ਬੋਰਡ ਦੇ ਪੇਪਰਾਂ ਦੇ ਨਾਲ-ਨਾਲ CUET ਦੀ ਤਿਆਰੀ ਕਿਵੇਂ ਕਰੀਏ, ਕਿਵੇਂ ਕਾਲਜ ਜਾਣ ਦਾ ਰਸਤਾ ਤੈਅ ਕਰਦੀ ਹੈ ਇਹ ਪ੍ਰੀਖਿਆ

ਪ੍ਰੀਖਿਆ ਵਿੱਚ ਬੈਠੀਆਂ ਲੜਕੀਆਂ

ਤਸਵੀਰ ਸਰੋਤ, Getty Images

    • ਲੇਖਕ, ਪ੍ਰਿਅੰਕਾ ਝਾਅ
    • ਰੋਲ, ਬੀਬੀਸੀ ਪੱਤਰਕਾਰ

ਕਾਮਨ ਯੂਨੀਵਰਸਿਟੀ ਐਂਟਰੈਂਸ ਟੈਸਟ ਯਾਨੀ ਸਾਂਝੀ ਯੂਨੀਵਰਸਿਟੀ ਦਾਖ਼ਲਾ ਪ੍ਰੀਖਿਆ ਦੇ ਰਜਿਸਟ੍ਰੇਸ਼ਨ ਫਾਰਮ ਜਾਰੀ ਹੋ ਗਏ ਹਨ। ਇਨ੍ਹਾਂ ਦੇ ਆਉਂਦਿਆਂ ਹੀ ਉਨ੍ਹਾਂ ਵਿਦਿਆਰਥੀਆਂ ਦਾ ਕੰਮ ਵਧ ਗਿਆ ਹੈ, ਜੋ ਇਨੀਂ ਦਿਨੀਂ 12ਵੀਂ ਦੀ ਬੋਰਡ ਪ੍ਰੀਖਿਆ ਦੀ ਤਿਆਰੀ ਵਿੱਚ ਜੁਟੇ ਹੋਏ ਸਨ।

ਇੱਕ ਪਾਸੇ ਬੋਰਡ ਪ੍ਰੀਖਿਆ ਦੀ ਤਿਆਰੀ ਕਰਨੀ ਹੈ, ਦੂਜੇ ਪਾਸੇ ਸੀਯੂਈਟੀ ਦਾ ਵੀ ਖ਼ਿਆਲ ਰੱਖਣਾ ਹੈ, ਅਜਿਹੇ ਵਿੱਚ ਕੀ ਪੜ੍ਹੀਏ, ਕਿਵੇਂ ਪੜ੍ਹੀਏ ਅਤੇ ਕਿਸ ਨੂੰ ਜ਼ਿਆਦਾ ਪਹਿਲ ਦੇਈਏ, ਅਜਿਹੇ ਸਵਾਲ ਪਰੇਸ਼ਾਨ ਕਰ ਸਕਦੇ ਹਨ। ਕਿਉਂਕਿ ਬੋਰਡ ਪ੍ਰੀਖਿਆ ਤੋਂ ਬਾਅਦ ਜੋ ਵਿਦਿਆਰਥੀਆਂ ਨੂੰ ਅੱਗੇ ਲੈ ਕੇ ਜਾਵੇਗਾ, ਉਹ ਹੈ ਸੀਯੂਈਟੀ।

ਦਿੱਲੀ ਵਿੱਚ ਰਹਿਣ ਵਾਲੀ ਲੀਨਾ ਅੱਜਕਲ ਪ੍ਰੀ-ਬੋਰਡ ਪ੍ਰੀਖਿਆਵਾਂ ਦੇ ਰਹੀ ਹੈ, ਬੋਰਡ ਦੀ ਤਿਆਰੀ ਕਰ ਰਹੀ ਹੈ ਅਤੇ ਨਾਲ ਹੀ ਸੀਯੂਈਟੀ ਵੀ ਉਸ ਦੀਆਂ ਤਿਆਰੀਆਂ ਦਾ ਹਿੱਸਾ ਹੈ।

ਹੁਣ ਸਵਾਲ ਇਹ ਕਿ ਸਾਂਝੀ ਯੂਨੀਵਰਸਿਟੀ ਦਾਖ਼ਲਾ ਪ੍ਰੀਖਿਆ ਹੈ ਕੀ, ਇਸ ਦਾ ਪੈਟਰਨ ਕਿਹੋ ਜਿਹਾ ਹੁੰਦਾ ਹੈ ਅਤੇ ਇਸ ਦੀ ਤਿਆਰੀ ਵਿੱਚ ਲੱਗੇ ਵਿਦਿਆਰਥੀ ਕਿਸ ਰਣਨੀਤੀ ਨਾਲ ਚੰਗਾ ਸਕੋਰ ਕਰ ਸਕਦੇ ਹਨ?

ਇਸ ਲੇਖ ਵਿੱਚ ਅਜਿਹੇ ਲੱਖਾਂ ਵਿਦਿਆਰਥੀਆਂ ਦੀਆਂ ਕੁਝ ਉਲਝਣਾਂ ਨੂੰ ਸਮਝਾਂਗੇ ਅਤੇ ਮਾਹਰਾਂ ਤੋਂ ਜਾਣਾਂਗੇ ਕਿ ਇਸ ਪ੍ਰੀਖਿਆ ਲਈ ਸਹੀ ਰਣਨੀਤੀ ਕੀ ਹੋ ਸਕਦੀ ਹੈ।

ਕਾਲਜ ਜਾਣ ਦਾ ਰਸਤਾ ਹੈ ਸੀਯੂਈਟੀ ਪ੍ਰੀਖਿਆ

ਵਿਦਿਆਰਥੀਆਂ ਦੀ ਗਹਿਮਾ-ਗਹਿਮੀ

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, ਦੇਸ ਦੀਆਂ 48 ਸੈਂਟਰਲ ਯੂਨੀਵਰਸਿਟੀਆਂ, 36 ਸਟੇਟ ਯੂਨੀਵਰਸਿਟੀਆਂ, 26 ਡੀਮਡ ਯੂਨੀਵਰਸਿਟੀਆਂ ਅਤੇ 113 ਪ੍ਰਾਈਵੇਟ ਯੂਨੀਵਰਸਿਟੀਆਂ ਵਿੱਚ ਦਾਖਲਾ ਇਸ ਪ੍ਰੀਖਿਆ ਜ਼ਰੀਏ ਹੁੰਦਾ ਹੈ

ਦੇਸ ਭਰ ਦੀਆਂ ਵੱਖ-ਵੱਖ ਕੇਂਦਰੀ, ਸਟੇਟ, ਪ੍ਰਾਈਵੇਟ ਅਤੇ ਡੀਮਡ ਯੂਨੀਵਰਸਿਟੀਆਂ ਵਿੱਚ ਅੰਡਰ-ਗ੍ਰੈਜੂਏਟ ਅਤੇ ਪੋਸਟ-ਗ੍ਰੈਜੂਏਟ ਪ੍ਰੋਗਰਾਮਾਂ ਵਿੱਚ ਦਾਖ਼ਲੇ ਲਈ ਜੋ ਦਾਖ਼ਲਾ ਪ੍ਰੀਖਿਆ ਹੁੰਦੀ ਹੈ, ਉਸ ਨੂੰ ਸੀਯੂਈਟੀ ਕਿਹਾ ਜਾਂਦਾ ਹੈ। ਇਸ ਨੂੰ ਹਰ ਸਾਲ ਨੈਸ਼ਨਲ ਟੈਸਟਿੰਗ ਏਜੰਸੀ (ਐਨਟੀਏ) ਵੱਲੋਂ ਕਰਵਾਇਆ ਜਾਂਦਾ ਹੈ।

ਦੇਸ ਦੀਆਂ 48 ਸੈਂਟਰਲ ਯੂਨੀਵਰਸਿਟੀਆਂ, 36 ਸਟੇਟ ਯੂਨੀਵਰਸਿਟੀਆਂ, 26 ਡੀਮਡ ਯੂਨੀਵਰਸਿਟੀਆਂ ਅਤੇ 113 ਪ੍ਰਾਈਵੇਟ ਯੂਨੀਵਰਸਿਟੀਆਂ ਇਸ ਦਾ ਹਿੱਸਾ ਹਨ।

ਇਨ੍ਹਾਂ 223 ਯੂਨੀਵਰਸਿਟੀਆਂ ਤੋਂ ਇਲਾਵਾ ਇੰਡੀਅਨ ਇੰਸਟੀਚਿਊਟ ਆਫ਼ ਐਗਰੀਕਲਚਰਲ ਰਿਸਰਚ, ਨੈਸ਼ਨਲ ਫੋਰੈਂਸਿਕ ਸਾਇੰਸਿਜ਼ ਯੂਨੀਵਰਸਿਟੀ, ਰਾਜੀਵ ਗਾਂਧੀ ਇੰਸਟੀਚਿਊਟ ਆਫ਼ ਪੈਟਰੋਲੀਅਮ ਟੈਕਨਾਲੋਜੀ ਵਰਗੇ ਸੱਤ ਸਰਕਾਰੀ ਸੰਸਥਾਨ ਵੀ ਇਸੇ ਸਕੋਰ ਦੇ ਆਧਾਰ 'ਤੇ ਅੰਡਰ-ਗ੍ਰੈਜੂਏਟ ਅਤੇ ਪੋਸਟ-ਗ੍ਰੈਜੂਏਟ ਕੋਰਸਾਂ ਵਿੱਚ ਦਾਖ਼ਲਾ ਦਿੰਦੇ ਹਨ।

ਸਾਂਝੀ ਯੂਨੀਵਰਸਿਟੀ ਦਾਖ਼ਲਾ ਪ੍ਰੀਖਿਆ ਨੂੰ ਲੈ ਕੇ ਐਨਟੀਏ ਵੱਲੋਂ ਜੋ ਇਨਫੋਰਮੇਸ਼ਨ ਬੁਲੇਟਿਨ ਜਾਰੀ ਕੀਤਾ ਗਿਆ ਹੈ, ਉਸ ਮੁਤਾਬਕ ਇਸ ਪ੍ਰੀਖਿਆ ਨੂੰ ਦੇਣ ਲਈ ਉਮਰ ਦੀ ਕੋਈ ਹੱਦ ਤੈਅ ਨਹੀਂ ਕੀਤੀ ਗਈ। ਕੋਈ ਵੀ ਉਮੀਦਵਾਰ ਜਿਸ ਨੇ 12ਵੀਂ ਪਾਸ ਕੀਤੀ ਹੋਵੇ, ਉਹ ਇਹ ਪ੍ਰੀਖਿਆ ਦੇ ਸਕਦਾ ਹੈ।

ਹਾਲਾਂਕਿ, ਉਮੀਦਵਾਰ ਜਿਸ ਯੂਨੀਵਰਸਿਟੀ ਜਾਂ ਸੰਸਥਾ ਵਿੱਚ ਦਾਖ਼ਲਾ ਲੈਣਾ ਚਾਹੁੰਦੇ ਹਨ, ਜੇਕਰ ਉੱਥੇ ਉਮਰ ਦੀ ਕੋਈ ਸੀਮਾ ਤੈਅ ਹੈ, ਤਾਂ ਦਾਖ਼ਲਾ ਉਸੇ ਦੇ ਹਿਸਾਬ ਨਾਲ ਹੋਵੇਗਾ।

ਪ੍ਰੀਖਿਆ ਦੇ ਕੇ ਸੈਂਟਰ ਤੋਂ ਬਾਹਰ ਆ ਰਹੀ ਵਿਦਿਆਰਥਣ, ਪਿਛੋਕੜ ਵਿੱਚ ਲੋਕ ਉਡੀਕ ਕਰ ਰਹੇ ਹਨ

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, ਦੇਸ ਭਰ ਦੀਆਂ ਕੇਂਦਰੀ ਯੂਨੀਵਰਸਿਟੀਆਂ ਵਿੱਚ ਦਾਖਲਾ ਇਸ ਸਾਂਝੀ ਯੂਨੀਵਰਸਿਟੀ ਦਾਖ਼ਲਾ ਪ੍ਰੀਖਿਆ ਜ਼ਰੀਏ ਹੋਣਾ ਸ਼ੁਰੂ ਹੋਇਆ ਸੀ

ਸੀਯੂਈਟੀ, ਜੇਈਈ, ਸੀਏਟੀ ਵਰਗੀਆਂ ਦਾਖ਼ਲਾ ਪ੍ਰੀਖਿਆਵਾਂ ਦੀ ਤਿਆਰੀ ਕਰਵਾਉਣ ਵਾਲੇ ਸੰਸਥਾਨ ਵਿੱਚ ਪੜ੍ਹਾਉਣ ਵਾਲੇ ਅਖ਼ਿਲੇਸ਼ ਸਿੰਘ ਕਹਿੰਦੇ ਹਨ, "ਉਂਝ ਤਾਂ ਇਸ ਦੇ ਲਈ ਉਮਰ ਦੀ ਕੋਈ ਹੱਦ ਨਹੀਂ ਹੈ ਅਤੇ ਜੇਕਰ ਕਿਸੇ ਨੇ 12ਵੀਂ ਤੋਂ ਬਾਅਦ ਇੱਕ ਸਾਲ ਦਾ ਗੈਪ ਲਿਆ ਹੋਵੇ ਤਾਂ ਵੀ ਉਹ ਪ੍ਰੀਖਿਆ ਦੇਣ ਦੇ ਯੋਗ ਹੈ, ਪਰ ਜੇਕਰ ਕੋਈ 12ਵੀਂ ਵਿੱਚ ਰਹਿੰਦਿਆਂ ਹੀ ਇਸ ਦੀ ਤਿਆਰੀ ਕਰਦਾ ਹੈ ਤਾਂ ਉਸ ਦੇ ਚੰਗੇ ਸਕੋਰ ਕਰਨ ਦੀ ਸੰਭਾਵਨਾ ਜ਼ਿਆਦਾ ਹੁੰਦੀ ਹੈ, ਕਿਉਂਕਿ ਮੁਕਾਬਲਾ ਸਾਲ ਦਰ ਸਾਲ ਵਧਦਾ ਹੀ ਜਾ ਰਿਹਾ ਹੈ।"

ਜਿਹੜੇ ਵਿਦਿਆਰਥੀ ਤਿੰਨ ਵਿਸ਼ਿਆਂ ਲਈ ਰਜਿਸਟ੍ਰੇਸ਼ਨ ਕਰਨਗੇ, ਉਹਨਾਂ ਨੂੰ ਇੱਕ ਹਜ਼ਾਰ ਰੁਪਏ ਫ਼ੀਸ ਦੇਣੀ ਪਵੇਗੀ। ਤਿੰਨ ਵਿਸ਼ਿਆਂ ਤੋਂ ਬਾਅਦ ਵਾਧੂ ਵਿਸ਼ੇ ਜੋੜਨ 'ਤੇ ਪ੍ਰਤੀ ਵਿਸ਼ਾ ਚਾਰ-ਚਾਰ ਸੌ ਰੁਪਏ ਵੱਖਰੇ ਦੇਣੇ ਹੋਣਗੇ। ਰਾਖਵੇਂ ਵਰਗ ਦੇ ਵਿਦਿਆਰਥੀਆਂ ਲਈ ਇਹ ਰਾਸ਼ੀ ਘੱਟ ਹੈ, ਜਿਸ ਦੀ ਪੂਰੀ ਜਾਣਕਾਰੀ ਸੀਯੂਈਟੀ ਦੇ ਇਨਫੋਰਮੇਸ਼ਨ ਬੁਲੇਟਿਨ ਵਿੱਚ ਦਿੱਤੀ ਗਈ ਹੈ।

ਫਿਲਹਾਲ ਐਨਟੀਏ ਨੇ ਕਿਹਾ ਹੈ ਕਿ ਇਹ ਪ੍ਰੀਖਿਆ ਇਸ ਸਾਲ 11 ਤੋਂ 31 ਮਈ ਦੇ ਵਿਚਕਾਰ ਹੋ ਸਕਦੀ ਹੈ। ਨਤੀਜੇ ਦੀ ਤਰੀਕ ਅਜੇ ਤੱਕ ਨਹੀਂ ਦੱਸੀ ਗਈ ਹੈ। ਫਾਰਮ ਭਰਨ ਦੀ ਆਖ਼ਰੀ ਤਰੀਕ 30 ਜਨਵਰੀ ਹੈ।

ਪੇਪਰ ਦੀ ਚਰਚਾ ਕਰ ਰਹੇ ਵਿਦਿਆਰਥੀ

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, ਸਾਂਝੀ ਯੂਨੀਵਰਸਿਟੀ ਦਾਖ਼ਲਾ ਪ੍ਰੀਖਿਆ ਤਿੰਨ ਹਿੱਸਿਆਂ ਵਿੱਚ ਵੰਡੀ ਹੋਈ ਹੈ

ਪ੍ਰੀਖਿਆ ਦਾ ਪੈਟਰਨ ਕੀ ਹੁੰਦਾ ਹੈ?

ਪਿਛਲੇ ਸਾਲ ਯਾਨੀ ਸੀਯੂਈਟੀ 2025 ਲਈ ਦੇਸ ਭਰ ਵਿੱਚ ਕੁੱਲ 13 ਲੱਖ 54 ਹਜ਼ਾਰ 699 ਵਿਦਿਆਰਥੀਆਂ ਨੇ ਰਜਿਸਟ੍ਰੇਸ਼ਨ ਕਰਵਾਈ ਸੀ ਅਤੇ ਇਨ੍ਹਾਂ ਵਿੱਚੋਂ 10 ਲੱਖ 71 ਹਜ਼ਾਰ 735 ਵਿਦਿਆਰਥੀ ਪ੍ਰੀਖਿਆ ਵਿੱਚ ਬੈਠੇ ਸਨ।

ਇਹ ਪੇਪਰ 13 ਵੱਖ-ਵੱਖ ਭਾਸ਼ਾਵਾਂ ਵਿੱਚ ਹੋਇਆ, ਜਿਸ ਵਿੱਚ ਅੰਗਰੇਜ਼ੀ, ਹਿੰਦੀ, ਅਸਾਮੀ, ਬੰਗਾਲੀ, ਗੁਜਰਾਤੀ, ਕੰਨੜ, ਮਲਿਆਲਮ, ਮਰਾਠੀ, ਉੜੀਆ, ਪੰਜਾਬੀ, ਤਮਿਲ, ਤੇਲਗੂ ਅਤੇ ਉਰਦੂ ਸ਼ਾਮਲ ਸਨ।

ਸਾਂਝੀ ਯੂਨੀਵਰਸਿਟੀ ਦਾਖ਼ਲਾ ਪ੍ਰੀਖਿਆ ਦੇ ਢਾਂਚੇ ਵਿੱਚ ਤਿੰਨ ਸੈਕਸ਼ਨ ਹੁੰਦੇ ਹਨ।

ਐਜੂਕੇਸ਼ਨ ਕੰਪਨੀ ਆਈਐਮਐਸ ਵਿੱਚ ਸੀਯੂਈਟੀ ਦੇ ਪ੍ਰੋਗਰਾਮ ਡਾਇਰੈਕਟਰ ਜਤਿੰਦਰ ਵੋਹਰਾ ਕਹਿੰਦੇ ਹਨ,"ਪਹਿਲਾ ਸੈਕਸ਼ਨ ਭਾਸ਼ਾ ਦਾ ਹੈ, ਜਿਸ ਵਿੱਚ 13 ਭਾਸ਼ਾਵਾਂ ਹੁੰਦੀਆਂ ਹਨ। ਇਸ ਵਿੱਚ ਅੰਗਰੇਜ਼ੀ, ਹਿੰਦੀ, ਗੁਜਰਾਤੀ, ਪੰਜਾਬੀ, ਉਰਦੂ, ਅਸਾਮੀ ਵਰਗੀਆਂ ਭਾਸ਼ਾਵਾਂ ਹਨ। ਜ਼ਿਆਦਾਤਰ ਯੂਨੀਵਰਸਿਟੀਆਂ ਵਿੱਚ ਭਾਸ਼ਾ ਦਾ ਪੇਪਰ ਲਾਜ਼ਮੀ ਹੁੰਦਾ ਹੈ।''

''ਕੁਝ ਯੂਨੀਵਰਸਿਟੀਆਂ ਹਨ ਜਿੱਥੇ ਇਹ ਜ਼ਰੂਰੀ ਨਹੀਂ ਹੁੰਦਾ, ਪਰ ਦਿੱਲੀ ਯੂਨੀਵਰਸਿਟੀ ਵਰਗੀਆਂ ਟੌਪ ਸੈਂਟਰਲ ਯੂਨੀਵਰਸਿਟੀਆਂ ਵਿੱਚ ਇਹ ਬਹੁਤ ਜ਼ਰੂਰੀ ਹੈ। ਕੁਝ ਕੋਰਸ ਹਨ, ਜਿਵੇਂ ਕਿ ਬੀ.ਏ. ਇੰਗਲਿਸ਼ ਆਨਰਜ਼, ਉਸ ਦੇ ਲਈ ਅੰਗਰੇਜ਼ੀ ਲੈਣੀ ਜ਼ਰੂਰੀ ਹੈ, ਪਰ ਆਮ ਤੌਰ 'ਤੇ ਜ਼ਿਆਦਾਤਰ ਕੋਰਸਾਂ ਵਿੱਚ ਵਿਦਿਆਰਥੀ ਇਨ੍ਹਾਂ 13 ਵਿੱਚੋਂ ਕੋਈ ਵੀ ਭਾਸ਼ਾ ਚੁਣ ਸਕਦੇ ਹਨ।"

"ਦੂਜੇ ਸੈਕਸ਼ਨ ਵਿੱਚ ਡੋਮੇਨ ਵਿਸ਼ੇ ਹੁੰਦੇ ਹਨ। ਇਨ੍ਹਾਂ ਵਿੱਚ ਉਹ ਵਿਸ਼ੇ ਲਏ ਜਾ ਸਕਦੇ ਹਨ ਜੋ ਵਿਦਿਆਰਥੀ 12ਵੀਂ ਵਿੱਚ ਪੜ੍ਹ ਰਹੇ ਹਨ, ਜਿਵੇਂ ਕਿ ਫਿਜ਼ਿਕਸ, ਕੈਮਿਸਟਰੀ, ਮੈਥਸ, ਇਕਨਾਮਿਕਸ, ਅਕਾਊਂਟੈਂਸੀ ਵਗੈਰਾ।"

"ਤੀਜੇ ਸੈਕਸ਼ਨ ਵਿੱਚ ਜੀਏਟੀ ਯਾਨੀ ਜਨਰਲ ਐਪਟੀਟਿਊਡ ਟੈਸਟ ਆਉਂਦਾ ਹੈ। ਇਹ ਜਨਰਲ ਨੌਲੇਜ, ਰੀਜ਼ਨਿੰਗ ਅਤੇ ਗਣਿਤ ਨਾਲ ਜੁੜਿਆ ਪੇਪਰ ਹੈ। ਪਰ ਇਹ ਪੇਪਰ ਲਾਜ਼ਮੀ ਨਹੀਂ ਹੈ। ਹਾਂ, ਸਟੇਟ ਯੂਨੀਵਰਸਿਟੀਆਂ ਦੇ ਯੋਗਤਾ ਕਸੌਟੀ ਨੂੰ ਪੂਰਾ ਕਰਨ ਜਾਂ ਫਿਰ ਸਕੋਰ ਨੂੰ ਬਿਹਤਰ ਬਣਾਉਣ ਲਈ ਵਿਦਿਆਰਥੀਆਂ ਨੂੰ ਇਹ ਟੈਸਟ ਦੇਣ ਦੀ ਸਲਾਹ ਦਿੱਤੀ ਜਾਂਦੀ ਹੈ।"

ਵਿਦਿਆਰਥੀਆਂ ਨੇ ਇਹ ਸਾਰੇ ਯਾਨੀ 37 ਪੇਪਰ ਨਹੀਂ ਦੇਣੇ ਹੁੰਦੇ ਹਨ। ਐਨਟੀਏ ਮੁਤਾਬਕ ਕੋਈ ਵਿਦਿਆਰਥੀ ਵੱਧ ਤੋਂ ਵੱਧ ਭਾਸ਼ਾ ਅਤੇ ਜੀਏਟੀ ਮਿਲਾ ਕੇ ਪੰਜ ਪੇਪਰ ਦੇ ਸਕਦਾ ਹੈ। ਪਰ ਇਹ ਪੇਪਰ ਕਿਵੇਂ ਦੇਣੇ ਹਨ, ਇਹ ਕਿਸੇ ਯੂਨੀਵਰਸਿਟੀ ਦੇ ਕੋਰਸ 'ਤੇ ਨਿਰਭਰ ਕਰਦਾ ਹੈ।

ਜਤਿੰਦਰ ਵੋਹਰਾ ਇਸ ਨੂੰ ਸਮਝਾਉਂਦੇ ਹੋਏ ਕਹਿੰਦੇ ਹਨ, "ਦਿੱਲੀ ਯੂਨੀਵਰਸਿਟੀ ਵਿੱਚ ਬੀ.ਕਾਮ ਆਨਰਜ਼ ਕਾਫ਼ੀ ਮਸ਼ਹੂਰ ਹੈ। ਜੇਕਰ ਕਿਸੇ ਨੇ ਇਸ ਵਿੱਚ ਦਾਖ਼ਲਾ ਲੈਣਾ ਹੈ ਤਾਂ ਉਸ ਨੂੰ ਇੱਕ ਭਾਸ਼ਾ ਲੈਣੀ ਪਵੇਗੀ, ਮੈਥੇਮੈਟਿਕਸ ਜਾਂ ਅਕਾਊਂਟੈਂਸੀ ਵਿੱਚੋਂ ਇੱਕ ਪੇਪਰ ਦੇਣਾ ਪਵੇਗਾ ਅਤੇ ਦੋ ਹੋਰ ਡੋਮੇਨ ਵਿਸ਼ੇ ਚੁਣਨੇ ਪੈਣਗੇ। ਹੋ ਸਕਦਾ ਹੈ ਕਿ ਬਨਾਰਸ ਯੂਨੀਵਰਸਿਟੀ ਲਈ ਕੁਝ ਵੱਖਰੇ ਪੇਪਰ ਦੇਣੇ ਪੈਣ, ਜੋ ਉੱਥੋਂ ਦੇ ਕੋਰਸ ਮੁਤਾਬਕ ਹੋਣ।"

ਅਖ਼ਿਲੇਸ਼ ਸਿੰਘ ਡੋਮੇਨ ਕੋਰਸ ਚੁਣਦੇ ਸਮੇਂ ਸਾਵਧਾਨੀ ਵਰਤਣ ਦੀ ਸਲਾਹ ਦਿੰਦੇ ਹਨ। ਡੋਮੇਨ ਵਿਸ਼ੇ ਯਾਨੀ ਉਹ ਜੋ ਵਿਦਿਆਰਥੀ 12ਵੀਂ ਵਿੱਚ ਪੜ੍ਹਦੇ ਹਨ, ਜਿਵੇਂ ਫਿਜ਼ਿਕਸ, ਕੈਮਿਸਟਰੀ, ਮੈਥੇਮੈਟਿਕਸ, ਅਕਾਊਂਟੈਂਸੀ, ਹਿਸਟਰੀ, ਬਾਇਓਲੋਜੀ ਵਗੈਰਾ।

ਉਨ੍ਹਾਂ ਦਾ ਕਹਿਣਾ ਹੈ, "ਡੋਮੇਨ ਪੇਪਰ ਉਹੀ ਹੋਣੇ ਚਾਹੀਦੇ ਹਨ ਜੋ ਵਿਦਿਆਰਥੀ ਨੇ 12ਵੀਂ ਵਿੱਚ ਪੜ੍ਹੇ ਹੋਣ। ਜੇਕਰ ਕੋਈ ਇਨ੍ਹਾਂ ਤੋਂ ਵੱਖਰਾ ਵਿਸ਼ਾ ਚੁਣਦਾ ਹੈ, ਤਾਂ ਫਿਰ ਸੀਯੂਈਟੀ ਵਿੱਚ ਪਹਿਲ ਉਨ੍ਹਾਂ ਨੂੰ ਹੀ ਮਿਲਦੀ ਹੈ ਜਿਨ੍ਹਾਂ ਨੇ ਉਹ ਵਿਸ਼ਾ ਪੜ੍ਹਿਆ ਹੋਵੇ। ਜਿਹੜੇ ਵਿਸ਼ੇ ਨਾ ਪੜ੍ਹੇ ਹੋਣ ਉਨ੍ਹਾਂ ਦੇ ਕੁਝ ਅੰਕ ਕੱਟੇ ਜਾਂਦੇ ਹਨ ਅਤੇ ਫਿਰ ਉਸੇ ਹਿਸਾਬ ਨਾਲ ਕੱਟ-ਆਫ਼ ਬਣਦੀ ਹੈ।"

ਹਰ ਵਿਸ਼ੇ ਵਿੱਚ 50-50 ਸਵਾਲ ਪੁੱਛੇ ਜਾਣਗੇ। ਹਰ ਸਹੀ ਜਵਾਬ ਲਈ ਪੰਜ ਨੰਬਰ ਮਿਲਣਗੇ ਅਤੇ ਗ਼ਲਤ ਜਵਾਬ ਲਈ ਇੱਕ ਨੰਬਰ ਕੱਟਿਆ ਜਾਵੇਗਾ (ਨੈਗੇਟਿਵ ਮਾਰਕਿੰਗ)। ਉੱਥੇ ਹੀ, ਸਵਾਲ ਛੱਡਣ 'ਤੇ ਕੁਝ ਨਹੀਂ ਮਿਲੇਗਾ ਅਤੇ ਨਾ ਹੀ ਅੰਕ ਕੱਟੇ ਜਾਣਗੇ। ਕੁੱਲ ਪੰਜ ਪੇਪਰ ਹੁੰਦੇ ਹਨ, ਤਾਂ 250 ਨੰਬਰਾਂ ਦਾ ਪੇਪਰ ਹੁੰਦਾ ਹੈ। ਹਰ ਵਿਸ਼ੇ ਦੇ ਪੇਪਰ ਨੂੰ ਹੱਲ ਕਰਨ ਲਈ 60 ਮਿੰਟ ਮਿਲਦੇ ਹਨ।

ਜਤਿੰਦਰ ਵੋਹਰਾ ਦਾ ਉਨ੍ਹਾਂ ਦੀ ਤਸਵੀਰ ਦੇ ਨਾਲ ਕਥਨ

ਸਿਲੇਬਸ ਕੀ ਹੁੰਦਾ ਹੈ?

ਲੀਨਾ ਸੀਬੀਐਸਈ ਬੋਰਡ ਤੋਂ ਪੜ੍ਹ ਰਹੀ ਹੈ, ਇਸ ਲਈ ਉਸ ਨੂੰ ਇਹ ਚਿੰਤਾ ਨਹੀਂ ਹੈ ਕਿ CUET ਵਿੱਚ ਐੱਨਸੀਈਆਰਟੀ ਨਾਲ ਜੁੜੇ ਸਵਾਲ ਪੁੱਛੇ ਜਾਣਗੇ ਜਾਂ ਨਹੀਂ।

ਅਖ਼ਿਲੇਸ਼ ਸਿੰਘ ਕਹਿੰਦੇ ਹਨ ਕਿ ਐਨਟੀਏ ਨੇ ਇਹ ਪਹਿਲਾਂ ਹੀ ਸਾਫ਼ ਕਰ ਦਿੱਤਾ ਹੈ ਕਿ ਸੀਯੂਈਟੀ ਦਾ ਸਿਲੇਬਸ ਬਾਰ੍ਹਵੀਂ ਦੀਆਂ ਐਨਸੀਈਆਰਟੀ ਦੀਆਂ ਕਿਤਾਬਾਂ ਵਿੱਚੋਂ ਹੀ ਹੋਵੇਗਾ।

ਅਜਿਹੇ ਵਿੱਚ ਉਨ੍ਹਾਂ ਵਿਦਿਆਰਥੀਆਂ ਦਾ ਕੀ ਹੋਵੇਗਾ ਜੋ ਸੀਬੀਐੱਸਈ ਦੀ ਬਜਾਏ ਕਿਸੇ ਹੋਰ ਬੋਰਡ ਤੋਂ ਬਾਰ੍ਹਵੀਂ ਕਰ ਰਹੇ ਹਨ?

ਅਖ਼ਿਲੇਸ਼ ਸਿੰਘ ਕਹਿੰਦੇ ਹਨ, "ਐਨਸੀਈਆਰਟੀ ਆਪਣੇ ਆਪ ਵਿੱਚ ਬਹੁਤ ਵਿਸਥਾਰਪੂਰਵਕ ਸਿਲੇਬਸ ਲੈ ਕੇ ਚੱਲਦਾ ਹੈ। ਕਈ ਵਾਰ ਸਟੇਟ ਬੋਰਡ ਐਨਸੀਈਆਰਟੀ ਤੋਂ ਹੀ ਸਿਲੇਬਸ ਲੈਂਦੇ ਹਨ, ਪਰ ਕੁਝ ਵਿਸ਼ਿਆਂ ਵਿੱਚ ਥੋੜ੍ਹੀ ਤਬਦੀਲੀ ਵੀ ਹੁੰਦੀ ਹੈ। ਐਨਟੀਏ ਪਹਿਲਾਂ ਹੀ ਇਹ ਦੱਸ ਚੁੱਕਾ ਹੈ ਕਿ ਸਾਡਾ ਪੂਰਾ ਪੇਪਰ ਐਨਸੀਈਆਰਟੀ ਦੇ ਆਧਾਰ 'ਤੇ ਹੀ ਹੋਵੇਗਾ। ਇਸ ਲਈ ਬੱਚਾ ਭਾਵੇਂ ਸਟੇਟ ਬੋਰਡ ਤੋਂ ਹੋਵੇ ਜਾਂ ਫਿਰ ਸੀਬੀਐਸਈ ਤੋਂ, ਉਸ ਨੂੰ ਇਹੀ ਸਲਾਹ ਦਿੱਤੀ ਜਾਂਦੀ ਹੈ ਕਿ ਉਹ ਡੋਮੇਨ ਵਿਸ਼ਿਆਂ ਦੀ ਡੂੰਘੀ ਜਾਣਕਾਰੀ ਰੱਖੇ।"

ਉੱਥੇ ਹੀ, ਜਤਿੰਦਰ ਵੋਹਰਾ ਮੁਤਾਬਕ ਡੋਮੇਨ ਪੇਪਰ ਵਿੱਚ ਸਾਰੇ ਵਿਸ਼ਿਆਂ ਦਾ ਸਿਲੇਬਸ 90-95% NCERT ਨਾਲ ਮੇਲ ਖਾਂਦਾ ਹੈ।

ਸਾਂਝੀ ਯੂਨੀਵਰਸਿਟੀ ਦਾਖ਼ਲਾ ਪ੍ਰੀਖਿਆ ਦਾ ਨਤੀਜਾ ਪਰਸੈਂਟਾਈਲ ਵਿੱਚ ਆਉਂਦਾ ਹੈ। ਹਾਲਾਂਕਿ, ਇਹ ਪਰਸੈਂਟਾਈਲ ਤੈਅ ਕਰਨ ਪਿੱਛੇ ਵੱਖ-ਵੱਖ ਕਾਰਕ ਹੁੰਦੇ ਹਨ।

ਅਖ਼ਿਲੇਸ਼ ਸਿੰਘ ਕਹਿੰਦੇ ਹਨ, "ਇਹ ਇੱਕ ਤੁਲਨਾਤਮਕ ਸਕੋਰ ਹੁੰਦਾ ਹੈ। ਮੰਨ ਲਓ ਕਿ ਕਿਸੇ ਬੱਚੇ ਨੂੰ ਕਿਸੇ ਵਿਸ਼ੇ ਵਿੱਚ 90 ਪਰਸੈਂਟਾਈਲ ਮਿਲੇ ਹਨ, ਤਾਂ ਉਸ ਪੇਪਰ ਨੂੰ ਪੂਰੇ ਭਾਰਤ ਵਿੱਚ ਜਿੰਨੇ ਵੀ ਬੱਚਿਆਂ ਨੇ ਦਿੱਤਾ, ਉਨ੍ਹਾਂ ਵਿੱਚੋਂ 90 ਫ਼ੀਸਦੀ ਬੱਚੇ ਉਸ ਤੋਂ ਪਿੱਛੇ ਹਨ। ਯਾਨੀ 90 ਪਰਸੈਂਟਾਈਲ ਲਿਆਉਣ ਵਾਲਾ ਬੱਚਾ ਟੌਪ 10 ਫ਼ੀਸਦੀ ਵਿੱਚ ਸ਼ਾਮਲ ਹੈ।"

ਕਿਹੜੀਆਂ ਗੱਲਾਂ ਦਾ ਧਿਆਨ ਰੱਖਣਾ ਚਾਹੀਦਾ ਹੈ?

ਲੀਨਾ ਦੀ ਇੱਛਾ ਹੈ ਕਿ ਉਹ ਮਨੋਵਿਗਿਆਨ ਆਨਰਜ਼ ਪੜ੍ਹੇ ਅਤੇ ਉਹ ਵੀ ਦਿੱਲੀ ਯੂਨੀਵਰਸਿਟੀ ਦੇ ਸਭ ਤੋਂ ਵਧੀਆ ਕਾਲਜ ਤੋਂ।

ਉਹ ਕਹਿੰਦੀ ਹੈ, "ਮੈਂ ਦੋ ਮਹੀਨੇ ਪਹਿਲਾਂ ਸੀਯੂਈਟੀ ਦੀ ਤਿਆਰੀ ਸ਼ੁਰੂ ਕੀਤੀ ਸੀ। ਪਰ ਫਿਲਹਾਲ ਮੇਰਾ ਪੂਰਾ ਧਿਆਨ ਬੋਰਡ ਪ੍ਰੀਖਿਆਵਾਂ 'ਤੇ ਹੈ। ਮੈਂ ਟਾਈਮ ਮੈਨੇਜਮੈਂਟ ਰਾਹੀਂ ਇਸ ਪਰੇਸ਼ਾਨੀ ਨੂੰ ਥੋੜ੍ਹਾ ਘੱਟ ਕੀਤਾ ਹੈ। ਜਿਵੇਂ ਮੈਂ ਹਫ਼ਤੇ ਦੇ ਦਿਨਾਂ ਵਿੱਚ ਸਿਰਫ਼ ਬੋਰਡ ਦੇ ਵਿਸ਼ੇ ਪੜ੍ਹਦੀ ਹਾਂ ਅਤੇ ਹਫ਼ਤੇ ਦੇ ਆਖਰੀ ਦਿਨਾਂ ਵਿੱਚ ਸੀਯੂਈਟੀ ਦੀ ਤਿਆਰੀ ਕਰਦੀ ਹਾਂ। ਮੈਂ ਰੀਜ਼ਨਿੰਗ ਅਤੇ ਬੇਸਿਕ ਮੈਥਸ 'ਤੇ ਜ਼ਿਆਦਾ ਫੋਕਸ ਕਰ ਰਹੀ ਹਾਂ ਤਾਂ ਜੋ ਚੰਗਾ ਸਕੋਰ ਮਿਲ ਸਕੇ।"

ਉਹ ਕਹਿੰਦੇ ਹਨ, "ਇਹ ਸੰਤੁਲਨ ਬਣਾਉਣ ਲਈ ਇੱਕ ਸ਼ਡਿਊਲ ਬਣਾਓ ਕਿ ਕਿੰਨਾ ਸਮਾਂ ਸਾਂਝੀ ਯੂਨੀਵਰਸਿਟੀ ਦਾਖ਼ਲਾ ਪ੍ਰੀਖਿਆ ਨੂੰ ਦੇਣਾ ਹੈ ਅਤੇ ਕਿੰਨਾ ਬੋਰਡ ਨੂੰ। ਜੋ ਵੀ ਰਣਨੀਤੀ ਬਣਾਓ, ਫਿਰ ਉਸੇ ਮੁਤਾਬਕ ਚੱਲੋ।"

ਉੱਥੇ ਹੀ ਅਖ਼ਿਲੇਸ਼ ਸਿੰਘ ਦਾ ਮੰਨਣਾ ਹੈ ਕਿ ਕੁਝ ਅਜਿਹੇ ਤਰੀਕੇ ਹਨ, ਜਿਨ੍ਹਾਂ ਨਾਲ ਵਿਦਿਆਰਥੀ ਬਿਨ੍ਹਾਂ ਕੋਚਿੰਗ ਦੇ ਵੀ ਸਾਂਝੀ ਯੂਨੀਵਰਸਿਟੀ ਦਾਖ਼ਲਾ ਪ੍ਰੀਖਿਆ ਵਿੱਚ ਚੰਗਾ ਸਕੋਰ ਹਾਸਲ ਕਰ ਸਕਦੇ ਹਨ। ਜਿਵੇਂ:

  • ਐਨਸੀਈਆਰਟੀ ਦਾ ਸਿਲੇਬਸ ਧਿਆਨ ਨਾਲ ਪੜ੍ਹੋ। ਇਸ ਦੀ ਇੰਨੀ ਪ੍ਰੈਕਟਿਸ ਕਰ ਲਓ ਕਿ ਕੋਈ ਸ਼ੱਕ ਬਾਕੀ ਨਾ ਰਹੇ।
  • ਲਗਾਤਾਰ ਮੌਕ ਟੈਸਟ ਦਿੰਦੇ ਰਹੋ।
  • ਪਿਛਲੇ ਸਾਲ ਦੇ ਪ੍ਰਸ਼ਨ ਪੱਤਰਾਂ ਦਾ ਲਗਾਤਾਰ ਅਭਿਆਸ ਕਰੋ।
  • ਟਾਈਮ ਮੈਨੇਜਮੈਂਟ ਸਿੱਖਣਾ ਸਭ ਤੋਂ ਜ਼ਰੂਰੀ ਹੈ, ਕਿਉਂਕਿ ਬੋਰਡ ਦੀ ਪ੍ਰੀਖਿਆ ਤਿੰਨ ਘੰਟੇ ਦੀ ਹੁੰਦੀ ਹੈ ਅਤੇ ਸੀਯੂਈਟੀ ਸਿਰਫ਼ ਇੱਕ ਘੰਟੇ ਦੀ।

ਜਤਿੰਦਰ ਵੋਹਰਾ ਕਹਿੰਦੇ ਹਨ ਕਿ ਵਿਦਿਆਰਥੀ ਨੇ ਜੋ ਵੀ ਭਾਸ਼ਾ ਲੈਣੀ ਹੈ ਜਾਂ ਲੈ ਲਈ ਹੈ, ਉਸ ਨੂੰ ਪੜ੍ਹਨ ਦੀ ਆਦਤ ਹੋਣੀ ਚਾਹੀਦੀ ਹੈ। ਇਸ ਦੇ ਨਾਲ ਹੀ, ਡੋਮੇਨ ਵਿਸ਼ਿਆਂ ਲਈ ਸਭ ਤੋਂ ਪਹਿਲਾਂ ਬਾਰ੍ਹਵੀਂ ਦੀਆਂ ਐਨਸੀਈਆਰਟੀ ਦੀਆਂ ਕਿਤਾਬਾਂ ਮੁਤਾਬਕ ਚੱਲਣਾ ਹੈ ਅਤੇ ਆਪਣੇ ਬੋਰਡ ਦੀ ਤਿਆਰੀ ਵੀ ਪੂਰੇ ਦਿਲ ਨਾਲ ਕਰਨੀ ਹੈ।

ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTER, WhatsApp ਅਤੇ YouTube 'ਤੇ ਜੁੜੋ।)