You’re viewing a text-only version of this website that uses less data. View the main version of the website including all images and videos.
3 ਮੌਕੇ ਜਦੋਂ ਆਈਨਸਟਾਈਨ ਗਲਤੀ ਕਰ ਬੈਠੇ
- ਲੇਖਕ, ਏਲਨ ਸਾਂਗ
- ਰੋਲ, ਬੀਬੀਸੀ ਪੱਤਰਕਾਰ
ਬਹੁਤ ਸਿਆਣੇ ਤੇ ਪ੍ਰਤਿਭਾਸ਼ਾਲੀ ਲੋਕ ਵੀ ਮਨੁੱਖ ਹੀ ਹੁੰਦੇ ਹਨ।
ਉਹ ਭਾਵੇਂ ਸਾਪੇਖਤਾ (ਰਿਲੇਟੀਵਿਟੀ) ਦੇ ਪਿਤਾ ਅਤੇ ਗੁਰੂਤਾ ਅਤੇ ਪ੍ਰਕਾਸ਼ ਦੀ ਖੋਜ ਅਤੇ ਵਿਆਖਿਆ ਕਰਨ ਵਾਲੇ ਭੌਤਿਕ ਵਿਗਿਆਨੀ ਸਨ ਪਰ ਮਹਾਨ ਅਲਬਰਟ ਆਈਨਸਟਾਈਨ ਨੂੰ ਵੀ ਕਈ ਵਾਰ ਆਪਣੇ ਸਿਧਾਂਤਾਂ ਵਿੱਚ ਪੂਰਾ ਵਿਸ਼ਵਾਸ ਨਹੀਂ ਹੁੰਦਾ ਸੀ।
ਇਸੇ ਸਵੈ-ਸ਼ੱਕ ਕਾਰਨ ਉਹ ਕੁਝ ਗ਼ਲਤੀਆਂ ਵੀ ਕਰ ਬੈਠੇ।
'ਸਭ ਤੋਂ ਵੱਡੀ ਗ਼ਲਤੀ'
ਆਮ ਸਾਪੇਖਤਾ ਦੇ ਆਪਣੇ ਸਿਧਾਂਤ 'ਤੇ ਕੰਮ ਕਰਦੇ ਸਮੇਂ, ਆਈਨਸਟਾਈਨ ਦੀਆਂ ਗਣਨਾਵਾਂ ਨੇ ਸੁਝਾਅ ਦਿੱਤਾ ਕਿ ਗੁਰੂਤਾ ਬਲ ਬ੍ਰਹਿਮੰਡ ਨੂੰ ਜਾਂ ਤਾਂ ਸੁੰਗੜਨ ਅਤੇ ਜਾਂ ਫ਼ਿਰ ਇਸ ਨੂੰ ਫ਼ੈਲਾਉਣ ਦਾ ਕਾਰਨ ਬਣੇਗਾ। ਇਹ, ਉਸ ਸਮੇਂ ਦੇ ਸਵੀਕਾਰ ਕੀਤੇ ਗਏ ਉਸ ਵਿਚਾਰ ਦੇ ਉਲਟ ਸੀ ਜਿਸ ਮੁਤਾਬਕ - ਬ੍ਰਹਿਮੰਡ ਸਥਿਰ ਸੀ।
ਇਸ ਲਈ ਆਮ ਸਾਪੇਖਤਾ 'ਤੇ ਆਪਣੇ 1917 ਦੇ ਪੇਪਰ ਵਿੱਚ, ਆਈਨਸਟਾਈਨ ਨੇ ਗੁਰੂਤਾ ਦੇ ਪ੍ਰਭਾਵ ਨੂੰ ਪ੍ਰਭਾਵਸ਼ਾਲੀ ਢੰਗ ਨਾਲ ਰੋਕਣ ਲਈ ਆਪਣੇ ਸਮੀਕਰਨਾਂ ਵਿੱਚ ਇੱਕ 'ਬ੍ਰਹਿਮੰਡੀ ਸਥਿਰਾਂਕ' (ਕੌਸਮੋਲੋਜੀਕਲ ਕਾਂਸਟੈਂਟ) ਸ਼ਾਮਲ ਕੀਤਾ। ਜਿਸ ਨਾਲ ਇਸ ਰੂੜ੍ਹੀਵਾਦੀ ਵਿਚਾਰ ਨੂੰ ਮਜ਼ਬੂਤੀ ਮਿਲੀ ਕਿ ਬ੍ਰਹਿਮੰਡ ਸਥਿਰ ਹੈ।
ਇਸ ਤੋਂ ਬਾਅਦ ਜਾਂ ਲਗਭਗ ਇੱਕ ਦਹਾਕੇ ਬਾਅਦ, ਵਿਗਿਆਨੀਆਂ ਨੇ ਨਵੇਂ ਸਬੂਤ ਇਕੱਠੇ ਕਰਨੇ ਸ਼ੁਰੂ ਕਰ ਦਿੱਤੇ ਕਿ ਬ੍ਰਹਿਮੰਡ ਬਿਲਕੁਲ ਵੀ ਸਥਿਰ ਨਹੀਂ ਸੀ। ਦਰਅਸਲ, ਇਹ ਤਾਂ ਫ਼ੈਲ ਰਿਹਾ ਸੀ।
ਭੌਤਿਕ ਵਿਗਿਆਨੀ ਜਾਰਜ ਗਾਮੋ ਨੇ ਬਾਅਦ ਵਿੱਚ ਆਪਣੀ ਕਿਤਾਬ 'ਮਾਈ ਵਰਲਡ ਲਾਈਨ: ਐਨ ਇਨਫਾਰਮਲ ਆਟੋਬਾਇਓਗ੍ਰਾਫੀ ਵਿੱਚ ਲਿਖਿਆ ਕਿ ਆਈਨਸਟਾਈਨ ਨੇ ਬਾਅਦ ਵਿੱਚ ਟਿੱਪਣੀ ਕੀਤੀ ਸੀ ਕਿ "ਬ੍ਰਹਿਮੰਡ ਸਬੰਧੀ ਪਰਿਚੈ ਉਨ੍ਹਾਂ ਦੀ ਜ਼ਿੰਦਗੀ ਵਿੱਚ ਕੀਤੀ ਗਈ ਸਭ ਤੋਂ ਵੱਡੀ ਗ਼ਲਤੀ ਸੀ"।
ਪਰ ਇੱਕ ਹੋਰ ਮੋੜ ਹੈ।
ਵਿਗਿਆਨੀਆਂ ਕੋਲ ਹੁਣ ਸਬੂਤ ਹਨ ਕਿ ਇੱਕ ਰਹੱਸਮਈ "ਡਾਰਕ ਐਨਰਜੀ" ਦੇ ਕਾਰਨ ਬ੍ਰਹਿਮੰਡ ਦਾ ਵਿਸਥਾਰ ਤੇਜ਼ ਹੋ ਰਿਹਾ ਹੈ। ਕੁਝ ਗਿਆਨੀ ਮੰਨਦੇ ਹਨ ਕਿ ਆਈਨਸਟਾਈਨ ਦਾ ਬ੍ਰਹਿਮੰਡ ਸਥਿਰਾਂਕ, ਜੋ ਕਿ ਸ਼ੁਰੂ ਵਿੱਚ ਉਨ੍ਹਾਂ ਦੇ ਸਮੀਕਰਨਾਂ ਵਿੱਚ ਪੇਸ਼ ਕੀਤਾ ਗਿਆ ਸੀ, ਅਸਲ ਵਿੱਚ ਇਸ ਊਰਜਾ ਲਈ ਜ਼ਿੰਮੇਵਾਰ ਹੋ ਸਕਦਾ ਹੈ ਅਤੇ ਇਸ ਤਰ੍ਹਾਂ ਨਾਲ ਫਿਰ ਇਹ ਕੋਈ ਗ਼ਲਤੀ ਨਹੀਂ ਰਹਿ ਜਾਂਦੀ।
ਦੂਰ ਗਲੈਕਸੀਆਂ ਸਬੰਧੀ ਖੁਲਾਸਾ
ਆਈਨਸਟਾਈਨ ਦੇ ਜਨਰਲ ਰਿਲੇਟੀਵਿਟੀ (ਆਮ ਸਾਪੇਖਿਕ) ਸਿਧਾਂਤ ਨੇ ਇੱਕ ਹੋਰ ਵਰਤਾਰੇ ਦੀ ਵੀ ਭਵਿੱਖਬਾਣੀ ਕੀਤੀ ਸੀ: ਕਿ ਇੱਕ ਵਿਸ਼ਾਲ ਵਸਤੂ ਜਿਵੇਂ ਕਿ ਤਾਰੇ ਦਾ ਗੁਰੂਤਾ ਖੇਤਰ ਆਪਣੇ ਪਿੱਛੇ ਇੱਕ ਦੂਰ ਦੀ ਵਸਤੂ ਤੋਂ ਆਉਣ ਵਾਲੀ ਰੌਸ਼ਨੀ ਨੂੰ ਮੋੜ ਦੇਵੇਗਾ, ਜਿਵੇਂ ਕਿ ਇੱਕ ਵਿਸ਼ਾਲ ਲੈਂਜ਼ ਹੁੰਦਾ ਹੈ।
ਆਈਨਸਟਾਈਨ ਨੇ ਸੋਚਿਆ ਕਿ ਪ੍ਰਭਾਵ, ਜਿਸਨੂੰ ਗਰੈਵੀਟੇਸ਼ਨਲ ਲੈਂਸਿੰਗ ਕਿਹਾ ਜਾਂਦਾ ਹੈ, ਦੇਖਣ ਲਈ ਬਹੁਤ ਛੋਟਾ ਹੋਵੇਗਾ। ਇਥੋਂ ਤੱਕ ਕਿ ਉਨ੍ਹਾਂ ਨੇ ਇਸ ਬਾਰੇ ਆਪਣੀ ਗਣਨਾ ਵਿੱਚ ਪ੍ਰਕਾਸ਼ਿਤ ਕਰਨ ਬਾਰੇ ਵੀ ਨਹੀਂ ਸੋਚਿਆ।
ਪਰ ਫਿਰ ਆਰਡਬਲਯੂ ਮੈਂਡਲ ਨਾਮਕ ਇੱਕ ਚੈੱਕ ਇੰਜੀਨੀਅਰ ਨੇ ਉਨ੍ਹਾਂ ਨੂੰ ਮਨਾ ਲਿਆ ਕਿ ਉਹ ਇਸ ਨੂੰ ਪ੍ਰਕਾਸ਼ਿਤ ਕਰਨ।
ਸਾਇੰਸ ਜਰਨਲ ਵਿੱਚ ਆਪਣੇ 1936 ਦੇ ਪੇਪਰ ਦਾ ਹਵਾਲਾ ਦਿੰਦੇ ਹੋਏ, ਆਈਨਸਟਾਈਨ ਨੇ ਸੰਪਾਦਕ ਨੂੰ ਲਿਖਿਆ, "ਮੈਨੂੰ ਉਸ ਛੋਟੇ ਪ੍ਰਕਾਸ਼ਨ ਵਿੱਚ ਤੁਹਾਡੇ ਸਹਿਯੋਗ ਲਈ ਵੀ ਧੰਨਵਾਦ ਕਰਨਾ ਚਾਹੀਦਾ ਹੈ, ਜਿਸਨੂੰ ਮਿਸਟਰ ਮੈਂਡਲ ਨੇ ਮੇਰੇ ਤੋਂ ਕਰਵਾਇਆ। ਇਹ ਇੰਨਾ ਖ਼ਾਸ ਨਹੀਂ ਹੈ ਪਰ ਇਸ ਨੇ ਗਰੀਬ ਆਦਮੀ ਨੂੰ ਖੁਸ਼ ਕਰ ਦਿੱਤਾ।"
ਇਸ ਛੋਟੇ ਪ੍ਰਕਾਸ਼ਨ ਵਿੱਚ ਜੋ ਸੀ ਉਸਦਾ ਮੁੱਲ ਖਗੋਲ ਵਿਗਿਆਨ ਲਈ ਬਹੁਤ ਮਹੱਤਵਪੂਰਨ ਸਾਬਤ ਹੋਇਆ ਹੈ।
ਇਹ ਅਮਰੀਕੀ ਪੁਲਾੜ ਏਜੰਸੀ ਨਾਸਾ ਅਤੇ ਯੂਰਪੀਅਨ ਪੁਲਾੜ ਏਜੰਸੀ ਦੇ ਹਬਲ ਟੈਲੀਸਕੋਪ ਨੂੰ ਦੂਰ ਤੋਂ ਦੂਰ ਵਾਲੀਆਂ ਗਲੈਕਸੀਆਂ ਦੇ ਵੇਰਵਿਆਂ ਨੂੰ ਹਾਸਲ ਕਰਨ ਵਿੱਚ ਮਦਦ ਕਰਦਾ ਹੈ, ਜੋ ਕਿ ਧਰਤੀ ਦੇ ਨੇੜਲੀਆਂ ਗਲੈਕਸੀਆਂ ਦੇ ਵਿਸ਼ਾਲ ਸਮੂਹਾਂ ਦੁਆਰਾ ਵਾਪਸ ਮੋੜੀ ਗਏ ਪ੍ਰਕਾਸ਼ ਕਾਰਨ ਦਿਖਾਈ ਦਿੰਦੀਆਂ ਹਨ।
'ਰੱਬ ਬੇਨਿਯਮੀਆਂ ਨਹੀਂ ਕਰਦਾ'
ਆਈਨਸਟਾਈਨ ਦਾ ਕੰਮ, ਜਿਸ ਵਿੱਚ ਪ੍ਰਕਾਸ਼ ਨੂੰ ਤਰੰਗਾਂ ਅਤੇ ਕਣਾਂ ਦੋਵਾਂ ਦੇ ਰੂਪ ਵਿੱਚ ਵਰਣਨ ਕਰਨ ਵਾਲਾ ਉਸਦਾ 1905 ਦਾ ਪੇਪਰ ਸ਼ਾਮਲ ਹੈ, ਨੇ ਭੌਤਿਕ ਵਿਗਿਆਨ ਦੀ ਇੱਕ ਉੱਭਰ ਰਹੀ ਸ਼ਾਖਾ ਦੀ ਨੀਂਹ ਰੱਖਣ ਵਿੱਚ ਮਦਦ ਕੀਤੀ।
ਕੁਆਂਟਮ ਮਕੈਨਿਕਸ ਛੋਟੇ ਉਪ-ਪਰਮਾਣੂ ਕਣਾਂ ਦੀ ਅਜੀਬ, ਵਿਰੋਧੀ-ਅਨੁਭਵੀ ਦੁਨੀਆਂ ਦਾ ਵਰਣਨ ਕਰਦਾ ਹੈ।
ਉਦਾਹਰਣ ਵਜੋਂ, ਇੱਕ ਕੁਆਂਟਮ ਵਸਤੂ "ਸੁਪਰਪੋਜ਼ੀਸ਼ਨ" ਵਿੱਚ ਮੌਜੂਦ ਹੁੰਦੀ ਹੈ, ਜੋ ਕਿ ਕਈ ਅਵਸਥਾਵਾਂ ਵਿੱਚ ਹੁੰਦੀ ਹੈ ਜਦੋਂ ਤੱਕ ਇਸਨੂੰ ਦੇਖਿਆ ਅਤੇ ਮਾਪਿਆ ਨਹੀਂ ਜਾਂਦਾ, ਜਿਸ ਬਿੰਦੂ 'ਤੇ ਇੱਕ ਮੁੱਲ ਨਿਰਧਾਰਤ ਕੀਤਾ ਜਾਂਦਾ ਹੈ।
ਭੌਤਿਕ ਵਿਗਿਆਨੀ ਏਰਵਿਨ ਸ਼੍ਰੋਡਿੰਗਰ ਦੁਆਰਾ ਆਪਣੇ ਵਿਰੋਧਾਭਾਸ ਵਿੱਚ ਇਸ ਨੂੰ ਦਰਸਾਇਆ ਗਿਆ ਸੀ, ਜਿਸਦੇ ਤਹਿਤ ਇੱਕ ਡੱਬੇ ਦੇ ਅੰਦਰ ਇੱਕ ਬਿੱਲੀ ਨੂੰ ਇੱਕੋ ਸਮੇਂ ਜ਼ਿੰਦਾ ਅਤੇ ਮਰੀ ਹੋਈ ਮੰਨਿਆ ਜਾ ਸਕਦਾ ਹੈ, ਜਦੋਂ ਤੱਕ ਕੋਈ ਜਾਂਚ ਕਰਨ ਲਈ ਡੱਬੇ ਦਾ ਢੱਕਣ ਨਹੀਂ ਖੋਲ੍ਹਦਾ।
ਆਈਨਸਟਾਈਨ ਨੇ ਇਸ ਅਨਿਸ਼ਚਿਤਤਾ ਨੂੰ ਸਵੀਕਾਰ ਕਰਨ ਤੋਂ ਇਨਕਾਰ ਕਰ ਦਿੱਤਾ ਸੀ। ਸਾਲ 1926 ਵਿੱਚ, ਉਨ੍ਹਾਂ ਨੇ ਭੌਤਿਕ ਵਿਗਿਆਨੀ ਮੈਕਸ ਬੌਰਨ ਨੂੰ ਲਿਖਿਆ ਕਿ 'ਗੌਡ ਡਜ਼ ਨਾਟ ਪਲੇਅ ਡਾਈਸ'।
ਵਿਗਿਆਨੀਆਂ ਬੋਰਿਸ ਪੋਡੋਲਸਕੀ ਅਤੇ ਨਾਥਨ ਰੋਜ਼ਨ ਨਾਲ ਉਨ੍ਹਾਂ ਦੇ 1935 ਦੇ ਪੇਪਰ ਵਿੱਚ ਤਰਕ ਦਿੱਤਾ ਗਿਆ ਕਿ ਜੇਕਰ ਸੁਪਰਪੋਜੀਸ਼ਨ ਵਿੱਚ ਦੋ ਵਸਤੂਆਂ ਨੂੰ ਕਿਸੇ ਤਰੀਕੇ ਨਾਲ ਜੋੜਨ ਤੋਂ ਬਾਅਦ ਵੱਖ ਕੀਤਾ ਜਾਂਦਾ ਹੈ, ਤਾਂ ਪਹਿਲੀ ਵਸਤੂ ਦਾ ਨਿਰੀਖਣ ਕਰਨ ਵਾਲਾ ਅਤੇ ਇਸ ਦੇ ਲਈ ਇੱਕ ਮੁੱਲ ਨਿਰਧਾਰਤ ਕਰਨ ਵਾਲਾ ਵਿਅਕਤੀ ਦੂਜੀ ਵਸਤੂ ਲਈ ਤੁਰੰਤ ਇੱਕ ਮੁੱਲ ਨਿਰਧਾਰਤ ਕਰ ਦੇਵੇਗਾ, ਉਹ ਵੀ ਬਿਨਾਂ ਦੂਜੀ ਵਸਤੂ ਨੂੰ ਦੇਖੇ।
ਹਾਲਾਂਕਿ ਇਹ ਵਿਚਾਰ ਪ੍ਰਯੋਗ ਕੁਆਂਟਮ ਸੁਪਰਪੋਜੀਸ਼ਨ ਦੇ ਖੰਡਨ ਵਜੋਂ ਪੇਸ਼ ਕੀਤਾ ਗਿਆ ਸੀ, ਪਰ ਦਹਾਕਿਆਂ ਬਾਅਦ ਇਸਨੇ ਅਸਲ ਵਿੱਚ ਕੁਆਂਟਮ ਮਕੈਨਿਕਸ ਵਿੱਚ ਇੱਕ ਮੁੱਖ ਵਿਚਾਰ ਦੇ ਵਿਕਾਸ ਲਈ ਰਾਹ ਪੱਧਰਾ ਕੀਤਾ ਜਿਸਨੂੰ ਅਸੀਂ ਹੁਣ ਉਲਝਣ ਕਹਿੰਦੇ ਹਾਂ।
ਇਹ ਦਾਅਵਾ ਕਰਦਾ ਹੈ ਕਿ ਦੋ ਵਸਤੂਆਂ ਨੂੰ ਇੱਕ ਦੇ ਰੂਪ ਵਿੱਚ ਦੇਖਿਆ ਜਾ ਸਕਦਾ ਹੈ, ਭਾਵੇਂ ਉਹ ਬਹੁਤ ਦੂਰ ਹੋਣ।
ਇਸ ਲਈ ਇਹ ਜਾਪਦਾ ਹੈ ਕਿ ਆਈਨਸਟਾਈਨ ਨੇ ਆਪਣੇ ਸਿਧਾਂਤ ਵਿੱਚ ਬੇਹੱਦ ਸਮਝਦਾਰੀ ਅਤੇ ਹੁਸ਼ਿਆਰੀ ਨਾਲ ਦਿੱਤੇ ਸਨ ਅਤੇ ਉਨ੍ਹਾਂ ਚੀਜ਼ਾਂ ਵਿੱਚ ਵੀ ਪ੍ਰਤਿਭਾ ਸਾਬਤ ਕਰ ਦਿੰਦੇ ਸਨ, ਜਿੱਥੇ ਉਹ ਕੋਈ ਗ਼ਲਤੀ ਕਰ ਰਹੇ ਹੁੰਦੇ ਸਨ।
ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ