You’re viewing a text-only version of this website that uses less data. View the main version of the website including all images and videos.
ਕੀ ਸ਼ਰਾਬ ਨਾਲ ਕੈਂਸਰ ਹੁੰਦਾ ਹੈ? ਅਮਰੀਕਾ 'ਚ ਡਾਕਟਰਾਂ ਨੇ ਸ਼ਰਾਬ ਬਾਰੇ ਕਿਹੜੀ ਚੇਤਨਾ ਫੈਲਾਉਣ ਦੀ ਮੰਗ ਕੀਤੀ
- ਲੇਖਕ, ਬਾਜੇਸ਼ ਉਪਾਧਿਆਏ
- ਰੋਲ, ਬੀਬੀਸੀ ਨਿਊਜ਼
ਅਮਰੀਕਾ 'ਚ ਸ਼ਰਾਬ ਨੂੰ ਲੈ ਕੇ ਹੋਈ ਇੱਕ ਨਵੀਂ ਖੋਜ 'ਚ ਸਾਹਮਣੇ ਆਇਆ ਹੈ ਕਿ ਸ਼ਰਾਬ ਦਾ ਸੇਵਨ ਸੱਤ ਕਿਸਮਾਂ ਦੇ ਕੈਂਸਰ ਨੂੰ ਸੱਦਾ ਦਿੰਦਾ ਹੈ।
ਅਮਰੀਕਾ ਦੇ ਵੱਡੇ ਸਿਹਤ ਅਧਿਕਾਰੀ ਨੇ ਇਹ ਮੰਗ ਕੀਤੀ ਹੈ ਕਿ ਸ਼ਰਾਬ ਦੀਆਂ ਬੋਤਲਾਂ ਉੱਤੇ ਵੀ ਸਿਗਰਟਾਂ ਵਾਂਗ 'ਕੈਂਸਰ ਦੇ ਖ਼ਤਰੇ ਦੀ ਚੇਤਾਵਨੀ' ਲਾਈ ਜਾਵੇ।
ਯੂਐੱਸ ਸਰਜਨ ਜਨਰਲ ਵਿਵੇਕ ਮੂਰਤੀ ਦਾ ਕਹਿਣਾ ਹੈ ਕਿ "ਬਹੁਗਿਣਤੀ ਅਮਰੀਕੀ ਇਸ ਖਤਰੇ ਤੋਂ ਅਣਜਾਣ ਹਨ" ਜਿਸ ਕਾਰਨ ਅਮਰੀਕਾ ਵਿੱਚ ਹਰ ਸਾਲ ਕੈਂਸਰ ਦੇ ਲਗਭਗ 1,00,000 ਕੇਸ ਦਰਜ ਕੀਤੇ ਜਾਂਦੇ ਹਨ ਅਤੇ 20,000 ਮੌਤਾਂ ਹੁੰਦੀਆਂ ਹਨ।
ਮੌਜੂਦਾ ਚੇਤਾਵਨੀ ਲੇਬਲਾਂ ਨੂੰ ਬਦਲਣ ਲਈ ਕਾਂਗਰਸ ਵੱਲੋਂ ਐਕਟ ਲੈ ਕੇ ਆਉਣ ਦੀ ਲੋੜ ਪਵੇਗੀ ਜੋ ਕਿ 1988 ਤੋਂ ਸੋਧਿਆ ਨਹੀਂ ਗਿਆ।
ਡਾ. ਮੂਰਤੀ ਨੇ ਸ਼ਰਾਬ ਦੀ ਖਪਤ ਲਈ ਸਿਫ਼ਾਰਸ਼ ਕੀਤੀਆਂ ਸੀਮਾਵਾਂ ਦਾ ਮੁੜ ਮੁਲਾਂਕਣ ਕਰਨ ਦਾ ਵੀ ਸੁਝਾਅ ਦਿੱਤਾ।
ਉਨ੍ਹਾਂ ਨੇ ਸ਼ਰਾਬ ਪਦਾਰਥਾਂ ਨਾਲ ਜੁੜੇ ਕੈਂਸਰ ਖ਼ਤਰਿਆਂ ਬਾਰੇ ਸਿੱਖਿਆ ਦੇ ਯਤਨਾਂ ਨੂੰ ਹੁਲਾਰਾ ਦੇਣ ਦੀ ਵੀ ਗੱਲ ਰੱਖੀ ਹੈ।
ਸਰਜਨ ਜਨਰਲ ਫੈਡਰਲ ਸਰਕਾਰ ਵਿੱਚ ਜਨਤਕ ਸਿਹਤ ਦੇ ਮਾਮਲਿਆਂ 'ਤੇ ਪ੍ਰਮੁੱਖ ਬੁਲਾਰੇ ਹਨ।
ਉਨ੍ਹਾਂ ਦਾ ਕਹਿਣਾ ਹੈ ਤੰਬਾਕੂ ਅਤੇ ਮੋਟਾਪੇ ਤੋਂ ਬਾਅਦ ਸ਼ਰਾਬ ਦਾ ਸੇਵਨ ਕੈਂਸਰ ਦਾ ਤੀਜਾ ਸਭ ਤੋਂ ਆਮ ਕਾਰਨ ਹੈ।
ਡਾ. ਮੂਰਤੀ ਨੇ ਇੱਕ ਬਿਆਨ 'ਚ ਕਿਹਾ "ਸ਼ਰਾਬ ਦੀ ਕਿਸਮ ਕੋਈ ਵੀ ਹੋਵੇ (ਜਿਵੇਂ ਕਿ ਬੀਅਰ, ਵਾਈਨ ਜਾਂ ਸਪਿਰਿਟ), ਇਸ ਦੀ ਖ਼ਪਤ ਨਾਲ ਕੈਂਸਰ ਦੀਆਂ ਘੱਟੋ-ਘੱਟ ਸੱਤ ਕਿਸਮਾਂ ਦਾ ਖ਼ਤਰਾ ਪੈਦਾ ਹੁੰਦਾ ਹੈ। ਇਹ ਤੱਥ ਸਪਸ਼ਟ ਤੌਰ 'ਤੇ ਸਾਬਤ ਹੋ ਚੁੱਕਾ ਹੈ।"
ਸ਼ਰਾਬ ਨਾਲ ਹੋਣ ਵਾਲੇ ਕੈਂਸਰ ਦੀ ਕਿਸਮਾਂ 'ਚ ਜਿਗਰ, ਛਾਤੀ, ਗਲੇ, ਮੂੰਹ, ਕਲੋਨ ਅਤੇ ਫ਼ੂਡ ਪਾਈਪ ਦਾ ਕੈਂਸਰ ਸ਼ਾਮਲ ਹੈ।
ਨਵੀਂ ਰਿਪੋਰਟ ਸਿਫ਼ਾਰਸ਼ ਕਰਦੀ ਹੈ ਕਿ ਸਿਹਤ ਸੰਭਾਲ ਪ੍ਰਸ਼ਾਸਨ ਨੂੰ ਲੋੜ ਅਨੁਸਾਰ ਸ਼ਰਾਬ ਸੇਵਨ ਦੀ ਸਕ੍ਰੀਨਿੰਗ ਕਰਕੇ ਲੋਕਾਂ ਨੂੰ ਇਲਾਜ ਦੇ ਹਵਾਲੇ ਤੋਂ ਉਤਸ਼ਾਹਿਤ ਕਰਨਾ ਚਾਹੀਦਾ ਹੈ।
ਇਸ ਦੇ ਨਾਲ ਹੀ ਰਿਪੋਰਟ ਦਾ ਕਹਿਣਾ ਹੈ ਕਿ ਆਮ ਜਾਗਰੂਕਤਾ ਵਧਾਉਣ ਦੇ ਯਤਨਾਂ ਦਾ ਵਿਸਤਾਰ ਵੀ ਕੀਤਾ ਜਾਣਾ ਚਾਹੀਦਾ ਹੈ।
ਮੌਜੂਦਾ ਕਾਨੂੰਨ ਤਹਿਤ ਸ਼ਰਾਬ ਦੇ ਲੇਬਲ 'ਤੇ ਗਰਭਵਤੀ ਮਹਿਲਾਵਾਂ ਲਈ ਚੇਤਾਵਨੀ ਦੇਣਾ ਲਾਜ਼ਮੀ ਹੈ।
ਇੱਕ ਹੋਰ ਚੇਤਾਵਨੀ ਵੀ ਲਾਜ਼ਮੀ ਹੈ, ਜੋ ਦੱਸੇ "ਸ਼ਰਾਬ ਦਾ ਸੇਵਨ ਗੱਡੀ ਜਾ ਮਸ਼ੀਨ ਚਲਾਉਣ ਦੀ ਸਮਰੱਥਾ 'ਤੇ ਅਸਰ ਪਾ ਸਕਦਾ ਹੈ। ਇਸ ਦੇ ਨਾਲ ਹੋਰ ਵੀ ਸਿਹਤ ਸੰਬਧੀ ਸਮੱਸਿਆਵਾਂ ਪੈਦਾ ਹੋ ਸਕਦੀਆਂ ਹਨ।"
ਪਿਛਲੇ ਦੋ ਦਹਾਕਿਆਂ ਵਿੱਚ, ਕਈ ਦੇਸ਼ਾਂ ਨੇ ਖਪਤਕਾਰਾਂ ਨੂੰ ਸ਼ਰਾਬ ਪੀਣ ਦੇ ਮਾੜੇ ਪ੍ਰਭਾਵਾਂ ਬਾਰੇ ਦੱਸਣ ਲਈ ਤੇਜ਼ੀ ਨਾਲ ਨਵੇਂ ਲੇਬਲ ਪੇਸ਼ ਕੀਤੇ ਹਨ।
ਡਾ. ਮੂਰਤੀ ਦੀ ਰਿਪੋਰਟ ਵਿੱਚ ਵਿਸ਼ਵ ਸਿਹਤ ਸੰਗਠਨ ਦੀ ਰਿਪੋਰਟ ਦਾ ਹਵਾਲਾ ਦਿੱਤਾ ਗਿਆ ਹੈ।
ਉਸ ਰਿਪੋਰਟ ਮੁਤਾਬਕ ਅਮਰੀਕਾ ਦੇ 47 ਮੈਂਬਰ ਰਾਜਾਂ ਨੇ 2018 ਤੱਕ ਸ਼ਰਾਬ 'ਤੇ ਸਿਹਤ ਅਤੇ ਸੁਰੱਖਿਆ ਚੇਤਾਵਨੀਆਂ ਨੂੰ ਲਾਜ਼ਮੀ ਬਣਾਇਆ ਹੈ। 2014 ਤੱਕ ਇਹ ਗਿਣਤੀ ਸਿਰਫ 31 ਰਾਜਾਂ ਤੱਕ ਸੀਮਿਤ ਸੀ।
ਆਇਰਲੈਂਡ ਸ਼ਰਾਬ ਦੀ ਖ਼ਪਤ ਸੰਬਧਤ ਕੈਂਸਰ ਦੀ ਚੇਵਨਤੀਆਂ ਨੂੰ ਲਾਜ਼ਮੀ ਕਰਨ ਵਾਲਾ ਦੁਨੀਆਂ ਦਾ ਪਹਿਲਾ ਦੇਸ਼ ਬਣ ਚੁੱਕਾ ਹੈ। 2026 ਤੋਂ ਆਇਰਲੈਂਡ ਦੇ ਗਣਰਾਜ ਵਿੱਚ ਸ਼ਰਾਬ ਦੀਆਂ ਸਾਰੀਆਂ ਬੋਤਲਾਂ ਇਹ ਚੇਤਾਵਨੀ ਨੂੰ ਲੇਬਲ 'ਤੇ ਪ੍ਰਿੰਟ ਕਰਨਾ ਕਾਨੂੰਨੀ ਤੌਰ 'ਤੇ ਲਾਜ਼ਮੀ ਹੋਵੇਗਾ।
ਦੱਖਣੀ ਕੋਰੀਆ ਨੇ ਵੀ ਸ਼ਰਾਬ 'ਤੇ ਕੈਂਸਰ-ਵਿਸ਼ੇਸ਼ ਚੇਤਾਵਨੀਆਂ ਨੂੰ ਛਾਪਣ ਦੀ ਮੰਗ ਚੁੱਕੀ ਹੈ।
ਅਮਰੀਕਾ ਵਿੱਚ ਕੇਵਲ ਕਾਂਗਰਸ ਹੀ ਡਾ. ਮੂਰਤੀ ਦੁਆਰਾ ਸਿਫਾਰਸ਼ ਕੀਤੇ ਗਏ ਨਵੇਂ ਚੇਤਾਵਨੀ ਲੇਬਲਾਂ ਲਈ ਲੋੜੀਂਦਾ ਸੋਧ ਲਿਆ ਸਕਦੀ ਹੈ।
ਹਾਲੇ ਇਹ ਸਪੱਸ਼ਟ ਨਹੀਂ ਹੈ ਕਿ ਆਉਣ ਵਾਲਾ ਟਰੰਪ ਪ੍ਰਸ਼ਾਸਨ ਇਸ ਤਬਦੀਲੀ ਦਾ ਸਮਰਥਨ ਕਰੇਗਾ ਜਾਂ ਨਹੀਂ।
ਨਵੇਂ ਅਧਿਐਨਾਂ ਨੇ ਸੰਕੇਤ ਦਿੱਤੇ ਹਨ ਕਿ ਕਿਸੇ ਵੀ ਮਾਤਰਾ 'ਚ ਕੀਤਾ ਗਿਆ ਸ਼ਰਾਬ ਦਾ ਸੇਵਨ ਸੁਰੱਖਿਅਤ ਨਹੀਂ ਹੈ।
ਇਸ ਖੁਲਾਸੇ ਦੇ ਮੱਧੇਨਜ਼ਰ ਕਈ ਦੇਸ਼ਾਂ ਨੇ ਖਪਤ ਲਈ ਸਿਫ਼ਾਰਸ਼ ਕੀਤੀਆਂ ਸ਼ਰਾਬ ਸੀਮਾਵਾਂ ਨੂੰ ਸੋਧਿਆ ਹੈ।
ਕੈਨੇਡਾ ਨੇ ਪਿਛਲੇ ਸਾਲ ਲਗਭਗ ਦੋ ਡ੍ਰਿੰਕ ਪ੍ਰਤੀ ਦਿਨ ਦੀ ਆਪਣੀ ਸਿਫ਼ਾਰਸ਼ ਨੂੰ ਸੋਧ ਕਿ ਦੋ ਡ੍ਰਿੰਕ ਪ੍ਰਤੀ ਹਫ਼ਤਾ ਕਰ ਦਿੱਤਾ ਸੀ।
ਉੱਧਰ ਯੂਐੱਸ ਨੇ ਪੁਰਸ਼ਾਂ ਲਈ ਇੱਕ ਦਿਨ ਵਿੱਚ ਦੋ ਅਤੇ ਔਰਤਾਂ ਲਈ ਇੱਕ ਡ੍ਰਿੰਕ ਪੀਣ ਦੀ ਸਿਫਾਰਸ਼ ਕੀਤੀ ਹੋਈ ਹੈ।
ਯੂਕੇ ਪ੍ਰਸ਼ਾਸਨ ਵਲੋਂ ਵੀ ਇੱਕ ਹਫ਼ਤੇ 'ਚ ਸ਼ਰਾਬ ਦੇ 14 "ਯੂਨਿਟਾਂ" ਤੋਂ ਘੱਟ ਯਾਨਿ ਪ੍ਰਤੀ ਹਫ਼ਤੇ ਵਾਈਨ ਦੇ ਲਗਭਗ ਛੇ ਗਲਾਸ, ਜਾਂ ਬੀਅਰ ਦੇ ਪਿੰਟ ਦਾ ਸੁਝਾਅ ਦਿੱਤਾ ਗਿਆ ਹੈ।
ਇਸ ਘੋਸ਼ਣਾ ਤੋਂ ਬਾਅਦ ਯੂਐਸ 'ਚ ਸੂਚੀਬੱਧ ਵਿਸ਼ਵ ਦੀ ਸਭ ਤੋਂ ਵੱਡੀ ਸਪਿਰਿਟ ਨਿਰਮਾਤਾ ਕੰਪਨੀ ਡਿਆਜੀਓ ਦੇ ਸ਼ੇਯਰ ਦੀ ਕੀਮਤ 4 ਫ਼ੀਸਦੀ ਡਿੱਗ ਗਈ।
ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ