ਦਿੱਲੀ ਚੋਣਾਂ 'ਚ ਜਿੱਤੇ ਪੰਜ ਸਿੱਖ ਚਿਹਰੇ, ਕੀ ਭਾਜਪਾ ਵੱਲ ਭੁਗਤੀ ਸਿੱਖ ਵੋਟ ਤੇ ਕੌਣ ਬਣ ਸਕਦਾ ਹੈ ਮੰਤਰੀ

    • ਲੇਖਕ, ਗੁਰਜੋਤ ਸਿੰਘ
    • ਰੋਲ, ਬੀਬੀਸੀ ਪੱਤਰਕਾਰ

8 ਫਰਵਰੀ ਨੂੰ ਆਏ ਦਿੱਲੀ ਵਿਧਾਨ ਸਭਾ ਚੋਣਾਂ ਦੇ ਨਤੀਜਿਆਂ ਵਿੱਚ ਪੰਜ ਸਿੱਖ ਉਮੀਦਵਾਰਾਂ ਨੂੰ ਜਿੱਤ ਹਾਸਲ ਹੋਈ ਹੈ।

ਭਾਜਪਾ ਨੂੰ ਕੁੱਲ 48 ਸੀਟਾਂ ਉੱਤੇ ਜਿੱਤ ਹਾਸਲ ਹੋਈ ਜਦਕਿ 'ਆਪ' ਦੇ ਹਿੱਸੇ 22 ਸੀਟਾਂ ਆਈਆਂ।

ਜੇਤੂ ਸਿੱਖ ਉਮੀਦਵਾਰਾਂ ਵਿੱਚੋਂ ਦੋ ਆਮ ਆਦਮੀ ਪਾਰਟੀ ਜਦਕਿ ਤਿੰਨ ਭਾਰਤੀ ਜਨਤਾ ਪਾਰਟੀ ਨਾਲ ਸਬੰਧ ਰੱਖਦੇ ਹਨ।

ਇਹ ਉਮੀਦਵਾਰ ਹਨ - ਮਨਜਿੰਦਰ ਸਿੰਘ ਸਿਰਸਾ (ਰਾਜੌਰੀ ਗਾਰਡਨ), ਜਰਨੈਲ ਸਿੰਘ (ਤਿਲਕ ਨਗਰ), ਤਰਵਿੰਦਰ ਸਿੰਘ ਮਰਵਾਹ (ਜੰਗਪੁਰਾ), ਅਰਵਿੰਦਰ ਸਿੰਘ ਲਵਲੀ (ਗਾਂਧੀ ਨਗਰ) ਅਤੇ ਪੁਨਰਦੀਪ ਸਾਹਨੀ (ਚਾਂਦਨੀ ਚੌਂਕ)।

ਪੰਜ ਵਿੱਚੋਂ ਤਿੰਨ ਜੇਤੂ ਉਮੀਦਵਾਰ ਭਾਜਪਾ ਦੇ ਹੋਣ ਅਤੇ ਕਈ ਪੰਜਾਬੀਆਂ ਦੇ ਦਬਦਬੇ ਵਾਲੇ ਹਲਕਿਆਂ ਵਿੱਚ ਭਾਜਪਾ ਦੀ ਜਿੱਤ ਤੋਂ ਬਾਅਦ ਇਹ ਅੰਦਾਜ਼ਾ ਲਗਾਇਆ ਜਾ ਰਿਹਾ ਹੈ ਕਿ ਸਿੱਖ ਵੋਟਰ ਭਾਰਤੀ ਜਨਤਾ ਪਾਰਟੀ ਦੇ ਪੱਖ ਵਿੱਚ ਭੁਗਤੇ।

2024 ਵਿੱਚ ਹੋਈਆਂ ਪੰਜਾਬ ਲੋਕ ਸਭਾ ਚੋਣਾਂ ਵਿੱਚ ਭਾਰਤੀ ਜਨਤਾ ਪਾਰਟੀ ਪੰਜਾਬ ਵਿੱਚ ਆਪਣਾ ਖਾਤਾ ਨਹੀਂ ਖੋਲ੍ਹ ਸਕੀ।

ਕਿਸਾਨ ਅੰਦੋਲਨ ਤੇ ਹੋਰ ਮੁੱਦਿਆਂ ਦੇ ਚਲਦਿਆਂ ਭਾਰਤੀ ਜਨਤਾ ਪਾਰਟੀ ਨੂੰ ਪੰਜਾਬ ਵਿੱਚ ਸਿੱਖ ਹਲਕਿਆਂ ਵਿੱਚ ਵਿਰੋਧ ਦਾ ਸਾਹਮਣਾ ਕਰਨਾ ਪੈਂਦਾ ਹੈ।

ਦਿੱਲੀ ਵਿੱਚ ਵੀ ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਵਿੱਚ ਭਾਜਪਾ ਦੀ ਕਥਿਤ ਦਖ਼ਲਅੰਦਾਜ਼ੀ, ਪੰਜਾਬੀ ਬੋਲੀ ਅਤੇ ਸਿੱਖ ਪਛਾਣ ਨਾਲ ਜੁੜੇ ਮੁੱਦੇ ਚਰਚਾ ਵਿੱਚ ਰਹਿੰਦੇ ਹਨ, ਇਨ੍ਹਾਂ ਮੁੱਦਿਆਂ ਦੇ ਚਲਦਿਆਂ ਸਿੱਖ ਵੋਟਰਾਂ ਨੇ ਕਿਵੇਂ ਵੋਟ ਪਾਈ ਇਸ ਬਾਰੇ ਅਸੀਂ ਜਾਣਕਾਰ ਮਾਹਰਾਂ ਨਾਲ ਗੱਲਬਾਤ ਕੀਤੀ।

ਦਿੱਲੀ ਅਤੇ ਸਿੱਖ ਵੋਟਰ

ਰਾਜੌਰੀ ਗਾਰਡਨ ਅਤੇ ਤਿਲਕ ਨਗਰ ਹੀ ਅਜਿਹੇ ਦੋ ਹਲਕੇ ਹਨ ਜਿੱਥੇ ਸਿੱਖ ਫ਼ੈਸਲਾਕੁੰਨ ਭੂਮਿਕਾ ਨਿਭਾਉਂਦੇ ਹਨ।

ਹਾਲਾਂਕਿ ਦਿੱਲੀ ਵਿੱਚ ਸਿੱਖ ਜਾਂ ਪੰਜਾਬੀ ਵੋਟਰਾਂ ਦੀ ਗਿਣਤੀ ਬਾਰੇ ਕੋਈ ਸਪਸ਼ਟ ਅੰਕੜਾ ਨਹੀਂ ਹੈ ਪਰ ਬਾਕੀ ਹਲਕੇ ਜਿਨ੍ਹਾਂ ਵਿੱਚ ਸਿੱਖ ਵੋਟਰ ਐਕਟਿਵ ਭੂਮਿਕਾ ਨਿਭਾਉਂਦੇ ਮੰਨੇ ਜਾਂਦੇ ਹਨ ਉਨ੍ਹਾਂ ਵਿੱਚ ਤਿਮਾਰਪੁਰ, ਜਨਕਪੁਰੀ, ਰਾਜਿੰਦਰ ਨਗਰ, ਸ਼ਾਹਦਰਾ, ਜੀਕੇ, ਕਾਲਕਾ ਜੀ, ਜੰਗਪੁਰਾ, ਹਰੀ ਨਗਰ ਦਾ ਨਾਂਅ ਆਉਂਦਾ ਹੈ।

ਦਿੱਲੀ ਦੇ ਸਿੱਖਾਂ ਨੇ ਕਿਵੇਂ ਵੋਟ ਪਾਈ?

ਦਰਸ਼ਨ ਸਿੰਘ ਦਿੱਲੀ ਵਿੱਚ ਸਿੱਖ ਮੁੱਦਿਆਂ ਬਾਰੇ ਬੀਤੇ ਕਈ ਦਹਾਕਿਆਂ ਤੋਂ ਐਕਟਿਵ ਭੂਮਿਕਾ ਨਿਭਾੳਂਦੇ ਆ ਰਹੇ ਹਨ।

ਉਹ ਦੱਸਦੇ ਹਨ, "ਪੰਜਾਬ ਦੇ ਮੁੱਦਿਆਂ ਦਾ ਦਿੱਲੀ ਵਿੱਚ ਕੋਈ ਅਸਰ ਨਹੀਂ ਸੀ.. ਚਾਹੇ ਉਹ ਕਿਸਾਨੀ ਦਾ ਮੁੱਦਾ ਹੋਵੇ ਜਾਂ ਸਿੱਖਾਂ ਦੇ ਹੋਰ ਮੁੱਦੇ ਹੋਣ।"

ਦਰਸ਼ਨ ਸਿੰਘ ਦੱਸਦੇ ਹਨ ਕਿ ਬਹੁਤੇ ਸਿੱਖ ਦਿੱਲੀ 'ਚ ਮਿਡਲ ਇਨਕਮ ਗਰੁੱਪ ਨਾਲ ਸਬੰਧ ਰੱਖਦੇ ਹਨ ਜੋ ਕਿ ਵਪਾਰ ਨਾਲ ਸਬੰਧ ਰੱਖਣ ਦੇ ਨਾਲ-ਨਾਲ ਨੌਕਰੀ ਪੇਸ਼ਾ ਹਨ।

ਦਿੱਲੀ ਦੇ ਸਿੱਖਾਂ ਦੇ ਵੋਟਿੰਗ ਪੈਟਰਨ ਬਾਰੇ ਆਪਣੀ ਰਾਇ ਰੱਖਦਿਆਂ ਉਹ ਕਹਿੰਦੇ ਹਨ ਇਸ ਵਾਰ ਦੀਆਂ ਚੋਣਾਂ ਵਿੱਚ ਸਿੱਖ ਵੋਟਰਾਂ ਦੀ ਭੂਮਿਕਾ ਨੂੰ ਸਪੱਸ਼ਟ ਰੂਪ 'ਚ ਨਹੀਂ ਬਿਆਨਿਆ ਜਾ ਸਕਦਾ।

ਉਹ ਦੱਸਦੇ ਹਨ "ਜਿਨ੍ਹਾਂ ਥਾਵਾਂ ਉੱਤੇ ਸਿੱਖ ਚਿਹਰੇ ਉਮੀਦਵਾਰ ਸਨ, ਉੱਥੇ ਸਿੱਖ ਵੋਟਰਾਂ ਨੇ ਉਸ ਨੂੰ ਵੋਟਾਂ ਪਾਈਆਂ ਜਦਕਿ ਜਿੱਥੇ ਆਮ ਉਮੀਦਵਾਰ ਸਨ ਉੱਥੇ ਆਮ ਆਦਮੀ ਪਾਰਟੀ ਨੂੰ ਤਰਜੀਹ ਦਿੱਤੀ।"

ਉਹ ਦੱਸਦੇ ਹਨ ਜਿੱਥੇ ਭਾਜਪਾ ਤੋਂ ਜਿੱਤਣ ਵਾਲੇ ਸਿੱਖ ਚਿਹਰਿਆਂ ਨੂੰ ਸਿੱਖ ਵੋਟ ਮਿਲੀ ਉੱਥੇ ਹੀ ਕਾਲਕਾ ਜੀ ਤੋਂ ਉਮੀਦਵਾਰ ਆਤਿਸ਼ੀ ਦੀ ਜਿੱਤ ਵਿੱਚ ਵੀ ਐਕਟਿਵ ਸਿੱਖ ਵੋਟਰਜ਼ ਦੀ ਭੂਮਿਕਾ ਰਹੀ।

ਉਹ ਮੰਨਦੇ ਹਨ ਕਿ ਆਮ ਆਦਮੀ ਪਾਰਟੀ ਵੱਲੋਂ ਆਪਣੀ ਸਰਕਾਰ ਦੌਰਾਨ ਸਿੱਖ ਮੰਤਰੀ ਨਾ ਬਣਾਏ ਜਾਣਾ ਵੀ ਦਿੱਲੀ ਦੇ ਸਿੱਖ ਵੋਟਰਾਂ ਲਈ ਮੁੱਦਾ ਰਿਹਾ, ਇਸ ਦੇ ਨਾਲ ਹੀ ਭਾਜਪਾ ਨੂੰ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਵੀ ਮਦਦ ਮਿਲੀ।

ਕਿਸ ਸਿੱਖ ਚਿਹਰੇ ਦੇ ਮੰਤਰੀ ਬਣਨ ਦੀਆਂ ਉਮੀਦਾਂ ਹਨ? ਇਸ ਸਵਾਲ ਦੇ ਜਵਾਬ ਵਿੱਚ ਦਰਸ਼ਨ ਸਿੰਘ ਦੱਸਦੇ ਹਨ ਕਿ ਮਨਜਿੰਦਰ ਸਿੰਘ ਸਿਰਸਾ ਬਾਕੀ ਦੇ ਦੋ ਜੇਤੂ ਉਮੀਦਵਾਰਾਂ ਨਾਲੋਂ ਮਜ਼ਬੂਤ ਦਾਅਵੇਦਾਰ ਹਨ।

'ਪੰਜਾਬ ਤੋਂ ਬਾਹਰ ਦੇ ਸਿੱਖ ਜੇਤੂ ਪਾਰਟੀ ਨੂੰ ਹੀ ਵੋਟ ਪਾਉਂਦੇ ਹਨ'

ਦਿੱਲੀ ਵਿੱਚ ਲੰਬਾ ਸਮਾਂ ਪੜ੍ਹਾਉਂਦੇ ਰਹੇ ਸਾਬਕਾ ਪ੍ਰੋਫ਼ੈਸਰ ਏਐੱਸ ਨਾਰੰਗ ਦੱਸਦੇ ਹਨ, "1947 ਦੀ ਭਾਰਤ-ਪਾਕ ਵੰਡ ਤੋਂ ਬਾਅਦ ਜਦੋਂ ਸ਼ਿਆਮਾ ਪ੍ਰਸਾਦ ਮੁਖਰਜੀ ਨੇ ਜਨਸੰਘ ਬਣਾਈ ਤਾਂ ਉਨ੍ਹਾਂ ਨੂੰ ਵੱਡਾ ਸਪੋਰਟ ਪੰਜਾਬ ਦੇ ਹਿੰਦੂ-ਸਿੱਖਾਂ ਤੋਂ ਮਿਲਿਆ ਸੀ।"

ਉਨ੍ਹਾਂ ਦੱਸਿਆ ਕਿ ਪੂਰੇ ਭਾਰਤ ਵਿੱਚ ਰੁਝਾਨ ਹੈ ਕਿ ਸਿੱਖ ਘੱਟਗਿਣਤੀ ਜਿੱਤਣ ਵਾਲੀ ਧਿਰ ਦੇ ਪੱਖ ਵਿੱਚ ਜਾਂਦੀ ਹੈ। ਉਹ ਇਸ ਦਾ ਕਾਰਨ 'ਸੁਰੱਖਿਆ ਦੀ ਭਾਵਨਾ' ਦੱਸਦੇ ਹਨ।

ਉਹ ਦੱਸਦੇ ਹਨ ਕਿ ਭਾਜਪਾ ਨੇ ਆਪਣੇ ਪ੍ਰਚਾਰ ਜ਼ਰੀਏ ਸਿੱਖਾਂ ਤੱਕ ਆਪਣੇ ਕਈ ਕੰਮਾਂ ਬਾਰੇ ਦੱਸਿਆ, ਇਨ੍ਹਾਂ ਵਿੱਚ ਗੁਰੂ ਗੋਬਿੰਦ ਸਿੰਘ ਜੀ ਦੇ ਸਾਹਿਬਜ਼ਾਦਿਆਂ ਦੀ ਯਾਦ ਵਿੱਚ ਵੀਰ ਬਾਲ ਦਿਵਸ ਮਨਾਉਣਾ ਅਤੇ ਦਿੱਲੀ ਫਤਿਹ ਦਿਵਸ ਮਨਾਉਣਾ ਸ਼ਾਮਲ ਹੈ।

ਕਿਸਾਨ ਅੰਦੋਲਨ ਦਾ ਦਿੱਲੀ ਦੇ ਸਿੱਖ ਵੋਟਰਾਂ 'ਤੇ ਅਸਰ ਦੇ ਸਵਾਲ ਬਾਰੇ ਏਐੱਸ ਨਾਰੰਗ ਕਹਿੰਦੇ ਹਨ, "ਦਿੱਲੀ ਦਾ ਸਿੱਖ ਸ਼ਹਿਰੀ ਅਤੇ ਗ਼ੈਰ-ਜੱਟ ਸਿੱਖ ਹੈ, ਉਨ੍ਹਾਂ ਦਾ ਭਾਵਨਾਤਮਕ ਲਗਾਅ ਪੰਜਾਬ ਹੈ, ਪਰ ਉਨ੍ਹਾਂ ਦੇ ਘੱਟਗਿਣਤੀ ਹੁੰਦਿਆਂ ਕਈ ਵਿਹਾਰਕ(ਪ੍ਰੈਕਟੀਕਲ) ਡਰ ਵੀ ਹਨ।"

ਉਹ ਦੱਸਦੇ ਹਨ ਕਿ ਇਹ ਵੀ ਯਾਦ ਰੱਖਣਾ ਚਾਹੀਦਾ ਹੈ ਕਿ ਜਿੱਥੇ ਸਿੱਖ ਉਮੀਦਵਾਰ ਜਿੱਤੇ ਹਨ ਉੱਥੇ ਉਨ੍ਹਾਂ ਨੂੰ ਹੋਰ ਭਾਈਚਾਰਿਆਂ ਨਾਲ ਸਬੰਧ ਰੱਖਦੇ ਵੋਟਰਾਂ ਦਾ ਵੀ ਸਮਰਥਨ ਮਿਲਿਆ।

ਜੇਤੂ ਉਮੀਦਵਾਰਾਂ ਦਾ ਕੀ ਹੈ ਪਿਛੋਕੜ?

ਮਨਜਿੰਦਰ ਸਿੰਘ ਸਿਰਸਾ (ਭਾਜਪਾ)

ਮਨਜਿੰਦਰ ਸਿੰਘ ਸਿਰਸਾ ਭਾਰਤੀ ਜਨਤਾ ਪਾਰਟੀ ਦੀ ਟਿਕਟ ਉੱਤੇ ਰਾਜੌਰੀ ਗਾਰਡਨ ਹਲਕੇ ਤੋਂ ਵਿਧਾਇਕ ਬਣੇ ਹਨ।

ਸਾਬਕਾ ਅਕਾਲੀ ਆਗੂ ਸਿਰਸਾ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਾਬਕਾ ਪ੍ਰਧਾਨ ਹਨ ਅਤੇ ਭਾਰਤੀ ਜਨਤਾ ਪਾਰਟੀ ਦਾ ਪ੍ਰਮੁੱਖ ਸਿੱਖ ਚਿਹਰਾ ਹਨ।

ਮਨਜਿੰਦਰ ਸਿੰਘ ਸਿਰਸਾ ਦੂਜੀ ਵਾਰ ਭਾਰਤੀ ਜਨਤਾ ਪਾਰਟੀ ਦੀ ਟਿਕਟ ਉੱਤੇ ਵਿਧਾਇਕ ਬਣੇ ਹਨ।

ਇਸ ਵਾਰ ਉਨ੍ਹਾਂ ਨੂੰ 64,132 ਵੋਟਾਂ ਮਿਲੀਆਂ ਅਤੇ ਉਨ੍ਹਾਂ ਵਿਰੋਧੀ ਆਮ ਆਦਮੀ ਪਾਰਟੀ ਦੀ ਉਮੀਦਵਾਰ ਧਨਵੰਤੀ ਚੰਦੇਲਾ ਨੂੰ 18,190 ਵੋਟਾਂ ਦੇ ਫਰਕ ਨਾਲ ਹਰਾਇਆ।

ਇਸ ਹਲਕੇ ਤੋਂ ਤੀਜੇ ਸਥਾਨ ਉੱਤੇ ਰਹੇ ਕਾਂਗਰਸ ਦੇ ਉਮੀਦਵਾਰ ਧਰਮਪਾਲ ਚੰਦੇਲਾ ਨੂੰ ਸਿਰਫ਼ 3198 ਸੀਟਾਂ ਹੀ ਮਿਲੀਆਂ।

ਤਰਵਿੰਦਰ ਸਿੰਘ ਮਰਵਾਹ (ਭਾਜਪਾ)

ਤਰਵਿੰਦਰ ਸਿੰਘ ਮਰਵਾਹ ਕਿਸੇ ਸਮੇਂ ਕਾਂਗਰਸ ਪਾਰਟੀ ਦੇ ਸੀਨੀਅਰ ਆਗੂ ਹੁੰਦੇ ਸਨ। ਉਹ ਕਾਂਗਰਸ ਦੀ ਟਿਕਟ ਤੋਂ ਤਿੰਨ ਵਾਰ ਵਿਧਾਇਕ ਰਹਿ ਚੁੱਕੇ ਹਨ।

ਪਰ 2022 ਵਿੱਚ ਉਹ ਭਾਰਤੀ ਜਨਤਾ ਪਾਰਟੀ ਵਿੱਚ ਸ਼ਾਮਲ ਹੋ ਗਏ।

ਭਾਰਤੀ ਜਨਤਾ ਪਾਰਟੀ ਨੇ ਉਨ੍ਹਾਂ ਨੂੰ ਜੰਗਪੁਰਾ ਚੋਣ ਹਲਕੇ ਤੋਂ ਮੈਦਾਨ ਵਿੱਚ ਉਤਾਰਿਆ ਅਤੇ ਉਨ੍ਹਾਂ ਆਮ ਆਦਮੀ ਪਾਰਟੀ ਦੇ ਅਰਵਿੰਦ ਕੇਜਰੀਵਾਲ ਤੋਂ ਬਾਅਦ ਸਭ ਤੋਂ ਵੱਡੇ ਚਿਹਰੇ ਮਨੀਸ਼ ਸਿਸੋਦੀਆ ਨੂੰ ਹਰਾਇਆ ਹੈ।

ਚੋਣ ਕਮਿਸ਼ਨ ਦੀ ਵੈੱਬਸਾਈਟ ਮੁਤਾਬਕ ਮਰਵਾਹ ਨੂੰ 38,859 ਵੋਟਾਂ ਮਿਲੀਆਂ ਅਤੇ ਉਨ੍ਹਾਂ ਸਿਸੋਦੀਆ ਨੂੰ 675 ਵੋਟਾਂ ਨਾਲ ਹਰਾਇਆ। ਸਿਸੋਦੀਆ ਨੂੰ 38,184 ਵੋਟਾਂ ਮਿਲੀਆਂ ਹਨ, ਜਦਕਿ ਇੱਥੋਂ ਕਾਂਗਰਸ ਪਾਰਟੀ ਦੇ ਉਮੀਦਵਾਰ ਨੂੰ 7350 ਵੋਟਾਂ ਹੀ ਮਿਲੀਆਂ।

ਜਰਨੈਲ ਸਿੰਘ (ਆਮ ਆਦਮੀ ਪਾਰਟੀ)

ਜਰਨੈਲ ਸਿੰਘ ਆਮ ਆਦਮੀ ਪਾਰਟੀ ਦੇ ਤਿੰਨ ਵਾਰ ਵਿਧਾਇਕ ਰਹੇ ਹਨ ਅਤੇ ਲਗਾਤਾਰ ਤਿਲਕ ਨਗਰ ਹਲਕੇ ਤੋਂ ਚੌਥੀ ਵਾਰ ਜਿੱਤੇ ਹਨ।

ਦਿੱਲੀ ਦੀ ਸਿਆਸਤ ਵਿੱਚ ਛੋਟੇ ਜਰਨੈਲ ਦੇ ਨਾਂ ਨਾਲ ਮਸ਼ਹੂਰ ਜਰਨੈਲ ਸਿੰਘ ਪਾਰਟੀ ਦੇ ਪੰਜਾਬ ਮਾਮਲਿਆਂ ਦੇ ਸਹਿ-ਇੰਚਾਰਜ ਵੀ ਹਨ।

ਇਸ ਵਾਰ ਜਰਨੈਲ ਸਿੰਘ ਨੇ ਤਿਲਕ ਨਗਰ ਤੋਂ ਭਾਰਤੀ ਜਨਤਾ ਪਾਰਟੀ ਦੀ ਉਮੀਦਵਾਰ ਸ਼ਵੇਤਾ ਸੈਣੀ ਨੂੰ 11,656 ਵੋਟਾਂ ਦੇ ਫਰਕ ਨਾਲ ਹਰਾਇਆ ਹੈ।

ਇਸ ਸੀਟ ਤੋਂ ਤੀਜੇ ਨੰਬਰ ਉੱਤੇ ਰਹੇ ਕਾਂਗਰਸ ਦੇ ਸਿੱਖ ਚਿਹਰੇ ਪਰਵਿੰਦਰ ਸਿੰਘ ਉਰਫ਼ ਪੀਐੱਸ ਬਾਵਾ ਨੂੰ ਸਿਰਫ਼ 2747 ਵੋਟਾਂ ਹੀ ਮਿਲ ਸਕੀਆਂ।

ਅਰਵਿੰਦਰ ਸਿੰਘ ਲਵਲੀ (ਭਾਜਪਾ)

ਅਰਵਿੰਦਰ ਸਿੰਘ ਲਵਲੀ ਦਿੱਲੀ ਕਾਂਗਰਸ ਕਮੇਟੀ ਦੇ ਸਾਬਕਾ ਪ੍ਰਧਾਨ ਹਨ। ਉਹ ਦੋ ਵਾਰ ਇਸ ਅਹੁਦੇ ਉੱਤੇ ਰਹੇ।

ਅਰਵਿੰਦਰ ਸਿੰਘ ਲਵਲੀ ਗਾਂਧੀ ਨਗਰ ਹਲਕੇ ਤੋਂ ਚੋਣ ਲੜਦੇ ਰਹੇ ਹਨ। ਉਹ ਕਾਂਗਰਸ ਦੀ ਟਿਕਟ ਉੱਤੇ 2003, 2008 ਅਤੇ 2013 ਵਿੱਚ ਵਿਧਾਇਕ ਜਿੱਤੇ ਸਨ।

ਉਹ ਦਿੱਲੀ ਦੀ ਸ਼ੀਲਾ ਦੀਕਸ਼ਤ ਸਰਕਾਰ ਵਿੱਚ ਸ਼ਹਿਰੀ ਵਿਕਾਸ, ਸਿੱਖਿਆ ਅਤੇ ਟਰਾਂਸਪੋਰਟ ਮੰਤਰੀ ਰਹੇ ਹਨ। ਪਰ 2024 ਦੀਆਂ ਲੋਕ ਸਭਾ ਚੋਣਾਂ ਤੋਂ ਐਨ ਪਹਿਲਾਂ ਉਹ ਪਾਰਟੀ ਪ੍ਰਧਾਨ ਰਾਹੁਲ ਗਾਂਧੀ ਨਾਲ ਮਤਭੇਦਾਂ ਕਾਰਨ ਪਾਰਟੀ ਛੱਡ ਕੇ ਭਾਜਪਾ ਵਿੱਚ ਸ਼ਾਮਲ ਹੋ ਗਏ ਸਨ।

ਇਸ ਵਾਰ ਉਹ ਗਾਂਧੀ ਨਗਰ ਹਲਕੇ ਤੋਂ 12,748 ਵੋਟਾਂ ਦੇ ਫਰਕ ਨਾਲ ਜਿੱਤੇ ਹਨ। ਉਨ੍ਹਾਂ ਨੂੰ 56,858 ਵੋਟਾਂ ਪਈਆਂ ਜਦਕਿ ਉਨ੍ਹਾਂ ਦੇ ਵਿਰੋਧੀ ਆਮ ਆਦਮੀ ਪਾਰਟੀ ਦੇ ਉਮੀਦਵਾਰ ਨਵੀਨ ਚੌਧਰੀ (ਦੀਪੂ) ਨੂੰ 44,110 ਵੋਟਾਂ ਪਈਆਂ ਹਨ।

ਇੱਥੋਂ ਕਾਂਗਰਸ ਦੇ ਉਮੀਦਵਾਰ ਕਮਲ ਅਰੋੜਾ ਬੱਬੂ ਨੂੰ 3453 ਵੋਟਾਂ ਪਈਆਂ ਹਨ।

ਪੁਨਰਦੀਪ ਸਾਹਨੀ (ਆਮ ਆਦਮੀ ਪਾਰਟੀ)

ਪੁਨਰਦੀਪ ਸਿੰਘ ਸਾਹਨੀ ਆਮ ਆਦਮੀ ਪਾਰਟੀ ਦੀ ਟਿਕਟ ਉੱਤੇ ਚਾਂਦਨੀ ਚੌਕ ਤੋਂ ਵਿਧਾਇਕ ਦੀ ਚੋਣ ਜਿੱਤੇ ਹਨ।

ਪੁਨਰਦੀਪ ਸਾਹਨੀ ਦੇ ਪਿਤਾ ਪ੍ਰਹਲਾਦ ਸਾਹਨੀ ਵੀ ਕਾਂਗਰਸ ਦੇ ਅਹਿਮ ਸਿੱਖ ਚਿਹਰਾ ਰਹੇ ਹਨ। ਉਹ ਪਾਰਟੀ ਦੀ ਟਿਕਟ ਉੱਤੇ 1998 ਤੋਂ ਲੈ ਕੇ 2015 ਤੱਕ ਲਗਾਤਾਰ ਚਾਂਦਨੀ ਚੌਕ ਤੋਂ ਵਿਧਾਇਕ ਦੀ ਚੋਣ ਲੜਦੇ ਰਹੇ ਹਨ। ਉਨ੍ਹਾਂ ਨੇ 1998, 2003, 2008 ਦੌਰਾਨ ਚੋਣ ਜਿੱਤੀ।

ਪਰ 2015 ਦੀਆਂ ਵਿਧਾਨ ਸਭਾ ਚੋਣਾਂ ਦੌਰਾਨ ਉਹ ਆਮ ਆਦਮੀ ਪਾਰਟੀ ਦੀ ਆਗੂ ਅਲਕਾ ਲਾਂਬਾ ਤੋਂ ਹਾਰ ਗਏ, ਪਰ ਫੇਰ ਉਹ ਆਪ ਆਮ ਆਦਮੀ ਪਾਰਟੀ ਵਿੱਚ ਸ਼ਾਮਲ ਹੋ ਗਏ ਅਤੇ ਉਨ੍ਹਾਂ 2020 ਦੀ ਚੋਣ ਆਮ ਆਦਮੀ ਪਾਰਟੀ ਦੀ ਟਿਕਟ ਉੱਤੇ ਜਿੱਤੀ।

ਪੁਨਰਦੀਪ ਸਿੰਘ ਸਾਹਨੀ ਆਮ ਆਦਮੀ ਪਾਰਟੀ ਵਲੋਂ ਲੜੇ ਅਤੇ ਚੋਣ ਜਿੱਤੇ ਹਨ। ਉਨ੍ਹਾਂ ਨੇ ਆਪਣੇ ਵਿਰੋਧੀ ਭਾਜਪਾ ਉਮੀਦਵਾਰ ਸਤੀਸ਼ ਜੈਨ ਨੂੰ 16,572 ਵੋਟਾਂ ਦੇ ਫਰਕ ਨਾਲ ਹਰਾਇਆ।

ਪੁਨਰਦੀਪ ਸਿੰਘ ਨੂੰ 38,993 ਵੋਟਾਂ ਮਿਲੀਆਂ, ਜਦਕਿ ਸਤੀਸ਼ ਜੈਨ ਨੂੰ 22,421 ਵੋਟਾਂ ਮਿਲੀਆਂ ਹਨ ਅਤੇ ਕਾਂਗਰਸ ਦੇ ਮੁਦਿਤ ਅਗਰਵਾਲ ਨੂੰ 9065 ਵੋਟਾਂ ਮਿਲੀਆਂ।

ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTER, WhatsApp ਅਤੇ YouTube 'ਤੇ ਜੁੜੋ।)