚ ਕੀਤੀ। ਇਸ ਦੌਰਾਨ ਸਾਨੂੰ ਪਤਾ ਲੱਗਿਆ ਕਿ ਪਲਕ ਦੀ ਵੱਡੀ ਭੈਣ ਵੀ ਸ਼ਾਨਦਾਰ ਆਵਾਜ਼ ਦੀ ਮਾਲਕ ਹੈ। ਇਸ ਲਈ ਬੰਟੀ ਬੈਂਸ ਤੇ ਉਨ੍ਹਾਂ ਦੀ ਟੀਮ ਵੱਲੋਂ ਦੋਵੇਂ ਭੈਣਾਂ ਵਾਸਤੇ ਨਵਾਂ ਗੀਤ ਲਿਖਿਆ ਗਿਆ, ਉਸ ਦਾ ਸੰਗੀਤ ਤਿਆਰ ਕੀਤਾ ਗਿਆ ਅਤੇ ਹੁਣ ਉਹ ਜਲਦੀ ਹੀ ਇਸ ਗੀਤ ਨੂੰ ਜਾਰੀ ਕਰਨਗੇ।"
ਧੀਆਂ ਪੁੱਤਰਾਂ ਤੋਂ ਘੱਟ ਨਹੀਂ
ਮਨੀਸ਼ ਕਹਿੰਦੇ ਹਨ ਕਿ ਉਸ ਦੀਆਂ ਧੀਆਂ ਪੁੱਤਾਂ ਤੋਂ ਘੱਟ ਨਹੀਂ ਹਨ। ਉਹ ਉਨ੍ਹਾਂ ਨੂੰ ਮੁੰਡਿਆਂ ਦੇ ਬਰਾਬਰ ਹੀ ਮੰਨਦੇ ਹਨ।
ਉਨ੍ਹਾਂ ਕਿਹਾ, "ਮੈਂ ਦੁਨੀਆ ਵਿੱਚ ਦੇਖਿਆ ਹੈ ਜਦੋਂ ਤੰਦਰੁਸਤ ਕੁੜੀ ਵੀ ਜਨਮ ਲੈਂਦੀ ਹੈ ਤਾਂ ਲੋਕ ਉਸ ਨੂੰ ਸਵੀਕਾਰ ਨਹੀਂ ਕਰਦੇ। ਮੇਰੀਆਂ ਧੀਆਂ ਤਾਂ ਨੇਤਰਹੀਣ ਹਨ, ਫਿਰ ਵੀ ਮੈਂ ਇਹਨਾਂ ਨੂੰ ਕਿਸੇ ਤੋਂ ਘੱਟ ਨਹੀਂ ਸਮਝਦਾ। ਇਹ ਮੁੰਡਿਆਂ ਦੇ ਬਰਾਬਰ ਹਨ। ਮੇਰਾ ਸੁਪਨਾ ਹੈ ਕਿ ਇਹ ਦੋਵੇਂ ਜ਼ਿੰਦਗੀ ਵਿੱਚ ਕਾਮਯਾਬ ਹੋਣ। ਆਪਣੇ ਪੈਰਾਂ ਉੱਤੇ ਖੜਨ ਅਤੇ ਕਾਮਯਾਬ ਗਾਇਕ ਬਣਨ।"
ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ